
ਨਸੀਰੁੱਦੀਨ ਸ਼ਾਹ
ਪੰਜਾਬੀ ਅਨੁਵਾਦ: ਦੀਪ ਜਗਦੀਪ ਸਿੰਘ
ਜਦੋਂ ਤੋਂ ਮੈਂ ਅਦਾਕਾਰ ਬਣਨ ਵਾਸਤੇ ਲੋੜੀਂਦੇ ਜੋਸ਼ੀਲੇ ਪਰ ਅਕਸਰ ਨਾ ਸਮਝ ਆਉਣ ਵਾਲੇ ਕੰਮ ਸਿੱਖਣ ਲੱਗਾ, ਉਸੇ ਦਿਨ ਤੋਂ ਮੇਰੀ ਇਹ ਇੱਛਾ ਰਹੀ ਕਿ ਮੇਰੇ ਵਾਂਗ ਮਾਰਗ-ਦਰਸ਼ਨ ਤੋਂ ਵਾਂਝੇ ਰਹੇ ਆਪਣੇ ਤੋਂ ਅਗਲੀ ਪੀੜ੍ਹੀ ਵਾਲੇ ਨੌਜਵਾਨਾਂ ਨੂੰ, ਉਸ ਬਾਰੇ ਦੱਸਾਂ ਜੋ ਕੁਝ ਮੈਂ ਸਿੱਖਿਆ ਹੈ। ਪਿਛਲੇ ਚਾਲੀ ਤੋਂ ਵੱਧ ਸਾਲਾਂ ਦੌਰਾਨ ਵੱਖ-ਵੱਖ ਸੰਸਥਾਵਾਂ ਅੰਦਰ ਅਤੇ ਨਿੱਜੀ ਤੌਰ ’ਤੇ, ਮੇਰੇ ਕੰਮ ਨਾਲ ਸੰਬੰਧਤ ਸਭ ਤੋਂ ਖ਼ੁਸ਼ਗਵਾਰ ਅਤੇ ਸਿੱਖਣ-ਸਿਖਾਉਣ ਵਾਲੇ ਅਨੁਭਵ ਵਿਦਿਆਰਥੀਆਂ ਨਾਲ ਰਹੇ ਹਨ। ਮੈਂ ਉਨ੍ਹਾਂ ਦੀ ਤਰੱਕੀ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਅਕਸਰ ਸਫ਼ਲਤਾ ਨਹੀਂ ਵੀ ਮਿਲੀ, ਪਰ ਕਦੇ ਵੀ ਖ਼ੁਸ਼ੀ ਦੀ ਘਾਟ ਨਹੀਂ ਰਹੀ। ਸੁਪਨੇ ਦੇਖਣ ਵਾਲਿਆਂ ਅਤੇ ਕਈ ਵਾਰ ਝਿਜਕਣ ਵਾਲੇ ਸਿੱਖਿਆਰਥੀਆਂ ਦੀ ਇੱਕ ਕਲਾਸ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਨੇ ਵਕਤ ਦੇ ਨਾਲ ਮੇਰੀ ਸੁਭਾਵਕ ਬੇਸਬਰੀ ਨੂੰ ਕੁਝ ਹੱਦ ਤੱਕ ਸਾਵਾਂ ਕੀਤਾ ਹੈ। ਇਸ ਰਸਤੇ ’ਤੇ ਤੁਰਦਿਆਂ ਮੈਂ ਕਈ ਗ਼ਲਤੀਆਂ ਕੀਤੀਆਂ ਹਨ, ਪਰ ਮੈਂ ਬਿਨਾਂ ਕਿਸੇ ਝਿਜਕ ਦੇ ਕਹਿ ਸਕਦਾ ਹਾਂ ਕਿ ਕਿਸੇ ਵੀ ਅਦਾਕਾਰੀ ਦੇ ਅਧਿਆਪਕ ਨਾਲੋਂ ਵਿਦਿਆਰਥੀਆਂ ਨਾਲ ਕੰਮ ਕਰਦਿਆਂ ਮੈਂ ਵੱਧ ਸਿੱਖਿਆ ਹੈ।
ਮੁੰਬਈ ਯੂਨੀਵਰਸਿਟੀ ਦੇ ਉਰਦੂ ਵਿਭਾਗ ਵੱਲੋਂ 1 ਫਰਵਰੀ ਨੂੰ ਆਯੋਜਿਤ ਜਸ਼ਨ-ਏ-ਉਰਦੂ ਇੱਕ ਅਜਿਹਾ ਸਮਾਗਮ ਸੀ ਜਿਸ ਦਾ ਮੈਨੂੰ ਭੇਜਿਆ ਗਿਆ ਸਦਾ ਆਖ਼ਰੀ ਪਲਾਂ ਵਿੱਚ ਵਾਪਸ ਲੈ ਲਿਆ ਗਿਆ। ਮੈਨੂੰ ਇਸ ਦੀ ਬੇਸਬਰੀ ਨਾਲ ਉਡੀਕ ਸੀ ਕਿਉਂਕਿ ਇਸ ਸਮਾਗਮ ਰਾਹੀਂ ਵਿਦਿਆਰਥੀਆਂ ਨਾਲ ਸੰਵਾਦ ਹੋਣਾ ਸੀ। ਯੂਨੀਵਰਸਿਟੀ ਨੇ (ਮੁਆਫ਼ੀ ਮੰਗਣ ਦੀ ਗੱਲ ਤਾਂ ਛੱਡੋ, ਬਿਨਾ ਕੋਈ ਕਾਰਨ ਦੱਸੇ, 31 ਜਨਵਰੀ ਦੀ ਰਾਤ) ਮੈਨੂੰ ਇਹ ਦੱਸਿਆ ਕਿ ਮੈਨੂੰ ਆਉਣ ਦੀ ਲੋੜ ਨਹੀਂ। ਜ਼ਾਹਿਰ ਹੈ ਕਿ ਉਨ੍ਹਾਂ ਨੂੰ ਇਹ ਬੇਇੱਜ਼ਤੀ ਘੱਟ ਲੱਗੀ। ਇਸ ਲਈ ਉਨ੍ਹਾਂ ਨੇ ਦਰਸ਼ਕਾਂ ਨੂੰ ਐਲਾਨ ਕਰਕੇ ਕਿ ਆਉਣ ਤੋਂ ਇਨਕਾਰ ਮੈਂ ਕੀਤਾ ਸੀ, ਹੋਰ ਨਮਕ ਛਿੜਕ ਦਿੱਤਾ।
ਇਹ ਵੱਡੀ ਹੈਰਾਨੀ ਦੀ ਗੱਲ ਨਹੀਂ ਕਿ ਉਨ੍ਹਾਂ ਅੰਦਰ ਸੱਚ ਕਹਿਣ ਦੀ ਹਿੰਮਤ ਨਹੀਂ ਸੀ ਕਿ ਮੈਂ “ਸਰੇਆਮ ਦੇਸ਼ ਦੇ ਖ਼ਿਲਾਫ਼ ਬਿਆਨ ਦਿੰਦਾ ਹਾਂ” (ਜੇਕਰ ਮੇਰੇ ਬਿਆਨ ਗੁੱਝੇ ਹੁੰਦੇ ਤਾਂ ਸ਼ਾਇਦ ਠੀਕ ਸੀ) ਜਾਂ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ ਯੂਨੀਵਰਸਿਟੀ ਦੇ ਇੱਕ ਸੀਨੀਅਰ ਅਫ਼ਸਰ ਨੇ ਇਹੀ ਕਿਹਾ। ਜੇਕਰ ਉਹ ਸਿਰਫ਼ ਲਕੀਰ ਦੇ ਫ਼ਕੀਰ ਹੀ ਨਹੀਂ ਹਨ, ਬਲਕਿ ਸੱਚਮੁੱਚ ਇਹ ਗੱਲ ਮੰਨਦੇ ਹਨ, ਤਾਂ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਮੇਰਾ ਇੱਕ ਵੀ ਐਸਾ ਬਿਆਨ ਪੇਸ਼ ਕਰ ਦੇਣ, ਜਿਸ ਵਿੱਚ ਮੈਂ ਆਪਣੇ ਦੇਸ਼ ਨੂੰ ਨੀਵਾਂ ਵਿਖਾਇਆ ਹੋਵੇ।
ਯਕੀਕਨ, ਮੈਂ ਆਪਣੇ-ਆਪ ਨੂੰ “ਵਿਸ਼ਵਗੁਰੂ” ਕਹਿਣ ਵਾਲੇ ਦੀ ਕਦੇ ਪ੍ਰਸ਼ੰਸਾ ਨਹੀਂ ਕੀਤੀ। ਦਰਅਸਲ, ਮੈਂ ਉਨ੍ਹਾਂ ਦੇ ਵਤੀਰੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਆਤਮ-ਮੋਹ ਮੈਨੂੰ ਠੇਸ ਪਹੁੰਚਾਉਂਦਾ ਹੈ ਅਤੇ ਪਿਛਲੇ ਦਸ ਸਾਲਾਂ ਵਿੱਚ ਉਨ੍ਹਾਂ ਨੇ ਜੋ ਕੀਤਾ ਹੈ, ਉਸ ਵਿੱਚੋਂ ਕਿਸੇ ਵੀ ਚੀਜ਼ ਨੇ ਮੈਨੂੰ ਪ੍ਰਭਾਵਿਤ ਨਹੀਂ ਕੀਤਾ। ਮੈਂ ਹਕੂਮਤ ਦੇ ਕਈ ਕੰਮਾਂ ਦੀ ਆਲੋਚਨਾ ਕੀਤੀ ਹੈ ਅਤੇ ਕਰਦਾ ਰਹਿੰਦਾ ਹਾਂ। ਮੈਂ ਆਪਣੇ ਦੇਸ਼ ਵਿੱਚ ਨਾਗਰਿਕਾਂ ਪ੍ਰਤੀ ਸੰਵੇਦਨਾ ਅਤੇ ਦੂਜਿਆਂ ਦਾ ਖ਼ਿਆਲ ਰੱਖਣ ਦੀ ਭਾਵਨਾ ਦੀ ਘਾਟ ‘ਤੇ ਦੁੱਖ ਪ੍ਰਗਟਾਇਆ ਹੈ। ਮੈਂ ਹੋਰ ਕਈ ਮਸਲਿਆਂ ‘ਤੇ ਵੀ ਖੁੱਲ੍ਹ ਕੇ ਬੋਲਿਆ ਹਾਂ ਕਿਉਂਕਿ ਉਹ ਗੱਲਾਂ ਮੇਰੇ ਵਰਗੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਹਨ ਕਿ ਕਿੱਧਰ ਨੂੰ ਤੁਰੇ ਜਾ ਰਹੇ ਹਾਂ। ਜਿੱਥੇ ਵਿਦਿਆਰਥੀ ਕਾਰਕੁੰਨ ਬਿਨਾਂ ਮੁਕੱਦਮਾ ਚਲਾਏ ਸਾਲਾਂ ਤੱਕ ਕੈਦ ਰਹਿੰਦੇ ਹਨ, ਜਦਕਿ ਦੋਸ਼ੀ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਅਕਸਰ ਜ਼ਮਾਨਤ ਮਿਲ ਜਾਂਦੀ ਹੈ; ਜਿੱਥੇ ਗਊ-ਰੱਖਿਆ ਦੇ ਨਾਮ ’ਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲਿਆਂ ਕੋਲ ਲੋਕਾਂ ਨੂੰ ਅਪਾਹਜ ਕਰਨ ਅਤੇ ਮਾਰ ਦੇਣ ਦੀ ਖੁੱਲ੍ਹ ਮਿਲੀ ਹੋਈ ਹੈ; ਜਿੱਥੇ ਇਤਿਹਾਸ ਨੂੰ ਮੁੜ ਲਿਖਿਆ ਜਾ ਰਿਹਾ ਹੈ ਅਤੇ ਪਾਠ-ਪੁਸਤਕਾਂ ਦੇ ਪਾਠ ਸੋਧੇ ਜਾ ਰਹੇ ਹਨ; ਜਿੱਥੇ ਵਿਗਿਆਨ ਤੱਕ ਨਾਲ ਖੇਡਾਂ ਖੇਡੀਆਂ ਜਾ ਰਹੀਆਂ ਹਨ; ਜਿੱਥੇ ਕੋਈ ਛੋਟਾ-ਮੋਟਾ ਵਿਅਕਤੀ ਨਹੀਂ, ਬਲਕਿ ਇੱਕ ਮੁੱਖ ਮੰਤਰੀ “ਮੀਆਂ” ਨੂੰ ਤੰਗ ਕਰਨ ਦੀ ਗੱਲ ਕਰਦਾ ਹੈ। ਇਹ ਨਫ਼ਰਤ ਇੱਥੇ ਹੋਰ ਕਿੰਨੀ ਦੇਰ ਚੱਲ ਸਕਦੀ ਹੈ?
ਇਹ ਉਹ ਦੇਸ਼ ਨਹੀਂ ਜਿਸ ਵਿੱਚ ਮੈਂ ਵੱਡਾ ਹੋਇਆ, ਜਿਸ ਨਾਲ ਮੈਨੂੰ ਪਿਆਰ ਕਰਨਾ ਸਿਖਾਇਆ ਗਿਆ। ਨਿਗਰਾਨੀ ਰੱਖਣ ਦੇ ਨਾਲ-ਨਾਲ “ਵਿਚਾਰਾਂ ਉੱਤੇ ਪਹਿਰਾ” ਅਤੇ “ਭਰਮ ਪੈਦਾ ਕਰਨ ਵਾਲੀ ਭਾਸ਼ਾ” ਪੂਰੇ ਜ਼ੋਰ ਨਾਲ ਲਾਗੂ ਕੀਤੇ ਜਾ ਚੁੱਕੇ ਹਨ। “ਦੋ ਮਿੰਟਾਂ ਦੀ ਨਫ਼ਰਤ” 24 ਘੰਟਿਆਂ ਦੀ ਨਫ਼ਰਤ ਵਿੱਚ ਬਦਲ ਚੁੱਕੀ ਹੈ। ਇਨ੍ਹਾਂ ਹਾਲਾਤ ਦੀ ਤੁਲਨਾ ਜੇਕਰ ਜਾਰਜ ਔਰਵੈੱਲ ਦੀ ਕਿਤਾਬ 1984 ਨਾਲ ਕੀਤੀ ਜਾਵੇ, ਜਿਸ ਵਿੱਚ “ਮਹਾਨ ਨੇਤਾ” ਦੇ ਸੋਹਲੇ ਨਾ ਗਾਉਣ ਨੂੰ ਗੱਦਾਰੀ ਮੰਨਿਆ ਜਾਦਾ ਹੈ ਤਾਂ ਕੀ ਇਸ ਨੂੰ ਹਕੀਕਤ ਤੋਂ ਦੂਰ ਮੰਨਿਆ ਜਾਵੇਗਾ?
ਅੱਗੇ ਪੜ੍ਹੋ
ਕੇਂਦਰੀ ਸੱਤਾ ਵੱਲੋਂ ਦਾਅਵੇ ਤਾਂ ਕੀਤੇ ਗਏ ਪਰ ਸਵਾਲ ਹੈ ਕਿ ਭਾਰਤ ਦਾ ਦੁਨੀਆ ਦੀ ਆਮਦਨ ‘ਚ ਚੌਥਾ ਨੰਬਰ, ਕੀ ਸੱਚਮੁੱਚ ਅਮੀਰ ਹੈ ਭਾਰਤ? ਸਰਕਾਰ ਨੇ NAREGA ਨਰੇਗਾ ਵਿੱਚ ਵੱਡੀ ਤਬਦੀਲੀ G RAM G । ਕੀ ਬਦਲਿਆ?

Leave a Reply