‘ਬੋਲ ਮਰਦਾਨਿਆ’: ਨੈਤਿਕਤਾ ਕਿਸ ਭਾਅ ਵਿਕਦੀ?

ਪੰਜਾਬੀ ਨਾਵਲ ‘ਬੋਲ ਮਰਦਾਨਿਆ’ ਬਾਰੇ ਜ਼ੋਰਦਾਰ ਟਾਈਮਜ਼ ਵੱਲੋਂ ਤੱਥਾਂ ਸਮੇਤ ਪੇਸ਼ ਕੀਤੀ ਗਈ ਰਿਪੋਰਟ ਨੇ ਵਿਦਵਾਨ ਮੰਨੇ ਜਾਂਦੇ ਲੋਕਾਂ ਵੱਲੋਂ ਸਰਕਾਰੀ ਪੁਰਸਕਾਰ ਹਾਸਲ ਕਰਨ ਲਈ ਪ੍ਰਾਪਤ ਕੀਤੇ ਜਾਂਦੇ ਜੁਗਾੜਾਂ ਤੇ ਅਨੈਤਿਕ ਕਾਰਵਾਈਆਂ ਬਾਰੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ‘ਬੋਲ ਮਰਦਾਨਿਆ’ ਤੂੰ ਕਦੋਂ ਜੰਮਿਆ ਸਿਰਲੇਖ ਹੇਠ ਜ਼ੋਰਦਾਰ ਟਾਈਮਜ਼ ਵੱਲੋਂ ਨਸ਼ਰ ਕੀਤੀ ਗਈ ਰਿਪੋਰਟ ਵਿਚ ਅਸੀਂ ਤੱਥਾਂ, ਸਬੂਤਾਂ ਤੇ ਤਰਕਾਂ ਦੇ ਆਧਾਰ ‘ਤੇ ਖ਼ੁਲਾਸਾ ਕੀਤਾ ਸੀ ਕਿ ਕਿਵੇਂ ਲੇਖਕ ਜਸਬੀਰ ਮੰਡ ਦਾ ਲਿਖਿਆ ਬਹੁ-ਚਰਚਿਤ ਨਾਵਲ ‘ਬੋਲ ਮਰਦਾਨਿਆ’ ਬਾਰ-ਬਾਰ ਸਾਲ ਬਦਲ ਕੇ ਭਾਰਤੀ ਸਾਹਿਤ ਅਕਾਦੇਮੀ ਦੇ ਸਾਲਾਨਾ ਪੁਰਸਕਾਰ ਲਈ ਪੇਸ਼ ਕੀਤਾ ਜਾਂਦਾ ਰਿਹਾ। ਭਾਵੇਂ ਪੁਸਤਕ ਨੂੰ ਪੁਰਸਕਾਰ ਤਾਂ ਨਹੀਂ ਮਿਲਿਆ ਪਰ ਕੁਝ ਕਥਿਤ ਵਿਦਵਾਨਾਂ ਦੀ ਮਿਹਰਬਾਨੀ ਸਦਕਾ ਇਹ ਨਾਵਲ ਬਾਰ-ਬਾਰ ਕਈ ਪੜਾਅ ਪਾਰ ਕਰਦਾ ਹੋਏ ਚੋਟੀ ਦੀਆਂ ਕਿਤਾਬਾਂ ਦੀ ਸੂਚੀ ਵਿਚ ਸ਼ਾਮਲ ਹੁੰਦਾ ਰਿਹਾ।

ਸਾਡਾ ਮੰਨਣਾ ਹੈ ਕਿ ਭਾਵੇਂ ਪੁਰਸਕਾਰ ਪ੍ਰਾਪਤ ਕਰਨ ਲਈ ਅਪਣਾਏ ਜਾਂਦੇ ਅਜਿਹੇ ਹੱਥਕੰਢਿਆਂ ਵਿਚ ਲੇਖਕਾਂ, ਪ੍ਰਕਾਸ਼ਕਾਂ ਤੇ ਪੁਰਸਕਾਰ ਦੀ ਚੋਣ ਕਰਨ ਵਾਲੇ ਸਲਾਹਕਾਰ ਮੰਡਲ ਵਿਚ ਸ਼ਾਮਲ ਵਿਦਵਾਨਾਂ ਦੀ ਭੂਮਿਕਾ ਹੁੰਦੀ ਹੈ ਪਰ ਆਪਣੀ ਰਿਪੋਰਟ ਵਿਚ ਅਸੀਂ ਕਿਸੇ ਇਕ ਵਿਅਕਤੀ ਨੂੰ ਸੁਆਲਾਂ ਦੇ ਘੇਰੇ ਵਿਚ ਲਿਆਉਣ ਦੀ ਬਜਾਇ ਹਰ ਧਿਰ ਦੀ ਨੈਤਿਕਤਾ ਨੂੰ ਸੁਆਲਾਂ ਦੇ ਘੇਰੇ ਵਿਚ ਲਿਆਉਂਦਾ ਸੀ। ਸਭ ਧਿਰਾਂ ਨੂੰ ਸੁਆਲਾਂ ਵਿਚ ਸ਼ਾਮਲ ਕਰਨ ਦੇ ਬਾਵਜੂਦ ਸਾਡਾ ਵੱਡਾ ਸੁਆਲ ਵੱਖ-ਵੱਖ ਪੜਾਵਾਂ ਵਿਚ ਕਿਸੇ ਪੁਸਤਕ ਨੂੰ ਚੋਟੀ ਤੱਕ ਪਹੁੰਚਾਉਣ ਵਿਚ ਭੂਮਿਕਾ ਨਿਭਾਉਣ ਵਾਲੇ ਵੱਡੇ-ਵੱਡੇ ਵਿਦਵਾਨਾਂ ਦੀ ਨੈਤਿਕਤਾ ‘ਤੇ ਕੇਂਦਰਿਤ ਹੈ।

ਇਸ ਗੱਲ ਚਿੱਟੇ ਦਿਨ ਵਿਚ ਸਾਫ਼ ਹੈ ਕਿ ਪੁਰਸਕਾਰ ਪ੍ਰਾਪਤ ਕਰਨ ਲਈ ਲੇਖਕ ਤੇ ਪ੍ਰਕਾਸ਼ਕ ਜੇ ਸਿੱਧੇ ਨਾ ਸਹੀ ਅਸਿੱਧੇ ਰੂਪ ਵਿਚ ਪੁਰਸਕਾਰ ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਵਿਚ ਭੂਮਿਕਾ ਜ਼ਰੂਰ ਨਿਭਾ ਸਕਦੇ ਹਨ। ਪਿਛਲੇ ਸਮਿਆਂ ਵਿਚ ਇਸ ਤਰ੍ਹਾਂ ਦੇ ਹੱਥਕੰਡਿਆਂ ਦੀ ਚਰਚਾ ਅਖ਼ਬਾਰਾਂ ਤੋਂ ਲੈ ਕੇ ਸਾਹਿਤਕ ਮੈਗਜ਼ੀਨਾਂ, ਸੋਸ਼ਲ ਮੀਡੀਆ ਤੱਕ ਹੁੰਦੀ ਰਹੀ ਹੈ। ਇਹੀ ਨਹੀਂ ਇਸ ਵਿਸ਼ੇ ਬਾਰੇ ਕਈ ਪੁਸਤਕਾਂ ਵੀ ਲਿਖਿਆ ਜਾ ਚੁੱਕੀਆਂ ਹਨ। ਪਿਛਲੇ ਕੁਝ ਸਾਲਾਂ ਦੌਰਾਨ ਇਸੇ ਵਿਸ਼ੇ ‘ਤੇ ਲਿਖਿਆ ਗਿਆ ਜਸਬੀਰ ਭੁੱਲਰ ਦਾ ਨਾਵਲ ‘ਖਿੱਦੋ’ ਕਾਫ਼ੀ ਚਰਚਾ ਵਿਚ ਰਿਹਾ ਹੈ।

ਫਿਰ ਵੀ ਸਾਡਾ ਮੰਨਣਾ ਹੈ ਕਿ ਭਾਵੇਂ ਲੇਖਕ ਜਾਂ ਪ੍ਰਕਾਸ਼ਕ ਕੁਝ ਵੀ ਕਰ ਲੈਣ ਜੇ ਪੁਰਸਕਾਰ ਦੀ ਚੋਣ ਕਰਨ ਵਾਲੇ ਸਲਾਹਕਾਰ ਬੋਰਡ ਵਿੱਚ ਸ਼ਾਮਲ ਦੋ ਦਰਜਨ ਦੇ ਕਰੀਬ ਪੰਜਾਬੀ ਸਾਹਿਤ ਦੇ ਚੋਟੀ ਦੇ ਵਿਦਵਾਨਾਂ ਦੀ ਨੈਤਿਕਤਾ ਕਾਇਮ ਰਹੇ ਤਾਂ ਕਿਸੇ ਵੀ ਪੁਰਸਕਾਰ ਵਿਚ ਜੁਗਾੜਬਾਜ਼ੀ ਚੱਲਣ ਦੀ ਸੰਭਾਵਨਾ ਹੀ ਨਹੀਂ ਬਚਦੀ।

ਪ੍ਰਕਾਸ਼ਕ ਦਾ ਸੁਆਲ?

‘ਬੋਲ ਮਰਦਾਨਿਆ’ ਦੇ ਸਾਲਾਂ ਦੀ ਅਦਲੀ-ਬਦਲੀ ਸਬੰਧੀ ਸਾਡੀ ਰਿਪੋਰਟ ਦਾ ਆਧਾਰ ਪੁਸਕਤ ਦੀ ਛਪਾਈ ਦੇ ਪਹਿਲੇ ਸਾਲ ਨਾਲ ਸਬੰਧਤ ਸੀ ਤਾਂ ਜ਼ਾਹਿਰ ਹੈ ਕਿ ਇਸ ਵਿਚ ਪੁਸਤਕ ਛਾਪਣ ਵਾਲਿਆਂ ਭਾਵ ਪ੍ਰਕਾਸ਼ਕਾਂ ਦੀ ਭੂਮਿਕਾ ਦਾ ਸੁਆਲ ਆਉਣਾ ਤਾਂ ਸੁਭਾਵਕ ਹੀ ਸੀ। ਅਸੀਂ ਇਹ ਵੀ ਭਲੀ-ਭਾਂਤ ਜਾਣਦੇ ਹਾਂ ਕਿ ਪੁਰਸਕਾਰ ਵਾਸਤੇ ਪੁਸਤਕ ਭੇਜਣ ਵਿਚ ਪ੍ਰਕਾਸ਼ਕ ਦੀ ਸਿੱਧੀ ਭੂਮਿਕਾ ਨਹੀਂ ਹੁੰਦੀ ਪਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਲਈ ਵਿਚਾਰੇ ਜਾਣ ਵਾਲੀਆਂ ਪੁਸਤਕਾਂ ਦੀ ਸਿੱਧੀ ਖ਼ਰੀਦ ਪ੍ਰਕਾਸ਼ਕ ਤੋਂ ਹੀ ਕਰਦੀ ਹੈ। ਇਸ ਲਈ ਪ੍ਰਕਾਸ਼ਕ ਦੀ ਨੈਤਿਕਤਾ ਦਾ ਸੁਆਲ ਵੀ ਸਾਡੇ ਸੁਆਲਾਂ ਵਿਚ ਸ਼ਾਮਲ ਹੋ ਜਾਂਦਾ ਹੈ।

ਫਿਰ ਵੀ ਆਪਣੀ ਪਹਿਲੀ ਰਿਪੋਰਟ ਵਿਚ ਅਸੀਂ ਲੇਖਕ ਤੇ ਪ੍ਰਕਾਸ਼ਕ ਨਾਲੋਂ ਪੁਰਸਕਾਰ ਸਲਾਹਕਾਰ ਬੋਰਡ ਦੇ ਵਿਦਵਾਨ ਮੈਂਬਰਾਂ ਦੇ ਵਿਵੇਕ ਤੇ ਨੈਤਿਕਤਾ ਨੂੰ ਸੁਆਲਾਂ ਦੇ ਕੇਂਦਰ ਵਿਚ ਰੱਖਿਆ ਸੀ। ਇਸੇ ਕਰਕੇ ਨਾ ਤਾਂ ਰਿਪੋਰਟ ਲਈ ਅਸੀਂ ਲੇਖਕ ਦੀ ਪ੍ਰਤਿਕਿਰਿਆ ਲਈ ਸੀ ਅਤੇ ਨਾ ਹੀ ਪ੍ਰਕਾਸ਼ਕਾਂ ਦੀ, ਭਾਵੇਂ ਕਿ ਤੱਥਾਂ ਦੀ ਰੌਸ਼ਨੀ ਵਿਚ ਅਸੀਂ ਇਸ ਪੁਸਤਕ ਦੇ ਦੋਵੇਂ ਪ੍ਰਕਾਸ਼ਕਾਂ ਲੋਕ ਗੀਤ ਪ੍ਰਕਾਸ਼ਨ (2015) ਤੇ ਆਟਮ ਆਰਟ (2019) ਦਾ ਜ਼ਿਕਰ ਕਰਨਾ ਲਾਜ਼ਮੀ ਸਮਝਿਆ ਸੀ। ਹਾਲਾਂਕਿ ਅਸੀਂ ਇਸ ਬਾਰੇ ਕਿਸੇ ਵੀ ਇਕ ਪ੍ਰਕਾਸ਼ਨ ਅਦਾਰੇ ਬਾਰੇ ਕਿਸੇ ਕਿਸਾਮ ਦੀ ਉਲਾਰ ਚਰਚਾ ਨਹੀਂ ਕੀਤੀ ਸੀ।

ਹੁਣ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਾਠਕਾਂ ਤੋਂ ਪਤਾ ਲੱਗਿਆ ਹੈ ਕਿ ਸਾਡੀ ਰਿਪੋਰਟ ‘ਤੇ ਆਪਣਾ ਪ੍ਰਤਿਕਰਮ ਦਿੰਦਿਆਂ ਜ਼ੋਰਦਾਰ ਟਾਈਮਜ਼ ਦਾ ਜ਼ਿਕਰ ਕੀਤੇ ਬਿਨਾਂ ਆਟਮ ਆਰਟ ਨਾਮਕ ਪ੍ਰਕਾਸ਼ਨ ਅਦਾਰੇ ਨੇ ਫੇਸਬੁੱਕ ‘ਤੇ ਇਕ ਸਪੱਸ਼ਟੀਕਰਨ ਨਸ਼ਰ ਕੀਤਾ ਹੈ। ਇਸ ਸਪੱਸ਼ਟੀਕਰਨ ਵਿਚ ਸਾਡੇ ਵੱਲੋਂ ਉਠਾਏ ਗਏ ਨੈਤਿਕਤਾ ਦੇ ਸਵਾਲਾਂ ਬਾਰੇ ਟਿੱਪਣੀ ਕਰਨ ਦੀ ਬਜਾਇ ਸਾਡੀ ਰਿਪੋਰਟ ਨੂੰ ਹੀ ਸਨਸਨੀਖ਼ੇਜ ਤੇ ਮਸਾਲੇਦਾਰ ਕਹਿ ਕੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਟਮ ਆਰਟ ਦੇ ਫੇਸਬੁੱਕ ਪੰਨੇ ‘ਤੇ ਪਾਈ ਗਈ ਪੋਸਟ ਦੀ ਨਕਲ ਦੇਖੋ-

ਆਟਮ ਆਰਟ ਦੀ ਮੂਲ ਫੇਸਬੁੱਕ ਪੋਸਟ
ਆਟਮ ਆਰਟ ਦੀ ਮੂਲ ਫੇਸਬੁੱਕ ਪੋਸਟ ਦਾ ਸਕਰੀਨ ਸ਼ਾਟ

ਇਸ ਪੋਸਟ ਤੋਂ ਜੋ ਪਹਿਲੀ ਗੱਲ ਜਾਪਦੀ ਹੈ ਕਿ ਪ੍ਰਕਾਸ਼ਕ ਨੇ ਸਾਡੀ ਵੈਬਸਾਈਟ ਤੋਂ ਪੂਰੀ ਰਿਪੋਰਟ ਪੜ੍ਹੀ ਹੀ ਨਹੀਂ ਹੈ। ਫੇਸਬੁੱਕ ‘ਤੇੇ ਸੰਖੇਪ ਪੋਸਟ ਪੜ੍ਹ ਕੇ ਹੀ ਆਪਣੀ ਤੱਟ-ਫੱਟ ਪ੍ਰਤਿਕਿਰਿਆ ਦੇ ਦਿੱਤੀ ਹੈ। ਪ੍ਰਤਿਕਿਰਿਆ ਵਿਚ ਕਿਤੇ ਵੀ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ ਕਿ ਇਸ ਵਿਚ ਕਿਹੜਾ ਹਿੱਸਾ ਤੱਥ ਨਾ ਹੋ ਕੇ ਸਨਸਨੀਖ਼ੇਜ ਤੇ ਮਸਾਲੇਦਾਰ ਹੈ?

ਦੂਸਰੀ ਗੱਲ ਪੂਰੀ ਰਿਪੋਰਟ ਨਾ ਪੜ੍ਹੇ ਜਾਣ ਕਰ ਕੇ ਇਸ ਪ੍ਰਤਿਕਿਰਿਆ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੁਰਸਕਾਰ ਲਈ ਪੁਸਤਕਾਂ ਲੇਖਕ ਜਾਂ ਪ੍ਰਕਾਸ਼ਕ ਨਹੀਂ ਭੇਜਦਾ, ਜੇ ਉਨ੍ਹਾਂ ਨੇ ਪੂਰੀ ਰਿਪੋਰਟ ਪੜ੍ਹੀ ਹੁੰਦੀ ਤਾਂ ਉਹ ਦੇਖ ਸਕਦੇ ਕਿ ਪੁਰਸਕਾਰ ਵਾਸਤੇ ਪੁਸਤਕ ਥੱਲੇ ਤੋਂ ਉੱਤੇ ਤੱਕ ਕਿਵੇਂ ਪਹੁੰਚਦੀ ਹੈ, ਅਸੀਂ ਇਸ ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਭਾਰਤੀ ਸਾਹਿਤਕ ਅਕਾਦਮੀ ਦੇ ਅਧਿਕਾਰਕ ਨਿਯਮਾਂ ਅਨੁਸਾਰ ਦਰਜ ਕੀਤੀ ਹੈ। ਹੋਰ ਤਾਂ ਹੋਰ ਸਾਡੀ ਰਿਪੋਰਟ ਵਿਚ ਕਿਤੇ ਨਹੀਂ ਕਿਹਾ ਗਿਆ ਕਿ ਪੁਸਤਕ ਕਿਸੇ ਵਿਸ਼ੇਸ਼ ਪ੍ਰਕਾਸ਼ਕ ਨੇ ਭੇਜੀ ਹੈ। ਅਸੀਂ ਤਾਂ ਬਸ ਪ੍ਰਕਾਸ਼ਕ ਸਮੇਤ ਸਾਰੀਆਂ ਸਬੰਧਤ ਧਿਰਾਂ ਦੀ ਨੈਤਿਕਤਾ ਬਾਰੇ ਸੁਆਲ ਉਠਾਇਆ ਹੈ।

ਨੈਤਿਕਤਾ ਦੇ ਸੁਆਲ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਪ੍ਰਕਾਸ਼ਕ ਵੱਲੋਂ ਫੇਸਬੁੱਕ ਪੋਸਟ ਵਿਚ ਇਹ ਦਰਜ ਕੀਤਾ ਗਿਆ ਹੈ “ਪੰਜਾਬੀ ਦੇ ਬਹੁਤੇ ਪ੍ਰਕਾਸ਼ਕ ਸਿਰਫ ਆਪਣਾ ਪ੍ਰਕਾਸ਼ਨ ਸਾਲ ਕਿਤਾਬ ਵਿੱਚ ਦਰਜ ਕਰਦੇ ਹਨ, ਦੂਜੇ ਪ੍ਰਕਾਸ਼ਕ ਵੱਲੋਂ ਛਪਾਈ ਦਾ ਡਾਟਾ ਨਵੇਂ ਪ੍ਰਕਾਸ਼ਕ ਵੱਲੋਂ ਨਹੀਂ ਲਿਖਿਆ ਜਾਂਦਾ। ਜਿਸ ਤਹਿਤ ਅਸੀਂ ਇਸਦਾ ਪ੍ਰਕਾਸ਼ਨ ਵਰ੍ਹਾ 2019 ਲਿਖਿਆ ਹੈ।”

ਇੱਥੇ ਅਸੀਂ ਇਸ ਗੱਲ ਵੱਲ ਪਾਠਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਹਾਂ ਕਿ ਕੌਮਾਂਤਰੀ ਪੱਧਰ ਦੀ ਗੁਣਵੱਤਾ ਤੇ ਮਾਪਦੰਡਾਂ ਦੇ ਦਾਅਵੇ ਨਾਲ ਸ਼ੁਰੂ ਕੀਤੇ ਗਏ ਇਸ ਪ੍ਰਕਾਸ਼ਨ ਅਦਾਰੇ ਨੂੰ ਚਲਾਉਣ ਵਾਲੇ ਸੱਜਣ ਅੰਗਰੇਜ਼ੀ ਸਾਹਿਤ ਵਿਚ ਉੱਚ-ਡਿਗਰੀ ਪ੍ਰਾਪਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੌਮਾਂਤਰੀ ਪੱਧਰ ਦੀਆਂ ਕਈ ਅੰਗਰੇਜ਼ੀ ਪੁਸਤਕਾਂ ਦਾ ਪੰਜਾਬੀ ਅਨੁਵਾਦ ਕਰਕੇ ਛਾਪਿਆ ਹੈ।

ਕੀ ਕਾਰਨ ਹੈ ਸਾਡਾ ਇਹ ਪ੍ਰਕਾਸ਼ਕ ਉਨ੍ਹਾਂ ਬਹੁਤੇ ਪੰਜਾਬੀ ਪ੍ਰਕਾਸ਼ਕਾਂ ਦੀ ਤਰਜ ‘ਤੇ ਉਸੇ ਬਾਜ਼ਾਰੀ ਰਾਹ ‘ਤੇ ਤੁਰ ਪਿਆ ਹੈ, ਜਿਨ੍ਹਾਂ ਪ੍ਰਕਾਸ਼ਕਾਂ ਤੋਂ ਬਿਹਤਰ ਪ੍ਰਕਾਸ਼ਨ ਦੇਣ ਦੇ ਦਾਅਵੇ ਨਾਲ ਇਹ ਪ੍ਰਕਾਸ਼ਨ ਅਦਾਰਾ ਸ਼ੁਰੂ ਕੀਤਾ ਗਿਆ ਸੀ? ਕੀ ਉਹ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਬਹੁਤੇ ਪ੍ਰਕਾਸ਼ਕਾਂ ਤੋਂ ਅਗਾਂਹ ਵਧਦਿਆਂ ਇਸ ਮਾਮਲੇ ਵਿਚ ਨਵੀਂ ਲੀਹ ਨਹੀਂ ਉਸਾਰ ਸਕਦੇ?

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਕਾਸ਼ਨ ਦੀ ਗੁਣਵੱਤਾ, ਡਿਜ਼ਾਇਨਿੰਗ ਤੇ ਬਿਹਤਰ ਪ੍ਰਕਾਸ਼ਨ ਸਮੱਗਰੀ ਤੇ ਲੇਖਕਾਂ ਨਾਲ ਬਿਹਤਰ ਵਪਾਰਕ ਵਿਹਾਰ ਦੇ ਮਾਮਲੇ ਵਿਚ ਆਟਮ ਆਰਟ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਤੇ ਪਾਠਕਾਂ ਤੇ ਲੇਖਕਾਂ ਦੀ ਪ੍ਰਸ਼ੰਸਾ ਹਾਸਲ ਕੀਤੀ ਹੈ। ਫਿਰ ਪੁਸਤਕ ਛਪਣ ਦਾ ਇਤਿਹਾਸ ਦਰਜ ਕਰਨ ਮਾਮਲੇ ਵਿਚ ਉਨ੍ਹਾਂ ਨੂੰ ਕਿਹੜੀ ਮਜਬੂਰੀ ਰੋਕ ਰਹੀ ਹੈ।

ਸੁਆਲ ਪੈਦਾ ਹੁੰਦਾ ਹੈ ਕਿ ਕੀ ਉਹ ਨਹੀਂ ਜਾਣਦੇ ਪ੍ਰਕਾਸ਼ਨ ਵਰ੍ਹੇ ਦਾ ਸਿੱਧਾ ਸਬੰਧ ਕਾਪੀਰਾਈਟ ਨਾਲ ਹੁੰਦਾ ਹੈ। ਕੌਮੀ-ਕੌਮਾਂਤਰੀ ਪੱਧਰ ‘ਤੇ ਰਾਈਲਟੀ ਦਾ ਹਿਸਾਬ-ਕਿਤਾਬ ਕਰਨ ਤੋਂ ਲੈ ਕੇ ਸੰਸਾਰ ਪੱਧਰ ਦੇ ਵੱਡੇ ਤੋਂ ਵੱਡੇ ਪੁਰਸਕਾਰ ਕਿਤਾਬ ਦੇ ਪਹਿਲੀ ਵਾਰ ਛਪਣ ਸਾਲ ਨੂੰ ਆਧਾਰ ਬਣਾਉਂਦੇ ਹਨ। ਕੀ ਇਸ ਸਥਿਤੀ ਵਿਚ ਪੂਰੀ ਇਮਾਨਦਾਰ ਨਾਲ ਪੁਸਤਕ ਛਪਣ ਦਾ ਪਹਿਲਾ ਸਾਲ ਛਾਪਣਾ ਹਰ ਪ੍ਰਕਾਸ਼ਕ ਦੀ ਨੈਤਿਕ ਜ਼ਿੰਮੇਵਾਰੀ ਨਹੀਂ ਹੋ ਜਾਂਦਾ।

ਜ਼ਿਕਰਯੋਗ ਹੈ ਕਿ ਪੜ੍ਹਾਈ ਦੌਰਾਨ ਤੇ ਅੰਗਰੇਜ਼ੀ ਪੁਸਤਕਾਂ ਦੇ ਅਨੁਵਾਦ ਦੇ ਹੱਕ ਲੈਣ ਵੇਲੇ ਜ਼ਰੂਰ ਪ੍ਰਕਾਸ਼ਕ ਨੇ ਪੁਸਤਕਾਂ ਦੇ ਕਾਪਰਾਈਟ ਪੰਨੇ ਪੜ੍ਹੇ ਹੋਣਗੇ। ਕੀ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ ਕਿ ਕੌਮਾਂਤਰੀ ਪੱਧਰ ਦੇ ਪ੍ਰਕਾਸ਼ਨਾ ਦੀ ਨੈਤਿਕਤਾ ਦੇ ਮੱਦੇਨਜ਼ਰ ਪ੍ਰਕਾਸ਼ਕ ਕਾਪੀਰਾਈਟ ਦੇ ਹਵਾਲੇ ਨਾਲ ਪੁਸਕਤ ਦੇ ਪਹਿਲੀ ਵਾਰ ਪ੍ਰਕਾਸ਼ਨ ਦਾ ਸਾਲ ਦਰਜ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਭਾਵੇਂ ਉਹ ਪੁਸਤਕ ਪਹਿਲਾਂ ਕਿਸੇ ਹੋਰ ਪ੍ਰਕਾਸ਼ਕ ਨੇ ਛਾਪੀ ਹੋਵੇ। ਬਹੁਤ ਸਾਰੇ ਅੰਗਰੇਜ਼ੀ ਪ੍ਰਕਾਸ਼ਕ ਤਾਂ ਦੂਜੇ ਪ੍ਰਕਾਸ਼ਕਾਂ ਦੇ ਨਾਮ ਦਰਜ ਕਰਨ ਤੋਂ ਵੀ ਸ਼ਰਮ ਨਹੀਂ ਮਹਿਸੂਸ ਕਰਦੇ। ਇਸ ਦੇ ਪ੍ਰਮਾਣ ਵੱਜੋਂ ਕੁਝ ਪੁਸਤਕਾਂ ਦੇ ਕਾਪੀਰਾਈਟ ਪੰਨੇ ਸਾਂਝੇ ਕੀਤੇ ਜਾ ਰਹੇ ਹਨ।

ਵਾਨ ਗਾਗ ਦੀ ਜੀਵਨੀ – ਲਸਟ ਫਾਰ ਲਾਈਫ਼

ਵਾਨ ਗਾਗ ਦੇ ਜੀਵਨ ‘ਤੇ ਆਧਾਰਤ ਸੰਸਾਰ ਪ੍ਰੱਸਿਧ ਨਾਵਲ

ਸੰਨ 1934 ਵਿਚ ਪਹਿਲੀ ਵਾਰ ਛਪੇ ਇਰਵਿੰਗ ਸਟੋਨ ਦੇ ਵਾਨ ਗਾਗ ਦੀ ਜੀਵਨੀ ‘ਤੇ ਆਧਾਰਤ ਨਾਵਲ ‘ਲਸਟ ਫ਼ਾਰ ਲਾਈਫ਼’ ਦੇ ਹੁਣ ਤੱਕ ਅਣਗਿਣਤ ਐਡੀਸ਼ਨ ਛਪ ਚੁੱਕੇ ਹਨ। ਕਈ ਐਡੀਸ਼ਨ ਵੱਖ-ਵੱਖ ਪ੍ਰਕਾਸ਼ਕਾਂ ਨੇ ਵੱਖ-ਵੱਖ ਸਮੇਂ ਛਾਪੇ ਹਨ। ਇੱਥੇ ਦਿੱਤੀ ਗਈ ਤਸਵੀਰ ਵਿਚ ‘ਲਸਟ ਫ਼ਾਰ ਲਾਈਫ਼’ ਦੇ 1945 ਛਪੇ ਐਡੀਸ਼ਨ ਦੀ ਤਸਵੀਰ ਦਿੱਤੀ ਜਾ ਰਹੀ ਹੈ। ਪਾਕੇਟ ਬੁੱਕ ਨਾਮਕ ਪ੍ਰਕਾਸ਼ਕ ਦੀ ਨੈਤਿਕਤਾ ਦੇਖੋ ਕਿ ਉਹ ਵੱਲੋਂ ਛਾਪਿਆ ਗਏ ਇਸ ਐਡੀਸ਼ਨ ਉਸ ਨੇ ਛਪਣ ਦੇ ਪੂਰੇ ਦਸ ਸਾਲ ਦਾ ਇਤਿਹਾਸ ਤਰਤੀਬਵਾਰ ਦਰਜ ਕੀਤਾ ਹੈ। ਇਹ ਪ੍ਰਕਾਸ਼ਕ ਆਪਣੇ ਤੋਂ ਪਹਿਲਾਂ ਵਾਲੇ ਹਰ ਪ੍ਰਕਾਸ਼ਕ ਦਾ ਨਾਮ ਤੇ ਪ੍ਰਕਾਸ਼ਨ ਵਰ੍ਹਾ ਬਾਕਾਇਦਾ ਛਾਪ ਰਿਹਾ ਹੈ।

ਹੋਰ ਤਾਂ ਹੋਰ ਹਰ ਪ੍ਰਕਾਸ਼ਨ ਨੇ ਕਿੰਨੇ-ਕਿੰਨੇ ਐਡੀਸ਼ਨ ਛਾਪੇ ਹਨ, ਇਹ ਵੀ ਬਾਕਾਇਦਾ ਲਿਖਿਆ ਹੈ। ਫਿਰ ਆਪਣੇ ਪ੍ਰਕਾਸ਼ਨ ਦਾ ਸਾਲ 1945 ਦਰਜ ਕਰਦਾ ਹੈ ਤੇ ਦੂਜਾ ਐਡੀਸ਼ਨ ਛਪਣ ਦਾ ਸਾਲ 1946 ਵੀ ਦਰਜ ਕਰਦਾ ਹੈ। ਇੱਥੇ ਦੇਖਿਆ ਜਾ ਸਕਦਾ ਹੈ ਕਿ ਪਹਿਲਾ ਐਡੀਸ਼ਨ ਸੰਨ 1934 ਵਿਚ ਲੌਂਗਮੈਨ, ਗਰੀਨ ਐਂਡ ਕੰਪਨੀ ਨਾਮਕ ਪ੍ਰਕਾਸ਼ਕ ਨੇ ਛਾਪਿਆ ਸੀ। ਇਹ ਗੱਲ ਪੁਸਤਕ ਦਾ ਲੇਖਕ ਇਰਵਿਨ ਸਟੋਨ ਆਪ ਸੰਨ 1939 ਵਿਚ ਮਾਡਰਨ ਲਾਈਬ੍ਰੇਰੀ ਲਈ ਰੈਂਡਮ ਹਾਊਸ ਨਾਮਕ ਪ੍ਰਕਾਸ਼ਕ ਵੱਲੋਂ ਛਾਪੇ ਗਏ ਵਿਸ਼ੇਸ਼ ਐਡੀਸ਼ਨ ਵਿਚ ਲਿਖੇ ਆਪਣੇ ਮੁੱਖ-ਬੰਦ ਵਿਚ ਦਰਜ ਕਰਦਾ ਹੈ।

ਸੰਨ 1939 ਵਿਚ ਮਾਡਰਨ ਲਾਈਬ੍ਰੇਰੀ ਲਈ ਰੈਂਡਮ ਹਾਊਸ ਨਾਮਕ ਪ੍ਰਕਾਸ਼ਕ ਵੱਲੋਂ ਛਾਪੇ ਗਏ ਵਿਸ਼ੇਸ਼ ਐਡੀਸ਼ਨ ਦਾ ਕਾਪੀਰਾਈਟ ਪੰਨਾ

ਅਮਰੀਕਾ ਦੀ ਦ ਮਾਡਰਨ ਲਾਇਬ੍ਰੇਰੀ ਨੇ ‘ਲਸਟ ਫ਼ਾਰ ਲਾਈਫ਼’ ਦਾ ਇਕ ਵਿਸ਼ੇਸ਼ ਐਡੀਸ਼ਨ ਛਪਵਾਇਆ। ਇਹ ਐਡੀਸ਼ਨ ਲੇਖਕ ਤੋਂ ਆਗਿਆ ਲੈ ਕੇ ਛਾਪਿਆ ਗਿਆ। ਇੱਥੇ ਦਰਜ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ, ਇਸ ਐਡੀਸ਼ਨ ਦੇ ਕਾਪੀਰਾਈਟ ਪੰਨੇ ‘ਤੇ ਦਰਜ ਕੀਤਾ ਗਿਆ ਹੈ ਕਿ ਪੁਸਤਕ ਦਾ ਕਾਪੀਰਾਈਟ 1934 ਤੋਂ ਇਰਵਿੰਗ ਸਟੋਨ ਦੇ ਨਾਮ ਦਰਜ ਹੈ। ਸੰਨ 1939 ਵਿਚ ਸਟੋਨ ਨੇ ਰੈਂਡਮ ਹਾਊਸ ਵਾਸਤੇ ਵਿਸ਼ੇਸ਼ ਮੁੱਖ-ਬੰਦ (ਫਾਰਵਰਡ) ਲਿਖਿਆ ਜਿਸ ਦੇ ਕਾਪੀਰਾਈਟ ਉਸ ਨੇ ਰੈਂਡਮ ਹਾਊਸ ਨੂੰ ਸੌਂਪ ਦਿੱਤੇ। ਪ੍ਰਕਾਸ਼ਕ ਨੇ ਇਹ ਗੱਲ ਵੀ ਨਾਲ ਦਰਜ ਕੀਤੀ ਹੈ। ਇਸ ਮੁੱਖ-ਬੰਦ ਵਿਚ ਲੇਖਕ ਪੂਰੀ ਨੈਤਿਕਤਾ ਨਾਲ ਦਰਜ ਕਰਦਾ ਹੈ ਕਿ ਇਹ ਨਾਵਲ ਉਸ ਨੇ ਛੇ ਮਹੀਨੇ ਨਾਵਲ ਲਿਖਿਆ ਤੇ ਸਤੰਬਰ 1934 ਵਿਚ ਇਹ ਲੌਗਮੈਨ, ਗਰੀਨ ਐਂਡ ਕੰਪਨੀ ਨੇ ਛਾਪਿਆ।

ਇਸ ਤੋਂ ਪਤਾ ਚੱਲਦਾ ਹੈ ਕਿ ਪ੍ਰਕਾਸ਼ਕ ਕੋਲ ਪਹਿਲਾਂ ਵਾਲੇ ਪ੍ਰਕਾਸ਼ਕ ਦਾ ਜ਼ਿਕਰ ਕੀਤੇ ਬਿਨਾਂ ਵੀ ਪੁਸਤਕ ਪਹਿਲੀ ਵਾਰ ਛਪਣ ਦਾ ਸਾਲ ਦਰਜ ਕਰਨ ਦੇ ਬਹੁਤ ਸਾਰੇ ਨੈਤਿਕ ਤਰੀਕੇ ਹੁੰਦੇ ਹਨ। ਉਹ ਲੇਖਕ ਦੇ ਨਾਮ ਕਾਪੀਰਾਈਟ (ਇੱਥੇ 1934) ਦਾ ਸਾਲ ਦਰਜ ਕਰਕੇ ਕਿਤਾਬ ਦੇ ਪਹਿਲੀ ਵਾਰ ਛਪਣ ਦਾ ਸਾਲ ਦੱਸ ਸਕਦਾ ਹੈ ਤੇ ਆਪਣੇ ਪ੍ਰਕਾਸ਼ਨ ਵੱਲੋਂ ਪਹਿਲੀ ਵਾਰ ਛਾਪਣ ਦਾ ਸਾਲ ਦਰਜ ਕਰਕੇ ਆਪਣੇ ਐਡੀਸ਼ਨ ਦੀ ਵੀ ਜਾਣਕਾਰੀ ਦੇ ਸਕਦਾ ਹੈ। ਪ੍ਰਕਾਸ਼ਕ ਤੇ ਲੇਖਕ ਪੂਰੀ ਨੈਤਿਕਤਾ ਨਾਲ ਚਾਹੁੰਣ ਤਾਂ ਉਹ ਮੁੱਖ-ਬੰਦ ਜਾਂ ਭੂਮਿਕਾ ਵਿਚ ਵੀ ਇਹ ਦਰਜ ਕਰ ਸਕਦੇ ਹਨ। ਬਹੁਤ ਸਾਡੇ ਕੌਮਾਂਤਰੀ ਪ੍ਰਕਾਸ਼ਕ ਪੁਸਤਕ ਦੇ ਪਹਿਲੀ ਵਾਰ ਛਪਣ ਬਾਰੇ ਪੂਰੀ ਇਕ ਸਤਰ ਲਿਖ ਕੇ ਵੀ ਇਹ ਜਾਣਕਾਰੀ ਦਰਜ ਕਰ ਦਿੰਦੇ ਹਨ। ਇਸ ਦੀ ਮਿਸਾਲ ਦੁਨੀਆ ਭਰ ਵਿਚ ਚਰਚਿਤ ਨਾਵਲਾਂ ਵਿਚੋਂ ‘ਦ ਅਲਕੈਮਿਸਟ’ ਵਿਚ ਦੇਖਿਆ ਜਾ ਸਕਦਾ ਹੈ।

ਵੰਨ ਹੰਡਰਡ ਯਿਅਰਜ਼ ਆਫ਼ ਸੌਲੀਟਿਊਡ – ਸੌ ਸਾਲ ਦਾ ਇਕਲਾਪਾ

ਸਾਹਿਤ ਦਾ ਨੋਬਲ ਪੁਰਸਕਾਰ ਜਿੱਤਣ ਵਾਲਾ ਨਾਵਲ ‘ਵਨ ਹੰਡਰਡ ਯਿਅਰਜ਼ ਆਫ਼ ਸੋਲੀਟਿਊਡ’ ਪੰਜਾਬੀ ਵਿਚ ‘ਸੌ ਸਾਲ ਦਾ ਇਕਲਾਪਾ’ ਸਿਰਲੇਖ ਨਾਲ ਛਪ ਚੁੱਕਾ ਹੈ। ਇੱਥੇ ਤਸਵੀਰ ਵਿਚ ਦਿੱਤਾ ਗਿਆ ਕਾਪਰਾਈਟ ਪੰਨਾ ਦੱਸਦਾ ਹੈ ਕਿ ‘ਏਵਨ ਬੁੱਕਸ’ ਨੇ ਆਪਣੇ ਪ੍ਰਕਾਸ਼ਨ ਵੱਲੋਂ ਪਹਿਲਾ ਐਡੀਸ਼ਨ ਮਈ 1971 ਵਿਚ ਛਾਪਿਆ। ਹੈ। ਇਸ ਐਡੀਸ਼ਨ ਵਿਚ ਪ੍ਰਕਾਸ਼ਨ ਦੀ ਨੈਤਿਕਤਾ ਨਿਭਾਉਂਦਿਆਂ ਸਭ ਤੋਂ ਉੱਪਰ ਦੱਸਿਆ ਗਿਆ ਹੈ ਕਿ ਇਸ ਕਿਤਾਬ ਦਾ ਪਹਿਲਾ ਐਡੀਸ਼ਨ 1967 ਵਿਚ ਅਰਜਨਟੀਨਾ ਵਿਚ ਛਪਿਆ ਸੀ। ਫਿਰ ਇਹ ਵੀ ਦੱਸਿਆ ਗਿਆ ਹੈ ਕਿ ਇਸ ਨਾਵਲ ਦਾ ਪਹਿਲਾ ਅੰਗਰੇਜ਼ੀ ਐਡੀਸ਼ਨ 1970 ਨੂੰ ਹਾਰਪਰ ਐਂਡ ਰੋਅ ਨਾਮਕ ਪ੍ਰਕਾਸ਼ਕ ਵੱਲੋਂ ਛਾਪਿਆ ਗਿਆ। ਅਖ਼ੀਰ ਵਿਚ ਏਵਨ ਬੁੱਕਸ ਆਪਣਾ ਪਹਿਲਾ ਪ੍ਰਕਾਸ਼ਨ ਵਰ੍ਹਾ 1971 ਛਾਪਦਾ ਹੈ। ਇਹ ਇਕ ਪੰਨਾ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਮੂ਼ਲ ਭਾਸ਼ਾ ਵਿਚ ਇਹ ਨਾਵਲ ਪਹਿਲੀ ਵਾਰ ਕਦੋਂ ਛਪਿਆ। ਅੰਗਰੇਜ਼ੀ ਵਿਚ ਪਹਿਲੀ ਵਾਰ ਕਦੋਂ ਛਪਿਆ ਤੇ ਇਸ ਪ੍ਰਕਾਸ਼ਕ ਨੇ ਪਹਿਲੀ ਵਾਰ ਕਦੋਂ ਛਾਪਿਆ।

ਪਾਓਲੋ ਕਾਇਲੋ ਦਾ ਨਾਵਲ ‘ਦ ਅਲਕੈਮੀਸਟ’

ਇਹ ਤਸਵੀਰ 1993 ਵਿਚ ਛਪੇ ਪਾਓਲੋ ਕਾਇਲੋ ਦੇ ਨਾਵਲ ‘ਦ ਅਲਕੈਮੀਸਟ’ ਦੇ ਕਾਪੀਰਾਈਟ ਪੰਨੇ ਦੀ ਹੈ। ਇਹ ਨਾਵਲ ਪੰਜਾਬੀ ਵਿਚ ਸੁਪਨਸਾਜ਼ ਦੇ ਨਾਮ ਨਾਲ ਛਪ ਚੁੱਕਾ ਹੈ। ਪ੍ਰਫ਼ੈਕਟ ਬਾਊਂਡ ਨਾਮਕ ਪ੍ਰਕਾਸ਼ਕ ਵੱਲੋਂ ਛਾਪੇ ਗਏ ਇਸ ਅੰਗਰੇਜ਼ੀ ਐਡੀਸ਼ਨ ਵਿਚ ਆਪਣੇ ਕਾਪਰਾਈਟ ਤੋਂ ਪਹਿਲਾਂ ਸਭ ਤੋਂ ਉੱਪਰ ਪ੍ਰਕਾਸ਼ਕ ਨੇ ਸਪੱਸ਼ਟ ਜਾਣਕਾਰੀ ਦਿੱਤੀ ਹੈ ਕਿ ਇਹ ਨਾਵਲ ਪਹਿਲੀ ਵਾਰ ਪੁਰਤਗਾਲੀ ਭਾਸ਼ਾ ਵਿਚ ਬ੍ਰਾਜ਼ੀਲ ਵਿਚ 1988 ਵਿਚ ਛਪੀ ਕਿਤਾਬ ਦਾ ਅੰਗਰੇਜ਼ੀ ਐਡੀਸ਼ਨ ਹੈ। ਨਾਲ ਹੀ ਪਹਿਲੇ ਪ੍ਰਕਾਸ਼ਕ Editora Rocco Ltd. ਦਾ ਨਾਮ ਬ੍ਰੈਕਟ ਵਿਚ ਉਸ ਦੇ ਸ਼ਹਿਰ ਦੇ ਨਾਮ ਸਮੇਤ ਬਾਕਾਇਦਾ ਲਿਖਿਆ ਹੈ।

ਸੰਸਾਰ ਦੀਆਂ ਸਭ ਤੋਂ ਚਰਚਿਤ ਤੇ ਅਣਗਿਣਤ ਭਾਸ਼ਾਵਾਂ ਵਿਚ ਛੱਪ ਚੁੱਕੀਆਂ ਲੱਖਾਂ ਕਾਪੀਆਂ ਵਾਲੀਆਂ ਇਨ੍ਹਾਂ ਚੋਣਵੀਆਂ ਕਿਤਾਬਾਂ ਦੀ ਚਰਚਾ ਨਾਲ ਹੀ ਅਸੀਂ ਸਮਝ ਸਕਦੇ ਹਾਂ ਕਿ ਇਕ ਪ੍ਰਕਾਸ਼ਕ ਦੀ ਨੈਤਿਕਤਾ ਕੀ ਹੁੰਦੀ ਹੈ ਤੇ ਦੁਨੀਆ ਭਰ ਦੇ ਪ੍ਰਕਾਸ਼ਕ ਇਸ ਨੂੰ ਕਿਵੇਂ ਨਿਭਾ ਰਹੇ ਹਨ। ਸੁਆਲ ਪੈਦਾ ਹੁੰਦਾ ਹੈ ਕਿ ਪੰਜਾਬੀ ਦੇ ਸਾਰੇ ਪ੍ਰਕਾਸ਼ਕ ਇਸ ਰਾਹ ‘ਤੇ ਕਦੋਂ ਤੁਰਨਗੇ।

ਅਗਲਾ ਨੈਤਿਕਤਾ ਵਾਲਾ ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਹੁਣ ‘ਬੋਲ ਮਰਦਾਨਿਆ’ ਦੇ ਪ੍ਰਕਾਸ਼ਕ ਆਪਣੇ ਕੋਲ ਮੌਜੂਦ ਛਪ ਚੁੱਕੀਆਂ ਕਾਪੀਆਂ ਉੱਤੇ ਕਿਸੇ ਤਰੀਕੇ ਨਾਲ ਦਰਜ ਕਰਨਗੇ ਕਿ ਇਸ ਨਾਵਲ ਦੇ ਪਹਿਲੀ ਵਾਰ ਪ੍ਰਕਾਸ਼ਨ ਦਾ ਸਾਲ ਕਿਹੜਾ ਹੈ? ਕੀ ਲੇਖਕ ਆਪਣੀ ਨੈਤਿਕਤਾ ਦਿਖਾਉਂਦੇ ਹੋਏ ਪ੍ਰਕਾਸ਼ਕ ਨੂੰ ਲਿਖਤੀ ਪੱਤਰ ਦੇ ਕੇ ਮੌਜੂਦਾ ਛਪੇ ਹੋਏ ਐਡੀਸ਼ਨ ਵਿਚ ਤੇ ਆਉਣ ਵਾਲੇ ਹਰ ਐਡੀਸ਼ਨ ਵਿਚ ਨਾਵਲ ਦੇ ਪਹਿਲੀ ਵਾਰ ਛਪਣ ਦਾ ਸਾਲ ਦਰਜ ਕਰਨ ਦੀ ਪਹਿਲ ਕਦਮੀ ਕਰੇਗਾ?

ਇੱਥੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਆਟਮ ਆਰਟ ਆਪਣੀ ਫੇਸਬੁੱਕ ‘ਤੇ ਦਿੱਤੀ ਪ੍ਰਤਿਕਿਰਿਆ ਵਿਚ ਕਹਿ ਰਿਹਾ ਹੈ ਕਿ “ਅਜਿਹੀਆਂ ਪੋਸਟਾਂ ਨਾਵਲਕਾਰ ਜਾਂ ਪ੍ਰਕਾਸ਼ਕ ਦੀ ਪ੍ਰਤਿਭਾ ਨੂੰ ਠੇਸ ਪਹੁੰਚਾਉਂਦੀਆਂ ਹਨ।” ਪੁੱਛਣਾ ਤਾਂ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਨੈਤਿਕਤਾ ਦਾ ਸਵਾਲ ਕਰਨ ‘ਤੇ ਪ੍ਰਤਿਭਾ ਨੂੰ ਠੇਸ ਕਿਵੇਂ ਪਹੁੰਚ ਜਾਂਦੀ ਹੈ? ਕੀ ਸਾਲ ਬਦਲ-ਬਦਲ ਕੇ ਬਾਰ-ਬਾਰ ਪੁਰਸਕਾਰ ਦੀ ਕਤਾਰ ਵਿਚ ਲੱਗਣ ‘ਤੇ ਲੇਖਕਾਂ, ਪ੍ਰਕਾਸ਼ਕਾਂ ਤੇ ਚੋਣਕਾਰਾਂ ਵਿਦਵਾਨਾਂ ਦੀ ਪ੍ਰਤਿਭਾ ਨੂੰ ਠੇਸ ਨਹੀਂ ਲੱਗਦੀ।

ਇਹ ਗੱਲ ਖ਼ਾਸ ਤੌਰ ‘ਤੇ ਪੂਰੀ ਹਮਦਰਦੀ ਨਾਲ ਅਸੀਂ ਪ੍ਰਕਾਸ਼ਕ ਦੋਸਤਾਂ ਨੂੰ ਕਹਿਣੀ ਚਾਹੁੰਦੇ ਹਾਂ ਕਿ ਸਾਲ 2020 ਵਿਚ ‘ਬੋਲ ਮਰਦਾਨਿਆ’ ਜਦੋਂ ਪੁਰਸਕਾਰ ਲਈ ਭੇਜੀ ਗਈ ਤਾਂ ਉਸ ਤੋਂ 2019 ਵਿਚ ਹੀ ਇਹ ਕਿਤਾਬ ਯੂਨੀਸਟਾਰ ਪਬਲੀਕੇਸ਼ਨ ਤੋਂ ਆਟਮ ਆਰਟ ਕੋਲ ਆ ਚੁੱਕੀ ਸੀ। ਜਦ ਕਿ 2019 ਵਿਚ ਛਪਿਆ ਐਡੀਸ਼ਨ 2020 ਵਿਚ ਵਿਚਾਰਿਆ ਹੀ ਨਹੀਂ ਜਾ ਸਕਦਾ ਸੀ, ਇਸ ਲਈ ਚੋਣਕਾਰਾਂ ਨੇ ਜਾਣ-ਬੁੱਝ ਕੇ 2017 ਵਾਲਾ ਐਡੀਸ਼ਨ ਪੁਰਸਕਾਰ ਦੇਣ ਲਈ ਚੁਣਿਆ।

ਕੀ ਇਸ ਦਾ ਅਰਥ ਹੈ ਕਿ 2020 ਵਿਚ ਵੀ 2017 ਵਾਲਾ ਐਡੀਸ਼ਨ ਮਾਰਕੀਟ ਵਿਚ ਮੌਜੂਦ ਸੀ? ਜਾਂ 2017 ਵਾਲੇ ਐਡੀਸ਼ਨ ਦੀਆਂ ਕਾਪੀਆਂ ਲੇਖਕ ਨੇ ਸੰਭਾਲ ਕੇ ਰੱਖੀਆਂ ਹੋਈਆਂ ਸਨ? ਜਾਂ ਚੋਣਕਾਰਾਂ ਵਿਦਵਾਨਾਂ ਨੇ ਹੀ ਬਹੁਤ ਸਾਰੀਆਂ ਕਾਪੀਆਂ ਅਗਲੇ ਸਾਲਾਂ ਵਿਚ ਵਿਚਾਰੇ ਜਾਣ ਲਈ ਆਪਣੇ ਕੋਲ ਸੰਭਾਲ ਕੇ ਰੱਖੀਆਂ ਹੋਈਆਂ ਸਨ।

ਅਸੀਂ ਆਟਮ ਆਰਟ ਵਾਲੇ ਦੋਸਤਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸੱਜਣੋ! ਪੁਰਸਕਾਰਾਂ ਲਈ ਹਰ ਦਾਅ ਲਾਉਣ ਵਾਲੇ ਇਹ ਵਿਦਵਾਨ ਕਿਸੇ ਦੇ ਸਕੇ ਨਹੀਂ ਹੋ ਸਕਦੇ। ਤੁਸੀਂ ਹੁਣ ਤੱਕ ਆਪਣੀ ਮਿਹਨਤ ਨਾਲ ਤਰੱਕੀ ਕੀਤੀ ਹੈ। ਅੱਗੇ ਵੀ ਵਿਦਵਾਨ ਨਹੀਂ ਤੁਹਾਡੀ ਸਿਦਕਦਿਲੀ ਹੀ ਤੁਹਾਡਾ ਸਾਥ ਦੇਵੇਗੀ।

ਇਨ੍ਹਾਂ ਸਾਲਾਂ ਦੌਰਾਨ ਭਾਰਤੀ ਸਾਹਿਤ ਅਕਾਦਮੀ ਦੇ ਸਲਾਹਕਾਰ ਮੰਡਲ, ਰੈਫ਼ਰੀ ਪੈਨਲ ਤੇ ਜਿਊਰੀ ਵਿਚ ਰਹੇ ਮੈਂਬਰ ਵਿਦਵਾਨਾਂ ਤੋਂ ਕੀ ਇਹ ਆਸ ਨਹੀਂ ਕੀਤੀ ਜਾਣੀ ਚਾਹੀਦੀ ਕਿ ਉਹ ਅਕਾਦਮੀ ਦੇ ਪ੍ਰਧਾਨ ਦੇ ਨਾਮ ਇਕ ਪੱਤਰ ਲਿਖ ਕੇ ਇਸ ਗੱਲ ਦਾ ਇਕਬਾਲ ਕਰਨ ਨੇ ਉਨ੍ਹਾਂ ਨੇ ਇਸ ਸਾਰੇ ਵਰਤਾਰੇ ਨੂੰ ਜਾਣੇ-ਅਣਜਾਣੇ ਵਿਚ ਨਜ਼ਰ-ਅੰਦਾਜ਼ ਕੀਤਾ। ਅੱਗੇ ਤੋਂ ਉਹ ਇਸ ਵਰਤਾਰੇ ਦਾ ਹਿੱਸਾ ਨਹੀਂ ਬਣਨਗੇ।

ਕੀ ਅਕਾਦਮੀ ਨੂੰ ਸੰਵਿਧਾਨ ਵਿਚ ਸੋਧ ਕਰਕੇ ਇਹ ਪ੍ਰਬੰਧ ਨਹੀਂ ਕਰਨਾ ਚਾਹੀਦਾ ਕਿ ਹਰ ਚੋਣਕਾਰ ਵਿਦਵਾਨ, ਰੈਫ਼ਰੀ, ਪ੍ਰਕਾਸ਼ਕ ਤੇ ਲੇਖਕ ਕਿਸੇ ਪੁਸਤਕ ਦੇ ਛਪਣ ਦਾ ਪਹਿਲਾ ਸਾਲ ਸਹੀ ਢੰਗ ਨਾਲ ਯਕੀਨੀ ਬਣਾਉਣਾ ਲਈ ਆਪਣੀ ਜ਼ਿੰਮੇਵਾਰੀ ਸਮਝੇ? ਗ਼ਲਤ ਜਾਣਕਾਰੀ ਨਾਲ ਕਿਤਾਬ ਅਕਾਦੇਮੀ ਨੂੰ ਪੁਰਸਕਾਰ ਵਾਸਤੇ ਵਿਚਾਰਨ ਲਈ ਭੇਜਣ ਵਾਲੇ ਵਿਦਵਾਨਾਂ ਦਾ ਨਾਮ ਅਕੇਦਮੀ ਦੀ ਵੈਬਸਾਈਟ ‘ਤੇ ਖ਼ਬਰਾਂ ਵਿਚ ਨਸ਼ਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਕਿਸੇ ਵੀ ਪੈਨਲ ਵਿਚ ਸ਼ਾਮਲ ਕਰਨ ‘ਤੇ ਪਾਬੰਦੀ ਲਾਈ ਜਾਵੇ?

ਇਹ ਵੀ ਦੱਸਦੇ ਜਾਈਏ ਕਿ ਸਾਡੀ ਇਸ ਰਿਪੋਰਟ ਦਾ ਮਕਸਦ ਕਿਸੇ ਇਕ ਵਿਅਕਤੀ ਜਾਂ ਅਦਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ ਬਲਕਿ ਆਟਮ ਆਰਟ ਦੀ ਟਿੱਪਣੀ ਵਿਚੋਂ ਪੈਦਾ ਹੋਏ ਸਵਾਲਾਂ ਦੇ ਰੂਬਰੂ ਹੁੰਦਿਆਂ ਪੰਜਾਬੀ ਪਾਠਕਾਂ ਨੂੰ ਸੰਸਾਰ ਪੱਧਰ ਦੀ ਪ੍ਰਕਾਸ਼ਨਾਂ ਦੇ ਨੈਤਿਕ ਮਾਪਦੰਡਾਂ ਤੇ ਪੰਜਾਬੀ ਪ੍ਰਕਾਸ਼ਨਾਂ ਵਿਚਲੇ ਖੱਪਿਆਂ ਦੀ ਜਾਣਕਾਰੀ ਦੇਣਾ ਹੈ। ਜ਼ੋਰਦਾਰ ਟਾਈਮਜ਼ ਦਾ ਮਨੋਰਥ ਹੀ ਆਮ ਲੋਕਾਂ ਨੂੰ ਉਹ ਜਾਣਕਾਰੀ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਆਪਣੀ ਰੋਜ਼ਮੱਰਾ ਜ਼ਿੰਦਗੀ ਵਿਚ ਪੂਰੀ ਜਾਗਰੂਕਤਾ ਨਾਲ ਫ਼ੈਸਲੇ ਲੈ ਸਕਣ। ਨਾਲ ਹੀ ਸਾਡਾ ਮਨੋਰਥ ਭਾਰਤੀ ਸਾਹਿਤ ਅਕਾਦਮੀ ਦੀ ਚੋਣ ਪ੍ਰਕਿਰਿਆ ਵਿਚ ਰਹਿ ਗਈਆਂ ਝੀਥਾਂ ਨੂੰ ਬੰਦ ਕਰਨ ਲਈ ਲੋੜੀਂਦੇ ਸੁਧਾਰ ਕਰਨ ਦਾ ਸੁਝਾਅ ਦੇਣਾ ਹੈ।

ਇਸ ਰਿਪੋਰਟ ਬਾਰੇ ਸਮੂਹ ਪਾਠਕਾਂ, ਵਿਦਵਾਨਾਂ, ਲੇਖਕਾਂ ਤੇ ਪ੍ਰਕਾਸ਼ਕਾਂ ਦੇ ਵਿਚਾਰਾਂ ਦਾ ਸੁਆਗਤ ਹੈ। ਅਸੀਂ ਤੁਹਾਡੇ ਵਿਚਾਰ ਛਾਪ ਕੇ ਮਾਣ ਮਹਿਸੂਸ ਕਰਾਂਗੇ। ਤੁਸੀਂ ਆਪਣੇ ਵਿਚਾਰ ਆਪਣੇ ਨਾਮ ਤੇ ਸ਼ਹਿਰ ਦੇ ਨਾਮ ਸਮੇਤ ਹੇਠਾਂ ਕਮੈਂਟ ਬਾਕਸ ਵਿਚ ਲਿਖ ਕੇ ਦੇ ਸਕਦੇ ਹੋ ਜਾਂ ਸਾਨੂੰ editor@zordartimes ‘ਤੇੇ ਈ-ਮੇਲ ਕਰ ਸਕਦੇ ਹੋ ਜਾਂ 87279-87379 ‘ਤੇ ਵੱਟਸ-ਐਪ ਕਰ ਸਕਦੇ ਹੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

,

by

ਇਕ ਨਜ਼ਰ ਇੱਧਰ ਵੀ

Comments

One response to “‘ਬੋਲ ਮਰਦਾਨਿਆ’: ਨੈਤਿਕਤਾ ਕਿਸ ਭਾਅ ਵਿਕਦੀ?”

  1. M.S.Aulakh Avatar
    M.S.Aulakh

    ਲੇਖ ਲਿਖਣ ਲਈ ਕੀਤੀ ਮਿਹਨਤ ਨੇ ਸਪੱਸ਼ਟ ਕੀਤਾ ਹੈ ਕਿ ਲੇਖਕ ਦਾ ਮਕਸਦ ਸਾਫ ਅਤੇ ਇਮਾਨਦਾਰ ਹੈ। ਐਵਾਰਡ ਹਾਸਲ ਕਰਨ ਲਈ ਕੀਤੀਆਂ ਜਾਂਦੀਆਂ ਬਹਿਵਤਾਂ ਕਿਸੇ ਵੀ ਕਸੌਟੀ ਤੇ ਯੋਗ ਨਹੀਂ ਠਹਿਰਾਈਆਂ ਜਾ ਸਕਦੀਆਂ।
    ਇਹੋ ਜਿਹੀ ਮਿਆਰੀ ਕਿਰਤ ਨੂੰ ਗਲਤ ਰਸਤੇ ਪਾਉਣਾ ਠੀਕ ਨਹੀਂ।

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com