ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ‘ਚ ਰਿਲੀਜ਼ ਹੋਣ ‘ਤੇ ਪਾਬੰਦੀ

ਚੰਡੀਗੜ੍ਹ: ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ‘ਚ ਰਿਲੀਜ਼ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ਿਲਮ ਪੰਜਾਬ ਸੂਬਾ ਮੋਰਚੇ ਦੇ ਸੰਘਰਸ਼ ਤੋਂ ਲੈ ਕੈ ਧਰਮ ਯੁੱਧ ਮੋਰਚਾ ਤੇ

 

ਖਾੜਕੂਵਾਦ ਦੇ ਦਿਨਾਂ ਦਾ ਇਕ ਦਸਤਾਵੇਜ਼ ਹੈ। ਫ਼ਿਲਮ ‘ਚ ਮੁੱਖ ਕਿਰਦਾਰ ਵਜੋਂ ਭੂਮਿਕਾ ਮਸ਼ਹੂਰ ਅਦਾਕਾਰ,ਗਾਇਕ ਤੇ ਗੀਤਕਾਰ ਰਾਜ ਕਾਕੜਾ ਨੇ ਨਿਭਾਈ ਹੈ। ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਹਨ,ਜੋ ਕੈਨੇਡਾ ਦੇ ਵੈਨਕੂਵਰ ‘ਚ ਰਹਿੰਦੇ ਹਨ। ਫ਼ਿਲਮ ਦੇ ਨਿਰਦੇਸ਼ਕ ਨਰੇਸ਼ ਐਸ ਗਰਗ ਹਨ। ਇਹ ਫ਼ਿਲਮ ਭਾਰਤ ਤੋਂ ਬਾਹਰ ਪੂਰੀ ਦੁਨੀਆ ‘ਚ 16 ਸਤੰਬਰ ਨੂੰ ਰਲੀਜ਼ ਹੋ ਰਹੀ ਹੈ।

ਸੈਂਸਰ ਬੋਰਡ ਵੱਲੋਂ ਫਿਲਮ ‘ਤੇ ਪਾਬੰਦੀ ਲਗਾਉਣ ‘ਤੇ ਟਿੱਪਣੀ ਕਰਦਿਆਂ ਮੁੱਖ ਅਦਾਕਾਰ ਰਾਜ ਕਾਕੜਾ ਨੇ ਕਿਹਾ ਹੈ ਕਿ ਫ਼ਿਲਮ ‘ਤੇ ਪਾਬੰਦੀ ਲਗਾਉਣ ਬੇਹੱਦ ਗਲਤ ਹੈ। ਕਲਾ ਦੇ ਮਾਧਿਆਮ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕਰਨਾ ਕੋਈ ਜ਼ੁਰਮ ਨਹੀਂ ਹੈ ਤੇ ਅਸੀਂ ਪੰਜਾਬ ਤੇ ਸਿੱਖ ਇਤਿਹਾਸ ਦੇ ਅਹਿਮ ਪਲਾਂ ਨੂੰ ਇਕ ਦਸਤਾਵੇਜ਼ ਵਜੋਂ ਪੇਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਫ਼ਿਲਮ ‘ਤੇ ਪਾਬੰਦੀ ਲਗਾਉਣ ਨਾਲ ਇਤਿਹਾਸ ਉੱਤੇ ਮਿੱਟੀ ਨਹੀਂ ਪਾਈ ਜਾ ਸਕਦੀ। ਇਤਿਹਾਸ ਸਾਨੂੰ ਸਾਰਿਆਂ ਨੂੰ ਸਵਾਲ ਕਰ ਰਿਹਾ ਹੈ ਤੇ ਸਾਰੇ ਪੰਜਾਬੀਆਂ ਨੂੰ ਇਤਿਹਾਸ ਦੇ ਉਸ ਦੌਰ ਨਾਲ ਸੰਵਾਦ ਰਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੂੰ ਆਪਣੇ ਫੈਸਲੇ ‘ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ।
dharam yudh morcha banned in India
ਕਾਕੜਾ ਨੇ ਕਿਹਾ ਕਿ ਨਵੇਂ ਪੰਜਾਬ ਨੂੰ ਸਮਝਣ ਲਈ 1947 ਦੀ ਵੰਡ, ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਖਾੜਕੂਵਾਦ ਤੱਕ ਦਾ ਦੌਰ ਬਹੁਤ ਅਹਿਮ ਹੈ। ਅਨੰਦਪੁਰ ਸਾਹਿਬ ਦਾ ਮਤਾ ਅੱਜ ਵੀ ਆਪਣੀ ਧਾਰਮਿਕ,ਸਮਾਜਿਕ ਤੇ ਸਿਆਸੀ ਅਹਿਮੀਅਤ ਰੱਖਦਾ ਹੈ। ਅਸੀਂ ਇਸ ਫ਼ਿਲਮ ਦੇ ਜ਼ਰੀਏ ਪੰਜਾਬ ਦੀ ਦੁਖ਼ਦੀ ਰਗ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੁਨੀਆ ਭਰ ‘ਚ ਬੈਠੇ ਪੰਜਾਬੀ ਆਪਣੇ ਇਤਿਹਾਸ ਨੂੰ ਜਾਨਣ ਲਈ ਉਤਸਕ ਹਨ ਤੇ ਇਸ ਸਾਰੇ ਵਰਤਾਰੇ ਤੋਂ ਬਾਅਦ ਪੈਦਾ ਹੋਈ ਨਵੀਂ ਪੀੜ੍ਹੀ ‘ਚ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ ਦੇਖਣ ਦੀ ਬਹੁਤ ਤਾਂਘ ਹੈ।
ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਨੇ ਕਿਹਾ ਹੈ ਕਿ ਦੁਨੀਆ ਭਰ ‘ਚ ਅਤੇ ਖ਼ਾਸ ਕਰ ਯੂਰਪ ‘ਚ ਵੱਡੇ ਪੱਧਰ ‘ਤੇ ਇਤਿਹਾਸ ਉੱਤੇ ਸਿਨੇਮਾ ਬਣਾਇਆ ਗਿਆ ਹੈ। ਓਥੋਂ ਦੀਆਂ ਸਰਕਾਰਾਂ ਤੇ ਸੈਂਸਰਾਂ ਬੋਰਡਾਂ ਨੇ ਕਦੇ ਸਿਨੇਮਾ ਜਿਹੀ ਸੂਖ਼ਮ ਕਲਾ ‘ਤੇ ਪਾਬੰਦੀ ਨਹੀਂ ਲਗਾਈ ਪਰ ਭਾਰਤ ‘ਚ ਲਗਾਤਾਰ ਸਿੱਖ ਭਾਈਚਾਰੇ ਨਾਲ ਜੁੜੀਆਂ ਫ਼ਿਲਮਾਂ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਫ਼ਿਲਮ ਕਿਸੇ ਖ਼ਿਲਾਫ ਕੋਈ ਨਫ਼ਰਤ ਪੈਦਾ ਨਹੀਂ ਕਰਦੀ ਸਗੋਂ ਹਰ ਵਿਅਕਤੀ ਨੂੰ ਉਸ ਸਮੇਂ ਦੇ ਤੱਥਾਂ ਤੇ ਘਟਨਾਵਾਂ ਤੋਂ ਜਾਣੂ ਕਰਵਾਉਂਦੀ ਹੈ। ਬਾਠ ਨੇ ਕਿਹਾ ਕਿ ਕਲਾ ਦੀ ਆਜ਼ਾਦੀ ਚੰਗੇ ਲੋਕਤੰਤਰ ਦੀ ਮੁੱਢਲੀ ਪਛਾਣ ਹੁੰਦੀ ਹੈ ਤੇ ਜੇ ਕਿਤੇ ਕਲਾ ਦੀ ਆਜ਼ਾਦੀ ਖ਼ਤਮ ਹੁੰਦੀ ਹੈ ਤੇ ਲੋਕਾਂ ‘ਚ ਸਟੇਟ ਪ੍ਰਤੀ ਬੇਵਿਸਵਾਸ਼ੀ ਵੀ ਵਧਦੀ ਹੈ। 

ਬਾਠ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਇਕ ਧਾਰਮਿਕ ਘੱਟਗਿਣਤੀ ਦੇ ਤੌਰ ‘ਤੇ ਹਮੇਸ਼ਾਂ ਕੇਂਦਰ ਸਰਕਾਰ ਨਾਲ ਨਾਰਜ਼ਗੀ ਰਹੀ ਤੇ ਇਸ ਦਾ ਵੱਡਾ ਕਾਰਨ ਫੈਡਰਲ ਸਿਸਟਮ ਦਾ ਸਹੀ ਤਰੀਕਾ ਨਾਲ ਲਾਗੂ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਖ਼ਿਲਾਫ ਲਿਆ ਗਿਆ ਫੈਸਲਾ ਵੀ ਪੰਜਾਬ ਦੇ ਹੱਕਾਂ ਤੇ ਮਨੁੱਖੀ ਅਧਿਕਾਰਾਂ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਉਹ ਫ਼ਿਲਮ ਨੂੰ ਭਾਰਤ ‘ਚ ਰਿਲੀਜ਼ ਕਰਵਾਉਣ ਲਈ ਕਾਨੂੰਨੀ ਚਾਰਾਜ਼ੋਈ ਵੀ ਕਰਨਗੇ।
ਦੱਸਣਯੋਗ ਹੈ ਕਿ ਫ਼ਿਲਮ ਦਾ ਪ੍ਰੋਮੋ ਰਲੀਜ਼ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵੱਲੋਂ ਫ਼ਿਲਮ ਦੀ ਸ਼ਲਾਘਾ ਹੋ ਰਹੀ ਹੈ। ਇਹ ਫ਼ਿਲਮ ਸ੍ਰੀ ਆਨੰਦਪੁਰ ਸਾਹਿਬ,ਅੰਮ੍ਰਿਤਸਰ ਨਜ਼ਦੀਕ ਮਹਿਤਾ,ਮੋਗੇ ਦੇ ਪਿੰਡ ਰੋਡੇ ਤੇ ਮੋਹਾਲੀ ਜ਼ਿਲ਼੍ਹੇ ‘ਚ ਫ਼ਿਲਮਾਈ ਗਈ ਹੈ।ਫ਼ਿਲਮ ‘ਚ ਅਹਿਮ ਅਦਾਕਾਰਾਂ ਵਜੋਂ ਰਾਜ ਕਾਕੜਾ,ਕਰਮਜੀਤ ਸਿੰਘ ਬਾਠ,ਨੀਤੂ ਪੰਧੇਰ ਤੇ ਸੁੱਖੂ ਰਾਣਾ ਆਦਿ ਨੇ ਭੂਮਿਕਾ ਨਿਭਾਈ ਹੈ।

Updated:

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com