‘ਸ਼ੇਰ-ਏ-ਪੰਜਾਬ’ ਦਿਲਜੀਤ 11 ਫਰਵਰੀ ਨੂੰ ਆ ਰਿਹਾ ਸਿਨੇਮਾ-ਘਰਾਂ ਵਿੱਚ
ਫ਼ਿਲਮ ਦਾ ਸੰਗੀਤ 11 ਜਨਵਰੀ ਤੱਕ ਰਿਲੀਜ਼ ਹੋਣ ਦੀ ਆਸ
ਮੇਲ ਕਰਾ ਦੇ ਰੱਬਾ ਫ਼ਿਲਮ ਵਿਚ ਆਪਣੀ ਬਹੁਤ ਹੀ ਛੋਟੀ ਮਹਿਮਾਨ ਭੂਮਿਕਾ ਨਾਲ ਨੌਜਵਾਨ ਦਰਸ਼ਕਾਂ ਦਾ ਹਰਮਨ ਪਿਆਰਾ ਬਣ ਗਿਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ 11 ਫਰਵਰੀ 2011 ਨੂੰ ਬਤੌਰ ਨਾਇਕ ਆਪਣੀ ਪਹਿਲੀ ਫ਼ਿਲਮ ‘ਲਾਇਨ ਆਫ਼ ਪੰਜਾਬ’ ਰਾਹੀਂ ਵੱਡੇ ਪਰਦੇ ਤੇ ਰੂ-ਬ-ਰੂ ਹੋ ਰਿਹਾ ਹੈ। ਦਿਲਜੀਤ ਦੇ ਭਰਾ ਪੀਰਤੀ ਨੇ ‘ਜਸਟ ਪੰਜਾਬੀ’ ਨੂੰ ਦੱਸਿਆ ਕਿ ਫ਼ਿਲਮ ਪੂਰੀ ਤਰ੍ਹਾਂ ਮੁਕਮੰਲ ਹੈ ਅਤੇ ਫਰਵਰੀ ਵਿਚ ਪੂਰੇ ਜੋਰ-ਸ਼ੋਰ ਨਾਲ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦਾ ਗੀਤ-ਸੰਗੀਤ ਸੁਣਨ ਲਈ ਬੇ-ਸਬਰ ਦਿਲਜੀਤ ਦੇ ਚਾਹੁਣ ਵਾਲਿਆਂ ਲਈ ਉਨ੍ਹਾਂ ਕਿਹਾ ਕਿ ਆਸ ਮੁਤਾਬਿਕ 11 ਜਨਵਰੀ ਨੂੰ ਸੰਗੀਤ ਰਿਲੀਜ਼ ਹੋਣ ਤੇ ਸਰੋਤਿਆਂ ਦਾ ਇੰਤਜ਼ਾਰ ਮੁੱਕ ਜਾਵੇਗਾ।
ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਸੰਨੀ ਦਿਓਲ ਦੀਆਂ ਬਹੁਤ ਸਾਰੀਆਂ ਐਕਸ਼ਨ ਭਰਪੂਰ ਫ਼ਿਲਮਾਂ ਬਣਾਉਣ ਵਾਲੇ ਬਾਲੀਵੁੱਡ ਨਿਰਦੇਸ਼ਕ ਗੁੱਡੂ ਧਨੋਆ ਨੇ ‘ਲਾਇਨ ਆਫ਼ ਪੰਜਾਬ ਨਿਰਦੇਸ਼ਿਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਇਸ ਫ਼ਿਲਮ ਵਿਚ ਦਿਲਜੀਤ ਨੇ ਮੁਖਤਾਰ ਸਿੰਘ ਨਾਂ ਦੇ ਪੇਂਡੂ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ, ਜਿਸ ਵਿਚ ਪੰਜਾਬ ਦਾ ਹਰ ਨੌਜਵਾਨ ਆਪਣਾ ਅਕਸ ਦੇਖ ਸਕੇਗਾ। ਦਿਲਜੀਤ ਦੇ ਨਾਲ ਹਿੰਦੀ ਪੰਜਾਬੀ ਫ਼ਿਲਮਾਂ ਦੀ ਚਰਚਿਤ ਅਦਾਕਾਰ ਦਿਵਿਆ ਦੱਤਾ ਦੇ ਨਾਲ-ਨਾਲ ਪੂਜਾ ਟੰਡਨ ਵੀ ਅਹਿਮ ਭੂਮਿਕਾਵਾਂ ਨਿਭਾ ਰਹੀ ਹੈ। ਰਿਅਲਟੀ ਸ਼ੋਅ ਬਿੱਗ ਬੋਸ ਤੋਂ ਚਰਚਾ ਵਿਚ ਆਇਆ ਦਾਰਾ ਸਿੰਘ ਦਾ ਬੇਟਾ ਵਿੰਦੂ ਦਾਰਾ ਸਿੰਘ ਵੀ ਇਸ ਵਿਚ ਇਕ ਸਿੱਖ ਪੁਲਸ ਅਫ਼ਸਰ ਦੇ ਕਿਰਦਾਰ ਵਿਚ ਨਜ਼ਰ ਆਵੇਗਾ। ਫ਼ਿਲਮ ਨੌਜਵਾਨਾਂ ਦੇ ਮਨੋਰੰਜਨ ਨੂੰ ਧਿਆਨ ਵਿਚ ਰੱਖ ਕੇ ਬਣਾਈ ਦੱਸੀ ਜਾ ਰਹੀ ਹੈ, ਜਿਸ ਵਿਚ ਹਾਸ-ਰਸ, ਐਕਸ਼ਨ ਅਤੇ ਭਾਵਨਾਤੁਮਕ ਪਹਿਲੂਆਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਦਿਲਜੀਤ ‘ਜਿੰਨੇ ਮੇਰਾ ਦਿਲ ਲੁੱਟਿਆ’ ਫ਼ਿਲਮ ਵਿਚ ਵੀ ਗਿੱਪੀ ਗਰੇਵਾਲ ਦੇ ਨਾਲ ਇਕ ਖ਼ਾਸ ਕਿਰਦਾਰ ਵਿਚ ਨਜ਼ਰ ਆਏਗਾ।ਕਾਫ਼ੀ ਲੰਬੇ ਸਮੇਂ ਤੋਂ ਪੰਜਾਬੀ ਦਰਸ਼ਕ ਪੰਜਾਬੀ ਫ਼ਿਲਮਾਂ ਵਿਚ ਪਗੜੀਧਾਰੀ ਸਿੱਖ ਨੌਜਵਾਨ ਨੂੰ ਬਤੌਰ ਨਾਇਕ ਦੇਖਣਾ ਚਾਹੁੰਦੇ ਸਨ। ਹੁਣ ਇਹ ਤਾਂ ਫਰਵਰੀ ਵਿਚ ਹੀ ਪਤਾ ਲੱਗੇਗਾ ਕਿ ਦਿਲਜੀਤ ਦਰਸ਼ਕਾਂ ਦੀਆਂ ਉਮੀਦਾਂ ਉੱਪਰ ਕਿੰਨਾ ਖਰਾ ਉਤਰਦਾ ਹੈ।
Leave a Reply