Kejriwal-Bhagwant Mann ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ?

0 0
Read Time:13 Minute, 50 Second

ਇਹ ਲੇਖ 10 ਅਗਸਤ 2012 ਨੂੰ ਪੰਜਾਬੀ ਅਖ਼ਬਾਰ ਰੋਜ਼ਾਨਾ ਅਜੀਤ (ਸਿਰਲੇਖ: ਅੰਨਾ ਦੀ ਮੁਹਿੰਮ ਦੇ ਅੰਤ ਦੇ ਦੂਰਗਾਮੀ ਨਤੀਜੇ ਹੋਣਗੇ) ਅਤੇ 21 ਅਗਸਤ 2012 ਨੂੰ ਪੰਜਾਬੀ ਜਾਗਰਣ ਅਖ਼ਬਾਰ (ਸਿਰਲੇਖ: ਟੀਮ ਅੰਨਾ ਅਤੇ ਬਾਬਾ ਰਾਮ ਦੇਵ ਦੀ ਜਵਾਬਦੇਹੀ ਕੌਣ ਤੈਅ ਕਰੇਗਾ?) ਦੇ ਸੰਪਾਦਕੀ ਪੰਨਿਆਂ ‘ਤੇ ਛਪਿਆ ਸੀ। ਉਸ ਵੇਲੇ ਇਸ ਲੇਖ ਦਾ ਲੇਖਕ ਪੰਜਾਬੀ ਦੇ ਇਕ ਮੋਹਰੀ ਚੈਨਲ ਵਿਚ ਦਿੱਲੀ ਵਿਖੇ ਆਪਣੀ ਸੇਵਾਵਾਂ ਨਿਭਾ ਰਿਹਾ ਸੀ। ਅੰਨਾ ਹਜ਼ਾਰੇ ਦੇ ਚਿਹਰੇ ਨਾਲ ਸਾਲ ਭਰ ਚੱਲਾਈ ਗਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਲੇਖਕ ਨੇ ਆਪਣੇ ਅੱਖੀਂ ਵੇਖਿਆ ਸੀ। ਲੇਖ ਵਿਚ ਜਿਸ ਨੂੰ ਟੀਮ ਅੰਨਾ ਕਿਹਾ ਗਿਆ ਹੈ, ਹੁਣ ਉਸ ਨੂੰ ਟੀਮ ਕੇਜਰੀਵਾਲ ਪੜ੍ਹਿਆ ਜਾਵੇ। ਅੱਜ 27 ਨਵੰਬਰ 2022 ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ ‘ਤੇ ਇਸ ਲੇਖ ਨੂੰ ਮੁੜ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਤਾਂ ਜੋ ਦੇਖਿਆ ਜਾ ਸਕੇ ਕਿ ਉਸ ਵੇਲੇ ਕੀਤੀਆ ਗਈਆਂ ਪੇਸ਼ੀਨਗੋਈਆਂ ਕਿੰਨੀਆਂ ਸੱਚ ਹੋਈਆਂ। ਲੇਖ ਪੜ੍ਹੋ ਤੇ ਆਪ ਫ਼ੈਸਲਾ ਕਰੋ।

-ਸੰਪਾਦਕ
ਮਾਰਚ ਵਿਚ ਚੋਣਾਂ ਜਿੱਤਣ ਤੋਂ ਬਾਅਦ ਭਗਵੰਤ ਮਾਨ ਤੇ ਅਰਵਿੰਦਰ ਕੇਜਰੀਵਾਲ ਦਰਬਾਰ ਸਾਹਿਬ ਵਿਖੇ (ਫੋਟੋ: ਪੀਟੀਆਈ)

ਜਿਸ ਤਰ੍ਹਾਂ ਅੰਨਾ ਹਜ਼ਾਰੇ ਟੀਮ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਲੋਕ ਪਾਲ ਕਾਨੂੰਨ ਦੇ ਹੱਕ ਵਿਚ ਸ਼ੁਰੂ ਹੋਈ ਮੁਹਿੰਮ ਦਾ ਅਣਕਿਆਸਿਆ ਅੰਤ ਹੋਇਆ, ਜਨਤਾ ਨੂੰ ਬਹੁਤ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਅੰਤ ਦੇ ਤੁਰੰਤ ਬਾਅਦ ਨਵੇਂ ਸਿਰਿਓਂ ਸ਼ੁਰੂ ਹੋਈ ਯੋਗ ਗੁਰੂ ਬਾਬਾ ਰਾਮਦੇਵ ਦੀ ਮੁਹਿੰਮ ਤੋਂ ਲੋਕਾਂ ਨੂੰ ਭਰਪੂਰ ਆਸਾਂ ਸਨ। ਪਰ ਜਿਸ ਤਰ੍ਹਾਂ ਬਾਬਾ ਰਾਮਦੇਵ ਨੇ ਹਰ ਰੋਜ਼ ਆਪਣਾ ਪੈਂਤੜਾ ਬਦਲ ਕੇ ਮੌਕਾ ਪ੍ਰਸਤੀ ਦੇ ਹੱਦ-ਬੰਨ੍ਹੇ ਟੱਪ ਦਿੱਤੇ, ਉਹ ਦੇਖ ਕੇ ਦੇਸ਼ਵਾਸੀਆਂ ਵਿਚ ਨਿਰਾਸ਼ਾ ਹੋਰ ਵੱਧ ਗਈ। ਬਾਬਾ ਰਾਮਦੇਵ ਨੇ ਵੀ ਟੀਮ ਅੰਨਾ ਵਾਂਗ ਮੁਹਿੰਮ ਦੇ ਅੰਤ ਵਿਚ ਕੇਂਦਰੀ ਸੱਤਾ ਖ਼ਿਲਾਫ਼ ਭੜਾਸ ਕੱਢ ਕੇ 2014 ਦੀਆਂ ਲੋਕ ਸਭਾ ਚੋਣਾ ਲਈ ਤਿਆਰੀ ਦਾ ਐਲਾਨ ਕਰ ਦਿੱਤਾ। ਜਿਸ ਤੋਂ ਸਾਫ਼ ਹੋ ਗਿਆ ਕਿ ਦੋਵੇਂ ਹੀ ਮੁਹਿੰਮਾਂ ਆਪੋ-ਆਪਣੇ ਨਿੱਜੀ ਸਿਆਸੀ ਮਨਸੂਬੇ ਪੂਰੇ ਕਰਨ ਦੇ ਰਾਹ ਪੈ ਗਈਆਂ ਹਨ।

ਇਨ੍ਹਾਂ ਲੋਕ ਮੁਹਿੰਮਾਂ ਦੇ ਇਸ ਦੁਖਦਾਈ ਅੰਤ ਦੀ ਘਟਨਾ ਦੇਸ਼ ਦੇ ਇਤਿਹਾਸ ਵਿਚ ਲਗਾਤਾਰ ਕਮਜ਼ੋਰ ਹੁੰਦੀ ਲੋਕਸ਼ਾਹੀ ਅਤੇ ਲੋਕ ਸੰਘਰਸ਼ ਦੇ ਸੀਮਿਤ ਹੁੰਦੇ ਜਾ ਰਹੇ ਦਾਇਰੇ ਦੇ ਦਸਤਾਵੇਜ ਵੱਜੋਂ ਯਾਦ ਕੀਤੀ ਜਾਵੇਗਾ। ਪਿਛਲੇ ਸਾਲ ਸ਼ੁਰੂ ਹੋਈ ਇਸ ਮੁਹਿੰਮ ਨੇ ਦੇਸ਼ ਦੀ ਆਮ ਜਨਤਾ ਖ਼ਾਸ ਕਰ ਹੁਣੇ-ਹੁਣੇ ਆਰਥਿਕ ਤੌਰ ‘ਤੇ ਮਜ਼ਬੂਤ ਹੋਏ ਮੱਧ ਵਰਗ ਵਿਚ ਦੇਸ਼ ਦੇ ਗੰਭੀਰ ਮਸਲਿਆਂ ਪ੍ਰਤਿ ਲੜ੍ਹਨ ਦੀ ਚਿਣਗ ਲਾਈ ਸੀ, ਜਿਸ ਨੂੰ ਬੁਝਾਉਣ ਅਤੇ ਦਬਾਉਣ ਲਈ ਕੇਂਦਰੀ ਸੱਤਾ ਨੇ ਮੀਡੀਏ, ਪੁਲਸੀਏ ਡੰਡੇ ਅਤੇ ਸਿਆਸੀ ਚਾਲਬਾਜ਼ੀ ਰਾਹੀਂ ਭਰਪੂਰ ਕੋਸ਼ਿਸ਼ ਕੀਤੀ ਸੀ। ਨਤੀਜਤਨ ਬਾਬਾ ਰਾਮਦੇਵ ਨੂੰ ਅੱਧੀ ਰਾਤ ਤੋਂ ਬਾਅਦ ਜਨਾਨੀਆਂ ਦੇ ਕੱਪੜੇ ਪਾ ਕੇ ਭੱਜਣਾ ਪਿਆ ਸੀ। ਅੰਨਾ ਹਜ਼ਾਰੇ ਨੂੰ ਕਈ ਦਿਨ ਜੇਲ੍ਹ ਵਿਚ ਕੱਟਣੇ ਪਏ ਸਨ।

ਇਨ੍ਹਾਂ ਮੁਹਿੰਮਾ ਦੇ ਆਸ ਮੁਤਾਬਿਕ ਨਤੀਜੇ ਨਾ ਆਉਣ ਤੇ ਕੀ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਕੇਂਦਰੀ ਸੱਤਾ ਆਪਣੇ ਮਕਸਦ ਵਿਚ ਸਫ਼ਲ ਰਹੀ? ਟੀਮ ਅੰਨਾ ਦੇ ਮੁੰਬਈ ਵਿਚ ਹੋਏ ਦੂਜੇ ਪੜਾਅ ਦੇ ਸੰਘਰਸ਼ ਵੇਲੇ ਉਨ੍ਹਾਂ ਦੀ ਮੁਹਿੰਮ ਲੱਗਭਗ ਖ਼ਤਮ ਹੁੰਦੀ ਨਜ਼ਰ ਆ ਰਹੀ ਸੀ, ਪਰ ਇਸ ਵਾਰ ਜੰਤਰ-ਮੰਤਰ ਤੇ ਸ਼ੁਰੂ ਹੋਏ ਤੀਸਰੇ ਪੜਾਅ ਦੀ ਮੁਹਿੰਮ ਦੀ ਢਿੱਲੀ ਮੱਠੀ ਸ਼ੁਰੂਆਤ ਤੋਂ ਬਾਅਦ ਮੁਹਿੰਮ ਇਕ ਵਾਰ ਫ਼ਿਰ ਜੋਬਨ ਤੇ ਨਜ਼ਰ ਆ ਰਹੀ ਸੀ। ਉਸ ਨੂੰ ਅਚਾਨਕ ਅੱਧ ਵਿਚਾਲੇ ਖਤਮ ਕਰ ਕੇ ਸਿਆਸੀ ਰਾਹ ਫੜ੍ਹ ਲੈਣਾ ਕੀ ਇਹ ਸਾਬਿਤ ਨਹੀਂ ਕਰਦਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਇਸ ਤਰ੍ਹਾਂ ਦਾ ਸਿਆਸੀ ਮਾਹੌਲ ਬਣ ਗਿਆ ਹੈ, ਕਿ ਹੁਣ ਇੱਥੇ ਲੋਕ ਪੱਖੀ ਮੁਹਿੰਮਾਂ ਲਈ ਸਾਰੇ ਰਸਤੇ ਬੰਦ ਹੋ ਗਏ ਹਨ ਤੇ ਦੇਸ਼ ਦੇ ਕਈ ਹਿੱਸਿਆਂ ਵਿਚ ਚੱਲ ਰਹੀਆਂ ਅਨੇਕਾਂ ਮੁਹਿੰਮਾਂ ਵੀ ਇਸੇ ਤਰ੍ਹਾਂ ਦਮ ਤੋੜ ਦੇਣਗੀਆਂ? ਇਹ ਲੋਕ ਪੱਖੀ ਸੰਘਰਸ਼ ਵਿਚ ਵਿਸ਼ਵਾਸ ਰੱਖਣ ਵਾਲਿਆਂ ਲਈ ਸਭ ਤੋਂ ਵੱਡੇ ਮਾਤਮ ਦਾ ਮੌਕਾ ਹੈ।

ਟੀਮ ਅੰਨਾ ਅਤੇ ਬਾਬਾ ਰਾਮਦੇਵ ਦੀ ਜਵਾਬਦੇਹੀ

ਟੀਮ ਅੰਨਾ ਤੇ ਬਾਬਾ ਰਾਮਦੇਵ ਨੇ ਵਾਰੋ-ਵਾਰੀ ਮੁਹਿੰਮਾਂ ਦਾ ਨਿਰਾਸ਼ਾਜਨਕ ਅੰਤ ਕਰ ਕੇ ਪੂਰੇ ਦੇਸ਼ ਵਿਚ ਨਿਰਾਸ਼ਾਵਾਦੀ ਮਾਹੌਲ ਬਣਾ ਦਿੱਤਾ ਹੈ। ਦੇਸ਼ ਨੂੰ ਇਸ ਘੋਰ ਨਿਰਾਸ਼ਾਵਾਦੀ ਮਾਹੌਲ ਤੱਕ ਲੈ ਆਉਣ ਲਈ ਕੀ ਟੀਮ ਅੰਨਾ ਦੀ ਸੱਭ ਤੋਂ ਵੱਡੀ ਜਿੰਮੇਵਾਰੀ ਨਹੀਂ? ਜਦ ਪਿਛਲੇ ਕੁਝ ਦਿਨਾਂ ਵਿਚ ਇਸ ਮੁਹਿੰਮ ਨੂੰ ਫੇਰ ਭਰਵਾਂ ਹੁੰਗਾਰਾ ਮਿਲਣ ਲੱਗ ਪਿਆ ਸੀ ਤਾਂ ਅਚਾਨਕ ਇਕ ਦਮ ਪੂਰੀ ਤਰ੍ਹਾਂ ਜੰਗਾਲ ਖਾ ਚੁੱਕੇ ਸਿਆਸੀ ਵਿਕਲਪ ਵਾਲਾ ਰਾਹ ਚੁਣਨ ਦੇ ਐਲਾਨ ਨਾਲ ਇਸ ਮੁਹਿੰਮ ਨੂੰ ਖ਼ਤਮ ਕਰ ਦੇਣ ਦਾ ਫ਼ੈਸਲਾ ਆਖ਼ਿਰ ਕਿਉਂ ਲੈਣਾ ਪਿਆ? ਕੀ ਇਹ ਫ਼ੈਸਲਾ ਉਸ ਭੋਲੀ ਜਨਤਾ ਨਾਲ ਧ੍ਰੋਹ ਨਹੀਂ ਗਿਣਿਆ ਜਾਣਾ ਚਾਹੀਦਾ ਜੋ ਮੀਂਹ, ਹਨੇਰੀ, ਭੁੱਖ ਦੇ ਨਾਲ-ਨਾਲ ਪੁਲਸੀਆ ਡਾਗਾਂ ਦੀ ਪਰਵਾਹ ਕੀਤੇ ਬਿਨ੍ਹਾਂ ਇਕ ਵਾਰ ਫ਼ਿਰ ਜੰਤਰ-ਮੰਤਰ ਪੁੱਜ ਗਈ ਸੀ?

ਇਸ ਮੁਹਿੰਮ ਨੂੰ ਵਿਚਾਲਿਓਂ ਛੱਡ ਦੇਣ ਨਾਲ ਦੇਸ਼ ਅੰਦਰ ਵੱਖ-ਵੱਖ ਮਸਲਿਆਂ ਬਾਰੇ ਚੱਲ ਰਹੇ ਲੋਕ-ਸੰਘਰਸ਼ਾਂ ‘ਤੇ ਜੋ ਪ੍ਰਤਿਕੂਲ ਅਸਰ ਪਏਗਾ, ਕੀ ਉਸ ਦੀ ਜਿੰਮੇਵਾਰੀ ਵੀ ਟੀਮ ਅੰਨਾ ਨੂੰ ਨਹੀਂ ਲੈਣੀ ਚਾਹੀਦੀ? ਕੀ ਟੀਮ ਅੰਨਾ ਕੇਂਦਰੀ ਸਰਕਾਰ ਦੇ ਸਿਆਸੀ ਦਬਾਅ ਅੱਗੇ ਝੁੱਕ ਗਈ ਹੈ? ਉਹ ਟੀਮ ਜਿਹੜੀ ਸੰਘਰਸ਼ ਦੇ ਰਾਹ ਨੂੰ ਹੀ ਆਖ਼ਰੀ ਰਾਹ ਮੰਨਦੀ ਸੀ ਅਤੇ ਸਿਆਸਤ ਤੋਂ ਦੂਰ ਰਹਿਣ ਦੀਆਂ ਕਸਮਾਂ ਖਾਂਦੀ ਸੀ, ਉਸੇ ਟੀਮ ਨੂੰ ਆਖ਼ਿਰ ਸਿਆਸਤ ਅਚਾਨਕ ਇਕ ਬਿਹਤਰ ਵਿਕਲਪ ਕਿਵੇਂ ਲੱਗਣ ਲੱਗ ਪਈ। ਟੀਮ ਅੰਨਾਂ ਤੋਂ ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਜਨਤਾ ਅੱਜ ਮੰਗ ਰਹੀ ਹੈ। ਅੱਜ ਦਰਜ ਹੋ ਰਿਹਾ ਇਤਿਹਾਸ ਭਵਿੱਖ ਵਿਚ ਇਸ ਦਾ ਜਵਾਬ ਮੰਗੇਗਾ।

ਇਸੇ ਤਰ੍ਹਾਂ ਡਾਂਗਾਂ ਖਾ ਕੇ ਵੀ ਬਾਬਾ ਰਾਮਦੇਵ ਨਾਲ ਖੜ੍ਹੀ ਰਹੀ ਜਨਤਾ ਨਾਲ ਵੀ ਧੋਖਾ ਹੋਇਆ। ਉਹ ਇਹ ਸੋਚਦੀ ਰਹੀ ਕਿ ਬਾਬਾ ਜੀ ਸਰਕਾਰ ਦੇ ਦਬਾਅ ਪਾ ਕੇ ਵਿਦੇਸ਼ਾਂ ਵਿਚ ਜਮਾਂ ਕਾਲਾ ਧਨ ਦੇਸ਼ ਵਿਚ ਲਿਆ ਕੇ ਉਨ੍ਹਾਂ ਵਰਗੇ ਗਰੀਬਾਂ ਦਾ ਭਲਾ ਕਰ ਰਹੇ ਹਨ, ਪਰ ਹੁਣ ਉਹੀ ਬਾਬਾ ਰਾਮਦੇਵ ਇਹ ਕਹਿੰਦੇ ਹਨ ਦੇਸ਼ ਦਾ ਭਲਾ ਸਿਰਫ਼ ਕਾਂਗਰਸ ਹਟਾ ਕੇ ਹੋ ਜਾਣਾ ਹੈ। ਇਹੀ ਨਹੀਂ ਕਾਂਗਰਸ ਨੂੰ ਵੋਟ ਨਾ ਪਾ ਕੇ ਵੋਟ ਕਿਸ ਨੂੰ ਪਾਉਣੀ ਹੈ, ਇਹ ਗੱਲ ਵੀ ਉਹ 2014 ਵਿਚ ਦੱਸਣਗੇ। ਇੰਝ ਕੀ ਇਕ ਵਾਰ ਫ਼ੇਰ ਜਨਤਾ ਨੂੰ ਇਹ ਤਾਂ ਨਹੀਂ ਚੇਤੇ ਕਰਵਾਇਆ ਗਿਆ ਕਿ ਤੁਸੀ ਬੱਸ ਵੋਟਾਂ ਪਾਉਣ ਲਈ ਜਾਗਣਾ ਹੈ, ਬਾਕੀ ਪੰਜ ਸਾਲ ਸੁੱਤੇ ਰਹਿਣਾ ਹੈ? ਬਾਬਾ ਰਾਮਦੇਵ ਤੋਂ ਇਸ ਗੱਲ ਦਾ ਜਵਾਬ ਜਨਤਾ ਕਿਵੇਂ ਲਏਗੀ, ਆਉਣ ਵਾਲੇ ਦਿਨਾਂ ਵਿਚ ਉਹ ਆਪੇ ਤੈਅ ਕਰ ਲਏਗੀ। ਇਸ ਵਾਰ ਬਾਬਾ ਜੀ ਸਵਾਲਾਂ ਤੋਂ ਕਿਹੜਾ ਭੇਸ ਵਟਾ ਕੇ ਭੱਜਣਗੇ?

ਲੋਕਪਾਲ ਦੀ ਲੋੜ ਕਿਉਂ

ਸੂਚਨਾ ਦਾ ਅਧਿਕਾਰ ਕਾਨੂੰਨ ਬਣਨ ਤੋਂ ਬਾਅਦ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਲੋਕਾਂ ਪ੍ਰਤਿ ਜਿਆਦਾ ਜਵਾਬਦੇਹ ਬਣਾਉਣ ਦੀ ਜਿਹੜੀ ਆਸ ਬੱਝੀ ਸੀ, ਉਹ ਉਦੋਂ ਕਮਜ਼ੋਰ ਪੈ ਗਈ, ਜਦੋਂ ਇਸ ਕਾਨੂੰਨ ਰਾਹੀਂ ਭ੍ਰਿਸ਼ਟਾਚਾਰ ਦੇ ਅੰਕੜੇ ਤਾਂ ਸਰਕਾਰੀ ਫ਼ਾਈਲਾਂ ਵਿਚੋਂ ਬਾਹਰ ਕੱਢਾ ਲਏ ਗਏ, ਪਰ ਉਨ੍ਹਾਂ ਵਿਚ ਲਿਪਤ ਸ਼ਖ਼ਸੀਅਤਾਂ ਨੂੰ ਕਾਨੂੰਨੀ ਅੰਜਾਮ ਤੱਕ ਪਹੁੰਚਾਉਣ ਲਈ ਪਹਿਲਾਂ ਤੋਂ ਵਾਧੂ ਬੋਝ ਨਾਲ ਲੱਦੇ ਹੋਏ ਅਦਾਲਤੀ ਢਾਂਚੇ ਹੇਠਾਂ ਦੱਬਣਾ ਪੈ ਗਿਆ। ਜੇਕਰ ਲੋਕਪਾਲ ਬਣਦਾ ਹੈ ਤਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਨਜਿੱਠਣ ਲਈ ਇਕ ਮਜ਼ਬੂਤ ਅਤੇ ਵੱਖਰਾ ਢਾਂਚਾ ਹੋਂਦ ਵਿਚ ਆਵੇਗਾ। ਜਿਸ ਨਾਲ ਅਜਿਹੇ ਮਾਮਲਿਆਂ ਵਿਚ ਜਲਦੀ ਨਿਆਂ ਮਿਲਣ ਦੀ ਆਸ ਬੱਝਦੀ ਹੈ। ਉਂਝ ਇਹ ਨਹੀਂ ਸਮਝਣਾ ਚਾਹੀਦਾ ਕਿ ਇਸ ਕਾਨੂੰਨ ਦੇ ਬਣਦਿਆਂ ਰਾਤੋਂ-ਰਾਤ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇਗਾ। ਉਸ ਦੇ ਲਈ ਲੋਕਾਂ ਨੂੰ ਇਹ ਕਾਨੂੰਨ ਸਹੀ ਢੰਗ ਨਾਲ ਵਰਤਣਾ ਅਤੇ ਸਰਕਾਰਾਂ ਨੂੰ ਲਾਗੂ ਕਰਵਾਉਣਾ ਪਵੇਗਾ।

ਕੀ ਕਦੇ ਬਣ ਸਕੇਗਾ ਲੋਕਪਾਲ?

ਵਕਤ ਦੇ ਜਿਸ ਮੋੜ ਤੇ ਆ ਕੇ ਟੀਮ ਅੰਨਾ ਅਤੇ ਬਾਬਾ ਰਾਮਦੇਵ ਨੇ ਇਸ ਆਸ ਭਰਪੂਰ ਕਾਨੂੰਨ ਦੀ ਬੇੜੀ ਅੱਧ-ਵਿਚਾਲੇ ਡੋਬ ਦਿੱਤੀ ਹੈ, ਇਸ ਮਾਹੌਲ ਵਿਚ ਹੁਣ ਸ਼ਾਇਦ ਹੀ ਕਦੇ ਇਹ ਕਾਨੂੰਨ ਅਮਲੀ ਰੂਪ ਵਿਚ ਬਣ ਸਕੇ। ਕੇਂਦਰੀ ਸੱਤਾ ਤੇ ਕਾਬਜ ਕੁਨਬਾਪ੍ਰਸਤ ਸਿਆਸਦਾਨ ਕਦੇ ਵੀ ਇਹ ਕਾਨੂੰਨ ਆਪਣੇ ਆਪ ਨਹੀਂ ਬਣਨ ਦੇਣਗੇ ਅਤੇ ਹੁਣ ਉਨ੍ਹਾਂ ਨੂੰ ਇਹ ਕਾਨੂੰਨ ਬਣਾਉਣ ਲਈ ਕੋਈ ਮਜਬੂਰ ਵੀ ਨਹੀਂ ਕਰ ਸਕੇਗਾ। ਕਿਉਂ ਕਿ ਲੱਗਭਗ ਦੋ ਦਹਾਕਿਆਂ ਤੋਂ ਲਟਕ ਰਹੇ ਇਸ ਕਾਨੂੰਨ ਨੂੰ ਲੋਕ ਸਭਾ ਤੋਂ ਹੁੰਦੇ ਹੋਏ ਰਾਜ ਸਭਾ ਦੇ ਦਰਵਾਜੇ ਤੱਕ ਲੈ ਆਉਣ ਵਾਲੇ ਆਪ ਹੀ ਪਿੱਛੇ ਹੱਟ ਗਏ ਹਨ। ਅੰਨਾ ਟੀਮ ਦੇ ਇਸ ਪੁੱਠਾ ਮੋੜ ਕੱਟ ਜਾਣ ਕਾਰਨ ਨੇੜ ਭਵਿੱਖ ਵਿਚ ਇਸ ਵਿਸ਼ੇ ਤੇ ਕੋਈ ਹੋਰ ਲੋਕ-ਲਹਿਰ ਖੜੀ ਕਰਨ ਦਾ ਜੋਖ਼ਿਮ ਕਿਉਂ ਲਏਗਾ। ਜੇ ਕੋਈ ਫ਼ਿਰ ਵੀ ਕੋਸ਼ਿਸ਼ ਕਰ ਲਵੇ ਤਾਂ ਇਸ ਵਾਰ ਲੋਕ ਉਸ ਦੇ ਪਿੱਛੇ ਕਿਉਂ ਜਾਣਗੇ। ਆਖ਼ਿਰ ਜਨਤਾ ਕਦੋਂ ਤੱਕ ਇਸੇ ਤਰ੍ਹਾਂ ਆਜ਼ਮਾਈ ਜਾਂਦੀ ਰਹੇਗੀ?

ਉਹ ਤਾਂ ਪਹਿਲਾਂ ਹੀ ‘ਜੋ ਹੈ ਸਭ ਠੀਕ ਹੈ’ ਵਾਲੀ ਧਾਰ ਕੇ ਔਖੇ-ਸੌਖੇ ਆਪਣੀ ਜ਼ਿੰਦਗੀ ਕੱਟ ਰਹੀ ਹੈ, ਆਪਣਾ ਗੁਜ਼ਾਰਾ ਚਲਾ ਰਹੀ ਹੈ। ਉਸ ਨੂੰ ਆਪਣੀ ਰੋਜ਼ੀ-ਰੋਟੀ ਤੋਂ ਹੀ ਵਿਹਲ ਨਹੀਂ, ਉਹ ਕਦੋਂ ਸਿਆਸੀ ਪਾਰਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਵਿਹਲ ਕੱਢ ਸਕੇਗੀ। ਦੂਸਰੀ ਗੱਲ ਜਨਤਾ ਦਾ ਸਿਆਸਤ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਾ ਹੈ। ਜੇ ਉਹ ਲੋਕ-ਮੁਹਿੰਮਾਂ ਦੇ ਪਿੱਛੇ ਖੜ੍ਹ ਜਾਂਦੀ ਹੈ ਤਾਂ ਇਸ ਪਿੱਛੇ ਉਸ ਦੀ ਸੋਚ ਇਹੀ ਹੁੰਦੀ ਹੈ ਕਿ ਲੋਕਾਂ ਦੀ ਲਹਿਰ ਵਿਚ ਕੋਈ ਸਿਆਸਤ ਨਹੀਂ ਹੋਵੇਗੀ। ਲੋਕ ਲਹਿਰ ਦਾ ਆਪਣਾ ਇਕੋ ਨਿਸ਼ਾਨਾ ਹੁੰਦਾ ਹੈ। ਇਸ ਤਰ੍ਹਾਂ ਉਹ ਆਪਣੇ ਰੋਜ਼ੀ-ਰੋਟੀ ਦੇ ਮਸਲਿਆਂ ਤੋਂ ਵਿਹਲੇ ਹੋ ਕੇ ਕੁਝ ਘੰਟੇ ਅਜਿਹੀਆਂ ਲਹਿਰਾਂ ਵਿਚ ਆਪਣਾ ਯੋਗਦਾਨ ਪਾਉਣ ਇਸ ਸੋਚ ਨਾਲ ਆ ਜਾਂਦੇ ਹਨ, ਕਿ ਕੁਝ ਦਿਨਾਂ ਬਾਅਦ ਮੰਤਵ ਪੂਰਾ ਕਰ ਕੇ ਲਹਿਰ ਮੁੱਕ ਜਾਵੇਗੀ ਅਤੇ ਅਸੀ ਆਪਣੀ ਰੋਜ਼ਾਨਾ ਜ਼ਿਦਗੀ ਵੱਲ ਵਾਪਸ ਮੁੜ ਜਾਣਗੇ। ਪਰ ਕਿਸੇ ਸਿਆਸੀ ਪਾਰਟੀ ਦੇ ਕਾਰਕੁੰਨ ਬਣਨ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਇਹ ਉਨ੍ਹਾਂ ਨੂੰ ਵਿਹਲੜਾਂ ਦਾ ਕੰਮ ਲੱਗਦਾ ਹੈ।

ਫ਼ਿਰ ਅੰਨਾ ਹਜ਼ਾਰੇ ਦੀ ਪਾਰਟੀ ਵਿਚ ਲੋਕ ਕਿਉਂ ਸ਼ਾਮਿਲ ਹੋਣਗੇ? ਦੂਜੇ ਪਾਸੇ ਜੇ ਬਾਬਾ ਰਾਮਦੇਵ ਦੇ ਕਹੇ ਤੇ ਉਨ੍ਹਾਂ ਨੇ ਕਿਸੇ ਮੌਜੂਦਾ ਸਿਆਸੀ ਧਿਰ ਨੂੰ ਹੀ ਵੋਟ ਪਾਉਣੀ ਹੈ ਤਾਂ ਉਨ੍ਹਾਂ ਨੂੰ ਬਾਬਾ ਜੀ ਸਲਾਹ ਦੀ ਕੀ ਲੋੜ ਹੈ? ਜਨਤਾ ਤਾਂ ਪਹਿਲਾਂ ਹੀ ਇਹ ਸਭ ਕੁਝ ਕਰਨ ਲਈ ਮਜਬੂਰ ਹੈ। ਇਸ ਤਰ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਅਤੇ ਲੋਕ-ਪੱਖੀ ਕਾਨੂੰਨ ਬਣਨ ਦੀ ਸੰਭਾਵਨਾ ਹੋਰ ਵੀ ਧੁੰਧਲੀ ਹੋ ਜਾਂਦੀ ਹੈ। ਖ਼ਾਸ ਕਰ ਉਦੋਂ ਜਦੋਂ ਹੁਣ ਟੀਮ ਅੰਨਾ ਆਪਣੀ ਬਣਨ ਵਾਲੀ ਸਿਆਸੀ ਪਾਰਟੀ ਲਈ ਵੋਟਾਂ ਜੁਟਾਉਣ ਦੇ ਜੁਗਾੜ ਵਿਚ ਰੁੱਝ ਜਾਵੇਗੀ ਅਤੇ ਬਾਬਾ ਰਾਮਦੇਵ ਆਪਣੇ ਸਿਆਸੀ ਜੋੜ-ਤੋੜ ਵਿਚ ਮਸ਼ਗੂਲ ਹੋ ਜਾਣਗੇ। ਉਦੋਂ ਮਸਲਾ ਲੋਕਪਾਲ ਨਾ ਰਹਿ ਕੇ ਪਾਰਟੀਆਂ ਦੀ ਹੋਂਦ ਦਾ ਹੋ ਜਾਵੇਗਾ, ਕਿਉਂ ਕਿ ਜੇ ਪਾਰਟੀ ਹੋਵੇਗੀ ਤਾਂ ਹੀ ਲੋਕਪਾਲ ਦੀ ਆਸ ਰਹੇਗੀ। ਗਠਜੋੜ ਦੀ ਸਿਆਸਤ ਵਾਲੇ ਦੌਰ ਵਿਚ ਚੋਣਾਂ ਜਿੱਤਣ ਅਤੇ ਕਾਨੂੰਨ ਬਣਾਉਣ ਵਿਚ ਸਫ਼ਲ ਕਦੋਂ ਹੋਣਗੇ ਕੋਈ ਨਹੀਂ ਕਹਿ ਸਕਦਾ।

ਮੁੱਕਦੀ ਗੱਲ

ਫ਼ਿਲਹਾਲ, ਇਸ ਲਹਿਰ ਦੇ ਅਜੋਕੇ ਅੰਤ ਨਾਲ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਕਿ ਲੋਕ ਲਹਿਰਾਂ ਦਾ ਲੰਮੇ ਵਕਤ ਲਈ ਚੱਲਣਾ ਅਤੇ ਆਪਣੇ ਟੀਚੇ ਤੇ ਪੁੱਜਣਾ ਹੁਣ ਹੋਰ ਵੀ ਔਖਾ ਹੋ ਜਾਵੇਗਾ ਅਤੇ ਕੇਂਦਰੀ ਸਿਆਸਤ ਦੇ ਦੰਭ ਵਿਚ ਚੋਖਾ ਵਾਧਾ ਹੋ ਜਾਵੇਗਾ। ਨਤੀਜੇ ਵੱਜੋ ਖੋਖਲਾ ਹੋ ਚੁੱਕਾ ਲੋਕਤੰਤਰੀ ਢਾਂਚਾ ਹੋਰ ਜਿਆਦਾ ਕਮਜ਼ੋਰ ਅਤੇ ਲੋਕ ਵਿਰੋਧੀ ਹੋ ਨਿਬੜੇਗਾ। ਅਸੀ ਇਸ ਸਿਆਸੀ ਅਧਰੰਗ ਦੀ ਸਥਿਤੀ ਵਿਚੋਂ ਕਿਵੇਂ ਨਿਕਲ ਸਕਾਂਗੇ, ਇਹੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਕੀ ਲੋਕ-ਲਹਿਰਾਂ ਦੇ ਖ਼ੈਰ-ਖਵਾਹ ਅਜਿਹੇ ਹਾਲਾਤ ਦਾ ਕੋਈ ਹੱਲ ਦੱਸ ਸਕਦੇ ਨੇ?

-ਦੀਪ ਜਗਦੀਪ ਸਿੰਘ – 03-08-2012

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com