ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕਰਨ ਦਾ ਸਭ ਤੋਂ ਸੌਖਾ ਤਰੀਕਾ

ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕਰਨ ਦਾ ਸਭ ਤੋਂ ਸੌਖਾ ਤਰੀਕਾ

ਕਿਵੇਂ ਭੇਜੀਆ ਭਾਰਤੀ ਸਾਹਿਤਕ ਅਕਾਦੇਮੀ ਪੁਰਸਕਾਰ ਲਈ ਆਪਣੀ ਕਿਤਾਬ?

ਪੰਜਾਬੀ ਲੇਖਕਾਂ ਅਤੇ ਪਾਠਕਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਸੀ ਕਿ ਭਾਰਤੀ ਸਾਹਿਤ ਅਕਾਦੇਮੀ ਵਿੱਚ ਅਕਸਰ ਪੱਖਪਾਤ ਹੁੰਦਾ ਹੈ। ਸਾਰੇ ਲੇਖਕਾਂ ਨੂੰ ਪੁਰਸਕਾਰ ਪ੍ਰਾਪਤ ਕਰਨ ਦਾ ਬਰਾਬਰ ਮੌਕਾ ਨਹੀਂ ਮਿਲਦਾ। ਲੇਖਕਾਂ ਦੀ ਇਹ ਸ਼ਿਕਾਇਤ ਦੂਰ ਕਰਨ ਲਈ ਭਾਰਤੀ ਸਾਹਿਤ ਅਕਾਦੇਮੀ ਨੇ ਲੇਖਕਾਂ, ਪ੍ਰਕਾਸ਼ਕਾਂ ਤੇ ਪਾਠਕਾਂ ਨੂੰ ਸਿੱਧੇ ਕਿਤਾਬਾਂ ਭੇਜਣ ਦਾ ਮੌਕਾ ਦੇ ਦਿੱਤਾ ਹੈ। ਸਾਲ 2025 ਤੋਂ ਭਾਰਤੀ ਸਾਹਿਤ ਅਕਾਦੇਮੀ ਦੇ ਪੁਰਸਕਾਰਾਂ ਬਾਰੇ ਇਹ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਇਸ ਤੋਂ ਪਹਿਲਾਂ ਅਕਾਦੇਮੀ ਦਾ ਭਾਸ਼ਾ ਨਾਲ ਸੰਬੰਧਤ ਪ੍ਰਬੰਧਕੀ ਬੋਰਡ, ਗੁਪਤ ਰੈਫ਼ਰੀਆਂ ਤੇ ਚੋਣਕਾਰਾਂ ਦੀ ਮਦਦ ਨਾਲ ਪੁਰਸਕਾਰ ਦੇਣ ਵਾਸਤੇ ਪੁਸਤਕਾਂ ਦੀ ਸੂਚੀ ਤਿਆਰ ਕਰਦਾ ਸੀ। ਹੁਣ ਇਸ ਵਿੱਚ ਲੇਖਕਾਂ ਵੱਲੋਂ ਸਿੱਧੀਆਂ ਭੇਜੀਆਂ ਕਿਤਾਬਾਂ ਵੀ ਸ਼ਾਮਲ ਕਰ ਦਿੱਤੀਆਂ ਗਈਆਂ ਹਨ।

ਕੀ ਹੈ ਭਾਰਤੀ ਸਾਹਿਤ ਅਕਾਦੇਮੀ ਪੁਰਸਕਾਰ?

ਭਾਰਤ ਸਰਕਾਰ ਦੇ ਕੇਂਦਰੀ ਸਭਿਆਚਾਰ ਮੰਤਰਾਲੇ ਦਾ ਅਦਾਰਾ ਹੈ ਭਾਰਤੀ ਸਾਹਿਤ ਅਕਾਦੇਮੀ। ਦੇਸ਼ ਵਿੱਚ ਸਾਹਿਤ ਤੇ ਪੁਸਤਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇਹ ਅਦਾਰਾ ਕਾਰਜ ਕਰਦਾ ਹੈ। ਇਸ ਤਹਿਤ ਅਕਾਦੇਮੀ ਵੱਲੋਂ ਪ੍ਰਵਾਨਿਤ 24 ਭਾਰਤੀ ਭਾਸ਼ਾਵਾਂ ਦੇ ਲੇਖਕਾਂ ਦੀਆਂ ਕਿਤਾਬਾਂ ਨੂੰ ਹਰ ਸਾਲ ਸਾਹਿਤ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਪੁਰਸਕਾਰ ਵਿੱਚ  1 ਲੱਖ ਰੁਪਏ ਅਤੇ ਇਕ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਜਾਂਦਾ ਹੈ। ਸੰਨ 1955 ਤੋਂ ਹੁਣ ਤੱਕ 62 ਪੰਜਾਬੀ ਲੇਖਕਾਂ ਨੂੰ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਸਾਲ 1957, 1958, 1960, 1963, 1966 ਅਤੇ 1970 ਵਿੱਚ ਕਿਸੇ ਵੀ ਲੇਖਕ ਨੂੰ ਪੁਰਸਕਾਰ ਨਹੀਂ ਦਿੱਤਾ ਗਿਆ।

ਪੁਰਸਕਾਰ ਪ੍ਰਾਪਤ ਕਰ ਚੁੱਕੇ ਲੇਖਕਾਂ ਅਤੇ ਪੁਰਸਕਾਰਾਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ

ਕਿਹੜੀਆਂ-ਕਿਹੜੀਆਂ ਵਿਧਾਵਾਂ ਨੂੰ ਮਿਲੇ ਪੁਰਸਕਾਰ

ਕਵਿਤਾ ਦੀਆਂ 23, ਕਹਾਣੀ ਦੀਆਂ 15, ਭਾਰਤੀ ਰੰਗਮੰਚ ਦੇ ਇਤਿਹਾਸ ਤੇ ਵਿਕਾਸ ਸੰਬੰਧੀ 1, ਕਾਵਿ-ਨਾਟਕ ਦੀ 1, ਨਾਟਕ ਦੀ 7, ਨਾਵਲ ਦੀਆਂ 13, ਸਵੈ-ਜੀਵਨੀ ਦੀਆਂ 2, ਆਲੋਚਨਾ ਦੀ 1 ਦੀਆਂ ਪੁਸਤਕਾਂ ਨੂੰ ਹੁਣ ਤੱਕ ਪੁਰਸਕਾਰ ਮਿਲ ਚੁੱਕਾ ਹੈ।

ਲੇਖਕ ਕਿਵੇਂ ਪ੍ਰਾਪਤ ਕਰ ਸਕਦੇ ਹਨ ਪੁਰਸਕਾਰ

ਲੇਖਕਾਂ ਵਿੱਚ ਭਾਰਤੀ ਸਾਹਿਤ ਅਕਾਦੇਮੀ ਦੇ ਪੁਰਸਕਾਰ ਦੀ ਕਾਫ਼ੀ ਮਾਨਤਾ ਹੈ। ਹਰ ਸਾਲ ਪੁਰਸਕਾਰ ਮਿਲਣ ਦੇ ਦਿਨਾਂ ਵਿੱਚ ਅਕਸਰ ਚਰਚਾ ਰਹਿੰਦੀ ਹੈ ਕਿ ਫਲਾਣੇ ਲੇਖਕ ਨੇ ਜੁਗਾੜ ਲਾ ਕੇ ਪੁਰਸਕਾਰ ਲਿਆ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਛਪਦੀਆਂ ਰਹਿੰਦੀਆਂ ਹਨ। ਪਿਛਲੇ ਸਾਲ ਜਸਬੀਰ ਮੰਡ ਦੇ ਨਾਵਲ ਬੋਲ ਮਰਦਾਨਿਆ ਦੀ ਮਿਆਦ ਪੁੱਗ ਜਾਣ ਦੇ ਬਾਵਜੂਦ ਵੀ ਪੁਰਸਕਾਰ ਦੀ ਅੰਤਿਮ ਸੂਚੀ ਵਿੱਚ ਪਹੁੰਚ ਜਾਣ ਦੀ ਜਾਣਕਾਰੀ ਜ਼ੋਰਦਾਰ ਟਾਈਮਜ਼ ਨੇ ਨਸ਼ਰ ਕੀਤੀ ਸੀ।

ਸੋ ਹੁਣ ਲੇਖਕ ਆਪਣੀ ਕਿਤਾਬ ਆਪ ਭੇਜ ਸਕਣਗੇ। ਇਸ ਲਈ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਲੇਖਕ ਕਿਤਾਬ ਭੇਜਣ ਲਈ ਯੋਗ ਹਨ।

ਪੁਰਸਕਾਰ ਲਈ ਯੋਗਤਾ

ਭਾਰਤੀ ਸਾਹਿਤ ਅਕਾਦੇਮੀ ਨੇ 12 ਮਾਰਚ 2024 ਨੂੰ ਹੋਏ ਫ਼ੈਸਲੇ ਦਾ ਪੱਤਰ ਜਾਰੀ ਕਰ ਕੇ ਸੰਨ 2025 ਤੋਂ ਲਾਗੂ ਹੋਣ ਵਾਲੇ ਨਿਯਮਾਂ ਦੀ ਜਾਣਕਾਰੀ ਦਿੱਤੀ ਹੈ। ਇਸ ਪੱਤਰ ਵਿੱਚ ਪੁਰਸਕਾਰ ਲਈ ਯੋਗਤਾ, ਸ਼ਰਤਾਂ ਅਤੇ ਨਿਯਮਾਂ ਦਾ ਵੇਰਵਾ ਦਿੱਤਾ ਗਿਆ ਹੈ। ਪੁਰਸਕਾਰ ਪ੍ਰਾਪਤ ਕਰਨ ਲਈ ਕੋਈ ਉਮਰ ਸੀਮਾ ਨਹੀਂ ਹੈ। ਸਾਹਿਤ ਅਕਾਦੇਮੀ ਨੇ ਵਿਧਾ ਬਾਰੇ ਕੋਈ ਸ਼ਰਤ ਨਹੀਂ ਰੱਖੀ ਹੋਈ। ਪੁਰਸਕਾਰ ਵਾਸਤੇ ਅੰਤਿਮ ਪੜਾਅ ਤੱਕ ਪਹੁੰਚੀਆਂ ਪੁਸਤਕਾਂ ਦੀ ਸੂਚੀ ਵੇਖ ਕੇ ਲੱਗਦਾ ਹੈ ਲਗਪਗ ਹਰ ਵਿਧਾ ਦੀ ਕਿਤਾਬ ਹੀ ਭੇਜੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਪਿਛਲੇ ਸਾਲਾਂ ਦੀ ਸੂਚੀ ਭਾਰਤੀ ਸਾਹਿਤ ਅਕਾਦੇਮੀ ਦੀ ਵੈੱਬਸਾਈਟ ’ਤੇ ਦੇਖੀ ਜਾ ਸਕਦੀ ਹੈ।

ਯੋਗਤਾਵਾਂ ਬਾਰੇ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ-

ਹਰ ਭਾਰਤੀ ਲੇਖਕ ਸਹਿਤ ਅਕਾਦੇਮੀ ਵੱਲੋਂ ਮਾਨਤਾ ਪ੍ਰਾਪਤ ਭਾਸ਼ਾ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪਹਿਲੀ ਵਾਰ ਛਪੀ ਕਿਤਾਬ ਪੁਰਸਕਾਰ ਲਈ ਯੋਗ ਹੈ। ਪੰਜ ਸਾਲਾਂ ਦੀ ਗਿਣਤੀ ਪੁਰਸਕਾਰ ਦੇ ਸਾਲ ਤੋਂ ਪਿਛਲੇ ਸਾਲ ਤੋਂ ਕੀਤੀ ਜਾਵੇਗੀ।

ਉਦਾਹਰਣ: ਸੰਨ 2024 ਦਾ ਪੁਰਸਕਾਰ ਸੰਨ 2025 ਵਿੱਚ ਦਿੱਤਾ ਜਾਵੇਗਾ, ਇਸ ਵਾਸਤੇ ਸੰਨ 2019 ਤੋਂ 2023 ਦਰਮਿਆਨ ਪ੍ਰਕਾਸ਼ਿਤ ਕਿਤਾਬਾਂ ਨੂੰ ਵਿਚਾਰਿਆ ਜਾਵੇਗਾ।

  • ਲੇਖਕ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਉਸਦੀ ਕਿਤਾਬ ਦਾ ਪ੍ਰਕਾਸ਼ਕ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਹੋ ਸਕਦਾ ਹੈ।
  • ਦੁਹਰੀ ਨਾਗਰਿਕਤਾ ਵਾਲਾ ਲੇਖਕ ਪੁਰਸਕਾਰ ਦੇ ਯੋਗ ਨਹੀਂ ਹੈ। ਪ੍ਰਵਾਸੀ ਭਾਰਤੀ ਜਾਂ ਨਾਨ-ਰੇਜ਼ੀਡੈਂਟ ਇੰਡਿਅਨ (NRI) ਅਤੇ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ (PIO) ਪੁਰਸਕਾਰ ਦੇ ਯੋਗ ਨਹੀਂ ਹਨ।
  • ਕਿਸੇ ਲੇਖਕ ਨੂੰ ਪੂਰੇ ਜੀਵਨ ਵਿੱਚ ਇਕ ਭਾਸ਼ਾ ਵਿੱਚ ਸਾਹਿਤ ਅਕਾਦੇਮੀ ਦਾ ਕਿਸੇ ਵੀ ਸ਼੍ਰੇਣੀ ਦਾ ਪੁਰਸਕਾਰ, ਉਸ ਸ਼੍ਰੇਣੀ ਵਿੱਚ, ਸਿਰਫ਼ ਇੱਕ ਵਾਰੀ ਹੀ ਦਿੱਤਾ ਜਾਵੇਗਾ।

ਪੁਸਤਕਾਂ ਭੇਜਣ ਲਈ ਨਿਯਮ

ਪੁਸਰਕਾਰ ਲਈ ਭਾਸ਼ਾ ਅਤੇ ਸਾਹਿਤ ਵਿੱਚ ਉੱਚ-ਦਰਜੇ ਦਾ ਯੋਗਦਾਨ ਦੇਣ ਵਾਲੀ ਕਿਤਾਬ ਹੀ ਪ੍ਰਵਾਨ ਕੀਤੀ ਜਾਵੇਗੀ। ਕਿਤਾਬ ਸਿਰਜਣਾਤਮਕ ਹੋ ਸਕਦੀ ਹੈ, ਪਰ ਹੇਠ ਲਿਖੀਆਂ ਕਿਤਾਬਾਂ ਪ੍ਰਵਾਨ ਨਹੀਂ ਹਨ-

  • ਅਨੁਵਾਦ; ਜਾਂ (ਨਹੀਂ ਭੇਜ ਸਕਦੇ)
  • ਕਈ ਲੇਖਕਾਂ ਦੀ ਸਾਂਝੀ ਕਿਤਾਬ; ਜਾਂ (ਨਹੀਂ ਭੇਜ ਸਕਦੇ)
  • ਯੂਨੀਵਰਸਿਟੀ ਦੀ ਡਿਗਰੀ ਜਾਂ ਕਿਸੇ ਪ੍ਰੀਖਿਆ ਲਈ ਤਿਆਰ ਕੀਤਾ ਗਿਆ ਸੰਗ੍ਰਹਿ ਜਾਂ ਖੋਜ ਕਾਰਜ; ਜਾਂ (ਨਹੀਂ ਭੇਜ ਸਕਦੇ)
  • ਪਾਠਕ; ਜਾਂ (ਨਹੀਂ ਭੇਜ ਸਕਦੇ)
  • ਜਿਸ ਲੇਖਕ ਨੂੰ ਪਹਿਲਾਂ (ਭਾਰਤੀ ਸਾਹਿਤ ਅਕਾਦੇਮੀ ਦਾ) ਭਾਸ਼ਾ ਸਨਮਾਨ ਮਿਲ ਚੁੱਕਾ ਹੋਵੇ। (ਨਹੀਂ ਭੇਜ ਸਕਦੇ)
  • ਉਸ ਲੇਖਕ ਦੀ ਕਿਤਾਬ ਜੋ ਸਾਹਿਤ ਅਕਾਦੇਮੀ ਦੇ ਕਾਰਜਕਾਰੀ ਬੋਰਡ ਦਾ ਮੈਂਬਰ ਹੋਵੇ। (ਨਹੀਂ ਭੇਜ ਸਕਦੇ)
  • ਪਹਿਲਾਂ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਲਿਖਤਾਂ ਦੇ ਨਵੇਂ ਸੰਗ੍ਰਹਿ ਜਾਂ ਪਹਿਲਾਂ ਪ੍ਰਕਾਸ਼ਿਤ ਕਿਤਾਬਾਂ ਦੇ ਸੋਧੇ ਹੋਏ ਸੰਸਕਰਣ (ਐਡੀਸ਼ਨ) ਪੁਸਰਕਾਰ ਲਈ ਯੋਗ ਨਹੀਂ ਹਨ। ਹਾਲਾਂਕਿ, ਜੇਕਰ ਦੋਬਾਰਾ ਪ੍ਰਕਾਸ਼ਿਤ ਹੋਏ ਸੰਗ੍ਰਹਿ ਵਿੱਚ ਸ਼ਾਮਲ ਕੰਮ ਦਾ ਘੱਟੋ-ਘੱਟ 75% ਹਿੱਸਾ (ਨਵਾਂ ਹੋਵੇ ਅਤੇ) ਪਹਿਲੀ ਵਾਰ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਹੋਵੇ, ਤਾਂ ਇਹ ਪੁਰਸਕਾਰ ਲਈ ਵਿਚਾਰਿਆ ਜਾ ਸਕਦਾ ਹੈ।
  • ਕਿਸੇ ਵਡੇਰੇ ਰਚਨਾਤਮਕ ਕਾਰਜ ਦਾ ਕੋਈ ਹਿੱਸੇ, ਜੇਕਰ ਉਹ ਆਪਣੇ-ਆਪ ਵਿੱਚ ਪੂਰਾ ਹੋਵੇ, ਤਾਂ ਉਹ ਕਿਤਾਬ ਦੇ ਰੂਪ ਵਿੱਚ ਪੁਸਰਕਾਰ ਲਈ ਵਿਚਾਰਿਆ ਜਾ ਸਕਦਾ ਹੈ।

ਕਿਤਾਬ ਤੋਂ ਕੀ ਭਾਵ  ਹੈ?

  • ਯੂਨੇਸਕੋ ਦੀਆਂ ਹਦਾਇਤਾਂ ਦੇ ਅਨੁਸਾਰ, ਇੱਕ ਕਿਤਾਬ ਦੇ ਘੱਟੋ-ਘੱਟ 49 ਪੰਨੇ ਹੋਣੇ ਚਾਹੀਦੇ ਹਨ (ਸਰਵਰਕ ਦੇ ਪੰਨਿਆਂ ਨੂੰ ਛੱਡ ਕੇ)।
  • ਕਿਤਾਬਾਂ ਉੱਤੇ ISBN ਨੰਬਰ ਹੋਣਾ ਸਾਰੇ ਪੁਰਸਕਾਰਾਂ ਲਈ ਲਾਜ਼ਮੀ ਹੈ। ਸਵੈ-ਪ੍ਰਕਾਸ਼ਿਤ (ਜਿਸ ਕਿਤਾਬ ਦਾ ਪ੍ਰਕਾਸ਼ਨ ਲੇਖਕ ਨੇ ਆਪ ਹੀ ਕੀਤਾ ਹੈ) ਪੁਸਤਕ ਵੀ ਸਾਰੇ ਪੁਰਸਕਾਰਾਂ ਲਈ ਯੋਗ ਹੋ ਸਕਦੀ ਹੈ ਜੇਕਰ ਉਸ ਉੱਪਰ ISBN ਲੱਗਿਆ ਹੋਵੇ।
  • ਇਲੈਕਟ੍ਰੋਨਿਕ ਕਿਤਾਬਾਂ (E-books) ਪੁਰਸਕਾਰ ਲਈ ਯੋਗ ਨਹੀਂ ਹਨ।
  • (ਇੱਕੋ ਜਿਲਦ ਵਿੱਚ) ਦੋ ਜਾਂ ਵਧੀਕ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਿਤਾਬਾਂ ਪੁਰਸਕਾਰ ਲਈ ਯੋਗ ਨਹੀਂ ਹਨ।
  • ਹਰ ਇੱਕ ਭਾਸ਼ਾ ਦੀ ਕਿਤਾਬ ਭਾਰਤੀ ਸਹਿਤ ਅਕਾਦੇਮੀ ਵੱਲੋਂ ਮਾਨਤਾ ਪ੍ਰਾਪਤ ਲਿੱਪੀ ਵਿੱਚ ਛਪੀ ਹੋਣ ’ਤੇ ਹੀ ਪੁਰਸਕਾਰ ਲਈ ਯੋਗ ਹੈ: ਪੰਜਾਬੀ ਲਈ ਮਾਨਤਾ ਪ੍ਰਾਪਤ ਲਿੱਪੀ ਗੁਰਮੁਖੀ ਹੈ।
  • ਸਹਿਤ ਅਕਾਦੇਮੀ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਸਹਿਤ ਅਕਾਦੇਮੀ ਪੁਰਸਕਾਰ ਲਈ ਯੋਗ ਨਹੀਂ ਹੋਣਗੀਆਂ।
  • ਇਕ ਤੋਂ ਵੱਧ ਲੇਖਕਾਂ ਦੁਆਰਾ ਲਿਖੀਆਂ ਕਿਤਾਬਾਂ ਅਤੇ ਇਕ ਤੋਂ ਵਧੇਰੇ ਲੇਖਕਾਂ ਦੇ ਸੰਗ੍ਰਹਿ ਪੁਰਸਕਾਰ ਲਈ ਯੋਗ ਨਹੀਂ ਹੋਣਗੇ।
  • ਉਸ ਲੇਖਕ ਜੋ ਸਹਿਤ ਅਕਾਦੇਮੀ ਦਾ ਫੈਲੋ, ਸਾਬਕਾ ਪ੍ਰਧਾਨ ਜਾਂ ਸਹਿਤ ਅਕਾਦੇਮੀ ਦਾ ਕਰਮਚਾਰੀ/ਮੁਲਾਜ਼ਮ ਹੋਵੇ, ਉਹ ਪੁਰਸਕਾਰ ਲਈ ਯੋਗ ਨਹੀਂ ਹੈ।

ਪੁਰਸਕਾਰ: ਕਿਤਾਬ ਜਾਂ ਲੇਖਕ ਨੂੰ?

ਪੁਰਸਕਾਰ ਸਿਰਫ਼ ਕਿਤਾਬ ਨੂੰ ਦਿੱਤਾ ਜਾਵੇਗਾ ਅਤੇ ਸਹਿਤ ਅਕਾਦੇਮੀ ਦੁਆਰਾ ਮਾਨਤਾ ਪ੍ਰਾਪਤ ਕਿਸੇ ਭਾਸ਼ਾ ਵਿੱਚ ਲੇਖਕ ਦੁਆਰਾ ਸਾਹਿਤ ਵਿੱਚ ਦਿੱਤੇ ਕੁੱਲ ਯੋਗਦਾਨ ਲਈ ਕੋਈ ਪੁਰਸਕਾਰ ਨਹੀਂ ਦਿੱਤਾ ਜਾਵੇਗਾ।

ਕੀ ਮੌਤ ਤੋਂ ਬਾਅਦ ਪੁਰਸਕਾਰ ਮਿਲ ਸਕਦਾ ਹੈ?

ਲੇਖਕ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਕਿਤਾਬ ਪੁਰਸਕਾਰ ਲਈ ਤਾਂ ਹੀ ਯੋਗ ਹੋਵੇਗੀ ਜੇਕਰ ਲੇਖਕ ਦੀ ਮੌਤ ਉਨ੍ਹਾਂ ਪੰਜ ਸਾਲਾਂ ਦੇ ਦੌਰਾਨ ਹੋਈ ਹੋਵੇ ਜਿਨ੍ਹਾਂ ਸਾਲਾਂ ਦੌਰਾਨ ਪੁਰਸਕਾਰ ਲਈ ਕਿਤਾਬ ਭੇਜਣ ਦੀ ਯੋਗਤਾ ਬਣਦੀ ਹੋਵੇ।

ਉਦਾਹਰਣ: ਉਹ ਲੇਖਕ ਜਿਸ ਦੀ ਮੌਤ 2019 ਤੋਂ ਪਹਿਲਾਂ ਹੋ ਚੁੱਕੀ ਹੈ, ਉਹ 2025 ਦੇ ਪੁਰਸਕਾਰ ਲਈ ਯੋਗ ਨਹੀਂ ਹੋਵੇਗਾ।

ਕੀ ਕੋਈ ਲੇਖਕ/ਪੁਸਤਕ ਅਯੋਗ/ਰੱਦ ਹੋ ਸਕਦਾ ਹੈ?

ਉਸ ਕਿਤਾਬ/ਲੇਖਕ ਨੂੰ ਪੁਰਸਕਾਰ ਲਈ ਅਯੋਗ ਕਰਾਰ ਦਿੱਤਾ ਜਾਏਗਾ ਜਿਸ ਬਾਰੇ ਇਹ ਸਾਬਤ ਹੋ ਜਾਵੇ ਕਿ ਪੁਰਸਕਾਰ ਪ੍ਰਾਪਤ ਕਰਨ ਲਈ ਲੇਖਕ ਵੱਲੋਂ ਕਾਰਜਕਾਰੀ ਬੋਰਡ ਨੂੰ ਪ੍ਰਭਾਵਿਤ ਕੀਤਾ ਗਿਆ ਸੀ।

ਕਿਤਾਬਾਂ ਭੇਜਣ ਬਾਰੇ ਕੁਝ ਜ਼ਰੂਰੀ ਗੱਲਾਂ

ਸਾਰੇ ਨਿਯਮਾਂ ਤੇ ਸ਼ਰਤਾਂ ਦੀ ਜਾਣਕਾਰੀ ਤੋਂ ਬਾਅਦ ਹੁਣ ਇਹ ਜਾਣ ਲੈਂਦੇ ਹਾਂ ਕਿ ਕਿਤਾਬਾਂ ਕਦੋਂ ਅਤੇ ਕਿਵੇਂ ਭੇਜਣੀਆਂ ਹਨ। ਇਸ ਬਾਰੇ ਹੇਠ ਲਿਖੀਆਂ ਸਾਰੀਆਂ ਹਿਦਾਇਤਾਂ ਧਿਆਨ ਨਾਲ ਪੜ੍ਹੋ-

  • ਸਹਿਤ ਅਕਾਦੇਮੀ ਹਰ ਸਾਲ ਭਾਰਤੀ ਲੇਖਕਾਂ ਦੀਆਂ ਬਿਹਤਰੀਨ ਕਿਤਾਬਾਂ ਦੇ ਪੁਸਰਕਾਰ ਲਈ ਇਸ਼ਤਿਹਾਰ ਅਖ਼ਬਾਰਾਂ ਅਤੇ ਸਾਹਿਤਿਕ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਕਰੇਗੀ।
  • ਲੇਖਕ ਆਪ, ਪ੍ਰਕਾਸ਼ਕ ਅਤੇ ਲੇਖਕਾਂ ਦੇ ਸ਼ੁਭ-ਚਿੰਤਕ ਪੁਰਸਕਾਰ ਲਈ ਅਰਜ਼ੀ ਭੇਜ ਸਕਦੇ ਹਨ।
    ਪ੍ਰਕਾਸ਼ਕ ਜਿੰਨੀਆਂ ਚਾਹੁਣ ਉਤਨੀਆਂ ਕਿਤਾਬਾਂ ਕਿਤਾਬਾਂ ਭੇਜ ਸਕਦੇ ਹਨ।
  • ਇਸ ਤਰ੍ਹਾਂ ਜਮ੍ਹਾਂ ਕੀਤੀਆਂ ਕਿਤਾਬਾਂ ਲੇਖਕਾਂ, ਸਹਿਯੋਗੀਆਂ ਜਾਂ ਪ੍ਰਕਾਸ਼ਕਾਂ ਨੂੰ ਵਾਪਸ ਨਹੀਂ ਕੀਤੀਆਂ ਜਾਣਗੀਆਂ।
  • ਕਿਤਾਬਾਂ ਭੇਜਣ ਵਾਲਿਆਂ ਨਾਲ ਇਸ ਬਾਰੇ ਕਿਸੇ ਤਰ੍ਹਾਂ ਦੇ ਚਿੱਠੀ-ਪੱਤਰ ਦਾ ਜਵਾਬ ਨਹੀਂ ਦਿੱਤਾ ਜਾਵੇਗਾ।
  • ਕਲਮੀ ਨਾਮ ਜਾਂ ਤਖ਼ੱਲੁਸ ਨਾਲ ਲਿਖੀ ਗਈ ਕਿਤਾਬ ਜਮ੍ਹਾਂ ਕਰਨ ਵੇਲੇ ਲੇਖਕ ਆਪਣਾ ਹਲਫ਼ੀਆ ਬਿਆਨ ਨਾਲ ਜਮ੍ਹਾਂ ਕਰਵਾਏਗਾ।

ਕਿਤਾਬਾਂ ਦੀ ਪੁਰਸਕਾਰ ਲਈ ਚੋਣ ਕਿਵੇਂ ਹੋਵੇਗੀ?

ਭਾਰਤੀ ਸਾਹਿਤ ਅਕੇਦਮੀ ਵਿੱਚ ਪੁਸਤਕਾਂ ਪਹੁੰਚਣ ਤੋਂ ਬਾਅਦ ਉਹ ਹੇਠ ਲਿਖੇ ਪੜਾਵਾਂ ਵਿੱਚੋਂ ਲੰਘਣਗੀਆਂ-

  • ਜਿਹੜੀਆਂ ਕਿਤਾਬਾਂ ਪ੍ਰਾਪਤ ਹੋਣਗੀਆਂ ਅਤੇ ਯੋਗ ਮੰਨੀ ਗਈਆਂ ਉਹ ਸਾਰੀਆਂ ਕਿਤਾਬਾਂ ਸਹਿਤ ਅਕਾਦੇਮੀ ਦੇ ਉਸ ਭਾਸ਼ਾ ਨਾਲ ਸੰਬੰਧਤ ਸਲਾਹਕਾਰ ਬੋਰਡ ਦੇ ਮੈਂਬਰਾਂ (ਕਨਵੀਨਰ ਸਮੇਤ) ਨੂੰ ਭੇਜੀ ਜਾਣਗੀਆਂ।
  • ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਕਿਤਾਬਾਂ ਵਿੱਚੋਂ ਅਕਾਦੇਮੀ ਦੁਆਰਾ ਮਿੱਥੀ ਤਾਰੀਕ ਤੱਕ ਕੋਈ ਦੋ ਕਿਤਾਬਾਂ ਦੀ ਸਿਫ਼ਾਰਿਸ਼ ਭੇਜਣ ਦੀ ਬੇਨਤੀ ਕੀਤੀ ਜਾਵੇਗੀ। ਹਰ ਇੱਕ ਮੈਂਬਰ-
    •  ਸੂਚੀ ਵਿੱਚ ਪਹਿਲਾਂ ਤੋਂ ਮੌਜੂਦ ਦੋ ਕਿਤਾਬਾਂ ਵੀ ਚੁਣ ਸਕਦਾ ਹੈ।
    • ਜੇ ਚਾਹੇ ਤਾਂ ਇੱਕ ਕਿਤਾਬ ਸੂਚੀ ਵਿੱਚੋਂ ਅਤੇ ਦੂਜੀ ਕਿਤਾਬ ਦਾ ਨਾਮ ਆਪਣੀ ਮਰਜ਼ੀ ਅਨੁਸਾਰ ਵੀ ਭੇਜ ਸਕਦਾ ਹੈ।
    • ਉਹ ਦੋਵੇਂ ਕਿਤਾਬਾਂ ਦੇ ਨਾਮ ਸੂਚੀ ਵਿੱਚੋਂ ਨਾ ਚੁਣ ਕੇ ਆਪਣੇ ਵੱਲੋਂ ਵੀ ਭੇਜ ਸਕਦਾ ਹੈ।

ਪ੍ਰਾਇਮਰੀ ਰੈਫ਼ਰੀ ਪੈਨਲ

  • ਭਾਸ਼ਾ ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਤੋਂ ਪ੍ਰਾਪਤ ਕੀਤੀਆਂ ਸਿਫਾਰਸ਼ਾਂ ਅਨੁਸਾਰ ਸਾਰੀਆਂ ਕਿਤਾਬਾਂ ਦੀ ਸੂਚੀ ਤਿਆਰ ਕਰਕੇ 10 ਰੈਫਰੀਆਂ ਨੂੰ ਭੇਜੀ ਜਾਵੇਗੀ। ਇਹ 10 ਰੈਫ਼ਰੀ ਭਾਸ਼ਾ ਸਲਾਹਕਾਰ ਬੋਰਡ ਨਾਲ ਸਲਾਹ ਕਰ ਕੇ ਭਾਰਤੀ ਸਾਹਿਤ ਅਕਾਦੇਮੀ ਦੇ ਪ੍ਰਧਾਨ ਵੱਲੋਂ ਚੁਣੇ ਜਾਣਗੇ। ਇਨ੍ਹਾਂ ਰੈਫ਼ਰੀਆਂ ਦੇ ਪੈਨਲ ਨੂੰ ਪ੍ਰਾਇਮਰੀ ਰੈਫ਼ਰੀ ਪੈਨਲ ਕਿਹਾ ਜਾਵੇਗਾ।
  • ਹਰੇਕ ਰੈਫਰੀ ਨੇ ਦੋ ਕਿਤਾਬਾਂ ਦੀ ਸਿਫਾਰਸ਼ ਕਰਨੀ ਹੈ।
    • ਰੈਫ਼ਰੀ ਵੀ ਉਪਰੋਕਤ ਨਿਯਮ ਅਨੁਸਾਰ ਦੋਵੇਂ ਕਿਤਾਬਾਂ ਭੇਜੀ ਗਈ ਸੂਚੀ ਵਿੱਚੋਂ ਚੁਣ ਸਕਦਾ ਹੈ।
    • ਜੇ ਚਾਹੇ ਤਾਂ ਇੱਕ ਕਿਤਾਬ ਸੂਚੀ ਵਿੱਚੋਂ ਅਤੇ ਦੂਜੀ ਕਿਤਾਬ ਦਾ ਨਾਮ ਆਪਣੀ ਮਰਜ਼ੀ ਅਨੁਸਾਰ ਵੀ ਭੇਜ ਸਕਦਾ ਹੈ।
    • ਉਹ ਦੋਵੇਂ ਕਿਤਾਬਾਂ ਦੇ ਨਾਮ ਸੂਚੀ ਵਿੱਚੋਂ ਨਾ ਚੁਣ ਕੇ ਆਪਣੇ ਵੱਲੋਂ ਵੀ ਭੇਜ ਸਕਦਾ ਹੈ।
  • ਰੈਫ਼ਰੀਆਂ ਦੇ ਪ੍ਰਾਇਮਰੀ ਪੈਨਲ ਵੱਲੋਂ ਭੇਜੀਆਂ ਗਈਆਂ ਕਿਤਾਬਾਂ ਦੀ ਸੂਚੀ ਤਿੰਨ ਜਿਊਰੀ ਮੈਂਬਰਾਂ ਨੂੰ ਭੇਜੀ ਜਾਵੇਗੀ। ਜਿਊਰੀ ਦੇ ਤਿੰਨ ਮੈਂਬਰਾਂ ਦੀ ਚੋਣ ਅਕਾਦੇਮੀ ਦਾ ਪ੍ਰਧਾਨ ਭਾਸ਼ਾ ਸਲਾਹਕਾਰ ਬੋਰਡ ਵੱਲੋਂ ਦਿੱਤੇ ਗਏ ਨਾਮਾਂ ਦੇ ਸੁਝਾਅ ਨੂੰ ਧਿਆਨ ਵਿੱਚ ਰੱਖਦਿਆਂ ਕਰੇਗਾ। ਸੂਚੀ ਦੇ ਨਾਲ ਸਾਰੀਆਂ ਕਿਤਾਬਾਂ ਪ੍ਰਕਾਸ਼ਕਾਂ ਤੋਂ ਖ਼ਰੀਦ ਕੇ ਤਿੰਨੇ ਜਿਊਰੀ ਮੈਂਬਰਾਂ ਅਤੇ ਭਾਸ਼ਾ ਸਲਾਹਕਾਰ ਬੋਰਡ ਦੇ ਕਨਵੀਨਰ ਨੂੰ ਭੇਜੀਆਂ ਜਾਣਗੀਆਂ।
  • ਤਿੰਨੇ ਜਿਊਰੀ ਮੈਂਬਰ ਸਰਬ-ਸੰਮਤੀ ਨਾਲ ਜਾਂ ਬਹੁਮਤ ਨਾਲ ਪੁਰਸਕਾਰ ਲਈ ਕਿਤਾਬ ਦੇ ਨਾਮ ਦੀ ਸਿਫ਼ਾਰਿਸ਼ ਕਰਨਗੇ।
  • ਤਿੰਨ ਜਿਊਰੀ ਮੈਂਬਰਾਂ ਵੱਲੋਂ ਸਿਫ਼ਾਰਿਸ਼ ਕੀਤੀ ਗਈ ਕਿਤਾਬ ਦਾ ਨਾਮ ਰਸਮੀ ਮੰਜ਼ੂਰੀ ਅਤੇ ਪੁਰਸਕਾਰ ਦੇ ਐਲਾਨ ਲਈ ਸਮੁੱਚੇ ਭਾਸ਼ਾ ਸਲਾਹਕਾਰ ਬੋਰਡ ਦੇ ਸਾਹਮਣੇ ਰੱਖਿਆ ਜਾਵੇਗਾ।
  • ਪੁਰਸਕਾਰ ਦੇਣ ਦਾ ਵਿਚਾਰ ਉਦੋਂ ਹੀ ਕੀਤਾ ਜਾਵੇਗਾ ਜਦੋਂ ਘੱਟੋ-ਘੱਟ ਤਿੰਨ ਕਿਤਾਬਾਂ ਚੋਣ ਦੇ ਆਖ਼ਰੀ ਪੜਾਅ ਤੱਕ ਪਹੁੰਚਣਗੀਆਂ।
  • ਉਸ ਤੋਂ ਬਾਅਦ ਪੁਰਸਕਾਰ ਪ੍ਰਾਪਤ ਕਰਨ ਵਾਲੇ ਲੇਖਕ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ।

ਕਿਤਾਬ ਕਿਵੇਂ ਭੇਜਣੀ ਹੈ?

ਲੇਖਕ, ਪ੍ਰਕਾਸ਼ਕ ਜਾਂ ਸ਼ੁਭ-ਚਿੰਤਕ ਅੱਗੇ ਦਿੱਤੇ ਜਾ ਰਿਹਾ ਫ਼ਾਰਮ ਭਰ ਕੇ ਕਿਤਾਬ ਦੀ ਇਕ ਕਾਪੀ ਨਾਲ ਨੱਥੀ ਕਰ ਕੇ ਫ਼ਾਰਮ ਦੇ ਉੱਪਰ ਦਿੱਤੇ ਗਏ ਪਤੇ ਉੱਤੇ ਭੇਜ ਸਕਦਾ ਹੈ। ਫ਼ਾਰਮ ਵਿੱਚ ਹੇਠ ਲਿਖੀਆਂ ਜਾਣਕਾਰੀਆਂ ਦਰਜ ਕਰਨੀਆਂ ਹਨ-

  • ਪੁਸਤਕ ਦਾ ਨਾਮ
  • ਕਿਤਾਬ ਦੀ ਭਾਸ਼ਾ
  • ਲੇਖਕ ਦਾ ਨਾਮ (ਕਲਮੀ ਨਾਮ ਜਾਂ ਤੱਖ਼ਲਸ ਵੀ ਲਿਖੋ ਜੇ ਕੋਈ ਹੈ)
  • ਲੇਖਕ ਦੀ ਨਾਗਰਿਕਤਾ
  • ਪੁਸਤਕ ਦੇ ਪਹਿਲੀ ਵਾਰ ਪ੍ਰਕਾਸ਼ਿਤ ਹੋਣ ਦਾ ਸਾਲ
  • ਪੁਸਤਕ ਦੀ ਵਿਧਾ
  • ਪੰਨਿਆਂ ਦੀ ਕੁੱਲ ਗਿਣਤੀ (ਅਗਲੇ ਪਿਛਲੇ ਸਰਵਰਕ ਤੋਂ ਬਿਨਾਂ)
  • ਲੇਖਕ ਦਾ ਪੂਰਾ ਪਤਾ, ਸੰਪਰਕ ਨੰਬਰ ਅਤੇ ਈ-ਮੇਲ ਪਤਾ
  • ਪ੍ਰਕਾਸ਼ਕ ਦਾ ਸੰਪਰਕ ਨੰਬਰ ਅਤੇ ਈ-ਮੇਲ ਪਤਾ
  • ਫਾਰਮ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ। ਫ਼ਾਰਮ ਸਿੱਧਾ ਭਾਰਤੀ ਸਾਹਿਤ ਅਕਾਡੇਮੀ ਦੀ ਵੈਬਸਾਇਟ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਉਮੀਦ ਹੈ, ਇਸ ਸਾਰੀ ਜਾਣਕਾਰੀ ਦੀ ਮਦਦ ਨਾਲ ਤੁਸੀਂ ਆਪਣੀ ਪੁਸਤਕ ਲਈ ਭਾਰਤੀ ਸਾਹਿਤ ਅਕਾਦੇਮੀ ਦਾ ਵੱਕਾਰੀ ਸਨਮਾਨ ਹਾਸਲ ਕਰਨ ਵਿੱਚ ਜ਼ਰੂਰ ਕਾਮਯਾਬ ਹੋ ਜਾਵੋਗੇ। ਕਿਰਪਾ ਕਰ ਕੇ ਇਹ ਜਾਣਕਾਰੀ ਆਪਣੇ ਦੋਸਤਾਂ, ਪਸੰਦੀਦਾ ਲੇਖਕਾਂ ਅਤੇ ਪਾਠਕਾਂ ਨਾਲ ਜ਼ਰੂਰ ਸਾਂਝੀ ਕਰੋ ਤਾਂ ਜੋ ਉਹ ਚੰਗੀਆਂ ਕਿਤਾਬਾਂ ਨੂੰ ਪੁਰਸਕਾਰ ਦੇਣ ਦੀ ਸਿਫ਼ਾਰਸ਼ ਭਾਰਤੀ ਸਾਹਿਤਕ ਅਕਾਦੇਮੀ ਨੂੰ ਭੇਜ ਸਕਣ।

ਨੋਟ: ਉਪਰੋਕਤ ਸੂਚਨਾ ਸਿਰਫ਼ ਜਾਣਕਾਰੀ ਹਿੱਤ ਹੈ। ਪੁਰਸਕਾਰ ਦੇ ਨਿਯਮਾਂ, ਸ਼ਰਤਾਂ ਅਤੇ ਪ੍ਰਕਿਰਿਆ ਸੰਬੰਧੀ ਕਾਨੂੰਨੀ/ਸਰਕਾਰੀ ਦਸਤਾਵੇਜ਼ ਅਕਾਦਮੀ ਦੀ ਵੈੱਬਸਾਈਟ ਉੱਪਰ ਦੇਖੋ।

ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਿਤਾਬਾਂ ਪੜ੍ਹਨ ਲਈ ਕਲਿੱਕ ਕਰੋ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com