ਮੋਦੀ ਦੀ ਰੈਲੀ ਰੱਦ ਹੋਣ ਦੇ ਅਰਥ!

ਮੋਦੀ ਦੀ ਫ਼ਿਰੋਜ਼ਪੁਰ ਰੈਲੀ (Ferozpur Rally) ਰੱਦ ਹੋਣ ਦੇ ਕਈ ਡੂੰਘੇ ਅਰਥ ਨਿਕਲਦੇ ਹਨ।

Modi Security Laps Truth

ਪੰਜਾਬ ਚੋਣਾਂ (Punjab Elections 2022) ਤੋਂ ਕਰੀਬ ਇਕ ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi)ਦੀ ਪੰਜਾਬ ਵਿਚ ਹੋਣ ਵਾਲੀ ਪਹਿਲੀ ਰੈਲੀ ਕਈ ਮਾਇਨਿਆਂ ਵਿਚ ਮਹੱਤਵਪੂਰਨ ਸੀ। ਇਸ ਦਿਨ ਦਸ਼ਮੇਤ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਦਿਨ ਦੀ ਚੋਣ ਕਰਨੀ, ਰੈਲੀ ਦਾ ਸਥਾਨ ਭਾਜਪਾ (BJP) ਦਾ ਗੜ੍ਹ ਫ਼ਿਰੋਜ਼ਪੁਰ (Ferozpur) ਰੱਖਣਾ, ਰੈਲੀ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਹੁਸੈਨੀਵਾਲਾ ਸਥਿਤ ਸਮਾਰਕ ‘ਤੇ ਜਾਣਾ, ਪੰਜਾਬ (Punjab) ਆ ਕੇ ਕੌਮੀ ਪੱਧਰ ਦੇ ਕਈ ਵੱਡੇ ਪ੍ਰੋਜੈਕਟਾਂ ਦਾ ਐਲਾਨ ਕਰਨ ਦਾ ਵਾਅਦਾ ਕਰਨਾ, ਭਾਜਪਾ (BJP) ਨਾਲ ਗਠਜੋੜ ਤੋਂ ਬਾਅਦ ਸਾਬਕਾ ਮੁੱਖ-ਮੰਤਰੀ ਤੇ ਨਵੀਂ ਬਣੀ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਪਹਿਲੀ ਵਾਰ ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨਾ, ਅਜਿਹੇ ਕਈ ਪੱਖ ਵਿਚਾਰੇ ਜਾ ਸਕਦੇ ਹਨ ਜੋ ਭਾਜਪਾ ਵੱਲੋਂ ਇਸ ਰੈਲੀ ਰਾਹੀਂ ਪੰਜਾਬ ਤੇ ਪੰਜਾਬੀਆਂ ਨੂੰ ਕੁਝ ਖ਼ਾਸ ਕਿਸਮ ਦੇ ਸੰਕੇਤ ਭੇਜਣ ਵੱਲ ਇਸ਼ਾਰਾ ਕਰਦੇ ਹਨ। ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤਿੰਨ ਖੇਤੀ ਕਾਨੂੰਨ (Farm Laws) ਵਾਪਸ ਲੈਣ ਦੇ ਮੌਕੇ ਤੋਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬੀਆਂ ਨੂੰ ਲੁਭਾਉਣ ਦੀ ਜੱਦੋ-ਜਹਿਦ ਕਰ ਰਹੇ ਹਨ। ਸਿਆਸੀ ਰਣਨੀਤੀ ਤਹਿਤ ਹੀ ਸਿੱਖ ਚਿਹਰੇ ਲਗਾਤਾਰ ਭਾਜਪਾ ਵਿਚ ਸ਼ਾਮਲ ਕਰਵਾਏ ਜਾ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ਦੇ ਕਈ ਕੱਦਾਵਾਰ ਕਾਂਗਰਸੀ ਆਗੂ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿਚ ਸ਼ਾਮਲ ਹੋਣ ਦੀ ਬਜਾਇ ਭਾਜਪਾ ਦੀ ਬੇੜੀ ਵਿਚ ਸਵਾਰ ਹੋ ਰਹੇ ਹਨ।
ਇਸ ਸਾਰੇ ਮਾਹੌਲ ਵਿਚ 5 ਜਨਵਰੀ 2021 ਦੀ ਮੋਦੀ ਦੀ ਫ਼ਿਰੋਜ਼ਪੁਰ ਰੈਲੀ (Ferozpur Rally) ਰੱਦ ਹੋਣ ਦੇ ਕਈ ਡੂੰਘੇ ਅਰਥ ਨਿਕਲਦੇ ਹਨ। ਇਸ ਸਿਆਸੀ ਘਟਨਾਕ੍ਰਮ ਨੂੰ ਵੱਖ-ਵੱਖ ਪੱਖਾਂ ਤੋਂ ਦੇਖਣਾ ਪਵੇਗਾ। ਸਭ ਤੋਂ ਪਹਿਲਾ ਪੱਖ ਇਹ ਹੈ ਕਿ ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਵਿਚ ਮੀਂਹ ਪੈਣ ਦੀਆਂ ਖ਼ਬਰਾਂ ਪਹਿਲਾਂ ਹੀ ਆ ਰਹੀਆਂ ਸਨ। ਅਜਿਹੇ ਵਿਚ ਪੰਜਾਬ ਭਾਜਪਾ (BJP) ਦੇ ਪ੍ਰਬੰਧਕਾਂ ਲਈ ਲੋਕਾਂ ਨੂੰ ਰੈਲੀ ਵਿਚ ਲਿਆਉਣਾ ਵੱਡੀ ਚੁਣੌਤੀ ਬਣਿਆ ਹੋਇਆ ਸੀ।  ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਵਿਚ ਮੋਦੀ (Modi) ਦੀ ਆਮਦ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਨੇ ਪ੍ਰਬੰਧਕਾਂ ਦੀ ਮੁਸ਼ਕਿਲਾਂ ਹੋਰ ਵੀ ਵਧਾ ਦਿੱਤੀਆਂ ਸਨ। ਰੈਲੀ ਤੋਂ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਬਾਕਾਇਦਾ ਪੋਸਟਰ ਪਾ ਕੇ # ਮੋਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ। ਇਹੀ ਕਾਰਨ ਹੈ ਕਿ ਮੋਦੀ ਦੇ ਰੈਲੀ ਵਾਲੇ ਸਥਾਨ ਤੋਂ ਪਹਿਲਾਂ ਹੀ #GoBackModi ਟਵੀਟਰ ‘ਤੇ ਟਰੈਂਡ ਕਰਨ ਲੱਗ ਗਿਆ ਸੀ। ਇਹ ਮੁਹਿੰਮ ਚਲਾਉਣ ਵਾਲਿਆਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਮੋਦੀ (PM Modi) ਕਿਸਾਨ ਮੋਰਚੇ ਵਿਚ ਸ਼ਹੀਦ ਹੋਏ 700 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਦੀ ਨੈਤਿਕ ਜ਼ਿੰਮੇਵਾਰੀਆਂ ਲੈਂਦੀਆਂ ਭਾਰਤ ਦੀ ਸੰਸਦ ਵਿਚ ਇਸ ਲਈ ਮੁਆਫ਼ੀ ਮੰਗਣ।  ਉਦੋਂ ਤੱਕ ਪੰਜਾਬ ਉਨ੍ਹਾਂ ਨੂੰ ਮੂੰਹ ਨਹੀਂ ਲਾਵੇਗਾ। ਇਸ ਦੇ ਨਾਲ ਹੀ ਘਟੋ-ਘਟ ਸਮਰਥਨ ਮੁੱਲ ਦੀ ਗਰੰਟੀ, ਕਿਸਾਨਾਂ ‘ਤੇ ਦਰਜ ਪਰਚਿਆਂ ਅਤੇ ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਵਰਗੀਆਂ ਮੰਗਾਂ ਵੀ ਹਾਲੇ ਪੂਰੀਆਂ ਨਹੀਂ ਸਨ ਹੋਇਆਂ।  ਭਾਵੇਂ ਮੋਦੀ ਨੇ 15 ਜਨਵਰੀ ਤੱਕ ਇਸ ਵਾਸਤੇ ਸਮਾਂ ਲਿਆ ਹੋਇਆ ਹੈ , ਪਰ ਕਿਸਾਨ ਜਥੇਬੰਦੀਆਂ ਉਦੋਂ ਤੱਕ ਕਿਸੇ ਵੀ ਸੂਰਤ ਵਿਚ ਮੋਦੀ ਦੇ ਪੰਜਾਬ ਵਿਚ ਦਾਖ਼ਲ ਹੋਣ ਦੇ ਹੱਕ ਵਿਚ ਨਹੀਂ ਸਨ। ਮੋਦੀ ਦੀ ਰੈਲੀ ਰੱਦ ਹੋਣ ਤੋਂ ਤੁਰੰਤ ਬਾਅਦ ਕਿਸਾਨ ਏਕਤਾ ਮੋਰਚੇ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ-

Let’s make it very clear. This is because of huge protest by farmers & people of Punjab that Modi had to cancel his event.

There were very few people in the rally ground. Most of them were forced to attend. The rally is cancelled due to negative response by Punjabis.#GoBackModi pic.twitter.com/5Db1nP0kaw

— Kisan Ekta Morcha (@Kisanektamorcha) January 5, 2022

“ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਦੇ ਭਾਰੀ ਵਿਰੋਧ ਕਰਕੇ ਮੋਦੀ ਨੂੰ ਰੈਲੀ ਰੱਦ ਕਰਨੀ ਪਈ ਹੈ।  ਰੈਲੀ ਵਾਲੇ ਮੈਦਾਨ ਵਿਚ ਬਹੁਤ ਘਟ ਲੋਕ ਸਨ।  ਜ਼ਿਆਦਾਤਰ ਧੱਕੇ ਨਾਲ ਲਿਆਉਂਦੇ ਗਏ ਸਨ।  ਪੰਜਾਬੀਆਂ ਵੱਲੋਂ ਨਕਾਰੇ ਜਾਣ ਕਰਕੇ ਰੈਲੀ ਰੱਦ ਹੋਈ ਹੈ।  #GoBackModi”
ਜੇ ਇਕ ਪਲ ਲਈ ਮੰਨ ਵੀ ਲਿਆ ਜਾਵੇ ਕਿ ਕਿਸਾਨ ਜਥੇਬੰਦੀਆਂ ਨੇ ਆਪਣੇ ਪ੍ਰਚਾਰ ਰਾਹੀਂ ਤੇ ਜ਼ਮੀਨੀ ਪੱਧਰ ‘ਤੇ ਰੋਕਾਂ ਲਾ ਕੇ ਲੋਕਾਂ ਨੂੰ ਰੈਲੀ ਵਾਲੇ ਸਥਾਨ ‘ਤੇ ਨਹੀਂ ਪਹੁੰਚਣ ਦਿੱਤਾ ਤਾਂ ਇਸ ਨੂੰ ਉਨ੍ਹਾਂ ਦੀ ਰਣਨੀਤਿਕ ਸਫ਼ਲਤਾ ਹੀ ਕਿਹਾ ਜਾ ਸਕਦਾ ਹੈ। 
ਉਪਰੋਕਤ ਸਾਰੀਆਂ ਸਥਿਤੀਆਂ ਦੇ ਮੱਦੇਨਜ਼ਰ ਰੈਲੀ ਵਾਲੇ ਸਥਾਨ ‘ਤੇ ਭਾਵੇਂ ਲਗਪਗ ਜ਼ਿਆਦਾਤਰ ਕੁਰਸੀਆਂ ਖ਼ਾਲੀ ਸਨ ਪਰ ਸੋਸ਼ਲ ਮੀਡੀਆ ਰਾਹੀਂ ਲਾਈਵ ਚੱਲ ਰਹੇ ਪ੍ਰਸਾਰਣ ਵਿਚ ਮੰਚ ਤੋਂ ਇਹੀ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਇਹ ਰੈਲੀ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਆਪਣੇ ਚੋਣ ਮਨੋਰਥ ਪੱਤਰ ਵਿਚ ਦਰਜ ਜ਼ਿਆਦਾਤਰ ਵਾਅਦੇ ਪੂਰੇ ਕਰਨ ਦੀ ਗੱਲ ਦੁਹਰਾਈ।  ਭਾਜਪਾ (BJP) ਦੇ ਸੀਨੀਅਰ ਆਗੂਆਂ ਨੇ ਵੀ ਮੰਚ ਤੋਂ ਮੋਦੀ ਦੇ ਹੱਕ ਵਿਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਭਾਜਪਾ ਪ੍ਰਧਾਨ ਵੱਲੋਂ ਮੰਚ ਤੋਂ ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ ਗਏ, ਪਰ ਸਾਹਮਣੇ ਪਈਆਂ ਲਾਲ ਰੰਗ ਦੀਆਂ ਖ਼ਾਲੀ ਕੁਰਸੀਆਂ ਪੰਜਾਬੀਆਂ ਦਾ ਮਿਜਾਜ਼ ਬਿਆਨ ਕਰਦੀਆਂ ਰਹੀਆਂ। ਫ਼ਿਰ ਅਚਾਨਕ ਹੀ ਕੇਂਦਰੀ ਮੰਤਰੀ ਨੇ ਮੰਚ ਤੋਂ ਐਲਾਨ ਕੀਤਾ ਕਿ ਕਿਸੇ ਕਾਰਨ ਕਰਕੇ ਪ੍ਰਧਾਨ ਮੰਤਰੀ ਮੋਦੀ (PM Modi Rally) ਰੈਲੀ ਵਿਚ ਨਹੀਂ ਆ ਸਕਣਗੇ।  ਉਹ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਾ ਚਾਹੁੰਦੇ ਸਨ ਪਰ ਕੁਝ ਕਾਰਨਾਂ ਕਰਕੇ ਉਹ ਵਾਪਸ ਦਿੱਲੀ ਜਾ ਰਹੇ ਹਨ।  ਇਸ ਕਰਕੇ ਉਹ ਰੈਲੀ ਨੂੰ ਰੱਦ ਹੋਇਆ ਨਹੀਂ ਕਹਿ ਰਹੇ ਸਿਰਫ਼ ਕੁਝ ਸਮੇਂ ਲਈ ਅੱਗੇ ਪਾ ਰਹੇ ਹਨ।  ਮੋਦੀ ਜਲਦੀ ਹੀ ਪੰਜਾਬ ਵਾਪਸ ਆਉਣਗੇ।  ਇਸ ਦੇ ਨਾਲ ਹੀ ਉਨ੍ਹਾਂ ਨੇ ਰੈਲੀ ਦੇ ਸਮਾਪਤ ਹੋਣ ਦਾ ਐਲਾਨ ਕਰ ਦਿੱਤਾ।  
ਹਾਲੇ ਲੋਕ ਇਸ ਸਾਰੇ ਘਟਨਾਕ੍ਰਮ ਨੂੰ ਹੀ ਸਮਝ ਰਹੇ ਸਨ ਕਿ ਅਚਾਨਕ ਖ਼ਬਰ ਆਈ ਕੇ ਪ੍ਰਧਾਨ ਮੰਤਰੀ ਮੋਦੀ ਦੇ ਕਾਫ਼ਲੇ ਨੂੰ ਇਕ ਜਗ੍ਹਾ ‘ਤੇ 15-20 ਮਿੰਟ ਰੁਕਣਾ ਪਿਆ।  ਇਸ ਦਾ ਕਾਰਨ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਜਾਮ ਕਰਨਾ ਦੱਸਿਆ ਗਿਆ।  ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਨੂੰ ਸੁਰੱਖਿਆ ਦੀ ਵੱਡੀ ਖ਼ਾਮੀ ਗਰਦਾਨਿਆ ਗਿਆ ਜਦਕਿ ਪੰਜਾਬ ਦੇ ਮੁੱਖ-ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਸਫ਼ਰ ਕਰਨ ਦੀ ਜਾਣਕਾਰੀ ਨਹੀਂ ਮਿਲੀ ਸੀ।  ਇਹ ਸਾਰਾ ਸਰਕਾਰੀ-ਤੰਤਰ ਦਾ ਤਕਨੀਕੀ ਮਸਲਾ ਹੈ। ਸਵਾਲ ਤਾਂ ਇਹ ਵੀ ਹੈ ਕਿ ਸੁਰੱਖਿਆ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਹਫ਼ਤਾ ਪਹਿਲਾਂ ਹੀ ਸੁਰੱਖਿਆ ਏਜੰਸੀਆਂ ਪ੍ਰਬੰਧ ਪੁਖ਼ਤਾ ਕਰ ਲੈਂਦੀਆਂ ਹਨ, ਫ਼ਿਰ ਇਹ ਖ਼ੁਨਾਮੀ ਕਿਵੇਂ ਹੋ ਸਕਦੀ ਹੈ? ਬਠਿੰਡਾ ਹਵਾਈ ਅੱਡੇ ‘ਤੇ ਜਹਾਜ਼ ਚੜ੍ਹਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਹਿ ਗਏ, “ਮੁੱਖ ਮੰਤਰੀ ਨੂੰ ਧੰਨਵਾਦ ਕਹਿ ਦਿਉ ਕਿ ਮੈਂ ਜਿਉਂਦਾ ਵਾਪਸ ਜਾ ਰਿਹਾ ਹਾਂ। “
ਇਸ ਸਾਰੇ ਘਟਨਾਕ੍ਰਮ ਦੇ ਕਈ ਸਿਆਸੀ ਅਰਥ ਹਨ।  ਸਭ ਤੋਂ ਪਹਿਲਾ ਤਾਂ ਇਹ ਸਪੱਸ਼ਟ ਹੈ ਕਿ ਫ਼ਿਲਹਾਲ ਪੰਜਾਬ ਦੇ ਲੋਕਾਂ ਨੇ ਮੋਦੀ, ਭਾਜਪਾ (BJP) ਤੇ ਉਸ ਦੇ ਪੰਜਾਬ (Punjab) ਦੇ ਭਾਈਵਾਲਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਜਿੱਥੋਂ ਪਾਰਟੀ ਜਿੱਤਦੀ ਰਹੀ ਹੈ ਭਾਜਪਾ ਦੇ ਗੜ੍ਹ ਰਹੇ ਉਸ ਫ਼ਿਰੋਜ਼ਪੁਰ (Ferozpur) ਦੇ ਲੋਕਾਂ ਦਾ ਪੂਰੀ ਤਰ੍ਹਾਂ ਪਾਸਾ ਵੱਟ ਜਾਣਾ ਪਾਰਟੀ ਨੂੰ ਭਾਵੇਂ ਹੈਰਾਨੀਜਨਕ ਲੱਗ ਸਕਦਾ ਹੈ, ਪਰ ਪੰਜਾਬੀ ਭਾਜਪਾ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣ ਦਾ ਇਸ਼ਾਰਾ ਕਰ ਰਹੇ ਲੱਗਦੇ ਹਨ। ਇਸ ਨਾਲ ਪੰਜਾਬ ਵਿਚ ਭਾਜਪਾ ਦੀ ਪਹਿਲਾਂ ਤੋਂ ਕਮਜ਼ੋਰ ਹਾਲਤ ਨੂੰ ਹੋਰ ਵੀ ਖੋਰਾ ਲੱਗੇਗਾ ਤੇ ਨਾਲ ਹੀ ਪਾਰਟੀ ਵਿਚ ਸ਼ਾਮਲ ਹੋਏ ਤੇ ਪੰਜਾਬ ਵਿਚ ਉਸ ਦੇ ਨਵੇਂ-ਨਵੇਂ ਬਣੇ ਭਾਈਵਾਲਾਂ ਨੂੰ ਵੀ ਜ਼ੋਰਦਾਰ ਝਟਕਾ ਲੱਗੇਗਾ।  ਚੰਡੀਗੜ੍ਹ (Chandigarh) ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਬਣੀ ਸਥਿਤੀ ਤੇ ਉੱਥੇ ਚੱਲ ਰਹੀ ਸਿਆਸੀ ਜੋੜ-ਤੋੜ ਨੇ ਪਹਿਲਾਂ ਹੀ ਖਿੱਤੇ ਵਿਚ ਭਾਜਪਾ ਦੇ ਅਕਸ ਨੂੰ ਢਾਅ ਲਾਈ ਹੈ।  ਅੱਜ ਇਸ ਰੈਲੀ ਦੇ ਘਟਨਾਕ੍ਰਮ ਨਾਲ ਭਾਜਪਾ ਨੂੰ ਨਾ ਸਿਰਫ਼ ਪੰਜਾਬ ਵਿਚ ਨੁਕਸਾਨ ਹੋਵੇਗਾ ਬਲਕਿ ਇਸ ਨਾਲ ਭਾਜਪਾ ਦੇ ਪਾਵਰਸੈਂਟਰ ਬਣੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi) ਦੀ ਦਮਦਾਰ ਛਵੀ ਨੂੰ ਵੀ ਨੁਕਸਾਨ ਪਹੁੰਚੇਗਾ।  ਹਾਲਾਤ ਦੇ ਮੱਦੇਨਜ਼ਰ ਇਸ ਰੈਲੀ ਦੇ ਸਫ਼ਲ ਹੋ ਜਾਣ ਨਾਲ ਵੀ ਤਕਨੀਕੀ ਤੌਰ ‘ਤੇ ਭਾਜਪਾ ਨੂੰ ਕੋਈ ਬਹੁਤ ਫ਼ਾਇਦਾ ਨਹੀਂ ਹੋਣਾ ਸੀ। ਇਸ ਬਾਰੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਫ਼ਿਰੋਜ਼ਪੁਰ ਰੈਲੀ ਵਿਚ ਜੋ ਐਲਾਨ ਕਰਨੇ ਸਨ, ਉਹ ਸਿੱਧੇ ਪੰਜਾਬ ਨਾਲ ਸੰਬੰਧਤ ਨਹੀਂ ਸਨ ਬਲਕਿ ਰਾਸ਼ਟਰੀ ਪੱਧਰ ਦੇ ਪ੍ਰੋਜੈਕਟ ਸਨ।  ਇਹ ਪ੍ਰੋਜੈਕਟ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮੇਂ ਤੋਂ ਹੀ ਚੱਲ ਰਹੇ ਸਨ।  ਮੋਦੀ ਇਨ੍ਹਾਂ ਦਾ ਐਲਾਨ ਦਿੱਲੀ ਜਾ ਕੇ ਵੀ ਕਰਨ ਸਕਦੇ ਹਨ ਕਿਉਂਕਿ ਇਹ ਸਿਰਫ਼ ਰਸਮ ਅਦਾਇਗੀ ਹੈ। 

ਪ੍ਰਧਾਨ ਮੰਤਰੀ ਵੱਲੋਂ ਸਮਾਗਮ ਵਾਲੇ ਸਥਾਨ ਦੇ ਕੋਲ ਆ ਕੇ ਬਰੰਗ ਮੁੜ ਜਾਣ ਦੀ ਘਟਨਾ ਕੌਮੀ ਪੱਧਰ ‘ਤੇ ਉਨ੍ਹਾਂ ਦੀ ਸਾਖ਼ ਨੂੰ ਨੁਕਸਾਨ ਪਹੁੰਚਾਏਗੀ।  ਇਸ ਦਾ ਅਸਰ ਉੱਤਰ-ਪ੍ਰਦੇਸ਼ ਅੰਦਰ ਪਾਰਟੀ ਦੀ ਚੋਣ ਮੁਹਿੰਮ ‘ਤੇ ਵੀ ਲਾਜ਼ਮੀ ਪਵੇਗਾ, ਜੋ ਕੇਂਦਰੀ ਸੱਤਾ ਬਣਾਈ ਰੱਖਣ ਲਈ ਯੋਗੀ ਤੇ ਮੋਦੀ ਦੋਵਾਂ ਲਈ ਅਹਿਮ ਕੜੀ ਹੈ। ਭਾਜਪਾ (BJP) ਦਾ ਥਿੰਕ ਟੈਂਕ ਆਪਣੀ ਘਾਗ ਸਿਆਸਤ ਲਈ ਜਾਣਿਆ ਜਾਂਦਾ ਹੈ, ਸੋ ਰੈਲੀ ਦੇ ਇਸ ਤਰ੍ਹਾਂ ਨਮੋਸ਼ੀ ਵਾਲੀ ਸਥਿਤੀ ਵਿਚ ਮੁੱਕਣ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ (PM Modi) ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਖੇਡਿਆ ਗਿਆ ਆਖ਼ਰੀ ਸਿਆਸੀ ਪੱਤਾ ਡੂੰਘੇ ਅਰਥ ਰੱਖਦਾ ਹੈ।  ਜਿਸ ਤਰ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਪੰਜਾਬ ਨੂੰ ਕੌਮੀ ਸੁਰੱਖਿਆ ਦੇ ਮਾਮਲੇ ਵਿਚ ਨਾਕਸ ਦੱਸਣ ਦਾ ਇਸ਼ਾਰਾ ਕੀਤਾ ਹੈ।  ਉੱਥੇ ਹੀ ਸੋਸ਼ਲ ਮੀਡੀਆ ਤੇ ਆਈ.ਟੀ. ਸੈੱਲ ਤੇ ਮੀਡੀਆ ਨਾਲ ਗੱਲਬਾਤ ਵਿਚ ਭਾਜਪਾ (BJP) ਆਗੂਆਂ ਵੱਲੋਂ ਇਸ ਨੂੰ ਫ਼ਿਰਕੂ ਰੰਗਤ ਦੇਣ ਵਾਲੇ ਜੋ ਬਿਆਨ ਦਿੱਤੇ ਗਏ ਹਨ, ਉਹ ਆਉਣ ਵਾਲੇ ਦਿਨ ਵਿਚ ਪੰਜਾਬ ਦੀ ਸਿਆਸਤ ਤੇ ਮਾਹੌਲ ‘ਤੇ ਡੂੰਘਾ ਅਸਰ ਪਾਉਣਗੇ। ਜੋੜ-ਤੋੜ ਹੋਰ ਵੀ ਤਿੱਖੀ ਹੋਵੇਗੀ ਤੇ ਆਪਸੀ ਖਹਿਬਾਜੀ ਕੀ ਰੂਪ ਅਖ਼ਤਿਆਰ ਕਰਦੀ ਹੈ ਇਹ ਸਮੇਂ ਦੀ ਕੁੱਖ ਵਿਚ ਲੁਕਿਆ ਹੋਇਆ ਹੈ।  ਜੋ ਵੀ ਹੋਵੇ ਇਹ ਪੰਜਾਬ ਦੇ ਅੱਜ ਤੇ ਭਲਕ ਲਈ ਸ਼ੁਭ ਸੰਕੇਤ ਨਹੀਂ ਹਨ। ਆਮ ਪੰਜਾਬੀਆਂ ਨੂੰ ਇਕਜੁਟਤਾ ਬਰਕਰਾਰ ਰੱਖਦੇ ਹੋਏ ਪੰਜਾਬ ਦੀ ਪੰਜਾਬੀਅਤ ਵਾਲੀ ਖ਼ਸਲਤ ਨੂੰ ਬਚਾਈ ਰੱਖਣ ਦੇ ਅਕੀਦੇ ‘ਤੇ ਪਹਿਰਾ ਦੇਣਾ ਹੋਵੇਗਾ। 
-ਜ਼ੋਰਦਾਰ ਟਾਈਮਜ਼

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ

ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ ‘ਤੇ ਵੱਟਸ ਐਪ ਕਰੋ।


Updated:

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com