ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿਖੇ ਪੰਜਾਬ, ਪੰਜਾਬੀ, ਪੰਜਾਬਿਅਤ ਦੇ ਹਿਤ ਪਾਸ ਮਤੇ, ਤੁਸੀ ਆਪਣੇ ਵਿਚਾਰ ਟਿੱਪਣੀਆ ਰਾਹੀਂ ਦਿਉ

ਨਸਰਾਲਾ (ਹੁਸ਼ਿਆਰਪੁਰ) 21 ਅਕਤੂਬਰ: ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਡੇਸ਼ਨ ਲੁਧਿਆਣਾ ਅਤੇ ਇੰਟਰਨੈਸ਼ਨਲ ਪੰਜਾਬੀ ਕਲਚਰਲ ਸੁਸਾਇਟੀ ਸ਼ਾਮ ਚੁਰਾਸੀ ਵੱਲੋਂ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਕਰਵਾਏ 31ਵੇਂ ਅੰਤਰ ਰਾਸ਼ਟਰੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਆਚਾਰਕ ਮੇਲੇ ਮੌਕੇ ਹੇਠ ਲਿਖੇ ਮਤੇ ਪਾਸ ਕੀਤੇ ਗਏ। ਜਗਦੇਵ ਸਿੰਘ ਜੱਸੋਵਾਲ ਚੇਅਰਮੈਨ ਅਤੇ ਪ੍ਰਗਟ ਸਿੰਘ ਗਰੇਵਾਲ ਪ੍ਰਧਾਨ ਦੀ ਅਗਵਾਈ ਹੇਠ ਮਤਾ ਤਿਆਰ ਕਰਨ ਵਾਲੀ ਕਮੇਟੀ ਵੱਲੋਂ ਸਕੱਤਰ ਜਨਰਲ ਗੁਰਭਜਨ ਗਿੱਲ ਨੇ ਇਹ ਮਤੇ ਪੜ੍ਹੇ ਅਤੇ ਪਾਸ ਹੋਣ ਉਪਰੰਤ ਜਾਰੀ ਕੀਤੇ।

  • ਪੰਜਾਬ ਸਰਕਾਰ ਆਪਣੀ ਸਭਿਆਚਾਰਕ ਨੀਤੀ ਦਾ ਐਲਾਨ ਕਰੇ ਅਤੇ ਉਸ ਐਲਾਨ ਉਪਰੰਤ ਸੂਬੇ ਦੀਆਂ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਦੀ ਮਦਦ ਨਾਲ ਆਮ ਲੋਕਾਂ ਵਿੱਚ ਵਿਰਾਸਤ ਚੇਤਨਾ ਅਤੇ ਆਪਣੇ ਵਡਮੁੱਲੇ ਵਿਰਸੇ ਦੀ ਸੰਭਾਲ ਦਾ ਮਾਹੌਲ ਪੈਦਾ ਕਰੇ।
  • ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਹਰ ਪੱਧਰ ਤੇ ਲਾਗੂ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਜਾਂਦੀ ਹੈ ਪਰ ਨਾਲ ਦੀ ਨਾਲ ਇਸ ਨੂੰ ਤੁਰੰਤ ਲਾਗੂ ਕਰਨ ਲਈ ਜਿਸ ਕਿਸਮ ਦੀ ਸ਼ਕਤੀ ਅਤੇ ਪ੍ਰਤੀਬੱਧਤਾ ਲੋੜੀਂਦੀ ਹੈ ਉਸ ਨੂੰ ਵੀ ਪ੍ਰਚੰਡ ਕੀਤਾ ਜਾਵੇ। ਸਾਹਿਤ ਨਾਲ ਸਬੰਧਿਤ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਸੋਚ ਮੁਤਾਬਕ ਪੰਜਾਬੀ ਭਾਸ਼ਾ ਕਮਿਸ਼ਨ ਜਾਂ ਟ੍ਰਿਬਿਊਨਲ ਦੀ ਸਥਾਪਨਾ ਕਰਕੇ ਇਸ ਨੂੰ ਕਾਰਜਸ਼ੀਲ ਕੀਤਾ ਜਾਵੇ।
  • ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਲੇਖਕਾਂ ਨੂੰ ਟੋਲ ਟੈਕਸ ਮੁਆਫ ਕੀਤਾ ਜਾਵੇ । ਦੂਰਦਰਸ਼ਨ ਅਤੇ ਅਕਾਸ਼ਵਾਣੀ ਤੇ ਜਾਣ ਵਾਲੇ ਲੇਖਕਾਂ ਨੂੰ ਵੀ ਟੋਲ ਟੈਕਸ ਮੁਆਫ ਕੀਤਾ ਜਾਵੇ ਕਿਉਂਕਿ ਇਹ ਲੇਖਕ ਲੋਕ ਹਿਤ ਕਾਰਜ ਲਈ ਉਸ ਵੇਲੇ ਸਫਰ ਕਰ ਰਹੇ ਹੁੰਦੇ ਹਨ।
  • ਸਰਹੱਦ ਦੇ ਆਰ-ਪਾਰ ਦੁੱਖ ਸੁੱਖ ਦੇ ਮੌਕੇ ਮੇਲ-ਜੋਲ ਵਧਾਉਣ ਲਈ ਯੂਰਪੀਅਨ ਯੂਨੀਅਨ ਵਰਗਾ ਰਿਸ਼ਤਾ ਉਸਾਰਿਆ ਜਾਵੇ ਅਤੇ ਸਾਂਝੇ ਨਾਇਕਾਂ, ਵਿਗਿਆਨੀਆਂ ਦੇਸ਼ ਭਗਤਾਂ ਦੀਆਂ ਜੀਵਨੀਆਂ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਪ੍ਰਕਾਸ਼ਤ ਕਰਕੇ ਦੋਹਾਂ ਦੇਸ਼ਾਂ ਦੇ ਵਿਦਿਅਕ ਅਦਾਰਿਆਂ ਵਿੱਚ ਪਾਠਕ੍ਰਮ ਵਜੋਂ ਪੜ੍ਹਾਇਆ ਜਾਵੇ।
  • ਸ਼ਾਮ ਚੁਰਾਸੀ, ਪਟਿਆਲਾ, ਤਲਵੰਡੀ, ਪੰਜਾਬ ਦੇ ਲੋਕ ਸੰਗੀਤ ਘਰਾਣਿਆਂ ਬਾਰੇ ਦਸਤਾਵੇਜੀ ਫਿਲਮਾਂ ਤਿਆਰ ਕੀਤੀਆਂ ਜਾਣ। ਇਹ ਜਿੰਮੇਂਵਾਰੀ ਦੂਰਦਰਸ਼ਨ ਅਤੇ ਅਕਾਸ਼ਵਾਣੀ ਨਿਭਾਵੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਇਨ੍ਹਾਂ ਘਰਾਣਿਆਂ ਦੇ ਸੰਗੀਤਕਾਰਾਂ ਦੀ ਅਗਵਾਈ ਹੇਠ ਨੌਜਵਾਨ ਪੀੜ੍ਹੀ ਵਾਸਤੇ ਸਿਖਲਾਈ ਵਰਕਸ਼ਾਪਾਂ ਦਾ ਪ੍ਰਬੰਧ ਪੰਜਾਬ ਦਾ ਸਭਿਆਚਾਰਕ ਮਾਮਲੇ ਵਿਭਾਗ ਕਰੇ।
  • ਵਿਰਾਸਤੀ ਇਮਾਰਤਾਂ ਨੂੰ ਕਾਰ ਸੇਵਾ ਵਾਲਿਆਂ ਬਾਬਿਆਂ ਦੇ ਹਥੌੜਿਆਂ ਤੋਂ ਬਚਾਇਆ ਜਾਵੇ ਅਤੇ ਇਨ੍ਹਾਂ ਭਵਨਾਂ ਦੇ ਇਤਿਹਾਸ ਦੀ ਕੀਰਤੀ ਨੌਜਵਾਨ ਪੀੜ੍ਹੀ ਤੀਕ ਪਹੁੰਚਾਉਣ ਲਈ ਸੰਚਾਰ ਮਾਧਿਅਮ ਲੋੜੀਂਦਾ ਯੋਗਦਾਨ ਪਾਉਣ।
  • ਬਿਰਧ ਹੋ ਚੁੱਕੇ ਕਲਾਕਾਰਾਂ, ਲੇਖਕਾਂ, ਵਿਗਿਆਨੀਆਂ ਅਤੇ ਵਿਦਵਾਨਾਂ ਨੂੰ ਪੰਜਾਬ ਸਰਕਾਰ ਸਰਵੇਖਣ ਉਪਰੰਤ ਉਨ੍ਹਾਂ ਦੇ ਬੁਢਾਪੇ ਦੀ ਸੰਭਾਲ ਲਈ ਸਰਕਾਰੀ ਖਰਚ ਤੇ ਮੈਡੀਕਲ ਇਲਾਜ ਦਾ ਵਿਧਾਨਿਕ ਪ੍ਰਬੰਧ ਕਰੇ ਤਾਂ ਜੋ ਹਰ ਵਾਰ ਬੇਨਤੀਆਂ ਨਾ ਕਰਨੀਆਂ ਪੈਣ।
  • ਪੰਜਾਬ ਦੇ ਪ੍ਰਸਿੱਧ ਲੇਖਕਾਂ, ਢਾਡੀਆਂ, ਕਵੀਸ਼ਰਾਂ, ਵਿਗਿਆਨੀਆਂ ਅਤੇ ਸੰਗੀਤਕਾਰਾਂ ਦੀਆਂ ਆਡੀਓ ਤੇ ਵੀਡੀਓ ਦਸਤਾਵੇਜੀ ਟੇਪਾਂ ਤਿਆਰ ਕਰਨ ਦੀ ਜ਼ਿੰਮੇਂਵਾਰੀ ਪੰਜਾਬ ਦਾ ਸਭਿਆਚਾਰਕ ਮਾਮਲੇ ਵਿਭਾਗ ਸੰਭਾਲੇ ਅਤੇ ਪੰਜਾਬ ਆਰਟਸ ਕੌਂਸਲ ਤੋਂ ਇਲਾਵਾ ਸੂਬੇ ਦੀਆਂ ਯੂਨੀਵਰਸਿਟੀਆਂ ਨੂੰ ਵੀ ਇਸ ਕੰਮ ਵਿੱਚ ਭਾਈਵਾਲ ਬਣਾਇਆ ਜਾਵੇ।
  • ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਅਜਿਹੇ ਸਭਿਆਚਾਰਕ ਕੇਂਦਰ ਵਿਕਸਤ ਕੀਤੇ ਜਾਣ ਜਿਥੇ ਪੰਜਾਬੀ ਲੇਖਕ, ਗਾਇਕ, ਚਿੱਤਰਕਾਰ ਅਤੇ ਵੱਖ–ਵੱਖ ਨਾਚ ਵੰਨਗੀਆਂ ਦੇ ਵਿਕਾਸ ਲਈ ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਦਾ ਪ੍ਰਬੰਧ ਕੀਤਾ ਜਾ ਸਕੇ। ਇਨ੍ਹਾਂ ਸਭਿਆਚਾਰਕ ਕੇਂਦਰਾਂ ਦੀ ਜਿੰਮੇਂਵਾਰੀ ਲੇਖਕਾਂ ਅਤੇ ਕਲਾਕਾਰਾਂ ਨੂੰ ਵੀ ਸੌਂਪੀ ਜਾਵੇ।
  • ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਭਿਆਚਾਰਕ ਆਦਾਨ–ਪ੍ਰਦਾਨ ਲਈ ਵਿਦੇਸ਼ਾਂ ਵਿੱਚ ਸਭਿਆਚਾਰਕ ਟੋਲੀਆਂ ਭੇਜੀਆਂ ਜਾਣ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਅੰਦਰ ਸਭਿਆਚਾਰਕ ਚੇਤਨਾ ਉਸਾਰਨ ਲਈ ਸੰਗੀਤਕਾਰਾਂ, ਨਾਟਕਕਾਰਾਂ ਅਤੇ ਚਿਤਰਕਾਰਾਂ ਵੱਲੋਂ ਵਰਕਸ਼ਾਪਾਂ ਦਾ ਵੀ ਪ੍ਰਬੰਧ ਕਰਵਾਇਆ ਜਾਵੇ।
  • ਭਾਰਤ–ਪਾਕਿ ਸਬੰਧਾਂ ਵਿੱਚ ਕੁੜੱਤਣ ਘਟਾਉਣ ਲਈ ਕੂਟਨੀਤਕ ਪ੍ਰਬੰਧਾਂ ਤੋਂ ਇਲਾਵਾ ਸਭਿਆਚਾਰਕ ਕਾਮਿਆਂ ਦੀ ਵੀ ਹਸਤੀ ਪਛਾਣੀ ਜਾਵੇ ਅਤੇ ਇਨ੍ਹਾਂ ਦੋਹਾਂ ਦੇਸ਼ਾਂ ਦੇ ਕਲਾਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੂੰ ਅਟਾਰੀ ਸਰਹੱਦ ਤੇ ਹੀ ਵੀਜਾ ਮੁਹੱਈਆ ਕਰਵਾਉਣ ਦਾ ਯੋਗ ਪ੍ਰਬੰਧ ਕੀਤਾ ਜਾਵੇ। ਦੋਹਾਂ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਜਾਵੇ ਕਿ ਵੀਜਾ ਦੇਣ ਵੇਲੇ ਕਿਸੇ ਵਿਸ਼ਸ਼ ਸ਼ਹਿਰ ਦੀ ਥਾਂ ਪੂਰੇ ਸੂਬੇ ਦਾ ਹੀ ਵੀਜਾ ਦਿੱਤਾ ਜਾਵੇ।
  • ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਦੁਸ਼ਮਣ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਨਸ਼ਾਖੋਰੀ ਖਤਮ ਕਰਨ ਅਤੇ ਕਿਸਾਨੀ ਦੀ ਕਮਜ਼ੋਰ ਹੋ ਰਹੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਾਂਝੀ ਕਾਰਜ ਨੀਤੀ ਦਾ ਵਿਕਾਸ ਕਰਕੇ ਸਮਾਂਬੱਧ ਪ੍ਰੋਗਰਾਮ ਉਲੀਕਿਆ ਜਾਵੇ।
  • ਦੂਰਦਰਸ਼ਨ ਅਤੇ ਅਕਾਸ਼ਵਾਣੀ ਵੱਲੋਂ ਪੰਜਾਬ ਦੇ ਵਿਰਸੇ ਦੀ ਪੇਸ਼ਕਾਰੀ ਨੂੰ ਸਹੀ ਢੰਗ ਨਾਲ ਕਰਨ ਲਈ ਇਨ੍ਹਾਂ ਦੋਹਾਂ ਸੰਸਥਾਵਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ।
  • ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨਿੱਜੀ (ਪ੍ਰਾਈਵੇਟ) ਚੈਨਲਾਂ ਅਤੇ ਰੇਡੀਓ ਨੂੰ ਵੀ ਨੰਗੇਜ਼ ਪਰੋਸਣ ਅਤੇ ਅਸ਼ਸ਼ੀਲ ਗੀਤਾਂ ਦੀ ਪੇਸ਼ਕਾਰੀ ਤੋਂ ਵਰਜਿਆ ਜਾਵੇ। ਵਹਿਮ ਭਰਮ ਅਤੇ ਟੂਣੇ–ਟਾਮਣ ਦੇ ਪ੍ਰਚਾਰ ਪ੍ਰਸਾਰ ਵਾਲੇ ਇਸ਼ਤਿਹਾਰਾਂ ਤੋਂ ਇਲਾਵਾ ਅੰਧ–ਵਿਸ਼ਵਾਸੀ ਜੋਤਸ਼ੀਆਂ ਤੇ ਅਧਾਰਿਤ ਪ੍ਰੋਗਰਾਮਾਂ ਤੇ ਪਾਬੰਦੀ ਲਾਈ ਜਾਵੇ।
  • ਪੰਜਾਬ ਦੇ ਪੇਂਡੂ ਵਿਕਾਸ, ਖੇਤੀ ਅਤੇ ਸਿਹਤ ਸੰਭਾਲ ਲਈ ਨਿਰੋਲ ਵੱਖਰਾ ਪੰਜਾਬੀ ਚੈਨਲ ਸ਼ੁਰੂ ਕੀਤਾ ਜਾਵੇ ਜਿਸ ਨਾਲ ਪੰਜਾਬ ਦੇ ਪਿੰਡਾਂ ਵਿੱਚ ਬੈਠੇ ਲੋਕ ਵੱਧ ਵਿਗਿਆਨਕ ਸੋਝੀ ਹਾਸਿਲ ਕਰ ਸਕਣ

Updated:

in

, ,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com