ਦਿੱਲੀ ਬਨਾਮ ਮਜ਼ਲੂਮ ਜਾਂ ਘਟਗਿਣਤੀ?

ਦਿੱਲੀ ਕੀ ਹੈ? ਭਾਰਤ ਨਾਮਕ ਦੇਸ਼ ਦੀ ਕੌਮੀ ਰਾਜਧਾਨੀ। ਦੇਸ਼ ਦੀ ਸੱਤਾ ਦਾ ਕੇਂਦਰ। ਲੋਕਤੰਤਰੀ ਢਾਂਚੇ ਵਿਚ ਕੇਂਦਰੀ ਸੱਤਾ ਦਾ ਹੈੱਡਕੁਆਟਰ, ਭਾਵ ਸੰਸਦ। ਦਿੱਲੀ ਕੇਂਦਰੀ ਸ਼ਾਸਤ ਸੂਬਾ ਵੀ ਹੈ, ਜਿਸ ਦੀ ਆਪਣੀ ਸਰਕਾਰ ਹੈ। ਇਹ ਤਾਂ ਜਨਰਲ ਨਾਲੇਜ ਵਾਲਾ ਜਵਾਬ ਹੈ। ਸਮਾਜ ਵਿਗਿਆਨ ਵਿਚ ਜਦੋਂ ਦਿੱਲੀ ਕਿਹਾ ਜਾਂਦਾ ਹੈ ਤਾਂ ਇਸ ਦਾ ਭਾਵ ਹੈ-ਸੱਤਾ।

ਇਹ ਗੱਲਾਂ ਜ਼ਿਆਦਾਤਰ ਲੋਕਾਂ ਨੂੰ ਪਤਾ ਹਨ, ਬੱਸ ਭੂਮਿਕਾ ਬੰਨ੍ਹਣ ਲਈ ਅਤੇ ਜਾਣਕਾਰੀ ਤਾਜ਼ਾ ਕਰਨ ਲਈ ਦੁਹਰਾਈਆਂ ਗਈਆਂ ਹਨ

ਸੱਜਣ ਕੁਮਾਰ (ਪੁਰਾਣੀ ਤਸਵੀਰ): ਐਨਡੀਟੀਵੀ ਤੋਂ ਧੰਨਵਾਦ ਸਹਿਤ

ਸੱਤਾ ਦੇ ਕੇਂਦਰ ਵੱਜੋਂ ਦਿੱਲੀ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ, ਪਰ ਜੇ ਨੇੜਲੇ ਇਤਿਹਾਸਕ ਕਾਲ ਉੱਤੇ ਪੰਛੀ ਝਾਤ ਮਾਰੀਏ ਤਾਂ ਦਿੱਲੀ ਸੱਤਾ ਦਾ ਤਾਕਤਵਰ ਕੇਂਦਰ ਸੰਨ 1649 ਤੋਂ 1857 ਦੌਰਾਨ ਮੁਗ਼ਲ ਰਾਜ ਦੌਰਾਨ ਰਿਹਾ। ਸੰਨ 1857 ਦੀ ਬਗ਼ਾਵਤ ਤੋਂ ਪਹਿਲਾਂ ਤੱਕ ਈਸਟ ਇੰਡੀਆਂ ਕੰਪਨੀ ਦੇ ਰਾਜ ਦੌਰਾਨ ਬੰਦਰਗਾਹ ਦੇ ਨੇੜੇ ਹੋਣ ਕਰਕੇ ਕਲਕੱਤਾ ਸੱਤਾ ਅਤੇ ਵਪਾਰ ਦਾ ਕੇਂਦਰ ਸੀ। ਸੰਨ 1857 ਦੇ ਗ਼ਦਰ ਤੋਂ ਬਾਅਦ ਅੰਗਰੇਜ਼ ਰਾਜ਼ ਆਇਆ ਤਾਂ ਕਲਕੱਤਾ ਦੇਸ਼ ਦੀ ਰਾਜਧਾਨੀ ਬਣਿਆ ਅਤੇ 19ਵੀਂ ਸਦੀ ਦੇ ਅੰਤ ਤੱਕ ਬੰਗਾਲ ਵਿਚ ਬਰਤਾਨਵੀ ਸੱਤਾ ਦੇ ਖ਼ਿਲਾਫ਼ ਖੜ੍ਹੇ ਹੋਏ ਰੋਹ, ਅੰਗਰੇਜ਼ਾਂ ਵੱਲੋਂ ਬੰਗਾਲ ਦੀ ਵੰਡ ਅਤੇ ਰੋਹ ਅੱਗੇ ਝੁਕਦਿਆਂ ਕੀਤੇ ਗਏ ਪੁਨਰ-ਗਠਨ ਨੇ, ਅੰਗਰੇਜ਼ ਹਕੂਮਤ ਦੇ ਪੈਰ ਕਲਕੱਤੇ ਵਿਚੋਂ ਉਖਾੜ ਦਿੱਤੇ।

19ਵੀਂ ਸਦੀ ਦੇ ਅੰਤ ਵਿਚ ਅੰਗਰੇਜ਼ਾਂ ਨੇ ਦਿੱਲੀ ਵਿਚ ਜ਼ਮੀਨ ਐਕਵਾਇਰ ਕੀਤੀ ਅਤੇ 12 ਦਸੰਬਰ 1911 ਨੂੰ ਲੱਗੇ ਦਿੱਲੀ ਦਰਬਾਰ ਵਿਚ ਵਾਇਸਰਾਏ ਭਵਨ ਦਾ ਉਦਘਾਾਟਨ ਕਰਦਿਆਂ ਦਿੱਲੀ ਨੂੰ ਰਾਜਧਾਨੀ ਬਣਾਏ ਜਾਣ ਦਾ ਐਲਾਨ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਚਮ ਨੇ ਕੀਤਾ। ਕੇਂਦਰੀ ਸਰਕਾਰ ਦਾ ਕੰਮਕਾਜ ਦਿੱਲੀ ਤੋਂ ਸ਼ੁਰੂ ਹੋ ਗਿਆ। ਉਸ ਵੇਲੇ ਦੇਸ਼ ਦੀ ਕਥਿਤ ‘ਲੋਕਤੰਤਰੀ ਸਰਕਾਰ’ ਦੀ ਰਾਜਧਾਨੀ ਦਿੱਲੀ ਬਣ ਗਈ।

ਉਂਝ ਪੂਰੀ ਉਸਾਰੀ ਹੋਣ ਤੋਂ ਬਾਅਦ ਮੌਜੂਦਾ ਰਾਜਧਾਨੀ ਨਵੀਂ ਦਿੱਲੀ (ਲੁਟਿਅਨ ਦਿੱਲੀ) ਦਾ ਉਦਘਾਟਨ 10 ਫਰਵਰੀ 1931 ਵਿਚ ਹੋਇਆ। ਫੇਰ 2022 ਵਿਚ ਮੋਦੀ ਰਾਜ ਦੌਰਾਨ ਰਾਜਪਥ ਕਰਤੱਵ ਪੱਥ ਵਿਚ ਤਬਦੀਲ ਹੋ ਗਿਆ ਤੇ ਸੰਸਦ ਭਵਨ ਦਾ ਬਦਲ ਸੈਂਟਰਲ ਵਿਸਟਾ ਬਣਾਇਆ ਗਿਆ।

ਉਦੋਂ ਤੋਂ ਭਾਵੇਂ ਇੱਥੇ ਕੋਈ ਵੀ ‘ਲੋਕਤੰਤਰੀ’ ਸੱਤਾ ਆਈ ਉਸ ਨੇ ਭਾਰਤ ਦੀ ਆਬਾਦੀ ਉੱਤੇ ਪੂਰੀ ਨਿਰਪੱਖਤਾ ਨਾਲ ਜ਼ੁਲਮ ਕੀਤਾ, ਬਿਨਾਂ ਕਿਸੇ ਜਾਤ, ਕੌਮ, ਧਰਮ, ਮਜ਼ਹਬ ਦਾ ਵਿਤਕਰਾ ਕੀਤੇ। ਉਂਝ ਵੀ ਉਦੋਂ ਤੱਕ ਧਾਰਮਿਕ ਕੱਟੜਤਾ ਅਤੇ ਧਾਰਮਿਕ ਵੈਰ-ਵਿਰੋਧ ਦਾ ਨਾਮ-ਨਿਸ਼ਾਨ ਨਾ-ਮਾਤਰ ਹੀ ਸੀ। ਹਾਂ, ਉਦੋਂ ਅੰਗਰੇਜ਼ਾਂ ਨੇ ਗਿਣੀ-ਮਿੱਥੀ ਸੋਚ ਤਹਿਤ ਵੱਖ-ਵੱਖ ਫ਼ਿਰਕਿਆਂ, ਸਭਿਆਚਾਰਕ ਪਛਾਣਾਂ ਅਤੇ ਕਬੀਲਿਆਂ ਅੰਦਰ ਇਕ ਦੂਜੇ ਪ੍ਰਤੀ ਫ਼ਰਕ ਦੀ ਭਾਵਨਾ ਅਤੇ ਨਫ਼ਰਤ ਭਰਨੀ ਸ਼ੁਰੂ ਜ਼ਰੂਰ ਕਰ ਦਿੱਤੀ ਸੀ। 

ਬਾਕੀ ਜ਼ੁਲਮਾਂ ਦੀ ਫ਼ਹਿਰਿਸਤ ਤਾਂ ਬਹੁਤ ਲੰਮੀ ਹੈ, ਪਰ 1943 ਦਾ ਬੰਗਾਲ ਦਾ ਕਾਲ (ਭੁੱਖਮਰੀ) ਸਭ ਤੋਂ ਵੱਡੀ ਉਦਾਹਰਣ ਹੈ, ਜਦੋਂ ਅੰਗਰੇਜ਼ ਸਰਕਾਰ ਨੇ ਭਾਰਤ ਦਾ ਸਾਰਾ ਅਨਾਜ ਆਪਣੇ ਗੋਦਾਮਾਂ ਵਿਚ ਤੁੰਨ ਲਿਆ ਅਤੇ ਸਮੁੰਦਰੀ ਜਹਾਜ਼ਾਂ ‘ਤੇ ਚਾੜ੍ਹ ਕੇ ਇੰਗਲੈਂਡ ਭੇਜ ਦਿੱਤਾ। ਬੰਗਾਲ ਵਿਚ ਲੋਕ ਭੁੱਖ ਨਾਲ ਮਰਦੇ ਰਹੇ ਅਤੇ ਅੰਗਰੇਜ਼ ਸ਼ਾਹੀ ਦਾਅਵਤਾਂ ਕਰਦੇ ਰਹੇ। ਮੈਂ ਇਹ ਨਹੀਂ ਕਹਿ ਸਕਦਾ ਕਿ ਉਦੋਂ ਉੱਥੇ ਸਿੱਖ ਨਹੀਂ ਸਨ, ਪਰ ਇਹ ਗੱਲ ਪੱਕੀ ਹੈ ਕਿ ਉੱਥੇ ਭੁੱਖ ਨੇ ਕਿਸੇ ਨੂੰ ਵੀ ਧਰਮ ਦੇਖ ਕੇ ਨਹੀਂ ਬਖ਼ਸ਼ਿਆ।

ਸੰਨ 1947 ਆਉਂਦੇ-ਆਉਂਦੇ ਹਿੰਦੂ-ਮੁਸਲਮਾਨ ਫ਼ਸਾਦ ਕਿਸ ਸਿਖ਼ਰ ਤੱਕ ਪਹੁੰਚ ਚੁੱਕੇ ਸਨ ਅਤੇ ਉਸ ਵਿਚੋਂ ਵੰਡ ਅਤੇ ਲੱਖਾਂ ਕਤਲਾਂ ਦੇ ਇਤਿਹਾਸ ਤੋਂ ਅਸੀਂ ਜਾਣੂੰ ਹਾਂ। ਦੱਸਣ ਵਾਲੇ ਦੱਸਦੇ ਹਨ ਕਿ ਇਸ ਵੰਡ ਵਿਚ 10 ਲੱਖ ਪੰਜਾਬੀ ਮਰੇ। ਮਰਨ ਵਾਲਿਆਂ ਵਿਚ ਵੀ ਸਿੱਖ, ਮੁਸਲਮਾਨ ਅਤੇ ਹਿੰਦੂ ਸਾਰੇ ਸਨ। ਜੇ ਹਿੰਦੂਆਂ ਨੇ ਮੁਸਲਮਾਨ ਜਾਂ ਮੁਸਲਮਾਨਾਂ ਨੇ ਹਿੰਦੂ ਮਾਰੇ ਵੀ ਤਾਂ ਸਿੱਖਾਂ ਨੂੰ ਸਿੱਖ ਹੋਣ ਕਰਕੇ ਨਹੀਂ ਮਾਰਿਆ, ਹਿੰਦੁਸਤਾਨੀ ਮੰਨ ਕੇ ਮਾਰਿਆ। ਉਂਝ ਮਰਨ ਵਾਲੇ ਕਿਸੇ ਵੀ ਫ਼ਿਰਕੇ ਦੇ ਹੋਣ, ਸਨ ਜ਼ਿਆਦਾਤਰ ਪੰਜਾਬੀ ਹੀ, ਪਰ ਪੰਜਾਬ ਵਿਚ ਉਦੋਂ ਤੱਕ ਵੀ ਸਿੱਖ ਬਨਾਮ ਬਾਕੀ ਵਾਲੀ ਫ਼ਿਰਕਾਪ੍ਰਸਤੀ ਦਾ ਪੱਧਰ ਇਹ ਨਹੀਂ ਸੀ, ਜੋ ਬਾਅਦ ਵਿਚ ਬਣਿਆ।

ਫ਼ਿਰ 80ਵਿਆਂ ਦੇ ਮੁੱਕਦਿਆਂ-ਮੁਕੱਦਿਆਂ ਕੁਝ ਕਥਿਤ ਪੰਜਾਬਵਾਦੀ ਤਾਕਤਾਂ ਨੇ ਧਰਮ ਦੇ ਨਾਮ ਉੱਤੇ ਇਸ ਨੂੰ ਹਿੰਦੂ ਪੰਜਾਬੀ, ਸਿੱਖ ਪੰਜਾਬੀ, ਮੁਸਲਮਾਨ ਪੰਜਾਬੀ ਵਿਚ ਵੰਡ ਦਿੱਤਾ ਅਤੇ ਪੰਜਾਬ ਨੂੰ ਹਿੰਸਾ ਦੀ ਐਸੀ ਅੱਗ ਵਿਚ ਝੋੋਕ ਦਿੱਤਾ, ਜਿਸ ਤੋਂ ਬਾਅਦ ਇਹ ਤਿੰਨ ਹਿੱਸਿਆਂ ਵਿਚ ਵੰਡੇ ਪੰਜਾਬੀ, ਪਹਿਲਾਂ ਵਰਗੇ ਪੰਜਾਬੀ ਕਦੇ ਵੀ ਨਾ ਬਣ ਸਕੇ। 

ਇਸ ਤੋਂ ਪਹਿਲਾਂ ਜਿਹੜੀ ਦਿੱਲੀ ਬਨਾਮ ਮਜ਼ਲੂਮ ਦੀ ਲੜਾਈ ਸੀ, ਇਸ ਹਨੇਰੀ ਨੇ ਉਸ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਦਿੱਲੀ ਬਨਾਮ ਸਿੱਖ ਬਣਾ ਦਿੱਤਾ। ਬਾਕੀ ਸਭ ਨੂੰ ਮਜ਼ਲੂਮਾਂ ਦੀ ਸ਼੍ਰੇਣੀ ਵਿਚੋਂ ਬਾਹਰ ਕਰ ਦਿੱਤਾ। ਦਿੱਲੀ ਨੇ ਇਸ ਗੱਲ ਦਾ ਪੂਰਾ ਫ਼ਾਇਦਾ ਚੁੱਕਿਆ। ਇਸ ਫ਼ਿਰਕੂ ਵੰਡ ਨੂੰ ਹੋਰ ਵੀ ਪੀਡੀ ਕਰਨ ਵਿਚ ਪੂਰਾ ਤਾਣ ਲਾਇਆ। ਇਸ ਵਿਚ  ਪੰਜਾਬੀ ਮੀਡੀਆ ਨੇ ਬਹੁਤ ਵੱਡੀ ਭੂਮਿਕਾ ਨਿਭਾਈ (ਉਸ ਬਾਰੇ ਵਿਸਥਾਰ ਵਿਚ ਵੱਖਰੇ ਲੇਖ ਵਿਚ ਗੱਲ ਕਰਾਂਗੇ।) 

ਅਫ਼ਸੋਸ ਦੀ ਗੱਲ ਇਹ ਹੈ ਕਿ 80ਵਿਆਂ ਅਤੇ 90ਵਿਆਂ ਵਿਚ ਪੈਦਾ ਹੋਈ ਪੀੜ੍ਹੀ ਇਸੇ ਮਾਹੌਲ ਵਿਚ ਪਲੀ। ਉਸ ਦੇ ਅੰਦਰ ਇਹ ਦਿੱਲੀ ਬਨਾਮ ਸਿੱਖ ਦੀ ਭਾਵਨਾ ਇੰਨੀ ਡੂੰਘੀ ਭਰ ਦਿੱਤੀ ਗਈ ਕਿ ਉਸ ਨੂੰ ਹੋਰ ਕੋਈ ਮਜ਼ਲੂਮ ਨਜ਼ਰ ਆਉਣਾ ਹੀ ਬੰਦ ਨਹੀਂ ਹੋਇਆ, ਸਗੋਂ ਫ਼ਿਰਕੇ ਇਕ ਦੂਜੇ ਨੂੰ ਦੁਸ਼ਮਨ ਹੀ ਮੰਨਣ ਲੱਗ ਪਏ। ਪਿਛਲੇ ਕੁਝ ਦਹਾਕਿਆਂ ਵਿਚ ਥੋੜ੍ਹੀ-ਬਹੁਤ ਨਵੀਂ ਪੀੜ੍ਹੀ ਪੜ੍ਹ-ਲਿਖ ਕੇ ਇਸ ਸੱਚ ਨੂੰ ਸਮਝਣ ਲੱਗੀ ਹੈ। ਸਾਂਝੀਵਾਲਤਾ ਦੀ ਗੱਲ ਕਰਨ ਲੱਗੀ ਹੈ। ਪਰ ਉਸ ਤੋਂ ਪਿਛਲੀ ਪੀੜ੍ਹੀ ਹਾਲੇ ਵੀ ਉਨ੍ਹਾਂ ਦੇ ਮਨ ਵਿਚ ਉਹੀ ਨਫ਼ਰਤ ਭਰਨ ਅਤੇ ਉਸ ਨੂੰ ਜਿਉਂਦੀ ਰੱਖਣ ਉੱਤੇ ਤੁਲੀ ਹੋਈ ਹੈ।

ਅਸਲ ਵਿਚ ਤਾਂ ਇਹ ਦਿੱਲੀ ਬਨਾਮ ਸਿੱਖ ਵਾਲਾ ਨਾਅਰਾ (ਪ੍ਰਵਚਨ) ਹੈ ਹੀ ਬਹੁਤ ਪੇਤਲਾ। ਜੇ ਅੱਜ ਤਿੰਨ ਦਹਾਕੇ ਤੋਂ ਜ਼ਿਆਦਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ 1984 ਦਾ ਇਨਸਾਫ਼ ਨਹੀਂ ਮਿਲਿਆ ਤਾਂ ਇਸ ਦਾ ਕਈ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਹੈ। ਇਸ ਪ੍ਰਵਚਨ ਨੇ ਨਾ ਸਿਰਫ਼ ਸਿੱਖਾਂ ਨੂੰ ਇਨ੍ਹਾਂ ਪ੍ਰਤੀ ਹਮਦਰਦੀ ਰੱਖਣ ਵਾਲੇ ਬਾਕੀ ਸਾਰੇ ਫ਼ਿਰਕਿਆਂ (ਹਰ ਹਿੰਦੂ ਦੇ ਘਰ ਇਕ ਬੱਚਾ ਸਿੱਖ ਬਣਾਇਆ ਜਾਂਦਾ ਸੀ) ਨਾਲੋਂ ਤੋੜ ਦਿੱਤਾ, ਬਲਕਿ ਸਿੱਖਾਂ ਨੂੰ ਵੀ ਕਈ ਧੜਿਆਂ ਵਿਚ ਵੰਡ ਦਿੱਤਾ।

ਇਕ ਧੜਾ ਦਿੱਲੀ ਦੇ ਸੰਵਿਧਾਨ, ਦਿੱਲੀ ਦੀਆਂ ਅਦਾਲਤਾਂ ਅਤੇ ਸਮੁੱਚੇ ਲੋਕਤੰਤਰੀ ਢਾਂਚੇ ਨੂੰ ਹੀ ਰੱਦ ਕਰਦਾ ਰਿਹਾ, ਜਦ ਕਿ ਮਜ਼ਲੂਮ ਇਨਸਾਫ਼ ਲਈ ਉਸ ਦੇ ਦਰਵਾਜ਼ੇ ਉੱਤੇ ਖੜ੍ਹੇ ਰਹੇ। ਬਾਵਜੂਦ ਇਸ ਦੇ ਕਿ ਕੋਈ ਵੀ ਪਾਰਟੀ ਦੁੱਧ ਧੋਤੀ ਨਹੀਂ, ਪੀੜਿਤਾਂ ਨੇ ਲੋਕਤੰਤਰ ਵਿਚ ਆਪਣਾ ਵਿਸ਼ਵਾਸ਼ ਕਾਇਮ ਰੱਖਿਆ। ਇਹ ਵਿਸ਼ਵਾਸ ਦਹਾਕਿਆਂ ਬਾਅਦ ਵੀ ਕਾਇਮ ਹੈ। ਲੰਮਾ ਕੇਸ ਲੜਨ ਤੋਂ ਬਾਅਦ ਇਕ ਮਾਮਲੇ ਵਿਚ ਸੱਜਣ ਕੁਮਾਰ ਨੂੰ ਸੰਨ 2018 ਵਿਚ ਜਿਹੜੀ ਸਜ਼ਾ ਹੋਈ, ਇਹ ਇਸ ਵਿਸ਼ਵਾਸ ਦੇ ਨਤੀਜੇ ਸਨ।

ਉਂਝ ਦਸ ਦੇਵਾਂ ਕਿ ਇਸ ਵੇਲੇ ਮੁਲਕ ਵਿਚ 3.3 ਕਰੋੜ ਮਾਮਲੇ (ਇੰਡੀਆ ਟੂਡੇ, ਜੂਨ 2018) ਅਦਾਲਤਾਂ ਵਿਚ ਨਿਆਂ ਦੀ ਉਡੀਕ ਕਰ ਰਹੇ ਹਨ। ਕੀ ਇਹ ਸਾਰੇ ਮਾਮਲੇ ਸਿੱਖਾਂ ਦੇ ਹਨ? ਸੱਜਣ ਕੁਮਾਰ ਨੂੰ ਉਮਰਕੈਦ ਵਾਲੇ ਫ਼ੈਸਲੇ ਵਿਚ ਅਦਾਲਤ ਨੇ ਕਿਹਾ ਹੈ ਕਿ 1993 ਮੁੰਬਈ, 2002 ਗੁਜਰਾਤ, ਕੰਧਮਾਲ ਉੜੀਸਾ, 2008, ਮੁਜ਼ੱਫਰਪੁਰ 2013 ਵੀ ਮਨੁੱਖਤਾ ਦੇ ਘਾਣ ਦੇ ਇਸੇ ਕਿਸਮ ਦੇ ਮਾਮਲੇ ਹਨ। ਅਦਾਲਤ ਵਿਚ ਜਾ ਕੇ ਪਤਾ ਕਰੋ, ਹਰ ਧਰਮ, ਹਰ ਫ਼ਿਰਕੇ, ਹਰ ਜਾਤ, ਹਰ ਕਬੀਲੇ ਦੇ ਲੋਕ ਦਹਾਕਿਆਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਕਰੋੜਾਂ ਮਾਮਲੇ ਜੋ ਦਰਜ ਹੀ ਨਹੀਂ ਕੀਤੇ ਜਾਂਦੇ, ਉਹ ਕਿਸੇ ਗਿਣਤੀ ਵਿਚ ਨਹੀਂ।

ਨਾਲੇ ਇਹ ਨਤੀਜੇ ਇੰਨੇ ਵੀ ਸਿੱਧੇ ਨਹੀਂ, ਇਨ੍ਹਾਂ ਪਿੱਛੇ ਵੀ ਸਿਆਸੀ ਚਾਲਾਂ ਦਾ ਜਾਲ ਹੈ, ਇਹ ਨਤੀਜੇ ਵੀ ਰਾਜਨੀਤਿਕ ਹਨ, ਜਿਨ੍ਹਾਂ ਨੂੰ ਚੋਣਾਂ ਦੇ ਵਿਚ ਕੈਸ਼ ਕੀਤਾ ਜਾਣਾ ਹੈ। ਜਿਸ ਵਾਸਤੇ ਕੁਝ ਸਿਆਸੀ ਲੋਕ ਦਿੱਲੀ ਬਨਾਮ ਸਿੱਖ ਦਾ ਪ੍ਰਵਚਨ ਬਚਾ ਕੇ ਰੱਖਣਾ ਚਾਹੁੰਦੇ ਹਨ। ਇਸ ਪ੍ਰਵਚਨ ਜਾਰੀ ਰੱਖਯਾ ਸਿੱਖ ਸਿਆਸਤ ਦੇ ਕੁਝ ਹਲਕਿਆਂ ਦੇ ਨਾਲ-ਨਾਲ ਹਰ ਰੰਗ ਦੀ ਸਿਆਸੀ ਧਿਰ ਲਈ ਹੀ ਲਾਹੇਵੰਦ ਹੈ। ਜੇ ਇਹ ਪ੍ਰਵਚਨ ਬਚਿਆ ਰਹੇਗਾ ਤਾਂ ਹੀ ਉਹ ਦੱਸ ਸਕਣਗੇ ਕਿ ਜਿਹੜੀ 1984 ਵਾਲੀ ਦਿੱਲੀ ਸੀ ਉਸ ਨੇ  ਜ਼ੁਲਮ ਕੀਤਾ। ਜਿਹੜੀ ਅੱਜ ਵਾਲੀ ਦਿੱਲੀ ਹੈ, ਉਹ ਨਿਆਂਕਾਰੀ ਹੈ। ਇਸ ਤਰ੍ਹਾਂ ਉਹ ਅੱਜ ਵਾਲੀ ਦਿੱਲੀ ਲਈ ਵੋਟਾਂ ਬਟੋਰਨਗੇ।

ਦੂਜੇ ਪਾਸੇ ਸਿਆਸਤਦਾਨਾਂ ਦੇ ਕੁਝ ਧੜੇ ਸਾਲਾਂ ਬਾਅਦ ਅਦਾਲਤਾਂ ਤੋਂ ਮਿਲਣ ਵਾਲੀਆਂ ਸਜ਼ਾਵਾਂ ਦੇ ਫ਼ੈਸਲਿਆਂ ਨੂੰ ਅਪ੍ਰਵਾਨ ਕਰਕੇ ਆਪਣੀ ਹਿੰਸਕ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਗੁੰਮਰਾਹ ਕਰਨਗੇ। ਲੋਕਤੰਤਰੀ ਢਾਂਚੇ ਰਾਹੀਂ ਜੋ ਕਿਣਕਾ ਮਾਤਰ ਰਾਹਤ 1984 ਦੇ ਮਜ਼ਲੂਮਾਂ ਨੂੰ ਮਿਲੀ ਹੈ ਜਾਂ ਅੱਗੇ ਮਿਲੇਗੀ, ਇਹ ਉਸ ਨੂੰ ਮਹਿਸੂਸ ਕਰਨ ਦੇਣ ਦੀ ਬਜਾਇ, ਉਹ ਉਸ ਉੱਪਰ ਵੀ ਆਪਣੀ ਸਿਆਸਤ ਕਰਨਗੇ।

ਬਾਬੇ ਨਾਨਕ ਦੀਆਂ ਉਦਾਸੀਆਂ, ਪੰਜਵੇ ਗੁਰੂ, ਨੌਵੇ ਗੁਰੂ ਦੀ ਸ਼ਹੀਦੀ ਅਤੇ ਦਸਵੇਂ ਗੁਰੂ ਦੇ ਜੀਵਨ ਦਾ ਧਿਆਨ ਧਰਦਾਂ ਹਾਂ ਤਾਂ ਸੋਚਦਾ ਹਾਂ, ਸਾਡੇ ਗੁਰੂਆਂ ਨੇ ਕਦੋਂ ਕਿਹਾ ਇਨਸਾਫ਼ ਸਿਰਫ਼ ਆਪਣੇ ਲਈ ਮੰਗੋ। ਜਦੋਂ ਉਹ ਲੜ ਰਹੇ ਸਨ, ਜ਼ੁਲਮ ਤਾਂ ਉਨ੍ਹਾਂ ‘ਤੇ ਵੀ ਹੋ ਰਿਹਾ ਸੀ, ਕੀ ਉਦੋਂ ਉਹ ਸਿਰਫ਼ ਆਪਣੇ ਲਈ ਲੜ ਰਹੇ ਸਨ? 

ਅੱਜ ਕਿੱਥੇ ਗਿਆ ਸਰਬੱਤ ਦੇ ਭਲੇ ਦਾ ਸੰਕਲਪ?

ਕਿਉਂ ਅਸੀਂ ਸਾਰੇ ਮਜ਼ਲੂਮਾਂ ਨਾਲੋਂ ਅੱਡ ਹੋ ਕੇ ਆਪਣੀ ਤਾਕਤ ਕਮਜ਼ੋਰ ਕਰ ਰਹੇ ਹਾਂ?

ਕੀ ਜਦੋਂ ਸਾਡੀ ਮਰਜ਼ੀ ਦੇ ਆਗੂ ਦਿੱਲੀ ਜਾਂ ਆਪਣੇ ਬਣਾਏ ਕਿਸੇ ਰਾਜ ਦੇ ਤਖ਼ਤ ਉੱਤੇ ਬੈਠ ਜਾਣਗੇ, ਫ਼ੇਰ ਦਿੱਲੀ (ਸੱਤਾ) ਬਨਾਮ ਸਿੱਖ ਦਾ ਪ੍ਰਵਚਨ ਖ਼ਤਮ ਹੋ ਜਾਵੇਗਾ?

ਜਾਂ ਉਹ ਜੋ ਜ਼ੁਲਮ ਕਰੇਗੀ, ਉਹ ਸਾਡੀ ਨਜ਼ਰ ਵਿਚ ਨਿਆਂਕਾਰੀ ਹੋਵੇਗੀ?

ਕੀ ਦਿੱਲੀ (ਸੱਤਾ) ਕਦੇ ਵੀ ਨਿਆਂਕਾਰੀ ਹੋ ਸਕਦੀ ਹੈ? 

ਭਾਵੇਂ ਉਸ ਦੇ ਤਖ਼ਤ ਉੱਤੇ ਕਿੰਨਾ ਵੀ ਨਿਆਕਾਰੀ ਦਿੱਖਣ ਵਾਲਾ ਚਿਹਰਾ ਆ ਜਾਵੇ, ਭਾਵੇਂ ਉਹ ਕੋਈ ਸਿੱਖਾਂ ਦਾ ਹਰਮਨ ਪਿਆਰਾ ਆਗੂ ਹੋਵੇ, ਭਾਵੇਂ ਉਹ ਕਿਸੇ ‘ਸਤਾਨ’ ਦਾ ਨੁਮਾਇੰਦਾ ਹੀ ਕਿਉਂ ਨਾ ਹੋਵੇ। ਭਾਵੇਂ ਕਿੰਨੇ ਹੀ ਰੰਗ-ਬਿਰੰਗੇ ਝੰਡੇ ਲਹਿਰਾ ਕੇ, ਵੱਖ-ਵੱਖ ਦਿੱਲੀਆਂ ਬਣਾ ਲਈਆਂ ਜਾਣ। ਹਰ ਦਿੱਲੀ ਦੇ ਤਖ਼ਤ ‘ਤੇ ਬੈਠਿਆਂ ਤੋਂ ਨਿਆਂਕਾਰੀ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹੀ ਦਿੱਲੀ (ਸੱਤਾ) ਦੀ ਤਾਸੀਰ ਹੈ ਅਤੇ ਇਹੀ ਇਤਿਹਾਸ ਦੱਸਦਾ ਹੈ।

ਦਿੱਲੀ ਦੇ ਜ਼ੁਲਮ ਨੂੰ ਖੁੰਢਾ ਕਰਨ ਲਈ, ਇਸ ਅੰਦਰ ਨਿਆਂਕਾਰੀ ਖ਼ਸਲਤ ਪੈਦਾ ਕਰਨ ਅਤੇ ਬਚਾਈ ਰੱਖਣ ਲਈ, ਲੋਕਤੰਤਰੀ ਖ਼ਾਸੇ ਨੂੰ ਮਜ਼ਬੂਤ ਕਰਨ ਤੋਂ ਸਿਵਾਏ ਹੋਰ ਕੋਈ ਵਿਕਲਪ ਹੋ ਹੀ ਨਹੀਂ ਸਕਦਾ, ਨਿਰਾ ਧਰਮ ਆਧਾਰਿਤ ਜਾਂ ਹਿੰਸਕ ਤਾਂ ਬਿਲਕੁਲ ਵੀ ਨਹੀਂ। ਉਸ ਵਾਸਤੇ ਦਿੱਲੀ ਬਨਾਮ ਕੋਈ ਵੀ ਧਰਮ ਨਹੀਂ, ਬਲਕਿ ਦਿੱਲੀ ਬਨਾਮ ਮਜ਼ਲੂਮ ਦਾ ਪ੍ਰਵਚਨ ਮੁੜ-ਉਸਾਰਨ ਉੱਤੇ ਜ਼ੋਰ ਦੇਣਾ ਪਵੇਗਾ।

ਵਰਨਾ ਜਿਸ ਜ਼ੁਲਮ ਦਾ ਨਤੀਜਾ ਤੇ ਨਿਆਂ ਦਹਾਕਿਆਂ ਬਾਅਦ ਵੀ ਨਹੀਂ ਮਿਲਿਆ, ਜਿਸ ਤਰ੍ਹਾਂ ਦਾ ਆਪਣਾ ਰਾਜ ਬਣਾ ਕੇ ਅਸੀਂ ਇਨਸਾਫ਼ ਹਾਸਲ ਕਰਨ ਦੀ ਉਮੀਦ ਕਰ ਰਹੇ ਹਾਂ, ਉਸ ਨੂੰ ਤਿੰਨ-ਚਾਰ ਸਦੀਆਂ ਹੋਰ ਲੱਗ ਜਾਣਗੀਆਂ। ਕੀ ਉਦੋਂ ਤੱਕ ਇਨਸਾਫ਼ ਦੀ ਉਮੀਦ ਬਚੀ ਰਹੇਗੀ? ਕੀ ਉਦੋਂ ਤੱਕ ਇਨਸਾਫ਼ ਦੇ ਅਰਥ ਬਚੇ ਰਹਿਣਗੇ?

***

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। 

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com