ਕੀ ਸੁਖਬੀਰ ਬਾਦਲ ਮਸ਼ੀਨ ਵਿਚ ਗੜਬੜ ਕਰਕੇ ਜਿੱਤੇ?

ਲੋਕ ਸਭਾ 2019 ਦੇ 23 ਮਈ ਨੂੰ ਆਏ ਨਤੀਜਿਆਂ ਤੋਂ ਬਾਅਦ 24 ਮਈ ਤੋਂ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਾਸਤੇ ਪਈਆਂ ਵੋਟਾਂ ਦੀ ਗਿਣਤੀ ਦਾ ਹਿਸਾਬ ਕਿਤਾਬ ਹੱਥ ਲਿਖਤ ਨਾਲ ਕੀਤਾ ਗਿਆ ਹੈ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਮੌਜੂਦ ਕੁੱਲ ਵੋਟਰਾਂ ਨਾਲੋਂ ਵਧ ਵੋਟਾਂ ਭੁਗਤ ਗਈਆਂ ਹਨ।

ਕੀ ਇਹ ਹਿਸਾਬ-ਕਿਤਾਬ ਠੀਕ ਹੈ?
ਕੀ ਸੱਚਮੁੱਚ ਮਸ਼ੀਨ ਵਿਚ ਗੜਬੜ ਕਰਕੇ ਸੁਖਬੀਰ ਬਾਦਲ ਨੇ ਸ਼ੇਰ ਸਿੰਘ ਘੁਬਾਇਆ ਨੂੰ ਹਰਾਇਆ ਹੈ?
ਕੀ ਹੈ ਇਸ ਤਸਵੀਰ ਪਿੱਛੇ ਦੀ ਸੱਚਾਈ?
ਆਉ ਤੁਹਾਨੂੰ ਦੱਸਦੇ ਹਾਂ…

sukhbir badal election 2019 evm scam
 ਕੀ ਸੁਖਬੀਰ ਬਾਦਲ ਮਸ਼ੀਨ ਵਿਚ ਗੜਬੜ ਕਰਕੇ ਜਿੱਤੇ?
ਇਹ ਪਰਚਾ ਦੱਸਦਾ ਹੈ ਕਿ ਫ਼ਿਰੋਜ਼ਪੁਰ ਹਲਕੇ ਵਿਚ ਵੋਟਰਾਂ ਦੀ ਕੁੱਲ ਗਿਣਤੀ 11, 37,000 ਹੈ ਜਦ ਕਿ 19 ਮਈ ਨੂੰ ਉਮੀਦਵਾਰਾਂ ਨੂੰ ਪਈਆਂ ਕੁੱਲ ਵੋਟਾਂ ਦੀ ਗਿਣਤੀ 11, 72, 033 ਹੈ, ਯਾਨੀ ਕਿ 35, 000 ਵੋਟਾਂ ਜ਼ਿਆਦਾ ਪੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਨੇ ਵੀ ਇਹ ਹਿਸਾਬ ਕਿਤਾਬ ਕੀਤਾ ਹੈ, ਉਸ ਦਾ ਹਿਸਾਬ ਬਹੁਤ ਕੱਚਾ ਹੈ ਅਤੇ ਉਸ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਬਾਰੇ ਬਿਲਕੁਲ ਜਾਣਕਾਰੀ ਨਹੀਂ ਹੈ। ਇਹ ਪੂਰੀ ਤਰ੍ਹਾਂ ਗ਼ਲਤ ਜੋੜ-ਘਟਾਉ ਹੈ। ਆਉ ਤੁਹਾਨੂੰ ਦੱਸਦੇ ਹਾਂ ਅਸਲੀਅਤ ਕੀ ਹੈ।

ਵਾਇਰਲ ਕੀਤੇ ਗਏ ਹਿਸਾਬ-ਕਿਤਾਬ ਵਾਲੇ ਪਰਚੇ ਦੀ ਤਸਵੀਰ (ਸਰੋਤ: ਫੇਸਬੁੱਕ)
ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਜਿਸ ਵਿਚ ਫ਼ਿਰੋਜ਼ਪੁਰ ਹਲਕੇ ਵਿਚ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ, ਗੁਰੂ ਹਰ ਸਹਾਇ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਬੱਲੂਆਣਾ, ਮਲੋਟ, ਮੁਕਸਤਰ ਵਿਧਾਨ ਸਭਾ ਹਲਕੇ ਪੈਂਦੇ ਹਨ। ਚੋਣ ਕਮੀਸ਼ਨ ਮੁਤਾਬਿਕ 2009 ਦੀਆਂ ਲੋਕ ਸਭਾ ਚੋਣਾਂ ਵੇਲੇ ਫ਼ਿਰੋਜ਼ਪੁਰ ਦੇ ਕੁੱਲ੍ਹ ਵੋਟਰਾਂ ਦੀ ਗਿਣਤੀ 13, 42, 488 ਸੀ। ਇਸੇ ਤਰ੍ਹਾਂ ਚੋਣ ਕਮੀਸ਼ਨ ਮੁਤਾਬਿਕ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਫ਼ਿਰੋਜ਼ਪੁਰ ਦੇ ਵੋਟਰਾਂ ਦੀ ਕੁੱਲ੍ਹ ਗਿਣਤੀ 15, 22, 111 ਸੀ, ਯਾਨੀ ਪੰਜ ਸਾਲਾਂ ਦੌਰਾਨ ਕਰੀਬ 1,79 623 ਵੋਟਰਾਂ ਦੀ ਗਿਣਤੀ ਵਧੀ।

ਇਸ ਰਿਪਰੋਟ ਦੀ ਵੀਡਿਉ ਦੇਖੋ
ਚਲੋ ਇਸ ਹਿਸਾਬ ਨਾਲ ਇਕ ਅੰਦਾਜ਼ਾ ਲਾਉਂਦੇ ਹਾਂ। ਮੰਨ ਲੈਂਦੇ ਹਾਂ ਕਿ 2014 ਤੋਂ 2019 ਦੌਰਾਨ ਪੰਜ ਸਾਲਾਂ ਵਿਚ ਵੀ 1,79 623 ਹੀ ਵੋਟਰਾਂ ਦੀ ਗਿਣਤੀ ਵਧੀ ਹੋਵੇ ਤਾਂ 2019 ਵਿਚ ਕੁੱਲ ਵੋਟਰਾਂ ਦੀ ਗਿਣਤੀ ਕਰੀਬ 15, 22, 111 + 1,79 623 =17, 01, 734 ਬਣਦੀ ਹੈ। ਇਸ ਵਾਰ 68.89% ਪੋਲਿੰਗ ਹੋਈ ਹੈ, ਜੋ 11, 72, 324 ਬਣਦੀ ਹੈ।

ਹੁਣ ਜੇ ਇਸ ਵਾਰ ਪਈਆਂ ਕੁੱਲ ਵੋਟਾਂ ਦੀ ਗਿਣਤੀ ਦੇਖੀਏ ਤਾਂ ਇਹ 11, 72, 033 ਜੋ ਕਿ ਬਿਲਕੁਲ ਸਾਡੇ ਲਾਏ ਹੋਏ ਅੰਦਾਜ਼ੇ ਦੇ ਨੇੜੇ ਪਹੁੰਚ ਜਾਂਦੀ ਹੈ। ਇਸ ਹਿਸਾਬ ਨਾਲ ਇਸ ਵੇਲੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਕੁੱਲ੍ਹ ਵੋਟਰਾਂ ਦੀ ਗਿਣਤੀ 17,01, 310 ਦੇ ਨੇੜੇ-ਤੇੜੇ ਬਣਦੀ ਹੈ।ਸੋ ਜਿਹੜੇ ਵੀ ਸੱਜਣ ਨੇ ਉੱਪਰ ਦਿੱਤੇ ਪਰਚੇ ਵਿਚ ਹਿਸਾਬ-ਕਿਤਾਬ ਲਗਾਇਆ ਹੈ ਉਹ ਗ਼ਲਤ ਹੈ। 

ਇਹ ਠੀਕ ਹੈ ਕਿ ਪੰਜਾਬ ਵਾਸੀਆਂ ਦੇ ਇਕ ਵੱਡੇ ਹਿੱਸੇ ਵਿਚ ਬਾਦਲ ਪਰਿਵਾਰ ਅਤੇ ਖ਼ਾਸ ਕਰ ਸੁਖਬੀਰ ਬਾਦਲ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ, ਪਰ ਇਹ ਵੀ ਗ਼ੌਰ ਕਰਨ ਵਾਲੀ ਗੱਲ ਹੈ ਕਿ ਕੁਝ ਲੋਕ ਇਸ ਰੋਸ ਦਾ ਫ਼ਾਇਦਾ ਆਪਣੀ ਸਿਆਸਤ ਨੂੰ ਚਮਕਾਉਣ ਲਈ ਚੁੱਕ ਰਹੇ ਹਨ। ਇਸ ਲਈ ਲੋਕਤੰਤਰ ਵਿਚ ਜਿੱਥੇ ਤੁਹਾਨੂੰ ਆਪਣਾ ਰੋਸ ਪ੍ਰਗਟ ਕਰਨ ਦਾ ਪੂਰਾ ਹੱਕ ਹੈ ਉੱਥੇ ਹੀ ਤੁਹਾਡਾ ਅਸਲੀ ਅਤੇ ਨਕਲੀ ਖ਼ਬਰਾਂ ਬਾਰੇ ਜਾਗਰੂਕ ਹੋਣਾ ਅਤੇ ਉਸ ਹਿਸਾਬ ਨਾਲ ਸਹੀ ਫ਼ੈਸਲਾ ਲੈਣਾ ਵੀ ਲਾਜ਼ਮੀ ਹੈ।

ਜੇ ਤੁਹਾਡੇ ਕੋਲ ਵੀ ਕੋਈ ਅਜਿਹੀ ਖ਼ਬਰ, ਤਸਵੀਰ, ਆਡਿਉ ਜਾਂ ਵੀਡਿਉ ਹੈ ਜਿਸ ਦੀ ਸੱਚਾਈ ਤੁਸੀਂ ਪਤਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਉਹ ਸਾਨੂੰ zordartimes@gmail.com ਈ-ਮੇਲ ਕਰ ਦਿਉ। ਅਸੀਂ ਪੜਤਾਲ ਕਰਕੇ ਤੁਹਾਨੂੰ ਅਤੇ ਸਾਰੇ ਪਾਠਕਾਂ ਨੂੰ ਉਸ ਖ਼ਬਰ ਦੀ ਸੱਚਾਈ ਦੱਸਾਂਗੇ। ਜੇ ਤੁਸੀਂ ਕਹੋਗੇ ਤਾਂ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com