ਗਾਇਕ ਬਣ ਗਏ ‘ਹੀਰੋ’, ਰੇਟ ਚੜ੍ਹੇ ਅਸਮਾਨੀ


ਅਖਾੜਾ ਦੋ ਲੱਖ ਦਾ, ਫ਼ਿਲਮ ਚਾਲ੍ਹੀ ਲੱਖ ਦੀ

ਆਪਣੀ ਹਰ ਪੱਤਰਕਾਰ ਮਿਲਣੀ, ਐਲਬਮ ਦੀ ਘੁੰਡ-ਚੁਕਾਈ ਅਤੇ ਹਰ ਇੰਟਰਵਿਊ ਵਿਚ ਸਾਡੇ ਮਾਣਮੱਤੇ ਨਾਮੀ ਪੰਜਾਬੀ ਕਲਾਕਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਦੀਆਂ ਵੱਡੀਆਂ ਵੱਡੀਆਂ ਫੜ੍ਹਾਂ ਤਾਂ ਮਾਰਦੇ ਨੇ, ਪਰ ਜਦੋਂ ਸੱਚ-ਮੁੱਚ ਕੁਝ ਕਰਨ ਦਾ ਮੌਕਾ ਆਉਂਦਾ ਹੈ ਤਾਂ ਇਨ੍ਹਾਂ ਦਾ ਅਸਲੀ ‘ਮੁੱਲ’ ਪਤਾ ਲਗਦਾ ਹੈ।

ਮੈਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਿਆ ਜਦੋਂ ਇਹ ਪਤਾ ਲੱਗਿਆ ਕਿ ਜਿਹੜੇ ਪੰਜਾਬੀ ਕਲਾਕਾਰ ਆਪਣੇ ਗਾਇਕੀ ਦੇ ਅਖਾੜਿਆਂ ਦਾ ਦੋ ਤੋਂ ਚਾਰ ਲੱਖ ਰੁਪਈਆ ਲੈਂਦੇ ਨੇ, ਉਹੀ ਹੁਣ ਫ਼ਿਲਮ ਵਿਚ ਕੰਮ ਕਰਨ ਲਈ ਪੈਂਤੀ ਤੋਂ ਚਾਲ੍ਹੀ ਲੱਖ ਰੁਪਏ ਮੰਗ ਰਹੇ ਹਨ। ਇਸ ਗੱਲ ਦਾ ਪੱਕਾ ਸਬੂਤ ਮੈਨੂੰ ਕੱਲ੍ਹ ਇਕ ਐਨ.ਆਰ.ਆਈ ਪ੍ਰੋਡਿਊਸਰ/ਨਿਰਦੇਸ਼ਕ ਨੇ ਫੋਨ ਰਾਹੀਂ ਗੱਲਬਾਤ ਕਰਦਿਆਂ ਦਿੱਤਾ। ਪਿਛਲੇ ਕੁਝ ਮਹੀਨਿਆਂ ਤੋਂ ਇਹ ਪ੍ਰੋਡਿਊਸਰ ਦੋਸਤ ਮੇਰੇ ਨਾਲ ਆਪਣੇ ਵੱਲੋਂ ਬਣਾਈ ਜਾ ਰਹੀ ਪੰਜਾਬੀ ਫ਼ਿਲਮ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਹੈ। ਕੱਲ੍ਹ ਗੱਲਬਾਤ ਵਿਚ ਹੀ ਉਸ ਨੇ ਦੱਸਿਆ ਕਿ ਉਹ ਆਪਣੀ ਫ਼ਿਲਮ ਵਿਚ ਕਿਸੇ ਚੰਗੇ ਗਾਇਕ ਕਲਾਕਾਰ ਨੂੰ ਬਤੌਰ ਨਾਇਕ ਲੈਣਾ ਚਾਹੁੰਦਾ ਹੈ। ਉਸਦਾ ਕਹਿਣਾ ਹੈ ਕਿ ਉਹ ਪੰਜਾਬੀ ਨੌਜਵਾਨਾਂ ਦੇ ਮਸਲਿਆਂ ਨਾਲ ਸੰਬੰਧਤ ਵਿਸ਼ੇ ਬਾਰੇ ਚੰਗੇ ਬਜਟ ਦੀ ਫ਼ਿਲਮ ਬਣਾ ਰਿਹਾ ਹੈ ਅਤੇ ਅਦਾਕਾਰਾਂ ਨੂੰ ਚੰਗਾ ਅਤੇ ਵਾਜਿਬ ਮਿਹਨਤਾਨਾ ਦੇਣ ਲਈ ਵੀ ਤਿਆਰ ਹੈ। ਇਹੀ ਸੋਚ ਕਿ ਉਸ ਨੇ ਕਈ ਨਾਮੀ ਪੰਜਾਬੀ ਗਾਇਕਾਂ ਨਾਲ ਸੰਪਰਕ ਕੀਤਾ। ਉਦੋਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਦੋਂ ਇਕ ਗਾਇਕ ਨੇ ਫ਼ਿਲਮ ਵਿਚ ਕੰਮ ਕਰਨ ਲਈ ਚਾਲ੍ਹੀ ਅਤੇ ਇਕ ਹੋਰ ਗਾਇਕ ਨੇ ਪੈਂਤੀ ਲੱਖ ਰੁਪਏ ਮੰਗ ਲਏ। ਇਨ੍ਹਾਂ ਦੋਵਾਂ ਪੰਜਾਬੀ ਮਾਂ-ਬੋਲੀ ਦੇ ‘ਸੇਵਕ’ ਗਾਇਕਾਂ ਦੀਆਂ ਇਸੇ ਸਾਲ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਵਿਚੋਂ ਪਹਿਲੇ ਗਾਇਕ ਨੇ ਇਕ ਫ਼ਿਲਮ ਵਿਚ ਮੁੱਖ ਕਿਰਦਾਰ ਨਿਭਾਇਆ ਹੈ ਅਤੇ ਦੂਸਰਾ ਗਾਇਕ ਵੀ ਇਕ ਫ਼ਿਲਮ ਵਿਚ ਸੈਕੰਡ ਲੀਡ ਦਾ ਰੋਲ ਕਰ ਚੁੱਕਾ ਹੈ। ਪ੍ਰੋਡਿਊਸਰ ਦਾ ਕਹਿਣਾ ਹੈ ਕਿ ਭਾਵੇਂ ਕਿ ਇਹ ਪੰਜਾਬੀ ਸੰਗੀਤ ਜਗਤ ਦੇ ਜਾਣੇ-ਪਛਾਣੇ ਚਿਹਰੇ ਹਨ, ਪਰ ਨਾ ਤਾਂ ਇਨ੍ਹਾਂ ਦੀਆਂ ਫ਼ਿਲਮਾਂ ਨੇ ਕੋਈ ਬਹੁਤੀ ਕਮਾਈ ਕੀਤੀ ਹੈ ਅਤੇ ਨਾਂ ਹੀ ਇਹ ਅਦਾਕਾਰੀ ਵਿਚ ਸਥਾਪਿਤ ਹਨ। “ਅਜਿਹੇ ਵਿਚ ਅਸੀ ਪੰਜਾਬੀ ਫ਼ਿਲਮ ਬਣਾਉਣ ਦਾ ਸੁਪਨਾ ਵੀ ਨਹੀਂ ਦੇਖ ਸਕਦੇ। ਜੇ ਇਹੀ ਹਾਲਾਤ ਰਹੇ ਤਾਂ ਪੰਜਾਬੀ ਫ਼ਿਲਮਾਂ ਬਣਾਉਣੀ ਹੋਰ ਵੀ ਔਖਾ ਹੋ ਜਾਵੇਗਾ, ਜਿਸਦਾ ਅਸਰ ਪੰਜਾਬੀ ਸਿਨੇਮੇ ਦੇ ਵਿਕਾਸ ਉੱਤੇ ਸਿੱਧਾ ਅਸਰ ਪਵੇਗਾ।” ਪ੍ਰੋਡਿਊਸਰ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ।

ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਵੀ ਇਕ ਵਪਾਰ ਹੈ। ਇਸ ਨਾਲ ਜੁੜਿਆ ਹਰ ਪ੍ਰੋਡਿਊਸਰ, ਕਲਾਕਾਰ ਅਤੇ ਕਾਮਾ ਮਿਹਨਤਾਨੇ ਅਤੇ ਮੁਨਾਫ਼ੇ ਦਾ ਹੱਕਦਾਰ ਹੈ। ਇਹ ਕਹਿੰਦੇ ਹੋਏ ਟਰੇਡ ਨਾਲ ਜੁੜੇ ਲੋਕ ਭਾਵੇਂ ਸਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ। ਬੱਸ ਅਸੀ ਤਾਂ ਇੱਕੋ ਗੱਲ੍ਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਕਲਾਕਾਰਾਂ ਨੂੰ ਮਾਂ-ਬੋਲੀ ਦੀ ਸੇਵਾ ਦੇ ਨਾਰੇ ਲਾਉਣੇ ਬੰਦ ਕਰ ਦੇਣੇ ਚਾਹੀਦੇ ਹਨ।

ਹੋਰ ਤਾਂ ਹੋਰ, ਕਈ ਪ੍ਰੋਡਿਊਸਰ ਆਪਣੇ ਪ੍ਰਚਾਰ ਮਹਿਕਮੇ, ਮੀਡੀਏ ਅਤੇ ਵੈੱਬਸਾਈਟਾਂ ਰਾਹੀਂ ਦਰਸ਼ਕਾਂ ਵਿਚ ਇਹ ਭਰਮ ਫੈਲਾ ਰਹੇ ਹਨ ਕਿ ਇਹ ਕਲਾਕਾਰ ਪੰਜਾਬੀ ਸਿਨੇਮਾ ਦੇ ‘ਰੱਬ’ ਜਾਂ ‘ਸੁਪਰ ਹੀਰੋ’ ਹਨ ਅਤੇ ਉਨ੍ਹਾਂ ਦੇ ਫੈਨਸ ਅੱਖਾਂ ਬੰਦ ਕਰੀ ਉਨ੍ਹਾਂ ਦੇ ਪਿੱਛੇ ਲੱਗੇ ਹੋਏ ਹਨ। ਇਹ ਲੋਕ ਦੁਹਾਈ ਪਾਉਂਦੇ ਹਨ ਕਿ ਭਾਵੇਂ ਫ਼ਿਲਮ ਵਿਚ ਕੱਖ ਵੀ ਨਾ ਹੋਵੇ, ਪੰਜਾਬੀ ਸਿਨੇਮੇ ਨੂੰ ਬਚਾਉਣ ਲਈ ਇਨ੍ਹਾਂ ਕਲਾਕਾਰਾਂ ਦੀਆਂ ਫ਼ਿਲਮਾਂ ਹਰ ਹਾਲਤ ਵਿਚ ਦੇਖੋ। ਜੇ ਕੋਈ ਇਨ੍ਹਾਂ ਫ਼ਿਲਮਾਂ ਦੀ ਕੋਈ ਸਮੀਖਿਆ ਜਾਂ ਅਲੋਚਨਾ ਕਰਦਾ ਹੈ ਤਾਂ ਇਹ ਲੋਕ ਉਨ੍ਹਾਂ ਨਾਲ ਵੀ ਖਹਿਬੜ ਪੈਂਦੇ ਹਨ ਅਤੇ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਹਰ ਹੀਲਾ ਵਰਤਦੇ ਹਨ। ਪੰਜਾਬੀਆਂ ਨੂੰ ਪੰਜਾਬੀ ਫ਼ਿਲਮਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ, ਪਰ ਇਸ ਨਾਲ ਜੁੜੇ ਵਪਾਕਰ ਮੰਤਵਾਂ ਬਾਰੇ ਵੀ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪੰਜਾਬੀ ਸਿਨੇਮਾ ਦਾ ਸਹਿਯੌਗ ਇਸ ਦੇ ਵਿਕਾਸ ਲਈ ਕਰਨਾ ਚਾਹੀਦਾ ਹੈ, ਤਾਂ ਜੋ ਫ਼ਿਲਮਾਂ ਆਪਣੀ ਲਾਗਤ ਪੂਰੀ ਕਰ ਸਕਣ ਅਤੇ ਚੰਗੀਆਂ ਮਨੋਰੰਜਕ ਫ਼ਿਲਮਾਂ ਬਣ ਸਕਣ। ਨਾਲ ਹੀ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਇਹ ਕਲਾਕਾਰ ਕਿਸੇ ਮਾਂ-ਬੋਲੀ ਜਾਂ ਸਭਿਆਚਾਰ ਦੀ ਸੇਵਾ ਨਹੀਂ ਕਰ ਰਹੇ। ਬਾਲੀਵੁੱਡ ਵੀ ਸਾਮਾਜਿਕ ਮਸਲਿਆ ਬਾਰੇ ਫ਼ਿਲਮਾਂ ਬਣਾਉਦਾ ਹੈ ਅਤੇ ਮਸਾਲਾ ਫ਼ਿਲਮਾਂ ਵੀ, ਪਰ ਹਿੰਦੀ ਫ਼ਿਲਮਾਂ ਵਾਲੇ ਕਦੇ ਇਹ ਕਹਿ ਕੇ ਆਪਣੀਆਂ ਫ਼ਿਲਮਾਂ ਨਹੀਂ ਵੇਚਦਾ ਕਿ ਉਹ ਦੇਸ਼ ਦੀ ਸੇਵਾ ਕਰ ਰਹੇ ਹਨ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com