ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 6

zordar-times-punjabi-logo

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਛੇਵਾਂ ਐਪੀਸੋਡ ਹਾਜ਼ਰ ਹੈ।

ਸੁਰਖ਼ੀਆਂ

ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ।

  • ਹੁਣ ਕੈਨੇਡਾ ਦੀਆਂ ਵੀ ਨਿਕਲਣ ਲੱਗੀਆਂ ਚੀਕਾਂ
  • ਜੈਕਲੀਨ ਨੂੰ ਮਹਿੰਗੀਆਂ ਪਈਆਂ ਪਿਆਰ ਦੀਆਂ ਪੀਘਾਂ
  • ਹਿਜਾਬ ਨੇ ਲਈ 22 ਸਾਲਾਂ ਮੁਟਿਆਰ ਦੀ ਜਾਨ
  • ਫੋਕਾ ਬ੍ਰਹਮਾਸਤਰ, ਚੱਲਿਆ ਕਿਵੇਂ?
  • ਮੰਦਿਰ ਵਿਚ ਫੈਸ਼ਨ ਸ਼ੋਅ!
  • ਥਾਣੇ ਦੀ ਕੰਧ ‘ਤੇ ਲੱਗੇ ਜਿਗੋਲੋ ਦੇ ਪੋਸਟਰ

ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ

ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 6

ਬਖ਼ਸ਼ਿੰਦਰ ਦੇ ਬਾਕੀ ਲੇਖ ਪੜ੍ਹਨ ਤੇ ਰੇਡੀਓ ਪ੍ਰੋਗਰਾਮ ਸੁਣਨ ਲਈ ਕਲਿੱਕ ਕਰੋ

ਹੁਣ ਕੈਨੇਡਾ ਦੀਆਂ ਵੀ ਨਿਕਲਣ ਲੱਗੀਆਂ ਚੀਕਾਂ

ਜਹਾਨ ਭਰ ਦੇ ਲੋਕਾਂ ਨੂੰ, ਸੁਰਗਾਂ ਵਰਗਾ ਲੱਗਦਾ ਮੁਲਕ, ਕੈਨੇਡਾ ਵੀ ਇਨ੍ਹੀਂ ਦਿਨੀਂ ਬੁਰੀ ਤਰ੍ਹਾਂ, ਮਹਿੰਗਾਈ ਦੇ ਅੜਿੱਕੇ ਆਇਆ ਹੋਇਆ ਏ।
ਕੈਨੇਡਾ ਦਾ ਇਕ ਡਾਲਰ ਅਜੇ ਵੀ, ਭਾਰਤ ਦੇ 60 ਤੋਂ ਵੱਧ ਰੁਪਈਆਂ ਨਾਲ਼ੋਂ ਨਿੱਗਰ ਏ, ਤੇ ਕੈਨੇਡਾ ਵਿਚ ਰਹਿੰਦਾ, ਔਸਤਨ ਹਰ ਆਦਮੀ, ਹਰ ਘੰਟੇ ਚ 30 ਤੋਂ ਵੱਧ ਡਾਲਰ ਕਮਾਉਂਦਾ ਏ।
ਇਸ ਦੇ ਬਾਵਜੂਦ, ਮਹਿੰਗਾਈ ਨੇ ਲੋਕਾਂ ਨੂੰ, ਇਸ ਸਬੰਧ ਚ ਬੋਲਣ ਲਾ ਦਿੱਤਾ ਏ।
ਅਜੇ ਕੁੱਝ ਸਮਾਂ ਪਹਿਲਾਂ ਹੀ, ਜਿਸ ਡਾਲਰ ਦੀ ਖਰੀਦ-ਸ਼ਕਤੀ ਦੀ ਗੱਲ, ਬਹੁਤ ਫ਼ਖ਼ਰ ਨਾਲ਼ ਕੀਤੀ ਜਾਂਦੀ ਸੀ, ਹੁਣ ਉਸੇ ਦੀ ਤੋਏ-ਤੋਏ, ਉਸ ਦੇ ਆਪਣੇ ਮੁਲਕ ਵਿਚ ਹੋਣੀ ਸ਼ੁਰੂ ਹੋ ਗਈ ਏ।
ਇਸ ਮੁਲਕ ਦੇ ਆਗੂਆਂ ਨੂੰ ਮਹਿੰਗਾਈ ਦਾ ਮਸਲਾ ਹੱਲ ਕਰਨ ਦਾ ਕੋਈ ਫੌਰੀ ਢੰਗ ਨਹੀਂ ਸੁੱਝ ਰਿਹਾ।
ਇਹ ਜਾਣਕਾਰੀ ਸੀ ਬੀ ਸੀ ਨਿਊਜ਼ ਦੇ ਹਵਾਲੇ ਨਾਲ਼ ਦਿੱਤੀ ਜਾ ਰਹੀ ਹੈ।
ਅਨਟੋਰੀਓ ਦੇ ਸ਼ਹਿਰ ਬਰਲਿੰਗਟਨ ਦੀ, ਮਿੱਸੀ ਐਂਡਰਸਨ ਨਾਂ ਦੀ ਇਕ 38 ਸਾਲਾ ਔਰਤ, ਜੋ ਚਾਰ ਬੱਚਿਆਂ ਦੀ ਮਾਂ ਵੀ ਏ, ਇਹ ਕਹਿੰਦੀ ਏ ਕਿ ਹੁਣ ਉਸ ਨੂੰ, ਆਪਣੀ ਕਮਾਈ ਦਾ ਇਕ ਪੈਸਾ ਵੀ ਖ਼ਰਚਣ ਤੋਂ ਪਹਿਲਾਂ, ਸੌ ਵਾਰ ਸੋਚਣਾ ਪੈਂਦਾ ਏ।
ਇਹ ਗੱਲਾਂ ਉਸ ਨੇ, ਪਿਛਲੇ ਸਨਿੱਚਰਵਾਰ ਨਸ਼ਰ ਕੀਤੇ ਗਏ, ਸੀ ਬੀ ਸੀ ਦੇ ਦ ਹਾਊਸ ਪ੍ਰੋਗਰਾਮ ਵਿਚ ਕਹੀਆਂ।
ਇਕ ਆਜ਼ਾਦ ਲੇਖਕਾ ਵਜੋਂ ਕੰਮ ਕਰਦੀ ਮਿੱਸੀ ਐਂਡਰਸਨ, ਸਰਵੀਕਲ ਕੈਂਸਰ ਦੀ ਮਰੀਜ਼ ਵੀ ਏ।
ਇਸ ਬਿਮਾਰੀ ਦੇ ਇਲਾਜ ਉੱਤੇ ਪੈਸੇ ਖ਼ਰਚਦਿਆਂ ਉਸ ਨੂੰ, ਆਪਣੇ ਚਾਰ ਬੱਚੇ ਪਾਲਣੇ ਔਖੇ ਹੋ ਰਹੇ ਨੇ।
ਇਸ ਪ੍ਰੋਗਰਾਮ ਦੀ ਮੇਜ਼ਬਾਨ, ਕੈਥਰੀਨ ਕੁੱਲੇਨ ਦੇ ਸੁਆਲਾਂ ਦੇ ਜੁਆਬ ਦਿੰਦਿਆਂ, ਇਸ ਬੀਬੀ ਨੇ ਏਦਾਂ ਕਿਹਾ,
ਇਹ ਸਮਝਣ ਦੀ ਬਹੁਤ ਸਖ਼ਤ ਲੋੜ ਏ ਕਿ ਕੋਈ ਔਸਤਨ ਕੈਨੇਡੀਅਨ ਕਿਵੇਂ ਦਿਨ ਕੱਟ ਰਿਹਾ ਏ।
ਸਰਕਾਰ ਜਾਂ ਸਿਆਸਤਦਾਨ ਜਿਹੜੇ ਸਿਆਸੀ ਲਾਭ ਦਿੰਦੇ ਨੇ, ਉਹ ਦੇਖਣ-ਸੁਣਨ ਨੂੰ ਹੀ ਬਹੁਤ ਚੰਗੇ ਲੱਗਦੇ ਨੇ।
ਅਖੇ ਮਕਾਨ ਦੇ ਕਿਰਾਏ ਲਈ 500 ਡਾਲਰ ਦੇਤੇ। ਅਸਲ ਵਿਚ, ਇੰਨੇ ਪੈਸਿਆਂ ਨਾਲ਼ ਆਉਂਦਾ ਵੀ ਕੀ ਏ।
ਉਸ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਸ ਸਬੰਧ ਵਿਚ ਕੁੱਝ ਕਰਨਾ ਬਣਦਾ ਏ।
ਯੂਨੀਵਰਸਿਟੀ ਔਫ ਕੈਲਗਰੀ ਦੇ ਅਰਥ ਸ਼ਾਸਤਰੀ ਟ੍ਰੇਵਰ ਟੌਂਬੇ ਦਾ ਕਹਿਣ ਏ ਕਿ ਸਰਕਾਰ ਵੱਲੋਂ ਦੇਣੀ ਐਲਾਨੀ ਜਾ ਰਹੀ ਰਾਹਤ, ਆਟੇ ਚ ਲੂਣ ਜਿੰਨੀ ਹੀ ਏ।
ਇਸ ਨਾਲ਼ ਇਨਫਲੇਸ਼ਨ ਨਾਲ਼ ਪਿਆ ਹੋਇਆ, ਮਾੜਾ ਅਸਰ ਨਹੀਂ ਘਟਣਾ, ਜਦੋਂ ਕਿ ਅਸਲ ਹੀਲੇ, ਇਨਫਲੇਸ਼ਨ ਦਾ ਅਸਰ ਘਟਾਉਣ ਲਈ ਹੀ ਕਰਨੇ ਬਣਦੇ ਨੇ।

ਜੈਕਲੀਨ ਨੂੰ ਮਹਿੰਗੀਆਂ ਪਈਆਂ ਪਿਆਰ ਦੀਆਂ ਪੀਘਾਂ

ਫ਼ਿਲਮ ਅਦਾਕਾਰਾ ਜੈਕੁਲੀਨ ਫਰਨਾਡੇਜ਼ ਨੂੰ, ਜਾਅਲਸਾਜ਼ ਸੁਕੇਸ਼ ਚੰਦਰਸ਼ੇਖਰ ਵੱਲੋਂ, ਕਿਸੇ ਤੋਂ ਮੋਟੀ ਰਕਮ ਭੋਟਣ ਦੇ ਮਾਮਲੇ ਦੇ ਸਬੰਧ ਚ, ਦਿੱਲੀ ਪੁਲਸ ਨੇ ਥਾਣੇ ਤਲਬ ਕੀਤਾ ਏ।
ਇਸ ਤੋਂ ਪਹਿਲਾਂ ਵੀ ਦੋ ਵਾਰ, ਜੈਕੁਲੀਨ ਤੋਂ ਕਈ-ਕਈ ਘੰਟੇ ਪੁੱਛ-ਪੜਤਾਲ, ਕੀਤੀ ਜਾਂਦੀ ਰਹੀ ਏ।
ਉਸ ਵੇਲ਼ੇ ਉਸ ਨਾਲ਼, ਉਸ ਨੂੰ, ਸੁਕੇਸ਼ ਚੰਦਰਸ਼ੇਖਰ ਨਾਲ਼ ਮਿਲਾਉਣ ਵਾਲ਼ੀ, ਪਿੰਕੀ ਇਰਾਨੀ ਵੀ ਸੀ।
ਇੱਥੇ ਦੱਸਣਾ ਬਣਦਾ ਏ, ਕਿ ਤਫ਼ਤੀਸ਼ੀ ਏਜੰਸੀਆਂ ਨੂੰ ਪਤਾ ਲੱਗ ਗਿਆ ਏ, ਕਿ ਜੈਕੁਲੀਨ ਫਰਨਡੇਜ਼ ਤਕ ਰਸਾਈ ਕਰਨ ਲਈ, ਸੁਕੇਸ਼ ਚੰਦਰਸ਼ੇਖ਼ਰ ਨੇ ਨੋਟਾਂ ਦੀ ਮੋਟੀ ਤਹਿ ਵਿਛਾਈ ਸੀ।
ਇਸ ਦੌਰਾਨ ਹੀ ਖ਼ਬਰਾਂ ਆਈਆਂ ਨੇ, ਕਿ ਜਦੋਂ ਤੋਂ ਸੁਕੇਸ਼ ਚੰਦਰਸ਼ੇਖਰ ਵੱਲੋਂ, ਦੋ ਸੌ ਕਰੋੜ ਰੁਪਏ ਭੋਟਣ ਸਬੰਧੀ ਕੇਸ, ਸਾਹਮਣੇ ਆਇਆ ਏ, ਫ਼ਿਲਮ ਅਦਾਕਾਰਾ ਜੈਕੁਲੀਨ ਫਰਨਾਡੇਜ਼, ਨਿੱਤ ਨਵੀਆਂ ਸੁਰਖ਼ੀਆਂ ਤਲ਼ਦੀ ਰਹੀ ਏ।
ਹੁਣ ਇਕ ਨਵੀਂ ਖ਼ਬਰ ਸਾਹਮਣੇ ਆਈ ਏ, ਕਿ ਸੁਕੇਸ਼ ਚੰਦਰਸ਼ੇਖਰ ਦੀਆਂ ਜਾਅਲਸਾਜ਼ੀਆਂ ਤੋਂ, ਦੂਰ-ਦੂਰ ਰਹਿਣ ਦੇ ਦਾਅਵੇ ਕਰਦੀ ਇਹ ਅਦਾਕਾਰਾ, ਉਸ ਨਾਲ਼ ਪਿਆਰ-ਪੀਘਾਂ ਵੀ ਚੜ੍ਹਾਉਂਦੀ ਰਹੀ ਏ।
ਸਪੈਸ਼ਲ ਕਮਿਸ਼ਨਰ ਔਫ ਪੋਲੀਸ, ਰਵਿੰਦਰ ਯਾਦਵ ਨੇ, ਪੱਤਰਕਾਰਾਂ ਨਾਲ਼ ਗੱਲ-ਬਾਤ ਕਰਦਿਆਂ, ਇਸ ਤਰ੍ਹਾਂ ਫ਼ਰਮਾਇਆ ਹੋਇਆ ਏ,
ਜੈਕੁਲੀਨ ਫਰਨਾਡੇਜ਼ ਕਸੂਤੀ ਫਸਦੀ ਜਾ ਰਹੀ ਏ, ਕਿਉਂ ਕਿ ਸੁਕੇਸ਼ ਚੰਦਰਸ਼ੇਖਰ ਨਾਲ਼, ਉਸ ਦੀਆਂ ਮੁਲਾਹਜ਼ੇਦਾਰੀਆਂ, ਗੂੜ੍ਹੀਆਂ ਹੋ-ਹੋ ਸਾਹਮਣੇ ਆ ਰਹੀਆਂ ਨੇ, ਜਦੋਂ ਕਿ ਇਕ ਹੋਰ ਅਦਕਾਰਾ ਨੋਰਾ ਫ਼ਤੇਹੀ ਨੇ, ਸੁਕੇਸ਼ ਦਾ ਭੇਤ ਖੁੱਲ੍ਹ ਜਾਣ ਮਗਰੋਂ, ਉਸ ਨਾਲ਼ੋਂ ਤੋੜ-ਵਿਛੋੜਾ ਕਰ ਲਿਆ ਸੀ।

ਚੰਡੀਗੜ੍ਹ ਯੂਨੀਵਰਸਿਟੀ ਦਾ ਫ਼ੌਜੀ ਕਨੈਕਸ਼ਨ

ਚੰਡੀਗੜ੍ਹ ਯੂਨੀਵਰਸਿਟੀ ਦੀਆਂ ਕੁੱਝ ਵਿਦਿਆਰਥਣਾਂ ਦੀਆਂ, ਵਿਡੀਓਜ਼ ਬੇਨਕਾਬ ਹੋਣ ਦੇ ਸਬੰਧ ਵਿਚ, ਪੁਲਸ ਨੇ ਇਕ ਫ਼ੌਜੀ ਨੂੰ ਹਿਰਾਸਤ ਵਿਚ ਲੈ ਲਿਆ ਏ। ਉਸ ਦੇ ਮੁੱਖ ਸਾਜਿਸ਼ਕਰਤਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਿਮਾਚਲ ਤੋਂ ਦੋ ਮੁੰਡੇ ਹਿਰਾਸਤ ਵਿਚ ਲਏ ਸਨ, ਜੋ ਹੋਸਟਲ ਵਿਚ ਰਹਿ ਰਹੀ ਕੁੜੀ ਦੇ ਜਾਣਕਾਰ ਦੱਸੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਪੁਲਸ ਨੇ, ਕੁੜੀਆਂ ਦੇ ਹੋਸਟਲ ਵਿਚ, ਕੁੜੀਆਂ ਦੀਆਂ, ਇਤਰਾਜ਼ ਯੋਗ ਹਾਲਤ ਵਿਚ, ਵਿਡੀਓਜ਼ ਬਣਾ-ਬਣਾ ਬਾਹਰ ਭੇਜਣ ਵਾਲ਼ੀ, ਇਕ ਕੁੜੀ ਨੂੰ ਹਿਰਾਸਤ ਵਿਚ ਲਿਆ ਹੋਇਆ ਏ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ, ਇਨਸਾਫ਼ ਦੀ ਮੰਗ ਕਰਦਿਆਂ ਅੰਦੋਲਨ ਵਿੱਢਿਆ ਹੋਇਆ ਏ।
ਇਸ ਮਾਮਲੇ ਵਿਚੋਂ ਹੋਰ ਬਹੁਤ ਕੁੱਝ, ਬਾਹਰ ਆਉਣ ਦੀ ਉਮੀਦ ਹੈ।
ਕਹਿੰਦੇ ਨੇ ਕਿ ਇਸ ਯੂਨੀਵਰਸਿਟੀ ਦੇ, ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨੇ, ਕੁੱਝ ਹੀ ਦਿਨ ਪਹਿਲਾਂ, ਪੰਜਾਬ ਦੇ ਇਕ ਅਖ਼ਬਾਰ ਵਿਚ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ, ਬਾਹਲ਼ੇ ਹੀ ਸੋਹਲੇ ਗਾਏ ਸਨ।
ਇਹ ਰੱਫੜ, ਉਨ੍ਹਾਂ ਸੋਹਲਿਆਂ ਨਾਲ਼ ਵੀ ਜੋੜਿਆ ਜਾ ਰਿਹਾ ਏ।

ਥਾਣੇ ਦੀ ਕੰਧ ‘ਤੇ ਲੱਗੇ ਜਿਗੋਲੋ ਦੇ ਪੋਸਟਰ

ਭਾਰਤ ਦੇ ਉੱਤਰਾਖੰਡ ਸੂਬੇ, ਜਿੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਏ, ਦੇ ਪੌੜੀ ਗੜ੍ਹਵਾਲ ਇਲਾਕੇ ਦੇ ਕੋਟਵਾਰ ਸ਼ਹਿਰ ਦੀਆਂ ਕੰਧਾਂ, ਇਹੋ ਜਿਹੇ ਇਸ਼ਤਿਹਾਰਾਂ ਨਾਲ਼ ਭਰੀਆਂ ਹੋਈਆਂ ਨੇ,
ਜਿਨ੍ਹਾਂ ਉੱਤੇ ਛਪੀ ਹੋਈ, ਰਲੀ-ਮਿਲੀ ਅੰਗਰੇਜ਼ੀ ਤੇ ਹਿੰਦੀ ਚ, ਮਰਦਾਂ ਨੂੰ ਹਰ ਰੋਜ਼ ਪੰਜ ਹਜ਼ਾਰ ਰੁਪਏ ਤੋਂ ਦਸ ਹਜ਼ਾਰ ਰੁਪਏ ਤਕ ਤੇ, ਕੰਜਰਪੁਣੇ ਵਰਗਾ ਕੰਮ ਕਰਨ ਲਈ, ਮੁਲਾਜ਼ਮ ਹੋਣ ਦੀ ਅਪੀਲ ਕੀਤੀ ਹੋਈ ਏ।
ਇੱਥੇ ਇਹ ਵੀ ਦੱਸ ਦੇਣਾ ਬਣਦਾ ਏ ਕਿ, ਇਹੋ ਜਿਹੇ ਇਸ਼ਤਿਹਾਰ, ਥਾਣੇ ਦੀਆਂ ਕੰਧਾਂ ਉੱਤੇ ਵੀ ਲਾਏ ਹੋਏ ਨੇ।

ਹਿਜਾਬ ਨੇ ਲਈ 22 ਸਾਲਾਂ ਮੁਟਿਆਰ ਦੀ ਜਾਨ

ਮਜ਼ਹਬ ਤੇ ਨੈਤਿਕਤਾ ਦਾ ਪਾਠ, ਜਬਰੀ ਪੜ੍ਹਾਉਣ ਦੇ ਨਾਲ਼-ਨਾਲ਼, ਜਬਰੀ ਹੀ ਹਿਜਾਬ ਪੁਆਉਣ ਵਾਲਿਆਂ ਵੱਲੋਂ ਤਹਿਰਾਨ ਦੇ ਕਿਸੇ ਤਹਿਖ਼ਾਨੇ ਵਿਚ, ਜਬਰੀ ਡੱਕ ਕੇ ਰੱਖਿਆਂ ਦਮ ਤੋੜ ਗਈ, 22 ਸਾਲਾ ਮੁਟਿਆਰ ਮਾਸ਼ਾ ਅਮੀਨੀ ਦੀ ਮੌਤ ਨੇ ਲੋਕਾਂ ਨੂੰ ਝੰਜੋੜ ਸੁੱਟਿਆ ਏ।
ਮਾਸ਼ਾ ਅਮੀਨੀ ਦੀ ਮੌਤ ਦੇ ਖ਼ਿਲਾਫ਼, ਰੋਹ ਪ੍ਰਗਟ ਕਰਨ ਲਈ, ਕਈ ਤਹਿਰਾਨੀ ਬੀਬੀਆਂ ਨੇ, ਨਾ ਸਿਰਫ਼ ਆਪਣੀਆਂ ਜ਼ੁਲਫ਼ਾਂ ਕੁਤਰ ਸੁੱਟੀਆਂ, ਸਗੋਂ ਆਪਣੇ ਬੁਰਕੇ ਤੇ ਹਿਜਾਬ ਵੀ ਲੂਹ ਸੁੱਟੇ।
ਇਹ ਔਰਤਾਂ ਜ਼ੁਲਮ ਤੇ ਜ਼ਾਲਮ ਮੁਰਦਾਬਾਦ ਦੇ ਨਾਅਰੇ ਲਗਾਉਂਦੀਆਂ ਵੀ ਦੇਖੀਆਂ ਗਈਆਂ।
ਇਸ ਮੌਕੇ ਬਣਾਈਆਂ ਹੋਈਆਂ, ਕੁੱਝ ਵਿਡੀਓਜ਼ ਵਿਚ ਪੁਲਸ, ਇਨ੍ਹਾਂ ਔਰਤਾਂ ਨੂੰ ਖਿੰਡਾਉਣ-ਪੁੰਡਾਉਣ ਖ਼ਾਤਰ, ਅਥਰੂ ਗੈਸ ਦੇ ਗੌਲੇ ਚਲਾਉਂਦੀ ਵੀ ਨਜ਼ਰ ਆਉਂਦੀ ਏ।
ਇਹ ਜਾਣਕਾਰੀ, ਇਕ ਇਰਾਨੀ ਪੱਤਰਕਾਰਾ, ਮਸੀਹ ਅਲਨੀਜਾਦ ਨੇ, ਇਕ ਟਵੀਟ ਰਾਹੀਂ ਦਿੱਤੀ ਏ। ਉਸ ਨੇ ਲਿਖਿਆ ਏ ਕਿ ਔਰਤਾਂ ਨੇ ਹਿਜਾਬ-ਪੁਲਸ ਹੱਥੋਂ ਮਾਰੀ ਗਈ, ਮੁਟਿਆਰ ਮਾਸ਼ਾ ਅਮੀਨੀ ਦੀ ਮੌਤ ਪ੍ਰਤੀ ਰੋਹ ਜ਼ਾਹਰ ਕਰਨ ਲਈ, ਇਹ ਮੁਜ਼ਾਹਰਾ ਕੀਤਾ ਸੀ।।
ਇਹ ਔਰਤਾਂ ਕਹਿ ਰਹੀਆਂ ਸਨ ਕਿ ਜੇ ਉਹ 7 ਸਾਲ ਦੀ ਉਮਰ ਤੋਂ ਹਿਜਾਬ ਨਾਲ਼ ਸਿਰ ਨਹੀਂ ਢਕਣਗੀਆਂ ਤਾਂ ਨਾ ਉਨ੍ਹਾਂ ਨੂੰ ਸਕੂਲੀਂ ਜਾਣ ਦਿੱਤਾ ਜਾਏਗਾ, ਨਾ ਨੌਕਰੀਆਂ ਕਰਨ ਦਿੱਤੀਆਂ ਜਾਣਗੀਆਂ।
ਉਨ੍ਹਾਂ ਨੇ ਇਹ ਵੀ ਕਿਹਾ ਏ ਕਿ ਉਹ ਨਿੱਤ ਦੀ ਇਸ ਹਿਜਾਬੀ ਗ਼ੁਲਾਮੀ ਤੋਂ ਦੁਖੀ ਹੋ ਚੁੱਕੀਆਂ ਨੇ।

ਫੋਕਾ ਬ੍ਰਹਮਾਸਤਰ, ਚੱਲਿਆ ਕਿਵੇਂ?

ਇਨ੍ਹੀਂ ਦਿਨੀਂ ਜਹਾਨ ਭਰ ਦੇ ਸਿਨੇਮਾ ਹਾਲਾਂ ਵਿਚ, ਬ੍ਰਹਮਾਸਤਰ ਨਾਂ ਦੀ ਇਕ ਫ਼ਿਲਮ, ਕਾਮਯਾਬੀ ਦੇ ਨਵੇਂ ਰਿਕਾਰਡ ਕਾਇਮ ਕਰਨ ਵੱਲ ਵਧ ਰਹੀ ਏ। ਉਹ ਵੀ ਉਦੋਂ, ਜਦੋਂ ਇਹ ਕਿਹਾ ਜਾ ਰਿਹਾ ਏ ਕਿ ਨਾ ਤਾਂ ਇਸ ਫ਼ਿਲਮ ਦੀ ਕਹਾਣੀ ਵਿਚ ਦਮ ਏ, ਨਾ ਹੀ ਇਸ ਦੇ ਸੰਵਾਦ ਜਾਂ ਪਟਕਥਾ ਹੀ ਜ਼ੋਰਦਾਰ ਨੇ।
ਇਸ ਤੋਂ ਪਹਿਲਾਂ ਰਿਲੀਜ਼ ਹੋਈਆਂ ਦੋ ਫ਼ਿਲਮਾਂ, ਲਾਲ ਸਿੰਘ ਚੱਢਾ ਅਤੇ ਰਕਸ਼ਾ ਬੰਧਨ, ਜੋ ਹਿੰਦੀ ਫ਼ਿਲਮ ਜਗਤ ਦੇ ਦੋ ਬਹੁਤ ਵੱਡੇ ਪ੍ਰੋਡਕਸ਼ਨ ਹਾਊਸਾਂ ਦੀ ਪੈਦਾਵਾਰ ਸਨ, ਸਿਨੇਮਾ ਘਰਾਂ ਦੀਆਂ ਟਿਕਟ ਖਿੜਕੀਆਂ ਉੱਤੇ ਇਸ ਤਰ੍ਹਾਂ ਮੂੰਹ-ਭਾਰ ਡਿੱਗ ਚੁੱਕੀਆਂ ਨੇ ਕਿ ਉਨ੍ਹਾਂ ਨੇ ਪਾਣੀ ਵੀ ਨਹੀਂ ਮੰਗਿਆ।
ਇਸ ਦੌਰਾਨ ਹੀ ਟੀਵੀ ਚੈਨਲ ਸੱਤਯਾ ਹਿੰਦੀ ਨੇ, ਆਪਣੇ ਹਫ਼ਤਾਵਾਰੀ ਪ੍ਰੋਗਰਾਮ ਸਿਨੇਮਾ ਸੰਵਾਦ ਵਿਚ, ਪਿਛਲੀ ਵਾਰ, ਪ੍ਰੋਗਰਾਮ ਦੇ ਮੇਜ਼ਬਾਨ ਅਮਿਤਾਭ ਸ਼੍ਰੀਵਾਸਤਸਤਵ ਦੀ ਅਗਵਾਈ ਚ, ਫ਼ਿਲਮ ਬ੍ਰਹਮਾਸਤਰ ਨੂੰ ਆਧਾਰ ਬਣਾ ਕੇ, ਫ਼ਿਲਮ ਸਮੀਖਿਅਕ ਅਜੈ ਬ੍ਰਹਮਾਤਮਜ, ਫ਼ਿਲਮਸਾਜ਼ੀ ਸਬੰਧੀ ਲਿਖਣ ਵਾਲ਼ੇ ਪ੍ਰੋ. ਜਬਰੀਮਲ ਪਾਰਿਖ, ਸਕਰੀਨ ਲੇਖਕ ਧਨੰਜਯ ਕੁਮਾਰ ਅਤੇ ਸਕਰਿਪਟ ਲੇਖਕ ਕਰਣ ਵਿਆਸ ਤੇ ਆਧਾਰਤ ਮਾਹਰ ਮੰਡਲ ਤੋਂ ਚਰਚਾ ਕਰਾਈ ਏ।
ਇਹ ਚਰਚਾ ਸ਼ੁਰੂ ਕਰਦਿਆਂ ਸ਼੍ਰੀ ਵਿਆਸ ਨੇ ਕਿਹਾ, ਕਿ ਇਸ ਫ਼ਿਲਮ ਨੇ ਇਕ ਨਵੀਂ ਕਿਸਮ ਦਾ ਮਹਿਮਾ ਮੰਡਲ ਸਿਰਜਿਆ ਏ, ਜੋ ਲੋਕਾਂ ਨੂੰ ਪਸੰਦ ਆਇਆ ਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਵੇਂ ਮਹਿਮਾ ਮੰਡਲ ਦੀ ਵਜ੍ਹਾ ਨਾਲ਼ ਹੀ, ਲੋਕ ਇਸ ਫ਼ਿਲਮ ਦੀ ਰੈਲ਼ੀ ਜਿਹੀ ਕਹਾਣੀ ਤੇ ਬਹੁਤ ਹੀ ਸਾਦੇ ਜਿਹੇ ਸੰਵਾਦ ਵੀ, ਬਰਦਾਸ਼ਤ ਕਰ ਰਹੇ ਨੇ ਤੇ ਇਸ ਦੀਆਂ ਬਹੁਤ ਸਾਰੀਆਂ ਕਮੀਆਂ-ਖ਼ਾਮੀਆਂ ਵੀ ਨਜ਼ਰਅੰਦਾਜ਼ ਕਰ ਗਏ ਨੇ।
ਅਜੈ ਬ੍ਰਹਮਾਤਮਜ ਨੇ ਕਿਹਾ ਕਿ ਇਸ ਫ਼ਿਲਮ ਨਾਲ਼, ਫ਼ਿਲਮਸਾਜ਼ੀ ਵਿਚ ਇਨਕਲਾਬ ਜਿਹਾ ਆ ਜਾਣ ਦਾ ਨਤੀਜਾ ਕੱਢ ਲੈਣਾ, ਸਮੇਂ ਤੋਂ ਬਹੁਤ ਹੀ ਪਹਿਲਾਂ ਦੀ ਗੱਲ ਹੋਵੇਗੀ, ਪਰ ਇਕ ਗੱਲ ਪੱਕੀ ਏ ਕਿ ਇਸ ਫ਼ਿਲਮ ਦੀ ਕਮਾਈ ਨੇ ਪਿਛਲੇ ਕੁੱਝ ਸਮੇਂ ਤੋਂ ਹਿੰਦੀ ਸਿਨੇਮਾ ਵਿਚ ਛਾਈ ਹੋਈ ਮਾਯੂਸੀ ਤੇ ਮੁਰਦੇਹਾਣੀ ਨੂੰ, ਠੱਲ ਜ਼ਰੂਰ ਪਾਈ ਏ।
ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਏ, ਕਿ ਕਿਸੇ ਫ਼ਿਲਮ ਦੇ ਵਿਸ਼ਾ-ਵਸਤੂ ਦੀ ਥਾਂ, ਉਸ ਦੀ ਕਮਾਈ ਦੀ ਵਜ੍ਹਾ ਨਾਲ਼, ਉਸ ਦੀ ਚਰਚਾ ਕੀਤੀ ਜਾ ਰਹੀ ਏ।
ਇੱਥੇ ਕਹਿ ਦੇਣਾ ਹੀ ਬਣਦਾ ਏ ਕਿ, ਹੁਣ ਤਕ ਦੀ ਧਾਰਨਾ ਇਹੋ ਰਹੀ ਏ, ਕਿ ਫ਼ਿਲਮ ਦਾ ਚੰਗੀ ਹੋਣਾ ਹੋਰ ਗੱਲ ਏ, ਤੇ ਫ਼ਿਲਮ ਦਾ ਕਮਾਊ ਹੋਣਾ ਹੋਰ ਗੱਲ ਏ।
ਦੇਖਦੇ ਹਾਂ ਕਿ ਆਉਣ ਵਾਲ਼ੇ ਸਮੇਂ ਵਿਚ, ਇਹ ਬਹਿਸ ਕਿਹੜਾ ਰੁਖ਼ ਅਖਤਿਆਰ ਕਰਦੀ ਏ।
ਇਹ ਫ਼ਿਲਮ 400 ਕਰੋੜ ਰੁਪਏ ਦੀ ਲਾਗਤ ਨਾਲ਼ ਬਣਾਈ ਹੋਈ ਏ, ਤੇ ਪਹਿਲੇ 10 ਦਿਨਾਂ ਵਿਚ, ਇਸ ਨੇ 300 ਕਰੋੜ ਰੁਪਏ ਕਮਾ ਵੀ ਲਏ ਨੇ। ਇਕ ਸੌ ਕਰੋੜ ਰੁਪਏ ਹੋਰ ਕਮਾਉਣ ਮਗਰੋਂ ਹੀ, ਇਸ ਦੀ ਅਸਲ ਕਮਾਈ ਸ਼ੁਰੂ ਹੋਏਗੀ।

ਮੰਦਿਰ ਵਿਚ ਫੈਸ਼ਨ ਸ਼ੋਅ!

ਛੱਤੀਸਗੜ੍ਹ ਦੇ ਇਕ ਮੰਦਰ ਵਿਚ, ਇਕ ਫੈਸ਼ਨ ਸ਼ੋਅ ਕਰਾਏ ਜਾਣ ਤੇ ਬੜਾ ਰੌਲ਼ਾ-ਗੌਲ਼ਾ ਮਚਿਆ ਹੋਇਆ ਏ।
ਇਸ ਤੋਂ ਨਰਾਜ਼ ਹੋਏ, ਬਜਰੰਗ ਦਲ ਦੇ ਮੈਂਬਰਾਂ ਨੇ ਰੋਹ ਦਾ ਇਜ਼ਹਾਰ ਕੀਤਾ ਏ।
ਤੇਲੀਬੰਧਾ ਥਾਣੇ ਦੇ ਇਲਾਕੇ ਵਿਚ ਪੈਂਦੇ, ਸਾਲਾਸਰ ਮੰਦਰ ਵਿਚ, ਇਹ ਫੈਸ਼ਨ ਸ਼ੋਅ, ਐੱਫ. ਡੀ. ਸੀ. ਏ. ਨਾਂ ਦੀ ਇਕ ਕੰਪਨੀ ਨੇ ਕਰਾਇਆ ਏ।
ਇਸ ਸ਼ੋਅ ਦੇ ਪ੍ਰਬੰਧਕਾਂ ਦੇ ਨਾਂ ਆਰਿਫ਼ ਤੇ ਮਨੀਸ਼ ਦੱਸੇ ਗਏ ਨੇ।
ਕਹਿੰਦੇ ਨੇ ਕਿ ਇਸ ਫੈਸ਼ਨ ਸ਼ੋਅ ਦੇ ਸਬੰਧ ਚ, ਇਤਰਾਜ਼ ਕਰਨ ਦੀ ਮੁੱਖ ਵਜ੍ਹਾ ਇਹ ਸੀ, ਕਿ ਇਕ ਪਾਸੇ ਤਾਂ ਔਰਤਾਂ ਨੂੰ ਹਿਜਾਬ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਏ, ਦੂਜੇ ਪਾਸੇ, ਮੰਦਰ ਵਿਚ ਕਰਾਏ ਗਏ ਫੈਸ਼ਨ ਸ਼ੋਅ ਵਿਚ ਕੁੜੀਆਂ ਨੇ ਹਿਜਾਬ ਪਾਏ ਹੋਏ ਸਨ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਬਿਹਤਰੀਨ ਪੰਜਾਬੀ ਸਾਹਿਤ ਪੜ੍ਹੋਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹੋ ਜ਼ੋਰਦਾਰ ਟਾਈਮਜ਼ ਹਿੰਦੀਜ਼ੋਰਦਾਰ ਟਾਈਮਜ਼ ਅੰਗਰੇਜ਼ੀ


Posted

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com