ਲੋਪੋ ਦਾ ਰੌਲਾ ਕੀ? ਕਿਉਂ ਹੋਇਆ ਗ੍ਰਿਫ਼ਤਾਰ?

sukhjinder-logo-vivad-all-video.jpg

ਪਿਛਲੇ ਕੁਝ ਦਿਨਾਂ ਤੋਂ ਘੋੜਾ ਪਾਲਣ ਵਾਲੇ ਵਪਾਰੀਆਂ ਤੇ ਸੁਖਜਿੰਦਰ ਲੋਪੋਂ ਨਾਮ ਦੇ ਵਿਅਕਤੀ ਵਿਚ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਦੀ ਚਰਚਾ ਲਗਾਤਾਰ ਸੋਸ਼ਲ ਮੀਡੀਆ ’ਤੇ ਭਖਦੀ ਗਈ ਤੇ ਬੀਤੇ ਦਿਨ ਸੁਖਜਿੰਦਰ ਲੋਪੋਂ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਇਹ ਚਰਚਾ ਹੋਰ ਵੀ ਤਿੱਖੀ ਹੋ ਗਈ ਹੈ। ਆਖ਼ਰ ਸੁਖਜਿੰਦਰ ਦਾ ਘੋੜਾ ਪਾਲਕਾਂ ਨਾਲ ਰੌਲਾ ਕਿਉਂ ਪਿਆ? ਸੁਖਜਿੰਦਰ ਨੇ ਅਜਿਹਾ ਕੀ ਕਿਹਾ ਕਿ ਘੋੜਾ ਪਾਲਣ ਵਾਲਿਆਂ ਦਾ ਇਕ ਵੱਡਾ ਹਿੱਸਾ ਉਨ੍ਹਾਂ ਤੋਂ ਗੁੱਸੇ ਹੋ ਗਿਆ? ਮੁਆਫ਼ੀ ਮੰਗਣ ਦੇ ਬਾਵਜੂਦ ਸੁਖਜਿੰਦਰ ’ਤੇ ਪਰਚਾ ਦਰਜ ਕਿਉਂ ਹੋਇਆ ਤੇ ਕਿਉਂ ਹੋਈ ਗ੍ਰਿਫ਼ਤਾਰੀ? ਇਨ੍ਹਾਂ ਸਭ ਸਵਾਲਾਂ ਦੇ ਜੁਆਬ ਲੱਭਣ ਦੀ ਕੋਸ਼ਿਸ਼ ਇਸ ਰਿਪੋਰਟ ਵਿਚ ਕੀਤੀ ਗਈ ਹੈ।

ਕੌਣ ਹੈ ਸੁਖਜਿੰਦਰ ਲੋਪੋਂ?

ਸੁਖਜਿੰਦਰ ਨਾਮੀ ਵਿਅਕਤੀ ਪੰਜਾਬ ਦੇ ਮਾਲਵੇ ਦੇ ਪਿੰਡ ਲੋਪੋਂ ਦਾ ਰਹਿਣ ਵਾਲਾ ਹੈ। ਸਾਲ 2019 ਦੇ ਦੌਰਾਨ ਉਸ ਨੇ ਆਪਣਾ ਯੂ-ਟਿਊਬ ਚੈਨਲ ਸ਼ੌਕੀ ਸਰਦਾਰ ਦੇ ਨਾਮ ਨਾਲ ਸ਼ੁਰੂ ਕੀਤਾ। ਇਸ ਚੈਨਲ ’ਤੇ ਸੁਖਜਿੰਦਰ ਲੋਪੋਂ ਖੇਤੀਬਾੜੀ ਤੇ ਸਹਾਇਕ ਧੰਦਿਆਂ ਨਾਲ ਸੰਬੰਧਤ ਵੀਡੀਉ ਪਾਉਣੀਆਂ ਸ਼ੁਰੂ ਕੀਤੀਆਂ। ਇਸੇ ਦੌਰਾਨ ਉਸ ਨੇ ਘੋੜਿਆਂ ਦੀ ਬਰੀਡਿੰਗ ਕਰਨ ਵਾਲਿਆਂ ਬਾਰੇ ਵੀਡੀਉ ਪਾਉਣੀਆਂ ਸ਼ੁਰੂ ਕੀਤੀਆਂ। ਇਨ੍ਹਾਂ ਵੀਡੀਉ ਵਿਚ ਉਹ ਘੋੜੇ ਪਾਲਣ ਵਾਲਿਆਂ ਦੇ ਇੰਟਰਵਿਊ ਕਰਦਾ ’ਤੇ ਵੱਖ-ਵੱਖ ਘੋੜਿਆਂ ਤੇ ਉਨ੍ਹਾਂ ਦੀਆਂ ਕੀਮਤਾਂ ਬਾਰੇ, ਘੋੜਿਆਂ ਦੀ ਬਰੀਡਿੰਗ ਕਰਨ ਬਾਰੇ ਜਾਣਕਾਰੀ ਦਿੰਦਾ।

ਸੁਖਜਿੰਦਰ ਲੋਪੋਂ ਦੇ ਯੂਟਿਊਬ ਚੈਨਲ ਦੇ ਇਸ ਵੇਲੇ ਪੰਜ ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਹਨ। ਉਹ ਹੁਣ ਤੱਕ ਦੋ ਹਜ਼ਾਰ ਤੋਂ ਜ਼ਿਆਦਾ ਵੀਡੀਉ ਪਾ ਬਣਾ ਚੁੱਕਾ ਹੈ।

ਸੁਖਜਿੰਦਰ ਲੋਪੋਂ ਇਕ ਵੀਡੀਉ ਵਿਚ ਆਪ ਦੱਸਦਾ ਹੈ ਕਿ ਇਹ ਕੰਮ ਉਹ ਪੇਸ਼ੇਵਰ ਰੂਪ ਵਿਚ ਕਰਦਾ ਹੈ। ਇਸ ਵਾਸਤੇ ਉਹ ਘੋੜੇ ਪਾਲਣ ਵਾਲਿਆਂ ਤੋਂ ਪੈਸੇ ਲੈਂਦਾ ਹੈ। ਇਕ ਵੀਡੀਉ ਲਈ ਵੀਹ ਹਜ਼ਾਰ ਰੁਪਏ ਤੱਕ ਲੈਣ ਦੀ ਗੱਲ ਕਹੀ ਹੈ। ਘੋੜਿਆਂ ਵਾਲਿਆਂ ਦੇ ਵੀਡੀਉ ਵਿਚ ਉਹ ਘੋੜੇ ਪਾਲਣ ਵਾਲੇ ਤੇ ਉਨ੍ਹਾਂ ਦੇ ਘੋੜਿਆਂ ਦੀ ਜਾਣਕਾਰੀ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦੇ ਘੋੜਿਆਂ ਦੇ ਵਪਾਰ ਵਿਚ ਵਾਧਾ ਹੁੰਦਾ ਹੈ। ਉਸ ਦਾ ਦਾਅਵਾ ਹੈ ਕਿ ਆਰਥਿਕ ਤੌਰ ’ਤੇ ਕਮਜ਼ੋਰ ਘੋੜੇ ਪਾਲਣ ਵਾਲਿਆਂ ਤੋਂ ਉਹ ਬਹੁਤ ਨਿਗੁਣੀ ਰਕਮ ਲੈ ਕੇ ਉਨ੍ਹਾਂ ਦਾ ਸਾਥ ਦਿੰਦਾ ਹੈ।

ਇਨ੍ਹਾਂ ਚਾਰ ਕੁ ਸਾਲਾਂ ਦੌਰਾਨ ਉਸ ਨੇ ਘੋੜਿਆਂ ਵਾਲਿਆਂ ਦੇ ਸੈਂਕੜੇ ਵੀਡੀਉ ਬਣਾਏ ਹਨ ਜਿਸ ਵਿਚ ਉਸ ਹਜ਼ਾਰਾਂ ਤੋਂ ਲੈ ਕੇ ਕਰੋੜਾਂ ਤੱਕ ਦੇ ਘੋੜਿਆਂ ਬਾਰੇ ਦੱਸਿਆ ਹੈ।

ਰੌਲਾ ਕਿਵੇਂ ਪਿਆ?

ਸੁਖਜਿੰਦਰ ਲੋਪੋਂ ਆਪਣੀਆਂ ਵੀਡੀਉ ਵਿਚ ਵੱਖ-ਵੱਖ ਨਸਲਾਂ ਦੇ ਘੋੜਿਆਂ ਬਾਰੇ ਜਾਣਕਾਰੀ ਦਿੰਦਾ ਹੈ। ਇਸ ਵਿਚ ਉਹ ਘੋੜਿਆਂ ਦੀ ਬਰੀਡਿੰਗ ਤੋਂ ਲੈ ਕੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੰਦਾ ਹੈ। ਨਾਲ ਹੀ ਉਹ ਘੋੜਿਆਂ ਦੀਆਂ ਮਸ਼ਹੂਰ ਨਸਲਾਂ ਬਾਰੇ ਜਾਣਕਾਰੀ ਦਿੰਦਾ ਹੈ। ਉਹ ਉਨ੍ਹਾਂ ਮਸ਼ਹੂਰ ਘੋੜਿਆਂ ਬਾਰੇ ਵੀ ਦੱਸਦਾ ਹੈ ਜਿਨ੍ਹਾਂ ਦੀ ਕੀਮਤ ਲੱਖਾਂ-ਕਰੋੜਾਂ ਵਿਚ ਦੱਸੀ ਜਾਂਦੀ ਹੈ। ਰੌਲਾ ਇਸ ਤਰ੍ਹਾ ਸ਼ੁਰੂ ਹੋਇਆ ਕਿ 28 ਅਪ੍ਰੈਲ 2023 ਨੂੰ ਉਸ ਨੇ ਰੌਂਤਾ ਰੇਡੀਓ ਨਾਮਕ ਯੂਟਿਊਬ ਚੈਨਲ ਦੇ ਦੇਸੀ ਪੌਡਕਾਸਟ ਦੇ ਛੇਵੇਂ ਐਪੀਸੋਡ ਵਿਚ ਇਕ ਇੰਟਰਵਿਊ ਦਿੱਤੀ।  ਇਸ ਇੰਟਰਵਿਊ ਵਿਚ ਉਸ ਨੇ ਦਾਅਵਾ ਕੀਤਾ ਕਿ ਘੋੜਿਆਂ ਵਾਲੇ ਬਹੁਤ ਵੱਡਾ ਝੂਠ ਬੋਲਦੇ ਹਨ। ਉਨ੍ਹਾਂ ਦੀ ਕੀਮਤ ਵਧਾ ਚੜ੍ਹਾ ਕੇ ਦੱਸਦੇ ਹਨ।

ਇਹੀ ਨਹੀਂ ਸੁਖਜਿੰਦਰ ਲੋਪੋਂ ਨੇ ਕਿਹਾ ਘੋੜੇ ਪਾਲਣ ਤੇ ਵੇਚਣ ਦਾ ਵਪਾਰ ਓਨਾ ਮੁਨਾਫੇ ਵਾਲਾ ਧੰਦਾ ਨਹੀਂ ਹੈ, ਜਿੰਨਾਂ ਇਸ ਨੂੰ ਦਿਖਾਇਆ ਜਾਂਦਾ ਹੈ। ਉਸ ਨੇ ਦਾਅਵਾ ਕੀਤਾ ਕਿ ਘੋੜੇ ਵਾਲੇ ਆਪਣੇ ਘੋੜਿਆਂ ਦੀਆਂ ਵਧ ਕੀਮਤਾਂ ਦੱਸ ਕੇ ਇਸ ਨੂੰ ਵੱਡਾ ਵਪਾਰ ਦਿਖਾਉਂਦੇ ਹਨ ਪਰ ਅਸਲ ਵਿਚ ਘੋੜੇ ਉਸ ਤੋਂ ਕਿਤੇ ਘਟ ਕੀਮਤ ’ਤੇ ਵਿਕਦੇ ਹਨ। ਇਸ ਤਰ੍ਹਾਂ ਇਹ ਕੋਈ ਬਹੁਤਾ ਮੁਨਾਫੇ ਵਾਲਾ ਵਪਾਰ ਨਹੀਂ ਹੈ।  ਉਸ ਨੇ ਕਿਹਾ ਕਿ ਘੋੜੇ ਰੱਖਣਾ ਵਧੀਆ ਸ਼ੌਂਕ ਤਾਂ ਹੋ ਸਕਦਾ ਹੈ ਵਧੀਆ ਵਪਾਰ ਨਹੀਂ। ਇਸ ਗੱਲ ਤੋਂ ਘੋੜਾ ਪਾਲਣ ਵਾਲਿਆਂ ਦਾ ਇਕ ਵੱਡਾ ਸਮੂਹ ਸੁਖਜਿੰਦਰ ਲੋਪੋਂ ਤੋਂ ਗੁੱਸੇ ਹੋ ਗਿਆ। ਜਿਸ ਵੀਡੀਉ ਵਿਚ ਉਸ ਨੇ ਇਹ ਗੱਲਾਂ ਕਹੀਆਂ ਤੇ ਰੌਲਾ ਪਿਆ ਉਹ ਇਹ ਹੈ-

ਸੁਖਜਿੰਦਰ ਲੋਪੋਂ ਦੀ 28 ਅਪ੍ਰੈਲ 2023 ਵੀਡੀਉ ਜਿਸ ਤੋਂ ਉਸ ਦਾ ਘੋੜੇ ਵਾਲਿਆਂ ਨਾਲ ਰੌਲਾ ਪਿਆ

ਰੌਲਾ ਕਿਵੇਂ ਵਧਿਆ?

ਸੁਖਜਿੰਦਰ ਲੋਪੋਂ ਵੱਲੋਂ ਇੰਟਰਵਿਊ ਵਿਚ ਘੋੜਾ ਪਾਲਣ ਵਾਲਿਆਂ ਨੂੰ ਫੁਕਰੇ ਤੇ ਝੂਠੇ ਕਹਿਣ ਤੋਂ ਬਾਅਦ ਰੌਲਾ ਵਧਣਾ ਸ਼ੁਰੂ ਹੋ ਗਿਆ। ਘੋੜਾ ਪਾਲਣ ਵਾਲਿਆਂ ਦੇ ਇਤਰਾਜ਼ ਜਤਾਉਣ ਤੋਂ ਬਾਅਦ ਮਾਮਲਾ ਤੂਲ ਫੜ ਗਿਆ। ਲੋਕ ਸੁਖਜਿੰਦਰ ਲੋਪੋਂ ਨੂੰ ਵੀ ਫ਼ੋਨ ਕਰਨ ਲੱਗ ਪਏ।  ਇਕ ਵਿਅਕਤੀ ਨਾਲ ਫ਼ੋਨ ’ਤੇ ਗੱਲਬਾਤ ਵਿਚ ਸੁਖਜਿੰਦਰ ਲੋਪੋਂ ਨੇ ਘੋੜੇ ਪਾਲਣ ਵਾਲਿਆਂ ਨੂੰ ਗਾਲ੍ਹਾਂ ਕੱਢਦਿਆਂ ਦੋਬਾਰਾ ਦਾਅਵਾ ਕੀਤਾ ਕਿ ਉਹ ਝੂਠੇ ਤੇ ਫੁਕਰੇ ਹਨ। ਗਾਲ੍ਹਾਂ ਵਾਲੀ ਇਹ ਵੀਡੀਉ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਤੇ ਘੋੜਿਆਂ ਵਾਲਿਆਂ ਕੋਲ ਵੀ ਪਹੁੰਚ ਗਈ।

https://youtube.com/watch?v=47SIfDgSqtY
ਕਥਿਤ ਤੌਰ ‘ਤੇ ਸੁਖਜਿੰਦਰ ਲੋਪੋਂ ਦੀ ਲੀਕ ਹੋਈ ਆਡਿਉ ਜਿਸ ਵਿਚ ਉਹ ਘੋੜੇ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਹੈ – ਜ਼ੋਰਦਾਰ ਟਾਈਮਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।

ਮਾਮਲਾ ਤੱਤਾ ਕਿਵੇਂ ਹੋਇਆ

ਮਾਮਲਾ ਗਰਮਾ-ਗਰਮੀਂ ਦੀ ਸਿਖ਼ਰ ਤੱਕ ਉਦੋਂ ਪਹੁੰਚਿਆ ਜਦੋਂ ਸੁਖਜਿੰਦਰ ਲੋਪੋਂ ਦੀ ਇਕ ਆਡਿਉ ਵਾਇਰਲ ਹੋਈ ਜਿਸ ਵਿਚ ਉਸ ਨੇ ਘੋੜੇ ਵਾਲਿਆਂ ਨੂੰ ਇਕੱਠ ਕਰਨ ਦਾ ਸੱਦਾ ਦਿੱਤਾ।  ਉਸ ਨੇ ਕਿਹਾ ਕਿ 21 ਮਈ 2023 ਨੂੰ ਸਾਰੇ ਇਕੱਠੇ ਹੋਵੋ। ਉਸ ਵਿਚ ਉਹ ਇਕੱਲਾ ਆ ਕੇ ਅਜਿਹੇ ਖ਼ੁਲਾਸੇ ਕਰੇਗਾ ਕਿ ਉਹ ਘੋੜਾ ਵਪਾਰ ਦੀ ਦੁਨੀਆ ਦਾ ਸਭ ਤੋਂ ਵੱਡਾ ਦਿਨ ਬਣ ਜਾਵੇਗਾ। ਜੇ ਉਹ ਗ਼ਲਤ ਸਾਬਤ ਹੋਇਆ ਤਾਂ ਉਹ ਆਪਣੇ ਕੈਮਰੇ ਉੱਥੇ ਹੀ ਛੱਡ ਦੇਵੇਗਾ ਤੇ ਆਪਣਾ ਯੂਟਿਊਬ ਚੈਨਲ ਵੀ ਡਿਲੀਟ ਕਰ ਦੇਵੇਗਾ। ਉਹ ਦਿਨ ਵੀ ਆਇਆ ਤਾਂ 21 ਮਈ ਨੂੰ ਘੋੜਾ ਪਾਲਣ ਵਾਲੇ ਲੋਕਾਂ ਨੇ ਇਕੱਠ ਕਰ ਲਿਆ ਪਰ ਸੁਖਜਿੰਦਰ ਲੋਪੋਂ ਉਸ ਵੱਡੇ ਇਕੱਠ ਵਿਚ ਨਹੀਂ ਗਿਆ।  ਉਸ ਬਾਰੇ 22 ਮਈ ਨੂੰ ਕੁਝ ਵੀਡੀਉ ਸਾਹਮਣੇ ਆਈਆਂ ਜਿਸ ਵਿਚ ਘੋੜਾ ਪਾਲਕਾਂ ਨੇ ਦਾਅਵਾ ਕੀਤਾ ਕਿ ਸੁਖਜਿੰਦਰ ਲੋਪੋਂ ਮੋਗੇ ਦੇ ਕੁਝ ਚੋਣਵੇਂ ਘੋੜਾ ਪਾਲਕਾਂ ਨਾਲ ਮੁਲਾਕਾਤ ਕਰਕੇ ਚਲਾ ਗਿਆ।

ਵੱਡੀ ਗਿਣਤੀ ਵਿਚ ਇਕੱਠੇ ਹੋਏ ਘੋੜਾ ਪਾਲਕਾਂ ਦੇ ਮੋਹਤਬਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਸੁਖਜਿੰਦਰ ਲੋਪੋਂ ਨੂੰ ਉੱਥੇ ਹਾਜ਼ਰ ਹੋ ਕੇ ਗੱਲ ਕਰਨੀ ਚਾਹੀਦੀ ਸੀ। ਉੱਥੋਂ ਹੀ 28 ਮਈ 2023 ਨੂੰ ਘੋੜਾ ਪਾਲਕਾਂ ਵੱਲੋਂ ਮੋਗੇ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਸੁਖਜਿੰਦਰ ਲੋਪੋਂ ਨੂੰ ਇਸ ਇਕੱਠ ਵਿਚ ਪਹੁੰਚਣ ਲਈ ਕਿਹਾ ਗਿਆ।

https://youtube.com/watch?v=Y9h2bBuipS0
ਘੋੜਾ ਪਾਲਕਾਂ ਦੇ 21 ਮਈ 2023 ਦੇ ਇਕੱਠ ਦੀ ਵੀਡੀਉ – ਜ਼ੋਰਦਾਰ ਟਾਈਮਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।

ਸੁਖਜਿੰਦਰ ਦਾ ਜੁਆਬ

ਸਾਰੇ ਘਟਨਾਕ੍ਰਮ ਤੋਂ ਬਾਅਦ ਸੁਖਜਿੰਦਰ ਲੋਪੋਂ ਨੇ ਆਪਣੀ ਯੂ-ਟਿਊਬ ਚੈਨਲ ’ਤੇ ਵੀਡੀਉ ਪਾ ਕੇ ਆਪਣੀ ਸਥਿਤੀ ਸਪੱਸ਼ਟ ਕੀਤੀ। ਆਪ ਸੱਦੇ 21 ਮਈ ਦੇ ਇਕੱਠ ਵਿਚ ਨਾ ਪਹੁੰਚਣ ਤੋਂ ਬਾਅਦ 22 ਮਈ ਨੂੰ ਆਪਣੇ ਚੈਨਲ ਸ਼ੌਂਕੀ ਸਰਦਾਰ ’ਤੇ ਵੀਡੀਉ ਪਾ ਕੇ ਸੁਖਜਿੰਦਰ ਲੋਪੋਂ ਨੇ ਕਿਹਾ ਕਿ “ਮੈਂ ਆਪਣੀ ਕਹੀ ਗੱਲ ਤੋਂ ਪਿੱਛੇ ਹਟ ਰਿਹਾਂ, ਮੇਰੇ ਕੋਲ ਆਪਣੀ ਜ਼ਿੰਦਗੀ ਦਾ ਇਹੀ ਸਹੀ ਰਾਹ ਲੱਗਿਆ” ਉਸ ਨੇ ਕਰੀਬ ਵੀਹ ਮਿੰਟ ਦੀ ਵੀਡੀਉ ਵਿਚ ਆਪਣੇ ਕਹੇ ਸ਼ਬਦਾਂ ਦਾ ਅਫ਼ਸੋਸ ਪ੍ਰਗਟ ਕੀਤਾ।  ਉਸ ਨੇ ਕਿਹਾ ਕਿ ਉਸ ਦੀ ਮਨਸ਼ਾ ਕਿਸੇ ਨੂੰ ਠੇਸ ਪਹੁੰਚਾਉਣੀ ਨਹੀਂ ਸੀ ਬਲਕਿ ਘੋੜਾ ਪਾਲਣ ਦੇ ਵਪਾਰ ਨਾਲ ਜੁੜੇ ਕੁਝ ਤੱਥਾਂ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਨਾ ਸੀ। ਉਸ ਨੇ ਵੀਡੀਉ ਵਿਚ ਕਈ ਵਾਰ ਸਮੂਹ ਘੋੜਾ ਪਾਲਕਾਂ ਤੋਂ ਮੁਆਫ਼ੀ ਮੰਗੀ।

ਸੁਖਜਿੰਦਰ ਲੋਪੋ ਦੀ ਵੀਡੀਉ ਜਿਸ ਵਿਚ ਉਸ ਨੇ ਪਹਿਲੀ ਵਾਰ ਵੀਡੀਉ ਰਾਹੀਂ ਮੁਆਫ਼ੀ ਮੰਗੀ

ਵੱਡੇ ਖ਼ੁਲਾਸੇ

ਵੀਡੀਉ ਰਾਹੀਂ ਮੁਆਫ਼ੀ ਮੰਗਣ ਤੋਂ ਬਾਅਦ ਵੀ ਜਦੋਂ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਾ ਆਇਆ ਤਾਂ ਸੁਖਜਿੰਦਰ ਲੋਪੋਂ ਨੇ 26 ਮਈ 2023 ਨੂੰ ਇਕ ਹੋਰ ਵੀਡੀਉ ਆਪਣੇ ਚੈਨਲ ਸ਼ੌਂਕੀ ਸਰਦਾਰ ’ਤੇ ਪਾਈ। ਇਸ ਵੀਡੀਉ ਵਿਚ ਉਸ ਨੇ ਘੋੜਾ ਪਾਲਕਾਂ ਨੂੰ ਝੂਠੇ ਤੇ ਫੁਕਰੇ ਕਹਿਣ ਦੇ ਕਾਰਨਾਂ ਬਾਰੇ ਵੱਡੇ ਖੁਲਾਸੇ ਕੀਤੇ। ਵੈਸੇ ਉਹ 28 ਅਪ੍ਰੈਲ ਵਾਲੇ ਆਪਣੇ ਇੰਟਰਵਿਊ ਵਿਚ ਵੀ ਇਸ ਬਾਰੇ ਗੱਲ ਕਰ ਚੁੱਕਿਆ ਸੀ। ਉਸ ਨੇ ਕਿਹਾ ਕਿ ਵਿਵਾਦ ਬਾਰੇ ਇਹ ਉਸ ਦੀ ਆਖ਼ਰੀ ਵੀਡੀਉ ਹੈ।

ਸੁਖਜਿੰਦਰ ਲੋਪੋ ਨੇ ਦੱਸਿਆ ਕਿ ਘੋੜਾ ਪਾਲਕ ਆਪਣੇ ਘੋੜਿਆਂ ਦੀਆਂ ਕੀਮਤਾਂ ਵਧਾ ਚੜ੍ਹਾ ਕੇ ਦੱਸਦੇ ਹਨ। ਜਿਸ ਨਾਲ ਅਣਜਾਣ ਲੋਕ ਖ਼ਾਸ ਕਰ ਐਨਆਰਆਈ ਸ਼ੌਂਕ-ਸ਼ੌਂਕ ਵਿਚ ਬਹੁਤ ਘਟ ਕੀਮਤ ਵਾਲੇ ਘੋੜੇ ਮਹਿੰਗੀ ਕੀਮਤ ਵਿਚ ਖ਼ਰੀਦ ਲੈਂਦੇ ਹਨ। ਉਸ ਨੇ ਖ਼ੁਲਾਸਾ ਕੀਤਾ ਕਿ ਕਈ ਵੱਡੇ ਘੋੜਾ ਪਾਲਕ ਆਰਥਿਕ ਤੌਰ ’ਤੇ ਕਮਜ਼ੋਰ ਘੋੜਾ ਪਾਲਕਾਂ ਤੋਂ ਹਜ਼ਾਰਾਂ ਵਿਚ ਘੋੜੇ ਖ਼ਰੀਦ ਕੇ ਉਨ੍ਹਾਂ ਦੀਆਂ ਉੱਚੀਆਂ ਕੀਮਤਾਂ ਦੱਸ ਕੇ ਮਸ਼ਹੂਰੀ ਕਰਦੇ ਹਨ ਤੇ ਫਿਰ ਲੱਖਾਂ ਵਿਚ ਘੋੜੇ ਵੇਚ ਦਿੰਦੇ ਹਨ। ਉਸ ਦੀ ਦਲੀਲ ਸੀ ਕਿ ਕੁਝ ਇਕ ਲੋਕ ਇਸ ਤੋਂ ਪੈਸਾ ਕਮਾਉਂਦੇ ਹਨ ਪਰ ਜ਼ਿਆਦਾਤਰ ਸਾਧਾਰਨ ਘੋੜਾ ਪਾਲਕ ਆਮ ਕਿਸਾਨ ਵਾਂਗ ਹੀ ਖ਼ਰਚਿਆਂ ਕਰਕੇ ਬਹੁਤਾ ਮੁਨਾਫਾ ਨਹੀਂ ਕਮਾ ਸਕਦੇ।

ਇਕ ਹੋਰ ਖ਼ੁਲਾਸਾ ਕਰਦਿਆਂ ਉਸ ਨੇ ਦੱਸਿਆ ਕਿ ਉਸ ਦੀਆਂ ਘੋੜਿਆਂ ਬਾਰੇ ਵੀਡੀਉ ਦੇਖ ਕੇ ਲੋਕ ਉਸ ਤੋਂ ਘੋੜੇ ਖ਼ਰੀਦਣ ਬਾਰੇ ਸਲਾਹ ਲੈਣ ਲਈ ਫ਼ੋਨ ਕਰਦੇ ਹਨ। ਉਨ੍ਹਾਂ ਦੀ ਸਹੀ ਕੀਮਤ ਬਾਰੇ ਪੁੱਛਦੇ ਹਨ। ਕੁਝ ਘੋੜਾ ਪਾਲਕ ਬਣਨ ਦੇ ਚਾਹਵਾਨ ਵੀ ਜਾਣਕਾਰੀ ਲੈਂਦੇ ਹਨ। ਉਸ ਦਾ ਦਾਅਵਾ ਸੀ ਕਿ ਉਹ ਉਨ੍ਹਾਂ ਨੂੰ ਸਹੀ ਜਾਣਕਾਰੀ ਲੈ ਕੇ ਹੀ ਫ਼ੈਸਲਾ ਕਰਨ ਦੀ ਤਾਕੀਦ ਕਰਦਾ ਸੀ।

ਸਭ ਤੋਂ ਵੱਡਾ ਖੁਲਾਸਾ ਉਸ ਨੇ ਇਹ ਕੀਤਾ ਕਿ ਘੋੜਾ ਪਾਲਕਾਂ ਵੱਲੋਂ ਵਧਾ-ਚੜ੍ਹਾ ਕੇ ਦੱਸੀਆਂ ਕੀਮਤਾਂ ਕਰਕੇ ਘੋੜਾ ਪਾਲਕ ਗੈਂਗਸਟਰਾਂ ਦੀ ਨਜ਼ਰ ਵਿਚ ਵੀ ਚੜ੍ਹ ਗਏ ਹਨ। ਉਸ ਨੇ ਕਿਹਾ ਕਿ ਜਿਵੇਂ ਵਪਾਰੀਆਂ ਤੇ ਕਲਾਕਾਰਾਂ ਤੋਂ ਬਾਅਦ ਗੈਂਗਸਟਰ ਹੁਣ ਘੋੜਾ ਪਾਲਕਾਂ ਤੋਂ ਵੀ ਫ਼ਿਰੌਤੀ ਮੰਗਣ ਲੱਗ ਪਏ ਹਨ। ਉਸ ਨੇ ਮੰਨਿਆ ਕਿ ਉਸ ਨੂੰ ਵੀ ਲੱਗਦਾ ਹੈ ਕਿ ਕੁਝ ਗ਼ਲਤ ਬੰਦਿਆਂ ਨੇ ਫ਼ੋਨ ਕਰਕੇ ਉਸ ਤੋਂ ਘੋੜਿਆਂ ਬਾਰੇ ਜਾਣਕਾਰੀ ਲਈ ਹੋ ਸਕਦੀ ਹੈ ਪਰ ਉਸ ਦਾ ਕਿਸੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ।

ਉਸ ਨੇ ਖ਼ੁਲਾਸਾ ਕੀਤਾ ਕਿ ਕੁਝ ਅਰਸਾ ਪਹਿਲਾਂ ਮਹਿਣਾ ਪੁਲਸ ਨੇ ਉਸ ਨੂੰ ਥਾਣੇ ਬੁਲਾ ਕੇ ਉਸ ਦੇ ਗ਼ਲਤ ਬੰਦਿਆਂ ਨਾਲ ਸੰਬੰਧਾਂ ਬਾਰੇ ਪੁੱਛ-ਪੜਤਾਲ ਕੀਤੀ ਸੀ। ਉਸ ਨੇ ਅਜਿਹਾ ਕੋਈ ਵੀ ਸੰਬੰਧ ਹੋਣ ਤੋਂ ਇਨਕਾਰ ਕੀਤਾ ਸੀ। ਇਸ ਬਾਰੇ ਉਸ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਹ ਕੰਮ ਛੱਡ ਰਿਹਾ ਹੈ।

ਉਸ ਦਾ ਦਾਅਵਾ ਸੀ ਕਿ ਉਸ ਨੇ ਫੁਕਰੇ ਤੇ ਝੂਠੇ ਕਹਿ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸਲ ਵਿਚ ਘੋੜਿਆਂ ਦੀ ਐਨੀ ਕੀਮਤ ਨਹੀਂ ਹੁੰਦੀ। ਇਸ ਲਈ ਘੋੜਿਆਂ ਦੇ ਅਣਜਾਣ ਸ਼ੌਕੀਨ ਨੁਕਸਾਨ ਨਾ ਕਰਾਉਣ।  ਨਾਲ ਹੀ ਗੈਂਗਸਟਾਂ ਨੂੰ ਵੀ ਸੁਨੇਹਾ ਚਲਾ ਜਾਵੇ ਕਿ ਇਨ੍ਹਾਂ ਦੇ ਪੱਲੇ ਐਨੇ ਪੈਸੇ ਨਹੀਂ ਹਨ। ਨਾਲ ਹੀ ਘੋੜਾ ਪਾਲਕਾਂ ਨੂੰ ਵੀ ਸੁਚੇਤ ਕੀਤਾ ਕਿ ਵਧ ਕੀਮਤਾਂ ਦੱਸਣ ਦਾ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਹੈ। ਉਸ ਨੇ ਭਾਵੁਕ ਹੋ ਕੇ ਕਿਹਾ ਕਿ ਮੈਂ ਚੰਗੀ ਭਾਵਨਾ ਨਾਲ ਕਰੜੇ ਬੋਲ ਬੋਲੇ ਤਾਂ ਜੋ ਸਾਰੇ ਘੋੜਾ ਪਾਲਕਾਂ ਦਾ ਭਲਾ ਹੋ ਸਕੇ।

ਉਸ ਦਾ ਇਹ ਵੀ ਦਾਅਵਾ ਸੀ ਕਿ ਉਸ ਨੇ ਪਹਿਲਾਂ ਵੀ ਕੁਝ ਵੀਡੀਉ ਵਿਚ ਇਸ ਬਾਰੇ ਇਸ਼ਾਰਾ ਕੀਤਾ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਫਿਰ ਉਸ ਨੇ ਸੋਚਿਆ ਕਿ ਤਿੱਖੇ ਬੋਲ ਬੋਲਣ ਨਾਲ ਹੀ ਵੀਡੀਉ ਵਾਇਰਲ ਹੋਵੇਗੀ ਤੇ ਉਸ ਨੇ ਇੰਟਰਵਿਊ ਵਿਚ ਫੁਕਰੇ ਤੇ ਝੂਠੇ ਕਹਿ ਕੇ ਉਨ੍ਹਾਂ ਦਾ ਧਿਆਨ ਖਿੱਚਿਆ। ਉਸ ਨੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਘੋੜਾ ਪਾਲਕ ਉਸ ਨਾਲ ਨਾਰਾਜ਼ ਹੋਣਗੇ ਪਰ ਉਸ ਨੂੰ ਲਗਦਾ ਸੀ ਕਿ ਉਹ ਉਸ ਦੀ ਭਾਵਨਾ ਨੂੰ ਸਮਝ ਜਾਣਗੇ ਤੇ ਉਸ ਦੇ ਨਾਲ ਬਹਿ ਕੇ ਗੱਲ ਕਰ ਲੈਣਗੇ। ਉਸ ਨੇ ਅਫ਼ਸੋਸ ਜਤਾਉਂਦਿਆਂ ਵੀਡੀਉ ਵਿਚ ਕਿਹਾ ਕਿ ਘੋੜਾ ਪਾਲਕ ਉਸ ਦੀ ਸੋਚ ਨੂੰ ਸਮਝ ਨਹੀਂ ਸਕੇ। ਇਸ ਲਈ ਉਸ ਨੇ ਘੋੜਾ ਪਾਲਕਾਂ ਨੂੰ ਠੇਸ ਪਹੁੰਚਣ ਲਈ ਮੁਆਫ਼ੀ ਮੰਗੀ।

ਸੁਖਜਿੰਦਰ ਲੋਪੋ ਦੀ ਵੀਡੀਉ ਜਿਸ ਵਿਚ ਉਸ ਨੇ ਖੁਲਾਸੇ ਕੀਤੇ

ਇਕੱਠ ਵਿਚ ਮੁਆਫ਼ੀ

ਆਖ਼ਰ ਉਹ ਘੜੀ ਵੀ ਆ ਗਈ। ਮਿੱਥੀ ਤਰੀਕ 28 ਮਈ ਨੂੰ ਇਕ ਪੈਲੇਸ ਵਿਚ ਘੋੜਾ ਪਾਲਕਾਂ ਦੇ ਵੱਡੇ ਇਕੱਠ ਵਿਚ ਸੁਖਜਿੰਦਰ ਲੋਪੋਂ ਹਾਜ਼ਰ ਹੋਇਆ। ਉਸ ਤੋਂ ਪਹਿਲਾਂ ਹੀ ਘੋੜਾ ਪਾਲਕਾਂ ਦੇ ਮੋਹਤਬਰਾਂ ਨੇ ਸਟੇਜ ਤੋਂ ਕਿਹਾ ਕਿ ਉਹ ਸੁਖਜਿੰਦਰ ਨੂੰ ਬੋਲਣ ਦਾ ਪੂਰਾ ਮੌਕਾ ਦੇਣਗੇ। ਉਹ ਫ਼ੈਸਲਾ ਕਰ ਲਵੇ ਕਿ ਉਸ ਨੇ ਮੁਆਫ਼ੀ ਮੰਗਣੀ ਹੈ ਜਾਂ ਆਪਣਾ ਪੱਖ ਰੱਖਣਾ ਹੈ। ਸ਼ੁਰੂਆਤ ਵਿਚ ਹੀ ਦੋ-ਤਿੰਨ ਵਾਰ ਗੱਲਬਾਤ ਵਿਚ ਇਸ਼ਾਰਾ ਦਿੱਤਾ ਗਿਆ ਕਿ ਉਹ ਮੁਆਫ਼ੀ ਮੰਗ ਲਵੇ।

ਸੁਖਜਿੰਦਰ ਲੋਪੋ ਜੋ ਕਿ ਪਹਿਲਾਂ ਹੀ ਵੀਡੀਉ ਰਾਹੀਂ ਮੁਆਫ਼ੀ ਮੰਗ ਚੁੱਕਾ ਸੀ ਉਹ ਮੁਆਫ਼ੀ ਮੰਗਣ ਦਾ ਫ਼ੈਸਲਾ ਕਰਕੇ ਹੀ ਉਸ ਇਕੱਠ ਵਿਚ ਪਹੁੰਚਿਆ ਸੀ।  ਇਕੱਠ ਸਾਹਮਣੇ ਉਹ ਸਟੇਜ ’ਤੇ ਆਇਆ, ਆਪਣਾ ਜੋੜਾ ਲਾਹਿਆ ਤੇ ਝੋਲੀ ਅੱਡ ਕੇ ਮੁਆਫ਼ੀ ਮੰਗੀ। ਮੁਆਫ਼ੀ ਮੰਗਦਿਆਂ ਸਾਰ ਉਹ ਹਾਲ ਵਿਚੋਂ ਬਾਹਰ ਚਲਾ ਗਿਆ। ਕੁਝ ਲੋਕਾਂ ਨੇ ਇਸ ਗੱਲ ’ਤੇ ਇਤਰਾਜ਼ ਜਤਾਇਆ। ਇਕੱਠ ਦੇ ਕਹਿਣ ’ਤੇ ਉਹ ਵਾਪਸ ਹਾਲ ਵਿਚ ਆਇਆ ’ਤੇ ਘੋੜਾ ਪਾਲਕਾਂ ਦੇ ਵਿਚਕਾਰ ਬੈਠ ਗਿਆ। ਸਭ ਨੇ ਹੱਥ ਖੜ੍ਹੇ ਕਰਕੇ ਉਸ ਨੂੰ ਮੁਆਫ਼ ਕੀਤਾ। ਫਿਰ ਕੁਝ ਮੋਹਤਬਰਾਂ ਦੇ ਜ਼ੋਰ ਦੇਣ ’ਤੇ ਉਸ ਨੂੰ 100 ਰੁਪਏ ਦਾ ਦੰਡ ਲਾਇਆ ਗਿਆ ਜੋ ਉਸ ਨੇ ਪ੍ਰਵਾਨ ਕਰ ਲਿਆ। ਫਿਰ ਕੁਝ ਦੇਰ ਉੱਥੇ ਬੈਠਣ ’ਤੇ ਘੋੜਾ ਪਾਲਕਾਂ ਨਾਲ ਸਮਾਂ ਬਿਤਾਉਣ ਤੋਂ ਬਾਅਦ ਉਹ ਚਲਾ ਗਿਆ।

ਇਸ ਦੌਰਾਨ ਘੋੜਾ ਪਾਲਕਾਂ ਨੇ ਆਪਣੀ ਜੱਥੇਬੰਦੀ ਬਣਾਉਣ ਦਾ ਵੀ ਐਲਾਨ ਕੀਤਾ।

https://youtu.be/HpsNCWbn23A
ਮੌਕੇ ਦੀ ਵੀਡੀਉ ਜਦੋਂ ਸੁਖਜਿੰਦਰ ਲੋਪੋ ਨੇ ਘੋੜਾ ਪਾਲਕਾਂ ਦੇ ਇਕੱਠ ਦੇ ਸਾਹਮਣੇ ਪੱਲਾ ਅੱਡ ਕੇ ਮੁਆਫ਼ੀ ਮੰਗੀ

ਮੁਆਫ਼ੀ ਤੋਂ ਪਰਚੇ ਤੱਕ

ਜਦੋਂ ਸੁਖਜਿੰਦਰ ਲੋਪੋ ਦੀ ਝੋਲੀ ਅੱਡ ਕੇ ਮੁਆਫ਼ੀ ਮੰਗਣ ਵਾਲੀ ਵੀਡੀਉ ਵਾਇਰਲ ਹੋਈ ਤਾਂ ਸੋਸ਼ਲ ਮੀਡੀਆ ’ਤੇ ਉਸ ਦੇ । ਪ੍ਰਸ਼ੰਸਕਾਂ ਨੇ ਘੋੜਾ ਪਾਲਕਾਂ ਖ਼ਿਲਾਫ਼ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕਾਂ ਨੇ ਲੋਪੋ ਦੇ ਹੱਕ ਵਿਚ ਪੋਸਟਾਂ ਪਾਈਆਂ ਤੇ ਘੋੜਾ ਪਾਲਕਾਂ ਪ੍ਰਤੀ ਗੁੱਸਾ ਜ਼ਾਹਰ ਕੀਤਾ। ਕਈਆਂ ਨੇ ਕਿਹਾ ਕਿ ਮੁਆਫ਼ੀ ਮੰਗ ਕੇ ਸੁਖਜਿੰਦਰ ਲੋਪੋ ਨੇ ਆਪਣਾ ਵੱਕਾਰ ਵਧਾ ਲਿਆ।

ਇਸੇ ਦੌਰਾਨ ਅਰਸ਼ ਡਾਲਾ ਨਾਮੀ ਗੈਂਗਸਟਰ ਦੀ ਇਕ ਪੋਸਟ ਵਾਇਰਲ ਹੋ ਗਈ ਜਿਸ ਵਿਚ ਘੋੜਾ ਪਾਲਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਗੈਂਗਸਟਰ ਦਾ ਕਹਿਣਾ ਸੀ ਕਿ ਜਿਨ੍ਹਾਂ ਨੇ ਸੁਖਜਿੰਦਰ ਲੋਪੋ ਤੋਂ ਮੁਆਫ਼ੀ ਮੰਗਾ ਕੇ ਜੋ ਬੇਇਜ਼ੱਤੀ ਕੀਤੀ ਉਹ ਆਪਣੀ ਤਿਆਰੀ ਰੱਖਣ। ਪੋਸਟ ਵਿਚ ਕਿਹਾ ਗਿਆ ਸੀ ਕਿ ਸੁਖਜਿੰਦਰ ਲੋਪੋਂ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੈ ਨਾ ਹੀ ਉਸ ਨੂੰ ਜਾਣਦੇ ਹਨ। ਪੋਸਟ ਵਿਚ ਜੈਪਾਲ ਭੁੱਲਰ ਗਰੁੱਪ ਦਾ ਹੈਸ਼ਟੈਗ ਵੀ ਲਾਇਆ ਗਿਆ ਹੈ। ਇਹ ਪੋਸਟ ਅਰਸ਼ ਡਾਲਾ ਫੇਸਬੁੱਕ ਆਈਡੀ ਤੋਂ ਪਾਈ ਗਈ ਦੱਸੀ ਜਾ ਰਹੀ ਹੈ। ਇਸ ਦਾ ਸਕਰੀਨ ਸ਼ਾਟ ਵਾਇਰਲ ਹੋ ਰਿਹਾ ਹੈ, ਜਿਸ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

ਅਰਸ਼ ਡਾਲਾ ਆਈਡੀ ਤੋਂ ਪਾਈ ਗਈ ਪੋਸਟ ਜੋ ਵਾਇਰਲ ਹੋਈ – ਜ਼ੋਰਦਾਰ ਟਾਈਮਜ਼ ਇਸ ਦੀ ਪੁਸ਼ਟੀ ਨਹੀਂ ਕਰਦਾ

ਹਾਲੇ ਇਹ ਸਾਰੀ ਚਰਚਾ ਚੱਲ ਹੀ ਰਹੀ ਸੀ ਕਿ 31 ਮਈ ਨੂੰ ਸੁਖਜਿੰਦਰ ਲੋਪੋ ‘ਤੇ ਪਰਚਾ ਦਰਜ ਹੋਣ ਦੀ ਖ਼ਬਰ ਆ ਗਈ। ਨਾਲ ਹੀ ਮੁਹਾਲੀ ਦੇ ਸਟੇਟ ਓਪਰੇਸ਼ਨ ਸੈੱਲ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੀਡੀਆ ਖ਼ਬਰਾਂ ਮੁਤਾਬਕ ਉਸ ’ਤੇ ਹਥਿਆਰਾਂ ਨਾਲ ਸੰਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜਾ ਕੀਤਾ ਗਿਆ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com