ਆਤਮਜੀਤ ਨੇ ਸੁਣਾਉਂਦਿਆਂ ਹੀ ਖੇਡ ਦਿਖਾਇਆ ਨਾਟਕ ‘ਗ਼ਦਰ ਐਕਸਪ੍ਰੈੱਸ’

ਨਵੀਂ ਦਿੱਲੀ | ਬਖ਼ਸ਼ਿੰਦਰ
ਇਸ ਵਾਰ ਮੈਂ ਦਿੱਲੀ ਹੀ ਨਹੀਂ ਦੇਖੀ, ਦਿੱਲੀ ਵਿਚ ਦੋ ਨਾਟਕ ਵੀ ਦੇਖੇ।ਇਨ੍ਹਾਂ ਵਿਚੋਂ ਇਕ ਨਾਟਕ ਸੀ, ਅਸਗ਼ਰ ਵਜ਼ਾਹਤ ਦਾ ਲਿਖਿਆ ਹੋਇਆ ‘ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ’। ਦੂਜਾ ਨਾਟਕ ਸੀ, ਡਾ. ਆਤਮਜੀਤ ਦਾ ਲਿਖਿਆ ਹੋਇਆ ‘ਗ਼ਦਰ ਐਕਸਪ੍ਰੈੱਸ’।
ਪਹਿਲਾ ਨਾਟਕ ਅਸਲ ਵਿਚ ਦੂਜਾ ਹੈ, ਜਿਸ ਕਰ ਕੇ ਪਹਿਲੇ ਦਾ ਜ਼ਿਕਰ ਪਹਿਲਾਂ ਕਰਨਾ ਬਣਦਾ ਹੈ।ਦਿੱਲੀ ਅਕੈਡਮੀ ਹਰ ਮਹੀਨੇ ਦੇ ਪਹਿਲੇ ਸਨਿੱਚਰਵਾਰ ਇੱਥੇ ਭਾਈ ਵੀਰ ਸਿੰਘ ਸਦਨ ਵਿਚ ਵਿਚ ਇਕ ਪ੍ਰੋਗਰਾਮ ਕਰਾਉਂਦੀ ਹੈ। ਇਸ ਮਹੀਨੇ (ਜੂਨ) ਦੇ ਪਹਿਲੇ ਸਨਿੱਚਰਵਾਰ ਨੂੰ ਇਸ ਪ੍ਰੋਗਰਾਮ ਦਾ ਨਾਇਕ ਸੀ, ਨਾਟਕਕਾਰ ਡਾ. ਆਤਮਜੀਤ। ਉਸ ਨੇ ਇਸ ਪ੍ਰੋਗਰਾਮ ਵਿਚ ਆਪਣਾ ਨਵਾਂ ਲਿਖਿਆ ਹੋਇਆ ਨਾਟਕ ‘ਗ਼ਦਰ ਐਕਸਪ੍ਰੈੱਸ’ ਪੜ੍ਹ ਕੇ ਸੁਣਾਇਆ।

      ਡਾ. ਆਤਮਜੀਤ ਖ਼ੁਦ ਇਕ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਹੋਣ ਦੇ ਨਾਲ-ਨਾਲ ਇਕ ਵਧੀਆ ਅਦਾਕਾਰ ਹੋਣ ਕਾਰਨ ਇਸ ਨਾਟਕ ਵਿਚ ਸ਼ਾਮਲ ਕਿਰਦਾਰਾਂ ਦੇ ਸੰਵਾਦ ਉਨ੍ਹਾਂ ਦੇ ਹੀ ਅੰਦਾਜ਼ ਵਿਚ ਉਚਾਰਦਾ ਰਿਹਾ, ਜਿਸ ਕਾਰਨ ਨਾਟਕ ਦੇ ਇਸ ਪਾਠ ਦੇ ਸਰੋਤੇ, ਸਰੋਤੇ ਨਾਂ ਰਹਿ ਕੇ ਦਰਸ਼ਕ ਬਣ ਗਏ। ਕਿਤੇ-ਕਿਤੇ ਉਹ ਨਾਟਕ ਦਾ ਮੂਲ ਪਾਠ ਛੱਡ ਕੇ ਲੇਖਕੀ ਟਿੱਪਣੀਆਂ ਵੀ ਕਰਦਾ ਰਿਹਾ, ਜੋ ਕਿਸੇ ਤਰ੍ਹਾਂ ਨਾ ਵੱਖਰੀਆਂ ਲੱਗੀਆਂ, ਨਾ ਹੀ ਕਿਸੇ ਨੂੰ ਅੱਖਰੀਆਂ ਹੀ। ਇਸੇ ਹੀ ਕਾਰਨ ਮੈਂ ਇਸ ਨਾਟਕ ਨੂੰ ‘ਸੁਣਿਆ’ ਦੀ ਥਾਂ ‘ਦੇਖਿਆ’ ਹੀ ਗਿਣਦਾ ਹਾਂ।

 
ਨਾਟਕ ‘ਗ਼ਦਰ ਐਕਸਪ੍ਰੈਸ ਦਾ ਪਾਠ ਕਰਦੇ ਹੋਏ ਨਾਟਕਕਾਰ ਆਤਮਜੀਤ ਅਤੇ ਆਨੰਦ ਮਾਣਦੇ ਸਰੋਤੇ-ਫੋਟੋ: ਦੀਪ

      ਤਕਰੀਬਨ ਡੇਢ ਘੰਟਾ ਆਤਮਜੀਤ ਨੇ ਆਪਣੀ ਇਹ ਰਚਨਾ ਸੁਣਾਉਣ ਦਾ ਆਨੰਦ ਮਾਣਿਆ ਜਦੋਂ ਕਿ  ਸਰੋਤਿਆਂ ਨੇ ਇਹ ਨਾਟਕ ਸੁਣਨਾ ਸ਼ੁਰੂ ਕਰ ਕੇ ਨਾਟਕ ਦੇਖਣ ਵਾਲਾ ਆਨੰਦ ਵੀ ਮਾਣਿਆ। ਗ਼ਦਰ ਪਾਰਟੀ ਤੇ ਸੁਤੰਤਰਤਾ ਸੰਗਰਾਮ ਨਾਲ ਸਬੰਧ ਰੱਖਣ ਕਾਰਨ ਇਹ ਨਾਟਕ ਬਹੁਤ ਹੀ ਖ਼ੁਸ਼ਕ ਤੇ ਅਕਾਊ ਹੋ ਜਾਣ ਦੇ  ਆਸਾਰ ਸਨ, ਪਰ ਨਾਟਕਕਾਰ ਨੇ ਇਸ ਨਾਟਕ ਵਿਚ ਨਾਟਕ ਦੀ ਰਿਹਰਸਲ ਸ਼ਾਮਲ ਕਰ ਕੇ ਇਸ ਨੂੰ ਖ਼ੁਸ਼ਕ ਹੋਣ ਤੋਂ ਹੀ ਨਹੀਂ ਬਚਾਇਆ, ਸਗੋਂ ਬਹੁਤ ਹੀ ਦਿਲਚਸਪ ਵੀ ਬਣਾ ਦਿੱਤਾ।

      ਨਾਟਕ ਦੇ ਪਾਠ ਤੋਂ ਬਾਅਦ ਨਾਟਕਕਾਰ ਤੋਂ ਇਸ ਨਾਟਕ ਬਾਰੇ ਸੁਆਲ ਵੀ ਪੁੱਛੇ ਗਏ। ਇਨ੍ਹਾਂ ਸਤਰਾਂ ਦੇ ਲੇਖਕ ਨੇ ਲੇਖਕ ਦਾ ਧਿਆਨ, ਇਸ ਨਾਟਕ ਦੇ ਸਿਖ਼ਰਲੇ ਦ੍ਰਿਸ਼ ਵਿਚ ‘ਅਬਦੁੱਲਾ’ ਨਾਂ ਦੇ ਕਿਰਦਾਰ ਨੂੰ ਕਾਫੀ ਸਮਾਂ ਕੋਈ ਸੰਵਾਦ ਬੋਲਣ ਤੋਂ ਅਤੇ ਕਾਫੀ ਸਮਾਂ ਕੋਈ ‘ਐਕਸ਼ਨ’ ਕਰਨ ਤੋਂ ਬਗ਼ੈਰ ਹੀ ਮੰਚ ਉੱਤੇ ਮੌਜੂਦ ਰਹਿਣ ਵੱਲ ਦੁਆਇਆ। ਲੇਖਕ-ਪੱਤਰਕਾਰ ਦੀਪ ਜਗਦੀਪ ਸਿੰਘ ਨੇ ਪੁੱਛਿਆ ਕਿ ਆਤਮਜੀਤ ਦੇ ਨਾਟਕਾਂ ਦਾ ਵਿਸ਼ਾ ਇਤਿਹਾਸ ਹੀ ਕਿਉਂ ਹੈ। ਨਾਟਕਕਾਰ ਹਰਵਿੰਦਰ ਕੌਰ ਨੇ ਇਸ ਨਾਟਕ ਵਿਚ ਇਸਤਰੀ ਪਾਤਰਾਂ ਦੀ ਘਾਟ ਹੋਣ ਦੀ ਗੱਲ ਕਰਦਿਆਂ, ਨਾਟਕ ਦੀ ਗੋਂਦ ਦੇ ਪੱਖ ਤੋਂ ਨਾਟਕਾਰ ਦੀ ਸਿਫ਼ਤ ਕੀਤੀ। ਉਸ ਨੇ ਇਹ ਵੀ ਕਿਹਾ ਕਿ ਉਹ, ਇਹ ‘ਸਕਰਿਪਟ’ ਸੁਣਨ ਤੋਂ ਬਾਅਦ ਮੂੰਹ-ਜ਼ੁਬਾਨੀ ਸੁਣਾ ਵੀ ਸਕਦੀ ਹੈ। ਇਕ ਹੋਰ ਸੱਜਣ ਨੇ ਕਿਹਾ ਕਿ ਇਸ ਨਾਟਕ ਵਿਚ ਲਾਲਾ ਹਰਦਿਆਲ ਦੀ ਜ਼ਿੰਦਗੀ ਬਾਰੇ ਜ਼ਿਆਦਾ ਰੌਸ਼ਨੀ ਨਹੀਂ ਪਾਈ ਗਈ।

      ਇਨ੍ਹਾਂ ਤੇ ਹੋਰ ਬਹੁਤ ਸਾਰੇ ਸੁਆਲਾਂ ਤੇ ਇਤਰਾਜ਼ਾਂ ਦੇ ਜੁਆਬ ਦਿੰਦਿਆਂ ਆਤਮਜੀਤ ਨੇ ਕਿਹਾ ਕਿ ਗ਼ਦਰ ਲਹਿਰ ਇਕ ਡਰਾਮੇ ਵਿਚ ਸਮੇਟੀ ਜਾਣ ਵਾਲੀ ਨਹੀਂ ਹੈ। ਇਸ ਵਾਸਤੇ ਤਾਂ ਜਿੱਦਾਂ 10 ਦਿਨਾਂ ਦੀ ‘ਰਾਮਲੀਲਾ’ ਕੀਤੀ ਜਾਂਦੀ ਹੈ, ਇਕ ਪੂਰੀ ‘ਗ਼ਦਰਲੀਲਾ’ 14-15 ਦਿਨਾਂ ਦੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾ ਨੇ ਇਹ ਨਾਟਕ, ਡਾ. ਸੁਤਿੰਦਰ ਸਿੰਘ ‘ਨੂਰ’, ਜੋ ਸਰੋਤਿਆਂ ਵਿਚ ਸ਼ਾਮਲ ਸਨ, ਦੀ ਪ੍ਰੇਰਨਾ ਨਾਲ ਲਿਖਿਆ ਹੈ। ਉਨ੍ਹਾਂ ਕਿਹਾ, “ਮੇਰੇ ਕੋਲੋਂ ਇਹ ਨਾਟਕ ਲਿਖਾਇਆ ਹੀ ਡਾ. ਨੂਰ ਹੋਰਾਂ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਨਾਟਕ ਦੀਆਂ ਛੋਟੀਆਂ-ਮੋਟੀਆਂ ਖ਼ਾਮੀਆਂ ਉਹ , ਇਸ ਨੂੰ ਪੇਸ਼ ਕਰਨ ਸਮੇਂ ਦੂਰ ਕਰ ਲੈਣਗੇ ਤੇ ਉਹ ਉਨ੍ਹਾਂ ਦੀ ਨਜ਼ਰ ਵਿਚ ਹਨ। ਨਾਟਕਾਂ ਦਾ ਵਿਸ਼ਾ ਇਤਿਹਾਸ ਹੋਣ ਵਾਲੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਇਤਿਹਾਸ ਨੂੰ ਵਿਸ਼ਾ ਨਹੀਂ, ਬਲਕਿ ਮਾਧਿਆਮ ਬਣਾਇਆ ਹੈ।

      ਇਸ ਪ੍ਰੋਗਰਾਮ ਵਿਚ ਸ਼ਾਇਰ ਮੋਹਨਜੀਤ, ਕਹਾਣੀਕਾਰ ਨਛੱਤਰ, ਕਵੀ ਸਵਰਾਜਵੀਰ, ਪੰਜਾਬੀ ਅਕਦਮੀ, ਦਿੱਲੀ ਦੇ ਸਕੱਤਰ ਰਵੇਲ ਸਿੰਘ ਵੀ ਹਾਜ਼ਰ ਸਨ।

      ਦੂਜਾ ਨਾਟਕ, ਜੋ ਸ਼ੀਰਾਮ ਸੈਂਟਰ ਵਿਚ ਹੋ ਰਹੇ ਨਾਟਕ ਮੇਲੇ ਵਿਚ ਖੇਡਿਆ ਗਿਆ, ਅਸਗ਼ਰ ਵਜ਼ਾਹਤ ਦਾ ਲਿਖਿਆ ਹੋਇਆ, ‘ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ’ ਸੀ। ਇਸ ਨਾਟਕ ਨੂੰ ਅੱਗੇ ਤੋਰਨ ਲਈ ਨਿਰਦੇਸ਼ਕ ਨੇ ਸਮੂਹਗਾਨ ਵਿਧੀ ਅਪਣਾਈ ਸੀ, ਪਰ ਇਸ ਵਿਚ ਦਿੱਕਤ ਇਹ ਆਉਂਦੀ ਸੀ ਕਿ ਜਿਹੜੇ ਅਦਾਕਾਰ ਪਹਿਲਾ ਦ੍ਰਿਸ਼ ਪੇਸ਼ ਕਰ ਰਹੇ ਹੁੰਦੇ ਸਨ, ਰੌਸ਼ਨੀਆਂ ਬੁਝਣ ਮਗਰੋਂ ਉਨ੍ਹਾਂ ਨੁੰ ਵੀ ਸਮੂਹਗਾਨ ਵਿਚ ਸਾਮਲ ਹੋਣਾ ਪੈਂਦਾ ਸੀ ਤੇ ਸਮ੍ਹੂਹਗਾਨ ਖ਼ਤਮ ਹੋਣ ਮਗਰੋਂ ਅਗਲਾ ਦ੍ਰਿਸ਼ ਪੇਸ਼ ਕਰਨ ਲਈ ਮੰਚ ਉੱਤੇ ‘ਪੋਜ਼ੀਸ਼ਨਾਂ’ ਲੈਣੀਆਂ ਪੈਂਦੀਆਂ ਸਨ। ਇਸ ਵਾਸਤੇ ਸਮ੍ਹੂਹਗਾਨ ਮੰਚ ਦੇ ਵਿਚਕਾਰ ਕਰਾਉਣ ਦੀ ਥਾਂ ਮੰਚ ਦੇ ਇਕ ਪਾਸੇ ਪੱਕੇ ਟਿਕਾਣੇ ਤੋਂ ਕਰਾਉਣਾ ਚਾਹੀਦਾ ਹੈ। ਨਾਟਕ ਦੀ ਅਸਲ ਸਕਰਿਪਟ ‘ਟੁੱਕੀ’ ਹੋਈ ਵੀ ਲੱਗੀ।


      ਫਿਰ ਵੀ  ‘ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ’ ਦੀ ਇਹ ਪੇਸ਼ਕਾਰੀ ਦੇਖ ਕੇ ਅਤੇ ਆਤਮਜੀਤ ਦਾ ਨਵਾਂ ਨਾਟਕ ‘ਗ਼ਦਰ ਐਕਸਪ੍ਰੈੱਸ’ ਸੁਣ ਕੇ ਅਸੀਂ ਦਿੱਲੀ ਵੀ ਦੇਖ ਲਈ ਤੇ ਲਾਹੌਰ ਵੀ।


Updated:

in

, ,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com