‘ਬੋਲ ਮਰਦਾਨਿਆਂ’ ਤੂੰ ਕਦੋਂ ਜੰਮਿਆਂ?

ਕੀ ਕੋਈ ਵਿਅਕਤੀ ਆਪਣੇ ਜਾਂ ਆਪਣੇ ਬੱਚੇ ਦੇ ਜੰਮਣ ਤੋਂ ਬਾਅਦ ਉਸ ਦਾ ਜੰਮਣ ਦਾ ਦਿਨ ਬਦਲ ਸਕਦਾ ਹੈ? ਅਸੀਂ ਵੱਡੇ ਦਾਨਿਸ਼ਵਰ ਸਿਰਜਣਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਦੀ ਸਿਰਜਣਾ ਉਨ੍ਹਾਂ ਦਾ ਬੱਚਾ ਹੈ। ਉਹ ਆਪਣੀ ਨਿੱਕੀ ਤੋਂ ਨਿੱਕੀ ਰਚਨਾ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨ। ਇੱਥੇ ਅਸੀਂ ਜਸਵੀਰ ਮੰਡ ਦੇ ਲਿਖੇ ਨਾਵਲ ‘ਬੋਲ ਮਰਦਾਨਿਆਂ’ ਦੀ ਗੱਲ ਕਰਨੀ ਹੈ? ਸਾਡੇ ਸਾਹਮਣੇ ਇਹ ਸਵਾਲ ਖੜ੍ਹਾ ਹੈ ਕਿ ‘ਬੋਲ ਮਰਦਾਨਿਆਂ’ ਕਦੋਂ ਜੰਮਿਆਂ? ਕਦੋਂ ਛਪਿਆ? ਕਿਸੇ ਕਿਤਾਬ ਦੇ ਛਪਣ ਦੀ ਤਰੀਕ ਨਾਲ ਕੀ ਫ਼ਰਕ ਪੈਂਦਾ ਹੈ? ਇਸ ਸਮਝਣ ਲਈ ਸਾਨੂੰ ਸਮਝਣਾ ਪਵੇਗਾ ਕਿ ਕਿਸ ਹਾਲਤ ਆਮ ਲੋਕ ਆਪਣਾ ਜਾਂ ਆਪਣੇ ਬੱਚਿਆਂ ਦੀ ਜਨਮ ਤਰੀਕ ਹੀ ਬਦਲਣ ਦੇ ਰਾਹ ਪੈਂਦੇ ਹਨ?

ਆਮ ਦੁਨੀਆਂ ਵਿਚ ਲੋਕ ਕੋਈ ਦੁਨਿਆਵੀ ਫ਼ਾਇਦੇ ਲੈਣ ਲਈ ਅਕਸਰ ਅਜਿਹਾ ਕਰਦੇ ਹਨ। ਪੁਰਾਣੇ ਸਮਿਆਂ ਵਿਚ ਜਦੋਂ ਬੱਚੇ ਦੀ ਜਨਮ ਤਰੀਕ ਦਾ ਕੋਈ ਪੱਕਾ ਸਬੂਤ ਨਹੀਂ ਹੁੰਦਾ ਸੀ ਤਾਂ ਸਕੂਲ ਦਾਖ਼ਲਾ ਕਰਵਾਉਣ ਵੇਲੇ, ਦਾਖ਼ਲੇ ਦੀ ਉਮਰ ਪੂਰੀ ਕਰਨ ਲਈ ਲੋਕ ਆਪਣੇ ਬੱਚੇ ਦੀ ਉਮਰ ਵਧਾ-ਘਟਾ ਕੇ ਲਿਖਾ ਦਿੰਦੇ ਸਨ। ਜਦੋਂ ਪੜ੍ਹਾਈ ਜਾਂ ਖੇਡਾਂ ਜਾਂ ਹੋਰ ਕਿਸੇ ਖੇਤਰ ਵਿਚ ਵਜ਼ੀਫੇ ਮਿਲਣ ਲੱਗੇ ਜੋ ਉਮਰ ਦੇ ਨਾਲ ਜੁੜੇ ਹੁੰਦੇ ਤਾਂ ਉਸ ਲਈ ਵੀ ਲੋਕ ਆਪਣੀ ਜਨਮ ਤਰੀਕ ਦੇ ਸਬੂਤ ਅੱਗੇ-ਪਿੱਛੇ ਕਰਨ ਲੱਗੇ।  ਉਸ ਵੇਲੇ ਤੱਕ ਸਰਕਾਰੀ ਨੌਕਰੀਆਂ ਦਾ ਇੰਨਾ ਬੋਲ਼ਬਾਲਾ ਨਹੀਂ ਸੀ। ਫਿਰ ਇਕ ਸਮਾਂ ਆਇਆ ਕਿ ਹਰ ਇਕ ਦਾ ਸੁਪਨਾ ਸਰਕਾਰੀ ਨੌਕਰੀ ਹਾਸਲ ਕਰਨਾ ਹੋ ਗਿਆ। ਫੇਰ ਲੋਕ ਸਰਕਾਰੀ ਨੌਕਰੀ ਹਾਸਲ ਕਰਨ, ਤਰੱਕੀ ਜਲਦੀ ਲੈਣ, ਰਿਟਾਇਰਮੈਂਟ ਲੇਟ ਕਰਨ ਜਾਂ ਹੋਰ ਕੋਈ ਫ਼ਾਇਦਾ ਲੈਣ ਲਈ ਜਨਮ ਤਰੀਕ ਅੱਗੇ ਪਿੱਛੇ ਕਰਨ ਲੱਗੇ। ਸੋਚੋ, ਭਲਾ, ਲੇਖਕ ਕਿਹੜਾ ਫ਼ਾਇਦਾ ਲੈਣ ਲਈ ਆਪਣੇ ਬੱਚੇ (ਕਿਤਾਬ) ਦੀ ਜਨਮ ਤਰੀਕ ਬਦਲਣ ਲੱਗੇ ਹਨ? ਵੈਸੇ ਇਸ ਵਾਸਤੇ ਬਾਹਲਾ ਸੋਚਣ ਦੀ ਕੀ ਲੋੜ ਹੈ? ਪਤਾ ਹੀ ਹੈ ਕਿ ਅੱਜ ਕੱਲ੍ਹ ਪੰਜਾਬੀ ਲੇਖਕਾਂ ਦਾ ਨਿਸ਼ਾਨਾ ਸਰਕਾਰੀ ਪੁਰਸਕਾਰ ਹੀ ਹੁੰਦੇ ਹਨ।

ਇਸ ਲਈ ‘ਬੋਲ ਮਰਦਾਨਿਆਂ’ ਨਾਵਲ ਵੀ ਪੁਰਸਕਾਰ ਪ੍ਰਾਪਤ ਕਰਨ ਲਈ ਵਾਰ-ਵਾਰ ਜੰਮਦਾ ਹੈ। ਹਰ ਵਾਰ ਆਪਣੀ ਨਵੀਂ ਜਨਮ ਤਰੀਕ ਘੜਦਾ ਹੈ ਤੇ ਪੁਰਸਕਾਰ ਦੀ ਕਤਾਰ ਵਿਚ ਲੱਗ ਜਾਂਦਾ ਹੈ। ਪੁਰਸਕਾਰ ਮਿਲਦਾ ਹੈ ਜਾਂ ਨਹੀਂ, ਇਹ ਬਾਅਦ ਦਾ ਮਸਲਾ ਹੈ, ਪਰ ਪੁਰਸਕਾਰ ਲਈ ਬਾਰ-ਬਾਰ ਜੰਮਣਾ ਸੁਆਲ ਪੈਦਾ ਕਰਦਾ ਹੈ। ਕੀ ਬਿਨਾਂ ਬਾਰ-ਬਾਰ ਮਰਿਆਂ ਬਾਰ-ਬਾਰ ਜੰਮਿਆ ਜਾ ਸਕਦਾ ਹੈ? ਇਸ ਦਾ ਜੁਆਬ ਤਾਂ ਜਿਨ੍ਹਾਂ ਨੇ ਇਕੋ ਨਾਵਲ ਬਾਰ-ਬਾਰ ਜੰਮਿਆ ਹੈ, ਉਹੀ ਦੱਸ ਸਕਦਾ ਹੈ।

ਫ਼ਿਲਹਾਲ ਤੁਹਾਨੂੰ ਦੱਸਦੇ ਹਾਂ ਕਿ ਇਹ ਨਾਵਲ ਕਦੋਂ-ਕਦੋਂ ਜੰਮਿਆ। ਮੂਲ ਰੂਪ ਵਿਚ ਜਸਬੀਰ ਮੰਡ ਦਾ ਲਿਖਿਆ ਨਾਵਲ ‘ਬੋਲ ਮਰਦਾਨਿਆ’ ਪਹਿਲੀ ਵਾਰ 2015 ਵਿਚ ਛਪਿਆ, ਜੋ ਇਸ ਦਾ ਪਹਿਲਾ ਜਨਮ ਸੀ। ਵਿਕੀਮੀਡੀਆ ‘ਤੇ ਛਪੇ ਹੋਏ ਇਸ ਨਾਵਲ ਦੀ ਜਾਣਕਾਰੀ ਦਿੰਦੇ ਪੰਨੇ ਉੱਤੇ ਵੀ ਇਸ ਦੀ ਇਹੋ ਜਨਮ ਤਰੀਕ ਦੇਖਣ ਨੂੰ ਮਿਲਦੀ ਹੈ (ਦੇਖਣ ਲਈ ਕਲਿੱਕ ਕਰੋ)। ਸੰਨ 2015 ਵਿਚ ਇਹ ਨਾਵਲ ਯੂਨੀਸਟਾਰ ਬੁੱਕਸ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ ਤੇ ਛਪਦੇ ਹੀ ਇਹ ਨਾਵਲ ਕਾਫ਼ੀ ਚਰਚਿਤ ਹੋਇਆ। ਇਸ ਬਾਰੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਵੱਡੇ-ਵੱਡੇ ਸੈਮੀਨਾਰ ਤੇ ਗੋਸ਼ਟੀਆਂ ਵੀ ਹੋਈਆਂ। ਅਜਿਹੀ ਹੀ ਇਕ ਗੋਸ਼ਟੀ ਸਾਰੰਗ ਲੋਕ ਵੱਲੋਂ ਫਰਵਰੀ 2016 ਵਿਚ ਕਰਵਾਈ ਗਈ। ਜਿਸ ਵਿਚ ਵੱਡੇ-ਵੱਡੇ ਵਿਦਵਾਨਾਂ ਤੋਂ ਇਲਾਵਾ ਖ਼ੁਦ ਨਾਵਲ ਦੇ ਲੇਖਕ ਜਸਬੀਰ ਮੰਡ ਨੇ ਸੰਬੋਧਤ ਕੀਤਾ। ਜਸਬੀਰ ਮੰਡ ਦੇ ਸੰਬੋਧਨ ਦੀ ਵੀਡੀਉ ਰਿਕਾਰਡਿੰਗ ਖ਼ੁਦ ਮੰਡ ਨੇ ਆਪਣੇ ਯੂ-ਟਿਊਬ ਚੈਨਲ ‘ਤੇ 13 ਫਰਵਰੀ 2016 ਨੂੰ ਸਾਂਝੀ ਕੀਤੀ।  ਉਹ ਵੀਡੀਉ ਰਿਕਾਰਡਿੰਗ ਤੁਸੀਂ ਹੇਠਾਂ ਦੇਖ ਸਕਦੇ ਹੋ-

ਜਸਬੀਰ ਮੰਡ ਆਪਣੇ ਯੂ-ਟਿਊਬ ਚੈਨਲ ‘ਤੇ 13 ਫਰਵਰੀ 2016 ਦੀ ਵੀਡੀਉ ਵਿਚ ਆਪ ਬੋਲਦੇ ਹੋਏ

ਇਸੇ ਨਾਵਲ ਬਾਰੇ ਇਕ ਲੰਮਾ ਪਾਠਕੀ ਪ੍ਰਤਿਕ੍ਰਮ ਡਾ. ਗੁਰਮੀਤ ਸਿੰਘ ਬੈਦਵਾਣ ਨੇ ਲਿਖਿਆ। ਇਹ ਸਮੀਖਿਆਨੁਮਾ ਲਿਖਤ ਮਾਰਚ 2016 ਵਿਚ ਸਰੋਕਾਰ ਨਾਮਕ ਆਨਲਾਈਨ ਮੈਗਜ਼ੀਨ ਵਿਚ ਛਪੀ (ਪੜ੍ਹਨ ਲਈ ਕਲਿੱਕ ਕਰੋ)

ਮੇਰੇ ਖ਼ਿਆਲ ਵਿਚ ਇਹ ਪ੍ਰਮਾਣ ਕਾਫ਼ੀ ਹਨ ਜੋ ਸਾਬਤ ਕਰਦੇ ਹਨ ਕਿ ਇਹ ਨਾਵਲ 2015 ਵਿਚ ਛਪ ਚੁੱਕਾ ਸੀ। ਜ਼ਾਹਿਰ ਹੈ ਕਿ ਇਹ ਨਾਵਲ ਛਪਦੇ ਸਾਰ ਹੀ ਚਰਚਿਤ ਹੋ ਗਿਆ ਸੀ ਜਾਂ ਇਸ ਬਾਰੇ ਲਗਾਤਾਰ ਪ੍ਰਚਾਰ ਕਰ ਕੇ ਇਸ ਦੀ ਚਰਚਾ ਬਣਾਈ ਰੱਖੀ ਗਈ ਸੀ, ਜਿਸ ਕਰਕੇ ਇਸ ਨਾਵਲ ਦੇ ਕਈ ਐਡੀਸ਼ਨ ਛਪੇ। ਮੁਮਕਿਨ ਹੈ ਕਿ ਹਰ ਐਡਿਸ਼ਨ ‘ਤੇ ਇਸ ਦੇ ਛਪਣ ਦਾ ਸਾਲ ਬਦਲਦਾ ਗਿਆ। ਇਸ ਤਰ੍ਹਾਂ ਇਹ ਨਾਵਲ ਬਾਰ-ਬਾਰ ਜੰਮਿਆ। ਆਮ ਪਾਠਕ ਸੋਚੇਗਾ ਕਿ ਸਾਲ ਬਦਲਣ ਨਾਲ ਕੀ ਫ਼ਰਕ ਪੈਂਦਾ ਹੈ? ਨਾਵਲ ਦੀ ਕਹਾਣੀ ਤਾਂ ਉਹੋ ਰਹਿੰਦੀ ਹੈ। ਪ੍ਰਕਾਸ਼ਕ ਆਪਣੇ ਫ਼ਾਇਦੇ ਲਈ ਸਾਲ ਬਦਲ ਦਿੰਦੇ ਹੋਣਗੇ।

ਜੇ ਗੱਲ ਸਿਰਫ਼ ਐਨੀ ਹੁੰਦੀ ਤਾਂ ਫੇਰ ਅਸੀਂ ਇਸ ਨਾਵਲ ਬਾਰੇ ਇੰਨੀ ਘੋਖ ਕਰਨ ਤੇ ਸਬੂਤ ਇਕੱਠੇ ਕਰਨ ’ਤੇ ਇੰਨਾ ਸਮਾਂ ਵਿਅਰਥ ਕਿਉਂ ਕਰਦੇ। ਦਰਅਸਲ ਜ਼ਿਆਦਾਤਰ ਵੱਡੇ (ਸਰਕਾਰੀ) ਸਨਮਾਨ ਪ੍ਰਾਪਤ ਕਰਨ ਲਈ ਕਿਤਾਬ ਇਕ ਮਿੱਥੀ ਮਿਆਦ ਤੱਕ ਹੀ ਯੋਗ ਹੁੰਦੀ ਹੈ। ਭਾਵ ਇਹ ਹੈ ਕਿ ਜਿਵੇਂ ਪੰਜਾਬ ਵਿਚ ਆਮ ਸਰਕਾਰੀ ਨੌਕਰੀ ਮਿਲਣ ਦੀ ਵਧ ਤੋਂ ਵਧ ਉਮਰ ਜਨਰਲ ਕੈਟਗਰੀ ਲਈ 37 ਸਾਲ ਹੈ ਤਾਂ ਕੋਈ 38 ਸਾਲ ਦਾ ਵਿਅਕਤੀ ਉਸ ਨੌਕਰੀ ਲਈ ਅਰਜ਼ੀ ਨਹੀਂ ਦੇ ਸਕਦਾ, ਅਪਲਾਈ ਨਹੀਂ ਕਰ ਸਕਦਾ। ਠੀਕ ਇਸੇ ਤਰ੍ਹਾਂ ਭਾਰਤੀ ਸਾਹਿਤ ਅਕਾਦੇਮੀ ਵੱਲੋਂ ਦਿੱਤੇ ਜਾਂਦੇ ਕੌਮੀ ਪੱਧਰ ਦੇ ਸਾਹਿਤ ਅਕਾਦੇਮੀ ਪੁਰਸਕਾਰ ਉਹੀ ਕਿਤਾਬ ਭੇਜੀ ਜਾ ਸਕਦੀ ਹੈ ਜੋ ਪਹਿਲੀ ਵਾਰ ਪੁਰਸਕਾਰ ਵਾਲੇ ਸਾਲ ਦੇ ਪਿਛਲੇ ਪੰਜ ਸਾਲਾਂ ਦੌਰਾਨ ਛਪੀ ਹੋਵੇ। ਭਾਰਤੀ ਸਾਹਿਤ ਅਕਾਦੇਮੀ ਦੇ ਸੰਵਿਧਾਨ ਵਿਚ ਦਰਜ ‘ਸਾਲਾਨਾ ਸਾਹਿਤ ਅਕਾਦੇਮੀ ਪੁਰਸਕਾਰ ਨਿਯਮ’ ਦੇ ਨਿਯਮ 2 ਦੀ ਮੱਦ 2 ਅਨੁਸਾਰ ਜਿਹੜੀ ਕਿਤਾਬ ਪਹਿਲਾਂ (ਪੁਰਾਣੇ ਸਾਲਾਂ ਵਿਚ) ਛਪ ਚੁੱਕੀ ਹੈ ਤੇ ਜਿਸ ਦੇ ਨਵੇਂ ਐਡੀਸ਼ਨ ਪੁਰਸਕਾਰ ਦੀ ਯੋਗਤਾ ਵਾਲੇ ਸਾਲ ਛਪੇ ਹੋਣ ਉਹ ਪੁਰਸਕਾਰ ਲਈ ਯੋਗ ਨਹੀਂ ਹੋਣਗੀਆਂ।

ਸਮਝਣ ਲਈ ਮਿਸਾਲ ਦੇਖੋ, ਸਾਲ 2023 ਵਿਚ ਪੰਜਾਬੀ ਕਵੀ ਸਵਰਨਜੀਤ ਸਵੀ ਨੂੰ ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਮਨ ਦੀ ਚਿੱਪ’ ਲਈ ਸਾਹਿਤ ਅਕਾਡੇਮੀ ਪੁਰਸਕਾਰ ਮਿਲਿਆ। ਇਹ ਪੁਰਸਕਾਰ ਸੰਨ 2022 ਲਈ ਸੀ। ਇਸ ਲਈ ਇਸ ਪੁਰਸਕਾਰ ਵਾਸਤੇ ਉਹੀ ਕਿਤਾਬਾਂ ਯੋਗ ਸਨ ਜੋ 1 ਜਨਵਰੀ 2017 ਤੋਂ 31 ਦਸੰਬਰ 2021 ਦੇ ਦੌਰਾਨ ਛਪੀਆਂ ਹੋਣ। ‘ਮਨ ਦੀ ਚਿੱਪ’ ਪਹਿਲੀ ਵਾਰ ਸੰਨ 2021 ਵਿਚ ਹੀ ਛਪੀ ਹੈ।

ਸ਼ਾਇਦ ਇਹ ਪਹਿਲਾਂ ਹੋਰ ਲੇਖਕ ਜਾਂ ਪ੍ਰਕਾਸ਼ਕ ਵੀ ਕਰਦੇ ਰਹੇ ਹੋਣ ਪਰ ਸਾਲ 2023 ਵਿਚ ਜੋ ਦੇਖਣ ਨੂੰ ਮਿਲਿਆ ਹੈ ਕਿ ਜਸਬੀਰ ਮੰਡ ਦਾ ਨਾਵਲ ‘ਬੋਲ ਮਰਦਾਨਿਆ’ ਪੁਰਸਕਾਰ ਲਈ ਵਿਚਾਰੀਆਂ ਗਈਆਂ ਸਾਲ ਦੀਆਂ ਚੋਟੀ ਦੀਆਂ 10 ਪੁਸਤਕਾਂ ਵਿਚ ਸ਼ਾਮਲ ਸੀ। ਭਾਰਤੀ ਸਾਹਿਤ ਅਕਾਦੇਮੀ ਵੱਲੋਂ ਜਾਰੀ ਕੀਤੀ ਗਈ ਦਫ਼ਤਰੀ ਸੂਚਨਾ ਮੁਤਾਬਕ ਇਸ ਸੂਚੀ ਵਿਚ ਇਸ ਪੁਸਤਕ ਦੇ ਪਹਿਲੀ ਵਾਰ ਛਪਣ ਦਾ ਸਾਲ 2019 ਲਿਖਿਆ ਹੋਇਆ। ਸਾਡੀ ਜਾਣਕਾਰੀ ਮੁਤਾਬਕ ਪਟਿਆਲੇ ਦੇ ਆਟਮ ਆਰਟ ਨਾਮਕ ਪ੍ਰਕਾਸ਼ਕ ਨੇ ਇਹ ਨਾਵਲ 2019 ਵਿਚ ਛਾਪਿਆ ਸੀ। ਉਸ ਤੋਂ ਪਹਿਲਾਂ ਇਹ ਨਾਵਲ ਸੰਨ 2015 ਤੋਂ ਲੋਕ ਗੀਤ ਪ੍ਰਕਾਸ਼ਨ (ਯੂਨੀਸਟਾਰ ਬੁੱਕਸ) ਤੋਂ ਛਪਦਾ ਰਿਹਾ ਹੈ। ਇਸ ਦਾ ਸਬੂਤ ਵੀ ਉੱਪਰ ਦੱਸੇ ਵਿੱਕੀਪੀਡੀਆ ਪੰਨੇ ਤੋਂ ਮਿਲਦੀ ਹੈ।

ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਸਾਲ 2020 ਵਿਚ ਵੀ ਪੁਰਸਕਾਰ ਲਈ ਵਿਚਾਰੇ ਜਾਣ ਵਾਸਤੇ ਆਖ਼ਰੀ ਪੜਾਅ ਵਿਚ ਪਹੁੰਚੀਆਂ ਅੱਠ ਪੁਸਤਕਾਂ ਦੀ ਸੂਚੀ ਵਿਚ ਇਸ ਦਾ ਪਹਿਲੀ ਵਾਰ ਛਪਣ ਸਾਲ 2017 ਲਿਖਿਆ ਹੋਇਆ ਹੈ। ਤਕਨੀਕੀ ਤੌਰ ‘ਤੇ ਜੇ ਇਸ ਦਾ ਪਹਿਲੀ ਵਾਰ ਛਪਣ ਸਾਲ 2015 ਵੀ ਲਿਖਿਆ ਜਾਂਦਾ ਤਾਂ ਵੀ ਇਹ ਪੁਸਤਕ ਵਿਚਾਰੇ ਜਾਣ ਲਈ ਯੋਗ ਸੀ। ਪਤਾ ਨਹੀਂ ਕੀ ਮਜਬੂਰੀ ਹੋਵੇਗੀ ਕਿ ਪੁਰਸਕਾਰ ਵਾਸਤੇ ਭੇਜਣ ਲਈ ਪੁਸਤਕ ਦਾ ਜੰਮਣ ਦਾ ਸਾਲ ਹੀ ਬਦਲ ਦਿੱਤਾ ਜਾਂਦਾ ਰਿਹਾ। ਕੀ ਇਹ ਇਸ ਲਈ ਕੀਤਾ ਗਿਆ ਤਾਂ ਜੇ ਉਸ ਸਾਲ ਪੁਰਸਕਾਰ ਨਾ ਮਿਲਦਾ ਤਾਂ ਅਗਲੇ ਸਾਲ ਫੇਰ ਕੋਸ਼ਿਸ਼ ਕੀਤੀ ਜਾਂਦੀ ਤੇ ਰਿਕਾਰਡ ਵਿਚ ਸਾਲ 2017 ਹੋਣ ਦਾ ਫ਼ਾਇਦਾ ਮਿਲਦਾ? ਪਰ ਮੈਨੂੰ ਨਹੀਂ ਲੱਗਦਾ ਪੰਜਾਬੀ ਲੇਖਕ ਦਿਮਾਗ ‘ਤੇ ਇੰਨਾ ਵੀ ਬੋਝ ਪਾਉਂਦੇ ਹੋਣ ਕਿਉਂਕਿ 2023 ਵਿਚ ਵੀ 2017 ਵਾਲੀ ਪੁਸਤਕ ਯੋਗ ਸੀ ਪਰ ਇਸ ਵਾਰ ਕਿਤਾਬ ਦੇ ਜੰਮਣ ਦਾ ਸਾਲ 2019 ਲਿਖਿਆ ਗਿਆ। ਕੀ ਇਸ ਦਾ ਮਕਸਦ ਕਿਤਾਬ ਨੂੰ ਪੁਰਸਕਾਰ ਦੇ ਯੋਗ ਬਣਾਈ ਰੱਖਣ ਲਈ ਜਿਉਂਦਾ ਰੱਖਣਾ ਸੀ ਜਾਂ ਨਵੇਂ ਪ੍ਰਕਾਸ਼ਕ ਨੂੰ ਫ਼ਾਇਦਾ ਪਹੁੰਚਾਉਣਾ ਸੀ? ਇਸ ਗੱਲ ਦਾ ਜੁਆਬ ਤਾਂ ਸਾਡੇ ਕੋਲ ਨਹੀਂ ਹੈ।

ਇੱਥੋਂ ਤੱਕ ਕਿ ਸੰਨ 2020 ਤੋਂ ਬਾਅਦ ਸੰਨ 2021 ਵਿਚ ਵੀ ਇਹ ਪੁਸਤਕ ਆਖ਼ਰੀ ਵਾਰ ਸਾਹਿਤ ਅਕਾਦਮੀ ਪੁਰਸਕਾਰ ਲਈ ਵਿਚਾਰੀ ਜਾ ਸਕਦੀ ਸੀ। ਹੈਰਾਨੀ ਹੁੰਦੀ ਹੈ ਕਿ ਉਸ ਸਾਲ ਇਹ ਪੁਸਤਕ ਚੌਟੀ ਦੀਆਂ ਕਿਤਾਬਾਂ ਦੀ ਸੂਚੀ ਵਿਚ ਨਹੀਂ ਪਹੁੰਚਦੀ। ਸੰਨ 2015 ਵਿਚ ਛਪੇ ਹੋਣ ਕਰ ਕੇ ਇਸ ਪੁਸਤਕ ਦੇ ਸਾਲ 2021 ਤੋਂ ਬਾਅਦ ਵਿਚਾਰੇ ਜਾਣ ਦੀ ਯੋਗਤਾ ਖ਼ਤਮ ਹੋ ਜਾਂਦੀ ਹੈ। ਸੰਨ 2022 ਵਿਚ ਵੀ ਇਹ ਕਿਤਾਬ ਪੁਰਸਕਾਰਾਂ ਵਾਲੀ ਅੰਤਿਮ ਸੂਚੀ ਵਿਚ ਨਹੀਂ ਨਜ਼ਰ ਆਉਂਦੀ। ਕੀ ਇਹ ਭੇਜੀ ਗਈ ਸੀ ਜਾਂ ਪਹੁੰਚੀ ਨਹੀਂ? ਆਖ਼ਰ ਵਿਚ 2023 ਵਿਚ ਕਿਸ ਨੇ ਸਲਾਹ ਦਿੱਤੀ ਕਿ ਸੰਨ 2019 ਵਿਚ ਛਪੇ ਐਡੀਸ਼ਨ ਨੂੰ ਪਹਿਲਾਂ ਐਡੀਸ਼ਨ ਦੱਸ ਕੇ ਪੁਰਸਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ? ਇਸ ਵਿਚ ਲੇਖਕ ਤੇ ਪ੍ਰਕਾਸ਼ਕਾਂ ਦੀ ਕੀ ਭੂਮਿਕਾ ਹੈ? ਸੁਆਲ ਤਾਂ ਬਹੁਤ ਹਨ।

ਜੁਆਬ ਕੌਣ ਦੇ ਸਕਦਾ ਹੈ? ਇਹ ਗੱਲ ਸਮਝਣ ਲਈ ਇਹ ਦੇਖਣਾ ਪਵੇਗਾ ਕਿ ਸਾਹਿਤ ਅਕਾਦੇਮੀ ਦੇ ਪੁਰਸਕਾਰ ਦੀ ਅੰਤਿਮ ਸੂਚੀ ਵਿਚ ਪੁਸਤਕਾਂ ਤੇ ਲੇਖਕਾਂ ਦੇ ਨਾਮ ਕਿਵੇਂ ਪਹੁੰਚਦੇ ਹਨ। ਸਾਹਿਤ ਅਕਾਦੇਮੀ ਦੇ ਸੰਵਿਧਾਨ ਵਿਚ ਦਰਜ ‘ਸਾਲਾਨਾ ਸਾਹਿਤ ਅਕਾਦੇਮੀ ਪੁਰਸਕਾਰ ਨਿਯਮ’ ਦੇ ਨਿਯਮ 3 ਦੀਆਂ ਮੱਦਾਂ ਅਨੁਸਾਰ ਸਭ ਤੋਂ ਪਹਿਲਾਂ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ ਆਪਣੇ ਵਿਚੋਂ ਅਕਾਦੇਮੀ ਦੇ ਪ੍ਰਧਾਨ ਦੀ ਅਗੁਵਾਈ ਵਿਚ ਮਿੱਥੀ ਪ੍ਰਕਿਰਿਆ ਅਨੁਸਾਰ 2 ਮਾਹਿਰਾਂ ਦੀ ਚੋਣ ਕਰਦੇ ਹਨ।  ਇਨ੍ਹਾਂ ਦੋ ਮਾਹਿਰ ਮੈਂਬਰਾਂ ਨੂੰ ਉਸ ਸਾਲ ਛਪੀਆਂ ਨਵੀਆਂ ਪੁਸਤਕਾਂ ਵਿਚੋਂ ਪੁਰਸਕਾਰ ਲਈ ਵਿਚਾਰੀਆਂ ਜਾਣ ਵਾਲੀਆਂ ਪੁਸਤਕਾਂ ਦੀ ਇਕ ਸੂਚੀ ਤਿਆਰ ਕਰਨ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ। ਇਸ ਸੂਚੀ ਨੂੰ ਜ਼ਮੀਨੀ ਸੂਚੀ (ਗਰਾਊਂਡ ਲਿਸਟ) ਕਿਹਾ ਜਾਂਦਾ ਹੈ। ਇਸ ਸੂਚੀ ਵਿਚ ਪਿਛਲੇ (ਯੋਗ) ਸਾਲਾਂ ਦੀ ਜ਼ਮੀਨੀ ਸੂਚੀ ਨੂੰ ਜੋੜ ਕੇ ਇਕ ਵੱਡੀ ਸੂਚੀ ਬਣਾਈ ਜਾਂਦੀ ਹੈ।

ਫਿਰ ਇਹ ਸੂਚੀ ਭਾਸ਼ਾ ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਆਪਣੇ ਵੱਲੋਂ ਦੋ-ਦੋ ਪੁਸਤਕਾਂ ਦੇ ਨਾਮ ਚੁਣ ਕੇ ਭੇਜਣ ਲਈ ਕਿਹਾ ਜਾਂਦਾ ਹੈ। ਉਹ ਇਹ ਦੋ ਨਾਮ ਇਸ ਜ਼ਮੀਨੀ ਸੂਚੀ ਵਿਚੋਂ ਵੀ ਚੁਣ ਸਕਦੇ ਹਨ ਤੇ ਸੂਚੀ ਦੇ ਬਾਹਰੋਂ ਆਪਣੀ ਮਰਜ਼ੀ ਦੇ ਦੋ ਨਾਮ ਵੀ ਭੇਜ ਸਕਦੇ ਹਨ। ਇਸ ਤਰ੍ਹਾਂ ਫਿਰ ਉਸ ਸਾਲ ਦੇ ਪੁਰਸਕਾਰ ਵਾਸਤੇ ਵਿਚਾਰੇ ਜਾਣ ਲਈ ਚੁਣੇ ਹੋਏ ਨਾਮਾਂ ਦੀ ਇਕ ਸੂਚੀ ਤਿਆਰ ਹੋ ਜਾਂਦੀ ਹੈ।

ਅਗਲੇ ਪੜਾਅ ਵਿਚ ਸਾਹਿਤ ਅਕਾਦੇਮੀ ਦੇ ਸੰਵਿਧਾਨ ਵਿਚ ਦਰਜ ‘ਸਾਲਾਨਾ ਸਾਹਿਤ ਅਕਾਦੇਮੀ ਪੁਰਸਕਾਰ ਨਿਯਮ’ ਦੇ ਨਿਯਮ 4 ਦੀ ਮੱਦ 1 ਅਨੁਸਾਰ ਅਕਾਦਮੀ ਦਾ ਉਸ ਸਾਲ ਵਾਸਤੇ ਚੁਣਿਆ ਹੋਇਆ ਭਾਸ਼ਾ ਸਲਾਹਕਾਰ ਬੋਰਡ ਮੁੱਢਲੇ ਪੈਨਲ ਵਿਚ ਸ਼ਾਮਲ ਕਰਨ ਲਈ 10 ਮੈਂਬਰਾਂ ਦੇ ਨਾਮ ਭੇਜਦਾ ਹੈ। ਇਸ ਮੁੱਢਲੇ ਪੈਨਲ ਦੇ 10 ਮੈਂਬਰਾਂ ਨੂੰ ਰੈਫ਼ਰੀ ਕਿਹਾ ਜਾਂਦਾ ਹੈ। ਪਿਛਲੇ ਪੜਾਅ ਵਿਚ ਤਿਆਰ ਕੀਤੀ ਗਈ ਵਿਚਾਰ-ਅਧੀਨ ਸੂਚੀ ਇਨ੍ਹਾਂ 10 ਰੈਫ਼ਰੀਆਂ ਨੂੰ ਭੇਜੀ ਜਾਂਦੀ ਹੈ। ਇਸ ਪੱਧਰ ‘ਤੇ ਹਰੇਕ ਰੈਫ਼ਰੀ ਨੇ ਵੀ ਦੋ ਨਾਮ ਭੇਜਣੇ ਹੁੰਦੇ ਹਨ। ਰੈਫ਼ਰੀ ਇਹ ਦੋ ਨਾਮ ਉਨ੍ਹਾਂ ਨੂੰ ਭੇਜੀ ਗਈ ਸੂਚੀ ਵਿਚੋਂ ਵੀ ਚੁਣ ਸਕਦੇ ਹਨ ਤੇ ਸੂਚੀ ਦੇ ਬਾਹਰੋਂ ਆਪਣੀ ਮਰਜ਼ੀ ਦੇ ਦੋ ਨਾਮ ਵੀ ਭੇਜ ਸਕਦੇ ਹਨ।

ਇਸ ਤੋਂ ਅਗਲੇ ਪੜਾਅ ਵਿਚ ਤਿੰਨ ਮੈਂਬਰੀ ਜਿਊਰੀ ਦਾ ਗਠਨ ਕੀਤਾ ਜਾਂਦਾ ਹੈ। ਜਿਊਰੀ ਦੇ ਗਠਨ ਵਾਸਤੇ ਵੀ ਨਾਮ ਭਾਸ਼ਾ ਸਲਾਹਕਾਰ ਬੋਰਡ ਹੀ ਭੇਜਦਾ ਹੈ ਜਿਨ੍ਹਾਂ ਵਿਚੋਂ ਜਿਊਰੀ ਦੇ ਮੈਂਬਰਾਂ ਦੀ ਚੋਣ ਅਕਾਦੇਮੀ ਦਾ ਪ੍ਰਧਾਨ ਕਰਦਾ ਹੈ। ਫਿਰ ਅਕਾਦੇਮੀ ਇਸ ਤੋਂ ਪਿਛਲੇ ਪੜਾਅ ਵਿਚ ਪ੍ਰਾਪਤ ਹੋਈ ਸੂਚੀ ਵਾਲੀਆਂ ਕਿਤਾਬਾਂ ਪ੍ਰਕਾਸ਼ਕ ਤੋਂ ਮੁੱਲ ਖ਼ਰੀਦਦੀ ਹੈ। ਅਕਾਦੇਮੀ ਇਹ ਕਿਤਾਬਾਂ ਪੜ੍ਹਨ ਲਈ ਤਿੰਨੇ ਜਿਊਰੀ ਮੈਂਬਰਾਂ ਤੇ ਕਨਵੀਨਰ ਨੂੰ ਭੇਜਦੀ ਹੈ। ਫਿਰ ਇਹ ਜਿਊਰੀ ਮੈਂਬਰ ਆਪਸੀ ਸਹਿਮਤੀ ਨਾਲ ਜਾਂ ਆਪਸੀ ਸਹਿਮਤੀ ਨਾ ਬਨਣ ਦੀ ਸੂਰਤ ਵਿਚ ਬਹੁਮਤ ਨਾਲ ਜੇਤੂ ਦੀ ਚੋਣ ਕਰਦੇ ਹਨ।

ਹੁਣ ਸੁਆਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਸਾਰੇ ਸਾਲਾਂ ਦੌਰਾਨ ਮਾਹਿਰ ਵਿਦਵਾਨ ਤੇ ਰੈਫਰੀ ਪੈਨਲ ਵਾਲੇ ਉਹ ਕਿਹੜੇ ਵਿਦਵਾਨ ਸਨ, ਜੋ ਸਾਲ ਬਦਲ-ਬਦਲ ਕੇ ਆ ਰਹੀ ‘ਬੋਲ ਮਰਦਾਨਿਆ’ ਨੂੰ ਪੁਰਸਕਾਰ ਲਈ ਵਿਚਾਰ ਰਹੇ ਸਨ? ਕੌਣ ਸਨ ਜੋ ਇਸ ਨੂੰ ਬਾਰ-ਬਾਰ ਅੰਤਿਮ ਸੂਚੀ ਵਿਚ ਭੇਜ ਰਹੇ ਸਨ? ਵੈਸੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਸੂਚਨਾ ਮੁਤਾਬਿਕ ਇਸ ਵਾਰ ਦੀ ਤਿੰਨ ਮੈਂਬਰੀ ਜਿਊਰੀ ਦੇ ਕਿਸੇ ਮੈਂਬਰ ਨੂੰ ‘ਬੋਲ ਮਰਦਾਨਿਆ’ ਦੇ ਪਹਿਲੀ ਵਾਰ ਛਪਣ ਦਾ ਸਾਲ 2015 ਪਤਾ ਸੀ। ਦੱਸਿਆ ਜਾਂਦਾ ਹੈ ਕਿ ਇਸ ਇਤਰਾਜ਼ ਦੇ ਸਾਹਮਣੇ ਆਉਣ ’ਤੇ ਅੰਤਿਮ ਸੂਚੀ ਵਿਚ ਆ ਜਾਣ ਦੇ ਬਾਵਜੂਦ ‘ਬੋਲ ਮਰਦਾਨਿਆ’ ਨੂੰ ਪੁਰਸਕਾਰ ਲਈ ਵਿਚਾਰਿਆ ਹੀ ਨਹੀਂ ਗਿਆ। ਫਿਰ ਵੀ ਇਹ ਸੁਆਲ ਤਾਂ ਬਣਦਾ ਹੀ ਹੈ ਕਿ ਆਖ਼ਰ ਜੰਮਣ-ਮਰਨ ਵਾਲੇ ਚੌਰਾਸੀ ਦੇ ਚੱਕਰ ਵਿਚ ਪਈ ਕਿਤਾਬ ਕਿਵੇਂ ਇਹ ਬਾਰ-ਬਾਰ ਪੁਰਸਕਾਰਾਂ ਵਾਲੀ ਅੰਤਿਮ ਸੂਚੀ ਵਿਚ ਆਪਣੀ ਥਾਂ ਬਣਾ ਲੈਂਦੀ ਹੈ? ਵੱਡਾ ਸੁਆਲ ਹੈ ਕਿ ਜੇ ਇਹ ਇਸ ਸਾਲ ਆਪਣੀ ਜੰਮਣ ਤਰੀਕ 2019 ਅਨੁਸਾਰ ਵਿਚਾਰੀ ਗਈ ਹੈ ਤਾਂ ਕੀ ਇਹ ਅਗਲੇ ਕੁਝ ਹੋਰ ਸਾਲਾਂ ਤੱਕ ਇਸੇ ਤਰ੍ਹਾਂ ਵਿਚਾਰੀ ਜਾਂਦੀ ਰਹੇਗੀ? ਕੀ ਇਹ ਖ਼ੁਲਾਸਾ ਹੋ ਜਾਣ ਤੋਂ ਬਾਅਦ ਵੀ ਇਸ ਪੁਸਤਕ ਦਾ ਲੇਖਕ ਤੇ ਪੁਰਸਕਾਰ ਦੀ ਜਿਊਰੀ ਨਾਲ ਜੁੜੇ ਵਿਦਵਾਨ ਆਪਣੀ ਕੋਈ ਨੈਤਿਕ ਜ਼ਿੰਮੇਵਾਰੀ ਲੈਣਗੇ?

ਇਨ੍ਹਾਂ ਸੁਆਲਾਂ ਦੇ ਨਾਲ ‘ਬੋਲ ਮਰਦਾਨਿਆਂ’ ਸਬੰਧੀ ਚਰਚਾ ਨੂੰ ਤਾਂ ਇੱਥੇ ਹੀ ਵਿਰਾਮ ਦਿੰਦੇ ਹਾਂ। ਸੁਆਲਾਂ ਦਾ ਸੁਆਲ ਤਾਂ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕਦੇ ਇਹ ਸਾਲ ਬਦਲਣ ਵਾਲੀ ਖੇਡ ਹੋਈ ਹੈ? ਕੀ ਕਿਸੇ ਪੁਸਤਕ ਨੂੰ ਇਸ ਤਰ੍ਹਾਂ ਸਾਲ ਬਦਲ ਕੇ ਪਿਛਲੇ ਸਾਲਾਂ ਵਿਚ ਪੁਰਸਕਾਰ ਵੀ ਪ੍ਰਾਪਤ ਹੋਇਆ ਹੈ? ਇਨ੍ਹਾਂ ਸੁਆਲਾਂ ਦਾ ਜੁਆਬ ਤਾਂ ਕੋਈ ਅੰਦਰ ਦਾ ਭੇਤੀ ਹੀ ਦੇ ਸਕਦਾ ਹੈ ਕਿਉਂਕਿ ਅਕਾਦੇਮੀ ਨੇ ਅੰਤਿਮ ਸੂਚੀ ਦੀ ਜਾਣਕਾਰੀ 2018 ਵਿਚ ਹੀ ਦੇਣੀ ਸ਼ੁਰੂ ਕੀਤੀ ਹੈ। ਉਸ ਤੋਂ ਪਹਿਲਾਂ ਵਾਲੀ ਜਾਣਕਾਰੀ ਤਾਂ ਅੰਦਰ ਹੀ ਹੈ ਜਾਂ ਫਿਰ ਸੂਚਨਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਰਾਹੀਂ ਕਢਾਈ ਜਾ ਸਕਦੀ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com