ਨਗਨ ਕਰਕੇ ਦੌੜਾਈ ਤੇ ਲਿਤਾੜੀ ਗਈ 19 ਸਾਲਾ ਕੁੜੀ ਨੇ ਦੱਸਿਆ ਅੱਧੇ ਘੰਟੇ ਵਿਚ ਕੀ-ਕੀ ਵਾਪਰਿਆ
ਲੜਕੇ ਕਰ ਰਹੇ ਸਨ ਕੁੜੀਆਂ ਨਾਲ ਧੱਕਾ, ਸਾਥੀ ਔਰਤਾਂ ਹੱਸ-ਹੱਸ ਮਾਰ ਰਹੀਆਂ ਸੀ ਚੀਕਾਂ
ਮਣੀਪੁਰ ਵਿਚ ਹਿੰਸਾ ਦਾ ਦੌਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਬੀਤੇ ਦਿਨੀਂ ਇਕ ਵੀਡੀਉ ਵਾਇਰਲ ਹੋਈ ਜਿਸ ਵਿਚ ਕੁੱਕੀ ਕਬੀਲੇ ਦੀਆਂ ਦੋ ਔਰਤਾਂ ਨੂੰ ਨਗਨ ਕਰਕੇ ਦੌੜਾਇਆ ਜਾ ਰਿਹਾ ਹੈ। ਇਸ ਦੌਰਾਨ ਮੈਤੇਈ ਕਬੀਲੇ ਦੇ ਮਰਦ ਤੇ ਔਰਤਾਂ ਉਨ੍ਹਾਂ ਦੇ ਨਾਲ ਛੇੜਛਾੜ ਤੇ ਜਿਨਸੀ ਸ਼ੋਸ਼ਣ ਕਰਦੇ ਨਜ਼ਰ ਆਏ। ਵੀਡੀਉ ਵਾਇਰਲ ਹੋਣ ਤੋਂ ਬਾਅਦ 1 ਮੁੱਖ ਦੋਸ਼ੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਔਰਤਾਂ ਦੀ ਇਕ ਜੱਥੇਬੰਦੀ ਨੇ ਮੁੱਖ-ਦੋਸ਼ੀ ਦੇ ਘਰ ਨੂੰ ਅੱਗ ਲਾ ਦਿੱਤੀ।
ਅੰਗਰੇਜ਼ੀ ਅਖ਼ਬਾਰ ‘ਦ ਟੈਲੀਗ੍ਰਾਫ਼’ ਨੇ ਇਸ ਵੀਡੀਉ ਵਿਚ ਨਜ਼ਰ ਆਈ ਇਕ 19 ਸਾਲਾ ਕੁੜੀ ਨਾਲ ਗੱਲਬਾਤ ਕੀਤੀ ਹੈ। ਜੋ ਕੁੜੀ ਨੇ ਬਿਆਨ ਕੀਤਾ ਹੈ, ਉਹ ਸੁਣ ਕੇ ਦਿਲ ਦਹਿਲ ਜਾਂਦਾ ਹੈ।
ਜਿਨਸੀ ਹਮਲੇ ਦੀ ਸ਼ਿਕਾਰ 19 ਸਾਲਾਂ ਕੁੜੀ ਨੇ ਅੰਗਰੇਜ਼ੀ ਅਖ਼ਬਾਰ ‘ਦ ਟੈਲੀਗ੍ਰਾਫ਼’ ਨੂੰ ਆਪ ਆਪਣੇ ’ਤੇ ਹੋਏ ਹਮਲੇ ਦੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ 4 ਮਈ ਵਾਲੇ ਦਿਨ ਉਸ ਨਾਲ ਕੀ-ਕੀ ਵਾਪਰਿਆ।
ਕੁੜੀ ਨੇ ਅਖ਼ਬਾਰ ਨੂੰ ਦੱਸਿਆ ਕਿ ਉਹ ਮਣੀਪੁਰ ਦੇ ਇਕ ਹੈਲਥ ਕੇਅਰ ਇੰਸਟੀਚਿਊਟ ਦੀ ਵਿਦਿਆਰਥਣ ਹੈ। ਮੈਤੇਈ ਬਿਰਾਦਰੀ ਦੇ ਲੋਕਾਂ ਦੀ ਇਕ ਭੀੜ ਨੇ ਚਾਰ ਮਈ ਨੂੰ ਉਨ੍ਹਾਂ ’ਤੇ ਹਮਲਾ ਕੀਤਾ ਸੀ।
ਉਸ ਨੇ ਦੱਸਿਆ ਕਿ 65 ਦਿਨ 18 ਮਈ ਨੂੰ ਉਸ ਨੇ ਐਫ਼ਆਈਆਰ ਲਿਖਵਾਈ ਸੀ। ਸਿਰਫ਼ ਇਕ ਜਾਤ ਦੇ ਸਮਾਜ ਦੀ ਔਰਤਾਂ ਹੋਣ ਕਰਕੇ ਉਨ੍ਹਾਂ ’ਤੇ ਹਮਲੇ ਹੋ ਰਹੇ ਹਨ। ਐਫਆਈਆਰ ਵਿਚ ਉਸਨੇ ਲਿਖਵਾਇਆ ਕਿ 150 ਹਥਿਆਰਬੰਦ ਪੁਰਸ਼ਾਂ ਤੇ ਔਰਤਾਂ ਨੇ ਚਾਰ ਮਈ ਨੂੰ ਸ਼ਾਮ ਚਾਰ ਵਜੇ ਉਸ ਦੇ ਇੰਸਟੀਚਿਊਟ ’ਤੇ ਹਮਲਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ। ”
ਲੜਕੀ ਨੇ ਕਿਹਾ, “ਮੈਂ ਪਹਿਲਾਂ ਜ਼ੀਰੋ ਐਫਆਈਆਰ ਦਰਜ ਕਰਵਾਈ ਸੀ। ਇਹ ਐਫਆਈਆਰ ਕਿਸੇ ਵੀ ਥਾਣੇ ਵਿਚ ਦਰਜ ਕਰਵਾਈ ਜਾ ਸਕਦੀ ਹੈ ਭਾਵੇਂ ਘਟਨਾ ਉਸ ਥਾਣੇ ਦੀ ਨਾ ਹੋਵੇ। ਇਹ ਪਰਚਾ ਦਿੱਲੀ ਦੇ ਉੱਤਮ ਨਗਰ ਥਾਣੇ ਵਿਚ ਦਰਜ ਕਰਾਇਆ ਗਿਆ ਸੀ ਕਿਉਂਕਿ ਮਣੀਪੁਰ ਵਿਚ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਵਿਚ ਭਰਤੀ ਕਰਾਇਆ ਗਿਆ ਸੀ। ਜਦੋਂ ਉਹ ਦਿੱਲੀ ਤੋਂ ਵਾਪਸ ਆਈ ਤਾਂ ਉਸ ਨੇ ਮਣੀਪੁਰ ਦੇ ਚੁਰਾਚਾਂਦਪੁਰ ਥਾਣੇ ਵਿਚ 30 ਮਈ ਨੂੰ ਇਕ ਹੋਰ ਜ਼ੀਰੋ ਐਫਆਈਆਰ ਦਰਜ ਕਰਵਾਈ। ਹਮਲਾਵਰਾਂ ’ਤੇ ਖ਼ਤਰਨਾਕ ਹਥਿਆਰਾਂ ਨਾਲ ਹਮਲਾ ਕਰਨ, ਔਰਤਾਂ ਦਾ ਨਿਰਾਦਰ ਕਰਨ, ਅਗਵਾ ਤੇ ਕਤਲ ਦਾ ਪਰਚਾ ਦਰਜ ਕੀਤਾ ਗਿਆ ਸੀ।
ਕੁੜੀ ਨੇ ਦੱਸਿਆ ਕਿ ਐਫਆਈਆਰ ਉਸ ਦੇ ਇੰਸਟੀਚਿਊਟ ਵਾਲੇ ਪੁਲਸ ਥਾਣੇ ਭੇਜ ਦਿੱਤੀ ਗਈ ਸੀ। ਪੀੜਿਤ ਕੁੜੀ ਨੇ ਦੱਸਿਆ ਕਿ ਉਹ ਕਈ ਦਿਨ ਹਸਪਤਾਲ ਵਿਚ ਪਈ ਰਹੀ ਪਰ ਉਸ ਦਾ ਬਿਆਨ ਦਰਜ ਕਰਨ ਕੋਈ ਨਹੀਂ ਆਇਆ। ਜਦ ਕਿ ਇੰਫਾਲ ਦਾ ਥਾਣਾ ਹਸਪਤਾਲ ਤੋਂ ਮਾਮੂਲੀ ਫ਼ਾਸਲੇ ’ਤੇ ਸੀ।
ਉਸ ਨੇ ਕਿਹਾ ਚਾਰ ਮਈ ਨੂੰ ਜੋ ਮੇਰੇ ਨਾਲ ਹੋਇਆ ਉਸ ਦਾ ਕਲੰਕ ਉਹ ਅੱਜ ਵੀ ਢੋਅ ਰਹੀ ਹੈ। ਮੌਕੇ ਦੀ ਘਟਨਾ ਬਾਰੇ ਉਸ ਨੇ ਕਿਹਾ ਕਿ ਹਮਲਾਵਰ ਉਸ ਦੇ ਇੰਸਟੀਚਿਊਟ ਵਿਚ ਵੜ ਆਏ। ਉਨ੍ਹਾਂ ਸ਼ਨਾਖ਼ਤੀ ਕਾਰਡ ਦੇਖ-ਦੇਖ ਕੇ ਕੁੱਕੀ ਕਬੀਲੇ ਦੇ ਮੁੰਡੇ-ਕੁੜੀਆਂ ਨੂੰ ਨਿਸ਼ਾਨਾ ਬਣਾਇਆ। ਇੰਸਟੀਚਿਊਟ ਦੀ ਰਿਹਾਇਸ਼ ਵਿਚ 90 ਵਿਦਿਆਰਥੀ ਸਨ।
ਲੜਕੀ ਨੇ ਦੱਸਿਆ ਕਿ ਉਸ ਵੇਲੇ ਉਹ ਦਸ ਜਣੇ ਸਨ। ਦੋ ਨੂੰ ਪੁਲਸ ਨੇ ਬਚਾ ਲਿਆ ਤੇ ਛੇ ਕਿਸੇ ਤਰ੍ਹਾਂ ਭੱਜਣ ਵਿਚ ਕਾਮਯਾਬ ਹੋ ਗਏ। ਅੱਗੇ ਕੁੜੀ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੇ ਦੋਸਤ ਨੂੰ ਪਛਾਣ ਕੇ ਫੜ ਲਿਆ ਗਿਆ। ਦੋਵਾਂ ਨੂੰ ਅਰਾਮਬਾਈ ਤੇਲੰਗ ਅਤੇ ਮੈਤੇਈ ਲਿਪੁਨ ਨੌਜਵਾਨ ਜੱਥੇਬੰਦੀਆਂ ਨਾਲ ਸੰਬੰਧਤ ਨੌਜਵਾਨਾਂ ਤੇ ਔਰਤਾਂ ਨੇ ਘੇਰ ਲਿਆ। ਇਹ ਦੋਵੇਂ ਕੱਟੜ ਮੈਤੇਈ ਨੌਜਵਾਨ ਜੱਥੇਬੰਦੀਆਂ ਹਨ।
ਫੁੱਟਬਾਲ ਦੀ ਤਰ੍ਹਾਂ ਠੁੱਡੇ ਮਾਰੇ
ਕੁੜੀ ਨੇ ਦੱਸਿਆ, “ਉਹ ਟੋਲੇ ਸਾਨੂੰ ਦੋਵਾਂ ਨੂੰ ਅੱਧਾ ਘੰਟਾ ਫੁੱਟਬਾਲ ਵਾਂਗ ਠੁੱਡੇ ਮਾਰਦੇ ਰਹੇ। ਲੋਕ ਟੋਲੇ ਬਣਾ ਕੇ ਉਨ੍ਹਾਂ ਉੱਤੇ ਚੜ੍ਹ ਕੇ ਛਾਲਾਂ ਮਾਰ ਰਹੇ ਸਨ। ਜੋ ਮੇਰੇ ਨਾਲ ਹੋਇਆ ਉਸ ਨੂੰ ਬਿਆਨ ਕਰਨ ਲਈ ਲਫ਼ਜ਼ ਮੈਨੂੰ ਧੋਖਾ ਦੇ ਰਹੇ ਹਨ। ”
“ਮੈਂ ਉਨ੍ਹਾਂ ਔਰਤਾ ਦੀ ਆਵਾਜ਼ ਕਦੇ ਨਹੀਂ ਭੁੱਲ ਸਕਦੀ ਜੋ ਸਾਡੇ ’ਤੇ ਹਮਲਾ ਹੋਣ ਵੇਲੇ ਖ਼ੁਸ਼ੀ ਨਾਲ ਚੀਕਾਂ ਮਾਰ ਰਹੀਆਂ ਸਨ। ਉਹ ਉਨ੍ਹਾ ਨੌਜਵਾਨਾਂ ਨੂੰ ਸਾਨੂੰ ਮਾਰਨ ਲਈ ਉਕਸਾ ਰਹੀਆਂ ਸਨ। ”
“ਬੇਹੋਸ਼ ਹੋਣ ਤੋਂ ਪਹਿਲਾਂ ਮੈਨੂੰ ਆਵਾਜ਼ ਸੁਣੀ ਕਿ ਦੇਖੋ ਇਹ ਜਿਉਂਦੀ ਤਾਂ ਨਹੀਂ? ਉਹ ਸ਼ਾਇਦ ਮੈਨੂੰ ਮਰੀ ਹੋਈ ਸਮਝ ਕੇ ਛੱਡ ਗਏ ਸਨ। ”
“ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਜਵਾਹਰਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਇੰਫਾਲ ਦੇ ਆਈਸੀਯੂ ਵਿਚ ਭਰਤੀ ਸੀ। ਮੈਨੂੰ ਦੱਸਿਆ ਗਿਆ ਕਿ ਪੁਲਸ ਵਾਲੇ ਚੁੱਕ ਕੇ ਮੈਨੂੰ ਭਰਤਾ ਕਰਾ ਗਏ। ”
“ਮੇਰੇ ਕੁਝ ਦੋਸਤ ਤੇ ਪਰਿਵਾਰ ਵਾਲਿਆਂ ਮੈਨੂੰ ਦਿੱਲੀ ਦੇ ਏਮਜ਼ ਲੈ ਆਏ ਤੇ ਇੱਥੇ ਭਰਤੀ ਕਰਾ ਦਿੱਤਾ। ”
ਉਸ ਨੇ ਅਖ਼ਬਾਰ ਨੂੰ ਦੱਸਿਆ, “ਹੈਲਥਕੇਅਰ (ਸਿਹਤ ਸੰਭਾਲ) ਦੇ ਖੇਤਰ ਵਿਚ ਕੰਮ ਕਰਨ ਦਾ ਮੇਰਾ ਸੁਪਨਾ ਚਕਨਾਚੂਰ ਹੋ ਗਿਆ। ”
ਕੁੜੀ ਨੇ ਦੱਸਿਆ, “ਜੇ ਤੁਸੀਂ ਚੁਰਾਚਾਂਦਪੁਰ ਜਾਓਗੇ ਤਾਂ ਸੈਂਕੜੇ ਔਰਤਾਂ ਮਿਲਣਗੀਆਂ ਜਿਨ੍ਹਾਂ ਨਾਲ ਇਹ ਹੋਇਆ। ਨਿਸ਼ਾਨਾ ਬਣਾਉਣ ਦੀ ਯੋਜਨਾ ’ਤੇ 3 ਮਈ ਨੂੰ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਅਸੀਂ ਸੁਣ ਰਹੇ ਹਾਂ ਕਿ ਇਹ ਹਮਲੇ ਹੁਣ ਵੀ ਹੋ ਰਹੇ ਹਨ ਪਰ ਪਹਿਲਾਂ ਨਾਲੋਂ ਘਟ ਗਏ ਹਨ। ”
ਮੁੱਖ-ਮੰਤਰੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਪੀੜਿਤ ਲੜਕੀ ਨੇ ਕਿਹਾ, “ਮੈਨੂੰ ਮੁੱਖ-ਮੰਤਰੀ ਤੋਂ ਕੋਈ ਉਮੀਦ ਨਹੀਂ ਹੈ। ”
“ਪਰ ਮੇਰਾ ਉਨ੍ਹਾਂ ਨੂੰ ਇਕ ਸਵਾਲ ਹੈ। ਹੈਲਥਕੇਅਰ ਸਟੂਡੈਂਟ ਹੋਣ ਨਾਤੇ ਸਾਨੂੰ ਸਿਖਾਇਆ ਜਾਂਦਾ ਹੈ ਧਰਮ, ਜਾਤ ਜਾਂ ਹੋਰ ਕਿਸੇ ਪੈਮਾਨੇ ਦੇ ਆਧਾਰ ’ਤੇ ਮਰੀਜ਼ ਨਾਲ ਕੋਈ ਵਿਤਕਰਾ ਨਹੀਂ ਕਰਨਾ। ਮੁੱਖ-ਮੰਤਰੀ ਨੇ ਵੀ ਮਣੀਪੁਰੀਆਂ ਦੀ ਸੇਵਾ ਕਰਨ ਦੀ ਸਹੁੰ ਖਾਧੀ ਹੈ ਭਾਵੇਂ ਉਹ ਕਿਸੇ ਵੀ ਧਰਮ, ਕਬੀਲੇ ਜਾਂ ਜਾਤ ਦੇ ਕਿਉਂ ਨਾ ਹੋਣ। ”
“ਕੀ ਉਨ੍ਹਾਂ ਨੇ ਆਪਣੀ ਸਹੁੰ ਦੀ ਲਾਜ ਰੱਖੀ ਹੈ”
ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਔਰਤਾਂ ਨੂੰ ਜੁਆਬ ਦੇਣਾ ਹੋਵੇਗਾ ਜਿਨ੍ਹਾਂ ਦਾ ਇਸ ਤਰ੍ਹਾਂ ਦੇ ਹਮਲੇ ਵਿਚ ਨਿਰਾਦਰ ਕੀਤਾ ਗਿਆ ਹੈ।
ਪੀੜਿਤ ਲੜਕੀ ਨੇ ਮੁੱਖ-ਮੰਤਰੀ ਦੇ ਤਾਜ਼ਾ ਬਿਆਨਾਂ ‘ਤੇ ਵੀ ਸਖ਼ਤ ਟਿੱਪਣੀਆਂ ਕਰਦੇ ਕਿਹਾ-
“ਮੁੱਖ-ਮੰਤਰੀ ਬਿਰੇਨ ਸਿੰਘ ਨੇ 20 ਜੁਲਾਈ ਨੂੰ ਕਿਹਾ ਕਿ ਸਾਡੇ ਸਮਾਜ ਵਿਚ ਅਜਿਹੇ ਘਿਨੌਣੇ ਜੁਰਮਾਂ ਦੀ ਕੋਈ ਥਾਂ ਨਹੀਂ ਹੈ। ਮੈਨੂੰ ਨਹੀਂ ਪਤਾ ਹੁਣ ਉਹ ਇਹ ਗੱਲਾਂ ਕਿਉਂ ਕਰ ਰਹੇ ਹਨ। ਕੀ ਇਹ ਉਹ ਵਾਇਰਲ ਵੀਡੀਉ ਦੇਖਣ ਤੋਂ ਬਾਅਦ ਕਹਿ ਰਹੇ ਹਨ?”
“ਸਿਰਫ਼ ਇਕ ਜਾਤ ਨਾਲ ਸੰਬੰਧਤ ਹੋਣ ਕਰਕੇ ਔਰਤਾਂ ’ਤੇ ਹਮਲੇ ਹੋ ਰਹੇ ਹਨ, ਇਹ ਮੰਨਣ ਲਈ ਮੁੱਖ-ਮੰਤਰੀ ਹੋਰ ਅਜਿਹੀਆਂ ਕਿੰਨੀਆਂ ਵੀਡੀਉ ਆਉਣ ਦੀ ਉਡੀਕ ਕਰਨਗੇ। ”
“ਮੁੱਖ-ਮੰਤਰੀ ਨੇ ਅੱਜ (20 ਜੁਲਾਈ ਨੂੰ) ਜੋ ਕਿਹਾ ਹੈ ਹੁਣ ਉਸ ਦਾ ਕੋਈ ਮਤਲਬ ਨਹੀਂ ਰਹਿ ਗਿਆ ਕਿਉਂਕਿ ਐਫ਼ਆਈਆਰ ਦਰਜ ਹੋਈ ਨੂੰ 65 ਦਿਨ ਹੋ ਚੁੱਕੇ ਹਨ। ਮੈਂ ਹਾਲੇ ਵੀ ਇਨਸਾਫ਼ ਦੀ ਉਡੀਕ ਕਰ ਰਹੀ ਹਾਂ। ”
-ਪੰਜਾਬੀ ਅਨੁਵਾਦ: ਦੀਪ ਜਗਦੀਪ ਸਿੰਘ
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਸਿਆਸਤ । ਮਨੋਰੰਜਨ । ਸਭਿਆਚਾਰ । ਜੀਵਨ ਜਾਚ । ਸਿਹਤ । ਸਾਹਿਤ । ਕਿਤਾਬਾਂ
Leave a Reply