ਸ਼ਾਜਿਲਾ ਤੇਰੇ ਹੰਝੂ ਪਿੱਤਰਕੀ ਸੱਤਾ ਦੀਆਂ ਜੜ੍ਹਾਂ ‘ਚ ਤੇਲ!

ਇਹ ਲਿਖਦੇ ਹੋਏ ਮੇਰੀਆਂ ਅੱਖਾਂ ਪਰਲ-ਪਰਲ ਵਗ ਰਹੀਆਂ ਹਨ, ਕਮਰੇ ਵਿਚ ਇਕੱਲਾ ਬੈਠਾ ਕਿੰਨੀ ਦੇਰ ਤੋਂ ਮੈਂ ਸ਼ਾਜਿਲਾ ਦੀ ਤਸਵੀਰ ਦੇਖੀ ਜਾ ਰਿਹਾ ਹਾਂ, ਅੱਖਾ ਕਦੋਂ ਵਗਣ ਲੱਗੀਆਂ ਮੈਨੂੰ ਪਤਾ ਨਈ ਲੱਗਾ। ਕੈਮਰੇ ‘ਤੇ ਕਸੇ ਹੋਏ ਹੱਥ ਅਤੇ ਆਕੜੀ ਹੋਈ ਗਰਦਨ ਨਾਲ ਸ਼ਾਜਿਲਾ ਦੀ ਗਰਦਨ ਤੱਕ ਆ ਗਏ ਹੰਝੂਆਂ ਦੀਆਂ ਲਕੀਰਾਂ ਦੇ ਨਾਲ-ਨਾਲ ਮੈਂ ਵੀ ਹੰਝੂ ਬਣ ਵਹਿ ਰਿਹਾ ਹਾਂ।
34 ਸਾਲਾ ਸ਼ਾਜਿਲਾ ਅਲੀ ਫ਼ਾਤਿਮਾ ਕੇਰਲਾ ਦੇ ਮਸ਼ਹੂਰ ਚੈਨਲ ਕੇਰਲੀ ਦੀ ਕੈਮਰਾਨਵੀਸ ਹੈ। ਪਿਛਲੇ ਪੰਜ ਸਾਲਾਂ ਤੋਂ ਉਹ ਅਨੇਕ ਮਹੱਤਵਪੂਰਨ ਘਟਨਾਵਾਂ ਦੇ ਦ੍ਰਿਸ਼ ਆਪਣੇ ਕੈਮਰੇ ਵਿਚ ਕੈਦ ਕਰ ਰਹੀ ਹੈ। ਹਰ ਰੋਜ਼ ਦੀ ਤਰ੍ਹਾਂ 2 ਜਨਵਰੀ 2019 ਨੂੰ ਵੀ ਉਹ ਥਿਰੂਵੰਤਨਪੁਰਮ ਦੇ ਸੂਬਾ ਸਕੱਤਰੇਤ ਦੇ ਸਾਹਮਣੇ ਆਪਣੇ ਕੈਮਰੇ ਵਿਚ ਘਟਨਾ ਕੈਦ ਕਰ ਰਹੀ ਸੀ। 
‘ਪਾਬੰਦੀਸ਼ੁਦਾ ਉਮਰ’ ਦੀਆਂ ਦੋ ਔਰਤਾਂ ਦੇ ਮੂੰਹ ਹਨੇਰੇ ਸਾਬਰੀਮਾਲਾ ਮੰਦਰ ਵਿਚ ਦਾਖ਼ਲ ਹੋਣ ਦੇ ਵਿਰੋਧ ਵਿਚ ਭਾਜਪਾ, ਸੰਘ ਅਤੇ ਹੋਰ ਹਿੰਦੂਤਵੀ ਜੱਥੇਬੰਦੀਆਂ ਧੱਕੇ ਨਾਲ ਬਾਜ਼ਾਰ ਬੰਦ ਕਰਵਾ ਰਹੀਆਂ ਸਨ। ਸ਼ਾਜਿਲਾ ਸਮੇਤ ਵੱਖ-ਵੱਖ ਮੀਡੀਆ ਅਦਾਰਿਆਂ ਦੇ ਚਾਰ-ਪੰਜ ਕੈਮਰਾ ਮੈਨ ਤਸਵੀਰਾਂ ਉਤਾਰ ਰਹੇ ਸਨ। ਉਹ ਇਕੱਲੀ ਔਰਤ ਕੈਮਰਾਮੈਨ ਸੀ। ਦੇਖਦੇ ਹੀ ਦੇਖਦੇ ਹਰ ਕੈਮਰਾਮੈਨ ਨੂੰ ਚਾਰ-ਪੰਜ ਹਮਲਾਵਰਾਂ ਵਾਲੇ ਇਕ-ਇਕ ਟੋਲੇ ਨੇ ਘੇਰ ਲਿਆ। ਅਜਿਹੇ ਹੀ ਇਕ ਟੋਲੇ ਨੇ ਸ਼ਾਜਿਲਾ ਨੂੰ ਵੀ ਪਿੱਛੋਂ ਘੇਰਾ ਪਾ ਲਿਆ। ਉਸ ਨੂੰ ਧਮਕਾਇਆ ਕਿ ਜੇ ਇਹ ਦ੍ਰਿਸ਼ ਉਸ ਦੇ ਖ਼ਬਰ ਚੈਨਲ ‘ਤੇ ਚੱਲੇ ਤਾਂ ਉਸ ਦੀ ਖ਼ੈਰ ਨਹੀਂ। ਉਨ੍ਹਾਂ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸ਼ਾਜਿਲਾ ਨੇ ਦੋਹਾਂ ਬਾਹਾਂ ਦੇ ਜ਼ੋਰ ਨਾਲ ਕੈਮਰਾ ਆਪਣੇ ਚਿਹਰੇ, ਗਰਦਨ ਤੇ ਮੌਢੇ ਉੱਪਰ ਘੁੱਟ ਲਿਆ, ਅੱਖ ਕੈਮਰੇ ਦੀ ਝੀਥ ਉੱਤੇ ਬਿਨਾਂ ਝਪਕੇ ਟਿਕੀ ਰਹੀ, ਕੈਮਰਾ ਚੱਲਦਾ ਰਿਹਾ। ਜ਼ੋਰ ਲੱਗਣ ਕਰਕੇ ਗਰਦਨ ਆਕੜ ਗਈ ਅਤੇ ਵਲ ਪੈ ਗਿਆ, ਪਰ ਉਸ ਨੇ ਗਰਦਨ ਮੁੜਨ ਨਹੀਂ ਦਿੱਤੀ। 
ਉਸ ਨੂੰ ਨਾ ਹਿੱਲਦੇ ਦੇਖ ਕਿਸੇ ਹਮਲਾਵਰ ਨੇ ਪਿੱਛੋ ਢੂਈ ਵਿਚ ਜ਼ੋਰਦਾਰ ਠੁੱਢਾ ਮਾਰਿਆ, ਪਰ ਉਹ ਟਸ ਤੋਂ ਮਸ ਨਾ ਹੋਈ। ਦਰਦ ਬਰਦਾਸ਼ਤ ਤੋਂ ਬਾਹਰ ਹੋ ਗਿਆ, ਅਚਾਨਕ ਕੈਮਰਾ ਰੁਕ ਗਿਆ, ਉਸ ਨੇ ਮੁੜ ਹੱਥ-ਪੱਲਾ ਮਾਰਿਆ ਤੇ ਕੈਮਰਾ ਚੱਲ ਪਿਆ। ਪਰ ਹੁਣ ਦਰਦ ਹੱਦਾਂ-ਬੰਨ੍ਹੇ ਟੱਪ ਕੇ ਉਸ ਦੀਆਂ ਅੱਖਾਂ ਵਿਚ ਧਾਰ ਬੰਨ੍ਹ ਕੇ ਵਹਿ ਤੁਰਿਆ। ਪੀੜ ਉਸ ਦੇ ਚਿਹਰੇ ‘ਤੇ ਝੱਲਕ ਆਈ, ਹੁੰਝੂਆਂ ਦੀ ਧਾਰ ਗਰਦਨ ਤੱਕ ਪਹੁੰਚ ਗਈ, ਪਰ ਨਾ ਉਸ ਦੀ ਪਕੜ ਢਿੱਲੀ ਹੋਈ, ਨਾ ਕੈਮਰਾ ਰੁਕਿਆ। ਕੋਲ ਹਮਲਾ ਝੱਲ੍ਹ ਰਹੇ ਇਕ ਹੋਰ ਮਲਿਆਲੀ ਅਖ਼ਬਾਰ ਦੇ ਫ਼ੋਟੋਕਾਰ ਨੇ, ਪੀੜ ਨਾਲ ਪਰੁੰਨੀ ਸ਼ਾਜੀਲਾ ਦੀ ਤਸਵੀਰ ਖਿੱਚ ਲਈ। ਕੁਝ ਘੰਟਿਆਂ ਵਿਚ ਹੀ ਇਹ ਤਸਵੀਰ ਅੱਗ ਵਾਂਗ ਫ਼ੈਲ ਗਈ। ਇਕ ਅਖ਼ਬਾਰ ਨਾਲ ਗੱਲ ਕਰਦਿਆਂ ਫ਼ਾਤਿਮਾ ਨੇ ਦੱਸਿਆ, “ਪੰਜ ਸਾਲਾਂ ਦੇ ਪੱਤਰਕਾਰੀ ਦੇ ਸਫ਼ਰ ਇਹ ਉਸਦੀ ਜ਼ਿੰਦਗੀ ਦਾ ਸਭ ਜ਼ਿਆਦਾ ਹੌਲਨਾਕ ਅੱਧਾ ਘੰਟਾ ਸੀ।” ਉਸ ਨੇ ਕਿਹਾ ਕਿ ਉਹ ਇਸ ਲਈ ਨਹੀਂ ਰੋਈ ਕਿ ਉਹ ਡਰ ਗਈ ਸੀ। ਰੌਣ ਆਪਣੀ ਬੇਬਸੀ ‘ਤੇ ਨਿਕਲਿਆ, ਕਿਉਂਕਿ ਉਹ ਸਿਰਫ਼ ਆਪਣਾ ਕੰਮ ਕਰ ਰਹੀ ਸੀ। ਉਸ ਨੇ ਕਿਹਾ ਕਿ ਭਾਜਪਾ ਦੇ ਹਮਲਾਵਰਾਂ ਤੋਂ ਨਾ ਉਹ ਪਹਿਲਾਂ ਡਰਦੀ ਸੀ ਨਾ ਹੁਣ ਡਰਦੀ ਐ। ਡਾਕਟਰਾਂ ਨੇ ਉਸ ਨੂੰ ਗਲ ਵਿਚ ਪਾਉਣ ਵਾਲਾ ਕਾਲਰ ਬੰਨ੍ਹ ਦਿੱਤਾ ਹੈ ਤੇ ਪੰਜ ਦਿਨ ਲਈ ਪੂਰੀ ਤਰ੍ਹਾਂ ਆਰਾਮ ਕਰਨ ਲਈ ਕਿਹਾ ਹੈ। ਸ਼ਾਜਿਲਾ ਜਲਦ ਤੋਂ ਜਲਦ ਕੰਮ ‘ਤੇ ਮੁੜਨਾ ਚਾਹੁੰਦੀ ਹੈ। ਭਾਜਪਾ ਦੀਆਂ ਕਾਰਗੁਜ਼ਾਰੀਆਂ ਨੂੰ ਕੈਮਰੇ ਵਿਚ ਕੈਦ ਕਰਨਾ ਚਾਹੁੰਦੀ ਹੈ।
ਉਂਝ ਪੱਤਰਕਾਰ ਜਥੇਬੰਦੀਆਂ ਦੇ ਦਬਾਅ ਪਾਉਣ ਤੋਂ ਬਾਅਦ ਹਮਲਾਵਰਾਂ ‘ਤੇ ਪਰਚਾ ਦਰਜ ਹੋ ਗਿਆ ਹੈ। ਗ੍ਰਿਫ਼ਤਾਰੀ ਨਹੀਂ ਹੋਈ। ਕਈ ਦਿਨ ਤੱਕ ਪੱਤਰਕਾਰਾਂ ਨੇ ਭਾਜਪਾ ਦੇ ਸੂਬਾ ਆਗੂਆਂ ਦਾ ਬਾਈਕਾਟ ਕੀਤਾ ਤੇ ਦੋ ਮੋਹਰੀ ਆਗੂਆਂ ਨੇ ਮਾਫ਼ੀ ਮੰਗ ਲਈ ਹੈ।
ਸ਼ਾਜਿਲਾ ਤੇਰੇ ‘ਤੇ ਹੋਇਆ ਹਮਲਾ, ਸਾਡੀ ਹੋਂਦ ‘ਤੇ ਹਮਲਾ ਹੈ, ਪਰ ਜਿਸ ਤਰ੍ਹਾਂ ਤੂੰ ਡੱਟ ਕੇ ਮੁਕਾਬਲਾ ਕੀਤਾ ਹੈ ਤੇਰਾ ਇਕ-ਇਕ ਹੰਝੂ ਪਿੱਤਰ ਸੱਤਾ ਦੀਆਂ ਜੜ੍ਹਾਂ ਵਿਚ ਤੇਲ ਬਣੇਗਾ, ਤੇਰੇ ਵੱਜਿਆ ਠੁੱਡਾ ਪਿੱਤਰ ਸੱਤਾ ਦੀ ਕਬਰ ਵਿਚ ਕਿੱਲ ਸਾਬਤ ਹੋਵੇਗਾ।
ਤੂੰ ਇਕ ਵਾਰ ਫੇਰ ਸਾਬਤ ਕੀਤਾ ਹੈ ਕਿ ਇਹ ਮੁਲਕ ਅੱਜ ਵੀ ਇਸ ਦੇ ਬਾਸ਼ਿੰਦਿਆਂ ਕਰਕੇ ਕਾਇਮ ਹੈ, ਕਿਉਂਕਿ ਇਹ ਨਾ ਤਾਂ ਤੇਰੇ ਮਜ਼ਹਬ ਦਾ ਮਸਲਾ ਸੀ, ਨਾ ਤੇਰੀ ਕੋਈ ਮਜਬੂਰੀ ਸੀ। ਪਰ ਤੂੰ ਆਪਣਾ ਫ਼ਰਜ਼ ਨਿਭਾਇਆ, ਪੱਤਰਕਾਰ ਹੋਣ ਦਾ, ਆਪਣੀ ਡਿੳੂਟੀ ਮੁਸਤੈਦੀ ਨਾਲ ਕਰਨ ਦਾ, ਤੂੰ ਅਹਿਸਾਸ ਕਰਾਇਆ ਕਿ ਭਾਵੇਂ ਮੁੱਠੀ ਭਰ ਹੀ ਸਹੀ ਪਰ ਹਾਲੇ ਵੀ ਫ਼ਰਜ਼ਾਂ ‘ਤੇ ਪਹਿਰਾ ਦੇਣ ਵਾਲੇ ਕੁਝ ਬਾਸ਼ਿੰਦੇ ਇਸ ਮੁਲਕ ਵਿਚ ਮੌਜੂਦ ਨੇ। ਨਾਲੇ ਜਿਹੜੇ ਆਖਦੇ ਨੇ ਪੱਤਰਕਾਰੀ ਤਾਂ ਬਾਹਲਾ ਸੌਖਾ ਕਿੱਤੈ, ਉਨ੍ਹਾਂ ਨੂੰ ਦੱਸਿਐ, ਕਿ ਸੌਖਾ ਤਾਂ ਹੈ, ਬੱਸ ਜਾਨ ਤਲੀ ‘ਤੇ ਟਿਕਾਉਣੀ ਆਉਣੀ ਚਾਹੀਦੀ ਐ!
ਫ਼ਿਕਰ ਨਾ ਕਰੀਂ ਸ਼ਾਜਿਲਾ, ਅਸੀਂ ਥੋੜ੍ਹੇ ਹੀ ਸਹੀ, ਪਰ ਤੇਰੀ ਪੀੜ੍ਹ ਥੋੜ੍ਹੀ-ਥੋੜ੍ਹੀ ਵੰਡ ਲਵਾਂਗੇ।
ਤੂੰ ਜਲਦੀ ਨੌ ਬਰ ਨੌ ਹੋ ਕੇ ਆ ਜਾ, ਕੱਢ ਲਿਆ ਆਪਣਾ ਕੈਮਰਾ, ਤੇਰੀ ਬੋਲੀ ਤਾਂ ਸਾਨੂੰ ਸਮਝ ਭਾਂਵੇਂ ਨਾ ਆਵੇ, 
ਪਰ ਤੇਰਾ ਜਜ਼ਬਾ ਅਸੀਂ ਤੇਰੇ ਦ੍ਰਿਸ਼ਾਂ ਵਿਚੋਂ ਪੜ੍ਹ ਵਾਂਗੇ, ਸ਼ਾਜਿਲਾ!
ਤੇਰੀ ਜਲਦੀ ਸਿਹਤਯਾਬੀ ਲਈ ਦੁਆ ਵਿਚ ਸ਼ਾਮਲ
ਤੇਰਾ ਦੂਰ-ਦਰੇਡੇ ਵਾਲਾ ਪੱਤਰਕਾਰ ਸਾਥੀ!
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com