ਦੇਸ਼ ਭਰ ਵਿਚ ਹੋਈ ਪੱਤਰਕਾਰਾਂ ’ਤੇ ਛਾਪੇਮਾਰੀ ਬਾਰੇ ਪੰਜਾਬੀ ਅਖ਼ਬਾਰਾਂ ਨੇ ਕਿਸ ਤਰ੍ਹਾਂ ਦੀ ਪੱਤਰਕਾਰੀ ਕੀਤੀ ਹੈ, ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਕਿਹੜੇ ਅਖ਼ਬਾਰ ਦਾ ਕਿਸ ਪਾਸੇ ਉਲਾਰ ਹੈ।
ਅਖ਼ਬਾਰਾਂ ਦੀ ਕਵਰੇਜ ਦੀ ਚਰਚਾ ਕਰਨ ਤੋਂ ਪਹਿਲਾਂ ਆਉ ਤੁਹਾਨੂੰ ਪੂਰੇ ਘਟਨਾਕ੍ਰਮ ਬਾਰੇ ਦੱਸ ਦਿੰਦੇ ਹਾਂ-
ਪੱਤਰਕਾਰਾਂ ‘ਤੇ ਛਾਪੇਮਾਰੀ ਕਿਉਂ?
ਮੰਗਲਵਾਰ 3 ਅਕਤੂਬਰ 2023 ਨੂੰ ਨਿਊਜ਼ ਕਲਿੱਕ ਨਾਮਕ ਖ਼ਬਰ ਵੈਬਸਾਈਟ ਨਾਲ ਸੰਬੰਧਤ ਮੌਜੂਦਾ ਤੇ ਸਾਬਕਾ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾ ਦੀਆਂ ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਮੁੰਬਈ ‘ਚ 100 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਮੰਗਲਵਾਰ ਸਵੇਰੇ 6 ਵਜੇ ਸ਼ੁਰੂ ਹੋਈ ਛਾਪੇਮਾਰੀ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਕਾਰਵਾਈ ਵਿੱਚ ਸਪੈਸ਼ਲ ਸੈੱਲ ਦੀਆਂ ਸਾਰੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਛਾਪੇਮਾਰੀ ਵਿੱਚ ਸੈੱਲ ਦੇ 500 ਤੋਂ ਵੱਧ ਕਰਮਚਾਰੀ ਸ਼ਾਮਲ ਸਨ।
ਸਪੈਸ਼ਲ ਸੈੱਲ ਦੇ ਵਿਸ਼ੇਸ਼ ਕਮਿਸ਼ਨਰ ਐਚਜੀਐਸ ਧਾਲੀਵਾਲ ਅਨੁਸਾਰ ਸਪੈਸ਼ਲ ਸੈੱਲ ਦੀ ਟੀਮ ਨੇ ਪੰਜ ਸ਼ਹਿਰਾਂ ਵਿੱਚ ਛਾਪੇਮਾਰੀ ਕਰਕੇ ਕੁੱਲ 37 ਸੀਨੀਅਰ ਪੱਤਰਕਾਰਾਂ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲਿਆ। ਦਿੱਲੀ ਦੇ ਲੋਧੀ ਕਾਲੋਨੀ ਸਥਿਤ ਸੈੱਲ ਦੇ ਦਫਤਰ ਵਿਚ ਇਨ੍ਹਾਂ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ 9 ਮਹਿਲਾ ਪੱਤਰਕਾਰਾਂ ਤੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਹੀ ਪੁੱਛ-ਗਿੱਛ ਕੀਤੀ ਗਈ। ਇਸ ਦੌਰਾਨ ਸਾਰੇ ਪੱਤਰਕਾਰਾਂ ਦੇ ਮੋਬਾਈਲ ਫ਼ੋਨ, ਲੈਪਟੌਪ ਤੇ ਹਾਰਡ ਡਰਾਈਵਾਂ ਆਦਿ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਨਿਊਜ਼ ਕਲਿੱਕ ਦੇ ਸੰਪਾਦਕ ਪ੍ਰਬੀਰ ਪੁਰਕਾਇਸਥ ਤੇ ਪ੍ਰਬੰਧਕ ਅਮਿਤ ਚਕਰਵਰਤੀ ਨੂੰ ਗ਼੍ਰਿਫ਼਼ਤਾਰ ਕਰ ਲਿਆ ਜਦ ਕਿ ਬਾਕੀ ਦੇ 35 ਪੱਤਰਕਾਰਾਂ ਨੂੰ ਪੁੱਛ-ਗਿੱਛ ਤੋਂ ਬਾਅਦ ਛੱਡ ਦਿੱਤਾ। ਉਨ੍ਹਾਂ ਵਿਚੋਂ ਕਿਸੇ ਨੂੰ ਵੀ ਪੁੱਛ-ਗਿੱਛ ਲਈ ਦੋਬਾਰਾ ਬੁਲਾਇਆ ਜਾ ਸਕਦਾ ਹੈ ਤੇ ਗ਼੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਸੰਸਥਾਪਕ ਪ੍ਰਬੀਰ ਪੁਰਕਾਇਸਥ ਨੂੰ ਸਵੇਰੇ ਹਿਰਾਸਤ ਵਿਚ ਲੈਣ ਤੋਂ ਬਾਅਦ ਨਿਊਜ਼ ਕਲਿੱਕ ਦੇ ਦਿੱਲੀ ਸਥਿਤ ਦਫ਼ਤਰ ਦੀ ਤਲਾਸ਼ੀ ਲੈਣ ਤੇ ਡਿਵਾਇਸਾਂ ਤੇ ਦਸਤਾਵੇਜ਼ ਕਬਜ਼ੇ ਵਿਚ ਲੈਣ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਸਪੈਸ਼ਲ ਸੈੱਲ ਲੈ ਗਈ।
ਸੀਨੀਅਰ ਪੱਤਰਕਾਰ ਉਰਮਿਲੇਸ਼ ਦੇ ਵਕੀਲ ਸਪੈਸ਼ਲ ਸੈੱਲ ਦੇ ਬਾਹਰ ਖੜ੍ਹੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਨਾ ਉਨ੍ਹਾਂ ਨੂੰ ਐਫ਼ਆਰਆਈ ਦੀ ਕਾਪੀ ਮਿਲੀ ਤੇ ਨਾ ਹੀ ਕਾਫ਼ੀ ਦੇਰ ਤੱਕ ਉਨ੍ਹਾਂ ਨੂੰ ਮਿਲਣ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੀਨੀਅਰ ਪੱਤਰਕਾਰ ਉਰਮਿਲੇਸ਼ ਨੇ ਦਸੰਬਰ 2022 ਵਿਚ ਪੰਜਾਬ ਦੇ ਬਠਿੰਡਾ ਵਿਖੇ ਆਯੋਜਿਤ ਇਕ ਸਮਾਰੋਹ ਵਿਚ ਵੀ ਖ਼ਦਸ਼ਾ ਪ੍ਰਗਟ ਕੀਤਾ ਸੀ ਕਿ ਉਹ ਲਗਾਤਾਰ ਮੋਦੀ ਸਰਕਾਰ ਤੇ ਉਨ੍ਹਾਂ ਦੇ ਕਾਰਪੋਰੇਟ ਭਾਈਵਾਲਾਂ ਬਾਰੇ ਬੋਲਦੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ’ਤੇ ਪਰਚਾ ਕੀਤਾ ਜਾ ਸਕਦਾ ਹੈ।
ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ 17 ਅਗਸਤ 2023 ਨੂੰ ਨਿਊਜ਼ ਕਲਿੱਕ ਖ਼ਿਲਾਫ਼ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ਼ ਕੀਤਾ ਗਿਆ। ਇਹ ਮਾਮਲਾ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਵਿਚ ਚੁੱਕਿਆ ਸੀ ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਸੀ ਕਿ ਕਾਂਗਰਸੀ ਆਗੂ ਤੇ ਨਿਊਜ਼ ਕਲਿੱਕ ਨੂੰ “ਭਾਰਤ ਵਿਰੋਧੀ” ਮਾਹੌਲ ਬਣਾਉਣ ਲਈ ਚੀਨ ਤੋਂ ਫੰਡ ਮਿਲਿਆ ਸੀ। ਇਹ ਦੋਸ਼ ਭਾਜਪਾ ਆਗੂਆਂ ਨੇ ਨਿਊ ਯਾਰਕ ਟਾਈਮਜ਼ ਵਿਚ ਛਪੀ ਇਕ ਰਿਪੋਰਟ ਦੇ ਆਧਾਰ ’ਤੇ ਲਾਇਆ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਨਿਊਜ਼ ਕਲਿੱਕ ਵਿਚ ਚੀਨ ਦੇ ਇਕ ਨਿਵੇਸ਼ਕ ਨੇਵਿਲ ਰਾਏ ਸਿੰਘਮ ਵੱਲੋਂ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਨਿਊਜ਼ ਕਲਿੱਕ ਨਾਲ ਜ਼ਿਆਦਾਤਰ ਉਹ ਪੱਤਰਕਾਰ ਸੰਬੰਧਤ ਹਨ ਜਿਹੜੇ ਪਹਿਲਾਂ ਕਿਸੇ ਨਾ ਕਿਸੇ ਮੁੱਖ-ਧਾਰਾਈ ਮੀਡੀਆ ਵਿਚ ਵੱਡੇ ਪੱਤਰਕਾਰ ਰਹੇ ਹਨ। ਮੋਦੀ ਸਰਕਾਰ ਵੱਲੋਂ ਇਨ੍ਹਾਂ ਚੈਨਲਾਂ ਵਿਚ ਦਖ਼ਲ-ਅੰਦਾਜ਼ੀ ਕਰਕੇ ਉਨ੍ਹਾਂ ਉਹ ਚੈਨਲ ਛੱਡ ਕੇ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸੁਤੰਤਰ ਪੱਤਰਕਾਰੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਪੱਤਰਕਾਰ ਸੁਤੰਤਰ ਪੱਤਰਕਾਰ ਵੱਜੋਂ ਨਿਊਜ਼ ਕਲਿੱਕ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਵਿਚ ਪੱਤਰਕਾਰ ਅਭਿਸਾਰ ਸ਼ਰਮਾ ਦਾ ਨਾਮ ਪ੍ਰਮੁੱਖ ਹੈ।
ਪੰਜਾਬੀ ਅਖ਼ਬਾਰਾਂ ਦੀ ਪੱਤਰਕਾਰੀ
ਪੱਤਰਕਾਰਾਂ ’ਤੇ ਹੋਈ ਛਾਪੇਮਾਰੀ ਦੀ ਪੰਜਾਬੀ ਅਖ਼ਬਾਰਾਂ ਨੇ ਕਿਸ ਤਰ੍ਹਾਂ ਦੀ ਕਵਰੇਜ ਕੀਤੀ ਹੈ, ਜ਼ੋਰਦਾਰ ਟਾਈਮਜ਼ ਨੇ ਇਸ ਦੀ ਪੜਤਾਲ ਕੀਤੀ। ਇਸ ਪੜਤਾਲ ਵਾਸਤੇ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਰੋਜ਼ਾਨਾ ਅਜੀਤ, ਜਗ ਬਾਣੀ ਅਖ਼ਬਾਰਾਂ ਦੀਆਂ ਵੈਬਸਾਈਟਾਂ ਦੀ ਘੋਖ ਕੀਤੀ ਗਈ। ਦੇਖਿਆ ਗਿਆ ਕਿ ਇਨ੍ਹਾਂ ਅਖ਼ਬਾਰਾਂ ਨੇ ਪੱਤਰਕਾਰਾਂ ‘’ਤੇ ਹੋਈ ਛਾਪੇਮਾਰੀ ਨੂੰ ਕਿੰਨੀ ਪ੍ਰਮੁੱਖਤਾ ਦਿੱਤੀ ਹੈ। ਦੱਸ ਦੇਈਏ ਕਿ ਇਸ ਪੜਤਾਲ ਵਾਸਤੇ ਅਖ਼ਬਾਰਾਂ ਦੇ ਪ੍ਰਿੰਟ ਐਡਿਸ਼ਨ ਜਾਂ ਈ-ਪੇਪਰ ਨਹੀਂ ਦੇਖੇ ਜਾ ਸਕੇ।
ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਜਗ ਬਾਣੀ ਦੀ ਵੈਬਸਾਈਟ ‘ਤੇ ਇਸ ਬਾਰੇ ਖ਼ਬਰ ਨਹੀਂ ਮਿਲੀ। ਸੰਪਾਦਕੀ ਪੰਨੇ ‘ਤੇ ਵੀ ਇਸ ਬਾਰੇ ਕੁਝ ਨਹੀਂ ਮਿਲਿਆ।
ਰੋਜ਼ਾਨਾ ਅਜੀਤ ਦੀ ਵੈਬਸਾਈਟ ’ਤੇ ਬੀਤੇ ਦਿਨ ਤੋਂ ਲੈ ਕੇ ਅੱਜ ਤੱਕ ਪੁਲਿਸ ਦੀ ਛਾਪੇਮਾਰੀ ਬਾਰੇ ਸੰਖੇਪ ਟੁਕੜਿਆਂ ਵਿਚ ਕਈ ਸਾਰੀਆਂ ਖ਼ਬਰਾਂ ਦਿੱਤੀਆਂ। ਇਨ੍ਹਾਂ ਵਿਚ ਛਾਪੇਮਾਰੀ ਦੀ ਕਾਰਵਾਈ ਦੀ ਖ਼ਬਰ, ਕੇਸ ਸੰਬੰਧੀ ਖ਼ਬਰ, ਪੱਤਰਕਾਰਾਂ ਨੂੰ ਸਪੈਸ਼ਲ ਸੈੱਲ ਲੈ ਜਾਣ, ਉਨ੍ਹਾਂ ਦੇ ਲੈਪਟੌਪ, ਮੋਬਾਈਲ ਜ਼ਬਤ ਕਰਨ, ਪੱਤਰਕਾਰ ਉਰਮਿਲੇਸ਼ ਦੇ ਵਕੀਲ ਦੇ ਸਪੈਸ਼ਲ ਸੈੱਲ ਪਹੁੰਚਣ, ਪ੍ਰਬੀਰ ਪੁਰਕਾਯਸਥਾ ਦੀ ਗ੍ਰਿਫ਼ਤਾਰੀ, ਨਿਊਜ਼ਕਲਿਕ’ ਦੇ ਦਫ਼ਤਰ ਨੂੰ ਸੀਲ ਕਰਨ, ਪ੍ਰੈਸ ਕਲੱਬ ਆਫ਼ ਇੰਡੀਆ ਨੇ ਇਕ ਬਿਆਨ ਛਾਪਿਆ ਤੇ 4 ਅਕਤੂਬਰ ਨੂੰ ਸਵੇਰੇ ਬੀਰ ਪੁਰਕਾਯਾਸਥਾ ਅਤੇ ਅਮਿਤ ਚੱਕਰਵਰਤੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੀਆਂ ਖ਼ਬਰਾਂ ਨਿੱਕੇ-ਨਿੱਕੇ ਟੁਕੜਿਆਂ ਵਿਚ ਛਾਪੀਆਂ। ਇਨ੍ਹਾਂ ਟੁਕੜੀਆਂ ਵਿਚ ਇਕ-ਇਕ ਕਰਕੇ ਸੰਖੇਪ ਤੱਥ ਹੀ ਅਪਡੇਟ ਦੇ ਰੂਪ ਵਿਚ ਦਿੱਤੇ ਗਏ ਕੋਈ ਵਿਸਤਾਰ ਸਹਿਤ ਜਾਣਕਾਰੀ ਨਹੀਂ ਦਿੱਤੀ ਗਈ। ਰੋਜ਼ਾਨਾ ਅਜੀਤ ਦੇ ਸੰਪਾਦਕੀ ਪੰਨੇ ’ਤੇ ਇਸ ਬਾਰੇ ਕੋਈ ਸੰਪਾਦਕੀ ਟਿੱਪਣੀ ਜਾਂ ਲੇਖ ਨਹੀਂ ਪ੍ਰਕਾਸ਼ਿਤ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਵਿਸਤਾਰ ਸਹਿਤ ਖ਼ਬਰ ਲਿਖਦਿਆਂ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਹੈ। ਉਂਝ ਤਾਂ ਖ਼ਬਰ ਵਿਚ ਪ੍ਰਭਾਵਿਤ ਵਿਅਕਤੀਆਂ ਨੂੰ ਪੱਤਰਕਾਰ ਕਿਹਾ ਗਿਆ ਹੈ ਪਰ ਗਿਣਤੀ ਦੇਣ ਵੇਲੇ ਇਨ੍ਹਾਂ ਨੂੰ 37 ਸ਼ੱਕੀ ਤੇ 9 ਸ਼ੱਕੀ ਔਰਤਾਂ ਲਿਖਿਆ ਗਿਆ ਹੈ। ਖ਼ਬਰ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਇਕ ਇਕੱਠ ਵਿਚ ਦਿੱਤੇ ਭਾਸ਼ਣ ਦੇ ਹਵਾਲੇ ਨਾਲ ਸਰਕਾਰ ਦਾ ਪੱਖ ਰੱਖਿਆ ਹੈ। ਨਾਲ ਹੀ ਭਾਰਤੀ ਐਡੀਟਰਜ਼ ਗਿਲਡ ਵੱਲੋਂ ਤੇ ਵਿਰੋਧੀ ਧਿਰਾਂ ਵੱਲੋਂ ਨਿਖੇਧੀ ਦੀਆਂ ਖ਼ਬਰਾਂ ਵੀ ਦਰਜ਼ ਕੀਤੀਆਂ ਗਈਆਂ ਹਨ। ਸੰਪਾਦਕੀ ਪੰਨੇ ‘ਤੇ ਇਸ ਸਬੰਧੀ ਕੁਝ ਨਹੀਂ ਛਪਿਆ ਹੈ।
ਨਵਾਂ ਜ਼ਮਾਨਾ ਨੇ ਮੁੱਖ ਪੰਨੇ ’ਤੇ ਮੁੱਖ ਸੁਰਖ਼ੀ ‘ਐਮਰਜੈਂਸੀ ਦੀ ਯਾਦ ਤਾਜ਼ਾ’ ਨਾਲ ਇਸ ਖ਼ਬਰ ਨੂੰ ਨਸ਼ਰ ਕੀਤਾ ਹੈ, ਖ਼ਬਰ ਵਿਚ ਮਾਮਲੇ ਨਾਲ ਸਬੰਧਤ ਤੱਥਾਂ ਦੀ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਤੇ ਨਾਲੇ ਮੰਤਰੀ ਅਨੁਰਾਗ ਠਾਕੁਰ ਦੇ ਬਿਆਨ ਰਾਹੀਂ ਸਰਕਾਰ ਦਾ ਪੱਖ ਵੀ ਦਰਜ ਕੀਤਾ ਗਿਆ ਹੈ। ਜਦ ਕਿ ਸੰਪਾਦਕੀ ਪੰਨੇ ’ਤੇ ਇਸ ਬਾਰੇ ਕੋਈ ਟਿੱਪਣੀ ਨਹੀਂ ਹੈ।
ਪੰਜਾਬੀ ਜਾਗਰਣ ਨੇ ‘ਚੀਨ ਤੋਂ ਫੰਡਿੰਗ ਦੇ ਮਾਮਲੇ ‘ਚ NewsClick ਦੇ ਸੰਸਥਾਪਕ ਸਮੇਤ ਦੋ ਗ੍ਰਿਫਤਾਰ’ ਸੁਰਖ਼ੀ ਲਾਈ ਹੈ’ ਜੋ ਕਿ ਸਿੱਧੇ ਤੌਰ ’ਤੇ ਮੋਦੀ ਸਰਕਾਰ ਵੱਲੋਂ ਲਾਏ ਗਏ ਦੋਸ਼ਾਂ ਦੀ ਤਰਜਮਾਨੀ ਕਰਦਾ ਹੈ। ਇਸ ਦੇ ਨਾਲ ਹੀ ਪੂਰੀ ਖ਼ਬਰ ਵੀ ਸਪੈਸ਼ਲ ਸੈੱਲ ਦੇ ਪੁਲਿਸ ਅਧਿਕਾਰੀਆਂ ਦੇ ਨਜ਼ਰੀਏ ਤੋਂ ਲਿਖੀ ਗਈ ਹੈ। ਇਸ ਮਾਮਲੇ ਬਾਰੇ ਪੰਜਾਬੀ ਜਾਗਰਣ ਦਾ ਸੰਪਾਦਕੀ ਪੰਨਾ ਵੀ ਚੁੱਪ ਹੈ।
ਪੰਜਾਬੀ ਟ੍ਰਿਬਿਊਨ ਨੇ ਆਪਣੀ ਵੈਬਸਾਈਟ ’ਤੇ ਇਕੋ ਪੰਨੇ ’ਤੇ ਖ਼ਬਰ ਨਾਲ ਸਬੰਧਤ ਹਰ ਜਾਣਕਾਰੀ ਪੂਰੇ ਵਿਸਤਾਰ ਨਾਲ ਦਿੱਤੀ। ਇਸ ਦੇ ਨਾਲ ਹੀ ਪੰਜਾਬੀ ਟ੍ਰਿਬਿਊਨ ਨੇ ਉਸੇ ਪੰਨੇ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ, ਭਾਰਤੀ ਐਡੀਟਰਜ਼ ਗਿਲਡ ਵੱਲੋਂ ਸਰਕਾਰ ਦੀ ਤਿੱਖੀ ਆਲੋਚਨਾ ਦੀ ਖ਼ਬਰ, ਮਨੁੱਖੀ ਹੱਕਾਂ ਬਾਰੇ ਆਲਮੀ ਸੰਸਥਾਵਾਂ ਵੱਲੋਂ ਛਾਪਿਆਂ ਦੀ ਨਿਖੇਧੀ ਦੀ ਖ਼ਬਰ, ਵਿਰੋਧੀ ਧਿਰਾਂ ਵੱਲੋਂ ਨਿਖੇਧੀ ਦੀਆਂ ਖ਼ਬਰਾਂ ਵੀ ਦਰਜ਼ ਕੀਤੀਆਂ ਗਈਆਂ। ਪੰਜਾਬੀ ਟ੍ਰਿਬਿਊਨ ਨੇ ‘ਖ਼ਤਰਨਾਕ ਰੁਝਾਨ’ ਦੇ ਸਿਰਲੇਖ ਹੇਠ ਵਿਸਤਾਰ ਸਹਿਤ ਮੋਦੀ ਸਰਕਾਰ ਵੱਲੋਂ ਮੀਡੀਆ ਦੀਆਂ ਜ਼ੁਬਾਨਬੰਦੀ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਟਿੱਪਣੀ ਕੀਤੀ ਹੈ।
ਸੋ, ਉਪਰੋਕਤ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਪੱਤਰਕਾਰਾਂ ਨਾਲ ਦੇਸ਼ ਦੀ ਸਰਕਾਰ ਵੱਲੋਂ ਕੀਤੇ ਜਾ ਰਹੈ ਵਤੀਰੇ ਬਾਰੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਦੀ ਪੱਤਰਕਾਰੀ ਕਿਹੋ ਜਿਹੀ ਹੈ।
ਤੁਹਾਨੂੰ ਪੰਜਾਬੀ ਅਖ਼ਬਾਰਾਂ ਦਾ ਇਹ ਵਿਸ਼ਲੇਸ਼ਣ ਕਿਹੋ ਜਿਹਾ ਲੱਗਿਆ। ਥੱਲੇ ਕਮੈਂਟ ਬਾਕਸ ਵਿਚ ਆਪਣੀ ਟਿੱਪਣੀ ਲਿਖ ਕੇ ਜ਼ਰੂਰ ਦੱਸਣਾ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
Leave a Reply