ਮਨੀਪੁਰ ਵਿਚ ਔਰਤਾਂ ਨੂੰ ਨਗਨ ਕਰਕੇ ਸ਼ੋਸ਼ਣ ਕਰਨ ਦੇ ਮਾਮਲੇ ਦੇ ਮੁੱਖ ਦੋਸ਼ੀ ਦੇ ਘਰ ਨੂੰ ਔਰਤਾਂ ਨੇ ਅੱਗ ਲਾ ਦਿੱਤੀ
ਮਨੀਪੁਰ ਵਿਚ 79 ਦਿਨ ਪਹਿਲਾਂ ਕੁੱਕੀ ਸਮਾਜ ਦੀਆਂ ਦੋ ਔਰਤਾਂ ਨੂੰ ਪੁਲਿਸ ਦੀ ਹਾਜ਼ਰੀ ਵਿਚ ਮੈਤਈ ਸਮਾਜ ਦੀ ਭੀੜ ਵੱਲੋਂ ਨਗਨ ਕਰਕੇ ਦੌੜਾਉਣ, ਔਰਤਾਂ ਨਾਲ ਜਿਨਸੀ ਛੇੜਛਾੜ ਕਰਨ ਤੇ ਇਕ ਔਰਤ ਦੇ ਸਮੂਹਿਕ ਬਲਾਤਕਾਰ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੂਰੇ ਦੇਸ਼ ਵਿਚ ਉਬਾਲ ਆ ਗਿਆ ਹੈ। ਇਸੇ ਦੌਰਾਨ ਔਰਤਾਂ ਦੀ ਜੱਥੇਬੰਦੀ ਮੀਰਾ ਪੈਬੀ ਨਾਲ ਜੁੜੀਆਂ ਔਰਤਾਂ ਨੇ ਥੋਬਲ ਜ਼ਿਲ੍ਹੇ ਦੇ ਪੈਂਚੀ ਪਿੰਡ ਵਿਚ ਸਥਿਤ ਔਰਤਾਂ ਦੇ ਸ਼ੋਸਣ ਕਰਨ ਦੇ ਮੁੱਖ ਦੋਸ਼ੀ ਹੇਰੋਦਾਸ ਮੈਤਈ ਦੇ ਘਰ ਨੁੰ ਅੱਗ ਲਾ ਦਿੱਤੀ। ਪਿੰਡ ਦੇ ਲੋਕਾਂ ਨੇ ਹੇਰੋਦਾਸ ਮੈਤਈ ਨੂੰ ਪੇਚੀ ਅਵਾਂਗ ਲੀਕਾਈ ਦੇ ਇਲਾਕੇ ਵਿਚੋਂ ਪਰਿਵਾਰ ਸਮੇਤ ਬਾਹਰ ਕੱਢ ਦਿੱਤਾ ਹੈ। ਇਹ ਹੇਰੋਦਾਸ ਦਾ ਨਾਨਕਾ ਪਿੰਡ ਹੈ ਜਿੱਥੇ ਉਹ ਪਲਿਆ ਹੈ ਤੇ ਉਸ ਦਾ ਵਿਆਹ ਹੋ ਚੁੱਕਾ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਜਾਰੀ ਹੋਈ ਵੀਡੀਉ ਵਿਚ ਹੇਰੋਦਾਸ ਮੈਤਈ ਨਾਮਕ ਵਿਅਕਤੀ ਔਰਤ ਨੂੰ ਨਗਨ ਅਵਸਥਾ ਵਿਚ ਫੜਦਾ ਹੋਇਆ ਨਜ਼ਰ ਆਇਆ ਸੀ। ਖ਼ਬਰਾਂ ਮੁਤਾਬਕ ਮੀਰਾ ਪੈਬੀ ਜੱਥੇਬੰਦੀ ਮੈਤਈ ਸਮਾਜ ਦੀ ਔਰਤਾਂ ਦੀ ਮਨੀਪੁਰ ਦੀ ਸਭ ਤੋਂ ਮਜ਼ਬੂਤ ਜੱਥੇਬੰਦੀ ਮੰਨੀ ਜਾਂਦੀ ਹੈ। ਜੱਥੇਬੰਦੀ ਦੀ ਇਕ ਆਗੂ ਨੇ ਮੀਡੀਆ ਨੂੰ ਕਿਹਾ ਹੈ, “ਔਰਤ ਭਾਵੇਂ ਮੈਤੇਈ ਹੋਵੇ ਜਾਂ ਕੋਈ ਹੋਰ, ਉਸ ਦੀ ਆਬਰੂ ਨੂੰ ਠੇਸ ਪਹੁੰਚਾਉਣਾ ਮੰਜ਼ੂਰ ਨਹੀਂ ਹੈ। ਅਸੀਂ ਅਜਿਹੇ ਵਿਅਤਕੀ ਨੂੰ ਸਮਾਜ ਵਿਚ ਰਹਿਣ ਦੀ ਇਜਾਜ਼ਤ ਨਹੀਂ ਦੇ ਸਕਦੇ। ਇਹ ਪੂਰੈ ਮੈਤੇਈ ਸਮਾਜ ਲਈ ਸ਼ਰਮ ਦੀ ਗੱਲ ਹੈ।”
Leave a Reply