Amar Singh Chamkila Film – ਚਮਕੀਲੇ ਨੂੰ ਕਿਸ ਨੇ ਮਾਰਿਆ? – Who Killed Chamkila?

Amar Singh Chamkila Film - ਚਮਕੀਲੇ ਨੂੰ ਕਿਸ ਨੇ ਮਾਰਿਆ? – Who Killed Chamkila?
Amar Singh Chamkila Film – ਚਮਕੀਲੇ ਨੂੰ ਕਿਸ ਨੇ ਮਾਰਿਆ? – Who Killed Chamkila?

ਫ਼ਿਲਮ ਚਮਕੀਲੇ ਨੂੰ ਹੋਰ ਵੱਡਾ ਇੰਟਰਨੈਸ਼ਨਲ ਸਟਾਰ ਬਣਾਏਗੀ!

ਇਹ ਰਿਵੀਯੂ (ਸਮੀਖਿਆ) ਨਹੀਂ ਹੈ।

ਚਮਕੀਲੇ ਬਾਰੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਹਨ ਜੋ ਮਿੱਥਾਂ ਬਣ ਚੁੱਕੀਆਂ ਹਨ, ਸੱਚ ਕੀ ਹੈ ਕਿਸੇ ਨੂੰ ਕੁਝ ਨਹੀਂ ਪਤਾ ਜਾਂ ਕਹਿ ਲਉ ਸਭ ਦੇ ਆਪੋ ਆਪਣੇ ਸੱਚ ਹਨ। ਜਿਵੇਂ ਕਿ ਚਮਕੀਲਾ ਕਿਹੋ ਜਿਹਾ ਬੰਦਾ ਸੀ? ਚਮਕੀਲੇ ਨੂੰ ਕਿਸ ਨੇ ਮਾਰਿਆ?

ਕੀ ਫ਼ਿਲਮ ਸੱਚੀ ਕਹਾਣੀ ਹੈ?

ਕੀ ਫ਼ਿਲਮ ਚਮਕੀਲੇ ਨੂੰ ਹੀਰੋ ਬਣਾਉਂਦੀ ਹੈ?

ਫ਼ਿਲਮ ਤਿੰਨ ਬੰਦਿਆਂ ਦੀ ਨਜ਼ਰ ਤੋਂ ਦਿਖਾਈ ਗਈ ਹੈ। ਉਹ ਤਿੰਨ ਬੰਦੇ ਕੌਣ ਹਨ?

ਸਭ ਤੋਂ ਵੱਡਾ ਸੁਆਲ ਚਮਕੀਲੇ ਨੂੰ ਕਿਸ ਨੇ ਮਾਰਿਆ?

ਇਸ ਪੋਸਟ ਵਿਚ ਉਨ੍ਹਾਂ ਵਿਚੋਂ ਕੁਝ ਤੱਥਾਂ ਬਾਰੇ ਗੱਲ ਕਰਾਂਗੇ।

ਪਹਿਲਾਂ ਇੰਟਰਨੈਸ਼ਨਲ ਸਟਾਰ ਵਾਲੀ ਗੱਲ, ਫ਼ਿਲਮ ਹਿੰਦੀ ਤੋਂ ਇਲਾਵਾ ਅੰਗਰੇਜ਼ੀ, ਤੇਲਗੂ, ਤਾਮਿਲ, ਪੋਲਿਸ਼ ਤੇ ਸਪੈਨਿਸ਼ ਭਾਸ਼ਾ ਵਿਚ ਡੱਬ ਕੀਤੀ ਗਈ ਹੈ। ਯਾਨੀ ਕਿ ਪਹਿਲੇ ਦਿਨ ਤੋਂ ਇੰਟਰਨੈਸ਼ਨਲ ਮਾਰਕੀਟ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਭਾਰਤ ਦੀ ਮਾਰਕੀਟ ਤਾਂ ਹੈ ਹੀ। ਚਮਕੀਲਾ ਪਹਿਲਾਂ ਹੀ ਚਰਚਿਤ ਹੈ, ਫ਼ਿਲਮ ਨਾਲ ਵੱਡੀ ਅੰਗਰੇਜ਼ੀ ਤੇ ਹਿੰਦੀ ਮਾਰਕੀਟ ਵਿਚ ਚਮਕੀਲੇ ਦੀ ਪਛਾਣ ਗੂੜ੍ਹੀ ਹੋਵੇਗੀ।  ਹੋਰ ਭਾਸ਼ਾਵਾਂ ਦੇ ਦਰਸ਼ਕ ਅੱਜ ਵੀ ਚਮਕੀਲੇ ਦੀ ਚਰਚਾ ਹੋਣ ਦੀ ਵਜ੍ਹਾ ਸਮਝ ਸਕਣਗੇ।

ਕੀ ਫ਼ਿਲਮ ਸੱਚੀ ਕਹਾਣੀ ਹੈ?

ਜਦੋਂ ਦੀ ਅਮਰ ਸਿੰਘ ਚਮਕੀਲਾ ਫ਼ਿਲਮ ਰਿਲੀਜ਼ ਹੋਣ ਦੀ ਚਰਚਾ ਸ਼ੁਰੂ ਹੋਈ ਹੈ ਸਭ ਤੋਂ ਪਹਿਲਾ ਸਵਾਲ ਇਹੀ ਚੱਲ ਰਿਹਾ ਹੈ ਕੀ ਫ਼ਿਲਮ ਚਮਕੀਲੇ ਦੀ ਕਿੰਨੀ ਸੱਚੀ ਕਹਾਣੀ ਪਰਦੇ ’ਤੇ ਉਤਾਰੇਗੀ? ਚਮਕੀਲੇ ਦੇ ਪੱਖ ਤੇ ਵਿਰੋਧ ਵਿਚ ਕਈ ਦਲੀਲਾਂ ਮਿਲਦੀਆਂ ਹਨ।  ਸਵਾਲ ਪੈਦਾ ਹੁੰਦਾ ਹੈ ਕਿ ਫ਼ਿਲਮ ਕਿਸ ਧਿਰ ਦੀ ਸੱਚਾਈ ਪੇਸ਼ ਕਰੇਗੀ। ਇਸ ਸੁਆਲ ਦਾ ਜੁਆਬ ਲੱਭਣ ਲਈ ਫ਼ਿਲਮ ਦੇਖਣੀ ਸ਼ੁਰੂ ਕੀਤੀ ਤਾਂ ਜੋ ਸਭ ਤੋਂ ਪਹਿਲਾਂ ਨਜ਼ਰ ਆਇਆ, ਇਕ ਪੈਰ੍ਹਾ ਜੋ ਅੰਗਰੇਜ਼ੀ ਵਿਚ ਲਿਖਿਆ ਆਉਂਦਾ ਹੈ, ਹੇਠਾਂ “ਕੌਮਿਆ ਵਿਚ ਹੈ” ਅਸੀਂ ਉਸ ਦੀ ਸੌਖੇ ਸ਼ਬਦਾਂ ਵਿਚ ਪੰਜਾਬੀ ਕੀਤੀ ਹੈ-

“ਇਸ ਫ਼ਿਲਮ ਦੀ ਕਹਾਣੀ ਥੋੜ੍ਹੀ-ਬਹੁਤ ਸੱਚੀਆਂ ਘਟਨਾਵਾਂ ਤੋਂ ਲਈ ਗਈ ਹੈ. ਇਸ ਫ਼ਿਲਮ ਦੇ ਕਈ ਪਾਤਰ, ਸਥਾਨ, ਨਾਮ ਅਤੇ ਘਟਨਾਵਾਂ ਪੂਰੀ ਤਰ੍ਹਾਂ ਕਾਲਪਨਿਕ ਹਨ। ਘਟਨਾਵਾਂ ਨੂੰ ਨਾਟਕੀ ਰੂਪ ਦੇਣ ਲਈ ਕੁਝ ਫ਼ਿਲਮੀ ਖੁੱਲ੍ਹਾਂ ਲਈਆਂ ਗਈਆਂ ਹਨ, ਹਾਲਾਂਕਿ ਫ਼ਿਲਮ ਵਿੱਚ ਦਰਸਾਏ ਗਏ ਕਿਸੇ ਵੀ ਘਟਨਾ, ਘਟਨਾਵਾਂ ਦੀ ਪ੍ਰਮਾਣਿਕਤਾ ਜਾਂ ਸ਼ੁੱਧਤਾ ਦਾ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ।”

ਸੋ ਕਹਿਣ ਦਾ ਮਤਲਬ ਇਹ ਹੈ ਕਿ ਫ਼ਿਲਮ ਚਮਕੀਲੇ ਦੀ ਜ਼ਿੰਦਗੀ ਤੋਂ ਤਾਂ ਲਈ ਗਈ ਹੈ, ਪੂਰੀ ਅਸਲੀ ਜ਼ਿੰਦਗੀ ਤੋਂ ਨਹੀਂ ਲਈ ਗਈ। ਬਸ ਮੋਟੀਆਂ-ਮੋਟੀਆਂ ਗੱਲਾਂ ਚੱਕ ਕੇ ਬਾਕੀ ਕਹਾਣੀ ਤੇ ਬੰਦੇ ਆਪਣੀ ਮਰਜ਼ੀ ਨਾਲ ਘੜ ਲਏ ਗਏ ਹਨ। ਫ਼ਿਲਮ ਵਿਚ ਮਸਾਲਾ ਪਾਉਣ ਲਈ ਤੇ ਫ਼ਿਲਮ ਨੂੰ ਮਜ਼ੇਦਾਰ ਬਣਾਉਣ ਲਈ ਕਈ ਬੰਦੇ ਵੀ ਆਪਣੇ ਵੱਲੋਂ ਪਾ ਦਿੱਤੇ ਗਏ ਹਨ ਤੇ ਕਈ ਘਟਨਾਵਾਂ ਵੀ ਆਪਣੇ ਵੱਲੋਂ ਘੜ ਲਈਆਂ ਗਈਆਂ ਹਨ। ਯਾਨਿ ਕਿ ਇਹ ਫ਼ਿਲਮ ਖ਼ਾਲਸ ਮਨੋਰੰਜਨ ਲਈ ਬਣਾਈ ਗਈ ਹੈ। ਦੇਖੋ ਤੇ ਮਜ਼ੇ ਲਉ।

ਉਂਝ ਵਿਵਾਦ ਤੋਂ ਬਚਣ ਲਈ ਅਕਸਰ ਇਹ ਸੂਚਨਾ ਫ਼ਿਲਮ ਦੇ ਸ਼ੁਰੂ ਵਿਚ ਦੇ ਦਿੱਤੀ ਜਾਂਦੀ ਹੈ ਤਾਂ ਜੋ ਕੋਈ ਘਾਟ-ਵਾਧ ਹੋ ਜਾਵੇ ਤਾਂ ਬਾਅਦ ਵਿਚ ਕਿਹਾ ਜਾ ਸਕੇ ਕਿ ਇਹ ਫ਼ਿਲਮ ਕਲਪਨਾ ’ਤੇ ਆਧਾਰਤ ਹੈ। ਸੋ, ਇਸ ਸੂਚਨਾ ਤੋਂ ਬਾਅਦ ਆਪਾਂ ਮੰਨ ਕੇ ਚੱਲਦੇ ਹਾਂ ਕਿ ਫ਼ਿਲਮ ਸੌ ਫ਼ੀਸਦੀ ਸੱਚੀ ਕਹਾਣੀ ਨਹੀਂ ਕਹਿੰਦੀ। ਇਹ ਸੱਚਾਈ ਤੇ ਕਲਪਨਾ ਨੂੰ ਮਿਲਾ ਕੇ ਫ਼ਿਲਮਕਾਰ ਵੱਲੋਂ ਘੜੀ ਗਈ ਕਹਾਣੀ ਤੇ ਉਸ ਦਾ ਨਜ਼ਰੀਆ ਪੇਸ਼ ਕਰਦੀ ਹੈ।

ਕੀ ਫ਼ਿਲਮ ਚਮਕੀਲੇ ਨੂੰ ਹੀਰੋ ਬਣਾਉਂਦੀ ਹੈ?

ਹਰ ਬੰਦੇ ਦੀ ਜ਼ਿੰਦਗੀ ਸਿੱਧ ਪੱਧਰੀ ਨਹੀਂ ਹੁੰਦੀ, ਜੋ ਦੁਨੀਆ ਨੂੰ ਦਿਸਦਾ ਹੈ, ਬੰਦੇ ਦੇ ਅੰਦਰ ਉਸ ਤੋਂ ਕਿਤੇ ਵਧ ਕਈ ਕੁਝ ਪਿਆ ਹੁੰਦਾ ਹੈ, ਉਸ ਦੇ ਫੈਸਲਿਆਂ ਨੂੰ ਉਹ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ। ਚਮਕੀਲਾ ਕਿਹੋ ਜਿਹਾ ਬੰਦਾ ਸੀ, ਇਹ ਸਮਝਣ ਲਈ ਫ਼ਿਲਮ ਉਸ ਦੇ ਘਰ ਦੇ ਮਾਹੌਲ, ਉਸ ਦੀ ਜਾਤ ਤੇ ਜਾਤ ਪ੍ਰਤੀ ਸਮਾਜ ਦਾ ਵਤੀਰਾ, ਘਰ ਦੀ ਆਰਥਕ ਹਾਲਤ, ਇਲਾਕੇ (ਪੰਜਾਬ) ਦੀ ਸਮਾਜਿਕ ਤੇ ਮਾਨਸਿਕ ਬਣਤਰ, ਇਨ੍ਹਾਂ ਸਭ ਗੱਲਾਂ ਵਿਚਾਲੇ ਰੱਖ ਕੇ ਚਮਕੀਲੇ ਨੂੰ ਦੇਖਦੀ ਹੈ।

ਇਹ ਗੱਲ ਫ਼ਿਲਮ ਜ਼ੋਰ ਦੇ ਕੇ ਕਹਿੰਦੀ ਹੈ ਕਿ ਚਮਕੀਲੇ ਨੂੰ ਪਤਾ ਸੀ ਕਿ ਉਹ ਕੀ ਹੈ, ਕਿੱਥੋਂ ਆਇਆ ਹੈ ਤੇ ਸਮਾਜ ਵਿਚ ਉਸ ਦਾ ਸੱਚ ਕੀ ਹੈ। ਉਸ ਨੂੰ ਵੱਡੇ ਸਟਾਰ ਹੋਣ ਦਾ ਵੀ ਅਹਿਸਾਸ ਸੀ, ਆਪਣੀ ਜ਼ਮੀਨੀ ਹਕੀਕਤ ਦਾ ਵੀ। ਇਕ ਸਟਾਰ ਦੇ ਆਪਣੇ ਪਿਛੋਕੜ ਕਰ ਕੇ ਤੇ ਉਸ ਦੇ ਪੇਸ਼ੇ ਦੀਆਂ ਹਕੀਕਤਾਂ ਕਰਕੇ ਕੀ ਅਸੁਰੱਖਿਆਵਾਂ ਜਾਂ ਡਰ ਹੁੰਦੇ ਹਨ, ਫ਼ਿਲਮਕਾਰ ਇਮਤਿਆਜ਼ ਅਲੀ, ਚਮਕੀਲੇ ਦੇ ਕਿਰਦਾਰ ਰਾਹੀਂ ਉਹ ਸਭ ਕੁਝ ਦਿਖਾਉਂਦਾ ਹੈ।

ਚਮਕੀਲਾ ਸਾਧਾਰਨ ਇਨਸਾਨਾਂ ਵਰਗਾ ਇਨਸਾਨ ਸੀ, ਸਿੱਧਰਾ, ਜਿਗਿਆਸੂ, ਡਰਪੋਕ, ਜਾਤ ਦੀ ਹੀਣ ਭਾਵਨਾ ਦਾ ਸ਼ਿਕਾਰ, ਗ਼ਰੀਬ ਤੋਂ ਡਰਿਆ ਹੋਇਆ, ਕੁਝ ਬਣਨ ਦਾ ਜਨੂੰਨ, ਜੁਗਾੜੀ, ਹੰਕਾਰੀ, ਪਰਿਵਾਰ ਦੀ ਫ਼ਿਕਰ ਕਰਨ ਵਾਲਾ, ਚਮਕੀਲਾ ਦੁਨੀਆ ਲਈ ਸਟਾਰ ਹੋ ਕੇ ਵੀ, ਆਪਣੇ ਆਪ ਵਿਚ ਇਕ ਬਹੁਤ ਹੀ ਸਾਧਾਰਨ ਬੰਦਾ ਸੀ। ਇਹ ਫ਼ਿਲਮ ਦਿਖਾਉਂਦੀ ਹੈ। ਉਸ ਦੇ ਹੁਨਰ ਤੇ ਉਸ ਦੀ ਸ਼ਖ਼ਸੀਅਤਾਂ ਦੀਆਂ ਘਾਟਾਂ, ਚੁਸਤ-ਚਲਾਕੀਆਂ ਸਭ ਕੁਝ ਦਿਖਾਉਂਦੀ ਹੈ।

ਫ਼ਿਲਮ ਕਿਸ ਦਾ ਪੱਖ ਪੇਸ਼ ਕਰਦੀ ਹੈ?

ਫ਼ਿਲਮ ਤਿੰਨ ਵੱਖ-ਵੱਖ ਨਜ਼ਰੀਆਂ ਤੋਂ ਚਮਕੀਲੇ ਦਾ ਕਿਰਦਾਰ ਉਸਾਰਦੀ ਹੈ।  ਇਕ ਨਜ਼ਰੀਆ ਉਸ ਦਾ ਮੈਨੇਜਰ ਰਹੇ, ਉਸ ਨੂੰ ਸਟਾਰ ਬਣਾਉਣ ਦਾ ਦਾਅਵਾ ਕਰਨ ਵਾਲੇ ਤੇ ਫ਼ਿਰ ਨਫ਼ਰਤ ਕਰਨ ਲੱਗ ਪਏ ਕੇਸਰ ਸਿੰਘ ਟਿੱਕੀ ਦਾ ਹੈ, ਦੂਜਾ ਉਸ ਦੇ ਨਾਲ ਆਖ਼ਰੀ ਸਮੇਂ ਤੱਕ ਰਹੇ ਉਸ ਦੇ ਸ਼ਾਗਿਰਦਾਂ ਪਿਰਥੀਪਾਲ ਸਿੰਘ ਢੱਕਣ, ਕਿੱਕਰ ਡਾਲੇਵਾਲਾ ਤੇ ਉਸ ਦੇ ਮਿੱਤਰ ਸਵਰਨ ਸਿੰਘ ਸਿਵੀਆ ਦਾ ਹੈ। ਚਮਕੀਲਾ ਕਿਉਂਕਿ ਮਰ ਚੁੱਕਾ ਹੈ, ਸੋ ਉਸ ਦੀ ਸ਼ਖ਼ਸੀਅਤ ਦਾ ਬਹੁਤ ਹਿੱਸਾ ਇੰਨ੍ਹਾਂ ਦੀ ਨਜ਼ਰ ਤੋਂ ਉਸਾਰਿਆ ਗਿਆ ਹੈ।

ਬਹੁਤ ਥੋੜ੍ਹਾ ਜਿਹਾ ਤੇ ਸੰਕੇਤਾਂ ਵਿਚ ਚਮਕੀਲਾ ਆਪਣੇ ਬਾਰੇ ਆਪ ਕੀ ਸੋਚਦਾ ਸੀ, ਉਹ ਦਿਖਾਇਆ ਗਿਆ ਹੈ। ਜ਼ਾਹਿਰ ਹੈ ਇਹ ਗੱਲਾਂ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਨਜ਼ਦੀਕੀਆਂ ਰਾਹੀਂ ਹੀ ਫ਼ਿਲਮ ਵਿਚ ਆਈਆਂ ਹੋਣਗੀਆਂ। ਸਮਾਜ ਦੇ ਰਾਖੇ ਦਾ ਨਜ਼ਰੀਆ ਇਕ ਡੀਐਸਪੀ ਦੇ ਜ਼ਰੀਏ ਦਿਖਾਇਆ ਗਿਆ ਹੈ। ਸਮਾਜਕ ਨਜ਼ਰੀਆ ਦਰਸਾਉਣ ਵਿਚ ਥੋੜ੍ਹੀ ਜਿਹੀ ਭੂਮਿਕਾ ਅਮਰਜੋਤ ਦਾ ਪੇਕਾ ਪਰਿਵਾਰ ਤੇ ਚਮਕੀਲੇ ਦੇ ਪਿੰਡ ਦਾ ਸਰਪੰਚ ਵੀ ਦਿਖਾਉਂਦਾ ਹੈ।  ਖਾੜਕੂ ਧਿਰ ਦਾ ਨਜ਼ਰੀਆ ਪੇਸ਼ ਕਰਨ ਲਈ ਕਾਲਪਨਿਕ ਖਾੜਕੂ ਕਿਰਦਾਰ ਘੜੇ ਗਏ ਹਨ। ਕਿਸੇ ਵੀ ਗਰੁੱਪ ਵਾਲਾ ਇਸ਼ਾਰਾ ਨਹੀਂ ਕੀਤਾ ਗਿਆ। ਜੇ ਹੋਵੇ ਵੀ ਤਾਂ ਬਹੁਤ ਗੁੱਝਾ ਇਸ਼ਾਰਾ ਹੋ ਸਕਦਾ ਹੈ।

ਚਮਕੀਲੇ ਨੂੰ ਕਿਸ ਨੇ ਮਾਰਿਆ?

ਹੁਣ ਸਭ ਤੋਂ ਵੱਡਾ ਸੁਆਲ। ਚਮਕੀਲੇ ਨੂੰ ਮਾਰਨ ਵਾਲੇ ਕੌਣ ਸਨ? ਕੀ ਚਮਕੀਲੇ ਨੂੰ ਕਿਸੇ ਕਲਾਕਾਰ ਨੇ ਈਰਖਾ ਵਿਚ ਮਰਵਾਇਆ? ਕੀ ਚਮਕੀਲੇ ਨੂੰ ਖਾੜਕੂਆਂ ਨੇ ਮਾਰਿਆ? ਜਿਸ ਤਰ੍ਹਾਂ ਇਸ ਗੱਲ ਦਾ ਸਪੱਸ਼ਟ ਜੁਆਬ ਅੱਜ ਤੱਕ ਦੁਨੀਆ ਵਿਚ ਕਿਸੇ ਕੋਲ ਨਹੀਂ ਹੈ, ਫ਼ਿਲਮ ਵੀ ਇਸ ਗੱਲ ਦਾ ਸਪੱਸ਼ਟ ਜੁਆਬ ਨਹੀਂ ਦਿੰਦੀ। ਫ਼ਿਲਮ ਬਸ ਚਮਕੀਲੇ ਦੇ ਮਰਨ ਦੀ ਹਾਲਤ ਕਿਵੇਂ ਬਣੀ ਤੇ ਕਿਸ-ਕਿਸ ਨੇ ਬਣਾਈ, ਇਹ ਦੱਸਦੀ ਹੈ। ਫ਼ਿਲਮ ਦੱਸਦੀ ਹੈ ਕਿ ਚਮਕੀਲੇ ਦਾ ਉਸਤਾਦ ਰਜਿੰਦਰ ਜਿੰਦਾ (ਅਸਲੀ ਉਸਤਾਦ ਦਾ ਨਾਮ ਜੱਗ-ਜਾਹਿਰ ਹੀ ਹੈ) ਚਮਕੀਲੇ ਤੋਂ ਗੁੱਸੇ ਸੀ ਕਿਉਂਕਿ ਉਹ ਉਸ ਤੋਂ ਵੱਡਾ ਸਟਾਰ ਬਣ ਗਿਆ। ਚਮਕੀਲੇ ਦੇ ਸਟਾਰ ਬਣਨ ਕਰਕੇ ਬਾਕੀ ਕਲਾਕਾਰ ਵੀ ਫੇਲ੍ਹ ਹੋ ਗਿਆ। ਚਮਕੀਲਾ ਰਾਤੋਂ-ਰਾਤ ਸਭ ਤੋਂ ਵੱਡਾ ਬਣ ਗਿਆ, ਸਭ ਤੋਂ ਜ਼ਿਆਦਾ ਅਖਾੜੇ ਲਾਉਣ ਲੱਗ ਗਿਆ, ਸਭ ਤੋਂ ਵਧ ਰੇਟ ਮਿਲਣ ਲੱਗ ਗਿਆ ਤੇ ਇੱਥੋਂ ਤੱਕ ਕਿ ਵਿਦੇਸ਼ੀ ਸ਼ੋਅ ਵੀ ਲਾਉਣ ਲੱਗ ਗਿਆ। ਫ਼ਿਲਮਾਂ ਵਾਲੇ ਉਸ ਦੇ ਗੀਤ ਫ਼ਿਲਮਾਂ ਵਿਚ ਫ਼ਿਲਮਾਉਣ ਲੱਗ ਪਏ। ਫ਼ਿਲਮ ਵਿਚ ਫਿੱਟ ਕੀਤੀ ਉਸ ਦੇ ਅਖਾੜੇ ਦੀ ਵੀਡੀਉ ਫ਼ਿਲਮ ਹਿੱਟ ਕਰਾਉਣ ਲੱਗ ਪਈ।

ਫ਼ਿਲਮ ਕਹਿੰਦੀ ਹੈ ਇਸ ਗੱਲ ਕਰਕੇ ਸਾਰੇ ਕਲਾਕਾਰ ਇੱਕਠੇ ਹੋ ਕੇ ਚਮਕੀਲੇ ਨੂੰ ਬਦਨਾਮ ਕਰਨ ਦੀਆਂ ਸਕੀਮਾਂ ਘੜਨ ਲੱਗੇ। ਉਨ੍ਹਾਂ ਦਹਿਸ਼ਤ ਦੇ ਮਾਹੌਲ ਦਾ ਫ਼ਾਇਦਾ ਚੁੱਕਿਆ ਤੇ ਚਮਕੀਲੇ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਲੱਗੇ। ਕਹਿਣ ਲੱਗੇ ਸਾਡੇ ਗੰਦੇ ਗੀਤ ਤਾਂ ਚੱਲਦੇ ਨਹੀਂ, ਇਸ ਦੇ ਚੱਲਦੇ ਹਨ, ਇਸ ਨੂੰ ਬਦਨਾਮ ਕਰੋ।  ਉਨ੍ਹਾਂ ਇਸ ਵਾਸਤੇ ਪੱਤਰਕਾਰਾਂ ਦਾ ਸਹਾਰਾ ਲਿਆ। ਇਸ ਤਰ੍ਹਾਂ ਕਰਕੇ ਚਮਕੀਲੇ ਨੂੰ ਖਾੜਕੂ ਧਿਰਾਂ ਦੀਆਂ ਨਜ਼ਰਾਂ ਵਿਚ ਲਿਆਉਂਦਾ।  ਉਨ੍ਹਾਂ ਦੀ ਮਨਸ਼ਾ ਸੀ ਕਿ ਬਦਨਾਮੀ ਤੇ ਧਮਕੀਆਂ ਦੇ ਡਰੋਂ ਚਮਕੀਲਾ ਚੁੱਪ ਕਰ ਜਾਊ। ਜੇ ਕਿਸੇ ਨਾ ਮਾਰ ਵੀ ਦਿੱਤਾ ਤਾਂ ਨਾਮ ਲੋਈਆਂ ਵਾਲਿਆਂ ਦੇ ਸਿਰ ਲੱਗ ਜਾਊ। ਮਾਰਨ ਵਾਲਾ ਕੋਈ ਵੀ ਹੋ ਸਕਦਾ ਸੀ। ਖਾੜਕੂਆਂ ਦੇ ਭੇਸ ਵਿਚ ਫਿਰੌਤੀਆਂ ਮੰਗਣ ਵਾਲੇ ਵੀ ਤੇ ਭਾੜੇ ਦੇ ਕਾਤਲ ਵੀ। ਇਸ ਗੱਲ ਦਾ ਪੱਕਾ ਇਲਮ ਚਮਕੀਲੇ ਨੂੰ ਵੀ ਹੋ ਗਿਆ ਸੀ। ਖਾੜਕੂਆਂ ਵੱਲੋਂ ਆਖ਼ਰੀ ਵਾਰ ਸਮਝਾਉਣ ਵਾਲੀ ਕੈਨੇਡਾ ਵਿਚ ਹੋਈ ਮੀਟਿੰਗ ‘ਚ ਚਮਕੀਲਾ ਇਹ ਗੱਲ ਆਪ ਹੀ ਕਹਿੰਦਾ ਹੈ।

ਉਂਝ ਮਾਰਨ ਵਾਲਾ ਕੌਣ ਸੀ, ਫ਼ਿਲਮ ਕਹਿੰਦੀ ਹੈ ਕਿ ਉਸ ਦੀ ਕਦੇ ਪਛਾਣ ਨਹੀਂ ਹੋ ਸਕੀ। ਕਾਤਲ ਦਾ ਜੋ ਕਿਰਦਾਰ ਦਿਖਾਇਆ ਗਿਆ ਹੈ, ਉਸ ਦੇ ਪਰਨਾ ਬੰਨ੍ਹਿਆ ਹੋਇਆ ਹੈ। ਮੂੰਹ ਲੋਈ ਦੇ ਪੱਲੇ ਨਾਲ ਢਕਿਆ ਹੋਇਆ ਹੈ।  ਪਸਤੌਲ ਦੀ ਪਹਿਲੀ ਗੋਲੀ ਕਾਰ ‘ਚੋਂ ਨਿਕਲਦੇ ਈ ਅਮਰਜੋਤ ਦੇ ਮੱਥੇ ਵਿਚ ਬਿੰਦੀ ਵਾਲੀ ਥਾਂ ਵੱਜਦੀ ਹੈ। ਦੂਜੀ ਗੋਲੀ ਕਾਰ ਵਿਚੋਂ ਪਹਿਲਾਂ ਬਾਹਰ ਨਿਕਲ ਕੇ ਖੜ੍ਹੇ ਚਮਕੀਲੇ ਦੇ ਪਿੱਛਿਉਂ ਵੱਜਦੀ ਹੈ। ਹੇਠਾਂ ਡਿੱਗ ਗਏ ਚਮਕੀਲੇ ਨੂੰ ਮਾਰਨ ਤੋਂ ਪਹਿਲਾਂ ਕਾਤਲ ਲੋਈ ਦੀ ਬੁੱਕਲ ਖੋਲ੍ਹਦਾ ਹੈ। ਮੋਢੇ ਟੰਗੀ ਸਟੇਨਗਨ ਲਾਹੁੰਦਾ ਹੈ ਤੇ ਘੋੜਾ ਨੱਪ ਦਿੰਦਾ ਹੈ, ਕਿੰਨੀ ਹੀ ਦੇਰ ਠਾਹ-ਠਾਹ ਹੁੰਦੀ ਹੈ। ਇਸ ਵੇਲੇ ਕਾਤਲ ਦਾ ਚਿਹਰਾ ਨਹੀਂ ਦਿਖਾਇਆ ਗਿਆ। ਇਹ ਨਹੀਂ ਪਤਾ ਚੱਲਦਾ ਕਿ ਉਹ ਸਾਬਤ ਸੂਰਤ ਸੀ ਜਾਂ ਕੋਈ ਹੋਰ ਜਿਸ ਨੇ ਪਰਨਾ ਬੰਨ੍ਹਿਆ ਤੇ ਕੁੜਤਾ ਪਜਾਮਾ ਪਾਇਆ ਸੀ। ਬਾਅਦ ਵਿਚ ਖ਼ਬਰ ਵਿਚ ਵੀ ਤੇ ਪੁਲਸ ਵੀ ਇਹੀ ਦੱਸਦੀ ਹੈ ਕਿ ਚਮਕੀਲੇ ਦੇ ਕਾਤਲ ਦੀ ਪਛਾਣ ਨਹੀਂ ਹੋ ਸਕੀ। ਕੇਸ ਬੰਦ ਕਰ ਦਿੱਤਾ ਗਿਆ।

ਅੰਤ ਵਿਚ ਸਿਵਿਆ ਦੱਸਦਾ ਹੈ ਕਿ ਇਕ ਪੁਆਇੰਟ ’ਤੇ ਜਾ ਕੇ ਚਮਕੀਲੇ ਦਾ ਦਿਮਾਗ਼ ਖ਼ਰਾਬ ਹੋ ਗਿਆ ਸੀ।  ਸਿਵੀਏ ਦਾ ਮੰਨਣਾ ਸੀ ਕਿ ਚਮਕੀਲੇ ਨੂੰ ਸਮਝਾਇਆ ਸੀ ਕਿ ਉਹ ਥੋੜ੍ਹੀ ਦੇਰ ਅੰਡਰਗਰਾਂਉਂਡ ਹੋ ਜਾਵੇ ਤਾਂ ਹੀ ਬਚ ਸਕਦਾ ਹੈ। ਚਮਕੀਲੇ ਨੂੰ ਪਤਾ ਹੋਣ ਦੇ ਬਾਵਜੂਦ ਕਿ ਉਸ ਦਾ ਮਰਨਾ ਪੱਕਾ ਹੈ, ਉਸ ਨੇ ਸਿਵੀਏ ਦੀ ਗੱਲ ਦੀ ਪ੍ਰਵਾਹ ਨਹੀਂ ਕੀਤੀ ਤੇ ਆਪ ਹੀ ਮਰਨ ਲਈ ਕੈਨੇਡਾ ਤੋਂ ਪੰਜਾਬ ਵਾਪਸ ਆ ਗਿਆ। ਉਹ ਇਹ ਵੀ ਕਹਿੰਦਾ ਹੈ ਕਿ ਖਾੜਕੂ ਸਿੰਘਾਂ ਨੇ ਕਈ ਵਾਰ ਉਸ ਨੂੰ ਪਿਆਰ ਨਾਲ ਸਮਝਾਇਆ ਤੇ ਮੌਕੇ ਵੀ ਦਿੱਤੇ ਸਨ।

ਸਿਵੀਏ ਦਾ ਦਾਅਵਾ ਹੈ ਕਿ ਪਹਿਲੀ ਵਾਰ ਸਿਵੀਆ ਹੀ ਉਸ ਨੂੰ ਸਿੰਘਾਂ ਕੋਲ ਲੈ ਕੇ ਗਿਆ ਸੀ। ਪਹਿਲਾਂ ਤਾਂ ਉਹ ਸਹੁੰ ਖਾਣ ਦੇ ਬਾਵਜੂਦ ਤੇ ਨਾ ਚਾਹੁੰਦਿਆਂ ਹੋਇਆਂ ਵੀ ਸਰੋਤੇ ਘਟਣ ਦੇ ਡਰੋਂ, ਨਾਂਹ-ਨਾਂਹ ਕਰਦਾ ਮੁੜ ਪੁਰਾਣੀ ਲੀਹ ‘ਤੇ ਆ ਗਿਆ। ਸ਼ਾਗਿਰਦ ਤੇ ਸਾਥੀ ਪਿਰਥੀਪਾਲ ਢੱਕਣ ਅਨੁਸਾਰ ਆਖ਼ਰੀ ਵਾਰ ਸਪੱਸ਼ਟ ਚਿਤਾਵਨੀ ਮਿਲਣ ਦੇ ਬਾਵਜੂਦ ਚਮਕੀਲੇ ਨੇ ਖਾੜਕੂ ਸਿੰਘਾਂ ਨੂੰ ਵਾਅਦਾ ਕਰਨ ਦੇ ਕੁਝ ਸਕਿੰਟਾਂ ਬਾਅਦ ਹੀ ਉਹਨਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ। ਕਿਹਾ ਜਾ ਸਕਦਾ ਹੈ ਕਿ ਉਸ ਨੇ ਧੱਕੇ ਨਾਲ ਮਨਵਾਈ ਗਈ ਗੱਲ ਨਾ ਮੰਨਣ ਦਾ ਰਾਹ ਫੜ ਲਿਆ। ਫ਼ਿਲਮ ਇਹ ਵੀ ਸੰਕੇਤ ਕਰਦੀ ਹੈ ਕਿ ਚਮਕੀਲੇ ਦਾ ਆਪਣੀਆਂ ਆਦਤਾਂ ’ਤੇ ਕਾਬੂ ਹੀ ਨਹੀਂ ਰਹਿ ਗਿਆ ਸੀ।  ਸ਼ਾਇਦ ਇਸ ਗੱਲ ਨੂੰ ਸੰਕੇਤਕ ਰੂਪ ਵਿਚ ਰੱਖ ਕੇ ਹੀ ਫ਼ਿਲਮ ਚਮਕੀਲੇ ਨੂੰ ਕਿਤੇ ਬਾਗ਼ੀ ਵੀ ਕਹਿੰਦੀ ਹੈ। ਸਮਾਜ ਤੋਂ ਬਾਗ਼ੀ, ਧਾਰਮਿਕ ਮਰਿਆਦਾ ਤੋਂ ਬਾਗ਼ੀ ਤੇ ਆਪਣੇ ਆਪ ਤੋਂ ਬਾਗ਼ੀ, ਕਈ ਸੁਆਲ ਹਨ, ਜਿਨ੍ਹਾਂ ਦੇ ਜੁਆਬ ਸਿੱਧ-ਪੱਧਰੇ ਨਹੀਂ ਹਨ।

ਚਮਕੀਲਾ ਆਪਣੀ ਮੌਤ ਲਈ ਆਪ ਵੀ ਜ਼ਿੰਮੇਵਾਰ ਸੀ ਤੇ ਉਸ ਸਮੇਂ ਦਾ ਸਮਾਜਿਕ ਢਾਂਚਾ ਵੀ, ਫ਼ਿਲਮ ਇਹ ਗੱਲ ਬੜੀ ਸਪੱਸ਼ਟਤਾ ਨਾਲ ਕਹਿੰਦੀ ਹੈ। ਉਹ ਕਿਸੇ ਵੀ ਧਿਰ ਦਾ ਪੱਖ ਨਹੀਂ ਲੈਂਦੀ ਤੇ ਕਿਸੇ ਇਕ ਧਿਰ ਨੂੰ ਮੌਤ ਲਈ ਜ਼ਿੰਮੇਵਾਰ ਨਹੀਂ ਦੱਸਦੀ। ਜੇ ਇੰਝ ਕਹੀਏ ਕਿ ਫ਼ਿਲਮ ਇਹ ਕਹਿੰਦੀ ਹੈ ਕਿ ਖ਼ੁਦ ਚਮਕੀਲਾ ਤੇ ਹਾਲਾਤ ਦੋਵੇਂ ਹੀ ਜਿਹੋ-ਜਿਹੇ ਬਣ ਚੁੱਕੇ ਸਨ, ਚਮਕੀਲੇ ਦਾ ਮਰਨਾ ਪੱਕਾ ਸੀ। ਜੇ ਚਮਕੀਲਾ ਚਾਹੁੰਦਾ ਤਾਂ ਸ਼ਾਇਦ ਬਚ ਸਕਦਾ ਸੀ, ਸ਼ਾਇਦ, ਸ਼ਾਇਦ ‘ਤੇ ਗੌਰ ਕਰਨਾ, ਸ਼ਾਇਦ ਬਚ ਸਕਦਾ ਸੀ ਜਾਂ ਕੁਝ ਦੇਰ ਹੋਰ ਜਿਉਂ ਸਕਦਾ ਸੀ ਪਰ ਸੰਭਾਵਨਾ ਮੌਤ ਦੀ ਜ਼ਿਆਦਾ ਸੀ। ਇਕ ਹੋਰ ਸ਼ਾਇਦ ਇਹ ਕਿ ਚਮਕੀਲੇ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਤੇ ਸ਼ਾਇਦ ਇਸ ਕਰਕੇ ਉਸ ਨੇ ਪ੍ਰਵਾਹ ਛੱਡ ਦਿੱਤੀ ਸੀ ਕਿਉਂਕਿ ਉੱਪਰ ਜੋ ਦੱਸਿਆ ਚਮਕੀਲਾ ਕਿਹੋ-ਜਿਹਾ ਸੀ, ਉਸ ਤਰ੍ਹਾਂ ਦਾ ਹੁੰਦਿਆਂ ਚਮਕੀਲੇ ਨੇ ਉਹੀ ਕਰਨਾ ਸੀ, ਜੋ ਉਸ ਨੇ ਕੀਤਾ, ਜਿਵੇਂ ਇਸ ਫ਼ਿਲਮ ਵਿਚ ਦਿਖਾਇਆ ਗਿਆ ਹੈ।

ਫ਼ਿਲਮ ਵਿਚ ਆਮ ਲੋਕਾਂ ਦੇ ਨਜ਼ਰੀਏ ਵਿਚ ਚਮਕੀਲਾ ਬਹੁਤ ਘੈਂਟ ਦਿਖਾਇਆ ਗਿਆ ਹੈ, ਜਿਹਦੇ ਗੀਤਾਂ ਬਿਨਾਂ ਉਨ੍ਹਾਂ ਦਾ ਸਰਦਾ ਨਹੀਂ ਹੈ।  ਸਮਾਜ ਦੇ ਪ੍ਰਤੀਕ ਦੇ ਰੂਪ ਵਿਚ ਡੀਐਸਪੀ ਸਾਰੀ ਫ਼ਿਲਮ ਵਿਚ ਸਮਾਜ ਦੀ ਬੋਲੀ ਬੋਲਦਾ ਚਮਕੀਲੇ ਨੂੰ ਲੱਚਰ ਗੀਤ ਗਾਉਣ ਵਾਲਾ ਤੇ ਸਮਾਜ ‘ਤੇ ਕਲੰਕ ਦੱਸਦਾ ਹੈ। ਉਹੀ ਡੀਐਸਪੀ ਚਮਕੀਲੇ ਦੀ ਮੌਤ ਤੋਂ ਬਾਅਦ ਆਪਣੀ ਪੁਲਸ ਜੀਪ ਵਿੱਚ ਤਾਲਾ ਕੇ ਰੱਖੀਆਂ ਚਮਕੀਲੇ ਦੀਆਂ ਕੈਸਟਾਂ ਕੱਢਦਾ ਹੋਇਆ ਨਜ਼ਰ ਆਉਂਦਾ ਹੈ। ਅੰਤ ਵਿਚ ਉਹੀ ਆਪਣੇ ਸਕੂਲ ਪੜ੍ਹਦੇ ਲੁਕ ਕੇ ਗੀਤ ਸੁਣਦੇ ਪੁੱਤਰ ਨੂੰ ਕਹਿੰਦਾ ਹੈ ਕਿ ਜੇ ਦਿਲ ਕਰੇ ਤਾਂ ਚਮਕੀਲਾ ਸੁਣ ਲਿਆ ਕਰੇ। ਇਸ ਤਰ੍ਹਾਂ ਫ਼ਿਲਮ ਸਮਾਜ ਦੇ ਦੋਹਰੇ ਕਿਰਦਾਰ ਨੂੰ ਦਿਖਾਉਂਦੀ ਹੈ।

ਕੀ ਚਮਕੀਲਾ ਲੱਚਰਤਾ ਕਰ ਕੇ ਮਾਰਿਆ ਗਿਆ ਸੀ?

ਫ਼ਿਲਮ ਇਹ ਸੁਆਲ ਛੱਡ ਕੇ ਜਾਂਦੀ ਹੈ ਕਿ ਅਸ਼ਲੀਲ ਕੌਣ ਹੈ? ਚਮਕੀਲਾ ਜਾਂ ਸਮਾਜ ਦੀ ਮਾਨਸਿਕਤਾ? ਫ਼ਿਲਮ ਇਹ ਸਵਾਲ ਦਾ ਜੁਆਬ ਉਵੇਂ ਹੀ ਛੱਡ ਜਾਂਦੀ ਹੈ, ਜਿਵੇਂ ਪਹਿਲਾਂ ਤੋਂ ਅਸਲੀਅਤ ਵਿਚ ਮੌਜੂਦ ਹੈ ਕਿ ਚਮਕੀਲੇ ਨੂੰ ਕਿਸ ਨੇ ਮਾਰਿਆ, ਕਿਸੇ ਨੂੰ ਪਤਾ ਨਹੀਂ। ਬਸ ਫ਼ਿਲਮ ਇਹ ਕਹਿੰਦੀ ਹੈ ਕਿ ਉਸ ਨੂੰ ਮਾਰਨ ਵਿਚ ਸਭ ਦੀ ਥੋੜ੍ਹੀ-ਥੋੜ੍ਹੀ ਭੂਮਿਕਾ ਸੀ। ਜੈਲਸੀ ਕਰਨ ਵਾਲੇ ਕਲਾਕਾਰਾਂ ਦੀ, ਖਾੜਕੂਆਂ ਦੀਆਂ ਧਮਕੀਆਂ ਦੀ, ਨਕਲੀ ਖਾੜਕੂਆਂ ਦੀਆਂ ਫ਼ਿਰੌਤੀਆਂ ਦੀ, ਸਮਾਜ ਦੀ ਦੋਹਰੀ ਮਾਨਸਿਕਤਾ ਦੀ, ਚਮਕੀਲਾ ਸੁਣਨ ਦੇ ਸ਼ੌਕੀਨਾਂ ਦੀ ਤੇ ਖ਼ੁਦ ਚਮਕੀਲੇ ਦੀ ਆਪਣੀ… ਫਿਲਮ ਸਮੁੱਚੇ ਸਮਾਜਕ ਵਰਤਾਰੇ ਨੂੰ ਦੋਸ਼ੀ ਠਹਿਰਾਉਂਦੀ ਹੈ ਤੇ ਬਰੀ ਕਿਸੇ ਨੂੰ ਵੀ ਨਹੀਂ ਕਰਦੀ।

ਇਹ ਬਹਿਸ ਬਹੁਤ ਪਹਿਲਾਂ ਤੋਂ ਚੱਲ ਰਹੀ ਹੈ ਤੇ ਇਹ ਬਹਿਸ ਇਸ ਫ਼ਿਲਮ ਤੋਂ ਬਾਅਦ ਅੱਗੇ ਵੀ ਚੱਲਦੀ ਰਹੇਗੀ। ਡੂੰਘੇ ਗੁੰਝਲਦਾਰ ਸੁਆਲਾਂ ਦੇ ਕਦੇ ਵੀ ਸਿੱਧਾ ਦੋ-ਹਰਫੀ ਜੁਆਬ ਨਹੀਂ ਹੁੰਦਾ ਪਰ ਚਮਕੀਲੇ ਦੇ ਕਹੇ ਅਨੁਸਾਰ ਇਹ ਦੁਨੀਆ ਗੁੰਝਲਾਂ ਨੂੰ ਸਮਝਾਉਣ ਵਾਲੀ ਸਮਝ ਨਾਲ ਨਹੀਂ ਚੱਲਦੀ। ਦੁਨੀਆ ਸਿੱਧ-ਪੱਧਰੇ ਢੰਗ ਨਾਲ ਚੱਲਦੀ ਹੈ ਤੇ ਚੱਲਦੀ ਜਾਂਦੀ ਹੈ। ਦੁਨੀਆ ਨੂੰ ਸਮਝਦਾਰੀ ਦੀ ਲੋੜ ਨਹੀਂ ਹੈ। ਉਸ ਨੇ ਬਸ ਚੱਲਦੇ ਜਾਣਾ ਹੈ, ਇਵੇਂ ਹੀ… ਇਹ ਬਹਿਸ ਵੀ ਇਵੇਂ ਹੀ ਚੱਲਦੀ ਰਹੇਗੀ… ਕਦੇ ਮੱਧਮ, ਕਦੇ ਚੁੱਪ ਤੇ ਕਦੇ ਫੇਰ ਭੱਖਵੀਂ, ਸਮੇਂ-ਸਮੇਂ ’ਤੇ ਇਹ ਬਹਿਸ ਚੱਲਦੀ ਰਹੇਗੀ।

ਤੁਹਾਡਾ ਇਸ ਬਾਰੇ ਕੀ ਵਿਚਾਰ ਹੈ, ਹੇਠਾਂ ਕਮੈਂਟ ਬਾਕਸ ਵਿਚ ਟਿੱਪਣੀ ਕਰ ਕੇ ਆਪਣੇ ਵਿਚਾਰ ਜ਼ਰੂਰ ਦਿਉ।

ਜੇ ਲਿਖਤ ਚੰਗੀ ਲੱਗੇ ਤਾਂ ਫੇਸਬੁੱਕ, ਵੱਟਸ ਐਪ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਆਪਣੇ ਦੋਸਤਾਂ-ਮਿੱਤਰਾਂ ਨਾਲ ਸਾਂਝੀ ਕਰੋ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

, ,

by

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com