Narendra Modi | ਮੋਦੀ ਦਾ ‘ਜਾਦੂ’ ਫਿੱਕਾ

PM Narendra Modi Election 2024 Magic Faded
PM Narendra Modi Election 2024 Magic Faded

ਸਾਲ 2024 ਦੇ ਚੋਣ ਨਤੀਜਿਆਂ ਨੇ ਉੱਪਰਲੀ ਥੱਲੇ ਕਰ ਦਿੱਤੀ ਹੈ। ਆਪਣੇ ਆਪ ਨੂੰ ਅਜਿੱਤ ਮੰਨ ਕੇ ਚੱਲ ਰਹੀ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੂੰ ਮੂੰਹ ਦੀ ਖਾਣੀ ਪਈ ਹੈ। ਸਵਾਲ ਹੋ ਸਕਦਾ ਹੈ ਕਿ ਭਾਜਪਾ ਤਾਂ ਤੀਜੀ ਵਾਰ ਕੇਂਦਰ ਵਿਚ ਸਰਕਾਰ ਬਣਾਉਣ ਜਾ ਰਹੀ ਹੈ ਫਿਰ ਇਸ ਨੂੰ ਹਾਰ ਕਿਵੇਂ ਮੰਨਿਆ ਜਾ ਸਕਦਾ ਹੈ। ਜਿਹੜੀ ਚੋਣ ਦੀ ਸ਼ੁਰੂਆਤ ‘ਚਾਰ ਸੌ ਪਾਰ’ ਦੇ ਨਾਅਰੇ ਨਾਲ ਸ਼ੁਰੂ ਹੋਈ ਹੋਵੇ ਤੇ ਜਿਸ ਦਾ ਨਤੀਜਾ ਤਿੰਨ ਸੌ ਤੋਂ ਹੇਠਾਂ ਸੁੰਗੜ ਕੇ ਰਹਿ ਗਿਆ ਹੋਵੇ, ਉਸ ਨੂੰ ਵੱਡੀ ਜਿੱਤ ਕਿਵੇਂ ਕਿਹਾ ਜਾ ਸਕਦਾ ਹੈ? ਇਹ ਨੁਕਤਾ ਧਿਆਨ ਵਿਚ ਰੱਖਣ ਵਾਲਾ ਹੈ ਕਿ ਦੋ ਹਜ਼ਾਰ ਚੌਵੀ ਦੀਆਂ ਚੋਣਾਂ ‘ਮੋਦੀ ਦੀ ਗਰੰਟੀ’ ‘ਤੇ ਲੜੀਆਂ ਗਈਆਂ ਸਨ। ਮੋਦੀ ਹੀ ਸਮੁੱਚੇ ਚੋਣ ਪ੍ਰਚਾਰ ਦਾ ਚਿਹਰਾ ਤੇ ਨਾਅਰਾ ਸਨ। ਜਿਸ ਹਲਕੇ ਵਿਚ ਵੀ ਉਹ ਚੋਣ ਪ੍ਰਚਾਰ ਲਈ ਜਾਂਦੇ ਸਨ ਇਹੀ ਕਿਹਾ ਜਾਂਦਾ ਸੀ ਕਿ ਮੋਦੀ ਦੇ ਨਾਮ ‘ਤੇ ਵੋਟਾਂ ਪਾ ਦਿਉ। ਹਰ ਉਮੀਦਵਾਰ ਵੀ ਇਹੀ ਕਹਿੰਦਾ ਸੀ ਕਿ ਮੋਦੀ ਨੂੰ ਜਿਤਾਉਣ ਲਈ ਵੋਟਾਂ ਪਾ ਦਿਉ।

ਚਾਰ ਸੌ ਦਾ ਸ਼ਗੂਫ਼ਾ

ਹੈਰਾਨੀ ਦੀ ਗੱਲ ਨਹੀਂ ਕਿ ਸੱਤ ਪੜਾਵਾਂ ਵਿਚ ਹੋਈਆਂ ਚੋਣਾਂ ਦੌਰਾਨ ਹਰ ਪੜਾਅ ਦੀ ਵੋਟਿੰਗ ਤੋਂ ਬਾਅਦ ਜਦੋਂ ਛਪੰਜਾ ਇੰਚ ਵਾਲੀ ਛਾਤੀ ਵਾਲੇ ਧੁਰੰਧਰ ਦਸ ਸਾਲਾਂ ਵਿਚ ਕੀਤੇ ਗਏ ਆਪਣੇ ਕਥਿਤ ਵਿਕਾਸ ਕਾਰਜਾਂ ਦੀ ਬਜਾਇ ਮੁਸਲਮਾਨ ਮੈਨੀਫੈਸਟੋ, ਮੰਗਲਸੂਤਰ, ਵੱਧ ਬੱਚੇ ਵਰਗੇ ਵੱਖਵਾਦੀ ਨਾਅਰੇ ‘ਤੇ ਆ ਗਿਆ ਤਾਂ ਸਪੱਸ਼ਟ ਹੋ ਗਿਆ ਸੀ ਕਿ ‘ਵੱਡੇ ਆਗੂ’ ਨੂੰ ਆਪਣੀ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਸੀ। ਜਦੋਂ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਵਿਚ ਘੱਟ ਪਈਆਂ ਵੋਟਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਚਾਰ ਸੌ ਪਾਰ ਦਾ ਸ਼ਗੂਫ਼ਾ ਹਵਾ ਹੋ ਗਿਆ ਹੈ ਤਾਂ ਕੰਧ ‘ਤੇ ਲਿਖਿਆ ਨਜ਼ਰ ਆ ਗਿਆ ਸੀ ਕਿ ਭਾਜਪਾ ਆਪਣੇ ਗੜ੍ਹ ਵਿਚ ਮਾਤ ਖਾਂਦੀ ਹੋਈ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਵਾਰਾਣਸੀ ਦੀ ਸੀਟ ਤਾਂ ਬਚਾ ਲਈ ਹੈ।

ਤ੍ਰਾਸਦੀ ਵਾਲੀ ਗੱਲ ਹੈ ਕਿ ਭਾਜਪਾ ਫ਼ੈਜ਼ਾਬਾਦ (ਅਯੁੱਧਿਆ) ਦੀ ਉਹ ਸੀਟ ਨਹੀਂ ਬਚਾ ਸਕੀ। ਇੱਥੇ ਮੰਦਰ ਬਣਾ ਕੇ ਫ਼ਿਰਕੂ ਲਹਿਰ ‘ਤੇ ਸਵਾਰ ਹੋ ਕੇ ਪਾਈਆਂ ਵੰਡੀਆਂ ‘ਤੇ ਚਾਰ ਸੌ ਸੀਟਾਂ ਦਾ ਸੁਪਨਾ ਆਸਾਨ ਲੱਗ ਰਿਹਾ ਸੀ। ਇੱਥੇ ਸਭ ਤੋਂ ਵਧ ਸੀਟਾਂ ਲੈ ਕੇ ੨ ਫ਼ੀਸਦੀ ਤੋਂ ਵੱਧ ਦਾ ਵਾਧਾ ਕਰਨ ਵਾਲੀ ਸਮਾਜਵਾਦੀ ਪਾਰਟੀ ਹੀ ਹੈ।

ਕਾਂਗਰਸ ਦੀ ਵੋਟ ਪ੍ਰਤੀਸ਼ਤ ਵਿਚ ਤਾਂ ਵਾਧਾ ਪੂਰੇ ਦੇਸ਼ ਵਿਚ ਹੋਇਆ ਹੈ। ਭਾਜਪਾ ਨੇ 2019 ਵਿਚ ਜਿਹੜੀਆਂ 303 ਸੀਟਾਂ ਜਿੱਤੀਆਂ ਸਨ, 2024 ਵਿਚ ਉਸ ਵਿਚੋਂ 92 ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੋਰ ਨਵੀਆਂ ਸੀਟਾਂ ਜਿੱਤਣ ਵਾਲੇ ‘ਅੱਗਾ ਦੌੜ ਪਿੱਛਾ ਚੌੜ’ ਵਾਲੇ ਰੌਂਅ ਵਿਚ 32 ਨਵੀਆਂ ਸੀਟਾਂ ਜਿੱਤ ਕੇ ਆਪਣੇ ਗੜ੍ਹ ਵਿਚ ਆਪਣਾ ਝੁੱਗਾ ਚੌੜ ਕਰਾ ਲਿਆ।

ਹਿੰਦੂ ਰਾਸ਼ਟਰ ਨਹੀਂ ਚਾਹੁੰਦੀ ਹਿੰਦੀ ਪੱਟੀ

ਸਪੱਸ਼ਟ ਹੈ ਕਿ ਸਭ ਤੋਂ ਵਧ ਖੋਰਾ ਭਾਜਪਾ ਨੂੰ ਉੱਤਰ-ਪ੍ਰਦੇਸ਼ ਵਿਚ ੨੯ ਸੀਟਾਂ ਦਾ ਲੱਗਿਆ। ਦੂਜਾ ਵੱਡਾ ਝਟਕਾ ਭਾਜਪਾ ਨੂੰ ਮਹਾਰਾਸ਼ਟਰ ਤੋਂ ੧੬ ਸੀਟਾਂ ਦਾ ਲੱਗਿਆ, ਜਿੱਥੇ ਸ਼ਿਵ ਸੈਨਾ ਤੇ ਐਨਸੀਪੀ ਵਰਗੀਆਂ ਪੁਰਾਣੀਆਂ ਦੋ-ਦੋ ਪਾਰਟੀਆਂ ਦੇ ਟੋਟੇ ਕਰ ਕੇ ਆਪਣੀ ਸੱਤਾ ਚਮਕਾਉਣ ਦੀ ਕੋਸ਼ਿਸ ਕੀਤੀ। ਅਗਲਾ ਝਟਕਾ ਰਾਜਸਥਾਨ ਵਿਚ ਲੱਗਾ ਜਿੱਥੇ ਦਸ ਸੀਟਾਂ ਗੁਆਉਣੀਆਂ ਪਈਆਂ। ਬਿਹਾਰ ਵਿਚ ਵੀ ੫ ਸੀਟਾਂ ਦਾ ਝਟਕਾ ਲੱਗਿਆ। ਦੇਸ਼ ਦੇ ਕਿਸਾਨਾਂ ਨਾਲ ਹਿੰਸਕ ਵਤੀਰਾ ਕਰਨ ਲਈ ਸਰਹੱਦ ਬਣ ਕੇ ਨਿੱਤਰੇ ਹਰਿਆਣੇ ਵਿਚ ਵੀ ਭਾਜਪਾ ਨੂੰ ਅੱਧੀਆਂ (੫) ਸੀਟਾਂ ਗੁਆਉਣੀਆਂ ਪਈਆਂ। ਝਾਰਖੰਡ ਵਿਚ ਭਾਜਪਾ ਨੂੰ ਸੇਕ ਸਹਿਣਾ ਪਿਆ। ਇਹ ਹਿੰਦੀ ਪੱਟੀ ਦੇ ਉਹ ਗੜ੍ਹ ਸਨ, ਜਿੱਥੇ ਭਾਜਪਾ ਆਪਣੇ ਆਪ ਨੂੰ ਅਜਿੱਤ ਮੰਨਦੀ ਸੀ।

ਦੱਖਣ ਤੇ ਬੰਗਾਲ ਨੇ ਨਕਾਰਿਆ

ਹਿੰਦੀ ਪੱਟੀ ਵਿਚ ਝਟਕਾ ਖਾਣ ਤੋਂ ਇਲਾਵਾ ਭਾਜਪਾ ਦੇ ਸੁਪਨਿਆਂ ‘ਤੇ ਦੱਖਣ ਭਾਰਤ ਨੇ ਪਾਣੀ ਫੇਰਿਆ। ਆਪਣੇ ਵੱਲੋਂ ਪਾਰਟੀ ਨੇ ਸਾਮ, ਦਾਮ, ਦੰਡ, ਭੇਦ ਦਾ ਹਰ ਹਥਕੰਡਾ ਅਪਣਾ ਕੇ ਦੇਖਿਆ। ਕਰਨਾਟਕ ਵਿਚ ਅੱਠ ਸੀਟਾਂ ਘੱਟ ਗਈਆਂ ਅਤੇ ਤਾਮਿਲਨਾਡੂ ਵਿਚ ਇਕ ਵੀ ਸੀਟ ਨਹੀਂ ਮਿਲੀ। ਅੱਠ ਸੀਟਾਂ ਹੀ ਪੱਛਮੀ ਬੰਗਾਲ ਵਿਚ ਹੱਥੋਂ ਖਿਸਕ ਗਈਆਂ। ਪਿਛਲੀਆਂ ਸੀਟਾਂ ਘਟਣ ਤੇ ਕੁਝ ਸੂਬਿਆਂ ਵਿਚ ਸੀਟਾਂ ਨਾ ਵਧਣ ਕਰ ਕੇ ਐਨਡੀਏ ਦਾ ਚਾਰ ਸੌ ਪਾਰ ਦਾ ਸੁਪਨਾ ਚਕਨਾਚੂਰ ਹੋ ਗਿਆ।

ਪੰਜਾਬੀਆਂ ਨੇ ਕੀਤਾ ਝੋਲਾ ਖ਼ਾਲੀ

ਪੰਜਾਬ ਵਿਚ ਭਾਜਪਾ ਦਾ ਖ਼ਾਤਾ ਵੀ ਨਹੀਂ ਖੁੱਲ੍ਹਿਆ। ਸੱਚ ਇਹ ਹੈ ਕਿ ਭਾਜਪਾ ਨੇ ਪੰਜਾਬ ਤੋਂ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕੋਈ ਉਮੀਦ ਵੀ ਨਹੀਂ ਕੀਤੀ ਸੀ। ਕਿਸਾਨ ਜੱਥੇਬੰਦੀਆਂ ਦੇ ਵਿਰੋਧ ਕਰ ਕੇ ਭਾਜਪਾ ਦੇ ਉਮੀਦਵਾਰਾਂ ਨੂੰ ਬਹੁਤ ਨਿਰਾਸ਼ ਹੋਣਾ ਪਿਆ। ਕਈ ਸੀਟਾਂ ਦੇ ਨਤੀਜੇ ਦੱਸਦੇ ਹਨ ਕਿ ਸ਼ਹਿਰ ਵਿਚ ਭਾਜਪਾ ਦੀ ਪਕੜ ਮਜ਼ਬੂਤ ਹੋਈ ਹੈ। ਪਾਰਟੀ ਨੂੰ ਪਿੰਡਾਂ ਵਿਚੋਂ ਕੋਈ ਬਹੁਤ ਹੁੰਗਾਰਾ ਨਹੀਂ ਮਿਲਿਆ। ਇੱਥੋਂ ਤੱਕ ਕਿ ਭਾਜਪਾ ਆਪਣੀ ਲੰਮੇ ਸਮੇਂ ਤੋਂ ਜਿੱਤ ਰਹੀ ਗੁਰਦਾਸਪੁਰ ਸਮੇਤ ਆਪਣੀਆਂ ਪਿਛਲੀਆਂ ਦੋ ਸੀਟਾਂ ਵੀ ਨਹੀਂ ਬਚਾ ਸਕੀ। ਆਮ ਆਦਮੀ ਪਾਰਟੀ ਦੀ ਤਬਦੀਲੀ ਦੀ ਸਿਆਸਤ ਦੀ ਜ਼ਮੀਨੀ ਹਕੀਕਤ ਤੋਂ ਨਿਰਾਸ਼ ਹੋਏ ਪੰਜਾਬੀਆਂ ਨੇ ਗੁੱਸੇ ਵਿਚ ਕਾਂਗਰਸ ਨੂੰ ਵੋਟਾਂ ਪਾਈਆਂ, ਜਿਸ ਦਾ ਸਿੱਧਾ ਨੁਕਸਾਨ ਆਪ ਦੇ ਨਾਲ-ਨਾਲ ਭਾਜਪਾ ਨੂੰ ਵੀ ਹੋਇਆ। ਕਾਂਗਰਸ ਨੇ ਸੱਤ ਸੀਟਾਂ ਤਾਂ ਜਿੱਤ ਲਈਆਂ ਪਰ ਉਸ ਦੀ ਵੋਟ ਹਿੱਸੇਦਾਰੀ ਚਾਲ੍ਹੀ ਫ਼ੀਸਦੀ ਤੋਂ ਘੱਟ ਕੇ ਛੱਬੀ ਫ਼ੀਸਦੀ ‘ਤੇ ਆ ਗਿਆ।

ਪੰਜਾਬ ਦੇ ਭਗਵਾਕਰਨ ਦੀ ਰਫ਼ਤਾਰ ਤੇਜ਼

ਅੱਗੇ ਭਾਜਪਾ ਕੁਝ ਗਿਣਤੀ ਦੀਆਂ ਸੀਟਾਂ ‘ਤੇ ਪੰਜਾਬ ਵਿਚ ਚੋਣ ਲੜ੍ਹਦੀ ਰਹੀ ਹੈ। ਪਹਿਲੀ ਵਾਰ ਉਸ ਨੇ ਸਾਰੀਆਂ ਤੇਰਾਂ ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ, ਜਿਸ ਕਰ ਕੇ ਉਸ ਦੀ ਵੋਟ ਹਿੱਸੇਦਾਰੀ ਸਾਢੇ ਨੌ ਫ਼ੀਸਦੀ ਤੋਂ ਸਾਢੇ ਅਠ੍ਹਾਰਾਂ ਫ਼ੀਸਦੀ ਤੱਕ ਪਹੁੰਚ ਗਈ। ਭਾਜਪਾ ਦਾ ਨਿਸ਼ਾਨਾ ੨੦੨੭ ਦੀਆਂ ਵਿਧਾਨ ਸਭਾ ਚੋਣਾਂ ‘ਤੇ ਹੈ। ਕੋਈ ਸ਼ੱਕ ਨਹੀਂ ਕਿ ਭਾਜਪਾ ਅਗਲੇ ਸਾਲਾਂ ਵਿਚ ਪੰਜਾਬ ਵਿਚ ਫ਼ਿਰਕੂ ਰੰਗਤ ਨਾਲ ਡਰ ਦਾ ਮਾਹੌਲ ਪੈਦਾ ਕਰ ਕੇ ਕੁਝ ਵਰਗਾਂ ਨੂੰ ਆਪਣੇ ਪੱਖ ਵਿਚ ਕਰਨ ਦਾ ਪੂਰਾ ਜ਼ੋਰ ਲਾਵੇਗੀ। ਇਸ ਲਈ ਉਹ ਸ਼ਹਿਰੀ ਖੇਤਰ ਤੇ ਪੇਂਡੂ ਖੇਤਰ ‘ਤੇ ਬਰਾਬਰ ਦਾ ਜ਼ੋਰ ਲਾ ਰਹੀ ਹੈ। ਇਸ ਮਾਮਲੇ ਵਿਚ ਫ਼ਿਲਹਾਲ ਭਾਜਪਾ ਨੂੰ ਨਾ ਤਾਂ ਪੰਜਾਬ ਵਿਚ, ਨਾ ਹਿੰਦੀ ਪੱਟੀ ਵਿਚ ਤੇ ਨਾ ਹੀ ਦੱਖਣ-ਭਾਰਤ ਵਿਚ ਸਫ਼ਲਤਾ ਮਿਲਦੀ ਨਜ਼ਰ ਆ ਰਹੀ ਹੈ।

ਵਿਰੋਧੀ ਧਿਰ ਦੀ ਜ਼ਿੰਮੇਵਾਰੀ

ਇਨ੍ਹਾਂ ਚੋਣ ਨਤੀਜਿਆਂ ਨੇ ਤਾਂ ਸਾਬਤ ਕਰ ਦਿੱਤਾ ਹੈ ਕਿ ਹਿੰਦੀ ਪੱਟੀ ਨੂੰ ਵੀ ਭਾਜਪਾ ਦੀ ਇਹ ਫ਼ਿਰਕੂ ਰੰਗਤ ਵਾਲੀ ਸਿਆਸਤ ਪ੍ਰਵਾਨ ਨਹੀਂ ਹੈ। ਇੰਡੀਆ ਗਠਜੋੜ ਨੇ ਇਹ ਚੋਣ ਸੰਵਿਧਾਨ ਬਚਾਉਣ ਦੇ ਹੋਕੇ ਨਾਲ ਦਿੱਤਾ ਹੈ। ਇਸ ਵਾਰ ਲੋਕ ਸਭਾ ਦੀਆਂ ਕੁਰਸੀਆਂ ‘ਤੇ ਦੇਸ਼ ਭਰ ਦੀ ਬਹੁ-ਰੰਗੀ ਸਿਆਸਤ ਦੇ ਪ੍ਰਤੀਨਿਧ ਮੌਜੂਦ ਹੋਣਗੇ ਜੋ ਸੰਪੂਰਨ ਬਹੁਮਤ ਵਾਲੀ ਤਾਨਾਸ਼ਾਹੀ ਨੂੰ ਠੱਲ ਪਾਉਣ ਵਿਚ ਕੁਝ ਭੂਮਿਕਾ ਜ਼ਰੂਰ ਨਿਭਾਉਣਗੇ। ਇੰਡੀਆ ਗਠਜੋੜ ਦੇ ਆਗੂ ਜੇਕਰ ਲਗਾਤਾਰ ਲੋਕਤੰਤਰ ਦੀ ਬਹਾਲੀ ਲਈ ਕੰਮ ਕਰਦੇ ਹਨ ਤਾਂ ਪੰਜ ਸਾਲ ਬਾਅਦ ਜਾਂ ਸ਼ਾਇਦ ਉਸ ਤੋਂ ਵੀ ਪਹਿਲਾਂ ਜਨਤਾ ਉਨ੍ਹਾਂ ਨੂੰ ਸੱਤਾ ਵਿਚ ਆਉਣ ਦਾ ਮੌਕਾ ਵੀ ਦੇ ਸਕਦੀ ਹੈ।

ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੌਸਲਾ ਵਧਾਊ ਜਿੱਤ ਤੋਂ ਬਾਅਦ ਵਿਰੋਧੀ ਧਿਰ ਇਹ ਜ਼ਿੰਮੇਵਾਰੀ ਕਿੰਨੀ ਸ਼ਿੱਦਤ ਨਾਲ ਨਿਭਾਉਂਦੀ ਹੈ। ਭਾਵੇਂ ਦੇਖਣ ਨੂੰ ਭਾਜਪਾ ਇਸ ਚੋਣ ਨਤੀਜੇ ਨੂੰ ਜਿੱਤ ਦੇ ਜਸ਼ਨ ਵੱਜੋਂ ਪੇਸ਼ ਕਰ ਰਹੀ ਹੈ, ਪਰ ਉਸ ਨੂੰ ਵੀ ਪਤਾ ਹੈ ਕਿ ਐਨਡੀਏ ਅੰਦਰ ਸਭ ਸੁੱਖ-ਸਾਂਦ ਨਹੀਂ ਹੈ। ਈਡੀ, ਆਮਦਨ ਕਰ ਤੇ ਸੀਬੀਆਈ ਦਾ ਡਰ ਦਿਖਾ ਕੇ ਜਿਹੜੇ ਵਿਰੋਧੀਆਂ ਨੂੰ ਉਸ ਨੇ ਆਪਣੀ ਵਾਸ਼ਿੰਗ ਮਸ਼ੀਨ ਵਿਚ ਧੋ ਕੇ ਆਪਣੇ ਨਾਲ ਰਲ਼ਾਇਆ ਹੈ, ਉਹ ‘ਘਰ ਦੇ ਭੇਤੀ’ ਕਿਸੇ ਵੇਲੇ ਵੀ ਸੱਤਾਧਾਰੀ ਧਿਰ ਦੀ ‘ਲੰਕਾ ਦਹਿਨ’ ਕਰ ਸਕਦੇ ਹਨ। ਫ਼ਿਲਹਾਲ ਇਨ੍ਹਾਂ ਚੋਣ ਨਤੀਜਿਆਂ ਨੂੰ ਤਾਨਾਸ਼ਾਹੀ ਦੇ ਹਨੇਰੇ ਵਿਚ ਲੋਕਤੰਤਰ ਦੀ ਵਾਪਸੀ ਦੀ ਕਿਰਨ ਦੇ ਰੂਪ ਵਿਚ ਦੇਖਣਾ ਚਾਹੀਦਾ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com