ਜੱਗ ਬਾਣੀ ਜਾਂ ਅਜੀਤ? ਕੌਣ ਹੈ ਨੰਬਰ 1?

ਪੰਜਾਬ ਦੇ ਪੰਜਾਬੀ ਅਖ਼ਬਾਰਾਂ ਅਜੀਤ ਅਤੇ ਜਗਬਾਣੀ ਵਿਚਾਲੇ ਨੰਬਰ 1 ਹੋਣ ਦੀ ਜੰਗ ਛਿੜੀ ਹੋਈ ਹੈ, ਦੋਵੇਂ ਹੀ ਪੰਜਾਬੀ ਦੇ ਨੰਬਰ 1 ਅਖ਼ਬਾਰ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਅਸਲ ਵਿਚ ਦੋਵੇਂ ਹੀ ਸੱਚੇ ਹਨ, ਪਰ ਸਵਾਲ ਪੈਦਾ ਹੁੰਦਾ ਹੈ ਕਿ ਦੋਵੇਂ ਹੀ ਕਿਵੇਂ ਹੋ ਸਕਦੇ ਹਨ, ਨੰਬਰ 1?

ਆਉ ਤੁਹਾਨੂੰ ਦੱਸਦੇ ਹਾਂ, ਨੰਬਰ 1 ਦੀ ਇਸ ਖੇਡ ਦਾ ਸੱਚ…
ਅਸਲ ਵਿਚ ਦੋਵੇਂ ਹੀ ਅਖ਼ਬਾਰ ਦੋ ਵੱਖ-ਵੱਖ ਅਦਾਰਿਆਂ ਦੇ ਆਸਰੇ ਆਪਣੀ-ਆਪਣੀ ਨੰਬਰ 1 ਦੀ ਦਾਅਵੇਦਾਰੀ ਠੋਕ ਰਹੇ ਹਨ। ਭਾਰਤ ਵਿਚ ਅਖ਼ਬਾਰਾਂ ਦੀ ਛਪਣ ਗਿਣਤੀ ਅਤੇ ਪਾਠਕਾਂ ਦੀ ਗਿਣਤੀ ਦੱਸਣ ਲਈ ਦੋ ਪ੍ਰਮੁੱਖ ਸੰਸਥਾਵਾਂ ਹਨ। ਇਕ ਹੈ ਮੀਡੀਆ ਰਿਸਰਚ ਯੂਸਰਜ਼ ਕਾਊਂਸਿਲ (ਐਮਆਰਯੂਸੀ), ਜੋ ਇੰਡੀਅਨ ਰਿਡਰਸ਼ਿਪ ਸਰਵੇ (ਆਈਆਰਐਸ) ਕਰਵਾਉਂਦੀ ਹੈ ਅਤੇ ਦੂਸਰੀ ਹੈ ਆਡਿਟ ਬਿਓਰੋ ਆਫ਼ ਸਰਕੂਲੇਸ਼ਨ (ਏਬੀਸੀ), ਜੋ ਅਖ਼ਬਾਰਾਂ ਦੀ ਛਪਣ ਗਿਣਤੀ ਨੂੰ ਪ੍ਰਮਾਣਿਤ ਕਰਦੀ ਹੈ। ਇਹ ਦੋਵੇਂ ਹੀ ਗ਼ੈਰ-ਮੁਨਾਫ਼ਾ ਨਿੱਜੀ ਅਦਾਰੇ ਹਨ।
ਇੰਡੀਅਨ ਰਿਡਰਸ਼ਿਪ ਸਰਵੇ ਕਰਨ ਵਾਲਾ ਅਦਾਰਾ ਐਮਆਰਯੂਸੀ ਸਿੱਧਾ ਆਮ ਲੋਕਾਂ ਵਿਚ ਜਾ ਕੇ ਉਨ੍ਹਾਂ ਵੱਲੋਂ ਪੜ੍ਹੀਆਂ ਜਾਂਦੀਆਂ ਅਖ਼ਬਾਰਾਂ ਅਤੇ ਮੈਗਜ਼ੀਨਾਂ ਬਾਰੇ ਜਾਣਕਾਰੀ ਲੈਂਦਾ ਹੈ।ਐਮਆਰਯੂਸੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਇਸ ਵਾਰ ਉਸ ਨੇ 3 ਲੱਖ 20 ਲੋਕਾਂ ਨਾਲ ਗੱਲਬਾਤ ਕਰਕੇ ਸਰਵੇ ਤਿਆਰ ਕੀਤਾ ਹੈ। ਦੂਜੇ ਪਾਸੇ ਏਬੀਸੀ ਆਪਣੇ ਮੈਂਬਰ ਪ੍ਰਕਾਸ਼ਕਾਂ ਵੱਲੋਂ ਦਿੱਤੇ ਗਏ ਛਪਾਈ ਦੇ ਅੰਕੜਿਆਂ ਦੇ ਆਧਾਰ ਉੱਤੇ ਰਿਪੋਰਟ ਤਿਆਰ ਕਰਦੀ ਹੈ। ਹਰ ਛਿਮਾਹੀ ਦੌਰਾਨ ਹਰ ਅਖ਼ਬਾਰ ਆਪਣੇ ਵੱਲੋਂ ਛਾਪੀਆਂ ਗਈਆਂ ਕਾਪੀਆਂ ਦੀ ਗਿਣਤੀ ਦੀ ਰਿਪੋਰਟ ਏਬੀਸੀ ਨੂੰ ਭੇਜਦੇ ਹਨ।
ਮੀਡੀਆ ਬਾਰੇ ਖੋਜੀ ਪੱਤਰਕਾਰੀ ਕਰਨ ਵਾਲੀ ਵੈਬਸਾਈਟ ਨਿਊਜ਼ ਲਾਊਂਡਰੀ ਮੁਤਾਬਕ ਸਾਰੀ ਗੜਬੜ ਇਸੇ ਵਿਚ ਹੁੰਦੀ ਹੈ। ਮੀਡੀਆ ਅਦਾਰੇ ਬਾਜ਼ਾਰ ਵਿਚ ਭੇਜੀਆ ਜਾਣ ਵਾਲੀਆਂ ਕਾਪੀਆਂ ਤੋਂ ਕਿਤੇ ਵੱਧ ਕਾਪੀਆਂ ਛਾਪਦੇ ਹਨ ਅਤੇ ਇਸ ਦੀ ਰਿਪੋਰਟ ਏਬੀਸੀ ਨੂੰ ਭੇਜ ਦਿੰਦੇ ਹਨ। ਇਹ ਵਾਧੂ ਛਾਪੀਆਂ ਗਈਆਂ ਕਾਪੀਆਂ ਦਾ ਕੁਝ ਹਿੱਸਾ ਇਸ਼ਤਿਹਾਰ ਏਜੰਸੀਆਂ ਨੂੰ ਵੰਡ ਦਿੱਤਾ ਜਾਂਦਾ ਹੈ ਜਦਕਿ ਵੱਡਾ ਹਿੱਸਾ ਪ੍ਰੈਸ ਤੋਂ ਸਿੱਧਾ ਰੱਦੀ ਵਿਚ ਚਲਾ ਜਾਂਦਾ ਹੈ। 

ajit vs jagbani who is number 1

ਜੱਗਬਾਣੀ ਅਤੇ ਅਜੀਤ ਵਿਚਾਲੇ ਚੱਲ ਰਹੀ ਨੰਬਰ 1 ਹੋਣ ਦੀ ਇਸ਼ਤਿਹਾਰੀ ਜੰਗ ਨੂੰ ਸਮਝਣ ਲਈ ਇਨ੍ਹਾਂ ਇਸ਼ਤਿਹਾਰਾਂ ਵੱਲ ਗੌਰ ਕਰਨ ਦੀ ਲੋੜ ਹੈ। ਜੱਗਬਾਣੀ ਜਿੱਥੇ ਪਾਠਕਾਂ ਦੇ ਮਾਮਲੇ ਵਿਚ ਆਪਣੇ ਆਪ ਨੂੰ ਪਹਿਲੇ ਨੰਬਰ ਉੱਤੇ ਦੱਸ ਰਿਹਾ ਹੈ, ਉੱਥੇ ਹੀ ਅਜੀਤ ਕਾਪੀਆਂ ਦੀ ਔਸਤ ਵਿਕਰੀ ਦੇ ਮਾਮਲੇ ਵਿਚ ਪਹਿਲੇ ਨੰਬਰ ’ਤੇ ਹੋਣ ਦਾ ਦਾਅਵਾ ਕਰ ਰਿਹਾ ਹੈ। ਇਸ ਤਰ੍ਹਾਂ ਇਹ ਦੋਵੇਂ ਹੀ ਆਪਣੀ-ਆਪਣੀ ਜਗ੍ਹਾ ਸੱਚੇ ਹਨ, ਤੇ ਦੋਵੇਂ ਹੀ ਨੰਬਰ 1 ਹਨ।


ਨੰਬਰ 1 ਹੋਣ ਦੀ ਇਹ ਸਾੜੀ ਲੜਾਈ ਵੱਧ ਤੋਂ ਵੱਧ ਇਸ਼ਤਿਹਾਰਾਂ ਉੱਪਰ ਕਬਜ਼ਾ ਕਰਨ ਅਤੇ ਇਸ਼ਤਿਹਾਰਾਂ ਦੇ ਉੱਚੇ ਭਾਅ ਮਿੱਥਣ ਲਈ ਕੀਤੀ ਜਾਂਦੀ ਹੈ। ਜਿਸ ਅਖ਼ਬਾਰ ਦੀ ਵਿਕਣ ਗਿਣਤੀ ਅਤੇ ਪਾਠਕ ਸੰਖਿਆ ਸਭ ਤੋਂ ਜ਼ਿਅਦਾ ਹੋਵੇਗੀ, ਉਸ ਕੋਲ ਹੀ ਵੱਧ ਇਸ਼ਤਿਹਾਰ ਆਉਣਗੇ ਅਤੇ ਉਹੀ ਇਸ਼ਤਿਹਾਰਾਂ ਦੀਆਂ ਦਰਾਂ ਮਨਮਰਜ਼ੀ ਨਾਲ ਵਸੂਲ ਸਕਣਗੀਆਂ।
ਇਹ ਦੋਵੇਂ ਅਖ਼ਬਾਰਾਂ ਦੇ ਅਦਾਰੇ ਪੰਜਾਬੀ ਅਖ਼ਬਾਰਾਂ ਦੇ ਮਾਮਲੇ ਵਿਚ ਤਾਂ ਇਹ ਖੇਡ, ਖੇਡ ਹੀ ਰਹੇ ਹਨ, ਹਿੰਦ ਸਮਾਚਰ ਗਰੁੱਪ ਆਪਣੀ ਹਿੰਦੀ ਅਖ਼ਬਾਰ ਪੰਜਾਬ ਕੇਸਰੀ ਦੇ ਮਾਮਲੇ ਵਿਚ ਇਕ ਕਦਮ ਹੋਰ ਵੀ ਅਗਾਹ ਚਲਿਆ ਗਿਆ ਹੈ। 4 ਫਰਵਰੀ ਦੇ ਜੱਗਬਾਣੀ ਅਖ਼ਬਾਰ ਦੇ ਮੁੱਖ ਪੰਨੇ ਉੱਤੇ ਛਪੇ ਇਸ਼ਤਿਹਾਰ ਵਿਚ ਪੰਜਾਬ ਦੇ ਅੰਕੜੇ ਦੇ ਕੇ ਦਾਅਵਾ ਕੀਤਾ ਗਿਆ ਹੈ ਕਿ ਜੱਗਬਾਣੀ ਅਤੇ ਪੰਜਾਬ ਕੇਸਰੀ ਦੀ ਪਾਠਕ ਗਿਣਤੀ, ਦੈਨਿਕ ਭਾਸਕਰ, ਅਜੀਤ,  ਦੈਨਿਕ ਜਾਗਰਣ, ਪੰਜਾਬੀ ਜਾਗਰਣ, ਅਮਰ ਉਜਾਲਾ ਆਦਿ ਅਖ਼ਬਾਰਾਂ ਤੋਂ ਕਿਤੇ ਜ਼ਿਆਦਾ ਹੈ। ਇਸ ਦੇ ਨਾਲ ਹੀ ਦਿੱਤੇ ਗਏ ਦੂਜੇ ਇਸ਼ਤਿਹਾਰ ਵਿਚ ਸਿਰਫ਼ ਜੱਗਬਾਣੀ ਅਤੇ ਪੰਜਾਬ ਕੇਸਰੀ ਦੇ ਪੂਰੇ ਭਾਰਤ ਦੇ ਕੁਲ ਅੰਕੜੇ ਦੇ ਕੇ ਦੋਵਾਂ ਨੂੰ ਸਾਂਝੇ ਰੂਪ ਵਿਚ ਉੱਤਰ ਭਾਰਤ ਵਿਚ ਪਹਿਲੇ ਨੰਬਰ ਦੇ ਅਖ਼ਬਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇੱਥੇ ਬਾਕੀ ਅਖ਼ਬਾਰਾਂ ਦੇ ਸਮੁੱਚੇ ਭਾਰਤ ਦੇ ਅੰਕੜੇ ਨਹੀਂ ਦਿੱਤੇ ਗਏ, ਕਿਉਂਕਿ ਜੇ ਸਾਰੀਆਂ ਅਖ਼ਬਾਰਾਂ ਦੇ ਅੰਕੜੇ ਦਿੱਤੇ ਜਾਣਗੇ ਤਾਂ ਸਮੁੱਚੇ ਭਾਰਤ ਵਿਚ ਪੰਜਾਬ ਕੇਸਰੀ ਸੱਤਵੇਂ ਨੰਬਰ ਉੱਤੇ ਖਿਸਕ ਜਾਵੇਗਾ। 
ਤੁਸੀਂ ਸ਼ਾਇਦ ਹੈਰਾਨ ਹੋਵੇਗੇ ਕਿ ਇਹ ਖੇਡ ਸਿਰਫ਼ ਪੰਜਾਬੀ ਅਖ਼ਬਾਰਾਂ ਵਿਚ ਹੀ ਚੱਲ ਰਹੀ ਹੈ, ਜੀ ਨਹੀਂ ਜਨਾਬ ਸਿਰਫ਼ ਪੰਜਾਬੀ ਅਖ਼ਬਾਰਾਂ ਹੀ ਨਹੀਂ, ਦੇਸ਼ ਭਰ ਦੀਆਂ ਕਈ ਵੱਡੀਆਂ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀਆਂ ਅਖ਼ਬਾਰਾਂ ਵੀ ਅੰਕੜਿਆਂ ਦੀ ਇਹ ਖੇਡ ਕਰਕੇ ਆਪਣੇ ਆਪ ਨੂੰ ਨੰਬਰ 1 ਅਖ਼ਬਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀ ਅੰਗਰੇਜ਼ੀ ਅਖ਼ਬਾਰਾਂ ਹਿੰਦੁਸਤਾਨ ਟਾਈਮਜ਼ ਅਤੇ ਦ ਟ੍ਰਿਬਿਊਨ ਵਿਚਾਲੇ ਵੀ ਇਸ਼ਤਿਹਾਰਾਂ ਦੀ ਇਹ ਜੰਗ ਛਿੜੀ ਰਹੀ ਸੀ।
ਸੋ ਇਹ ਹਨ ਉਹ ਤੱਥ ਜੋ ਦੱਸਦੇ ਹਨ ਕਿ ਅਜੀਤ ਅਤੇ ਜੱਗਬਾਣੀ ਦੋਵੇਂ ਹੀ ਕਿਵੇਂ ਬਣ ਗਏ ਨੰਬਰ 1 ਅਖ਼ਬਾਰ। 


ਤੁਹਾਡਾ ਪਸੰਦੀਦਾ ਅਖ਼ਬਾਰ ਕਿਹੜਾ ਹੈ, ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। 
ਜੇ ਤੁਹਾਨੂੰ ਇਹ ਰਿਪੋਰਟ ਪਸੰਦ ਆਈ ਤਾਂ ਜ਼ੋਰਦਾਰ ਟਾਈਮਜ਼ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਹੋਰਾਂ ਨਾਲ ਵੀ ਸਾਂਝਾ ਕਰਨਾ।
ਜ਼ੋਰਦਾਰ ਟਾਈਮਜ਼ ਦਾ ਪੱਕਾ ਵਾਅਦਾ, ਖ਼ਬਰਾਂ ਦੀ ਜ਼ੋਰਦਾਰ ਪੜਤਾਲ ਦਾ ਇਰਾਦਾ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Posted

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com