ਸੈਨ ਫ਼ਰਾਸਿਸਕੋ ਵਿਚ ਸਾਕਾ ਨੀਲਾ ਤਾਰਾ ਦੀ ਯਾਦ ਵਿਚ 9 ਜੂਨ ਨੂੰ ਕੱਢੇ ਗੲੇ ਨਗਰ ਕੀਰਤਨ ਦਾ ਦ੍ਰਿਸ਼ । ਤਸਵੀਰ : ਜੋਸਨ ਜੋਧਾ |
ਸੈਨ ਫ਼ਰਾਂਸਿਸਕੋ। ਅਮਰੀਕਾ ਦੇ ਸ਼ਹਿਰ ਸੈਨ ਫ਼ਰਾਸਿਸਕੋ ਵਿਚ ਸਾਕਾ ਨੀਲਾ ਤਾਰਾ ਦੀ ਯਾਦ ਵਿਚ 9 ਜੂਨ ਨੂੰ ਕੱਢੇ ਗੲੇ ਨਗਰ ਕੀਰਤਨ ਦੌਰਾਨ ਉਸ ਵੇਲੇ ਮਾਹੌਲ ਥੋੜ੍ਹਾ ਹਾਸੋਹੀਣਾ ਹੋ ਗਿਆ ਜਦੋਂ ਨਗਰ ਕੀਰਤਨ ਦੇ ਮੁੱਖ ਸਟੇਜ ਦੇ ਨੇੜੇ ਲੱਗੀਆਂ ਸੰਤਾਂ ਦੀਆਂ ਫੋਟੋਆਂ ਅਤੇ ਬੈਨਰਾਂ ਕੋਲ ਲੱਗੇ ਦਿਲਜੀਤ ਦੋਸਾਂਝ ਦੀ 27 ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ ਪੰਜਾਬ 1984 ਦੇ ਪੋਸਟਰ ਪਾੜ ਕੇ ਕੂੜੇਦਾਨ ਵਿਚ ਸੁੱਟ ਦਿੱਤੇ ਗਏ।
ਨਗਰ ਕੀਰਤਨ ਵਿਚ ਸ਼ਾਮਲ ਹੋਏ ਨਿਊਯਾਰਕ ਦੇ ਸਿੱਖ ਸ਼ਰਧਾਲੂ ਅਤੇ ਪੱਤਰਕਾਰ ਜੋਸਨ ਜੋਧਾ ਨੇ ਆਪਣੇ ਫੇਸਬੁੱਕ ਰਾਹੀਂ ਇਹ ਗੱਲ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਗਰ ਕੀਰਤਨ ਦੀ ਮੇਨ ਸਟੇਜ ਕੋਲ ਸੰਤ ਜੀ ਤੇ ਹੋਰ ਸ਼ਹੀਦਾ ਦੀਆਂ ਫੋਟੋਆਂ ਅਤੇ ਬੈਨਰ ਲੱਗੇ ਹੋਏ ਸੀ। ਉੱਥੇ ਹੀ ਪਰਦਾ ਨੁਮਾ ਵੱਡੀ ਸਕਰੀਨ ਵੀ ਲਾਈ ਗਈ ਸੀ ਜਿਸ ਉੱਤੇ ਬਹੁਤ ਹੀ ਵਧੀਆ ਤਰੀਕੇ ਨਾਲ 1984 ਬਾਰੇ ਦਸਤਾਵੇਜ਼ੀ (ਡਾਕੂਮੈਂਟਰੀ) ਫ਼ਿਲਮ ਵਿਖਾਈ ਗਈ। ਨਾਲ ਹੀ ਸਟੇਜ਼ ਤੋਂ ਬੀਰ ਰਸੀ ਵਾਰਾਂ ਗਾਈਆਂ ਜਾ ਰਹੀਆਂ ਸਨ। ਉਨ੍ਹਾਂ ਅੱਗੇ ਦੱਸਿਆ, “ਮੈਨੂੰ ਹੈਰਾਨੀ ਉਦੋਂ ਹੋਈ ਜਦੋ ਸ਼ਹੀਦਾ ਦੀਆਂ ਫੋਟੋਆਂ ਕੋਲ ਮੈਂ ਦਿਲਜੀਤ ਦੋਸਾਂਝ ਦੀ ਫ਼ਿਲਮ ਦੇ ਵੱਡੇ ਬੈਨਰ ਲੱਗੇ ਦੇਖੇ। ਉਦੋਂ ਹੀ ਉੱਥੇ ਸੰਗਤ ਵਿਚ ਹਾਜ਼ਰ ਇਕ ਸੱਜਣ ਨੇ ਫਿਲਮ ਦੇ ਬੈਨਰ ਪਾੜ ਕੇ ਲਾਗੇ ਪਏ ਡਸਟਬੀਨ ਵਿੱਚ ਸੁੱਟ ਦਿੱਤੇ।”
ਸੈਨ ਫ਼ਰਾਸਿਸਕੋ । ਨਗਰ ਕੀਰਤਨ ਵਿਚ ਦਿਲਜੀਤ ਦੋਸਾਂਝ ਦੀ ਫ਼ਿਲਮ ਪੰਜਾਬ 1984 ਦਾ ਪ੍ਰਚਾਰ ਕਰਦੇ ਨੌਜਵਾਨ । ਤਸਵੀਰ: ਦਿਲਜੀਤ ਫੇਸਬੁੱਕ ਪੇਜ |
ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੇਖ ਕੇ ਫ਼ਿਲਮ ਦਾ ਪ੍ਰਚਾਰ ਕਰਨ ਆਏ ਨੌਜੁਆਨ ਖਿਸਕਣ ਲੱਗੇ। ਉਨ੍ਹਾਂ ਮੁਤਾਬਿਕ ਉਹ ਉਸ ਵੇਲੇ ਉੱਥੇ ਗਲੋਬਲ ਪੰਜਾਬ ਟੀ.ਵੀ. ਲਈ ਇਕ ਹੋਰ ਸਾਥੀ ਜਗਦੇਵ ਸਿੰਘ ਭੰਡਾਲ ਨਾਲ ਲਾਈਵ ਕਵਰੇਜ ਕਰ ਰਹੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨਾਂ ਨੌਜਵਾਨਾਂ ਕੋਲੋਂ ਸਵਾਲ ਪੁੱਛੇ ਗਏ ਕਿ ਦਿਲਜੀਤ ਨੇ ਅੱਜ ਤੱਕ 1984 ਦੇ ਪੀੜਤ ਪਰਵਾਰਾਂ ਦੀ ਕਿੰਨੀ ਮਦਦ ਕੀਤੀ ਤੇ ਇਸ ਫ਼ਿਲਮ ਤੋਂ ਹੋਣ ਵਾਲੀ ਕਿੰਨੀ ਕਮਾਈ ਸ਼ਹੀਦ ਪਰਵਾਰਾਂ ਨੂੰ ਮਦਦ ਵਜੋਂ ਦੇਵੋਗੇ? ਉਨ੍ਹਾਂ ਅਨੁਸਾਰ ਇਨ੍ਹਾਂ ਸਵਾਲਾਂ ਤੋਂ ਕਤਰਾਉਂਦੇ ਉਹ ਨੌਜਵਾਨ ਉੱਥੋਂ ਖਿਸਕ ਗਏ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਨੇ ਪ੍ਰਚਾਰ ਕਰ ਰਹੇ ਇਨ੍ਹਾਂ ਨੌਜਵਾਨਾਂ ਦੀ ਤਸਵੀਰ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕਰ ਕੇ ਵਿਸ਼ੇਸ਼ ਧੰਨਵਾਦ ਕੀਤਾ ਸੀ।
Leave a Reply