Film Review | Kawela | ਫ਼ਿਲਮ ਸਮੀਖਿਆ । ਕਵੇਲਾ

ਦੀਪ ਜਗਦੀਪ  ਸਿੰਘ
ਰੇਟਿੰਗ 3/5

ਲੇਖਕ/ਨਿਰਦੇਸ਼ਕ । ਅਮਨਜੀਤ ਸਿੰਘ ਬਰਾੜਕਲਾਕਾਰ । ਹਾਰਪ ਫ਼ਾਰਮਰ, ਮਹਾਂਬੀਰ ਭੁੱਲਰ, ਸ਼ਹਿਨਾਜ਼ ਗਿੱਲ, ਬਲਜੀਤ ਮਠੌਨ, ਭਾਰਤੀ ਦੱਤ, ਕਿਸ਼ੋਰ ਸ਼ਰਮਾ, ਮਨੀ ਕੁਲਾਰ, ਚੰਦਰ ਕਾਲਰਾ

ਕਵੇਲਾ ਖ਼ਾਸ ਤੌਰ ’ਤੇ ਪੰਜਾਬ ਅਤੇ ਸਮੁੱਚੇ ਰੂਪ ਵਿਚ ਭਾਰਤ ਦੇ ਕਾਲੇ ਦੌਰ ਦੇ ਹਨੇਰੇ ਵਾਲੀ ਫ਼ਿਲਮ ਹੈ। ਭਾਵੇਂ ਕਿ ਕਵੇਲਾ ਮੋਬਾਈਲ ਫ਼ੋਨਾਂ ਦੇ ਦੌਰ ਤੋਂ ਪਹਿਲਾਂ ਦੇ ਮਾਹੌਲ ਵਿਚ ਬਣਾਈ ਗਈ ਹੈ ਪਰ ਇਹ ਬਿਲਕੁਲ ਅੱਜ ਦੇ ਦੌਰ ਦੀ ਫ਼ਿਲਮ ਹੈ, ਉਸ ਦੌਰ ਦੀ ਫ਼ਿਲਮ, ਜਿੱਥੇ ਹਰ ਕੋਈ ਇਕ ਦੂਜੇ ਤੋਂ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।

 

ਉਹ ਦੌਰ ਜਿੱਥੇ ਹਰ ਕੋਈ ਆਪਣੀ ਪਛਾਣ ਬਾਰੇ ਬਹੁਤ ਜ਼ਿਆਦਾ ਚਿੰਤਿਤ ਹੈ, ਜਿੱਥੇ ਚਰਚਿਤ ਚਿਹਰੇ ਧਾਰਮਿਕ ਸਥਾਨਾਂ ਵਿਚ ਵੱਜਦੇ ਸਪੀਕਰਾਂ ਦੀ ਅਲੋਚਨਾ ਕਰਕੇ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਜਿੱਥੇ ਰਾਜਸਥਾਨ ਜਾਂ ਉੱਤਰ-ਪ੍ਰਦੇਸ਼ ਵਿਚ ਕਿਸੇ ਇਕ ਫ਼ਿਰਕੇ ਦੇ ਲੋਕ ਦੂਜੇ ਫ਼ਿਰਕੇ ਦੇ ਵਿਅਕਤੀ ਨੂੰ ਸਿਰਫ਼ ਇਸ ਸ਼ੱਕ ਦੇ ਆਧਾਰ ’ਤੇ ਕਤਲ ਕਰ ਦਿੰਦੇ ਹਨ ਕਿ ਉਸਦੀ ਪਤੀਲੀ ਵਿਚ ਉਹ ਰਿੱਝ ਰਿਹਾ ਹੈ ਜਿਸਦੀ ਕਾਤਲ ਦੇ ਫ਼ਿਰਕੇ ਵਿਚ ਮਨਾਹੀ ਹੈ। ਕਵੇਲਾ ਸਾਡੇ ਅਵਚੇਤਨ ਨੂੰ ਝੰਝੋਜਨ ਦਾ ਯਤਨ ਕਰਦੀ ਹੈ, ਇਹ ਸਾਨੂੰ ਉਸ ਥਾਂ ਤੋਂ ਖੁਰਚਣ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਸਾਡੇ ਰੋਮਾਂ ਦੇ ਬਿਲਕੁਲ ਹੇਠਾਂ ਅਸੁੱਰਖਿਆ ਦੱਬੀ ਪਈ ਹੈ ਜੋ ਕਿਸੇ ਹਲਕੀ ਜਿਹੀ ਉਤੇਜਨਾ ਨਾਲ ਹੀ ਫੋੜਿਆਂ ਵਾਂਗ ਫੁੱਟ ਕੇ ਬਾਹਰ ਆਉਣ ਲਈ ਤਿਆਰ ਹੋ ਜਾਂਦੀ ਹੈ। ਇਹ ਅੰਧਵਿਸ਼ਵਾਸ ਅਤੇ ਸੱਚਾਈ ਵਿਚਾਲੇ ਗਹਿਰੀ ਜੰਗ ਦੀ ਨਿਸ਼ਾਨਦੇਹੀ ਕਰਦੀ ਹੈ, ਸਾਡੇ ਅਤੀਤ ਅਤੇ ਵਰਤਮਾਨ ਦੇ ਲਗਾਤਾਰ ਚੱਲਦੇ ਦਵੰਦ, ਸਾਡੇ ਕਰਨੀ ਅਤੇ ਉਸਦੇ ਨਤੀਜਿਆਂ ਦੇ ਸੱਚ ਨੂੰ ਬਿਆਨ ਕਰਦੀ ਹੈ। ਇਹ ਸਾਡੇ ਸਮਿਆਂ ਦੀ ਕਾਲਖ ਦੀ ਪਛਾਣ ਕਰਦੀ ਹੈ ਅਤੇ ਸਾਨੂੰ ਉਮੀਦ ਦੀ ਇਕ ਕਿਰਨ ਦਿਖਾਉਂਦੀ ਹੈ। ਕਵੇਲਾ ਪੰਜਾਬੀ ਦਾ ਠੇਠ ਸ਼ਬਦ ਹੈ, ਜਿਸਦਾ ਅਰਥ ਹੈ ਦੇਰ, ਪੁਰਾਣੇ ਸਮਿਆਂ ਵਿਚ ਜਦੋਂ ਸੜਕਾਂ ਉੱਤੇ ਬੱਤੀਆਂ ਨਹੀਂ ਸਨ ਜਗਦੀਆਂ ਹਰ ਕੋਈ ਇਹੀ ਸੋਚਦਾ ਸੀ ਕਿ ਸੂਰਜ ਛਿਪਣ ਤੋਂ ਪਹਿਲਾਂ ਆਪਣੇ-ਆਪਣੇ ਟਿਕਾਣੇ ਪਹੁੰਚ ਜਾਈਏ, ਇਸ ਤੋਂ ਪਹਿਲਾਂ ਕਿ ਹਨੇਰਾ ਧਰਤੀ ਅਤੇ ਸਾਡੀ ਨਜ਼ਰ ਨੂੰ ਆਪਣੀ ਬੁੱਕਲ ਵਿਚ ਲੈ ਲਵੇ, ਇਸ ਤੋਂ ਪਹਿਲਾਂ ਕਿ ਕਵੇਲੇ ਦਾ ਖ਼ੂਨੀ ਪੰਜਾ ਸਾਨੂੰ ਆਪਣੀ ਜਕੜ ਵਿਚ ਲੈ ਲਵੇ।

ਕਵੇਲਾ ਫ਼ਿਲਮ ਦੀ ਸ਼ੁਰੂਆਤ ਇਕ ਜੋੜੇ ਦੀਆਂ ਲਾਸ਼ਾਂ ਪਿੰਡ ਦੇ ਬਾਹਰਵਾਰ ਨਹਿਰ ਦੇ ਪੁਲ ਕੋਲ ਮਿਲਣ ਤੋਂ ਹੁੰਦੀ ਹੈ, ਇਹ ਪੁਲ ਦੋ ਪਿੰਡਾਂ ਨੂੰ ਜੋੜਦਾ ਹੈ ਅਤੇ ਇਕ ਪਿੰਡ ਅਜਿਹਾ ਹੈ ਜਿਸਦਾ ਕੋਈ ਨਾਮ ਵੀ ਨਹੀਂ ਲੈਂਦਾ, ਕਹਿੰਦੇ ਨੇ ਪਿੰਡ ਪ੍ਰੇਤਾਂ ਦੀ ਕਸਰ ਹੇਠ ਹੈ। ਜ਼ਿਲਾ ਪੁਲਿਸ ਹੈਡਕੁਆਰਟ ਇਕ ਸਖ਼ਤ ਪੁਲਿਸ ਅਫ਼ਸਰ ਕਰਮਵੀਰ ਸਿੰਘ (ਹਾਰਪ ਫ਼ਾਰਮਰ) ਨੂੰ ਮਾਮਲੇ ਦੀ ਪੜਤਾਲ ਕਰਨ ਲਈ ਭੇਜਦੇ ਹਨ, ਜਿੱਥੇ ਪਿੰਡ ਦਾ ਥਾਣੇਦਾਰ ਗੁਰਜਿੰਦਰ ਸਿੰਘ (ਮਹਾਂਬੀਰ ਭੁੱਲਰ) ਆਪਣੀ ਪੁਲੀਸ ਪਾਰਟੀ ਨਾਲ ਉਸਦੀ ਮਦਦ ਕਰਨ ਲਈ ਮੌਜੂਦ ਹੈ। ਪਿੰਡ ਵਿਚ ਡਰ ਦੀ ਇਕ ਲਹਿਰ ਦੌੜ ਗਈ ਹੈ ਅਤੇ ਹਰ ਕੋਈ ਮੌਤ ਦੀ ਘਟਨਾ ਦੇ ਆਪਣੀ ਸੋਚ ਮੁਤਾਬਿਕ ਅਰਥ ਕੱਢ ਰਿਹਾ ਹੈ। ਉਸੇ ਵੇਲੇ ਕਰਮਵੀਰ ਨੂੰ ਤਫ਼ਤੀਸ਼ ਵਿਚਾਲੇ ਛੱਡ ਕੇ ਜਾਣੀ ਪੈਂਦੀ ਹੈ ਕਿਉਂਕਿ ਉਸ ਦੀ ਡਿਊਟੀ ਸ਼ਹਿਰ ਵਿਚ ਹੋ ਰਹੀ ਕਿਸੇ ਨੇਤਾ ਦੀ ਵੱਡੀ ਰੈਲੀ ਵਿਚ ਲੱਗ ਜਾਂਦੀ ਹੈ। ਇੱਧਰ ਗੁਰਜਿੰਦਰ ਦੀ ਅਗੁਵਾਈ ਵਿਚ ਪੁਲਿਸ ਪਾਰਟੀ ਘਟਨਾ ਵਾਲੀ ਥਾਂ ’ਤੇ ਸਬੂਤਾਂ ਦੀ ਭਾਲ ਕਰਨ ਵਿਚ ਜੁੱਟ ਜਾਂਦੀ ਹੈ ਅਤੇ ਕਿਸੇ ਅੰਧ-ਵਿਸ਼ਵਾਸ ਉੱਤੇ ਭਰੋਸਾ ਨਹੀਂ ਕਰਦੀ, ਉੱਧਰ ਇਕ ਬੱਚੇ ਸਮੇਤ ਚਾਰ ਰਾਤਾਂ ਵਿਚ ਚਾਰ ਮੌਤਾਂ ਹੋ ਜਾਂਦੀਆਂ ਹਨ। ਇਕ ਪਿੰਡ ਵਾਸੀ ਬੰਗਾਲੀ ਤਾਂਤਰਿਕ ਨੂੰ ਬੁਲਾ ਲੈਂਦਾ ਹੈ ਜੋ ਆਪਣਾ ਤੰਤਰ-ਮੰਤਰ ਸ਼ੁਰੂ ਕਰ ਦਿੰਦਾ ਹੈ। ਇਸ ਸਾਰੇ ਡਰਾਮੇ ਦੌਰਾਨ ਗੁਰਜਿੰਦਰ ਆਪਣੀ ਡਿਊਟੀ ਦੇ ਮਿੱਥੇ ਹੋਏ ਦਾਇਰਿਆਂ ਅਤੇ ਘਟਨਾ ਦੀ ਹਦੂਦ ਤੋਂ ਬਾਹਰ ਜਾ ਕੇ ਸੱਚ ਦੀ ਭਾਲ ਕਰਨ ਦੀ ਕੋਸ਼ਿਸ ਕਰਦਾ ਹੈ। ਕੀ ਗੁਰਜਿੰਦਰ ਅਤੇ ਉਸਦੇ ਸਾਥੀ ਸਾਡੇ ਸਮਿਆਂ ਦੇ ਸਭ ਤੋਂ ਵੱਡੇ ਸੱਚ ਤੋਂ ਨਕਾਬ ਉਤਾਰਨ ਵਿਚ ਕਾਮਯਾਬ ਹੋਣਗੇ? ਕਵੇਲਾ ਫ਼ਿਲਮ ਇਸੇ ਸਵਾਲ ਦੇ ਦੁਆਲੇ ਘੁੰਮਦੀ ਹੈ।
Film Review | Kawela | ਫ਼ਿਲਮ ਸਮੀਖਿਆ । ਕਵੇਲਾ
ਬਤੌਰ ਲੇਖਕ ਅਮਨਜੀਤ ਸਿੰਘ ਬਰਾੜ ਇਕ ਬਹੁਤ ਹੀ ਸਰਲ ਕਹਾਣੀ ਨੂੰ ਇਕ ਗੁੰਝਲਦਾਰ ਬਿਰਤਾਂਤ ਦੇ ਰੂਪ ਵਿਚ ਸਿਰਜਦਾ ਹੈ ਜੋ ਕਿ ਵੱਡੇ ਪੱਧਰ ਉੱਤੇ ਹਨੇਰੇ ਦੀ ਪੇਸ਼ਕਾਰੀ ਉੱਤੇ ਨਿਰਭਰ ਕਰਦਾ ਹੈ। ਉਹ ਆਪਣੀ ਲੇਖਣੀ ਨੂੰ ਗਹਿਰਾ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਅਤੇ ਪਰਦੇ ਉੱਪਰ ਉਸਦੀ ਪੇਸ਼ਕਾਰੀ ਬਹੁਤ ਹੀ ਦਿਲ-ਕੰਬਾਊ ਹੈ। ਫ਼ਿਲਮ ਦੇ ਮਨੋਵਿਗਿਆਨਕ ਕੰਬਣੀ ਪੈਦਾ ਕਰਨ ਵਾਲੇ ਵਿਸ਼ੇ ਉੱਤੇ ਉਹ ਅੰਤ ਤੱਕ ਟਿਕਿਆ ਰਹਿੰਦਾ ਹੈ, ਇਸ ਕਰਕੇ ਉਹ ਕਿਸੇ ਵੀ ਦ੍ਰਿਸ਼ ਜਾਂ ਘਟਨਾਵਾਂ ਦਾ ਵਰਨਣ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਦਾ ਹੈ ਅਤੇ ਸਭ ਕੁਝ ਦਰਸ਼ਕ ਦੀ ਕਲਪਨਾ ਅਤੇ ਸੋਝੀ ਉੱਪਰ ਛੱਡ ਦਿੰਦਾ ਹੈ। ਨਾ ਹੀ ਉਹ ਪ੍ਰੇਤ-ਆਤਮਾਵਾਂ ਦੀ ਹੋਂਦ ਦੀ ਹਾਮੀ ਭਰਦਾ ਹੈ ਨਾ ਹੀ ਉਨ੍ਹਾਂ ਨੂੰ ਨਕਾਰਦਾ ਹੈ। ਉਹ ਇਹ ਸੰਕੇਤ ਜ਼ਰੂਰ ਦਿੰਦਾ ਰਹਿੰਦਾ ਹੈ ਕਿ ਹਰ ਡਰ ਮਨੁੱਖ ਦੇ ਅੰਦਰੋਂ ਹੀ ਉਪਜਦਾ ਹੈ।

ਬਤੌਰ ਨਿਰਦੇਸ਼ਕ, ਬਰਾੜ ‘ਜੋ ਬੀਜਾਂਗੇ, ਸੋ ਵੱਢਾਂਗੇ’ ਦੇ ਵਿਚਾਰ ਨੂੰ ਪੇਸ਼ ਕਰਨ ਉੱਤੇ ਜ਼ੋਰ ਦਿੰਦਾ ਹੈ। ਉਹ ਖੇਤਾਂ ਵਿਚ ਦੱਬੀਆਂ ਅਣਜੰਮੀਆਂ ਧੀਆਂ ਦੀਆਂ ਲਾਸ਼ਾਂ, ਅਣਖ ਖ਼ਾਤਰ ਕਤਲ, ਨਸ਼ੇ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਛਾਲੇ-ਛਾਲੇ ਹੋਈਆਂ ਸਾਡੇ ਵਡੇਰਿਆਂ ਦੀ ਰੂਹਾਂ, ਸਾਡੀ ਗੁਆਚ ਗਈ ਬੌਧਿਕਤਾ ਅਤੇ ਕਿਵੇਂ ਅਸੀਂ ਆਪਣੀ ਨਸ਼ੇ ਅਤੇ ਹੋਰ ਐਸ਼ਪ੍ਰਸਤੀ ਦੀਆਂ ਵਸਤਾਂ ਵਰਗੀਆਂ ਪਦਾਰਥਕ ਲੋੜਾਂ ਵਾਸਤੇ ਇਕ ਦੂਜੇ ਨੂੰ ਭਾਵਨਾਤਮਕ ਅਤੇ ਸ਼ਰੀਰਿਕ ਤੌਰ ’ਤੇ  ਕਤਲ ਕਰ ਰਹੇ ਹਾਂ, ਲਹੂ ਪੀਣੇ ਆਦਮਖੋਰ ਬਣ ਰਹੇ ਹਾਂ, ਜੋ ਆਪਣਿਆਂ ਦੇ ਲਹੂ ਉੱਪਰ ਹੀ ਜਿਉਂਦੇ ਹਨ। ਪੁਰਾਣੀਆਂ ਭੂਤ-ਪ੍ਰੇਤਾਂ ਵਾਲੀਆਂ ਹਿੰਦੀ ਫ਼ਿਲਮਾਂ ਦੇ ਦ੍ਰਿਸ਼ਾਂ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਫ਼ਿਲਮਾਂ ਸਾਡੀ ਮਾਨਸਿਕਤਾ ਉੱਪਰ ਕਿੰਨਾ ਅਸਰ ਕਰਦੀਆਂ ਹਨ ਅਤੇ ਸਾਡੇ ਅੰਦਰ ਅੰਧ-ਵਿਸ਼ਵਾਸ ਪੈਦਾ ਕਰਨ ਵਿਚ ਕੀ ਭੂਮਿਕਾ ਨਿਭਾਉਂਦੀਆਂ ਹਨ। ਫ਼ਿਲਮ ਵਿਚ ਇਕ ਬੱਚਾ ਇਕ ਅਜਿਹੀ ਫ਼ਿਲਮ ਦਾ ਦ੍ਰਿਸ਼ ਦੇਖਣ ਤੋਂ ਬਾਅਦ ਪਿੰਡ ਦੀਆਂ ਗਲੀਆਂ ਵਿਚ ਕੰਧਾਂ ਦੇ ਉਹਲੇ ਇੰਝ ਲੁਕ-ਲੁਕ ਕੇ ਜਾਂਦਾ ਹੈ ਜਿਵੇਂ ਜੇਮਜ਼ ਬਾਂਡ ਹੋਵੇ। ਸਰਪੰਚ ਦਾ ਬਾਰ-ਬਾਰ ਇਸ ਗੱਲ ’ਤੇ ਜ਼ੋਰ ਦੇਣਾ ਕਿ ਮਰਨ ਵਾਲਾ ਜੋੜਾ ਉਨ੍ਹਾਂ ਦੇ ਪਿੰਡ ਦਾ ਨਹੀਂ, ਭਾਵ ਉਨ੍ਹਾਂ ਦਾ ਪਿੰਡ ਸਾਫ਼-ਸੁਥਰਾ ਹੈ, ‘ਕੋਈ ਮਰੇ ਕੋਈ ਜਿਵੇ ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਸਨੂੰ ਬੱਸ ਆਪਣੀ ਸਰਪੰਚੀ ਅਤੇ ਆਪਣੇ ਸਾਫ਼-ਸੁਥਰੇ ਹੋਣ ਦੀ ਫ਼ਿਕਰ ਹੈ ਇਨਸਾਨੀ ਜ਼ਿੰਦਗੀ ਦੀ ਨਹੀਂ।
ਕਵੇਲਾ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਇਕ ਫ਼ਰੇਮ ਵਿਚ ਦਿਖਾਉਂਦਾ ਹੈ। ਇਕੋ ਦਰਖੱਤ ਉੱਤੇ ਤਿੰਨ ਫਾਹੇ ਲਟਕ ਰਹੇ ਹਨ, ਇਕ ਵਿਚ ਪਿੰਜਰ ਲਟਕ ਰਿਹੈ, ਦੂਜੇ ਵਿਚ ਇਕ ਮਰ ਚੁੱਕਿਆ ਕਿਸਾਨ ਅਤੇ ਤੀਜੇ ਵਿਚ ਉਹ ਜਿਸਨੇ ਹੁਣੇ-ਹੁਣੇ ਫ਼ਾਹਾ ਲਿਆ ਹੈ ਅਤੇ ਤੜਪ ਰਿਹਾ ਹੈ ਪਰ ਮਰਿਆ ਨਹੀਂ। ਫ਼ਿਲਮ ਵਿਚ ਇਹ ਦ੍ਰਿਸ਼ ਬਾਰ-ਬਾਰ ਆਉਂਦਾ ਹੈ ਤੇ ਲੱਗਦਾ ਹੈ ਜਿਵੇਂ ਕਹਿ ਰਿਹਾ ਹੋਵੇ ਆਮ ਪੰਜਾਬੀ ਸਦੀਆਂ ਤੋਂ ਮਰ ਰਿਹਾ ਹੈ ਉਸਦਾ ਪਿੰਜਰ ਲਟਕ ਰਿਹਾ ਹੈ, ਇਕ ਹੁਣੇ ਹੀ ਮਰਿਆ ਹੈ ਅਤੇ ਇਕ ਮਰ ਦੇ ਰਾਹ ਪੈ ਚੁੱਕਾ ਹੈ, ਜੇ ਸਭ ਇੱਦਾਂ ਹੀ ਰਿਹਾ ਤਾਂ ਪੰਜਾਬ ਅਤੇ ਪੰਜਾਬੀ ਬੰਦਾ ਇੰਝ ਹੀ ਫਾਹੇ ’ਚ ਲਟਕਦਾ ਅਤੇ ਤੜਫਦਾ ਰਹੇਗਾ। ਇਸ ਤੋਂ ਇਲਾਵਾ ਮਰ ਚੁੱਕੀਆਂ ਮਾਵਾਂ ਨੂੰ ਹੱਥਾਂ ਵਿਚ ਅਣਜੰਮਿਆਂ ਧੀਆਂ ਦੀਆਂ ਲਾਸ਼ਾਂ ਚੁੱਕੀ ਦਿਖਾਉਣਾ, ਖੇਤਾਂ ਵਿਚ ਕੰਮ ਕਰਦੇ ਅੱਧਨੰਗੇ ਮਰੇ ਹੋਏ ਚਾਚੇ ਦਾ ਫੋੜਿਆਂ ਨਾਲ ਭਰਿਆ ਹੋਇਆ ਜਿਸਮ ਅਤੇ ਚੁੱਲ੍ਹੇ ’ਤੇ ਰੋਟੀ ਪਕਾਉਂਦੀ ਮਰੀ ਹੋਈ ਮਾਂ, ਵਰਗੇ ਦ੍ਰਿਸ਼ ਨਿਰਦੇਸ਼ਕ ਨੇ ਦਰਸ਼ਕਾਂ ਦੇ ਦਿਮਾਗ ਝੰਜੋੜਨ ਲਈ ਵਰਤੇ ਹਨ। ਇਹ ਦ੍ਰਿਸ਼ ਬਿਨਾਂ ਬੋਲੇ ਹੀ ਬਹੁਤ ਕੁਝ ਕਹਿੰਦੇ ਹਨ। ਇਹ ਦਿਮਾਗ ਹਿਲਾ ਕੇ ਰੱਖ ਦੇਣ ਵਾਲੇ ਦ੍ਰਿਸ਼ ਪੰਜਾਬ ਦੇ ਕਿਸਾਨ ਅਤੇ ਆਮ ਪੰਜਾਬੀ ਦੀ ਹੋਣੀ ਨੂੰ ਬਹੁਤ ਹੀ ਬਾਰੀਕੀ ਨਾਲ ਪੇਸ਼ ਕਰਦੇ ਹਨ। ਸਮੁੱਚੇ ਰੂਪ ਵਿਚ ਕਵੇਲਾ ਸਾਧਾਰਨ ਫ਼ਿਲਮ ਨਹੀਂ ਹੈ।
ਇੱਥੋਂ ਤੱਕ ਇਕ ਫ਼ਿਲਮ ਦਾ ਅੰਤ ਵੀ ਆਮ ਨਹੀਂ ਹੈ। ਫ਼ਿਲਮ ਦਾ ਖ਼ਲਨਾਇਕ (ਗੁਰਿੰਦਰ ਮਕਨਾ), ਭਾਵੇਂ ਕਿ ਨਸ਼ੇ ਦਾ ਸੌਦਾਗਰ ਹੈ, ਪਰ ਉਸਦੀ ਕੋਈ ਪਛਾਣ ਨਹੀਂ ਹੈ, ਕੋਈ ਨਾਮ ਨਹੀਂ ਹੈ, ਨਾ ਹੀ ਉਹ ਪੂਰੀ ਫ਼ਿਲਮ ਵਿਚ ਨਜ਼ਰ ਆਉਂਦਾ ਹੈ, ਪਰ ਤਾਕਤ ਅਤੇ ਪੈਸੇ ਦੇ ਨਾਲ ਸਮੇਂ ਦਾ ਚੱਕਰ ਉਸਦੇ ਹੱਥ ਵਿਚ ਹੈ। ਉਹ ਕਾਲੇ-ਕਵੇਲੇ ਦਾ ਪ੍ਰਤੀਕ ਹੈ। ਉਸਨੂੰ ਪਤਾ ਹੈ ਕਿ ਉਹ ਬਦੀ ਦਾ ਬਾਦਸ਼ਾਹ ਹੈ, ਉਸਨੂੰ ਸਭਿਅਤਾ ਨੂੰ ਮਿਟਾਉਣ ਲਈ ਮਾਰੂ ਹਥਿਆਰਾਂ ਦੀ ਲੋੜ ਨਹੀਂ, ਉਹ ਜਾਣਦਾ ਹੈ ਕਿ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਜ਼ਿਹਨਾਂ, ਮਿੱਟੀ ਅਤੇ ਸਭਿਆਚਾਰ ਨੂੰ ਪਲੀਤ ਕਰਕੇ ਉਹ ਪੀੜ੍ਹੀਆਂ ਨੂੰ ਗ਼ੁਲਾਮ ਬਣਾ ਸਕਦਾ ਹੈ। ਉਹ ਗ਼ੁਲਾਮ ਉਸਦੇ ਕਾਮੇ, ਗ੍ਰਾਹਕ ਅਤੇ ਗੁੰਡੇ ਸਭ ਕੁਝ ਬਣਕੇ ਰਹਿਣਗੇ। ਇਹ ਅੰਤ ਆਪਣੇ ਅੰਦਰਲੀ ਤਾਕਤ ਅਤੇ ਨੇਕੀ ਨੂੰ ਮੁੜ ਪਛਾਣਨ ਦਾ ਸੁਨੇਹਾ ਦਿੰਦੀ ਹੈ, ਮਨੁੱਖਤਾ, ਭਾਈਚਾਰੇ ਅਤੇ ਸਮਾਜ ਵੱਲ ਮੁੜਨ ਦਾ ਰਾਹ ਦਿਖਾਉਂਦੀ ਹੈ। ਭਾਵੇਂ ਕਿ ਨੇਕੀ ਬਦੀ ਨਾਲ ਜੰਗ ਵਿਚ ਕਮਜ਼ੋਰ ਲੱਗਦੀ ਹੈ ਪਰ ਇਹ ਕਮਜ਼ੋਰੀ ਸ਼ਰੀਰਕ ਨਹੀਂ, ਸਹੀ ਫ਼ੈਸਲੇ ਨਾ ਲੈ ਸਕਣਾ, ਸੋਝੀ ਦੀ ਘਾਟ ਅਤੇ ਛੇਤੀ ਲਾਲਚ ਵਿਚ ਆ ਜਾਣ ਕਰਕੇ ਹੈ। ਪੰਜਾਬੀਅਤ ਦੀ ਸਦੀਆਂ ਪੁਰਾਣੀ ਕਦੇ ਨਾ ਮੁੱਕਣ ਵਾਲੀ ਹਿੰਮਤ ਅਤੇ ਸ਼ਬਦ ਗਿਆਨ ਹੀ ਆਪਣੀ ਜੜ੍ਹਾਂ ਅਤੇ ਜ਼ਮੀਨ ਵਾਪਸ ਹਾਸਲ ਕਰਨ ਦਾ ਰਸਤਾ ਹੈ।

ਜਿਵੇਂ ਕਿ ਪ੍ਰਚਾਰਿਆ ਗਿਆ ਸੀ ਉਸਦੇ ਉਲਟ ਇਹ ਹਾਰਪ ਫ਼ਾਰਮਰ ਦੀ ਫ਼ਿਲਮ ਨਹੀਂ ਹੈ, ਇਹ ਉਸਦੀ ਵੱਡੇ ਪਰਦੇ ਉੱਤੇ ਦਸਤਕ ਦੀ ਦੂਜੀ ਕਿਸਤ ਮਾਤਰ ਹੈ, ਪਹਿਲੀ ਕਿਸਤ ਬੰਬੂਕਾਟ ਸੀ। ਕਵੇਲਾ ਮਹਾਂਬੀਰ ਭੁੱਲਰ, ਮਨੀ ਕੁਲਾਰ ਅਤੇ ਜੱਸੀ ਜਸਪ੍ਰੀਤ ਸਿੰਘ ਦੀ ਫ਼ਿਲਮ ਹੈ। ਕਿਰਦਾਰ ਪੱਖੋਂ ਗੁਰਜਿੰਦਰ ਦੇ ਰੂਪ ਵਿਚ ਮਹਾਂਬੀਰ ਭੁੱਲਰ ਭਾਵੇਂ ਜੂਨੀਅਰ ਅਫ਼ਸਰ ਅਤੇ ਸੇਵਾ-ਮੁਕਤੀ ਦੇ ਨੇੜੇ ਹੈ, ਪਰ ਮਜ਼ਬੂਤੀ ਨਾਲ ਜ਼ਿੰਮੇਦਾਰੀ ਸੰਭਾਲਦਾ ਹੈ, ਪਰੰਪਰਾਵਾਂ ਨੂੰ ਤੋੜਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਵੀ ਖ਼ਤਰੇ ਵਿਚ ਪਾਉਂਦਾ ਹੈ। ਬਰਾੜ ਦੀ ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਹ ਇਕ ਧੌਲੀ ਦਾਹੜੀ ਵਾਲੇ ਨੂੰ ਫ਼ਿਲਮ ਦੇ ਨਾਇਕ ਵੱਜੋਂ ਪੇਸ਼ ਕਰਦਾ ਹੈ। ਮਨੀ ਕੁਲਾਰ ਇਕ ਜ਼ਿੰਮੇਵਾਰ ਮੁਲਾਜ਼ਮ ਅਤੇ ਉਸ ਬੇਬਸ ਚਾਚੇ ਦੇ ਦੋਹਰੇ ਕਿਰਦਾਰ ਵਿਚ ਬਾਖ਼ੂਬੀ ਢਲ ਗਿਆ ਹੈ, ਜੋ ਆਪਣੇ ਭਤੀਜੇ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਦਾ। ਉਸਦੇ ਸਖ਼ਤ ਪੁਲਸ-ਮੁਲਾਜ਼ਮ ਵਾਲੇ ਅਤੇ ਭਾਵੁਕ ਚਾਵੇ ਵਾਲੇ ਹਾਵ-ਭਾਵ ਤੁਹਾਨੂੰ ਕਾਫ਼ੀ ਦੇਰ ਤੱਕ ਘੇਰੀ ਰੱਖਦੇ ਹਨ। ਇਕ ਬੁਰੀ ਤਰ੍ਹਾਂ ਡਰੇ ਹੋਏ ਆਮ ਪੰਜਾਬੀ ਨੌਜਵਾਨ ਦੇ ਕਿਰਦਾਰ ਵਿਚ ਜੱਸੀ ਨੇ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ। ਹਾਰਪ ਬੱਸ ਕੁਝ ਦੇਰ ਲਈ ਆਪਣਾ ਅੰਦਾਜ਼ ਦਿਖਾਉਣ ਲਈ ਪਰਦੇ ਉੱਪਰ ਆਉਂਦਾ ਹੈ। ਉਸਦੇ ਸੰਵਾਦਾਂ ਲਈ ਵਰਤੀ ਗਈ ਆਵਾਜ਼ ਉਸਦੇ ਚਿਹਰੇ ’ਤੇ ਨਹੀਂ ਜੱਚਦੀ। ਸਮਝ ਨਹੀਂ ਆਇਆ ਕਿ ਨਿਰਦੇਸ਼ਕ ਨੂੰ ਅਜਿਹੀ ਬੇਮੇਲ ਆਵਾਜ਼ ਵਰਤਣ ਦੀ ਲੋੜ ਕਿਉਂ ਪੈ ਗਈ। ਇਹ ਗੱਲ ਵੀ ਫ਼ਿਲਮ ਦੀ ਕਹਾਣੀ ਵਾਂਗ ਅੰਤ ਤੱਕ ਇਕ ਬੁਝਾਰਤ ਹੀ ਬਣੀ ਰਹਿੰਦੀ ਹੈ।
ਕਵੇਲਾ ਇਕ ਐਬਸਟ੍ਰੈਕਟ ਡਾਰਕ ਫ਼ਿਲਮ ਹੈ ਜੋ ਆਮ ਪੰਜਾਬੀ ਦਰਸ਼ਕ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਇਸ ਤਰ੍ਹਾਂ ਮੈਂ ਪੰਜਾਬੀ ਦਰਸ਼ਕ ਦੀ ਸੋਝੀ ਉੱਪਰ ਕੋਈ ਸਵਾਲ ਨਹੀਂ ਖੜ੍ਹ ਕਰ ਰਿਹਾ ਬੱਸ ਮੈਂ ਇਹੀ ਕਹਿਣਾ ਚਾਹ ਰਿਹਾ ਹਾਂ ਕਿ ਸਾਡੇ ਦਰਸ਼ਕਾਂ ਨੂੰ ਬੇਸਿਰ ਪੈਰ ਦੀ ਕਾਮੇਡੀ ਅਤੇ ਹਾਸਮਈ ਰੁਮਾਂਸ ਵਾਲੀਆਂ ਫ਼ਿਲਮਾਂ ਦੇਖਣ ਦੀ ਆਦਤ ਪਈ ਹੋਈ ਹੈ ਅਤੇ ਅੱਜ-ਕੱਲ੍ਹ ਪੁਰਾਣੇ ਪਿੰਡਾਂ ਵਾਲਾ ਰੁਝਾਨ ਚੱਲਿਆ ਹੋਇਆ ਹੈ। ਅਜਿਹੀਆਂ ਫ਼ਿਲਮਾਂ ਫ਼ਿਲਮ ਉਤਸਵਾਂ ਲਈ ਠੀਕ ਰਹਿੰਦੀਆਂ ਹਨ।
ਸਿਨੇਮੈਟੋਗ੍ਰਾਫ਼ਰ ਗਗਨਦੀਪ ਸਿੰਘ ਨੇ ਹਨੇਰੇ ਅਤੇ ਡਰ ਨੂੰ ਬਹੁਤ ਹੀ ਬਾਰੀਕੀ ਨਾਲ ਆਪਣੇ ਕੈਮਰੇ ਰਾਹੀਂ ਪਰਦੇ ਉੱਪਰ ਉਤਾਰਿਆ ਹੈ। ਬੈਕਗ੍ਰਾਊਂਡ ਸਕੋਰ ਰੋਮਾਂਚ ਨੂੰ ਹੋਰ ਵੀ ਵਧਾਉਂਦਾ ਹੈ। ਮਨੋਵਿਗਿਆਨਕ ਥ੍ਰੀਲਰ ਫ਼ਿਲਮ ਲਈ 160 ਮਿੰਟ ਬਹੁਤ ਵੀ ਲੰਮਾ ਸਮਾਂ ਹੈ ਕਿਉਂਕਿ ਕੁਝ ਅਰਸੇ ਬਾਅਦ ਥ੍ਰਿਲ ਖਿਝਾਉਣ ਲੱਗ ਜਾਂਦਾ ਹੈ। ਫ਼ਿਲਮ ਨੂੰ ਹੋਰ ਚੁਸਤੀ ਨਾਲ ਐਡਿਟ ਕੀਤਾ ਜਾ ਸਕਦਾ ਸੀ, ਪਰ ਐਡਿਟਰ ਅਭਿਨੀਤ ਗਰੋਵਰ ਨੇ ਇਸ ਨੂੰ ਲੰਮਾ ਕਰਨ ਨੂੰ ਹੀ ਤਰਜੀਹ ਦਿੱਤੀ ਹੈ। ਸੰਗੀਤਕਾਰ ਗੁਰਮੋਹ ਅਤੇ ਗੈਵੀ ਸਿੱਧੂ ਨੇ ਮੱਧਕਾਲ ਦੇ ਕਵੀਆਂ ਸੰਤ ਕਬੀਰ, ਬਾਬਾ ਬੁੱਲ੍ਹੇ ਸ਼ਾਹ ਅਤੇ ਮੌਜੂਦਾ ਕਵੀਆਂ ਉਲਫ਼ਤ ਬਾਜਵਾ ਅਤੇ ਸੁਰਜੀਤ ਪਾਤਰ ਦੇ ਸ਼ਾਇਰੀ ਨੂੰ ਗੀਤਾਂ ਦੇ ਰੂਪ ਵਿਚ ਇਸਤੇਮਾਲ ਕੀਤਾ ਹੈ, ਪਰ ਬਰਾੜ ਫ਼ਿਲਮ ਵਿਚ ਇਨ੍ਹਾਂ ਨੂੰ ਜ਼ਿਆਦਾ ਉਭਾਰਦਾ ਨਹੀਂ, ਜੋ ਕਿ ਫ਼ਿਲਮ ਦੇ ਲਈ ਹਾਂਪੱਖੀ ਸਾਬਤ ਹੁੰਦਾ ਹੈ। ਸਿਰਫ਼ ਯਾਰ ਜਲੰਧਰ ਨੂੰ ਪਟਕਥਾ ਵਿਚ ਛੋਟੇ-ਛੋਟੇ ਟੁਕੜਿਆਂ ਵਿਚ ਸਹਿਜੇ ਹੀ ਵਰਤ ਲਿਆ ਗਿਆ ਹੈ। ਬਾਕੀ ਗੀਤ ਸਿਰਫ਼ ਯੂਟਿਊਬ ਲਈ ਹੀ ਹਨ।
ਜੇ ਤੁਸੀਂ ਪੰਜਾਬੀ ਸਿਨੇਮਾ ਵਿਚ ਕੁਝ ਵੱਖਰਾ ਦੇਖਣਾ ਚਾਹੁੰਦੇ ਹੋ, ਕੁਝ ਕੌੜੀਆਂ ਸੱਚਾਈਆਂ ਦੇ ਰੂਬਰੂ ਤਲਖ ਰੂਪ ਵਿਚ ਹੋਣਾ ਚਾਹੁੰਦੇ ਹੋ ਅਤੇ ਸਿਨੇਮਾ ਤੁਹਾਡੇ ਲਈ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹੈ ਤਾਂ ਤੁਸੀਂ ਇਹ ਫ਼ਿਲਮ ਦੇਖਣ ਜ਼ਰੂਰ ਜਾ ਸਕਦੇ ਹੋ। ਕਮਜ਼ੋਰ ਦਿਲ ਵਾਲੇ ਲੋਕਾਂ ਲਈ ਇਹ ਫ਼ਿਲਮ ਬੇਚੈਨ ਕਰਨ ਵਾਲੀ ਹੋ ਸਕਦੀ ਹੈ, ਸੋ ਇਸ ਗੱਲ ਦਾ ਧਿਆਨ ਰੱਖਣ।
*ਦੀਪ ਜਗਦੀਪ ਸਿੰਘ, ਸੁਤੰਤਰ ਪੱਤਰਕਾਰ, ਪਟਕਥਾ ਲੇਖਕ ਅਤੇ ਗੀਤਕਾਰ ਹਨ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com