Film Review | Vekh Baratan Challiyan | ਫ਼ਿਲਮ ਸਮੀਖਿਆ: ਵੇਖ ਬਰਾਤਾਂ ਚੱਲੀਆਂ

*ਦੀਪ ਜਗਦੀਪ ਸਿੰਘ*
ਰੇਟਿੰਗ – 3/5
ਕਲਾਕਾਰ- ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਰਣਜੀਤ ਬਾਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, 
ਮੁਕੇਸ਼ ਭੱਟ, ਗੋਵਿੰਦ ਨਾਮਦੇਵ, ਮਿਥਿਲਾ ਪੁਰੋਹਿਤ
ਲੇਖਕ- ਨਰੇਸ਼ ਕਥੂਰੀਆ
ਨਿਰਦੇਸ਼ਕ- ਸ਼ਿਤਿਜ ਚੌਧਰੀ
ਦੋ-ਤਿੰਨ ਹਿੰਦੀ ਫ਼ਿਲਮਾਂ ਤੋਂ ਮਸਾਲਾ ਲੈ ਕੇ ਪੰਜਾਬੀ ਫ਼ਿਲਮ ਬਣਾਉਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਰਾਹੀਂ ਕੋਈ ਅਰਥਪੂਰਨ ਸਫ਼ਲ ਕਹਾਣੀ ਕਹਿ ਸਕਣਾ ਇਹ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ।

 

ਪੰਜਾਬੀ ਸਿਨੇਮਾ ਵਿਚ ਅਜਿਹਾ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਪਰ ਸ਼ਿਤਿਜ ਚੌਧਰੀ ਦੀ ਨਵੀਂ ਪੰਜਾਬੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਇਸ ਮਾਮਲੇ ਵਿਚ ਇਕ ਨਵੀਂ ਪੈੜ ਛੱਡਦੀ ਹੈ। ਕਈ ਹਿੰਦੀ ਫ਼ਿਲਮਾਂ ਦੀ ਖਿਚੜੀ ਤੋਂ ਬਣੀ ਫ਼ਿਲਮ ਵੇਖ ਬਰਾਤਾਂ ਚੱਲੀਆਂ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਵਹਿਮਾਂ-ਭਰਮਾਂ ਬਾਰੇ ਗੰਭੀਰ ਸੁਨੇਹਾ ਵੀ ਦਿੰਦੀ ਹੈ।

ਵਿਹਲੜ ਅਤੇ ਕਿਸੇ ਕੰਮ ਨੂੰ ਆਪਣੇ ਮੇਚ ਦਾ ਨਾ ਸਮਝਣ ਵਾਲਾ ਹੋਣ ਕਰਕੇ ਜੱਗੀ (ਬੀਨੂੰ ਢਿੱਲੋਂ) ਛੜਾ ਹੈ, ਜਿਸ ਕਰਕੇ ਉਸਦਾ ਬਾਪੂ ਕਰਮਜੀਤ ਸਿੰਘ ਵੜੈਚ (ਜਸਵਿੰਦਰ ਭੱਲਾ) ਦੁਖੀ ਹੈ, ਜੋ ਪੰਜਾਬ ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਦੇ ਰੂਟ ’ਤੇ ਮਿੰਨੀ ਬੱਸ ਚਲਾ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਸ਼ਰੀਕਾਂ ਦਾ ਪੁੱਤ ਛਿੰਦੀ (ਰਣਜੀਤ ਬਾਵਾ) ਤਾਹਨੇ-ਮਿਹਨੇ ਮਾਰ-ਮਾਰ ਕੇ ਜੱਗੀ ਅਤੇ ਉਸਦੇ ਬਾਪੂ ਦਾ ਜੀਣਾ ਹਰਾਮ ਕਰੀ ਰੱਖਦਾ ਹੈ, ਹਾਲ ਉਹਦਾ ਆਪਣਾ ਵੀ ਕੋਈ ਬਾਹਲਾ ਚੰਗਾ ਨਹੀਂ। ਮਸਲਾ ਉਦੋਂ ਵਿਗੜ ਜਾਂਦਾ ਹੈ ਜਦੋਂ ਵੜੈਚ ਦੀ ਬੱਸ ਦੇ ਡਰਾਇਵਰ ਰੇਸ਼ਮ (ਕਰਮਜੀਤ ਅਨਮੋਲ) ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਕਡੰਟਰ ਭੱਜ ਗਿਆ ਹੈ। ਕੁਝ ਦਿਨਾਂ ਤੋਂ ਸਿਹਤ ਵਿਗੜੀ ਹੋਣ ਕਰਕੇ ਵੜੈਚ ਜੱਗੀ ਨੂੰ ਕਡੰਟਰ ਵਾਲਾ ਬੈਗ ਅਤੇ ਸੀਟੀ ਫੜਾ ਕੇ ਬੱਸ ਨਾਲ ਤੋਰ ਦਿੰਦਾ ਹੈ। ਪਹਿਲਾਂ ਕਡੰਕਟਰੀ ਕਰਨ ਤੋਂ ਸਿਰ ਫੇਰਨ ਵਾਲਾ ਜੱਗੀ ਉਦੋਂ ਚਾਈਂ-ਚਾਈਂ ਤੜਕੇ ਹੀ ਬੱਸ ਲੈ ਕੇ ਜਾਣ ਲੱਗਦਾ ਹੈ ਜਦੋਂ ਉਸਦਾ ਪੇਚਾ ਹਰਿਆਣਵੀ ਜਾਟਣੀ ਸਰਲਾ (ਕਵਿਤਾ ਕੌਸ਼ਿਕ) ਨਾਲ ਪੈ ਜਾਂਦਾ ਹੈ। ਔਖੇ-ਸੌਖੇ ਗੱਲ ਵਿਆਹ ਤੱਕ ਪਹੁੰਚਦੀ ਹੈ ਤਾਂ ਟੇਵੇ-ਕੁੰਡਲੀਆਂ ਵਿਚ ਯਕੀਨ ਰੱਖਣ ਵਾਲੇ ਸਰਲਾ ਦੇ ਕੱਬੇ ਬਾਪੂ ਜ਼ਿਲੇ ਸਿੰਘ ਡਾਂਗੇ (ਗੋਵਿੰਦ ਨਾਮਦੇਵ) ਦੇ ਕਹਿਣ ’ਤੇ ਉਨ੍ਹਾਂ ਦਾ ਪਰਿਵਾਰਕ ਜੋਤਸ਼ੀ (ਮੁਕੇਸ਼ ਭੱਟ) ਦੋਵਾਂ ਦੀ ਕੁੰਡਲੀ ਮਿਲਵਾਉਂਦਾ ਹੈ ਤਾਂ ਜੱਗੀ ਮੰਗਲੀਕ ਨਿਕਲਦਾ ਹੈ। ਪੰਡਤ ਦੇ ਦੱਸੇ ਉਪਾਅ ਅਨੁਸਾਰ ਜੱਗੀ ਘਰ ਵਾਲਿਆਂ ਦੇ ਵਿਰੋਧ ਅਤੇ ਸ਼ਰੀਕਾਂ ਦੇ ਨਿਹੋਰਿਆਂ ਦੇ ਬਾਵਜੂਦ ਕਾਲੀ ਕੁੱਤੀ ਨਾਲ ਵਿਆਹ ਕਰ ਲੈਂਦਾ ਹੈ। ਕੁੱਤੀ ਨਾਲ ਵਿਆਹ ਕਰਾਉਣ ਤੋਂ ਬਾਅਦ ਜੱਗੀ ਨਾਲ ਕਿਹੋ ਜਿਹੀ ਕੁੱਤੇਖਾਣੀ ਹੁੰਦੀ ਹੈ? ਕੀ ਉਹ ਸਰਲਾ ਦੇ ਰੂੜੀਵਾਦੀ ਬਾਪੂ ਨੂੰ ਖ਼ੁਸ਼ ਕਰਕੇ ਆਪਣਾ ਪਿਆਰ ਹਾਸਲ ਕਰਨ ਵਿਚ ਸਫ਼ਲ ਹੁੰਦਾ ਹੈ? ਇਹ ਪਤਾ ਕਰਨ ਲਈ ਤਾਂ ਵੇਖ ਬਰਾਤਾਂ ਚੱਲੀਆਂ ਵੇਖਣੀ ਪਵੇਗੀ।
film review vekh barata challiya binnu dhillon amrindner gill
ਕੈਰੀ ਔਨ ਜੱਟਾ ਤੋਂ ਬਾਅਦ ਲਗਭਗ ਪੰਜ ਸਾਲਾਂ ਵਿਚ ਦਸ ਢਿੱਲੀਆਂ ਮੱਠੀਆਂ ਫ਼ਿਲਮਾਂ ਤੋਂ ਬਾਅਦ ਲੇਖਕ ਨਰੇਸ਼ ਕਥੂਰੀਆ ਇਸ ਵਾਰ ‘ਲਗੇ ਰਹੋ ਮੁੰਨਾ ਭਾਈ’, ‘ਫਿਲੌਰੀ’ ਅਤੇ ‘ਟੂ ਸਟੇਟਸ’ ਵਰਗੀਆਂ ਚਰਚਿਤ ਹਿੰਦੀ ਫ਼ਿਲਮਾਂ ਵਿਚੋਂ ਕੱਢ ਕੇ ‘ਵੇਖ ਬਰਾਤਾਂ ਚੱਲੀਆਂ’ ਦੇ ਨਾਲ ਅਜਿਹੀ ਖਿੱਚੜੀ ਬਣਾ ਕੇ ਲਿਆਇਆ ਹੈ ਜੋ ਹੱਸਦੇ-ਹਸਾਂਉਂਦੇ ਹੋਏ ਪੰਜਾਬ ਦੇ ਕਈ ਗੰਭੀਰ ਮਸਲਿਆਂ ਨੂੰ ਛੋਹਦੀਂ ਹੈ ਅਤੇ ਵਹਿਮਾਂ-ਭਰਮਾਂ ਦੇ ਮਸਲੇ ਉੱਪਰ ਕਰਾਰੀ ਚੋਟ ਕਰਦੀ ਹੈ। ਹੀਰ-ਰਾਂਝਾਂ ਤੋਂ ਸਹਿ-ਨਿਦਰੇਸ਼ਕ ਦੇ ਤੌਰ ’ਤੇ ਸ਼ੁਰੂਆਤ ਕਰਨ ਵਾਲੇ ਨਿਰਦੇਸ਼ਕ ਸ਼ਿਤੀਜ ਚੌਧਰੀ ਨੇ ਪਹਿਲੀ ਹੀ ਫ਼ਿਲਮ ਤੋਂ ਆਪਣੀਆਂ ਸੰਭਾਵਨਾਵਾਂ ਤਾਂ ਜ਼ਾਹਿਰ ਕਰ ਦਿੱਤੀਆਂ ਸਨ ਅਤੇ ਮਿਸਟਰ ਐਂਡ ਮਿਸੇਜ਼ 420 ਤੋਂ ਬਾਅਦ ਉਨ੍ਹਾਂ ਤੋਂ ਜੋ ਵੱਡੀਆਂ ਉਮੀਦਾਂ ਸਨ ਉਹ ਆਖ਼ਰ ਵੇਖ ਬਰਾਤਾਂ ਚੱਲੀਆਂ ਤੋਂ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਨਰੇਸ਼ ਕਥੂਰੀਆ ਵੱਲੋਂ ਲਿਖੀ ਗਈ ਪਟਕਥਾ ਦਾ ਪਹਿਲਾ ਹਿੱਸਾ ਸਿਚੂਏਸ਼ਨ ਕਾਮੇਡੀ ਦੇ ਨਾਲ ਲਬਰੇਜ਼ ਹੈ, ਪਰ ਇਹ ਕਾਮੇਡੀ ਧੱਕੇ ਨਾਲ ਠੋਸੀ ਹੋਈ ਨਹੀਂ ਸਥਿਤੀਆਂ ਵਿਚੋਂ ਪੈਦਾ ਹੁੰਦੀ ਹੈ। ਖ਼ਾਸ ਕਰਕੇ ਕਰਮੇ ਦੇ ਆਪਣੇ ਸ਼ਰੀਕ ਭਤੀਜੇ ਛਿੰਦੀ ਨਾਲ ਕੰਧ ਦੇ ਆਰ-ਪਾਰ ਦੀ ਤਕਰਾਰ ਅਤੇ ਛਿੰਦੀ ਦਾ ਵਹਿਮਾਂ-ਭਰਮਾਂ ਵਿਚ ਪੈ ਕੇ ਟੋਟਕੇ ਕਰਨ ਵਾਲਾ ਕੰਮ ਹਸਾਉਂਦਾ ਹੈ। ਬੱਸ ਦਾ ਹਰਿਆਣਾ ਦੀ ਹੱਦ ਟੱਪ ਕੇ ਬਾਰ-ਬਾਰ ਜਾਣ ਵਾਲਾ ਦ੍ਰਿਸ਼ ਕੁਝ ਦੇਰ ਬਾਅਦ ਅਕਾਊ ਲੱਗਣ ਲੱਗਦਾ ਹੈ ਲੇਕਿਨ ਛੇਤੀ ਹੀ ਬੱਸ ਵਿਚ ਕਰਮੇ ਨੂੰ ਚੜ੍ਹਾ ਕੇ ਨਿਰਦੇਸ਼ਕ ਨੇ ਇਹ ਮੌਕਾ ਵਧੀਆ ਸੰਭਾਲ ਲਿਆ ਹੈ। ਇਹ ਪਹਿਲੇ ਹਿੱਸੇ ਦਾ ਸਭ ਤੋਂ ਬਿਹਤਰੀਨ ਸੀਨ ਹੈ। ਉਸ ਤੋ ਪਹਿਲਾਂ ਬੀਨੂੰ ਦਾ ਨੀਂਦ ਵਿਚ ਸੀਟੀ ਵਜਾਉਣ ਵਾਲਾ ਅਤੇ ਬਾਬੇ ਦਾ ਬਕਰੇ ਦਾ ਮੀਟ ਮੰਗਣ ਵਾਲਾ ਦ੍ਰਿਸ਼ ਵੀ ਮਜ਼ੇਦਾਰ ਹੈ। 

ਫ਼ਿਲਮ ਦੇ ਦੂਜੇ ਹਿੱਸੇ ਵਿਚ ਕਹਾਣੀ ਗੰਭੀਰ ਮੋੜ ਕੱਟਦੀ ਹੈ ਅਤੇ ਕੁੰਡਲੀਆਂ ਅਤੇ ਟੇਵਿਆਂ ਦੇ ਵਹਿਮਾਂ-ਭਰਮਾਂ ਦੇ ਪਾਖੰਡ ਨੂੰ ਨੰਗਾ ਕਰਦੀ ਹੋਈ ਆਪਸੀ ਰਿਸ਼ਤਿਆਂ ਵਿਚ ਅਪਣੱਤ ਅਤੇ ਸਹਿਚਾਰ ਦੀ ਬਾਤ ਪਾਉਂਦੀ ਹੈ। ਉਂਝ ਛਿੰਦੀ ਦਾ ਅਚਾਨਕ ਪਿਘਲ ਜਾਣਾ ਥੋੜ੍ਹਾ ਅਟਪਟਾ ਲੱਗਿਆ, ਚੰਗਾ ਹੁੰਦਾ ਜੇ ਨਿਰਦੇਸ਼ਕ ਜੱਗੀ ਅਤੇ ਛਿੰਦੀ ਵਿਚਾਲੇ ਮੋਹ ਪੈਦਾ ਹੋਣ ਦੇ ਕੁਝ ਹੋਰ ਮੌਕੇ ਪੈਦਾ ਕਰਦਾ ਤਾਂ ਇਹ ਸਹਿਜ ਨਾਲ ਜੁੜਿਆ ਹੋਇਆ ਰਿਸ਼ਤਾ ਲੱਗਣਾ ਸੀ। ਨਿਰਦੇਸ਼ਕ ਨੇ ਹਰਿਆਣਵੀ ਅਤੇ ਪੰਜਾਬੀ ਪਰਿਵਾਰਾਂ ਦੇ ਮਾਹੌਲ ਦਾ ਜੋ ਆਪਸੀ ਟਕਰਾਅ ਬਣਾਇਆ ਹੈ ਸ਼ੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਉਹ ਕਾਇਮ ਰਹਿੰਦਾ ਹੈ। ਲਗਾਤਾਰ ਕਾਮੇਡੀ ਦੀ ਮੰਗ ਕਰਨ ਵਾਲਿਆਂ ਨੂੰ ਦੂਜੇ ਹਿੱਸੇ ਵਿਚ ਇਸਦੀ ਘਾਟ ਰਕੜ ਸਕਦੀ ਹੈ, ਪਰ ਕਹਾਣੀ ਦੇ ਹਿਸਾਬ ਨਾਲ ਜੋ ਗੰਭੀਰਤਾ ਅੰਤ ਦੇ ਨੇੜੇ ਜਾਂਦੇ-ਜਾਂਦੇ ਬਣ ਜਾਂਦੀ ਹੈ ਉਸਦੀ ਬੇਹੱਦ ਲੋੜ ਸੀ। ਫ਼ਿਲਮ ਦਾ ਸਭ ਤੋਂ ਦਮਦਾਰ ਹਿੱਸਾ ਇਸਦਾ ਅੰਤ ਹੈ। ਜਿੱਥੇ ਇਹ ਕੁੰਡਲੀਆਂ ਮਿਲਾਉਣ ਵਾਲੇ ਪੰਡਤ ਨੂੰ ਬੇਦਲੀਲ ਕਰ ਦਿੰਦਾ ਹੈ, ਉੱਥੇ ਹੀ ਰਿਸ਼ਤਿਆਂ ਲਈ ਗ੍ਰਹਿਆਂ ਨੂੰ ਨਹੀਂ ਮੁਹਬੱਤ ਨੂੰ ਆਧਾਰ ਬਣਾਉਣ ਦਾ ਸੁਨੇਹਾ ਦਿੰਦਾ ਹੈ। ਇਸ ਤਰ੍ਹਾਂ ਵੇਖ ਬਰਾਤਾਂ ਚੱਲੀਆਂ ਫ਼ਿਲਮ ਨੂੰ ਮਨੋਰੰਜਨ ਅਤੇ ਅਰਥਭਰਪੂਰ ਸੁਨੇਹਾ ਦੇ ਸਹੀ ਸੰਤੁਲਨ ਦੀ ਉਦਾਹਰਣ ਵੱਜੋਂ ਸਥਾਪਿਤ ਕੀਤਾ ਜਾ ਸਕਦਾ ਹੈ।ਇਸ ਫ਼ਿਲਮ ਦੇ ਲੇਖਕਾਂ ਦੀ ਸਭ ਤੋਂ ਵੱਡੀ ਖ਼ਾਸਿਅਤ ਪੰਜਾਬ ਅਤੇ ਹਰਿਆਣੀ ਦੇ ਮੌਜੂਦਾ ਮੁੱਦਿਆਂ ਨੂੰ ਕਾਮੇਡੀ ਵਿਚ ਪਿਰੋਣਾ ਹੈ। ਜਿਨ੍ਹਾਂ ਵਿਚ ਜੱਟਾਂ ਦੇ ਪੁੱਤਾਂ ਦਾ ਪਾਣੀ ਲਾਉਣਾ ਛੱਡ ਕੇ ਮੂੰਹ ’ਤੇ ਧਾਗੇ ਲਵਾਉਣਾ, ਬਾਦਲਾਂ ਅਤੇ ਚੌਟਾਲਿਆਂ ਦੀ ਸਾਂਝ, ਹਰਿਆਣਾ, ਪੰਜਾਬ ਦੇ ਪਾਣੀਆਂ ਦੀ ਵੰਡ ਦਾ ਮਸਲਾ ਅਤੇ ਪੰਜਾਬ ਨੂੰ ਕੱਟ ਕੇ ਪਾਕਿਸਤਾਨ ਬਣਾਏ ਜਾਣ ਦੇ ਮਸਲੇ ਬਾਰੇ ਨਰੇਸ਼ ਕਥੂਰੀਆ ਦੇ ਸੰਵਾਦ ਜਿੱਥੇ ਹਸਾਉਂਦੇ ਹਨ, ਉੱਥੇ ਹੀ ਸੋਚਣ ਲਈ ਵੀ ਮਜਬੂਰ ਕਰਦੇ ਹਨ।
ਅਦਾਕਾਰੀ ਦੇ ਮਾਮਲੇ ਵਿਚ ਬਿਨੂੰ ਢਿੱਲੋਂ ਆਪਣੇ ਕਿਰਦਾਰ ਨੂੰ ਠੀਕ-ਠਾਕ ਨਿਭਾ ਗਿਆ ਹੈ। ਕਿਤੇ-ਕਿਤੇ ਉਹ ਕਾਮੇਡੀ ਵਿਚ ਲਾਊਡ ਹੁੰਦਾ ਹੈ, ਪਰ ਗੰਭੀਰ ਅਤੇ ਰੁਮਾਂਟਿਕ ਦ੍ਰਿਸ਼ਾਂ ਵਿਚ ਉਹ ਸਹਿਜ ਲੱਗਦਾ ਹੈ। ਕਵਿਤਾ ਕੌਸ਼ਿਕ ਆਪਣੇ ਚਰਚਿਤ ਕਾਮੇਡੀ ਸੀਰੀਅਲ ਐਫ਼. ਆਈ. ਆਰ. ਵਾਲੀ ਹਰਿਆਣਵੀ ਥਾਣੇਦਾਰਨੀ ਚੰਦਰਮੁਖੀ ਚੌਟਾਲਾ ਦੇ ਦਬੰਗ ਕਿਰਦਾਰ ਵਰਗੇ ਹੀ ਇਕ ਹਰਿਆਣਵੀ ਅਧਿਆਪਕਾ ਦੇ ਕਿਰਦਾਰ ਵਿਚ ਨਜ਼ਰ ਆਉਂਦੀ ਹੈ। ਅਜਿਹੇ ਕਿਰਦਾਰ ਨੂੰ ਉਹ ਲੰਮੇ ਸਮੇਂ ਤੋਂ ਛੋਟੇ ਪਰਦੇ ਉੱਤੇ ਸਹਿਜਤਾ ਨਾਲ ਨਿਭਾ ਰਹੀ ਹੈ। ਹਰਿਆਣਵੀ ਚੌਧਰੀ ਸੂਬੇ ਦੀ ਛੋਟੀ ਜਿਹੀ ਭੂਮਿਕਾ ਵਿਚ ਅਮਰਿੰਦਰ ਗਿੱਲ ਹੈਰਾਨ ਕਰਦਾ ਹੈ। ਹਰਿਆਣਵੀ ਸੰਵਾਦ ਬੋਲਣ ਦੇ ਮਾਮਲੇ ਵਿਚ ਉਸ ਨੇ ਹਰਿਆਣਵੀ ਬੋਲੀ ਦਾ ਲਹਿਜਾ ਬਖੂਬੀ ਫੜਿਆ ਹੈ ਅਤੇ ਪਰਦੇ ਉੱਤੇ ਜੱਚਦਾ ਹੈ। ਬਾਡੀ ਲੈਂਗੁਏਜ ਦੇ ਮਾਮਲੇ ਵਿਚ ਉਹ ਕੁਝ ਜ਼ਿਆਦਾ ਹੀ ਤਣਿਆ ਜਿਹਾ ਲੱਗਦਾ ਹੈ, ਹਾਵ-ਭਾਵ ਦੇ ਮਾਮਲੇ ਵਿਚ ਵੀ ਹਾਲੇ ਮਿਹਨਤ ਦੀ ਲੋੜ ਹੈ। ਕਵਿਤਾ ਕੌਸ਼ਿਸ਼ ਦੀ ਸਹੇਲੀ ਓਮਵਤੀ ਦੇ ਕਿਰਦਾਰ ਵਿਚ ਮਿਥਿਲਾ ਪੁਰੋਹਿਤ ਅਤੇ ਸਰਲਾ ਦੀ ਭੈਣ ਸਰੋਜ ਦੇ ਕਿਰਦਾਰ ਵਿਚ ਅਨੁਪ੍ਰਿਆ ਗੋਇਨਕਾ ਵੀ ਪ੍ਰਭਾਵ ਛੱਡਦੀਆਂ ਹਨ। ਰਣਜੀਤ ਬਾਵਾ ਸੰਵਾਦ ਬੋਲਣ ਦੇ ਮਾਮਲੇ ਵਿਚ ਠੀਕ-ਠਾਕ ਰਿਹਾ ਹੈ, ਪਰ ਅਦਾਕਾਰੀ ਦਾ ਘਰ ਹਾਲੇ ਦੂਰ ਲੱਗਦਾ ਹੈ। ਜਸਵਿੰਦਰ ਭੱਲਾ ਵੈਸੇ ਤਾਂ ਆਪਣੇ-ਆਪ ਨੂੰ ਰਿਪੀਟ ਹੀ ਕਰ ਰਿਹਾ ਹੈ, ਪਰ ਇਸ ਫ਼ਿਲਮ ਵਿਚ ਬੱਸ ਵਿਚ ਲੋਈ ਦੀ ਬੁੱਕਲ ਵਾਲੇ ਦ੍ਰਿਸ਼ ਵਿਚ ਹਾਵ-ਭਾਵ ਨਾਲ ਗੱਲਾਂ ਕਰਨ ਵਾਲਾ ਹਿੱਸਾ ਉਸਦੀ ਪ੍ਰਾਪਤੀ ਹੈ। ਕਰਮਜੀਤ ਅਨਮੋਲ ਵੀ ਡਰਾਇਵਰ ਦਾ ਕਿਰਦਾਰ ਸਹਿਜਤਾ ਨਾਲ ਨਿਭਾ ਗਿਆ ਹੈ।

ਗੀਤ ਸੰਗੀਤ ਦੇ ਮਾਮਲੇ ਵਿਚ ਫ਼ਿਲਮ ਵਿਚ ਕੁਝ ਖ਼ਾਸ ਨਹੀਂ ਹੈ। ਕਹਾਣੀ ਦੀ ਮੰਗ ਅਨੁਸਾਰ ਸਾਰੇ ਹੀ ਗੀਤ ਆਪਣੀ-ਆਪਣੀ ਜਗ੍ਹਾ ਠੀਕ ਹਨ, ਪਰ ਕੋਈ ਬਹੁਤਾ ਪ੍ਰਭਾਵ ਛੱਡਣ ਵਾਲੇ ਨਹੀਂ ਹਨ। ਪਰੀਕਸ਼ਿਤ ਵਾਰੀਅਰ ਦੀ ਸਿਨੇਮੈਟੋਗ੍ਰਾਫ਼ੀ ਕਹਾਣੀ ਦੇ ਮੁਤਾਬਿਕ ਮਾਹੌਲ ਸਿਰਜਣ ਵਿਚ ਸਫ਼ਲ ਹੁੰਦੀ ਹੈ, ਜਦਕਿ ਬੈਕਗ੍ਰਾਊਂਡ ਸਕੋਰ ਕਾਮੇਡੀ ਅਤੇ ਗੰਭੀਰ ਦੋਹਾਂ ਦ੍ਰਿਸ਼ਾਂ ਦਾ ਮਾਹੌਲ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ। ਜੇਕਰ ਤੁਸੀਂ ਮਨੋਰੰਜਨ ਦੇ ਨਾਲ-ਨਾਲ ਅਰਥ-ਭਰਪੂਰ ਸਿਨੇਮਾ ਦੇਖਣਾ ਚਾਹੁੰਦੇ ਹੋ ਤਾਂ ਇਹ ਫ਼ਿਲਮ ਦੇਖ ਸਕਦੇ ਹੋ।

*ਦੀਪ ਜਗਦੀਪ ਸਿੰਘ ਸੁਤੰਤਰ ਪੱਤਰਕਾਰ, ਫ਼ਿਲਮ ਅਤੇ ਟੀਵੀ ਲੇਖਕ ਅਤੇ ਗੀਤਕਾਰ ਹੈ। http://www.fb.com/deepjagdeepsinghh

Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com