ਸ਼੍ਰੋਮਣੀ ਪੁਰਸਕਾਰਾਂ ਦਾ ਵਿਵਾਦ ਲਗਾਤਾਰ ਚਰਚਾ ਵਿਚ ਬਣਿਆ ਹੋਇਆ ਹੈ। ਮਾਮਲਾ ਅਦਾਲਤ ਵਿਚ ਤਾਂ ਚੱਲ ਹੀ ਰਿਹਾ ਹੈ, ਸੋਸ਼ਲ ਮੀਡੀਆ ਤੇ ਸਾਹਿਤਕ ਹਲਕਿਆਂ ਵਿਚ ਵੀ ਪੁਰਸਕਾਰਾਂ ਸਬੰਧੀ ਤਾਜ਼ਾ ਘਟਨਾਕ੍ਰਮ ਬਾਰੇ ਸਰਗੋਸ਼ੀਆਂ ਚੱਲ ਰਹੀਆਂ ਹਨ। ਵੱਖ-ਵੱਖ ਸਾਹਿਤਕ ਹਲਕਿਆਂ ਵਿਚ ਦੱਬਵੀਂ-ਘੁੱਟਵੀਂ ਆਵਾਜ਼ ਵਿਚ ਇਹ ਚਰਚਾ ਵੀ ਕੀਤੀ ਜਾ ਰਹੀ ਹੈ ਕਿ ਪ੍ਰੱਸਿਧ ਨਾਵਲਕਾਰ ਤੇ ਸਾਬਕਾ ਜ਼ਿਲ੍ਹਾ ਅਟਾਰਨੀ ਮਿੱਤਰ ਸੈਨ ਮੀਤ ਨੇ ਆਪ ਨੂੰ ਪੁਰਸਕਾਰ ਨਾ ਮਿਲਣ ਕਰਕੇ ਪੁਰਸਕਾਰਾਂ ’ਤੇ ਰੋਕ ਲਗਾਈ ਹੈ। ਭਾਵੇਂ ਕਿ ਖੁੱਲ੍ਹ ਕੇ ਸਾਹਮਣੇ ਆ ਕੇ ਕੋਈ ਵੀ ਮਿੱਤਰ ਸੈਨ ਮੀਤ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਜੁਆਬ ਨਹੀਂ ਦੇ ਰਿਹਾ ਅਤੇ ਨਾ ਹੀ ਕੋਈ ਪੁਰਸਕਾਰ ਜੇਤੂਆਂ ਦੇ ਹੱਕ ਵਿਚ ਬੋਲ ਰਿਹਾ ਹੈ ਪਰ ਦੱਬੀ ਜ਼ੁਬਾਨ ਵਿਚ ਪੁਰਸਕਾਰਾਂ ਲਈ ਚੁਣੇ ਗਏ ਸਾਹਿਤਕਾਰ ਤੇ ਉਨ੍ਹਾਂ ਦੇ ਧੜ੍ਹਿਆਂ ਦੇ ਲੋਕ ਮਿੱਤਰ ਸੈਨ ਮੀਤ ਹੁਰਾਂ ਨੂੰ ਹੀ ਕਟਿਹਰੇ ਵਿਚ ਖੜ੍ਹੇ ਕਰ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ-
ਮਿੱਤਰ ਸੈਨ ਮੀਤ ਨੂੰ ਐਵਾਰਡ ਨਹੀਂ ਮਿਲਿਆ ਇਸ ਕਰਕੇ ਉਹ ਬਾਕੀਆਂ ਦੇ ਐਵਾਰਡਾਂ ਦੇ ਰਾਹ ਵਿਚ ਕਾਨੂੰਨੀ ਕੰਧਾਂ ਖੜ੍ਹੀਆਂ ਕਰ ਰਹੇ ਹਨ।
ਕੁਝ ਦਾ ਦਾਅਵਾ ਹੈ ਕਿ ਮਿੱਤਰ ਸੈਨ ਮੀਤ ਚਾਹੁੰਦੇ ਹੀ ਨਹੀਂ ਕਿ ਕਿਸੇ ਹੋਰ ਨੂੰ ਪੁਰਸਕਾਰ ਮਿਲਣ।
ਇਹ ਦਾਅਵੇ ਕਰਨ ਵਾਲਿਆਂ ਦੇ ਦਾਅਵਿਆਂ ਵਿਚ ਕਿੰਨੀ ਸੱਚਾਈ ਹੈ, ਇਹ ਤਾਂ ਦਾਅਵੇ ਕਰਨ ਵਾਲੇ ਜਾਂ ਫਿਰ ਮਿੱਤਰ ਸੈਨ ਮੀਤ ਹੀ ਦੱਸ ਸਕਦੇ ਹਨ। ਫ਼ਿਲਹਾਲ ਮਿੱਤਰ ਸੈਨ ਮੀਤ ਵੀ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਨਾਮ ਲੈ ਕੇ ਪੁਰਸਕਾਰ ਲਈ ਚੁਣੇ ਗਏ ਕੁਝ ਸਾਹਿਤਕਾਰਾਂ ਤੇ ਵਿਦਵਾਨਾਂ ’ਤੇ ਸਵਾਲ ਖੜ੍ਹੇ ਕਰ ਰਹੇ ਹਨ।
ਇਨ੍ਹਾਂ ਦਾਅਵਿਆਂ ਤੇ ਜੁਆਬੀ-ਦਾਅਵਿਆਂ ਦੀ ਜੜ੍ਹ ਤੱਕ ਜਾਣ ਲਈ ਅਸੀਂ ਮਿੱਤਰ ਸੈਨ ਮੀਤ ਵੱਲੋਂ ਲੁਧਿਆਣਾ ਦੀ ਦੀਵਾਨੀ ਅਦਾਲਤ ਵਿਚ ਦਾਖ਼ਲ ਕੀਤੇ ਗਏ ਮੁਕੱਦਮੇ ਵਾਲੀ ਫ਼ਾਈਲ ਪੜ੍ਹਨ ਤੇ ਸਮਝਣ ਦੀ ਕੋਸ਼ਿਸ਼ ਕੀਤੀ। ਮੁਕੱਦਮੇ ਦੀ ਕਾਪੀ ਖ਼ੁਦ ਮਿੱਤਰ ਸੈਨ ਮੀਤ ਨੇ ਹੀ ਸੋਸ਼ਲ ਮੀਡੀਆ ਅਤੇ ਆਪਣੀ ਵੈਬਸਾਈਟ ਮਿੱਤਰਸੈਨਮੀਤ ਡੌਟ ਕੌਮ ਰਾਹੀਂ ਜਨਤਕ ਕੀਤੀ ਹੋਈ ਹੈ। ਉੱਥੋਂ ਪ੍ਰਾਪਤ ਮੁਕੱਦਮੇ ਦੀ ਅਰਜ਼ੀ ਪੜ੍ਹਦਿਆਂ ਕੁਝ ਸਵਾਲ ਸਾਡੇ ਸਾਹਮਣੇ ਆਉਂਦੇ ਹਨ-
ਕੀ ਸੱਚਮੁੱਚ ਮਿੱਤਰ ਸੈਨ ਮੀਤ ਮੰਨਦੇ ਹਨ ਕਿ ਉਨ੍ਹਾਂ ਤੋਂ ਜ਼ਿਆਦਾ ਸ਼੍ਰੋਮਣੀ ਪੁਰਸਕਾਰ ਦਾ ਹੱਕਦਾਰ ਹੋਰ ਕੋਈ ਨਹੀਂ ਹੈ?
ਕੀ ਮਿੱਤਰ ਸੈਨ ਮੀਤ ਇਹ ਸਾਰੀ ਕਾਨੂੰਨੀ ਕਾਰਵਾਈ ਦੂਜੇ ਸਾਹਿਤਕਾਰਾਂ ਨੂੰ ਮਿਲਣ ਵਾਲੇ ਪੁਰਸਕਾਰਾਂ ਨੂੰ ਰੋਕਣ ਲਈ ਕਰ ਰਹੇ ਹਨ?
ਕੀ ਉਹ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਪੁਰਸਕਾਰ ਮਿਲਣ?
ਅੰਗਰੇਜ਼ੀ ਵਿਚ ਦਾਖ਼ਲ ਕੀਤੀ ਗਈ ਅਰਜ਼ੀ ਪੜ੍ਹਨ ਤੋਂ ਬਾਅਦ ਜੋ ਸਾਡੇ ਸਾਹਮਣੇ ਆਉਂਦਾ ਹੈ ਉਹ ਕਾਫੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਦੀ ਅਰਜ਼ੀ ਦੇ ਪਹਿਲੇ ਦੋ-ਤਿੰਨ ਪੈਰ੍ਹੇ ਪੜ੍ਹ ਕੇ ਹੀ ਇੰਝ ਲਗਦਾ ਹੈ ਜਿਵੇਂ ਇਹ ਗੱਲ ਸੱਚਮੁੱਚ ਇੰਝ ਹੀ ਹੋਵੇ। ਇਸ ਮਸਲੇ ਨੂੰ ਸਮਝਣ ਲਈ ਅਸੀਂ ਇਨ੍ਹਾਂ ਪੈਰ੍ਹਿਆਂ ਦੀ ਇਕ-ਇਕ ਸਤਰ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖ਼ਰ ਉਹ ਚਾਹੁੰਦੇ ਕੀ ਹਨ? ਇਸ ਤੋਂ ਪਹਿਲਾਂ ਤੁਹਾਨੂੰ ਪੂਰੇ ਮਾਮਲੇ ਬਾਰੇ ਇਕ ਮੁੱਢਲੀ ਜਾਣਕਾਰੀ ਦੇ ਦਿੰਦੇ ਹਾਂ।
ਪੁਰਸਕਾਰਾਂ ਦਾ ਮਾਮਲਾ ਹੈ ਕੀ?
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਰਾਹੀਂ ਦਿੱਤੇ ਜਾਂਦੇ ਪੰਜਾਬੀ ਸਾਹਿਤ ਰਤਨ ਪੁਰਸਕਾਰ ਤੇ ਸ਼੍ਰੋਮਣੀ ਪੰਜਾਬੀ ਪੁਰਸਕਾਰਾਂ ਸਬੰਧੀ ਮੁਕੱਦਮਾ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਹੈ। ਇਸ ਮੁਕੱਦਮੇ ਕਰਕੇ ਸੰਨ 2020 ਵਿਚ ਦਿੱਤੇ ਗਏ ਪਿਛਲੇ ਛੇ (2015-2020) ਸਾਲਾਂ ਦੇ ਸਨਮਾਨਾਂ ਦੀ ਵੰਡ ‘ਤੇ ਸੰਨ 2021 ਵਿਚ ਅਦਾਲਤ ਵੱਲੋਂ ਰੋਕ ਲਾ ਦਿੱਤੀ ਗਈ ਸੀ। ਇਹ ਰੋਕ ਲੁਧਿਆਣਾ ਵਾਸੀ ਮਿੱਤਰ ਸੈਨ ਗੋਇਲ ਜਿਨ੍ਹਾਂ ਦਾ ਕਲਮੀ ਨਾਮ ਮਿੱਤਰ ਸੈਨ ਮੀਤ ਹੈ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲੁਧਿਆਣਾ ਦੀ ਸਿਵਿਲ ਅਦਾਲਤ ਵਿਚ ਦਾਇਰ ਇਕ ਮੁਕੱਦਮੇ ਅਤੇ ਰੋਕ ਲਾਉਣ ਲਈ ਪਾਈ ਗਈ ਅਰਜ਼ੀ ਦੇ ਆਧਾਰ ’ਤੇ ਲਾਈ ਗਈ ਸੀ।
ਇੱਥੇ ਇਹ ਵੀ ਦੱਸ ਦੇਣਾ ਬਣਦਾ ਹੈ ਕਿ ਪੰਜਾਬੀ ਸਾਹਿਤ ਰਤਨ ਪੁਰਸਕਾਰ ਲਈ ਦਸ (10) ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਪੰਜਾਬੀ ਸਾਹਿਤ ਪੁਰਸਕਾਰਾਂ ਸਮੇਤ ਵੱਖ-ਵੱਖ ਸਤਾਰਾਂ (17) ਸ਼੍ਰੇਣੀਆਂ ਵਿਚ ਪੰਜ (5) ਲੱਖ ਰੁਪਏ ਦੀ ਰਾਸ਼ੀ ਵਾਲੇ ਪੁਰਸਕਾਰ ਦਿੱਤੇ ਜਾਂਦੇ ਹਨ। ਕਈ ਕਾਰਨਾਂ ਕਰਕੇ ਸਾਲ 2015 ਤੋਂ 2020 ਦੇ ਦੌਰਾਨ ਇਹ ਪੁਰਸਕਾਰ ਰੈਗੂਲਰ ਨਹੀਂ ਦਿੱਤੇ ਗਏ। ਫਿਰ 2020 ਵਿਚ ਬੈਕਲਾਗ ਪੂਰਾ ਕਰਦੇ ਹੋਏ ਇਨ੍ਹਾਂ ਸਾਲਾਂ ਦੇ ਪੁਰਸਕਾਰ ਇੱਕਠੇ ਦੇ ਦਿੱਤੇ ਗਏ। ਇਨ੍ਹਾਂ ਪੁਰਸਕਾਰਾਂ ਦੇ ਐਲਾਨ ਤੋਂ ਬਾਅਦ ਹੀ ਚੁਣੇ ਗਏ ਨਾਮਾਂ ’ਤੇ ਵਿਵਾਦ ਖੜ੍ਹਾ ਹੋ ਗਿਆ ਸੀ।
ਪੰਜਾਬੀ ਦੇ ਉੱਘੇ ਨਾਵਲਕਾਰ, ਸਾਹਿਤ ਅਕਾਦਮੀ ਦਿੱਲੀ ਦੇ ਵੱਕਾਰੀ ਸਨਮਾਨ ਨਾਲ ਸਨਮਾਨਤ ਮਿੱਤਰ ਸੈਨ ਮੀਤ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਇਨ੍ਹਾਂ ਬਾਰੇ ਲੇਖ ਲਿਖ ਕੇ ਇਤਰਾਜ਼ ਜਤਾਏ ਸਨ। ਮਿੱਤਰ ਸੈਨ (ਗੋਇਲ) ਪੇਸ਼ੇ ਵੱਜੋਂ ਸਰਕਾਰੀ ਵਕੀਲ ਰਹੇ ਹਨ ਤੇ ਲੁਧਿਆਣਾ ਦੇ ਜ਼ਿਲ੍ਹਾ ਅਟਾਰਨੀ ਦੇ ਅਹੁਦੇ ਤੋਂ ਰਿਟਾਇਰਡ ਹੋਏ ਹਨ। ਸੰਨ 2021 ਵਿਚ ਉਨ੍ਹਾਂ ਨੇ ਇਸ ਸਾਰੇ ਮਾਮਲੇ ਨੂੰ ਅਦਾਲਤ ਵਿਚ ਲੈ ਜਾਣ ਦਾ ਫ਼ੈਸਲਾ ਕੀਤਾ ਤੇ ਦੀਵਾਨੀ ਮੁਕੱਦਮਾ ਲੁਧਿਆਣੇ ਦੀ ਅਦਾਲਤ ਵਿਚ ਦਾਖ਼ਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਅਰਜ਼ੀ ਦਾਖ਼ਲ ਕਰਕੇ ਮੁਕੱਦਮੇ ਦਾ ਫ਼ੈਸਲਾ ਹੋਣ ਤੱਕ ਪੁਰਸਕਾਰਾਂ ਦੀ ਵੰਡ ’ਤੇ ਰੋਕ ਲਾਉਣ ਦੀ ਮੰਗ ਕੀਤੀ। ਜਿਸ ਨੂੰ ਪ੍ਰਵਾਨ ਕਰਦਿਆਂ ਅਦਾਲਤ ਨੇ ਆਰਜ਼ੀ ਰੋਕ (ਸਟੇਅ) ਦਾ ਹੁਕਮ ਜਾਰੀ ਕਰ ਦਿੱਤਾ।
ਕੇਸ ਕਿਉਂਕਿ ਹਾਲੇ ਵੀ ਮਾਣਯੋਗ ਅਦਾਲਤ ਵਿਚ ਹੈ ਸੋ ਅਸੀਂ ਉਸ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਾਂਗੇ। ਸਾਡਾ ਫੋਕਸ ਸਿਰਫ਼ ਮਿੱਤਰ ਸੈਨ ਮੀਤ ਵੱਲੋਂ ਦਾਖ਼ਲ ਜਨਤਕ ਦਾਇਰੇ ਵਿਚ ਉਪਲਬਧ ਮੁਕੱਦਮੇ ਦੀ ਅਰਜ਼ੀ ’ਤੇ ਰਹੇਗਾ। ਇਸ ਵਿਸ਼ਲੇਸ਼ਣਾਤਮਕ ਰਿਪੋਰਟ ਵਿਚ ਵੀ 30 ਤੋਂ ਜ਼ਿਆਦਾ ਪੰਨਿਆਂ ਦੀ ਅਰਜ਼ੀ ਨੂੰ ਵਿਚਾਰਨਾ ਸੰਭਵ ਨਹੀਂ ਸੋ ਅਸੀਂ ਸਿਰਫ਼ ਉਹੀ ਪੈਰ੍ਹੇ ਵਿਚਾਰਾਂਗੇ ਜੇ ਉਪਰੋਕਤ ਸਵਾਲਾਂ ਨਾਲ ਜੁੜੇ ਹੋਏ ਹਨ। ਜੇਕਰ ਪਾਠਕ ਚਾਹੁੰਣਗੇ ਤਾਂ ਬਾਕੀ ਦਾ ਹਿੱਸਾ ਵੀ ਅਸੀਂ ਅਗਲੇ ਭਾਗਾਂ ਵਿਚ ਵਿਚਾਰ ਲਵਾਂਗੇ।
ਮਿੱਤਰ ਸੈਨ ਮੀਤ ਨੇ ਇਹ ਮੁਕੱਦਮਾ ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਰਾਹੀਂ ਪੰਜਾਬ ਸਰਕਾਰ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਦੇ ਖ਼ਿਲਾਫ਼ ਦਾਇਰ ਕੀਤਾ। ਮੁਕੱਦਮੇ ਦੀ ਅਰਜ਼ੀ ਵਿਚ ਜੋ ਦਲੀਲਾਂ ਦਿੱਤੀਆਂ ਗਈਆਂ ਹਨ ਉਹ ਬਹੁਤ ਹੀ ਦਿਲਚਸਪ ਤੇ ਹੈਰਾਨੀਜਨਕ ਹਨ। ਦਿੱਤੇ ਗਏ ਕਾਨੂੰਨੀ ਨੁਕਤਿਆਂ ਰਾਹੀਂ ਹੀ ਇਹ ਪਤਾ ਚਲਦਾ ਹੈ ਕਿ ਉਹ ਕਾਨੂੰਨੀ ਬਾਰੀਕੀਆਂ ਦੇ ਕਿੰਨੇ ਮਾਹਰ ਹਨ ਤੇ ਆਪਣੇ ਪੱਖ ਮਜ਼ਬੂਤੀ ਨਾਲ ਪੇਸ਼ ਕਰਨਾ ਉਨ੍ਹਾਂ ਲਈ ਕਿੰਨਾ ਆਸਾਨ ਹੈ।
ਮਿੱਤਰ ਸੈਨ ਮੀਤ ਦੇ ਆਪਣੇ ਆਪ ਬਾਰੇ ‘ਵੱਡੇ-ਵੱਡੇ’ ਦਾਅਵੇ!
ਸ਼੍ਰੀ ਮੀਤ ਜੋ ਕਿ ਇਸ ਮੁਕੱਦਮੇ ਵਿਚ ਮੁੱਦਈ ਨੰਬਰ 1 ਹਨ ਮੁਕੱਦਮਾ ਦਾਇਰ ਕਰਨ ਦੇ ਆਪਣੇ ਹੱਕ ਬਾਰੇ ਦਲੀਲ ਦਿੰਦੇ ਹੋਏ ਆਪਣੇ-ਆਪ ਬਾਰੇ ਕਈ ਵੱਡੇ-ਵੱਡੇ ਦਾਅਵੇ ਕਰਦੇ ਹਨ। ਉਹ ਕਹਿੰਦੇ ਹਨ ਕਿ-
ਦਾਅਵਾ ਨੰਬਰ 1
ਮੁੱਦਈ ਨੰਬਰ 1 ਸੰਨ 1969 ਤੋਂ ਕਹਾਣੀਆਂ ਲਿਖ ਕੇ ਸਾਹਿਤਕ ਕਾਰਜ ਕਰਦੇ ਆ ਰਹੇ ਹਨ, ਉਸ ਵੇਲੇ ਉਹ ਸਕੂਲ ਪੜ੍ਹਦੇ ਸਨ। ਜਦੋਂ 1971 ਵਿਚ ਉਹ ਬੀਏ ਦੇ ਆਖ਼ਰੀ ਸਾਲ ਦੇ ਵਿਦਿਆਰਥੀ ਸਨ ਤਾਂ ਉਨ੍ਹਾਂ ਦਾ ਨਾਵਲ ‘ਅੱਗ ਦੇ ਬੀਜ’ ਛਪ ਗਿਆ ਸੀ ਤੇ ਦੁਨੀਆ ਭਰ ਦੇ ਪਾਠਕਾਂ ਵੱਲੋਂ ਸਲਾਹਿਆ ਗਿਆ ਸੀ। ਉਸ ਤੋਂ ਉਨ੍ਹਾਂ ਨੇ ਕਹਾਣੀਆਂ ਦੀਆਂ ਤਿੰਨ ਕਿਤਾਬਾਂ “ਪੁਨਰ-ਵਾਸ”, “ਲਾਮ” ਅਤੇ “ਠੋਸ ਸਬੂਤ” ਛਾਪੀਆਂ। ਸੰਨ 1990 ਵਿਚ ਉਨ੍ਹਾਂ ਦਾ ਨਾਵਲ “ਤਫ਼ਤੀਸ਼” ਛਪਿਆ, ਉਸ ਤੋਂ ਬਾਅਦ “ਕਟਿਹਰਾ”, “ਕੌਰਵ ਸਭਾ” ਅਤੇ “ਸੁਧਾਰ ਘਰ” ਛਪੇ। ਮੁੱਦਈ ਨੰਬਰ 1 ਸਮੁੱਚੇ ਸਾਹਿਤਕ ਪੰਜਾਬੀ ਪਰਿਵਾਰ ਵਿਚ ਬਹੁਤ ਪ੍ਰਸਿੱਧ ਹੈ। ਮੁੱਦਈ ਨੰਬਰ 1 ਸਾਰੇ ਸਹਿਤਕ ਵਿਅਕਤੀਆਂ ਵਿਚੋਂ ਬਹੁਤ ਹੀ ਜ਼ਿਆਦਾ ਸਤਿਕਾਰਤ ਹੈ।
ਦਾਅਵਾ ਨੰਬਰ 2
ਨਾਵਲ “ਤਫ਼ਤੀਸ਼” ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਐਮਏ ਅਤੇ ਬੀਏ ਦੇ ਕੋਰਸਾਂ ਵਿਚ 1990 ਤੋਂ 2015 ਤੱਕ ਪੜ੍ਹਾਇਆ ਜਾਂਦਾ ਰਿਹਾ ਹੈ। “ਕੌਰਵ ਸਭਾ” ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੋਸਟ-ਗ੍ਰੈਜੂਏਟ ਕੋਰਸਾਂ ਵਿਚ ਪੜ੍ਹਾਇਆ ਜਾਂਦਾ ਰਿਹਾ ਹੈ। ਕੌਰਵ ਸਭਾ ਅੱਜ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਲਐਲਬੀ ਦੇ ਸਿਲੇਬਸ ਵਿਚ ਪੜ੍ਹਾਇਆ ਜਾ ਰਿਹਾ ਹੈ।
ਦਾਅਵਾ ਨੰਬਰ 3
ਸੰਨ 2008 ਵਿਚ ਮੁੱਦਈ ਨੰਬਰ 1 ਨੂੰ ਸਭ ਤੋਂ ਵੱਡਾ ਕੌਮੀ ਸਨਮਾਨ ਸਾਹਿਤਯ ਅਕਾਡਮੀ ਸਨਮਾਨ ਉਨ੍ਹਾਂ ਦੇ ਨਾਵਲ “ਸੁਧਾਰ ਘਰ” ਲਈ ਦਿੱਤਾ ਗਿਆ ਹੈ। ਇਹ ਸਨਮਾਨ ਸਾਹਿਤ ਦਾ ਬਹੁਤ ਹੀ ਮਾਣਯੋਗ ਸਨਮਾਨ ਹੈ ਅਤੇ ਸਾਹਿਤ ਜਗਤ ਵਿਚ ਇਸ ਨੂੰ ਪ੍ਰਾਪਤ ਕਰਨ ਵਾਲਿਆਂ ਦਾ ਬਹੁਤ ਮਾਣ-ਆਦਰ ਕੀਤਾ ਜਾਂਦਾ ਹੈ।
ਦਾਅਵਾ ਨੰਬਰ 4
ਮੁੱਦਈ ਨੰਬਰ 1 ਦੇ ਸਾਰੇ ਨਾਵਲ ਹਿੰਦੀ ਅਤੇ ਦੋ ਨਾਵਲ ਅੰਗਰੇਜ਼ੀ ਵਿਚ ਅਨੁਵਾਦ ਹੋ ਚੁੱਕੇ ਹਨ। “ਤਫ਼ਤੀਸ਼”, “ਕਟਿਹਰਾ” ਅਤੇ “ਸੁਧਾਰ ਘਰ” ਦੇ ਹਿੰਦੀ ਅਨੁਵਾਦ ਇਕ ਜਿਲਦ ਵਿਚ “ਰਾਮ ਰਾਜਯ” ਦੇ ਨਾਮ ਨਾਲ ਹਿੰਦੀ ਵਿਚ ਹਰਿਆਣਾ ਪੁਲਸ ਅਕਾਦਮੀ, ਮਧੂਬਨ ਵੱਲੋਂ ਪ੍ਰਕਾਸ਼ਤ ਕੀਤੇ ਗਏ ਹਨ। “ਰਾਮ ਰਾਜਯ” ਨਾਵਲ ਨਿਰੰਤਰਤਾ ਵਿਚ ਹਰਿਆਣਾ ਪੁਲਸ ਵੱਲੋਂ ਆਪਣੇ ਸਿੱਖਿਆਰਥੀਆਂ ਨੂੰ ਪੜ੍ਹਨ ਦੀ ਤਜਵੀਜ਼ ਕੀਤੀ ਜਾਂਦੀ ਹੈ ਤਾਂ ਜੋ ਉਹ ਅਪਰਾਧਿਕ ਨਿਆਂ ਪ੍ਰਣਾਲੀ ਅਤੇ ਇਸ ਦੀਆਂ ਖ਼ਾਮੀਆਂ ਨੂੰ ਸਮਝ ਸਕਣ। ਪੁਲਸ ਦਾ ਮੰਨਣਾ ਸੀ ਕਿ ਇਹ ਖੋਜੀ ਨਾਵਲ ਪੁਲਸ ਲਈ ਬਹੁਤ ਲਾਹੇਵੰਦ ਹੈ। ਇਸੇ ਤਰ੍ਹਾਂ “ਕੌਰਵ ਸਭਾ” ਅੰਗਰੇਜ਼ੀ ਅਨੁਵਾਦ ਤੋਂ ਬਾਅਦ ਕੌਮੀ ਪੁਲਸ ਅਕਾਦਮੀ, ਹੈਦਰਾਬਾਦ ਵੱਲੋਂ ਆਈਪੀਐਸ ਦੇ ਸਿੱਖਿਆਰਥੀਆਂ ਲਈ ਛਾਪਿਆ ਤੇ ਲਾਇਆ ਗਿਆ ਹੈ।
ਦਾਅਵਾ ਨੰਬਰ 5
ਮੁੱਦਈ ਨੰਬਰ 1 ਦੇ ਨਾਵਲਾਂ ਉੱਪਰ ਪੰਜਾਬੀ ਭਾਸ਼ਾ ਵਿਚ ਚਾਰ ਪੀਐਚਡੀ ਅਤੇ ਹਿੰਦੀ ਵਿਚ ਇਕ ਪੀਐਚਡੀ ਹੋ ਚੁੱਕੀ ਹੈ। “ਤਫ਼ਤੀਸ਼” ਦਾ ਹਿੰਦੀ ਸੰਸਕਰਣ ਨੈਸ਼ਨਲ ਬੁੱਕ ਟਰੱਸਟ ਅਤੇ “ਸੁਧਾਰ ਘਰ” ਦਾ ਹਿੰਦੀ ਅਤੇ ਅੰਗਰੇਜ਼ੀ ਸੰਸਕਰਣ ਸਾਹਿਤਯ ਅਕਾਡਮੀ ਛਾਪ ਚੁੱਕੀ ਹੈ। ਗਿਆਨ ਪੀਠ ਨੇ “ਕੌਰਵ ਸਭਾ” ਪ੍ਰਕਾਸ਼ਿਤ ਕੀਤਾ ਹੈ। ਪੰਦਰਾਂ ਤੋਂ ਜ਼ਿਆਦਾ ਵਿਅਕਤੀਆਂ ਨੇ ਮੁੱਦਈ ਨੰਬਰ 1 ਦੇ ਨਾਵਲਾਂ ਬਾਰੇ ਖੋਜ ਕਰਕੇ ਐਮ. ਫ਼ਿਲ ਦੇ ਥੀਸਿਸ ਲਿਖੇ ਹਨ। ਕਈ ਪ੍ਰਮੁੱਖ ਪੰਜਾਬੀ ਅਲੋਚਕਾਂ ਨੇ ਮੁੱਦਈ ਨੰਬਰ 1 ਦੀਆਂ ਪੁਸਤਕਾਂ ਉੱਪਰ 12 ਅਲੋਚਨਾਤਮਕ ਪੁਸਤਕਾਂ ਲਿਖੀਆਂ ਹਨ।
ਦਾਅਵਾ ਨੰਬਰ 6
ਇਹ ਸਾਰੇ ਕੁਝ ਮੁੱਦਈ ਨੰਬਰ 1 ਦੇ ਸਾਹਿਤਕ ਹੁਨਰ ਨੂੰ ਉਘੜਵੇਂ ਰੂਪ ਵਿਚ ਪੇਸ਼ ਕਰਦਾ ਹੈ ਅਤੇ ਇਸ ਦਾ ਜ਼ਿਕਰ ਸਿਰਫ਼ ਇਹ ਉਭਾਰਨ ਲਈ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਦਾ ਪੂਰਾ ਬਾਇਓ-ਡਾਟਾ ਮੰਗ ਕੇ ਉਨ੍ਹਾਂ ਨੂੰ (ਪੁਰਸਕਾਰ ਲਈ) ਕਦੇ ਵੀ ਵਿਚਾਰਿਆ ਨਹੀਂ ਗਿਆ। ਇਸ ਤਰ੍ਹਾਂ, ਦੂਜੀ ਧਿਰ (ਭਾਸ਼ਾ ਵਿਭਾਗ) ਵੱਲੋਂ ਅਰਜ਼ੀਆਂ ਦੀ ਮੰਗ ਲਈ ਪ੍ਰਚਾਰ ਨਾ ਕੀਤੇ ਜਾਣ ਕਰਕੇ ਜਾਂ ਸਾਰੇ ਸਾਹਿਤਕ ਹਲਕਿਆਂ ਤੋਂ ਵੱਡੇ ਪੱਧਰ ’ਤੇ ਸਿਫ਼ਾਰਸ਼ਾਂ ਮੰਗੇ ਜਾਣ ਦੀ ਪ੍ਰਕਿਰਿਆ ਨਾ ਬਣਾਏ ਜਾਣ ਕਰਕੇ ਮੁੱਦਈ ਨੰਬਰ 1 ਪੁਰਸਕਾਰਾਂ ਲਈ ਅਰਜ਼ੀ ਦੇਣ ਦਾ ਮੌਕਾ ਕਦੇ ਵੀ ਹਾਸਲ ਨਹੀਂ ਕਰ ਸਕੇਗਾ।
ਦਾਅਵਾ ਨੰਬਰ 7
ਮੁੱਦਈ ਨੰਬਰ 1 ਦੇ ਧਿਆਨ ਵਿਚ ਆਇਆ ਹੈ ਕਿ ਕਿਸੇ ਨੇ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕੀਤੀ ਸੀ ਪਰ ਕਿਸੇ ਨੇ ਵੀ ਉਨ੍ਹਾਂ ਤੋਂ ਉਨ੍ਹਾਂ ਦੇ ਵਿਸਤਾਰ ਸਹਿਤ ਬਾਇਓ-ਡਾਟੇ ਦੀ ਮੰਗ ਨਹੀਂ ਕੀਤੀ। ਇਸ ਤਰ੍ਹਾਂ ਲਗਦਾ ਹੈ ਕਿ ਸਿਰਫ਼ ਇਹ ਦਿਖਾਉਣ ਲਈ ਕਿ ਪੁਰਸਕਾਰਾਂ ਲਈ ਕਈ ਨਾਮ ਵਿਚਾਰੇ ਗਏ ਹਨ, ਕੁਝ ਨਾਮਾਂ ਦੀ ਕੱਚੇ-ਪੱਕੇ ਜਿਹੇ ਬਾਇਓ-ਡਾਟਿਆਂ ਨਾਲ ਸਿਫ਼ਾਰਸ਼ ਕਰ ਦਿੱਤੀ ਜਾਂਦੀ ਹੈ। ਜੇ ਮੁੱਦਈ ਨੰਬਰ 1 ਨੂੰ ਪਤਾ ਲਗਦਾ ਕਿ ਇਹ ਪੁਰਸਕਾਰ ਦਿੱਤੇ ਜਾਣੇ ਹਨ ਤਾਂ ਉਸ ਨੇ ਲਾਜ਼ਮੀ ਤੌਰ ’ਤੇ ਆਪਣੇ ਸਾਹਿਤਕ ਕਾਰਜਾਂ ਸਮੇਤ ਆਪਣਾ ਵਿਸਤਾਰ ਸਹਿਤ ਬਾਇਓ-ਡਾਟਾ ਭੇਜਣਾ ਸੀ।
ਦਾਅਵਾ ਨੰਬਰ 8
ਪੁਰਸਕਾਰ ਦੇਣ ਲਈ ਵਿਅਕਤੀਆਂ ਦੀ ਚੋਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਕਰਕੇ ਦੂਜੀ ਧਿਰ (ਭਾਸ਼ਾ ਵਿਭਾਗ) ਨੇ ਕਈ ਯੋਗ ਵਿਅਕਤੀਆਂ ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤੇ ਜਾ ਸਕਦੇ ਸਨ ਅਤੇ ਇਸੇ ਤਰ੍ਹਾਂ ਅਯੋਗ ਵਿਅਕਤੀਆਂ ਨੂੰ ਪੂਰੇ ਪੱਖਪਾਤ ਨਾਲ ਪੁਰਸਕਾਰ ਦਿੱਤੇ ਗਏ ਹਨ ਅਤੇ ਇਸ ਬਾਰੇ ਵਿਸਤਾਰ-ਪੂਰਵਕ ਜਾਣਕਾਰੀ ਅਗਲੇ ਪੈਰ੍ਹਿਆਂ ਵਿਚ ਦਿੱਤੀ ਗਈ ਹੈ। ਪੂਰੀ ਨਿਮਰਤਾ ਨਾਲ, ਮੁੱਦਈ ਆਪਣੇ ਹੱਕ ਅਨੁਸਾਰ, ਬਿਆਨ ਕਰਦੇ ਹਨ ਕਿ ਜਿੰਨੇ ਵੀ ਪੰਜਾਬੀ ਸਾਹਿਤ ਰਤਨ ਪੁਰਸਕਾਰ ਅੱਜ ਤੱਕ ਦਿੱਤੇ ਗਏ ਹਨ ਉਨ੍ਹਾਂ ਵਿਚੋਂ ਕਿਸੇ ਪੁਰਸਕਾਰ-ਪ੍ਰਾਪਤਕਰਤਾ ਦਾ ਬਾਇਓ-ਡਾਟਾ ਵੀ ਮੁੱਦਈ ਨੰਬਰ 1 ਦੇ ਨੇੜੇ-ਤੇੜੇ ਤੱਕ ਨਹੀਂ ਹੈ।
ਦਾਅਵਿਆਂ ਬਾਰੇ ਕੁਝ ਸਵਾਲ!
ਉਪਰੋਕਤ ਦਾਅਵਿਆਂ ਨੂੰ ਬਾਰੀਕੀ ਨਾਲ ਵਾਚਦਿਆਂ ਕਿਹਾ ਜਾ ਸਕਦਾ ਹੈ ਕਿ ਦਾਅਵਾ ਨੰਬਰ 1, 2, 3, 4, 5 ਵਿਚ ਕੀਤੇ ਦਾਅਵਿਆਂ ਵਿਚ ਕਿਤਾਬਾਂ ਲਿਖਣ, ਛਪਣ, ਪੁਰਸਕਾਰ ਮਿਲਣ, ਕਿਤਾਬਾਂ ਦੇ ਸਿਲੇਬਸਾਂ ਵਿਚ ਲੱਗਣ ਤੇ ਉਨ੍ਹਾਂ ਬਾਰੇ ਖੋਜ-ਕਾਰਜ ਹੋਣ ਬਾਰੇ ਕੀਤੇ ਗਏ ਤਕਨੀਕੀ ਦਾਅਵੇ ਠੀਕ ਹੋ ਸਕਦੇ ਹਨ ਤੇ ਇਨ੍ਹਾਂ ਉੱਤੇ ਸ਼ਾਇਦ ਹੀ ਕਿਸੇ ਨੂੰ ਕੋਈ ਸੁਆਲ ਹੋਵੇ। ਸੁਆਲ ਇਹ ਪੈਦਾ ਹੁੰਦਾ ਕਿ ਇਨ੍ਹਾਂ ਦਾਅਵਿਆਂ ਵਿਚ ਸਿੱਧੇ-ਅਸਿੱਧੇ ਰੁਪ ਵਿਚ ਦਾਅਵਾ-ਕਰਤਾ ਆਪਣੇ ਨੂੰ ਇਕ ਵੱਡੀ ਸ਼ਖ਼ਸੀਅਤ ਵੱਜੋਂ ਕਿਉਂ ਉਭਾਰ ਰਿਹਾ ਹੈ?
ਜੇ ਕਹਿ ਲਈਏ ਇਸ ਸੁਆਲ ਦਾ ਜੁਆਬ ਅਗਲਿਆਂ ਦਾਅਵਿਆਂ ਵਿਚ ਮਿਲਣ ਲੱਗਦਾ ਹੈ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਵੇਗੀ। ਦਾਅਵਾ ਨੰਬਰ 6 ਵਿਚ ਉਹ ਸਾਫ਼ ਕਹਿ ਰਹੇ ਹਨ ਕਿ ਇਹ ਸਾਰੇ ਦਾਅਵੇ ਉਨ੍ਹਾਂ ਨੇ ਤਾਂ ਕੀਤੇ ਹਨ ਤਾਂ ਕਿ ਦੱਸ ਸਕਣ ਕਿ ‘ਇੰਨੀ ਵੱਡੀ ਸਾਹਿਤਕ ਹਸਤੀ’ ਨੂੰ ਕਦੇ ਪੁਰਸਕਾਰ ਲਈ ਵਿਚਾਰਿਆ ਹੀ ਨਹੀਂ ਗਿਆ। ਉਨ੍ਹਾਂ ਦਾ ਬਾਇਓ-ਡਾਟਾ ਕਦੇ ਮੰਗਿਆ ਹੀ ਨਹੀਂ ਗਿਆ। ਨਾਲ ਹੀ ਉਹ ਦਾਅਵਾ ਕਰਦੇ ਹਨ ਕਿ ਜਿਸ ਢੰਗ ਨਾਲ ਪੁਰਸਕਾਰ ਦਿੱਤੇ ਜਾ ਰਹੇ ਹਨ ਉਸ ਤਰ੍ਹਾਂ ਤਾਂ ਉਨ੍ਹਾਂ ਨੂੰ ਕਦੇ ਪੁਰਸਕਾਰ ਲਈ ਅਰਜ਼ੀ ਦੇਣ ਦਾ ਮੌਕਾ ਵੀ ਨਹੀਂ ਮਿਲੇਗਾ। ਭਾਵ ਪੁਰਸਕਾਰ ਹਾਸਲ ਕਰਨ ਦਾ ਮਨੋਰਥ ਤਾਂ ਉਨ੍ਹਾਂ ਦਾ ਇੱਥੇ ਹੀ ਸਪੱਸ਼ਟ ਹੋ ਜਾਂਦਾ ਹੈ।
ਪੁਰਸਕਾਰ ਹਾਸਲ ਕਰਨ ਦਾ ਉਨ੍ਹਾਂ ਦਾ ਮਨੋਰਥ ਹੋਰ ਵੀ ਸਪੱਸ਼ਟ ਹੁੰਦਾ ਹੈ ਦਾਅਵਾ ਨੰਬਰ 7 ਵਿਚ, ਜਦੋਂ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕਿਸੇ ਹੋਰ ਨੇ ਕੀਤੀ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਸਿਫ਼ਾਰਸ਼ ਕਿਸੇ ਨੇ ਕੀਤੀ ਹੈ ਜਾਂ ਕਰਵਾਈ ਗਈ ਹੈ? ਖ਼ੈਰ ਇਹ ਗੱਲ ਛੱਡੀ ਵੀ ਜਾ ਸਕਦੀ ਹੈ ਕਿਉਂਕਿ ਸਿਫ਼ਾਰਸ਼ ਕਰਨਾ/ਕਰਾਉਣਾ ਆਮ ਵਰਤਾਰਾ ਬਣ ਗਿਆ ਹੈ। ਅੱਗੇ ਜਿਹੜੀ ਗੱਲ ਉਹ ਕਹਿੰਦੇ ਹਨ ਕਿ ਜੇ ਪਤਾ ਲੱਗਦਾ ਤਾਂ ਉਹ ਆਪਣਾ ਵਿਸਤਾਰ ਸਹਿਤ ਬਾਇਓ-ਡਾਟਾ ਜ਼ਰੂਰ ਭੇਜਦੇ। ਭਾਵ ਪੁਰਸਕਾਰ ਲੈਣ ਲਈ ਆਪਣੀ ਯੋਗਤਾ ਨੂੰ ਪੂਰੀ ਤਰ੍ਹਾਂ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ। ਚਲੋ ਯੋਗਤਾ ਸਾਬਤ ਕਰਨਾ ਵੀ ਕੋਈ ਮਾੜੀ ਗੱਲ ਨਹੀਂ ਹੈ।
ਦਾਅਵਾ ਨੰਬਰ 8 ਵਿਚ ਉਹ ਪੁਰਸਕਾਰ ਦੇਣ ਦੀ ਪ੍ਰਕਿਰਿਆ ਨੂੰ ਗੁਪਤ ਰੱਖਣ ਨੂੰ ਹੀ ਖ਼ਾਮੀ ਦੱਸ ਰਹੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਪਤਾ ਨਹੀਂ ਚੱਲਦਾ ਪੁਰਸਕਾਰ ਕਦੋਂ ਤੇ ਕਿਸ ਨੂੰ ਦਿੱਤੇ ਜਾ ਰਹੇ ਹਨ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਕੀ ਉਹ ਚਾਹੁੰਦੇ ਹਨ ਕਿ ਪੁਰਸਕਾਰ ਦੇਣ ਦਾ ਫ਼ੈਸਲਾ ਖੁੱਲ੍ਹੇ ਪੰਡਾਲ ਵਿਚ ਸਾਰੇ ਸਾਹਿਤਕਾਰਾਂ ਨੂੰ ਬਿਠਾ ਕੇ ਕੀਤਾ ਜਾਵੇ?
ਇਸ ਦਾਅਵੇ ਦੇ ਅਖ਼ੀਰ ਵਿਚ ਉਹ ਜਦੋਂ ਇਹ ਕਹਿ ਦਿੰਦੇ ਹਨ “ਜਿੰਨੇ ਵੀ ਪੰਜਾਬੀ ਸਾਹਿਤ ਰਤਨ ਪੁਰਸਕਾਰ ਅੱਜ ਤੱਕ ਦਿੱਤੇ ਗਏ ਹਨ ਉਨ੍ਹਾਂ ਵਿਚੋਂ ਕਿਸੇ ਪੁਰਸਕਾਰ-ਪ੍ਰਾਪਤਕਰਤਾ ਦਾ ਬਾਇਓ-ਡਾਟਾ ਵੀ ਮੁੱਦਈ ਨੰਬਰ 1 ਦੇ ਨੇੜੇ-ਤੇੜੇ ਤੱਕ ਨਹੀਂ ਹੈ। (ਇਸ ਬਾਰੇ ਮਿੱਤਰ ਸੈਨ ਮੀਤ ਹੁਰਾਂ ਦਾ ਸਪੱਸ਼ਟੀਕਰਨ ਹੈ ਕਿ 2015 ਤੋਂ 2020 ਦੌਰਾਨ ਜਿਨ੍ਹਾਂ ਛੇ ਲੇਖਕਾਂ ਨੂੰ ਸਾਹਿਤ ਰਤਨ ਪੁਰਸਕਾਰ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਕਿਸੇ ਦਾ ਵੀ ਬਾਇਓ-ਡਾਟਾ ਉਨ੍ਹਾਂ ਦੇ ਬਰਾਬਰ ਨਹੀਂ ਹੈ, ਇਸ ਦਾਅਵੇ ਵਿਚ ਉਹ ਇਹੀ ਕਹਿਣਾ ਚਾਹੁੰਦੇ ਹਨ)“ ਤਾਂ ਇਸ ਗੱਲ ਤੋਂ ਬਹੁਤ ਕੁਝ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਆਪਣੇ ਆਪ ਬਾਰੇ ਤੇ ਬਾਕੀ ਸਾਹਿਤਕਾਰਾਂ ਬਾਰੇ ਕੀ ਰਾਇ ਹੈ। ਇੱਥੇ ਅਸੀਂ ਕੋਈ ਵੀ ਟਿੱਪਣੀ ਕਰਨ ਦੀ ਬਜਾਇ ਪਾਠਕਾਂ ’ਤੇ ਛੱਡਦੇ ਹਾਂ ਕਿ ਉਹ ਕੀ ਅਰਥ ਲੈਂਦੇ ਹਨ।
ਇੱਥੇ ਇਹ ਵੀ ਸਪੱਸ਼ਟ ਕਰ ਦੇਣਾ ਲਾਜ਼ਮੀ ਹੈ ਕਿ ਹਰ ਇਕ ਸਾਹਿਤਕਾਰ ਨੂੰ ਆਪਣੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਦੱਸਣ, ਪੁਰਸਕਾਰ ’ਤੇ ਦਾਅਵਾ ਕਰਨ ਤੇ ਉਸ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਦਾ ਪੂਰਾ ਹੱਕ ਹੈ। ਸੁਆਲਾਂ ਦਾ ਸੁਆਲ ਤਾਂ ਇਹ ਹੈ ਕਿ ਕੀ ਆਪਣੀ ਤੁਲਨਾ ਵਿਚ ਦੂਜੇ ਸਾਹਿਤਕਾਰਾਂ ਬਾਰੇ ਸੁਆਲ ਖੜ੍ਹੇ ਕਰਨਾ ਜਾਇਜ਼ ਹੈ?
ਇਨ੍ਹਾਂ ਸਭ ਸੁਆਲਾਂ ਦੇ ਨਾਲ ਜ਼ੋਰਦਾਰ ਟਾਈਮਜ਼ ਨੇ ਸਿੱਧੇ ਮਿੱਤਰ ਸੈਨ ਮੀਤ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਰੇ ਸੁਆਲਾਂ ਦੇ ਔਨ ਰਿਕਾਰਡ ਜੁਆਬ ਦੇਣ ਦੀ ਹਾਮੀ ਭਰੀ। ਉਨ੍ਹਾਂ ਨਾਲ ਕੀਤੀ ਗਈ ਵੀਡੀਉ ਇੰਟਰਵਿਊ ਸਾਡੇ ਯੂਟਿਊਬ ਚੈਨਲ ‘ਤੇ ਜਾਰੀ ਕੀਤੀ ਗਈ ਜੋ ਤੁਸੀਂ ਹੇਠਾਂ ਦੇਖ ਸਕਦੇ ਹੋ-
ਮਿੱਤਰ ਸੈਨ ਮੀਤ ਨੂੰ ਪੁਰਸਕਾਰ ਦੇ ਦਿਉ, ਚੁੱਪ ਕਰ ਜਾਣਗੇ – ਮਨਜੀਤ ਇੰਦਰਾ
ਇਸ ਇੰਟਰਵਿਊ ਤੋਂ ਬਾਅਦ ਸ਼ੋਮਣੀ ਸਾਹਿਤ ਪੁਰਸਕਾਰ ਪ੍ਰਾਪਤ ਕਰਨ ਵਾਲੀ ਬੇਬਾਕ ਤੇ ਧੜੱਲੇਦਾਰ ਲੇਖਕ ਮਨਜੀਤ ਇੰਦਰਾ ਨੇ ਜ਼ੋਰਦਾਰ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿਚ ਦਾਅਵਾ ਕੀਤਾ ਕਿ ਜੇ ਮਿੱਤਰ ਸੈਨ ਮੀਤ ਸਿਰਫ਼ ਪੁਰਸਕਾਰ ਹਾਸਲ ਕਰਨ ਲਈ ਇਹ ਸਭ ਕੁਝ ਕਰ ਰਹੇ ਹਨ। ਜੇ ਉਨ੍ਹਾਂ ਨੂੰ ਪੁਰਸਕਾਰ ਦੇ ਦਿੱਤਾ ਜਾਵੇ ਤਾਂ ਉਹ ਚੁੱਪ ਕਰ ਜਾਣਗੇ। ਮਨਜੀਤ ਇੰਦਰਾ ਦੀ ਇਹ ਇੰਟਰਵਿਊ ਤੁਸੀਂ ਹੇਠਾਂ ਦੇਖ ਸਕਦੇ ਹੋ।
ਇੰਦਰਾ ਜੀ ਮੈਨੂੰ ਪੁਰਸਕਾਰ ਦਿਵਾ ਕੇ ਚੁੱਪ ਕਰਾ ਲਵੋ – ਮਿੱਤਰ ਸੈਨ ਮੀਤ
ਮਨਜੀਤ ਇੰਦਰਾ ਦੇ ਉਪਰੋਕਤ ਇੰਟਰਵਿਊ ਤੋਂ ਬਾਅਦ ਮਿੱਤਰ ਸੈਨ ਮੀਤ ਹੁਰਾਂ ਨੇ ਜ਼ੋਰਦਾਰ ਟਾਈਮਜ਼ ਨੂੰ ਦਿੱਤੇ ਇਕ ਹੋਰ ਇੰਟਰਵਿਊ ਵਿਚ ਕਿਹਾ ਕਿ ਮਨਜੀਤ ਇੰਦਰਾ ਉਨ੍ਹਾਂ ਨੂੰ ਪੁਰਸਕਾਰ ਦਿਵਾ ਕੇ ਚੁੱਪ ਕਰਾ ਲੈਣ। ਇਹ ਇੰਟਰਵਿਊ ਤੁਸੀਂ ਹੇਠਾਂ ਦੇਖ ਸਕਦੇ ਹੋ-
ਸੰਮਨ ਜਾਰੀ! ਪੇਸ਼ੀ ਦੀ ਤਿਆਰੀ?
ਅਦਾਲਤੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਮਿੱਤਰ ਸੈਨ ਮੀਤ ਨੇ ਇੰਟਰਵਿਊ ਵਿਚ ਦਾਅਵਾ ਕੀਤਾ ਕਿ ਲੁਧਿਆਣਾ ਦੀ ਸੈਸ਼ਨ ਕੋਰਟ ਨੇ ਵੱਡੇ ਲੇਖਕਾਂ ਸਮੇਤ ਪੁਰਸਕਾਰਾਂ ਨਾਲ ਸੰਬੰਧਤ 10 ਅਹੁਦੇਦਾਰਾਂ ਨੂੰ ਅਦਾਲਤ ਵਿਚ ਬੁਲਾਉਣ ਦੀ ਮੰਜ਼ੂਰੀ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ ਅਦਾਲਤ ਇਨ੍ਹਾਂ ਨੂੰ ਸੰਮਨ ਭੇਜ ਕੇ ਅਦਾਲਤ ਵਿਚ ਆਉਣ ਲਈ ਕਹੇਗੀ। ਇਨ੍ਹਾਂ ਵਿਚ ਹੇਠ ਲਿਖੇ ਨਾਮ ਸ਼ਾਮਲ ਹਨ-
ਡਾ. ਸੁਰਜੀਤ ਪਾਤਰ, ਚੇਅਰਮੈਨ, ਪੰਜਾਬ ਕਲਾ ਪਰੀਸ਼ਦ
ਦਰਸ਼ਨ ਬੁੱਟਰ, ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ
ਕੇਵਲ ਧਾਲੀਵਾਲ, ਪ੍ਰਧਾਨ, ਪੰਜਾਬ-ਸੰਗੀਤ ਨਾਟਕ ਅਕਾਦਮੀ
ਡਾ. ਦੀਪਕ ਮਨਮੋਹਨ ਸਿੰਘ
ਪ੍ਰੋਫ਼ੈਸਰ ਚਮਨ ਲਾਲ
ਡਾ. ਜੋਗਾ ਸਿੰਘ, ਸਾਬਕਾ ਸੀਨੀਅਰ ਮੀਤ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ
ਵੀਰਪਾਲ ਕੌਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ
ਡਾ. ਰੇਣੂਕਾ ਸਿੰਘ, ਚੇਅਰਮੈਨ, ਪੰਜਾਬੀ ਸਾਹਿਤ ਸਭਾ ਦਿੱਲੀ
ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ
ਪ੍ਰਿੰਸੀਪਲ ਸਕੱਤਰ, ਉੱਚ ਸਿੱਖਿਆ ਤੇ ਭਾਸ਼ਾ ਵਿਭਾਗ, ਪੰਜਾਬ ਸਰਕਾਰ
ਅਦਾਲਤ ਵਿਚ ਬੁਲਾਉਣ ਲਈ ਮਿੱਤਰ ਸੈਨ ਮੀਤ ਨੇ ਇਹੀ 10 ਨਾਮ ਕਿਉਂ ਚੁਣੇ ਤੇ ਅੱਗੇ ਇਸ ਕੇਸ ਦਾ ਕੀ ਹੋਣ ਵਾਲਾ ਹੈ, ਇਨ੍ਹਾਂ ਸਭ ਸੁਆਲਾਂ ਦੇ ਜੁਆਬ ਉਨ੍ਹਾਂ ਨੇ ਹੇਠ ਦਿੱਤੇ ਇੰਟਰਵਿਊ ਵਿਚ ਦਿੱਤੇ-
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
Leave a Reply