ਗਾਇਕ ਬਣਨਾ ਚਾਹੁੰਦਾ ਸਾਂ, ਸੰਗੀਤਕਾਰੀ ਨੇ ਵਕਤ ਨਹੀਂ ਦਿੱਤਾ-ਗੁਰਮੀਤ ਸਿੰਘ

ਗੁਰਮੀਤ ਸਿੰਘ ਨੇ ਪੰਜਾਬੀ ਸੰਗੀਤ ਜਗਤ ਵਿਚ ਬਤੌਰ ਸੰਗੀਤਕਾਰ ਲਗਭਗ ਇਕ ਦਹਾਕਾ ਪਹਿਲਾਂ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ। ਇਨ੍ਹਾਂ ਦਸ ਸਾਲਾਂ ਵਿਚ ਉਸ ਨੇ ਬਾ-ਕਮਾਲ ਸੰਗੀਤ ਸਿਰਜਿਆ ਅਤੇ ਆਪਣੀ ਵੱਖਰੀ ਪਛਾਣ ਬਣਾਈ। ਸੰਗੀਤਕਾਰੀ ਤੋਂ ਅਗਾਂਹ ਪੁਲਾਂਘ ਪੁੱਟਦਿਆਂ ਗੁਰਮੀਤ ਨੇ ਪਿਛਲੇ ਸਾਲ ਆਪਣਾ ਗਾਇਕ ਬਣਨ ਦਾ ਸੁਪਨਾ ਵੀ ਪੂਰਾ ਕਰ ਲਿਆ। ਅੱਜ ਕਲ੍ਹ ਬਿਨ੍ਹਾਂ ਸਿੱਖੇ, ਸਮਝੇ ਗਾਉਣ ਅਤੇ ਰਤੋਂ ਰਾਤ ਸਟਾਰ ਬਣਨ ਦੀ ਦੌੜ ਵਿਚ ਉਹ ਸਿੱਖ ਅਤੇ ਸਮਝ ਕੇ ਗਾਉਣ-ਵਜਾਉਣ ਵਿਚ ਯਕੀਨ ਰੱਖਦਾ ਹੈ।

ਦੀਪ ਜਗਦੀਪ ਸਿੰਘ ਨਾਲ ਦਿੱਲੀ ਵਿਖੇ ਹੋਈ ਮੁਲਾਕਾਤ ਦੌਰਾਨ ਗੁਰਮੀਤ ਸਿੰਘ ਨੇ ਆਪਣੇ ਸੰਗੀਤਕ ਸਫ਼ਰ ਅਤੇ ਜ਼ਿੰਦਗੀ ਦੇ ਕਈ ਅਣਛੋਹੇ ਪਹਿਲੂਆਂ ਦੇ ਨਾਲ ਹੀ ਆਪਣੀ ਨਵੀਂ ਐਲਬਮ ‘ਮਾਹੀ-ਮਾਈ ਲਵ’ ਬਾਰੇ ਦਿਲਚਸਪ ਗੱਲਬਾਤ ਕੀਤੀ। ‘ਜਸਟ ਪੰਜਾਬੀ‘ ਦੇ ਪਾਠਕਾਂ ਲਈ ਪੇਸ਼ ਹਨ, ਇਸ ਮੁਲਾਕਾਤ ਦੇ ਕੁਝ ਅੰਸ਼-

—————–

ਜਸਟ ਪੰਜਾਬੀ: ਤੁਹਾਡਾ ਸੰਗੀਤਕ ਸਫ਼ਰ ਇਕ ਦਹਾਕੇ ਤੋਂ ਵੀ ਲੰਬਾ ਹੈ। ਹੁਣ ਤੱਕ ਦੇ ਸਫ਼ਰ ਬਾਰੇ ਕਿੰਝ ਬਿਆਨ ਕਰਨਾ ਚਾਹੋਗੇ?


ਗੁਰਮੀਤ ਸਿੰਘ: ਦੋ ਤਿੰਨ ਸਾਲ ਮੈਂ ਵਧੀਆਂ ਕੈਸਟਾਂ ਕੀਤੀਆਂ। ਉਦੋਂ ਹਾਲੇ ਸੀਡੀਜ਼ ਦਾ ਜ਼ਮਾਨਾ ਨਹੀਂ ਸੀ ਆਇਆ। ਨੱਛਤਰ ਗਿੱਲ ਦੀ ਪਹਿਲੀ ਐਲਬਮ ਗੁੱਸਾ ਨਾ ਕਰੀਂ ਤੈਨੂੰ ਪਿੱਛੋਂ ‘ਵਾਜ ਮਾਰੀ ਆ… ਆਈ। ਓਸ ਕੈਸੇਟ ਤੋਂ ਬਤੌਰ ਸੰਗੀਤਕਾਰ ਸਫ਼ਰ ਸ਼ੁਰੂ ਹੋਇਆ। ਉਸ ਤੋਂ ਬਾਅਦ ਅਮਰਿੰਦਰ ਗਿੱਲ, ਸਲੀਮ, ਇੰਦਰਜੀਤ ਨਿੱਕੂ, ਕਲੇਰ ਕੰਠ, ਸਾਬਰਕੋਟੀ ਵਰਗੇ ਸੁਰੀਲੇ ਗਾਇਕਾਂ ਨਾਲ ਲਗਾਤਾਰ ਸੰਗੀਤ ਦਾ ਕੰਮ ਚਲਦਾ ਰਿਹਾ। ਇਸ ਗੱਲ ਦੀ ਖੁਸ਼ੀ ਹੁੰਦੀ ਸੀ ਕਿ ਵਧੀਆ ਕਲਾਕਾਰਾਂ ਅਤੇ ਕੰਪਨੀਆਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿਸ ਨੇ ਮੈਨੂੰ ਸ਼ੋਹਰਤ ਤੱਕ ਪਹੁੰਚਾਇਆ।

ਜਸਟ ਪੰਜਾਬੀ: ਗੁਰਮੀਤ, ਪਿਛਲੇ ਸਾਲ ਤੁਹਾਡੀ ਗਾਇਕੀ ਦੀ ਪਹਿਲੀ ਐਲਬਮ ‘ਜਸਟ ਬੀਟ’ ਆਈ। ਬੜਾ ਸੋਹਣਾ ਸੰਗੀਤਕਾਰੀ ਦਾ ਸਫ਼ਰ ਚੱਲ ਰਿਹਾ ਸੀ, ਅਚਾਨਕ ਗਾਇਕੀ ਵੱਲ ਮੋੜ ਕਿਵੇਂ ਕੱਟ ਲਿਆ?

ਗੁਰਮੀਤ ਸਿੰਘ ਦੀ ਨਵੀਂ ਐਲਬਮ ‘ਮਾਹੀ-ਮਾਈ ਲਵ’ ਦਾ ਪੋਸਟਰ

ਗੁਰਮੀਤ ਸਿੰਘ: ਮੈਂ ਸੰਗੀਤਕਾਰ ਤਾਂ ਸਬੱਬ ਨਾਲ ਹੀ ਬਣ ਗਿਆ। ਏ.ਪੀ.ਜੇ. ਕਾਲਜ, ਜਲੰਧਰ ਤੋਂ ਐਮ. ਏ. ਸੰਗੀਤ ਵਿਸ਼ੇ ਵਿਚ ਗਾਇਕੀ ਦੀ ਪੜ੍ਹਾਈ ਕੀਤੀ। ਹਰ ਨੌਜਵਾਨ ਜਿਹੜਾ ਕਾਲਜ ਵਿਚੋਂ ਸੰਗੀਤ ਪੜ੍ਹ-ਸਿੱਖ ਕੇ ਬਾਹਰ ਨਿਕਲਦਾ ਹੈ, ਉਹ ਇਹੀ ਸੋਚਦਾ ਹੈ ਕਿ ਮੇਰੀ ਐਲਬਮ ਰਿਲੀਜ਼ ਹੋਵੇ। ਮੇਰੇ ਨਾਲ ਇਸ ਤਰ੍ਹਾਂ ਦਾ ਮਾਹੌਲ ਬਣਿਆ ਕਿ ਪਹਿਲੀ ਐਲਬਮ ਬਤੌਰ ਸੰਗੀਤਕਾਰ ਕਰਨ ਦਾ ਮੌਕਾ ਮਿਲਿਆ ਅਤੇ ਉਹ ਵੀ ਹਿੱਟ ਹੋ ਗਈ। ਇਸ ਤਰ੍ਹਾਂ ਬਤੌਰ ਸੰਗੀਤਕਾਰ ਸਿਲਸਿਲਾ ਅੱਗੇ ਵੱਧਦਾ ਗਿਆ। ਕਰੀਬ ਇਕ ਦਹਾਕਾ ਪੰਜਾਬ ਦੇ ਚੋਟੀ ਦੇ ਸੁਰੀਲੇ ਗਾਇਕਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਬੱਸ ਆਪਣੇ ਲਈ ਵਕਤ ਹੀ ਨਹੀਂ ਨਿਕਲਿਆ। ਪਿਛਲੇ ਸਾਲ ਮੈਂ ਤਜਰਬੇ ਦੇ ਤੌਰ ਤੇ ਆਪਣੀ ਐਲਬਮ ‘ਜਸਟ ਬੀਟ’ ਰਿਕਾਰਡ ਕਰਵਾਈ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤਰ੍ਹਾਂ ਮੇਰਾ ਗਾਇਕੀ ਦਾ ਸੁਪਨਾ ਪੂਰਾ ਹੋਇਆ।

ਜਸਟ ਪੰਜਾਬੀ: ਗਾਇਕੀ ਅਤੇ ਸੰਗੀਤਕਾਰੀ ਦੋਵੇਂ ਸੁਰ-ਸਾਜ਼ ਨਾਲ ਜੁੜੇ ਹੋਏ ਹਨ। ਤੁਹਾਨੂੰ ਦੋਵਾਂ ਵਿਚੋਂ ਜਿਆਦਾ ਕੀ ਪਸੰਦ ਹੈ। ਗਾਇਕੀ ਜਾਂ ਸੰਗੀਤਕਾਰੀ?

ਗੁਰਮੀਤ ਸਿੰਘ: ਸੰਗੀਤ ਸੱਤ ਸੁਰਾਂ ਦਾ ਹੀ ਮੇਲ ਹੈ। ਇਹੀ ਸੋਚਣ ਵਾਲੀ ਗੱਲ ਹੈ ਕਿ ਇਹ ਸੱਤ ਸੁਰਾਂ ਕਿਹੜੀ ਤਰਤੀਬ ਵਿਚ ਰੱਖਣੀਆਂ ਹਨ ਕਿ ਤੁਸੀ ਪ੍ਰਚਲਿੱਤ ਸੰਗੀਤ ਤੋਂ ਵੱਖਰਾ ਸੰਗੀਤ ਸਿਰਜ ਸਕੋ। ਗਾਇਕੀ ਅਤੇ ਸੰਗੀਤ ਦੋਵੇਂ ਹੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਭਾਵੇਂ ਗਾਉਣਾ ਹੋਵੇ ਜਾਂ ਸੰਗੀਤ ਬਣਾਉਣਾ ਹੋਵੇ, ਦੋਵੇਂ ਇੱਕੋ ਜਿਹੇ ਹੀ ਹੁੰਦੇ ਹਨ। ਕਦੇ ਇੰਝ ਨਹੀਂ ਮਹਿਸੂਸ ਹੋਇਆ ਕਿ ਕੋਈ ਵੱਖਰਾ ਕੰਮ ਕਰ ਰਹੇ ਹਾਂ। ਬਤੌਰ ਸੰਗੀਤਕਾਰ ਅਸੀ ਬਹੁਤ ਸਾਰੇ ਕਲਾਕਾਰਾਂ ਤੋਂ ਗੀਤ ਗਵਾਉਂਦੇ ਹਾਂ, ਉਂਝ ਹੀ ਆਪ ਵੀ ਗਾਉਣਾ ਹੁੰਦਾ ਹੈ। ਬਾਕੀ ਜਦੋਂ ਬੰਦਾ ਕਿਸੇ ਚੀਜ਼ ਦਾ ਕਮਾਂਡਰ ਬਣ ਜਾਂਦਾ ਤਾਂ ਉਸ ਨੂੰ ਬਹੁਤ ਸੋਚ ਸਮਝ ਕੇ ਕੰਮ ਕਰਨਾ ਪੈਂਦਾ। ਇੱਥੇ ਕਮਾਂਡਰ ਤੋਂ ਮੇਰਾ ਇਸ਼ਾਰਾ ਸੰਗੀਤਕਾਰ ਵੱਲ ਹੈ। ਇਹੋ ਜਿਹੇ ਮੁਕਾਮ ਉੱਪਰ ਆ ਕੇ ਸਰੋਤਿਆਂ ਨੂੰ ਇਹੋ ਜਿਹੀ ਚੀਜ਼ ਦੇਣੀ ਪੈਂਦੀ ਹੈ ਕਿ ਉਹ ਮਹਿਸੂਸ ਕਰ ਸਕਣ ਕਿ ਇਹ ਬੰਦਾ ਬਾਕੀਆਂ ਨੂੰ ਵੀ ਨਿਰਦੇਸ਼ਿਤ ਕਰ ਸਕਦਾ।

ਜਸਟ ਪੰਜਾਬੀ: ਅੱਜ ਕੱਲ੍ਹ ਬਹੁਤ ਸਾਰੇ ਕਲਾਕਾਰ ਨਵੇਂ ਆ ਰਹੇ ਹਨ ਅਤੇ ਕੁਝ ਪੁਰਾਣੇ ਵੀ, ਜਦੋਂ ਉਨ੍ਹਾਂ ਤੋਂ ਪੁੱਛੀਦਾ ਹੈ ਕਿ ਸੰਗੀਤ ਦੀ ਤਾਲੀਮ ਕਿੱਥੋਂ ਲਈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਇਹ ਤਾਂ ਬੱਸ ਰੱਬ ਦਾ ਦਿੱਤਾ ਹੁਨਰ ਹੈ। ਤਾਲੀਮ ਕਿਤੋਂ ਨਹੀਂ ਲਈ। ਗੁਰਮੀਤ, ਅਸਲ ਵਿਚ ਤਾਲੀਮ ਦੀ ਕਿੰਨੀ ਲੋੜ ਹੈ? ਲੋੜ ਹੈ ਵੀ ਜਾਂ ਨਹੀਂ?

ਗੁਰਮੀਤ ਸਿੰਘ: ਸੰਗੀਤ ਤਾਂ ਸਿੱਖਣਾ ਹੀ ਪਊਗਾ। ਗੁਰੂ ਬਿਨ੍ਹਾਂ ਗਤ ਨਹੀਂ ਹੋ ਸਕਦੀ। ਮੈਂ ਘਰ ਵਿਚ ਸੰਗੀਤ ਸਿੱਖਿਆ, ਪਰ ਜਿਵੇਂ ਕਿਹਾ ਜਾਂਦਾ ਹੈ ਕਿ ਜੇ ਤੁਸੀ ਮੰਜ਼ਿਲ ਉੱਤੇ ਪਹੁੰਚਣ ਲਈ ਸਹੀ ਰਸਤਾ ਚੁਣਨਾ ਹੈ ਤਾਂ ਗੁਰੂ ਹੀ ਇਹ ਰਾਹ ਦਿਖਾ ਸਕਦਾ ਹੈ। ਮੈਨੂੰ ਸੰਗੀਤ ਦੇ ਰਾਹ ਤੇ ਉਂਗਲੀ ਫੜ੍ਹ ਕੇ ਤੁਰਨਾ ਸਿਖਾਇਆ ਉਸਤਾਦ ਬਲਦੇਵ ਕ੍ਰਿਸ਼ਨ ਸ਼ਰਮਾ ਜੀ ਨੇ, ਜਿਨ੍ਹਾਂ ਤੋਂ ਮੈਂ ਅੰਮ੍ਰਿਤਸਰ ਵਿਚ ਕਲਾਸਿਕਲ ਸੰਗੀਤ ਦੀ ਤਾਲੀਮ ਲਈ। ਨਾਲ ਨਾਲ ਮੈਂ ਪੱਛਮੀ ਸੰਗੀਤ ਬਾਰੇ ਵੀ ਜਾਣਕਾਰੀ ਇੱਕਠੀ ਕੀਤੀ। ਕਾਫੀ ਸਮਾਂ ਮੈਂ ਸਾਜ਼ ਵਜਾਉਣ ਦਾ ਕੰਮ ਵੀ ਕੀਤਾ। ਗਿਟਾਰ ਵਜਾਉਣੀ ਸਿੱਖੀ, ਫ਼ਿਰ ਕਾਫ਼ੀ ਚਿਰ ਮੈਂ ਮੈਂਡੋਲਿਨ ਸਾਜ਼ ਵਜਾਉਂਦਾ ਰਿਹਾ।

ਜਸਟ ਪੰਜਾਬੀ: ਤੁਹਾਡੇ ਸੰਗੀਤ ਅਤੇ ਪੰਜਾਬ ਦੇ ਕਈ ਚਰਚਿਤ ਸੁਰੀਲੇ ਗਾਇਕਾਂ ਦੀ ਆਵਾਜ਼ ਵਿਚ ਨਵੀਂ ਐਲਬਮ ‘ਮਾਹੀ-ਮਾਈ ਲਵ’ ਅੱਜ-ਕਲ੍ਹ ਚਰਚਾ ਵਿਚ ਹੈ। ਇਸ ਦਾ ਟਾਈਟਲ ਗੀਤ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸੋਲੋ ਦੀ ਬਜਾਇ ਮਲਟੀ ਐਲਬਮ ਕਰਨ ਬਾਰੇ ਕਿਉਂ ਸੋਚਿਆ?

ਗੁਰਮੀਤ ਸਿੰਘ: ਇਸ ਤੋਂ ਪਹਿਲਾਂ ਵੀ ਮੈਂ ਇਕ ਮਲਟੀ ਐਲਬਮ ਕੀਤੀ ਸੀ ‘ਸੁਣ ਵੇ ਰੱਬਾ’। ਇਕ ਵੱਖਰੀ ਕਿਸਮ ਦੀ ਸਾਂਝੀ ਐਲਬਮ ਕਰਨ ਬਾਰੇ ਮੈਂ ਕਾਫੀ ਸਮੇਂ ਤੋਂ ਸੋਚ ਰਿਹਾ ਸੀ। ਸੰਗੀਤ ਦਾ ਮਾਹੌਲ ਲਗਾਤਾਰ ਬਦਲ ਰਿਹਾ ਹੈ ਅਤੇ ਅੱਜ ਕਲ੍ਹ ਕਾਫ਼ੀ ਲੋਕ ਸੂਫ਼ੀ ਸੰਗੀਤ ਨਾਲ ਜੁੜ ਰਹੇ ਨੇ। ਮੈਂ ਚਾਹੁੰਦਾ ਸਾਂ ਕਿ ਕੋਈ ਇਹੋ ਜਿਹਾ ਗਾਣਾ ਹੋਵੇ ਜਿਸ ਵਿਚ ਤਿੰਨ ਚਾਰ ਗਾਇਕ ਮਿਲ ਕੇ ਅਜਿਹਾ ਗੀਤ ਗਾਉਣ, ਜੋ ਸਰੋਤਿਆਂ ਦੀ ਦਿਲ ਨੂੰ ਛੋਹੇ। ਇਸ ਲਈ ਸਲੀਮ, ਨਛੱਤਰ ਗਿੱਲ, ਸ਼ਵੇਤਾ ਪੰਡਿਤ ਨੂੰ ਨਾਲ ਲੈ ਕੇ ਮਾਹੀ ਦਾ… ਗੀਤ ਦੀ ਤਿਆਰੀ ਸ਼ੁਰੂ ਕੀਤੀ। ਕਾਲਾ ਨਿਜ਼ਾਮਪੁਰੀ ਨੇ ਇਸ ਗੀਤ ਦਾ ਮੁੱਖੜਾ ਮੈਨੂੰ ਫ਼ੋਨ ਉੱਤੇ ਸੁਣਾਇਆ ਸੀ, ਜੋ ਮੈਨੂੰ ਬੜਾ ਪਸੰਦ ਆਇਆ ਅਤੇ ਅੱਜ ਗੀਤ ਤੁਹਾਡੇ ਸਾਹਮਣੇ ਹੈ। ਇਸ ਗੀਤ ਨੂੰ ਮੈਂ ਸੂਫ਼ੀ ਰੰਗ ਵਿਚ ਰੰਗਣ ਦੀ ਕੌਸ਼ਿਸ਼ ਕੀਤੀ ਹੈ। ਤੁਸੀ ਇਹ ਗੀਤ ਆਪਣੇ ਮੁਰਸ਼ਦ ਲਈ ਵੀ ਗਾ ਸਕਦੇ ਹੋ ਅਤੇ ਆਪਣੇ ਮਹਿਬੂਬ ਲਈ ਵੀ। ਸੂਫ਼ੀਵਾਦ ਇਹੀ ਕਹਿੰਦਾ ਹੈ ਕਿ ਤਾਰਾਂ ਦੋਵੇ ਪਾਸੇ ਜੁੜੀਆਂ ਰਹਿੰਦੀਆਂ ਹਨ। ਸੰਗੀਤ ਦੇ ਸਾਰੇ ਰੂਪ ਚੰਗੇ ਨੇ ਭਾਵੇਂ ਉਹ ਢੋਲ-ਢਮੱਕੇ ਵਾਲੇ ਗੀਤ ਹੋਣ ਜਾਂ ਕੋਈ ਹੋਰ, ਬੱਸ ਇਹ ਗੀਤ ਉਨ੍ਹਾਂ ਤੋਂ ਥੋੜ੍ਹਾ ਵੱਖਰਾ ਹੈ। ਬਾਕੀ ਉਨ੍ਹਾਂ ਸਰੋਤਿਆਂ ਲਈ ਦੁਆਵਾਂ ਨੇ, ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ।

ਜਸਟ ਪੰਜਾਬੀ: ਤੁਹਾਡਾ ਗੀਤ ਤਾਂ ਲੋਕ ਪਸੰਦ ਕਰ ਹੀ ਰਹੇ ਹਨ। ਇਸ ਐਲਬਮ ਵਿਚ ਤੁਸੀ ਪੰਜਾਬ ਦੇ ਚੋਟੀ ਦੇ ਗਾਇਕਾਂ ਲਈ ਸੰਗੀਤ ਤਿਆਰ ਕੀਤਾ ਹੈ। ਐਲਬਮ ਦੇ ਬਾਕੀ ਗੀਤ ਕਿਹੋ ਜਿਹੇ ਹਨ?

ਗੁਰਮੀਤ ਸਿੰਘ: ਨਛੱਤਰ ਗਿੱਲ ਨੇ ਇਸ ਵਿਚ ਦੋ ਖੜਕੇ-ਦੜਕੇ ਵਾਲੇ ਗੀਤ ਆਪਣੀ ਜਾਣੀ-ਪਛਾਣੀ ਉੱਚੇ ਸੁਰ ਵਾਲੀ ਆਵਾਜ਼ ਵਿਚ ਗਾਏ ਨੇ।ਕਲੇਰ ਕੰਠ ਆਪਣੇ ਉਦਾਸ ਗੀਤਾਂ ਲਈ ਜਾਣਿਆ ਜਾਂਦਾ ਹੈ ਇਸ ਵਾਰ ਮੈਂ ਉਨ੍ਹਾਂ ਰਾਹੀਂ ਵੀ ਕੁਝ ਵੱਖਰਾ ਕਰਨ ਦੀ ਕੌਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਰੋਮਾਂਟਿਕ ਗੀਤ ਗਾਇਆ ਹੈ। ਨੌਜਵਾਨ ਗਾਇਕ ਰੌਸ਼ਨ ਪ੍ਰਿੰਸ ਅਤੇ ਮਿਸ ਪੂਜਾ ਨੇ ਵੀ ਗੀਤ ਗਾਏ ਹਨ। ਇਸ ਵਿਚ ਮੇਰੇ ਦੋ ਹੋਰ ਗੀਤ ਕੈਂਡਲ ਲਾਈਟ ਅਤੇ ਤੇਰੀ ਯਾਦ ਜੋ ਕਿ ਉਦਾਸ ਗੀਤ ਹੈ ਵੀ ਗਾਏ ਹਨ।

ਜਸਟ ਪੰਜਾਬੀ: ਗੀਤਕਾਰ ਕਾਲਾ ਨਿਜ਼ਾਮਪੁਰੀ ਨਾਲ ਤੁਸੀ ਕਾਫ਼ੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ। ਇਸ ਲੰਬੀ ਯਾਰੀ ਦਾ ਰਾਜ਼ ਕੀ ਹੈ?


ਗੁਰਮੀਤ ਸਿੰਘ: ਜਦੋਂ ਅਸੀ ਕਿਸੇ ਗੀਤਕਾਰ ਨੂੰ ਆਪਣੀ ਤਰਜ਼ ਉੱਤੇ ਬੋਲ ਲਿਖਣ ਲਈ ਕਹਿੰਦੇ ਹਾਂ ਅਤੇ ਉਹ ਬਖੂਬੀ ਇਹ ਕੰਮ ਨਿਭਾ ਜਾਂਦਾ ਹੈ ਜਾਂ ਉਨ੍ਹਾਂ ਦੇ ਲਿਖੇ ਗੀਤ ਦੀ ਤਰਜ਼ ਜਦੋਂ ਬਹੁਤ ਆਸਾਨੀ ਨਾਲ ਬਣਾ ਸਕੋ ਤਾਂ ਉਸ ਗੀਤਕਾਰ ਨਾਲ ਆਪਣੇ ਆਪ ਸੁਰ ਰਲ਼ ਜਾਂਦੀ ਹੈ। ਕਾਲਾ ਨਿਜ਼ਾਮਪੁਰੀ ਨਾਲ ਮੇਰੀ ਅਜਿਹੀ ਹੀ ਸੁਰ ਰਲ਼ੀ ਹੋਈ ਹੈ।

ਜਸਟ ਪੰਜਾਬੀ: ਅੱਜ ਕਲ੍ਹ ਗੀਤਾਂ ਦਾ ਫ਼ਿਲਮਾਂਕਨ ਕਾਫ਼ੀ ਅਹਿਮ ਰੋਲ ਨਿਭਾਉਂਦਾ ਹੈ, ਪਰ ਆਮ ਤੌਰ ਉੱਤੇ ਗੀਤ ਦੇ ਬੋਲ ਅਤੇ ਫ਼ਿਲਮਾਂਕਨ ਵਿਚ ਜਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਤੁਸੀ ਆਪਣੇ ਗੀਤ ਦੇ ਫ਼ਿਲਮਾਂਕਨ ਤੋਂ ਕਿੰਨੇ ਸੰਤੁਸ਼ਟ ਹੋ? ਮਾਹੀ ਮਾਈ ਲਵ ਐਲਬਮ ਦੇ ਕਿੰਨੇ ਗੀਤਾਂ ਨੂੰ ਫ਼ਿਲਮਾਇਆ ਜਾ ਚੁੱਕਿਆ ਹੈ ਅਤੇ ਕਿਸ ਨੇ ਇਹ ਫ਼ਿਲਮਾਂਕਨ ਕੀਤਾ ਹੈ?


ਗੁਰਮੀਤ ਸਿੰਘ: ਆਰ. ਸਵਾਮੀ ਨੇ ਮਾਹੀ ਦਾ..ਗੀਤ ਦਾ ਫਿਲਮਾਂਕਨ ਕੀਤਾ। ਜਿਵੇਂ ਮੈਂ ਚਾਹੁੰਦਾ ਸੀ, ਸ਼ੁਰੂਆਤ ਤੋਂ ਜੋ ਤਸਵੀਰ ਮੈਂ ਇਸ ਗੀਤ ਦੀ ਆਪਣੇ ਜ਼ਿਹਨ ਵਿਚ ਬਣਾਈ ਸੀ, ਬਿਲਕੁਲ ਉਸੇ ਤਰ੍ਹਾਂ ਗੀਤ ਨੂੰ ਬੋਲਾਂ ਦੇ ਹਿਸਾਬ ਨਾਲ ਫ਼ਿਲਮਾਇਆ ਗਿਆ ਹੈ। ਮੇਰਾ ਹੀ ਆਵਾਜ਼ ਵਿਚ ਇਕ ਹੋਰ ਰੁਮਾਂਟਿਕ ਗੀਤ ਹੈ ਕੈਂਡਲ ਲਾਈਟ.. ਉਸ ਦਾ ਵੀ ਫ਼ਿਲਮਾਂਕਨ ਮੁੰਬਈ ਵਿਚ ਕੀਤਾ ਗਿਆ ਹੈ। ਜਲਦ ਹੀ ਉਹ ਗੀਤ ਤੁਸੀ ਟੀ.ਵੀ ਚੈਨਲਾਂ ਉੱਤੇ ਦੇਖ ਸਕੋਗੇ।


ਜਸਟ ਪੰਜਾਬੀ: ਗੁਰਮੀਤ ਮਾਹੀ-ਮਾਈ ਲਵ ਐਲਬਮ ਵਿਚ ਸਲੀਮ, ਸ਼ਵੇਤਾ ਪੰਡਿਤ, ਨੱਛਤਰ ਗਿੱਲ ਸਮੇਤ ਕਈ ਚੋਟੀ ਦੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਇਨ੍ਹਾਂ ਸਭ ਨੇ ਤੁਹਾਡੇ ਸੰਗੀਤ ਵਿਚ ਬਖੂਬੀ ਗਾਇਆ ਹੈ। ਚਰਚਿਤ ਕਲਾਕਾਂਰਾਂ ਨਾਲ ਕੰਮ ਕਰਨ ਵਿਚ ਕਿਹੋ ਜਿਹੀਆਂ ਮੁਸ਼ਕਿਲਾਂ ਆਉਂਦੀਆਂ ਹਨ?


ਗੁਰਮੀਤ ਸਿੰਘ: ਇਹ ਸਾਰੇ ਵੀ ਚੰਗੇ ਕਲਾਕਾਰ ਨੇ ਅਤੇ ਲੰਬੇ ਸਮੇਂ ਤੋਂ ਮੈਂ ਇਨ੍ਹਾਂ ਨਾਲ ਕੰਮ ਕਰ ਰਿਹਾ। ਮੇਰੇ ਇਕ ਸੱਦੇ ਉੱਤੇ ਸਭ ਨੇ ਬੜੀ ਮੁਹੱਬਤ ਨਾਲ ਗਲਵਕੜੀ ਪਾ ਕੇ ਗੀਤ ਰਿਕਾਰਡ ਕੀਤੇ।

ਜਸਟ ਪੰਜਾਬੀ: ਤੁਸੀ ਪੰਜਾਬੀ ਸੰਗੀਤਕ ਐਲਬਮਜ਼ ਲਈ ਵੀ ਕੰਮ ਕਰਦੇ ਹੋ, ਖ਼ੁਦ ਵੀ ਗਾਉਂਦੇ ਹੋ ਅਤੇ ਹੀਰ-ਰਾਂਝਾਂ ਸਮੇਤ ਕਈ ਪੰਜਾਬੀ ਫ਼ਿਲਮਾਂ ਦਾ ਸੰਗੀਤ ਵੀ ਦੇ ਚੁੱਕੇ ਹੋ। ਭਵਿੱਖ ਵਿਚ ਸਰੋਤੇ ਤੁਹਾਡੇ ਸੰਗੀਤ ਵਿਚ ਹੋਰ ਕੀ ਨਵਾਂ ਨਕੋਰ ਸੁਣ ਸਕਣਗੇ?

ਗੁਰਮੀਤ ਸਿੰਘ: ਪੰਜ-ਛੇ ਮਹੀਨੇ ਤੱਕ ਇਦਾਂ ਦੀ ਹੀ ਇਕ ਹੋਰ ਐਲਬਮ ਲੈ ਕੇ ਆਵਾਂਗਾ। ਜਿਸ ਵਿਚ ਰੌਲੇ ਰੱਪੇ ਤੋਂ ਰਹਿਤ ਉਹੀ ਗੀਤ ਹੋਣਗੇ, ਜਿਸ ਤਰ੍ਹਾਂ ਦੇ ਗੀਤ ਸਰੋਤੇ ਅਸਲ ਵਿਚ ਸੁਣਨਾ ਚਾਹੁੰਦੇ ਹਨ। ਉਸ ਐਲਬਮ ਵਿਚ ਹੀ ਇਕ ਗੀਤ ਕੈਲਾਸ਼ ਖੇਰ, ਸ਼੍ਰੇਆ ਘੋਸ਼ਾਲ, ਕਲੇਰ ਕੰਠ ਅਤੇ ਇਕ ਹੋਰ ਕਲਾਕਾਰ ਦਾ ਇਕ ਗੀਤ ਰਿਕਾਰਡ ਕੀਤਾ ਹੈ। ਉਹ ਗੀਤ ਮਾਹੀ ਦਾ… ਗੀਤ ਤੋਂ ਅੱਗੇ ਦੀ ਗੱਲ ਹੋਵੇਗਾ। ਸਰਦੂਲ ਸਿਕੰਦਰ, ਫ਼ਿਰੋਜ਼ ਖਾਨ, ਅਮਰਿੰਦਰ ਗਿੱਲ ਅਤੇ ਮੀਕਾ ਦੇ ਵੀ ਗੀਤ ਨੇ।ਇਸ ਐਲਬਮ ਵਿਚ ਤਿੰਨ ਗੀਤ ਸੂਫ਼ੀ ਸੰਗੀਤ ਦੇ ਅੰਦਾਜ਼ ਵਾਲਾ ਹੈ, ਜਿਸ ਵਿਚ ਪੱਛਮੀ ਅੰਦਾਜ਼ ਵਾਲਾ ਸੂਫ਼ੀ ਰੰਗ ਸੁਣਨ ਨੂੰ ਮਿਲੇਗਾ।

ਸੁਖਮਿੰਦਰ ਧੰਜਲ ਦੀ ਜਲਦ ਆਉਣ ਵਾਲੀ ਫ਼ਿਲਮ ‘ਕਬੱਡੀ ਵਨਸ ਅਗੇਨ’ ਵਿਚ ਬੜਾ ਹੀ ਜੋਸ਼ੀਲਾ ਸੰਗੀਤ ਸੁਣੋਗੇ। ਇਸ ਤੋਂ ਇਲਾਵਾ ਟਿੱਪਸ ਫ਼ਿਲਮ ਵਾਲੇ ਜਿਨ੍ਹਾਂ ਨੇ ਮੇਲ ਕਰਾ ਦੇ ਰੱਬਾ ਬਣਾਈ ਸੀ ਉਹ ਦੋ ਨਵੀਆਂ ਪੰਜਾਬੀ ਫ਼ਿਲਮਾਂ ਬਣਾ ਰਹੇ ਹਨ, ਉਨ੍ਹਾਂ ਲਈ ਸੰਗੀਤ ਤਿਆਰ ਕਰ ਰਿਹਾ ਹਾਂ।

ਜਸਟ ਪੰਜਾਬੀ: ਤੁਸੀ ਟੀ-ਸੀਰੀਜ਼ ਕੰਪਨੀ ਨਾਲ ਪਹਿਲੀ ਵਾਰ ਕੰਮ ਕੀਤਾ। ਇਹ ਸਬਬ ਕਿਵੇਂ ਬਣਿਆ?


ਗੁਰਮੀਤ ਸਿੰਘ: ਇਹ ਐਲਬਮ ਕਾਲਾ ਨਿਜ਼ਾਮਪੁਰੀ ਦੀ ਪੇਸ਼ਕਸ਼ ਵਿਚ ਤਿਆਰ ਕੀਤੀ ਗਈ ਹੈ ਅਤੇ ਟੀ-ਸੀਰੀਜ਼ ਨੇ ਇਹ ਐਲਬਮ ਵੱਡੇ ਪੱਧਰ ਉੱਤੇ ਰਿਲੀਜ਼ ਕੀਤੀ ਹੈ। ਅੱਜ ਕਲ੍ਹ ਪ੍ਰਚਾਰ ਦੇ ਬਿਨ੍ਹਾਂ ਚੰਗੀ ਚੀਜ਼ ਲੋਕਾਂ ਤੱਕ ਪਹੁੰਚਾਉਣਾ, ਔਖਾ ਕੰਮ ਹੈ। ਮੇਰਾ ਮੰਨਣਾ ਹੈ ਕਿ ਵੱਡੀਆਂ ਕੰਪਨੀਆਂ ਉਸੇ ਚੀਜ਼ ਨੂੰ ਜਿਆਦਾ ਪ੍ਰਚਾਰਿਤ ਕਰਦੀਆਂ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਮਿਲਣ ਦੀ ਆਸ ਹੁੰਦੀ ਹੈ, ਖਾਸ ਕਰ ਓਦੋਂ ਜਦੋਂ ਉਨ੍ਹਾਂ ਕੋਲ ਕੋਈ ਚੰਗੀ ਚੀਜ਼ ਆਉਂਦੀ ਹੈ। ਮੈਨੂੰ ਲੱਗਦਾ ਹੈ ਸਾਡਾ ਇਹ ਸੱਬਬ ਇਸੇ ਕਰ ਕੇ ਬਣਿਆ ਹੈ।


Updated:

in

, , ,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com