ਇਸ ਵੇਲੇ ਕੈਨੇਡਾ (Canada) ਦੇ ਸ਼ਹਿਰ ਟੋਰੋਂਟੋ ਵਿਚ ਰਹਿ ਰਹੇ ਪੰਜਾਬੀਆਂ ਨੂੰ ਪੰਜਾਬ ਦੇ ਬਹੁਤ ਸਾਡੇ ਲੀਡਰ ਯਾਦ ਆ ਰਹੇ ਹੋਣਗੇ, ਜਿਨ੍ਹਾਂ ਦੇ ਪ੍ਰੇਮ-ਸੰਬੰਧਾਂ ਦੇ ਕਿੱਸੇ ਅਕਸਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਰਹੇ। ਕੈਨੇਡਾ ਦੇ ਟੋਰੋਂਟੋ ਸ਼ਹਿਰ ਦੇ ਵਾਸੀਆਂ ਲਈ ਇਹ ਖ਼ਬਰ ਉਨ੍ਹਾਂ ਦੇ ਮੇਅਰ ਜੌਨ ਟੋਰੀ (Mayor John Tory) ਦੇ ਅਸਤੀਫ਼ੇ ਦੇ ਬਾਰੇ ਹੈ। ਆਪਣੇ ਤੋਂ ਅੱਧੀ ਤੋਂ ਵੀ ਘਟ ਉਮਰ ਦੀ ਮੁਲਾਜ਼ਮ ਔਰਤ ਨਾਲ ਸੰਬੰਧਾਂ (affair) ਦੀ ਖ਼ਬਰ ਅਖ਼ਬਾਰ ਵਿਚ ਛਪਣ ਦੇ ਇਕ ਘੰਟੇ ਦੇ ਅੰਦਰ-ਅੰਦਰ 68 ਸਾਲਾਂ ਦੇ ਟੋਰਾਂਟੋ ਦੇ ਮੇਅਰ ਜੌਨ ਟੋਰੀ (Mayor John Tory) ਨੇ ਅਸਤੀਫ਼ਾ ਦੇ ਦਿੱਤਾ। ਹੁਣ ਟੋਰੋਂਟੋ (Toronto) ਸਮੇਤ ਪੂਰੀ ਦੁਨੀਆ ਵਿਚ ਰਹਿ ਰਹੇ ਪੰਜਾਬੀ ਸੋਚਦੇ ਹੋਣਗੇ ਕਿ ਕੀ ਕਦੇ ਪੰਜਾਬ (Punjab) ਜਾਂ ਭਾਰਤ (India) ਦੇ ਲੀਡਰ ਵੀ ਇਸ ਤਰ੍ਹਾਂ ਦਾ ਅਸਤੀਫ਼ਾ ਦੇਣਗੇ? ਪਰ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਟੌਰੀ ਨੇ ਅਸਤੀਫ਼ਾ ਕਿਉਂ ਦਿੱਤਾ?
ਮਸਲਾ ਕੀ ਹੈ?

ਅੱਗੇ ਵਧਣ ਤੋਂ ਪਹਿਲਾਂ ਇਹ ਦੱਸ ਦੇਈਏ ਕਿ ਮਸਲਾ ਕੀ ਹੈ? ਮਸਲਾ ਦਰਅਸਲ ਇਹ ਹੈ ਕਿ ਕੋਰੋਨਾ (covid-19) ਫੈਲਣ ਦੌਰਾਨ ਦੁਨੀਆ ਭਰ ਸਮੇਤ ਕੈਨੇਡਾ (Canada) ਦੇ ਟੋਰੋਂਟੋ (Toronto ) ਸ਼ਹਿਰ ਵਿਚ ਵੀ ਤਾਲਾਬੰਦੀ ਚੱਲ ਰਹੀ ਸੀ। ਇਸ ਦੌਰਾਨ ਸ਼ਹਿਰ ਦੀ ਸਾਫ਼ ਸਫਾਈ ਤੋਂ ਲੈ ਕੇ ਰੋਜ਼ਾਨਾਂ ਜ਼ਰੂਰਤਾਂ ਦੀ ਪੂਰਤੀ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਟੋਰੋਂਟੋ ਟਾਊਨ ਹਾਲ (ਨਗਰ ਨਿਗਮ) ਦੀ ਸੀ। ਜਿਸ ਦੀ ਅਗਵਾਈ ਮੇਅਰ ਜੌਨ ਟੋਰੀ (Mayor John Tory) ਕਰ ਰਹੇ ਸਨ।
ਸ਼ੁੱਕਰਵਾਰ 10 ਫਰਵਰੀ 2023 ਦੀ ਸ਼ਾਮ ਟੋਰਾਂਟੋ ਦੇ ਲੋਕਲ ਅਖ਼ਬਾਰ ਟੋਰਾਂਟੋ ਸਟਾਰ (Toronto Star) ਨੇ ਮੇਅਰ ਜੌਨ ਟੌਰੀ ਦੇ ਇਕ ਸਟਾਫ਼ ਮੈਂਬਰ ਔਰਤ ਨਾਲ ਸੰਬੰਧਾਂ ਬਾਰੇ ਕੁਝ ਸੁਆਲ ਮੇਅਰ ਦਫ਼ਤਰ ਨੂੰ ਭੇਜੇ। ਦੇਰ ਸ਼ਾਮ 7:40 ਵਜੇ ਟੋਰਾਂਟੋ ਸਟਾਰ ਅਖ਼ਬਾਰ ਨੂੰ ਮੇਅਰ ਜੌਨ ਟੌਰੀ ਦੇ ਵਕੀਲ ਪੀਟਰ ਏ ਡਾਊਨਵਰਡ (Peter A. Downward) ਤੋਂ ਲਿਖਤੀ ਜੁਆਬ ਮਿਲਿਆ ਕਿ ਕੋਰੋਨ ਮਹਾਂਮਾਰੀ (covid-19) ਦੌਰਾਨ ਮੇਅਰ ਦੇ ਸੰਬੰਧ ਉਸ ਦੇ ਦਫ਼ਤਰ ਵਿਚ ਕੰਮ ਕਰਦੀ ਇਕ ਔਰਤ ਨਾਲ ਬਣ ਗਏ ਸਨ। ਉਨ੍ਹਾਂ ਇਹ ਵੀ ਲਿਖਿਆ ਕਿ ਇਸ ਰਿਸ਼ਤਾ ਇਸ ਸਾਲ ਦੇ ਸ਼ੁਰੂ ਵਿਚ ਖ਼ਤਮ ਹੋ ਗਿਆ ਸੀ। ਨਾਲ ਹੀ ਮੇਅਰ ਜੌਨ ਟੋਰੀ ਨੇ ਰਾਤ 8.30 ਵਜੇ ਪ੍ਰੈਸ ਕਾਨਫ਼ਰੰਸ ਸੱਦ ਲਈ। ਅਖ਼ਬਾਰ ਨੇ ਇਸ ਜੁਆਬ ਸਮੇਤ ਖ਼ਬਰ ਛਾਪੀ। ਅਖ਼ਬਾਰ ਨੇ ਉਸ ਔਰਤ ਦਾ ਨਾਮ ਤਾਂ ਨਹੀਂ ਦੱਸਿਆ, ਪਰ ਇਹ ਜ਼ਰੂਰ ਦੱਸਿਆ ਕਿ 31 ਸਾਲਾਂ ਦੀ ਔਰਤ ਮੇਅਰ ਦੇ ਦਫ਼ਤਰ ਵਿਚ ਸਲਾਹਕਾਰ ਸੀ।
ਸੰਬੰਧ ਬਣਾਉਣ ਪਿੱਛੇ ਕੀ ਦੱਸੀ ‘ਮਜਬੂਰੀ’?
ਦੇਰ ਸ਼ਾਮ ਪ੍ਰੈਸ ਦੇ ਰੂਬਰੂ ਹੁੰਦਿਆਂ ਕਰੀਬ 8:32 ਵਜੇ ਜੌਨ ਟੋਰੀ ਨੇ ਦੱਸਿਆ ਕਿ ਉਹ ਆਪਣੇ ਕੋਲੋਂ ਹੋਈ ਵੱਡੀ ਭੁੱਲ ਕਰਕੇ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਨੇ ਟੋਰਾਂਟੋ ਵਾਸੀਆਂ ਤੇ ਆਪਣੀ 40 ਸਾਲਾਂ ਤੋਂ ਵਧ ਸਾਥ ਨਿਭਾ ਰਹੀ ਪਤਨੀ ਬਾਰਬ ਤੋਂ ਮੁਆਫ਼ੀ ਮੰਗੀ। ਟੌਰੀ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਇਸ ਲਈ ਕੀਤਾ ਤਾਂ ਕਿ ਉਹ ਆਪਣੀਆਂ ਗ਼ਲਤੀਆਂ ਬਾਰੇ ਵਿਚਾਰ ਕਰ ਸਕਣ। ਨਾਲ ਹੀ ਆਪਣੇ ਪਰਿਵਾਰ ਦਾ ਭਰੋਸਾ ਵਾਪਸ ਹਾਸਲ ਕਰਨ ਲਈ ਕੁਝ ਕਰ ਸਕਣ।
ਮੇਅਰ ਜੌਨ ਟੋਰੀ (Mayor John Tory) ਨੇ ਦਫ਼ਤਰ ਵਿਚ ਕੰਮ ਕਰਦੀ ਸਲਾਹਕਾਰ ਔਰਤ ਨਾਲ ਸੰਬੰਧ ਕਿਵੇਂ ਬਣਿਆ ਇਸ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ (covid-19) ਦੌਰਾਨ ਉਨ੍ਹਾਂ ਨੂੰ ਆਪਣੀ ਪਤਨੀ ਤੋਂ ਲੰਮਾਂ ਸਮਾਂ ਦੂਰ ਰਹਿਣਾ ਪਿਆ। ਇਸ ਦੌਰਾਨ ਦਫ਼ਤਰ ਵਿਚ ਕੰਮ ਕਰਦੀ ਸਲਾਹਕਾਰ ਔਰਤ ਨਾਲ ਉਨ੍ਹਾਂ ਦੀ ਨੇੜਤਾ ਵਧ ਗਈ।
ਮੇਅਰ ਨੇ ਅਹੁਦਾ ਛੱਡਣ ਦੀ ਤਰੀਕ ਤਾਂ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਮੇਅਰ ਦਫ਼ਤਰ ਦਾ ਕੰਮ ਸਹੀ ਢੰਗ ਨਾਲ ਚੱਲਦਾ ਰਹੇ, ਇਸ ਵਾਸਤੇ ਉਹ ਡਿਪਟੀ ਮੇਅਰ ਜੈਨਿਫ਼ਰ ਮੈਕਲਵੀ ਤੇ ਦਫ਼ਤਰੀ ਸਟਾਫ਼ ਨਾਲ ਸਹਿਯੋਗ ਕਰਦੇ ਰਹਿਣਗੇ।
ਸਾਲਾਂ ਦੀ ਸਾਖ਼ ਗੁਆਈ
ਜੌਨ ਟੋਰੀ ਪਿਛਲੇ ਬਾਰਾਂ ਸਾਲ੍ਹਾਂ ਤੋਂ ਟੋਰਾਂਟੋ ਦੇ ਮੇਅਰ ਸਨ। ਸਾਲ 2014 ਵਿਚ ਉਹ ਉਸ ਵੇਲੇ ਮੇਅਰ ਬਣੇ ਸਨ ਜਦੋਂ ਟਾਊਨ ਹਾਲ ਸਾਬਕਾ ਮੇਅਰ ਰੋਬ ਫੋਰਡ ਦੇ ਕਾਰਜਕਾਲ ਦੌਰਾਨ ਘੁਟਾਲਿਆਂ ਕਰਕੇ ਖ਼ਾਸੀ ਚਰਚਾ ਵਿਚ ਸੀ। ਉਸ ਵੇਲੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਰੋਬ ਫੋਰਡ ਦੀ ਅਗਵਾਈ ਵਾਲੇ ਘੁਟਾਲਿਆਂ ਦੇ ਚਾਰ ਸਾਲਾਂ ਦੇ ਦੁੱਖ ਤੋੜਨ ਲਈ ਉਹ “ਸਿਆਣਪ, ਯੋਗਤਾ ਤੇ ਜ਼ਿੰਮੇਵਾਰੀ ਵਾਲਾ” ਸ਼ਾਸਨ ਦੇਣਗੇ।
ਕਰੀਬ ਚਾਰ ਮਹੀਨੇ ਪਹਿਲਾਂ ਜੌਨ ਟੌਰੀ ਤੀਜੀ ਵਾਰ ਟੋਰਾਂਟੋ ਦੇ ਮੇਅਰ ਚੁਣੇ ਗਏ ਸਨ। ਸ਼ੁੱਕਰਵਾਰ ਰਾਤ ਟੋਰੀ ਨੇ ਅਸਤੀਫ਼ਾ ਦੇਣ ਦਾ ਜੋ ਕਾਰਨ ਦੱਸਿਆ ਉਹ ਇਸ ਤੋਂ ਬਿਲਕੁਲ ਉਲਟ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰੀਕੇ ਨਾਲ ਮੇਅਰ ਦਫ਼ਤਰ ਦੀ ਸ਼ਾਖ਼ ਨੂੰ ਦਾਗ਼ ਲੱਗਦੇ ਦੇਖਣਾ ਨਹੀਂ ਚਾਹੁੰਦੇ। ਨਾ ਹੀ ਆਪਣੀ ਸਹੀ ਫ਼ੈਸਲਾ ਨਾ ਕਰ ਸਕਣ ਦੀ (ਦਫ਼ਤਰ ਵਿਚ ਕੰਮ ਕਰਦੀ ਔਰਤ ਨਾਲ ਸੰਬੰਧ ਬਣਾਉਣ ਦੀ) ਗੁਸਤਾਖ਼ੀ ਕਰਕੇ ਉਹ ਸ਼ਹਿਰ ਦੀ ਸਰਕਾਰ ਨੂੰ ਲੰਮੇ ਸਮੇਂ ਤੱਕ ਵਿਵਾਦਾਂ ਵਿਚ ਘਿਰਦਿਆਂ ਦੇਖ ਸਕਦੇ ਹਨ। ਇਸ ਲਈ ਉਹ ਅਸਤੀਫ਼ਾ ਦੇ ਰਹੇ ਹਨ।
“ਮੈਂ ਟੋਰਾਂਟੋ ਲਈ ਕੁਝ ਤਾਂ ਕੀਤਾ ਹੋਵੇਗਾ”
ਮੀਡੀਆ ਨਾਲ ਗੱਲਬਾਤ ਸਮਾਪਤ ਕਰਦਿਆਂ ਟੋਰੀ ਨੇ ਕਿਹਾ, “ਉਹ ਉਨ੍ਹਾਂ ’ਤੇ ਭਰੋਸਾ ਕਰਨ ਲਈ ਟੋਰਾਂਟੋ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ। ਇਹ ਮੇਰੀ ਪੂਰੀ ਉਮਰ ਦੀ ਕਮਾਈ ਸੀ, ਪਰ ਮੈਂ ਆਪਣੇ ਲੋਕਾਂ ਤੇ ਆਪਣੇ ਪਰਿਵਾਰ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ। ਫਿਰ ਵੀ ਮੈਂ ਇਸ ਸ਼ਾਨਦਾਰ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨ ਲਈ ਮਿਲੇ ਮੌਕੇ ਦਾ ਮਾਣ ਮਹਿਸੂਸ ਕਰਦਾ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਸ਼ਹਿਰ ਨੂੰ ਸੁਰੱਖਿਅਤ ਬਣਾਈ ਰੱਖਣ ਲਈ “ਹਾਂਪੱਖੀ ਤਬਦੀਲੀ” ਲਿਆਂਦੀ।
ਟੋਰੀ ਨੇ ਕਿਹਾ, “ਮੈਨੂੰ ਲੱਗਦਾ ਹੈ ਮੈਂ ਸ਼ਹਿਰ ਲਈ ਕੁਝ ਤਾਂ ਚੰਗਾ ਕੀਤਾ ਹੈ। ” ਉਨ੍ਹਾਂ ਮੀਡੀਆ ਨੂੰ ਆਪਣੇ ਸਮੇਤ ਮਾਮਲੇ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਨਿੱਜਤਾ ਦਾ ਖ਼ਿਆਲ ਰੱਖਣ ਦੀ ਵੀ ਅਪੀਲ ਕੀਤੀ।
ਟੋਰਾਂਟੋ ਦੇ ਬਾਸ਼ਿੰਦਿਆਂ ਤੇ ਟੋਰੀ ਦੇ ਸਮਰਥਕਾਂ ਵਿਚਾਲੇ ਬਹਿਸ ਵੀ ਚੱਲ ਪਈ ਹੈ। ਕੁਝ ਟੋਰੀ ਸਮਰਥਕਾਂ ਦਾ ਕਹਿਣਾ ਹੈ ਕਿ ਔਰਤ ਨਾਲ ਸੰਬੰਧ ਉਸ ਦਾ ਨਿੱਜੀ ਮਾਮਲਾ ਹੈ। ਉਸ ਨੂੰ ਇਸ ਵਾਸਤੇ ਅਸਤੀਫ਼ਾ ਨਹੀਂ ਦੇਣਾ ਚਾਹੀਦਾ। ਉਸ ਦੇ ਉਲਟ ਲਿੰਗੀ-ਬਰਾਬਰੀ ਦੇ ਹੱਕ ਲਈ ਕੰਮ ਕਰਨ ਵਾਲੀ ਵਕੀਲ ਫਰਹਾ ਖ਼ਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਮੇਅਰ ਦਾ ਆਪਣੇ ਦਫ਼ਤਰ ਵਿਚ ਕੰਮ ਕਰਦੀ ਅੱਧੀ ਉਮਰ ਦੀ ਔਰਤ ਨਾਲ ਸੰਬੰਧ ਬਣਾਉਣਾ, ਅਹੁਦੇ ਦੀ ਦੁਰਵਰਤੋਂ ਹੈ।
ਜੌਨ ਟੋਰੀ ਦੇ ਅਸਤੀਫ਼ੇ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਮੇਅਰ ਦੀ ਜਿਮਨੀ ਚੋਣ ਲੜਨ ਲਈ ਕਮਰਕੱਸੇ ਕਰ ਲਏ ਹਨ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਸਿਆਸਤ । ਮਨੋਰੰਜਨ । ਸਭਿਆਚਾਰ । ਜੀਵਨ ਜਾਚ । ਸਿਹਤ । ਸਾਹਿਤ । ਕਿਤਾਬਾਂ
Leave a Reply