ਕੀ ਸੁਰਿੰਦਰ ਛਿੰਦਾ ਦੀ ਯਾਦਗਾਰ ਬਣੇਗੀ?

ਸ਼ੁੱਕਰਵਾਰ (4 ਅਗਸਤ 2023) ਨੂੰ ਪੰਜਾਬ ਦੇ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਭੋਗ ਦੇ ਮੌਕੇ ਉਨ੍ਹਾਂ ਦੀ ਯਾਦਗਾਰ ਬਣਾਉਣ ਦਾ ਮਸਲਾ ਉੱਠਿਆ। ਸਰਕਾਰ ਵੱਲੋਂ ਯਾਦਗਾਰ ਬਣਾਉਣ ਦਾ ਐਲਾਨ ਵੀ ਹੋਇਆ ਪਰ ਐਲਾਨ ਇਸ ਤਰ੍ਹਾਂ ਦਾ ਹੋਇਆ ਜਿਸ ਤੋਂ ਲੱਗਦਾ ਇੰਝ ਹੀ ਹੈ ਕਿ ਇਹ ਵੀ ਕਈ ਹੋਰ ਐਲਾਨਾਂ ਵਰਗਾ ਐਲਾਨ ਹੀ ਰਹਿ ਜਾਵੇਗਾ। ਇਸ ਤੋਂ ਪਹਿਲਾਂ ਕੁਲਦੀਪ ਮਾਣਕ ਤੇ ਸਰਦੂਲ ਸਿਕੰਦਰ ਦੀਆਂ ਯਾਦਗਾਰਾਂ ਬਣਾਉਣ ਦਾ ਐਲਾਨ ਵੀ ਹੋਇਆ ਸੀ। ਉਹ ਵੀ ਬਸ ਐਲਾਨ ਹੀ ਰਹਿ ਗਏ।

ਸੁਰਿੰਦਰ ਛਿੰਦਾ ਦੀ ਯਾਦਗਾਰ ਬਣੇਗੀ ਜਾਂ ਨਹੀਂ ਇਹ ਸਵਾਲ ਹਵਾ ਵਿਚ ਲਟਕ ਰਿਹਾ ਹੈ। ਇਹ ਸਵਾਲ ਪੈਦਾ ਕਿਉਂ ਹੋਇਆ? ਉਨ੍ਹਾਂ ਦੇ ਭੋਗ ਸਮੇਂ ਇਸ ਬਾਰੇ ਕੀ ਸਿਆਸੀ ਗੱਲਬਾਤ ਹੋਈ ?

ਸੁਰਿੰਦਰ ਛਿੰਦਾਂ ਦਾ ਜਨਮ ਸਾਡੇ ਪਿੰਡ ਹੋਇਆ: ਇਯਾਲੀ

ਸ਼੍ਰੋਮਣੀ ਅਕਾਲੀ ਦਲ ਦੇ ਵੱਖਰੀ ਸੁਰ ਵਾਲੇ ਆਗੂ ਤੇ ਹਲਕਾ ਦਾਖਾ ਦੇ ਐਮਐਲਏ ਮਨਪ੍ਰੀਤ ਇਯਾਲੀ ਨੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਮਰਹੂਮ ਗਾਇਕ ਨਾਲ ਉਨ੍ਹਾਂ ਦੀ ਪੀੜ੍ਹੀਆਂ ਦੀ ਸਾਂਝ ਸੀ। ਉਨ੍ਹਾਂ ਦਾ ਜਨਮ ਉਨ੍ਹਾਂ ਦੇ ਪਿੰਡ ਇਯਾਲੀ ਖੁਰਦ ਵਿਖੇ ਹੋਇਆ ਜਿੱਥੇ ਉਨ੍ਹਾਂ ਦੇ ਪਿਤਾ ਜੀ ਦੇ ਛਿੰਦਾ ਦੇ ਪਿਤਾ ਨਾਲ ਗੂੜ੍ਹੀ ਸਾਂਝ ਸੀ। ਇਹ ਸਾਂਝ ਅਗਲੀ ਪੀੜ੍ਹੀ ਵਿਚ ਜਾਰੀ ਰਹੀ ਤੇ ਖ਼ੁਦ ਮਨਪ੍ਰੀਤ ਇਯਾਲੀ ਨਾਲ ਵੀ ਉਨ੍ਹਾਂ ਦੀ ਗੂੜ੍ਹੀ ਸਾਂਝ ਰਹੀ। ਉਨ੍ਹਾਂ ਕਿਹਾ ਕਿ ਪਿੰਡ ਨਾਲ ਛਿੰਦਾ ਹੁਰਾਂ ਦੀ ਗੂੜ੍ਹੀ ਸਾਂਝ ਰਹੀ।

ਇੱਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਸੁਰਿੰਦਰ ਛਿੰਦਾ ਦਾ ਜੱਦੀ ਪਿੰਡ ਝਾਂਡੇ (ਜ਼ਿਲ੍ਹਾ ਲੁਧਿਆਣਾ) ਹੈ। ਉਨ੍ਹਾਂ ਦਾ ਪਰਿਵਾਰ ਕਿਸੇ ਇਯਾਲੀ ਖੁਰਦ ਰਹਿਣ ਲੱਗ ਪਿਆ। ਸੁਰਿੰਦਰ ਛਿੰਦਾ ਦਾ ਜਨਮ ਇਯਾਲੀ ਖੁਰਦ ਹੋਇਆ। ਉਸ ਤੋਂ ਬਾਅਦ ਉਹ ਪੁਰਾਣੇ ਲੁਧਿਆਣੇ ਦੇ ਨਿੰਮ ਵਾਲਾ ਚੌਂਕ ਦੇ ਕੋਲ ਰਹੇ। ਉਨ੍ਹਾਂ ਦੇ ਉਸਤਾਦ ਜਸਵੰਤ ਭੰਵਰਾ ਜੀ ਦਾ ਘਰ ਵੀ ਪੁਰਾਣੇ ਸ਼ਹਿਰ ਵਿਚ ਮਾਧੋਪੁਰੀ ਵਿਚ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਬਸ ਸਟੈਂਡ ਦੇ ਲਾਗੇ ਸੀਤਾ ਨਗਰ ਵਿਚ ਘਰ ਲਿਆ ਜੋ ਹਾਲੇ ਤੱਕ ਮੌਜੂਦ ਹੈ। ਵੈਸੇ ਸੁਰਿੰਦਰ ਛਿੰਦਾ ਪਿਛਲੇ ਕਾਫ਼ੀ ਅਰਸੇ ਤੋਂ ਆਪਣੇ ਨਵੇਂ ਘਰ ਸਤਿਗੁਰੂ ਨਗਰ, ਨੇੜੇ ਵੇਰਕਾ ਮਿਲਕ ਪਲਾਂਟ, ਲੁਧਿਆਣਾ ਰਹਿ ਰਹੇ ਸਨ।

ਮਨਪ੍ਰੀਤ ਇਯਾਲੀ ਦੇ ਬਿਆਨ ਦੀ ਵੀਡੀਉ – ਜਸਟ ਪੰਜਾਬੀ ਤੋਂ ਧੰਨਵਾਦ ਸਹਿਤ

ਮੇਰੇ ਵੱਲੋਂ 5 ਲੱਖ, ਯਾਦਗਰ ਇਯਾਲੀ ਬਣਵਾਉਣ: ਕੁਲਦੀਪ ਸਿੰਘ ਧਾਲੀਵਾਲ

Surinder Shinda Bhog, Punjab Minister Kuldeep Singh Dhaliwal

ਉਂਝ ਦੇਖਣ ਨੂੰ ਤਾਂ ਇੰਝ ਹੀ ਲੱਗ ਰਿਹਾ ਸੀ ਕਿ ਜਿਵੇਂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਆਪਣੀ ਸਿਆਸੀ ਖੇਡ ਨੂੰ ਪਾਸੇ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਨ। ਬਾਵਜੂਦ ਇਸ ਦੇ ਸਿਆਸਦਾਨ ਸਿਆਸਤ ਕਰਨੋਂ ਬਾਜ ਨਹੀਂ ਆਉਂਦੇ ਇਸੇ ਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਸੁਰਿੰਦਰ ਛਿੰਦਾ ਦੀ ਯਾਦਗਾਰ ਦਾ ਸੁਆਲ ਆਇਆ।

ਯਾਦਗਾਰ ਦੀ ਗੱਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚੁੱਕੀ। ਉਨ੍ਹਾਂ ਨੇ ਯਾਦਗਾਰ ਬਣਾਉਣ ਲਈ ਆਪਣੀ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕਰ ਦਿੱਤਾ ਪਰ ਨਾਲ ਹੀ ਕਹਿ ਦਿੱਤਾ ਕਿ ਯਾਦਗਾਰ ਬਣਾਉਣ ਦੀ ਜ਼ਿੰਮੇਵਾਰੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਇਯਾਲੀ ਸਿਰ ਪਾ ਦਿੱਤੀ।

ਧਾਲੀਵਾਲ ਨੇ ਕਿਹਾ ਕਿ ਮਨਪ੍ਰੀਤ ਇਯਾਲੀ ਨੇ ਕਿਹਾ ਹੈ ਕਿ ਸੁਰਿੰਦਰ ਛਿੰਦਾ ਦਾ ਪਿਛੋਕੜ ਉਨ੍ਹਾਂ ਦੇ ਪਿੰਡ ਦਾ ਸੀ ਇਸ ਲਈ ਇਯਾਲੀ ਛਿੰਦਾ ਦੀ ਯਾਦਗਾਰ ਬਣਵਾਉਣ ਲਈ ਹੰਭਲਾ ਮਾਰਨ ਜਾਂ ਫਿਰ ਛਿੰਦਾ ਹੁਰਾਂ ਦਾ ਪਰਿਵਾਰ ਅੱਗੇ ਆਵੇ। ਉਨ੍ਹਾਂ ਕਿਹਾ ਕਿ ਇਯਾਲੀ ਪੰਚਾਇਤ ਤੋਂ ਯਾਦਗਾਰ ਬਣਾਉਣ ਲਈ ਜ਼ਮੀਨ ਲੈ ਲੈਣ। ਯਾਦਗਾਰ ਬਣਾਉਣ ਲਈ ਪੰਜ ਲੱਖ ਰੁਪਏ ਧਾਲੀਵਾਲ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਦੇ ਦੇਣਗੇ।

ਜ਼ਿਕਰਯੋਗ ਹੈ ਕਿ ਸ਼ਰਧਾਂਜਲੀ ਸਮਾਰੋਹ ਵਿਚ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਐਮਐਲਏ ਨਾਭਾ ਦੇਵ ਮਾਨ, ਐਮਐਲਏ ਲੁਧਿਆਣਾ ਕੁਲਵੰਤ ਸਿੰਘ ਸੰਧੂ ਤੇ ਅਸ਼ੋਕ ਪਰਾਸ਼ਰ ਪੱਪੀ ਸਮੇਤ ਪਾਰਟੀ ਦੇ ਬਹੁਤ ਸਾਰੇ ਆਗੂ ਮੌਜੂਦ ਸਨ ਪਰ ਲੱਗਦਾ ਹੈ ਧਾਲੀਵਾਲ ਨੂੰ ਕਿਸੇ ਨੇ ਚੇਤੇ ਨਹੀਂ ਕਰਵਾਇਆ ਕਿ ਸੂਬੇ ਵਿਚ ਸਰਕਾਰ ਉਨ੍ਹਾਂ ਦੀ ਹੈ ਤੇ ਪੰਚਾਇਤ ਮੰਤਰੀ ਵੀ ਉਨ੍ਹਾਂ ਦੀ ਸਰਕਾਰ ਦਾ ਹੀ ਹੈ। ਜੇ ਉਹ ਚਾਹੁੰਣ ਤਾਂ ਪੰਚਾਇਤ ਮੰਤਰਾਲੇ ਦੇ ਜ਼ਰੀਏ ਸਿੱਧੇ ਪਿੰਡ ਦੀ ਪੰਚਾਇਤ ਨਾਲ ਸੰਪਰਕ ਕਰ ਸਕਦੇ ਹਨ।

ਹੈਰਾਨੀ ਹੁੰਦੀ ਹੈ ਕਿ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਯਾਦਗਾਰ ਬਣਾਉਣ ਦਾ ਪੱਕਾ ਪ੍ਰਬੰਧ ਕਰਨ ਦੀ ਬਜਾਇ ਸਿਰਫ਼ ਗ੍ਰਾਂਟ ਦਾ ਐਲਾਨ ਕਰਕੇ ਅਤੇ ਯਾਦਗਾਰ ਬਣਾਉਣ ਦੀ ਜ਼ਿੰਮੇਵਾਰੀ ਵਿਰੋਧੀ ਧਿਰ ਦੇ ਆਗੂ ‘ਤੇ ਪਾ ਕੇ ਖ਼ਾਨਾਪੂਰਤੀ ਹੀ ਕਰ ਰਹੇ ਲਗਦੇ ਸਨ। ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਦਸੰਬਰ 2023 ਵਿਚ ਪੰਚਾਇਤ ਚੋਣਾਂ ਵੀ ਹੋਣ ਵਾਲੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਮਰਹੂਮ ਗਾਇਕ ਦੀ ਯਾਦਗਾਰ ਬਣਾਉਣ ਲਈ ਕੋਈ ਠੋਸ ਉਪਰਾਲਾ ਵੀ ਕਰਦੀ ਹੈ ਜਾਂ ਪੰਚਾਇਤ-ਪੰਚਾਇਤ ਦੀ ਖੇਡ ਖੇਡਦਿਆਂ ਐਲਾਨਾਂ ਵਾਲੀ ਸਰਕਾਰ ਹੀ ਬਣੀ ਰਹਿੰਦੀ ਹੈ।

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਐਲਾਨ ਦੀ ਵੀਡੀਉ –ਜ਼ੋਰਦਾਰ ਟਾਈਮਜ਼

ਮੁੱਖ-ਮੰਤਰੀ ਨੇ ਵੀ ਗੱਲਾਂ ਨਾਲ ਸਾਰਿਆ

ਇਹ ਵੀ ਦੱਸਦੇ ਜਾਈਏ ਕਿ ਛਿੰਦਾਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਸੁਰਿੰਦਰ ਛਿੰਦਾ ਦੇ ਪਰਿਵਾਰ ਨੂੰ ਘਰ ਮਿਲਣ ਪਹੁੰਚੇ ਸਨ। ਜਿਸ ਨਿੱਜੀ ਹਸਪਤਾਲ ਵਿਚ ਇਲਾਜ ਹੋਇਆ ਸੀ ਉਸ ਦੇ ਬਣੇ ਸੋਲਾਂ ਲੱਖ ਦੇ ਬਿੱਲ ਨੂੰ ਪੰਜਾਬ ਸਰਕਾਰ ਨੇ ਅੱਠ ਲੱਖ ਕਰਵਾ ਦਿੱਤਾ ਸੀ ਪਰ ਆਪਣੇ ਖ਼ਜ਼ਾਨੇ ਵਿਚੋਂ ਦੁਆਨੀ ਵੀ ਨਹੀਂ ਦਿੱਤੀ। ਹੋਰ ਤਾਂ ਹੋਰ ਇਕ ਹੋਰ ਦਾਨੀ ਸੱਜਣ ਨੇ ਪਰਿਵਾਰ ਦੀ ਮਦਦ ਲਈ ਪੰਜ ਲੱਖ ਰੁਪਏ ਦਿੱਤੇ। ਹਾਂ ਮੁੱਖ-ਮੰਤਰੀ ਜਾਂਦੇ-ਜਾਂਦੇ ਕਹਿਣਾ ਨਹੀਂ ਭੁੱਲੇ ਕਿ ਜੇ ਕੋਈ ਲੋੜ ਹੋਵੇ ਤਾਂ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ। ਜ਼ਿਕਰਯੋਗ ਇਹ ਵੀ ਹੈ ਕਿ ਸੁਰਿੰਦਰ ਛਿੰਦਾ ਪੰਜਾਬ ਦੇ ਸ਼੍ਰੋਮਣੀ ਗਾਇਕਾਂ ਵਿਚ ਸ਼ੁਮਾਰ ਸਨ। ਪੰਜਾਬ ਕਲਾ ਪ੍ਰੀਸ਼ਦ ਵੀ ਉਨ੍ਹਾਂ ਨੂੰ ਪੰਜਾਬ ਰਤਨ ਸਨਮਾਨ ਦੇ ਚੁੱਕੀ ਹੈ।

ਮੰਤਰੀ ਜੀ! ਸੁਣਦੇ ਓ! ਮਾਣਕ, ਸਿਕੰਦਰ ਦੀ ਵੀ ਨਹੀਂ ਬਣੀ ਯਾਦਗਾਰ: ਬਿੱਟੂ ਖੰਨੇ ਵਾਲਾ

ਯਾਦਗਾਰ ਦੀ ਗੱਲ ਛਿੜੀ ਤਾਂ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰ ਕਲਾਕਾਰਾਂ ਦਾ ਦਰਦ ਛਲਕ ਉੱਠਿਆ। ਪਰਿਵਾਰ ਵੱਲੋਂ ਸਾਰੇ ਸਮਾਗਮ ਦੇ ਕਾਰਜਾਂ ਦੀ ਦੇਖ-ਰੇਖ ਤੇ ਮੰਚ ਸੰਚਾਲਨ ਕਰ ਰਹੇ ਕਲਾਕਾਰ ਬਿੱਟੂ ਖੰਨੇ ਵਾਲੇ ਨੇ ਮੰਚ ਤੋਂ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਰਕਾਰਾਂ ਦੇ ਹੱਥ ਵਿਚ ਬਹੁਤ ਕੁਝ ਹੁੰਦਾ ਹੈ ਪਰ ਉਹ ਐਲਾਨ ਨਾ ਕਰਿਆ ਕਰੋ ਜੋ ਤੁਸੀਂ ਕਰਨਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਨੇ ਸਰਦੂਲ ਸਿਕੰਦਰ ਹੁਰਾਂ ਦੇ ਭੋਗ ਦੇ ਮੌਕੇ ਵੀ ਕਹੀ ਸੀ ਪਰ ਐਲਾਨ ਹੋਣ ਦੇ ਬਾਵਜੂਦ ਅੱਜ ਤੱਕ ਕੋਈ ਯਾਦਗਾਰ ਨਹੀਂ ਬਣੀ।

ਜ਼ਿਕਰ ਇੱਥੇ ਇਹ ਵੀ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦਗਾਰ ਵੀ ਅੱਜ ਤੱਕ ਨਹੀਂ ਬਣ ਸਕੀ ਹੈ। ਕਲਾਕਾਰ ਬਿੱਟੂ ਨੇ ਕਿਹਾ ਕਿ ਸੁਰਿੰਦਰ ਛਿੰਦਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕਲਾਕਾਰਾਂ ਦੀ ਇਕ ਸੂਚੀ ਤਿਆਰ ਕਰਵਾ ਕੇ ਮਾਨ ਸਰਕਾਰ ਤੋਂ ਮੰਜ਼ੂਰ ਕਰਵਾਵਾਂਗੇ ਤਾਂ ਜੋ ਕਲਾਕਾਰਾਂ ਦੀ ਸਰਕਾਰੀ ਮਦਦ ਹੋ ਸਕੇ।

ਉਨ੍ਹਾਂ ਨੇ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਜੇ ਖੇਡਾਂ ਤੇ ਹੋਰ ਖੇਤਰਾਂ ਵਿਚ ਮੱਲਾਂ ਮਾਰਨ ਵਾਲਿਆਂ ਨੂੰ ਮਾਣ-ਸਨਮਾਨ, ਨੌਕਰੀਆਂ ਤੇ ਪੈਨਸ਼ਨ ਦਿੱਤੀ ਜਾ ਸਕਦੀ ਹੈ ਤਾਂ ਕਲਾਕਾਰਾਂ ਨੂੰ ਵੀ ਜ਼ਰੂਰ ਕੋਈ ਸਰਕਾਰੀ ਇਮਦਾਦ ਮਿਲਣੀ ਚਾਹੀਦੀ ਹੈ। ਖ਼ਾਸ ਕਰ ਜੇ ਬਜ਼ੁਰਗ ਕਲਾਕਾਰਾਂ ਨੂੰ ਪੈਨਸ਼ਨ ਦੀ ਯੋਜਨਾ ਬਣਾ ਦਿੱਤੀ ਜਾਵੇ ਤਾਂ ਇਹ ਸੁਰਿੰਦਰ ਛਿੰਦਾ ਦੀ ਯਾਦਗਾਰ ਬਣਾਉਣ ਤੋਂ ਵੱਡੀ ਗੱਲ ਹੋਵੇਗੀ।

ਇਹ ਯੋਜਨਾ ਸੁਰਿੰਦਰ ਛਿੰਦਾ ਦੇ ਮਿਊਜ਼ਿਅਮ ਤੋਂ ਵੀ ਵੱਡੀ ਗੱਲ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਸੁਰਿੰਦਰ ਛਿੰਦਾ ਦੇ ਨਾਮ ‘ਤੇ ਆਡਿਟੋਰੀਅਮ ਬਣਾਇਆ ਜਾਵੇ ਤੇ ਉਨ੍ਹਾਂ ਦਾ ਬੁੱਤ ਲਗਾਇਆ ਜਾਵੇ।

ਕੀ ਸੁਰਿੰਦਰ ਛਿੰਦਾ ਦੀ ਯਾਦਗਾਰ ਬਣੇਗੀ ਜਾਂ ਨਹੀਂ?

ਹੁਣ ਸਵਾਲ ਬਚਦਾ ਹੈ ਕਿ ਕੀ ਸੁਰਿੰਦਰ ਛਿੰਦਾ ਦੀ ਯਾਦਗਾਰ ਬਣੇਗੀ ਜਾਂ ਨਹੀਂ? ਫ਼ਿਲਹਾਲ ਇਹ ਸਿਰਫ਼ ਐਲਾਨ ਹੈ। ਸਭ ਤੋਂ ਵੱਡਾ ਮਸਲਾ ਯਾਦਗਾਰ ਬਣਾਉਣ ਦੇ ਸਥਾਨ ਦਾ ਹੈ। ਉਸ ਤੋਂ ਅਗਲਾ ਮਸਲਾ ਜ਼ਮੀਨ ਦਾ ਹੈ। ਜੇ ਜ਼ਮੀਨ ਮਿਲ ਜਾਂਦੀ ਹੈ ਤਾਂ ਯਾਦਗਾਰ ਦਾ ਮੁੱਢ ਬੱਝ ਜਾਵੇਗਾ। ਦੇਖਣਾ ਹੋਵੇਗਾ ਕਿ ਜ਼ਮੀਨ ਦਾ ਪ੍ਰਬੰਧ ਸਰਕਾਰ ਕਰਦੀ ਹੈ ਜਾਂ ਜਿਵੇਂ ਮੰਤਰੀ ਸਾਬ੍ਹ ਨੇ ਐਮਐਲਏ ਮਨਪ੍ਰੀਤ ਇਲਾਯੀ ‘ਤੇ ਗੱਲ ਛੱਡ ਦਿੱਤੀ ਹੈ, ਇਸ ਦਾ ਪ੍ਰਬੰਧ ਉਹ ਕਰਨਗੇ? ਉਸ ਤੋਂ ਬਾਅਦ ਉਸਾਰੀ ਤੇ ਸਾਂਭ-ਸੰਭਾਲ ਦਾ ਮਸਲਾ ਹੈ। ਹਾਲੇ ਸਿਰਫ਼ 5 ਲੱਖ ਦਾ ਐਲਾਨ ਹੈ। ਪਿਛਲੀਆਂ ਤੇ ਮੌਜੂਦਾ ਸਰਕਾਰਾਂ ਦੇ ਇਸ ਤਰ੍ਹਾਂ ਦੇ ਐਲਾਨ ਹਵਾ ਵਿਚ ਲਟਕ ਰਹੇ ਹਨ।

ਉਮੀਦ ਦੀ ਖ਼ਬਰ!

ਉਮੀਦ ਦੀ ਖ਼ਬਰ ਇਹ ਹੈ ਕਿ ਸੁਰਿੰਦਰ ਛਿੰਦਾ ਨੂੰ ਪਿਆਰ ਕਰਨ ਵਾਲੇ ਕੁਝ ਪਤਵੰਤੇ ਸੱਜਣ ਸਰਕਾਰ, ਸਿਆਸਤਦਾਨਾਂ, ਪਰਿਵਾਰ ਤੇ ਦਾਨਿਸ਼ਵਰਾਂ ਨਾਲ ਤਾਲਮੇਲ ਕਰਕੇ ਸੁਰਿੰਦਰ ਛਿੰਦਾ ਦੀ ਯਾਦਗਾਰ ਬਣਾਉਣ ਦੇ ਆਹਰ ਵਿਚ ਲੱਗੇ ਹੋਏ ਹਨ। ਉਮੀਦ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਦੇ ਉਪਰਾਲੇ ਕਾਮਯਾਬ ਹੋਣਗੇ। ਅਰਦਾਸ ਇਹੀ ਹੈ ਕਿ ਕੁਲਦੀਪ ਮਾਣਕ ਤੇ ਸਰਦੂਲ ਸਿਕੰਦਰ ਦੀ ਯਾਦਗਾਰ ਵਾਂਗ ਇਹ ਯਾਦਗਾਰ ਵੀ ਤਕਨੀਕੀ ਰੁਕਾਵਟਾਂ ਵਿਚ ਫਸ ਕੇ ਨਾ ਰਹਿ ਜਾਵੇ।

ਸੁਰਿੰਦਰ ਛਿੰਦਾ ਦਾ ਵਿਛੋੜਾ

ਪੰਜਾਬ ਦੇ ਲੋਕ ਗਾਇਕ ਸੁਰਿੰਦਰ ਛਿੰਦਾ ਫੂਡ ਪਾਈਪ ਦੀ ਸਰਜਰੀ ਤੋਂ ਬਾਅਦ ਗੰਭੀਰ ਬਿਮਾਰ ਹੋ ਗਏ ਸਨ। ਲੁਧਿਆਣਾ ਦੇ ਦੀਪ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਜੁਲਾਈ ਦੀ 11 ਤਰੀਕ ਨੂੰ ਜਦੋਂ ਉਨ੍ਹਾਂ ਦੀ ਹਾਲਤ ਗੰਭੀਰ ਹੋਈ ਤਾਂ ਕਈ ਮੀਡੀਆ ਅਦਾਰਿਆਂ ਨੇ ਉਨ੍ਹਾਂ ਦੀ ਮੌਤ ਦੀ ਝੂਠੀ ਖ਼ਬਰ ਫੈਲਾ ਦਿੱਤੀ। ਉਸ ਤੋਂ ਬਾਅਦ ਦੁਨੀਆਂ ਭਰ ਵਿਚ ਉਨ੍ਹਾਂ ਦੇ ਜਲਦੀ ਠੀਕ ਹੋਣ ਦੀਆਂ ਅਰਦਾਸਾਂ ਹੋਣ ਲੱਗੀਆਂ।

ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜਿੱਥੇ 26 ਜੁਲਾਈ ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ 29 ਜੁਲਾਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ-ਸਸਕਾਰ ਕੀਤਾ ਗਿਆ। ਉਹ ਆਪਣੇ ਪਿੱਛੇ ਮਾਤਾ, ਪਤਨੀ, ਦੋ ਬੇਟੇ ਤੇ ਦੋ ਬੇਟੀਆਂ ਨਾਲ ਭਰਿਆ ਪਰਿਵਾਰ ਛੱਡ ਗਏ ਹਨ।

ਪਤਵੰਤਿਆਂ ਨੇ ਦਿੱਤੀ ਸ਼ਰਧਾਂਜਲੀ

ਸ਼ੁੱਕਰਵਾਰ (4 ਅਗਸਤ 2023) ਨੂੰ ਲੁਧਿਆਣਾ ਦੇ ਗੁਰਦੁਆਰਾ ਸਿੰਘ ਸਭਾ, ਈ-ਬਲਾਕ, ਸਰਾਭਾ ਨਗਰ ਵਿਖੇ ਸੁਰਿੰਦਰ ਛਿੰਦਾ ਦੀ ਅੰਤਿਮ ਅਰਦਾਸ ਤੇ ਭੋਗ ਦਾ ਸਮਾਗਮ ਹੋਇਆ। ਇਸ ਮੌਕੇ ਸੰਗੀਤ, ਸਿਨੇਮਾ, ਸਾਹਿਤ, ਸਿਆਸਤ ਸਮੇਤ ਹਰ ਵਰਗ ਦੀਆਂ ਹਜ਼ਾਰਾਂ ਸ਼ਖ਼ਸੀਅਤਾਂ ਤੇ ਪ੍ਰਸ਼ੰਸਕ ਪਹੁੰਚੇ। ਸੀਨੀਅਰ ਕਲਾਕਾਰ ਤੇ ਐਮਪੀ ਮੁਹੰਮਦ ਸਦੀਕ ਨੇ ਕਿਹਾ ਕਿ ਸੁਰਿੰਦਰ ਛਿੰਦਾ ਆਪਣੇ ਆਪ ਵਿਚ ਇਕ ਯੁੱਗ ਸੀ, ਜਿਸ ਨੂੰ ਸੁਰਿੰਦਰ ਛਿੰਦਾ ਯੁੱਗ ਕਿਹਾ ਜਾਂਦਾ ਹੈ। ਛਿੰਦਾ ਦੇ ਅਕਾਲ ਚਲਾਣੇ ਨਾਲ ਉਸ ਛਿੰਦਾ ਯੁੱਗ ਦਾ ਅੰਤ ਹੋ ਗਿਆ।

ਸੀਨੀਅਰ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਛਿੰਦਾ ਨੇ ਭਾਵੇਂ ਮੇਰਾ ਕੋਈ ਗੀਤ ਨਹੀਂ ਗਾਇਆ ਪਰ ਉਸ ਨੇ ਯਾਰੀ ਸਾਰੀ ਉਮਰ ਨਿਭਾਈ। ਆਖਰੀ ਸਾਲਾਂ ਵਿਚ ਉਸ ਨੇ ਮੇਰੇ ਭੋਗਾਂ ‘ਤੇ ਬੋਲੇ ਗਏ ਗੀਤ ਗਾਉਣ ਦਾ ਵਾਅਦਾ ਕੀਤਾ ਪਰ ਉਹ ਇਹ ਵਾਅਦਾ ਅਧੂਰਾ ਛੱਡ ਕੇ ਚਲਾ ਗਿਆ।

ਖੇਤੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਲਾਕਾਰ ਗਾਇਕੀ ਦੇ ਖੇਤਰ ਵਿਚ ਰੋਜ਼ੀ ਰੋਟੀ ਲਈ ਆਉਂਦੇ ਹਨ ਪਰ ਲੋਕ ਗਾਇਕ ਬਣਨਾ ਕਿਸੇ ਵਿਲੱਖਣ ਕਲਾਕਾਰ ਦੇ ਹਿੱਸੇ ਆਉਂਦਾ ਹੈ। ਸੁਰਿੰਦਰ ਛਿੰਦਾ ਨੂੰ ਲੋਕਾਂ ਦੇ ਪਿਆਰ ਨੇ ਲੋਕ ਗਾਇਕ ਵੀ ਬਣਾਇਆ ਤੇ ਸ਼੍ਰੋਮਣੀ ਗਾਇਕ ਵੀ ਪ੍ਰਵਾਨ ਕੀਤਾ।

ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕਰੀਬ ਪੰਜਾਹ ਸਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਪੰਜਾਬੀ ਵਿਰਸੇ, ਰਿਸ਼ਤਿਆਂ ਤੇ ਕੰਮਾਂ-ਕਾਰਾਂ ਨਾਲ ਸੰਬੰਧਤ ਗੀਤ ਗਾਏ ਹਨ। ਆਪਣੇ ਗੀਤਾਂ ਨਾਲ ਉਹ ਹਮੇਸ਼ਾ ਜਿਉਂਦੇ ਰਹਿਣਗੇ

ਉਚੇਚੇ ਤੌਰ ‘ਤੇ ਇੰਗਲੈਂਡ ਤੋਂ ਪਹੁੰਚੇ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਿਹਾ ਕਿ ਸੁਰਿੰਦਰ ਛਿੰਦਾ ਜਿੱਥੇ ਵੀ ਬਹਿੰਦੇ ਸਨ, ਉੱਥੇ ਹੀ ਸੰਗੀਤ ਦੀ ਯੂਨੀਵਰਸਿਟੀ ਖੁੱਲ੍ਹ ਜਾਂਦੀ ਸੀ।

ਅੰਤ ਵਿਚ ਹਾਜ਼ਰ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਐਮਪੀ ਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਕਿਹਾ ਕਿ ਸਾਡੇ ਪਿਆਰੇ ਗਾਇਕ ਦੀ ਬੇਵਕਤੀ ਮੌਤ ਦਾ ਦੁੱਖ ਸਹਾਰਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਅੱਜ ਕਲਾਕਾਰਾਂ ਦੀਆਂ ਕਈ ਪੀੜ੍ਹੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ ਹਨ ਜੋ ਉਨ੍ਹਾਂ ਦੀ ਅਜ਼ੀਮ ਸ਼ਖ਼ਸੀਅਤ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਦੀ ਆਵਾਜ਼ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੇ ਸੁਰੀਲੇ ਬੇਟਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜਿਨ੍ਹਾਂ ਦੀ ਆਵਾਜ਼ ‘ਤੇ ਗਾਇਕੀ ਵਿਚੋਂ ਸੁਰਿੰਦਰ ਛਿੰਦਾ ਦੀ ਝਲਕ ਪੈਂਦੀ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com