ਚੋਣ ਵਿਸ਼ਲੇਸ਼ਣ । ਕੌਣ ਜਿੱਤਿਆ, ਪਾਰਟੀਆਂ ਜਾਂ ਰਣਨੀਤੀ?

ਕਰੀਬ ਦੋ ਮਹੀਨੇ ਦੀ ਸ਼ਸ਼ੋਪੰਜ ਵਾਲੀ ਸਥਿਤੀ ਨੂੰ ਖ਼ਤਮ ਕਰਦਿਆਂ ਅੱਜ 11 ਮਾਰਚ 2017 ਨੂੰ ਪੰਜਾਬ ਦੇ ਚੋਣ ਨਤੀਜੇ ਆ ਹੀ ਗਏ, ਜਿਸ ਵਿਚ 77 ਸੀਟਾਂ ਦੀ ਮਜ਼ਬੂਤ ਜਿੱਤ ਹਾਸਲ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੇ ਪੰਜਾਬ ਦੀ ਸਿਆਸਤ ਵਿਚ ਵਾਪਸੀ ਕਰ ਲਈ।

ਸੋਸ਼ਲ ਮੀਡੀਆ ‘ਤੇ ਜਿੱਤ ਦਾ ਐਲਾਨ ਕਰੀ ਬੈਠੇ ਆਮ ਆਦਮੀ (ਆਪ) ਪਾਰਟੀ ਦੇ ਸਮਰਥਕਾਂ ਨੂੰ 22 ਸੀਟਾਂ ਨਾਲ ਸਬਰ ਦਾ ਘੁੱਟ ਭਰਨਾ ਪਿਆ, ਉੱਥੇ ਅਕਾਲੀ ਦਲ-ਭਾਜਪਾ ਗਠਜੋੜ ਦੀ ਝੋਲੀ 18 ਸੀਟਾਂ ਹੀ ਪੈ ਸਕੀਆਂ।
ਇਨ੍ਹਾਂ ਚੋਣ ਨਤੀਜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਨੂੰ ਸਿਰਫ਼ ਬ੍ਰੇਕ ਦਵਾਈ ਗਈ ਹੈ, ਉਸਦੇ ਆਧਾਰ ਨੂੰ ਕੋਈ ਵੱਡਾ ਖੋਰਾ ਨਹੀਂ (ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਕਦੇ ਵੀ 25% ਤੋਂ ਥੱਲੇ ਨਹੀਂ ਗਿਆ) ਲੱਗਿਆ। ਸ਼ਾਇਦ ਅਕਾਲੀ ਦਲ ਨੂੰ ਜ਼ਮੀਨੀ ਪੱਧਰ ਉੱਤੇ ਆਪਣੀ ਸੱਤਾ ਜਾਂਦੀ ਹੋਈ ਨਜ਼ਰ ਆ ਗਈ ਸੀ ਅਤੇ ਉਸਨੇ ਪੂਰੀ ਤਰ੍ਹਾਂ ਸੋਚ ਸਮਝ ਕੇ ਅੰਦਰਖਾਤੇ (ਕਈ ਜਗ੍ਹਾ ਤਾਂ ਪੂਰੀ ਤਰ੍ਹਾਂ ਖੁੱਲ੍ਹ ਕੇ ਵੀ) ਕਾਂਗਰਸ ਨਾਲ ਰਲ਼ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਰਣਨੀਤੀ ਤਿਆਰ ਕੀਤੀ, ਜਿਸ ਵਿਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੇ। ਕੈਪਟਰ ਅਮਰਿੰਦਰ ਸਿੰਘ ਦਾ ਲੰਬੀ ਤੋਂ ਆਪ ਖੜ੍ਹਨਾ ਅਤੇ ਰਵਨੀਤ ਬਿੱਟੂ ਨੂੰ ਜਲਾਲਾਬਾਦ ਤੋਂ ਖੜ੍ਹੇ ਕਰਨਾ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਪਰੰਤੂ 77 ਸੀਟਾਂ ਦੀ ਇਸ ਜਿੱਤ ਵਿਚ ਕਾਂਗਰਸ ਦੀ ਆਪਣੀ ਭੂਮਿਕਾ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ।

Punjab Assembly Elections 2017 Results Analysis
ਜੋ ਤ੍ਰਿਸ਼ੰਕੂ ਵਿਧਾਨਸਭਾ ਦੇ ਨਤੀਜੇ ਐਗਜ਼ਿਟ ਪੋਲ ਰਾਹੀਂ ਪ੍ਰੋਜੈਕਟ ਕੀਤੇ ਜਾ ਰਹੇ ਸਨ ਉਹ ਤਿੰਨਾਂ ਪ੍ਰਮੁੱਖ ਪਾਰਟੀਆਂ ਨੂੰ ਅੱਡ-ਅੱਡ ਕਰਕੇ ਦਿੱਤੇ ਜਾ ਰਹੇ ਸਨ, ਪਰ ਅੰਤਿਮ ਚੋਣ ਨਤੀਜਾ ਅੰਦਰਖਾਤੇ ਅਕਾਲੀ-ਕਾਂਗਰਸੀ ਦਾ ਗਠਜੋੜ ਨੂੰ ਪ੍ਰਮਾਣਿਤ ਕਰ ਰਿਹਾ ਹੈ। ਇਸਦਾ ਇਕ ਹੋਰ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦੈ ਕਿ ਕਾਂਗਰਸ ਆਪਣੇ ਸਿਖਰਲੇ ਵੋਟ ਪ੍ਰਤਿਸ਼ਤ (45%) ਅਤੇ ਪਿਛਲੀਆਂ ਚੋਣਾਂ ਦੇ ਵੋਟ ਪ੍ਰਤਿਸ਼ਤ (40%) ਤੋਂ ਇਨ੍ਹਾਂ ਚੋਣਾਂ ਵਿਚ ਹਾਲੇ ਵੀ ਥੱਲੇ (38%) ਹੀ ਹੈ। ਯਾਨੀ ਇਸ ਜਿੱਤ ਨੂੰ ਕਾਂਗਰਸ ਦੇ ਆਪਣੇ ਤੌਰ ‘ਤੇ ਪੰਜਾਬ ਵਿਚ ਮਜਬੂਤ ਹੋਣ ਦਾ ਆਧਾਰ ਨਹੀਂ ਮੰਨਿਆ ਜਾ ਸਕਦਾ। ਹਾਂ, ਇਹ ਜਿੱਤ ਉਸਨੂੰ ਆਪਣਾ ਆਧਾਰ ਮਜ਼ਬੂਤ ਕਰਨ ਦਾ ਮੌਕਾ ਜ਼ਰੂਰ ਦੇਵੇਗੀ।
ਸਪੱਸ਼ਟ ਤੌਰ ‘ਤੇ ਆਮ ਆਦਮੀ ਪਾਰਟੀ ਕੇਵਲ ਅਕਾਲੀ ਦਲ ਨੂੰ ਹੀ ਨੁਕਸਾਨ ਪਹੁੰਚਾਉਣ ਵਿਚ ਸਫ਼ਲ ਹੋ ਸਕੀ ਹੈ। ਉਸ ਵਿਚ ਵੱਡਾ ਹਿੱਸਾ ਜੱਟ ਸਿੱਖ ਕਿਰਸਾਨੀ ਵੋਟ ਪ੍ਰਤੀਸ਼ਤ ਦਾ ਹੈ। ਸ਼ਾਇਦ ਧਾਰਮਿਕ ਮਾਮਲਿਆਂ ਦੀ ਭਾਵੁਕਤਾ ਵੱਸ ਅਕਾਲੀ ਵਿਰੋਧੀ ਗੁੱਸੇ ਦਾ ਇਜ਼ਹਾਰ ਆਪ ਨੂੰ ਵੋਟ ਪਾ ਕੀਤਾ (ਇਸ ਲਈ ਉਨ੍ਹਾਂ ਨੇ ਕਾਂਗਰਸ ਦੀ ਬਜਾਇ ਆਪ ਨੂੰ ਚੁਣਿਆ)।
ਜਿਹੜੀ ਗੱਲ ਸਮਝਣ ਵਾਲੀ ਲੱਗਦੀ ਹੈ ਉਹ ਇਹ ਕਿ ਚੋਣਾਂ ਵਿਚ ਸਾਫ਼ ਤੌਰ ‘ਤੇ ਪਾਰਟੀ ਜਾਂ ਆਗੂਆਂ ਤੋਂ ਜ਼ਿਆਦਾ ਰਣਨੀਤੀ ਦੀ ਸਫ਼ਲਤਾ/ਅਸਫ਼ਲਤਾ ਹੁੰਦੀ ਹੈ ਅਤੇ ਪੰਜਾਬ ਵਿਚ ਪੁਰਾਣੀਆਂ ਪਾਰਟੀਆਂ ਦੀ ਸਾਂਝੀ ਰਣਨੀਤੀ ਸਫ਼ਲ ਰਹੀ।
ਇਹੀ ਗੱਲ ਉੱਤਰ ਪ੍ਰਦੇਸ਼ ਵਿਚ ਭਾਜਪਾ ਅਤੇ ਅਮਰੀਕਾ ਵਿਚ ਟ੍ਰੰਪ ਦੀ ਜਿੱਤ ਦੇ ਪਿੱਛੇ ਪਈ ਹੈ ਕਿ ਇਨ੍ਹਾਂ ਪਾਰਟਿਆਂ ਦੇ ਪ੍ਰਮੁੱਖ ਚਿਹਰਿਆਂ ਦੇ ਸਿਰ ਵੱਡੀ ਬਦਨਾਮੀ ਹੋਣ ਦੇ ਬਾਵਜੂਦ ਇਸ ਵੇਲੇ ਇਨ੍ਹਾਂ ਪਾਰਟੀਆਂ ਕੋਲ ਅਜਿਹੀ ਰਣਨੀਤੀ ਹੈ ਜੋ ਸਫ਼ਲ ਹੋ ਰਹੀ ਹੈ ਯਾਨਿ ਕਿ ਵੋਟਰਾਂ ਦੇ ਜ਼ਿਹਨਾਂ ਵਿਚ ਜੋ ਇਹ ਸੋਚ ਭਰਨ ਵਿਚ ਲੱਗੇ ਹੋਏ ਸਨ, ਉਹ ਭਰਨ ਵਿਚ ਸਫ਼ਲ ਰਹੇ ਹਨ। ਅਮਰੀਕਾ ਅਤੇ ਭਾਰਤ ਦੋਵਾਂ ਵਿਚ ਖੱਬੇ-ਪੱਖੀਆਂ ਦੀ ਫਾਸੀਵਾਦ, ਅਸਹਿਣਸ਼ੀਲਤਾ ਅਤੇ ਹੋਰ ਨਾਰੇਬਾਜ਼ੀ ਵਾਲੀ ਵਿਰੋਧ ਦੀ ਰਣਨੀਤੀ ਦਾ ਰੱਤੀ ਭਰ ਵੀ ਅਸਰ ਨਜ਼ਰ ਨਹੀਂ ਆਉਂਦਾ। ਇਸਦੇ ਨਾਲ ਹੀ ਇਹ ਆਮ-ਆਦਮੀ ਪਾਰਟੀ ਦੀ ਪਾਪੂਲਰ ਕਲਚਰ ਵਾਲੀ ਭੰਡੀ ਪ੍ਰਚਾਰ ਦੀ ਰਣਨੀਤੀ ਦੀ ਅਸਲਫ਼ਤਾ ਉੱਪਰ ਵੀ ਮੋਹਰ ਹੈ।
ਸਮੁੱਚੇ ਰੂਪ ਵਿਚ ਇਹ ਸੱਜੇਪੱਖੀ ਜਾਤ, ਧਰਮ ਅਤੇ ਰਾਸ਼ਟਰਵਾਦ ਆਧਾਰਿਤ ਰਾਜਨੀਤੀ ਦੇ ਉਭਾਰ ਅਤੇ ਜ਼ਮੀਨੀ ਪੱਧਰ ‘ਤੇ ਬਹੁ-ਗਿਣਤੀ ਵਰਗ ਦੀ ਵਧੇਰੇ ਮਜ਼ਬੂਤੀ ਦਾ ਦੌਰ ਸਾਬਤ ਹੋ ਰਿਹਾ ਹੈ, ਘੱਟ-ਗਿਣਤੀਆਂ ਨੂੰ ਇਸ ਬਾਰੇ ਚਿੰਤਤ ਹੋਣ ਦੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਤਾਂ ਹੈ ਹੀ, ਆਪਣੀ ਰਣਨੀਤੀ ਬਾਰੇ ਨਵੇਂ ਸਿਰਿਉਂ ਵਿਚਾਰ ਕਰਨ ਦੀ ਵੀ ਗੰਭੀਰ ਲੋੜ ਹੈ।

Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com