ਮੈਂ ਓਦੋਂ ਮਹਿਜ 5-6 ਸਾਲਾਂ ਦੀ ਸੀ, ਸ਼ਾਇਦ ਨਰਸਰੀ ਕਲਾਸ ‘ਚ ਪੜ੍ਹਦੀ ਹੋਣੀ, ਜਦੋਂ ਪਹਿਲੀ ਵਾਰ ਮੈਂ ਆਪਣੇ ਦੋਹਾਂ ਪੱਟਾਂ ਦੇ ਵਿਚਕਾਰ ਇੱਕ 26-27 ਸਾਲਾਂ ਦੇ ਮੁੰਡੇ ਦਾ ਲਿੰਗ ਮਹਿਸੂਸ ਕੀਤਾ। ਉਹ ਸਾਡੇ ਗੁਆਂਢ ਹੀ ਰਹਿੰਦਾ ਸੀ ਤੇ ਉਹਨਾਂ ਦੇ ਟੱਬਰ ਦਾ ਸਾਡੇ ਘਰ ਆਉਣ-ਜਾਣ ਸੀ। ਮੈਨੂੰ ਓਦੋਂ ਕੁੱਝ ਸਮਝ ਨਹੀਂ ਆਇਆ ਕਿ ਹੋ ਕੀ ਰਿਹੈ ਪਰ ਕੁੱਝ ਵੀ ਠੀਕ ਨਹੀਂ ਸੀ ਲੱਗ ਰਿਹਾ। ਮੈਨੂੰ ਅੱਜ ਵੀ ਯਾਦ ਐ ਕਿ ਮੈਂ ਉਸ ਦਿਨ ਪੂਰੀਆਂ ਬਾਹਾਂ ਦੀ ਟੀ-ਸ਼ਰਟ ਨਾਲ ਲਾਲ ਰੰਗ ਦੀ ਸ਼ਨੀਲ ਦੀ ਪਜਾਮੀ ਪਾਈ ਹੋਈ ਸੀ। ਇਹ ਡੀਟੇਲ ਮੈਨੂੰ ਅੱਜ ਵੀ ਬਾਖ਼ੂਬੀ ਯਾਦ ਹੈ ਕਿਉਂਕਿ ਉਹ ਸ਼ਨੀਲ ਦੀ ਪਜਾਮੀ ਮੇਰੀ ਇੰਗਲੈਂਡ ਰਹਿੰਦੀ ਮਾਸੀ ਮੇਰੇ ਲਈ ਨਵੀਂ ਲਿਆਈ ਸੀ ਤੇ ਮੈਂ ਉਸ ਦਿਨ ਪਹਿਲੀ ਵਾਰ ਪਾਈ ਸੀ। ਮੇਰਾ ਤਾਂ ਉਸ ਦਿਨ ਚਾਅ ਨਹੀਂ ਸੀ ਚੱਕਿਆ ਜਾ ਰਿਹਾ ਤੇ ਮੈਂ ਸਾਰਿਆਂ ਨੂੰ ਖੁਸ਼ੀ ਨਾਲ ਦੱਸਦੀ ਫਿਰਦੀ ਸੀ “ਪਤਾ ਐ ਇਹ ਮੇਰੀ ਮਾਸੀ ਮੇਰੇ ਲਈ ਇੰਗਲੈਂਡ ਤੋਂ ਲੈ ਕੇ ਆਈ ਆ!” ਤੇ ਇਹੀ ਮੈਂ ਉਸ ਇਨਸਾਨ ਨੂੰ ਵੀ ਦੱਸਿਆ ਸੀ। ਮੂੰਹ ਤੇ ਹੱਥਾਂ ਨੂੰ ਛੱਡ ਮੇਰੇ ਸਰੀਰ ਦਾ ਕੋਈ ਵੀ ਅੰਗ ਕੱਪੜਿਆਂ ਤੋਂ ਬਾਹਰ ਨਹੀਂ ਸੀ। ਇਹ ਵੱਖਰੀ ਗੱਲ ਹੈ ਕਿ ਓਦੋਂ ਮੈਨੂੰ ਇਸ ਗੱਲ ਦਾ ਕੋਈ ਇਹਸਾਸ ਨਹੀਂ ਸੀ ਕਿ ਇਸ ਵੇਰਵੇ ਦੀ ਵੀ ਕਦੀ ਕੋਈ ਅਹਿਮੀਅਤ ਹੋ ਸਕਦੀ ਐ। ਉਸ ਦਿਨ ਤੋਂ ਬਾਅਦ ਮੈਨੂੰ ਉਸ ਇਨਸਾਨ ਤੋਂ ਡਰ ਲੱਗਣ ਲੱਗ ਗਿਆ ਤੇ ਜਦ ਵੀ ਉਹ ਕਿਤੇ ਦਿਸਦਾ ਮੈਂ ਭੱਜ ਕੇ ਲੁੱਕ ਜਾਂਦੀ।
ਨਵਕਿਰਨ ਨੱਤ ਦੀ ਬਚਪਨ ਦੀ ਇਕ ਤਸਵੀਰ ~ਸਰੋਤ: ਫੇਸਬੁੱਕ
ਮਾਨਸਾ ਦੀ ਜੰਮਪਲ ਨਵਕਿਰਨ ਨੱਤ ਪੇਸ਼ੇ ਤੋਂ ਡੈਂਟਿਸਟ ਤੇ ਸਮਾਜਿਕ ਕਾਰਕੁੰਨ ਹੈ। ਪਿਛਲੇ ਅਰਸੇ ਤੋਂ ਉਹ ਕੁੜੀਆਂ ਦੇ ਸ਼ੋਸ਼ਣ ਨਾਲ ਸੰਬੰਧਿਤ ਟੈਬੂ ਸਮਝੇ ਜਾਂਦੇ ਮਸਲਿਆਂ ਬਾਰੇ ਜ਼ਮੀਨੀ ਪੱਧਰ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਆਪਣੇ ਵਿਚਾਰ ਪ੍ਰਗਟ ਕਰ ਰਹੀ ਹੈ। ਹਾਲ ਹੀ ਵਿਚ ਉਸ ਨੇ ਦਿੱਲੀ ਦੇ ਇਕ ਸਕੂਲ ਨਾਲ ਸੰਬੰਧਤ “ਬਾਇਸ ਲੌਕਰ ਰੂਮ” ਦੇ ਖ਼ੁਲਾਸੇ ਬਾਰੇ ਮੀਡੀਆ ਚਰਚਾਵਾਂ ਵਿਚ ਸ਼ਮਹੂਲੀਅਤ ਕੀਤੀ। ਜਿਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿਚ ਕੁੜੀਆਂ ਦੀ ਭੂਮਿਕਾ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਨਵਕਿਰਨ ਨੱਤ ਨੇ 5 ਸਾਲ ਦੀ ਉਮਰ ਵਿਚ ਸ਼ੁਰੂ ਹੋਏ ਆਪਣੇ ਸ਼ਰੀਰਕ ਸ਼ੋਸ਼ਣ ਦਾ ਦਰਦਨਾਕ ਬਿਆਨ ਫੇਸਬੁੱਕ ‘ਤੇ ਦਰਜ ਕੀਤਾ ਹੈ। ਸੋਸ਼ਲ ਮੀਡਿਆ ਦੇ ਦੌਰ ਵਿਚ ਪੰਜਾਬ ਦੀ ਕਿਸੇ ਕੁੜੀ ਵੱਲੋਂ ਪੰਜਾਬੀ ਵਿਚ ਦਰਜ ਕੀਤੇ ਗਏ ਆਪਣੇ ਨਾਲ ਹੋਏ ਸ਼ੋਸ਼ਣ ਦੀ ਸ਼ਾਇਦ ਇਹ ਪਹਿਲੀ ਮਿਸਾਲ ਹੈ। ਉਮੀਦ ਹੈ ਇਹ ਪਹਿਲ-ਕਦਮੀ ਬਾਕੀਆਂ ਦਾ ਵੀ ਹੌਸਲਾ ਬਣੇਗੀ। -ਸੰਪਾਦਕ
ਸ਼ਾਇਦ ਉਸੇ ਹੀ ਸਾਲ ਜਾਂ ਉਸਤੋਂ ਅਗਲੇ ਸਾਲ ਮੈਂ ਦੋ ਨਵੇਂ ਹੱਥ ਗ਼ਲਤ ਢੰਗ ਨਾਲ ਮੇਰੇ ਸਰੀਰ ਨੂੰ ਛੂਹੰਦੇ ਮਹਿਸੂਸ ਕੀਤੇ। ਉਹ ਪੰਜਾਹਾਂ ਕੁ ਵਰ੍ਹਿਆਂ ਦਾ, ਚਿੱਟੀ ਦਾਹੜੀ ਵਾਲਾ ਅਮ੍ਰਿਤਧਾਰੀ ਸਿੱਖ ਸੀ। ਮੈਂ ਤੇ ਮੇਰੇ ਤੋਂ ਕੁੱਝ ਕੁ ਮਹੀਨੇ ਛੋਟੀ ਮੇਰੀ ਭੈਣ ਜਦ ਘਰ ਦੇ ਬਾਹਰ ਪੱਟੜੀ ‘ਤੇ ਆਪਣੀਆਂ ਗੁੱਡੀਆਂ ਨਾਲ ਘਰ ਘਰ ਖੇਡਦੀਆਂ ਹੁੰਦੀਆਂ, ਉਹ ਟੌਫੀ ਦੇਣ ਦੇ ਬਹਾਨੇ ਸਾਨੂੰ ਆਪਣੀ ਗੋਦੀ ‘ਚ ਬਿਠਾ ਕੇ ਗ਼ਲਤ ਢੰਗ ਨਾਲ ਛੂਹੰਦਾ ਤੇ ਬੁੱਲ੍ਹਾਂ ਤੇ ਜ਼ਬਰਦਸਤੀ ਚੁੰਮਦਾ। ਸਾਨੂੰ ਦੋਹਾਂ ਨੂੰ ਇਹ ਚੰਗਾ ਨਾ ਲੱਗਦਾ ਪਰ ਉਹ ਖਿੱਚਕੇ ਆਪਣੇ ਨਾਲ ਲਾ ਲੈਂਦਾ ਅਤੇ ਉਸ ਅੱਗੇ ਸਾਡਾ ਕੋਈ ਜ਼ੋਰ ਨਾ ਚੱਲਦਾ। ਅੰਤ ਅਸੀਂ ਉਸ ਪਾਸੇ ਖੇਡਣਾ ਹੀ ਛੱਡ ਦਿੱਤਾ।
ਛੇਵੀਂ ਕਲਾਸ ‘ਚ ਮੈਂ ਉੱਘੇ ਨਾਟਕਕਾਰ ਪ੍ਰੋ. ਅਜ਼ਮੇਰ ਸਿੰਘ ਔਲਖ ਹੁਰਾਂ ਦੇ ਨਾਲ ਨਾਟਕਾਂ ‘ਚ ਹਿੱਸਾ ਲੈਣਾ ਸ਼ੁਰੂ ਕੀਤਾ। ਮੈਂ ਰੋਜ਼ ਸ਼ਾਮੀਂ ਆਪਣੇ ਘਰ ਤੋਂ ਲੱਗਭਗ 3 ਕਿਲੋਮੀਟਰ ਸਾਈਕਲ ਚਲਾ ਕੇ ਪ੍ਰੋ. ਅਜ਼ਮੇਰ ਸਿੰਘ ਹੁਰਾਂ ਘਰ ਜਾਂਦੀ ਨਾਟਕ ਦੀ ਰਿਹਰਸਲ ਕਰਨ। ਇੱਕ ਦਿਨ ਰਿਹਰਸਲ ਲਈ ਜਾਂਦੇ ਸਮੇਂ ਸਾਡੇ ਸ਼ਹਿਰ ਦੇ ਮੇਨ ਫਾਟਕ ‘ਤੇ, ਜਿੱਥੇ ਫਾਟਕ ਲੱਗਾ ਹੋਣ ਕਰਕੇ ਕਾਫ਼ੀ ਭੀੜ ਸੀ, ਇੱਕ 20-22 ਸਾਲਾਂ ਦੇ ਮੁੰਡੇ ਨੇ ਪਿੱਛੋਂ ਆਪਣਾ ਹੱਥ ਮੇਰੀਆਂ ਦੋਹਾਂ ਲੱਤਾਂ ਦੇ ਵਿਚਾਲੇ ਪਾ ਲਿਆ ਤੇ ਜਿੰਨੀ ਦੇਰ ਮੈਂ ਘਬਰਾਹਟ ਤੇ ਬੇਬੱਸੀ ਨਾਲ ਆਪਣਾ ਹੱਥ ਫੜਿਆ ਸਾਈਕਲ ਛੱਡ ਕੇ ਰੋਣ ਨਹੀਂ ਲੱਗ ਗਈ, ਉਸ ਆਪਣਾ ਹੱਥ ਨਾ ਹਟਾਇਆ। ਫਿਰ ਮੈਨੂੰ ਰੋਂਦਾ ਵੇਖ ਉਹ ਭੀੜ ਚ ਗਾਇਬ ਹੋ ਗਿਆ। ਪਰ ਭੀੜ ਚੋਂ ਕਿਸੇ ਨੇ ਵੀ ਰੁਕ ਕੇ ਇਹ ਜਾਨਣ ਦੀ ਕੋਸ਼ਿਸ਼ ਨਾ ਕੀਤੀ ਕਿ ਮੈਨੂੰ ਕੀ ਹੋਇਐ। ਉਸ ਦਿਨ ਡਰ ਨਾਲ ਕੰਬਦੀ ਮੈਂ ਆਪਣਾ ਸਾਈਕਲ ਚੁੱਕ ਰਿਹਰਸਲ ‘ਤੇ ਜਾਣ ਦੀ ਬਜਾਏ ਘਰ ਆ ਕੇ ਚਾਦਰ ਹੇਠ ਮੂੰਹ ਦੇ ਕੇ ਬਹੁਤ ਦੇਰ ਤੱਕ ਰੋਂਦੀ ਰਹੀ।
9ਵੀਂ ਕਲਾਸ ‘ਚ ਪੜ੍ਹਦਿਆਂ ਮੈਂ ਸਾਡੇ ਇੱਕ ਪਰਿਵਾਰਿਕ ਦੋਸਤ ਨੂੰ ਮੈਨੂੰ ਮੋਟਰਸਾਈਕਲ ਤੇ ਗੇੜਾ ਦਵਾਉਣ ਲਈ ਕਿਹਾ ਤੇ ਇੱਕ ਵਾਰ ਕਹਿਣ ਤੇ ਉਹ ਮੰਨ ਵੀ ਗਿਆ। ਉਸਤੋਂ ਕੁੱਝ ਸਮਾਂ ਪਹਿਲਾਂ ਹੀ ਮੈਂ ਮੋਟਰਸਾਈਕਲ ਚਲਾਉਣਾ ਸਿੱਖਿਆ ਸੀ ਤੇ ਉਹਨਾਂ ਦਿਨਾਂ ‘ਚ ਨਵਾਂ ਨਵਾਂ ਚਾਅ ਸੀ। ਮੈਂ ਸਕੂਲ ਵਾਲੀ ਸਲਵਾਰ ਕਮੀਜ਼ ਪਾਈ ਹੋਈ ਸੀ ਤੇ ਸਰਦੀ ਹੋਣ ਕਰਕੇ ਉੱਤੋਂ ਸਕੂਲ ਵਾਲੀ ਮਰੂਨ ਰੰਗ ਦੀ ਕੋਟੀ ਵੀ। ਮੋਟਰਸਾਈਕਲ ‘ਤੇ ਪਿੱਛੇ ਬੈਠੇ ਉਸ ਇਨਸਾਨ ਨੇ ਕੋਟੀ ਹੇਠੋਂ ਦੀ ਹੱਥ ਪਾ ਕੇ ਮੇਰੀਆਂ ਛਾਤੀਆਂ ਫੜ ਲਈਆਂ। ਮੈਂ ਇੱਕਦਮ ਮੋਟਰਸਾਈਕਲ ਰੋਕ ਦਿੱਤਾ ਤੇ ਮੋਟਰਸਾਈਕਲ ਤੋਂ ਹੇਠਾਂ ਉੱਤਰ ਗਈ ਅਤੇ ਉਸ ਨੂੰ ਮੈਨੂੰ ਵਾਪਿਸ ਘਰ ਛੱਡ ਦੇਣ ਲਈ ਕਿਹਾ।
ਇਸ ਤੋਂ ਇਲਾਵਾ ਅਨੇਕਾਂ ਵਾਰ ਗਲੀ ਜਾਂ ਸੜਕ ‘ਤੇ ਤੁਰੇ ਜਾਂਦਿਆਂ ਕਿਸੇ ਨੇ ਸੀਟੀ ਮਾਰੀ, ਕਿਸੇ ਨੇ ਅੱਖ ਮਾਰੀ ਜਾਂ ਕੋਈ ਗੰਦਾ ਇਸ਼ਾਰਾ ਕੀਤਾ ਜਾਂ ਕਿਸੇ ਲੱਚਰ ਗੀਤ ਦੀਆਂ ਲਾਈਨਾਂ ਗਾ ਦਿੱਤੀਆਂ ਜਾਂ ਫਿਰ ਬਿਨਾਂ ਬੋਲੇ ਸਾਈਕਲ, ਸਕੂਟਰ ਜਾਂ ਮੋਟਰਸਾਈਕਲ ‘ਤੇ ਮੇਰਾ ਇਕੱਲੀ ਦਾ ਪਿੱਛਾ ਕੀਤਾ। ਉਹਨਾਂ ‘ਚੋਂ ਕੋਈ ਸਰੀਰਕ ਪੱਖੋਂ ਥੋੜ੍ਹਾ ਤਕੜਾ ਲੱਗਦਾ ਤਾਂ ਜਦ ਤੱਕ ਘਰ ਨਾ ਪਹੁੰਚਦੀ ਡਰ ਲੱਗਦਾ ਕਿ ਕਿਧਰੇ ਰੋਕ ਕੇ ਕੁਝ ਕਰ ਹੀ ਨਾ ਦੇਵੇ।
ਨਵਕਿਰਨ ਨੱਤ ਪੇਸ਼ੇ ਤੋਂ ਡੈਂਟਿਸਟ ਹੈ ਅਤੇ ਉਸ ਨੂੰ ਘੁੰਮਣ-ਫ਼ਿਰਨ ਦਾ ਸ਼ੌਕ ਹੈ।
ਅੱਜ ਵੀ ਸੋਚ ਕੇ ਕਈ ਵਾਰ ਡਰ ਲੱਗਦੈ ਤੇ ਗੁੱਸਾ ਵੀ ਆਉਂਦੈ। ਏਨੇ ਸਾਲਾਂ ‘ਚ ਅੱਜ ਪਹਿਲੀ ਵਾਰ ਇਹ ਸਭ ਲਿੱਖ ਰਹੀ ਹਾਂ। ਸ਼ਾਇਦ ਮੈਂ ਇਹ ਸਭ ਕਦੀ ਵੀ ਨਾ ਲਿਖਦੀ ਪਰ #boislockerroom ਦੇ ਮਾਮਲੇ ਤੋਂ ਸ਼ੁਰੂ ਹੋਈ ਗੱਲਬਾਤ ਤੋਂ ਬਾਅਦ ਪਿਛਲੇ ਦਿਨਾਂ ‘ਚ ਜੋ ਕੁਝ ਲੋਕਾਂ ਤੋਂ ਸੁਣਿਆ ਉਸਤੋਂ ਮੈਨੂੰ ਲੱਗਿਆ ਕਿ ਹੁਣ ਲਿਖਣਾ ਜ਼ਰੂਰੀ ਐ ਤੇ ਉਹ ਵੀ ਇਸੇ ਭਾਸ਼ਾ ‘ਚ। ਟੈਕਨੋਲੋਜੀ ਦੇ ਦੌਰ ‘ਚ ਅਸੀਂ ਵਿਜ਼ੂਅਲਸ ਦੇ ਏਨੇ ਆਦੀ ਹੋ ਗਏ ਹਾਂ ਕਿ ਜਿੰਨੀ ਦੇਰ ਕੋਈ ਘਟਨਾ ਸਾਡੇ ਸਾਹਮਣੇ ਨਾ ਵਾਪਰੇ ਜਾਂ ਫਿਰ ਕਿਸੇ ਘਟਨਾ ਦੇ ਵਿਜ਼ੂਅਲਸ ਦਾ ਵੇਰਵਾ ਸਾਨੂੰ ਨਾ ਦਿੱਤਾ ਜਾਵੇ ਅਸੀਂ ਘਟਨਾ ਦੀ ਗੰਭੀਰਤਾ ਨੂੰ ਸਮਝਦੇ ਹੀ ਨਹੀਂ। ਇਸ ਲਈ ਜਿੰਨੀ ਕੁ ਡੀਟੇਲ ਲਿਖਣ ਦੀ ਹਿੰਮਤ ਕਰ ਪਾਈ ਇੱਥੇ ਲਿਖ ਦਿੱਤੀ ਤੇ ਬਾਕੀ……
ਪਰ ਇਹ ਮੇਰੀ ਇਕੱਲੀ ਦੀ ਕਹਾਣੀ ਨਹੀਂ। ਇਸ ਲਿਖਤ ਨੂੰ ਪੜ੍ਹਨ ਵਾਲੀਆਂ ਜਿਆਦਾਤਰ ਕੁੜੀਆਂ/ਔਰਤਾਂ ਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅ ‘ਤੇ ਇਹ ਸਭ ਝੱਲਿਆ ਹੋਣੈ। ਜੋ ਮੁੰਡੇ ਇਸ ਲਿਖਤ ਨੂੰ ਪੜ੍ਹ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਆਸ ਪਾਸ ਜਿੰਨੀਆਂ ਔਰਤਾਂ ਨੇ ਜਿਨ੍ਹਾਂ ਦਾ ਤੁਸੀਂ ਸਤਿਕਾਰ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਜਿਨ੍ਹਾਂ ਤੇ ਕਦੀ ਕੋਈ ਮੁਸ਼ਕਿਲ ਪਵੇ ਤਾਂ ਤੁਹਾਨੂੰ ਤਕਲੀਫ਼ ਹੁੰਦੀ ਐ ਉਹਨਾਂ ਸਭ ਨੇ ਵੀ ਇਹ ਸਭ ਕੁਝ ਆਪਣੀ ਜ਼ਿੰਦਗੀ ‘ਚ ਕਿਸੇ ਨਾ ਕਿਸੇ ਮੌੜ ‘ਤੇ ਜ਼ਰੂਰ ਝੱਲਿਐ ਘਰਾਂ ‘ਚ, ਆਂਢ-ਗੁਵਾਂਢ ‘ਚ, ਸੜਕਾਂ ਅਤੇ ਗਲੀਆਂ ‘ਚ, ਆਪਣਿਆਂ ਤੋਂ ਤੇ ਬੇਗਾਨਿਆਂ ਤੋਂ ਵੀ (ਕਦੀ ਹਿੰਮਤ ਪਵੇ ਤਾਂ ਉਹਨਾਂ ਨੂੰ ਫਰੋਲ ਕੇ ਦੇਖਣਾ)। ਅਤੇ ਸਿਰਫ਼ ਕੁੜੀਆਂ ਹੀ ਨਹੀਂ, ਮੈਂ ਆਪਣੇ ਕੁਝ ਮਰਦ ਦੋਸਤਾਂ ਨੂੰ ਵੀ ਜਾਣਦੀ ਹਾਂ ਜਿਨ੍ਹਾਂ ਨੇ ਆਪਣੇ ਬਚਪਨ ‘ਚ ਵੱਡੀ ਉਮਰ ਦੇ ਬੰਦਿਆਂ ਤੋਂ ਸਰੀਰਕ ਸ਼ੋਸ਼ਣ ਝੱਲਿਆ ਹੈ। ਬਸ ਫਰਕ ਇਹ ਹੈ ਕਿ ਮੈਂ ਅੱਜ ਲਿਖ ਦਿੱਤਾ ਤੇ ਉਹ ਅਜੇ ਵੀ ਚੁੱਪ ਨੇ। ਸਾਡੇ ਸਮਾਜ ਦੇ ਜਿਆਦਾਤਰ ਘਰਾਂ ਦੇ ਮੁਕਾਬਲੇ ਮੈਂ ਇੱਕ ਅਗਾਂਹਵਧੂ ਪਰਿਵਾਰ ‘ਚ ਜੰਮੀ-ਪਲੀ ਹਾਂ, ਫਿਰ ਵੀ ਮੈਂ ਯੂਨੀਵਰਸਿਟੀ ‘ਚ ਜਾ ਕੇ ਏਨੀ ਹਿੰਮਤ ਕਰ ਪਾਈ ਕਿ ਆਪਣੇ ਮਾਪਿਆਂ ਨੂੰ ਮੇਰੇ ਨਾਲ ਵਾਪਰੀਆਂ ਇਹਨਾਂ ਘਟਨਾਵਾਂ ਬਾਰੇ ਦੱਸ ਸਕੀ। ਇਸੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਕੀ ਕੁੜੀਆਂ ਜਾਂ ਬੱਚਿਆਂ ਦੀ ਹਾਲਤ ਕੀ ਹੋਊ।
ਮੈਨੂੰ ਇਹ ਵੀ ਪਤਾ ਐ ਕਿ ਪੜ੍ਹਨ ਵਾਲਿਆਂ ‘ਚੋਂ ਕਈ ਲੋਕ ਮੇਰੀਆਂ ਗੱਲਾਂ ਨਾਲ ਪਹਿਲੋਂ ਹੀ ਸਹਿਮਤ ਹਨ। ਪਰ ਇਹ ਲਿਖਤ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ ਜੋ ਅੱਜ ਵੀ ਸਰੀਰਕ ਸ਼ੋਸ਼ਣ ਲਈ ਕੁੜੀਆਂ ਨੂੰ ਜਿੰਮੇਦਾਰ ਮੰਨਦੇ ਹਨ ਜਾਂ ਫਿਰ ਪੂਰੀ ਤਰਾਂ ਨਹੀਂ ਪਰ ਉਹਨਾਂ ਨੂੰ ਲੱਗਦਾ ਕਿ ਕੁਝ ਕੁ ਗ਼ਲਤੀ ਤਾਂ ਕੁੜੀਆਂ ਦੀ ਵੀ ਹੁੰਦੀ ਐ।
ਤੁਸੀਂ ਆਖਦੇ ਹੋ ਕਿ ਤਾੜੀ ਕਦੀ ਇੱਕ ਹੱਥ ਨਾਲ ਨਹੀਂ ਵੱਜਦੀ ਪਰ ਸੱਚ ਮੰਨਿਓ ਜਦ ਮੈਂ 5-6 ਸਾਲ ਦੀ ਸੀ ਮੈਨੂੰ ਤਾਂ ਤਾੜੀ ਦਾ ਸਿਰਫ ਇੱਕ ਹੀ ਮਤਲਬ ਪਤਾ ਸੀ, ਉਹ ਇਹ ਕਿ ਜਦੋਂ ਕੋਈ ਖੁਸ਼ ਹੁੰਦੈ ਓਦੋਂ ਤਾੜੀ ਵਜਾਉਂਦਾ ਹੈ। ਜਿਸ ਤਾੜੀ ਦੀ ਤੁਸੀਂ ਗੱਲ ਅੱਜ ਪਏ ਕਰਦੇ ਓਂ ਮੈਨੂੰ ਓਦੋਂ ਉਸਦਾ ਤਾਂ ਕੋਈ ਇਲਮ ਹੀ ਨਹੀਂ ਸੀ।
ਤੁਸੀਂ ਕਹਿੰਦੇ ਹੋ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ, ਅੰਗ ਪ੍ਰਦਰਸ਼ਨ ਕਰਦੀਆਂ ਪਰ ਮੇਰੇ ਕੱਪੜੇ ਤਾਂ ਛੋਟੇ ਨਹੀਂ ਸੀ ਬਲਕਿ ਮੈਂ ਤਾਂ ਆਪ ਹੀ ਛੋਟੀ ਜੀ ਸੀ। ਜਿਹੜੇ ਅੰਗਾਂ ਦੇ ਪ੍ਰਦਰਸ਼ਨ ਦੀ ਤੁਸੀਂ ਗੱਲ ਕਰਦੇ ਹੋ ਮੇਰੇ ਤਾਂ ਉਹ ਓਦੋਂ ਵਿਕਸਿਤ ਵੀ ਨਹੀਂ ਸੀ ਹੋਏ।
ਤੁਸੀਂ ਆਖਦੇ ਹੋ ਕੁੜੀਆਂ ਰਾਤ ਬਰਾਤੇ ਮੁੰਡਿਆਂ ਨਾਲ ਘੁੰਮਦੀਆਂ ਨੇ ਤਾਂ ਕਰਕੇ ਇਹ ਸਭ ਹੁੰਦੈ ਪਰ ਮੈਂ ਨਾ ਤਾਂ ਓਦੋਂ ਕਿਸੇ ਮੁੰਡੇ ਨਾਲ ਘੁੰਮਦੀ ਸੀ ਤੇ ਨਾ ਹਨ੍ਹੇਰੇ ਹੋਏ ਘਰੋਂ ਬਾਹਰ ਜਾਂਦੀ ਸੀ। ਮੇਰੇ ਨਾਲ ਤਾਂ ਇਹ ਸਭ ਦਿਨ ਦਿਹਾੜੇ ਹੋਇਆ।
ਤੁਸੀਂ ਆਖਦੇ ਹੋ ਟੈਕਨੋਲੋਜੀ ਨੇ ਜਵਾਕ ਤੇ ਨੌਜਵਾਨ ਵਿਗਾੜ ਦਿੱਤੇ, ਮੋਬਾਈਲ ਫੋਨਾਂ ਨੇ ਮੁੰਡੇ ਕੁੜੀਆਂ ਦਾ ਬੇੜਾ ਗਰਕ ਕਰਤਾ ਪਰ ਓਦੋਂ ਤਾਂ ਸਾਡੇ ਸ਼ਹਿਰਾਂ ‘ਚ ਮੋਬਾਈਲ-ਇੰਟਰਨੈਟ ਵਰਗੀ ਕੋਈ ਸ਼ੈਹ ਹੁੰਦੀ ਹੀ ਨਹੀਂ ਸੀ, ਅਸੀਂ ਤਾਂ ਆਪਣੀਆਂ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ।
ਹੋ ਸਕਦੈ ਕਈਆਂ ਦੀ ਇਹ ਸਭ ਪੜ੍ਹ ਕੇ ਵੀ ਤਸੱਲੀ ਨਾ ਹੋਈ ਹੋਵੇ ਤੇ ਉਹ ਕਹਿਣ ਰੇਪ ਤਾਂ ਨਹੀਂ ਨਾ ਹੋਇਆ, ਸਿਰਫ ਤੈਨੂੰ ਇੱਥੇ-ਉੱਥੇ ਛੂਹਿਆ ਹੀ ਸੀ। ਤਾਂ ਫਿਰ ਸ਼ਾਇਦ ਮੇਰੇ ਕੋਲ ਲਫ਼ਜ਼ ਘੱਟ ਪੈ ਜਾਣ। ਮੈਂ ਤੁਹਾਨੂੰ ਸ਼ਾਇਦ ਇਹਨਾਂ ਲਫ਼ਜ਼ਾਂ ‘ਚ ਨਾ ਬਿਆਨ ਕਰ ਸਕਾਂ ਕਿ ਉੱਪਰ ਦੱਸੀਆਂ ਘਟਨਾਵਾਂ ਨੇ ਮੇਰੀ ਜ਼ਿੰਦਗੀ ਦੇ ਕਿੰਨੇ ਸਾਲ ਖ਼ਰਾਬ ਕੀਤੇ ਹਨ, ਕਿੰਨਾ ਮਾਨਸਿਕ ਤਸ਼ੱਦਦ ਦਿੱਤੈ ਮੈਨੂੰ। ਇੱਕ ਦੌਰ ‘ਚ ਤਾਂ ਮੈਂ ਆਪਣੇ ਆਪ ਤੋਂ ਨਫਰਤ ਕਰਨ ਲੱਗੀ ਸਾਂ। ਕਿਉਂਕਿ ਤੁਸੀਂ ਸਭ ਨੇ ਨਾ ਤਾਂ ਸਾਨੂੰ ਇਹ ਦੱਸਿਆ ਕਿ ਸਾਨੂੰ ਏਨੀ ਛੋਟੀ ਉਮਰੇ ਇਹ ਸਭ ਝੱਲਣਾ ਪੈਣਾ ਹੈ ਅਤੇ ਨਾ ਹੀ ਇਹ ਕਿ ਜੇ ਇਹ ਸਭ ਹੋ ਵੀ ਜਾਵੇ ਤਾਂ ਇਸ ਨਾਲ ਨਜਿੱਠਣਾ ਕਿਵੇਂ ਹੈ।
ਅੱਜ ਮੈਂ ਜਾਂ ਮੇਰੇ ਵਰਗੀਆਂ ਹੋਰ ਕੁੜੀਆਂ ਜਦ ਔਰਤ ਦੀ ਬਰਾਬਰੀ ਦੀ ਗੱਲ ਕਰਦੀਆਂ ਨੇ, ਉਹਨਾਂ ‘ਤੇ ਹੁੰਦੇ ਸ਼ੋਸ਼ਣ ਨੂੰ ਖਤਮ ਕਰਨ ਦੀ ਗੱਲ ਕਰਦੀਆਂ ਨੇ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਆਦਾ ਪੜ੍ਹ ਲਿਖ ਕੇ ਸਾਡਾ ਦਿਮਾਗ ਖ਼ਰਾਬ ਹੋ ਗਿਆ। ਪਰ ਸੱਚ ਮੰਨਿਓ ਔਰਤ ‘ਤੇ ਹੁੰਦੇ ਸ਼ੋਸ਼ਣ ਅਤੇ ਨਾ-ਬਰਾਬਰੀ ਦਾ ਇਲਮ ਮੈਨੂੰ ਕਿਤਾਬਾਂ ਪੜ੍ਹ ਕੇ ਨਹੀਂ ਹੋਇਆ ਕਿਉਂਕਿ ਤੁਸੀਂ ਤਾਂ ਸਕੂਲਾਂ ਕਾਲਜਾਂ ‘ਚ ਇਸ ਸਭ ਬਾਰੇ ਗੱਲ ਹੀ ਨਹੀਂ ਕਰਦੇ, ਤੁਸੀਂ ਤਾਂ ਅਜੇ ਇਸ ਨਾ-ਬਰਾਬਰੀ ਨੂੰ ਮੰਨਣ ਲਈ ਵੀ ਤਿਆਰ ਨਹੀਂ। ਨਾ ਹੀ ਮੈਂ ਕਿਸੇ ਦਾ ਭਾਸ਼ਣ ਸੁਣ ਕੇ ਸਿੱਖੀ ਆਂ ਬਲਕਿ ਮੈਨੂੰ ਤਾਂ ਉਪਰ ਬਿਆਨੇ ਮੇਰੀ ਆਪਣੀ ਜ਼ਿੰਦਗੀ ਦੇ ਮਾੜੇ ਤਜਰਬਿਆਂ ਨੇ ਇਹ ਕੌੜਾ ਸੱਚ ਸਿਖਾਇਆ ਹੈ। ਹਾਂ ਕਿਤਾਬਾਂ ਪੜ੍ਹ ਕੇ ਤੇ ਕਈ ਭਾਸ਼ਣ ਸੁਣ ਕੇ ਇਸ ਨਾ-ਬਰਾਬਰੀ ਅਤੇ ਸ਼ੋਸ਼ਣ ਦੇ ਖਿਲਾਫ ਖੜੇ ਹੋਣ ਦਾ, ਲੜਨ ਦਾ ਤੇ ਇਸ ਨੂੰ ਬਦਲ ਦੇਣ ਦਾ ਹੌਂਸਲਾ ਜ਼ਰੂਰ ਮਿਲਿਆ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਇਹ ਸ਼ੋਸ਼ਣ ਬੰਦ ਕਰਕੇ ਬਰਾਬਰੀ ਲਿਆਉਣ ਦੀ ਗੱਲ ਕਰਦੇ ਹਾਂ ਅਤੇ ਤੁਹਾਡੇ ਮੌਜੂਦਾ ਸਿਸਟਮ ਨੂੰ ਪਲਟਾ ਸੁੱਟਣ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਕਈਆਂ ਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਕਿਤੇ ਕੱਲ ਨੂੰ ਉਲਟਾ ਔਰਤਾਂ ਤੁਹਾਡੇ ਉੱਤੇ ਜਿਆਦਤੀਆਂ ਨਾ ਕਰਨ ਲੱਗ ਜਾਣ। ਕਿਉਂਕਿ ਅੰਦਰੋਂ-ਅੰਦਰੀਂ ਤਾਂ ਤੁਸੀਂ ਇਸ ਗੱਲ ਤੋਂ ਭਲੀਭਾਂਤ ਜਾਣੂ ਹੋ ਕਿ ਸਦੀਆਂ ਤੋਂ ਤੁਸੀਂ ਔਰਤਾਂ ਅਤੇ ਬਾਕੀ ਲੈੰਗਿਕ ਘੱਟ ਗਿਣਤੀਆਂ ‘ਤੇ ਕਿਵੇਂ ਜਿਆਦਤੀਆਂ ਕਰਦੇ ਆਏ ਹੋ। ਇਸੇ ਕਰਕੇ ਤੁਹਾਡੇ ‘ਚੋਂ ਕਈ, ਜੋ ਮਾੜਾ ਮੋਟਾ ਨਾਰੀਵਾਦ ਦੇ ਹੱਕ ‘ਚ ਹਾਮੀ ਭਰਦੇ ਵੀ ਨੇ, ਹਰ ਕਦਮ ਉੱਤੇ ਸਾਡੇ ਤੋਂ ਇਹ ਗਰੰਟੀ ਮੰਗਦੇ ਹੋ ਕਿ ਨਾਰੀਵਾਦ ਦਾ ਮਤਲਬ ਬਰਾਬਰਤਾ ਤੇ ਸਿਰਫ ਬਰਾਬਰਤਾ ਹੀ ਹੋਵੇਗਾ ਨਾ।
ਕਈ ਵਾਰ ਤਾਂ ਲੱਗਦਾ ਹੈ ਕਿ ਸਿਰਫ ਬਰਾਬਰਤਾ ਮੰਗਣ ਤੇ ਤੁਹਾਨੂੰ ਸਾਡੇ ਤੋਂ ਏਨਾ ਡਰ ਲੱਗਦੈ ਜੇ ਕਿਧਰੇ ਅਸੀਂ ਇਹਨਾਂ ਸਾਰੇ ਜ਼ੁਲਮਾਂ ਅਤੇ ਵਧੀਕੀਆਂ ਦਾ ਬਦਲਾ ਮੰਗਣ ਲੱਗ ਜਾਈਏ ਤਾਂ ਤੁਹਾਡਾ ਕੀ ਹਾਲ ਹੋਊ!
ਮੇਰੀਆਂ ਇਹਨਾਂ ਸਭ ਗੱਲਾਂ ਦਾ ਮਤਲਬ ਹਰਗਿਜ਼ ਇਹ ਨਾ ਸਮਝਿਆ ਜਾਵੇ ਕਿ ਮੈਨੂੰ ਮਰਦਾਂ ਨਾਲ ਕੋਈ ਨਫਰਤ ਹੈ ਬਲਕਿ ਮੇਰੀ ਜ਼ਿੰਦਗੀ ਅੱਜ ਜਿੰਨੀ ਖ਼ੂਬਸੂਰਤ ਹੈ ਉਸਨੂੰ ਖ਼ੂਬਸੂਰਤ ਬਣਾਉਣ ‘ਚ ਕਈ ਮਰਦਾਂ ਦਾ ਵੀ ਬਹੁਤ ਵੱਡਾ ਯੌਗਦਾਨ ਹੈ। ਮੇਰੀ ਨਫਰਤ ਹੈ ਉਸ ਸੋਚ ਦੇ ਖਿਲਾਫ ਜਿਹੜੀ ਕੁਝ ਲੋਕਾਂ ਨੂੰ ਇੰਨੀ ਹਿੰਮਤ ਦਿੰਦੀ ਹੈ ਕਿ ਉਹ ਦੂਜਿਆਂ ਦਾ ਸ਼ੋਸ਼ਣ ਕਰ ਸਕਣ, ਮੈਨੂੰ ਨਫਰਤ ਹੈ ਉਸ ਪਿਤ੍ਰਸਤਾਤਮਿਕ ਸੋਚ ਦੇ ਖਿਲਾਫ ਜਿਹੜੀ ਕਿਸੇ ਇੱਕ ਜੈਂਡਰ ਨੂੰ ਬਾਕੀਆਂ ਤੋਂ ਜਿਆਦਾ ਤਾਕਤਵਰ ਸਮਝਦੀ ਹੈ।
ਨਵਕਿਰਨ ਨੂੰ ਸਮਾਜਿਕ ਕਾਰਜਾਂ ਦੀ ਗੁੜ੍ਹਤੀ ਪਰਿਵਾਰ ਵਿਚੋਂ ਮਿਲੀ ਤੇ ਉਹ ਔਰਤਾਂ ਦੇ ਮਸਲਿਆਂ ‘ਤੇ ਕੰਮ ਕਰਦੀ ਹੈ
ਝੂਠ ਨਹੀਂ ਬੋਲਾਂਗੀ, ਜਿਹਨਾਂ ਲੋਕਾਂ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ ਉਹਨਾਂ ਨਾਲ ਜ਼ਰੂਰ ਨਫਰਤ ਹੈ ਤੇ ਮੈਨੂੰ ਲੱਗਦਾ ਕਿ ਏਨਾ ਤਾਂ ਮੇਰਾ ਹੱਕ ਬਣਦੈ!
ਅਖੀਰ ਵਿੱਚ ਇਹੀ ਕਹਾਂਗੀ ਕਿ ਇਹ ਲਿਖਤ ਪੜ੍ਹਕੇ ਮੇਰੇ ਉੱਤੇ ਤਰਸ ਕਰਨ ਦੀ ਜਾਂ ਮੇਰੇ ਲਈ ਬੁਰਾ ਮਨਾਉਣ ਦੀ ਲੋੜ ਨਹੀਂ। ਜੇ ਸੱਚਮੁੱਚ ਬੁਰਾ ਲੱਗੇ ਤਾਂ ਇਹ ਯਾਦ ਰੱਖਿਓ ਕਿ ਤੁਸੀਂ ਆਉਣ ਵਾਲੀਆਂ ਪੀੜੀਆਂ ਲਈ ਉਹਨਾਂ ਦੀ ਜ਼ਿੰਦਗੀ ਦੇ ਤਜੁਰਬੇ ਬਦਲ ਸਕਦੇ ਹੋ, ਉਹਨਾਂ ਨੂੰ ਸਾਡੇ ਤੋਂ ਚੰਗੀ ਜ਼ਿੰਦਗੀ ਦੇ ਸਕਦੇ ਹੋ। ਆਪਣੇ ਆਪ ਨੂੰ ਅਤੇ ਆਪਣੇ ਸਮਾਜ ਨੂੰ ਬਦਲ ਕੇ, ਤੁਹਾਡੇ ਆਸ ਪਾਸ ਜੇਕਰ ਕੁਝ ਗ਼ਲਤ ਹੋ ਰਿਹਾ ਹੈ ਉਸਨੂੰ ਰੋਕ ਕੇ ਅਤੇ ਉਸਦੇ ਖਿਲਾਫ ਅਵਾਜ਼ ਚੱਕ ਕੇ। ਅਜਿਹੇ ਲੋਕਾਂ ਦਾ ਸਾਥ ਨਾ ਦੇ ਕੇ ਜੋ ਇਹ ਸਭ ਕਰਦੇ ਨੇ ਬਲਕਿ ਉਹਨਾਂ ਦਾ ਸਾਥ ਦੇ ਕੇ ਜੋ ਇਹ ਸਭ ਝੱਲ ਰਹੇ ਨੇ।
ਮੈਂ ਇਸ ਗੱਲ ਤੋਂ ਬਾਖੂਬੀ ਜਾਣੂੰ ਹਾਂ ਕਿ ਇੱਥੇ ਸ਼ਬਦਾਂ ‘ਚ ਲਿਖਣਾ ਜਿੰਨਾ ਸੌਖਾ ਲੱਗਦਾ, ਅਸਲ ਜ਼ਿੰਦਗੀ ‘ਚ ਕਰਨਾ ਓਨਾ ਸੌਖਾ ਨਹੀਂ। ਦੇਸ਼ ਦਾ ਪੂਰਾ ਰਾਜਨੀਤਿਕ ਤੇ ਸਮਾਜਿਕ ਢਾਂਚਾ ਬਦਲਣਾ ਪੈਣਾ ਇਸ ਕੰਮ ਲਈ। ਪਰ ਸਾਨੂੰ ਸ਼ੁਰੂਆਤ ਤਾਂ ਕਿਤੋਂ ਕਰਨੀ ਹੀ ਪੈਣੀ ਹੈ ਤਾਂ ਕਿਉਂ ਨਾ ਉਹ ਸ਼ੁਰੂਆਤ ਹੁਣ ਕਰ ਲਈਏ ਇਸ ਤੋਂ ਪਹਿਲਾਂ ਕਿ ਕਈ ਹੋਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਤਜ਼ੁਰਬੇ ਖ਼ਰਾਬ ਹੋਣ।
ਨੋਟ: ਫੋਟੋ ਬਸ ਇਹ ਦੱਸਣ ਲਈ ਹੈ ਕਿ ਪਹਿਲੀ ਘਟਨਾ ਦੇ ਮੌਕੇ ਮੈਂ ਏਡੀ ਕੁ ਹੀ ਸੀ, ਸ਼ਾਇਦ ਇਸ ਤੋਂ ਵੀ ਸਾਲ ਕੁ ਛੋਟੀ।
ਸੰਪਾਦਕੀ ਨੋਟ: ਉਪਰੋਕਤ ਪੋਸਟ ਨਵਕਿਰਨ ਨੱਤ ਦੇ ਫੇਸਬੁੱਕ ਤੋਂ ਲਈ ਗਈ ਹੈ ਅਤੇ ਬਿਨਾਂ ਕਿਸੇ ਸੰਪਾਦਨ ਤੇ ਸ਼ਬਦ-ਜੋੜ ਸੁਧਾਰ ਕੀਤੇ ਹੂਬਹੂ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਹੈ। ਪੋਸਟ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ। ਇਸ ਨਾਲ ਅਦਾਰਾ ਜ਼ੋਰਦਾਰ ਟਾਈਮਜ਼ ਅਤੇ ਇਸ ਦੇ ਸੰਪਾਦਕੀ ਮੰਡਲ ਦਾ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ, ਨਾ ਹੀ ਉਹ ਇਨ੍ਹਾਂ ਲਈ ਕਿਸੇ ਵੀ ਰੂਪ ਵਿਚ ਜ਼ਿੰਮੇਵਾਰ ਹੈ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ
ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ
ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ ‘ਤੇ ਵੱਟਸ ਐਪ ਕਰੋ।
Leave a Reply