ਫ਼ਿਲਮ ਸਮੀਖਿਆ । ਬਠਿੰਡਾ ਐਕਸਪ੍ਰੈਸ

ਦੀਪ ਜਗਦੀਪ ਸਿੰਘਰੇਟਿੰਗ 3/5
ਆਪਣੇ ਆਪ ਨੂੰ ਜਿੱਤਣ ਦੀ ਕਹਾਣੀ ਹੈ ਬਠਿੰਡਾ ਐਕਸਪ੍ਰੈਸ। ਵਕਤ, ਹਾਲਾਤ ਅਤੇ ਫੈਸਲਿਆਂ ਦੇ ਥਪੇੜਿਆਂ ਨਾਲ ਇਨਸਾਨ ਜਦੋਂ ਧਰਤੀ ’ਤੇ ਗੋਡੇ ਟੇਕਣ ਲਈ ਮਜਬੂਰ ਹੋ ਜਾਂਦਾ ਹੈ ਤਾਂ ਉਹ ਕਿਵੇਂ ਸੁਪਨਿਆਂ, ਹੌਸਲੇ ਅਤੇ ਆਤਮ-ਚਿੰਤਨ ਦੇ ਖੰਭਾਂ ਨਾਲ ਆਪਣੇ ਹਿੱਸੇ ਦਾ ਆਸਮਾਨ ਵਾਪਸ ਹਾਸਲ ਕਰ ਸਕਦਾ ਹੈ ਇਹੀ ਦੱਸਦੀ ਹੈ ਬਠਿੰਡਾ ਐਕਸਪ੍ਰੈਸ।

 

ਇੰਦਰ (ਦੀਪ ਜੋਸ਼ੀ) ਬਠਿੰਡੇ ਦੇ ਇਕ ਪਿੰਡ ਦਾ ਆਮ ਜਿਹਾ ਮੁੰਡਾ ਹੈ ਦੌੜਨਾ ਜਿਸਦਾ ਜੁਨੂੰਨ ਹੈ ਅਤੇ ਇਸ਼ਕ ਵੀ। ਐਨਾ ਦੋੜਨਾ ਕਿ ਭਾਵੇ ਪ੍ਰੈਕਟਿਸ ਲਈ ਸਟੇਡੀਅਮ ਜਾਣਾ ਹੋਵੇ ਜਾਂ ਸਹੇਲੀ ਗੁਰਲੀਨ (ਜੈਸਮੀਨ ਕੌਰ) ਦੇ ਅਚਾਨਕ ਫਿਲਮ ਦੇਖਣ ਦੇ ਮੂਡ ਦਾ ਖ਼ਿਆਲ ਰੱਖਣਾ ਹੋਵੇ, ਉਹ ਆਪਣੀ ਪਿਆਰੀ ਬੁਲਟ ਨਾਲੋਂ ਜ਼ਿਆਦਾ ਆਪਣੀ ਦੌੜ ’ਤੇ ਭਰੋਸਾ ਕਰਦਾ ਹੈ। ਦੌੜਦੇ ਰਹਿਣ ਦੀ ਇਸ ਲਾਲਸਾ ਕਰਕੇ ਉਸਦੇ ਕੋਚ (ਤਰਲੋਚਨ ਸਿੰਘ) ਨੇ ਉਸਦਾ ਨਾਮ ਹੀ ਬਠਿੰਡਾ ਐਕਸਪ੍ਰੈਸ ਰੱਖ ਦਿੱਤਾ। ਉਸਦੀ ਦੌੜ ਅਤੇ ਸੁਪਨਿਆਂ ਵਿਚ ਉਸਦੇ ਸਾਥੀ ਹਨ ਰਾਜ (ਮੋਹਿਤ ਭਾਸਕਰ) ਅਤੇ ਗੁਪਤਾ (ਵਿਜੇ ਐਸ ਕੁਮਾਰ)। ਇੰਦਰ ਦਾ ਭੋਲਾਪਨ, ਟਹਿਕਦਾ ਹਾਸਾ, ਅਸੀਮ ਆਤਮ-ਵਿਸ਼ਵਾਸ ਅਤੇ ਹਰ ਪਲ ਕੁਝ ਕਰਨ ਦਾ ਜਜ਼ਬਾ ਉਸ ਨੂੰ ਭੀੜ ਤੋਂ ਅੱਡ ਕਰਦਾ ਹੈ। ਆਪਣੀਆਂ ਇਨ੍ਹਾਂ ਖੂਬੀਆਂ ਕਰਕੇ ਉਹ ਗੁਰਲੀਨ ਦਾ ਵੀ ਦਿਲ ਜਿੱਤ ਲੈਂਦਾ ਹੈ ਪਰ ਅਚਾਨਕ ਇਕ ਦਿਨ ਉਸਦਾ ਚਾਚਾ, ਜੋ ਇੰਦਰ ਦੇ ਮਾਪਿਆਂ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਸਾਂਝੀ ਜ਼ਮੀਨ ਦੀ ਸਾਂਭ-ਸੰਭਾਲ ਕਰਦਾ ਹੈ, ਉਸਨੂੰ ਪਿੰਡ ਬੁਲਾਉਂਦਾ ਹੈ। ਪਿੰਡ ਵਿਚ ਚੋਣ ਪ੍ਰਚਾਰ ਦੌਰਾਨ ਇੰਦਰ ਦਾ ਚਚੇਰਾ ਨਸ਼ੇੜੀ ਭਰਾ (ਪ੍ਰਿੰਸ ਕੰਵਲਜੀਤ ਸਿੰਘ) ਉਸਨੂੰ ਚੌੜ-ਚੌੜ ਵਿਚ ਸ਼ਰਾਬ ਪਿਆ ਦਿੰਦਾ ਹੈ। ਇਕ ਮਹੀਨਾ ਉਸ ਨਾਲ ਰਹਿੰਦਿਆਂ ਉਹ ਹਰ ਤਰ੍ਹਾਂ ਦੇ ਨਸ਼ੇ ਦਾ ਆਦੀ ਹੋ ਜਾਂਦਾ ਹੈ ਅਤੇ ਇੱਥੋਂ ਹੀ ਉਹ ਨਸ਼ੇ ਦੀ ਦਲਦਲ ਵਿਚ ਡੁੱਬਦਾ ਜਾਂਦਾ ਹੈ। ਕੋਚ ਜਿਸ ਨਾਲ ਉਸਦਾ ਬਾਪ ਵਰਗਾ ਮੋਹ ਹੈ ਉਸਨੂੰ ਝਿੜਕ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇੰਦਰ ਤਾਂ ਬੱਸ ਧੱਸਦਾ ਹੀ ਜਾਂਦਾ ਹੈ। ਪੰਜਾਬੀ ਦੀ ਕਹਾਵਤ ਹੈ ਮੱਛੀ ਪੱਥਰ ਚੱਟ ਕੇ ਈ ਮੁੜਦੀ ਐ। ਇੰਦਰ ਕਿਹੜਾ ਪੱਥਰ ਚੱਟ ਕੇ ਅਤੇ ਕਿਵੇਂ ਮੁੜਦਾ ਹੈ ਇਹੀ ਕਹਾਣੀ ਹੈ ਫ਼ਿਲਮ ਦੀ…

film review bathinda express punjabi film
ਬਤੌਰ ਲੇਖਕ ਦੀਪ ਜੋਸ਼ੀ ਨੇ ਮੌਜੂਦਾ ਦੌਰ ਦੇ ਪੰਜਾਬੀ ਨੌਜਵਾਨਾਂ ਦੇ ਯਥਾਰਥ ਦੀ ਕਹਾਣੀ ਬਰੀਕੀ ਨਾਲ ਫੜੀ ਹੈ। ਇਕ ਸੁਪਨੀਲੇ ਨੌਜਵਾਨ ਦੇ ਯਥਾਰਥ ਨੂੰ ਮਾਨਸਿਕ ਪੱਧਰ ਤੇ ਜਾ ਕੇ ਫੜਨ ਲਈ ਉਸਨੇ ਕਾਫ਼ੀ ਵਿਸਤਾਰ ਵਿਚ ਦ੍ਰਿਸ਼ ਬੁਣੇ ਹਨ। ਅੱਜ ਕੱਲ੍ਹ ਦੇ ਤੇਜ਼ ਰਫ਼ਤਾਰ ਫਰੇਮਾਂ ਵਾਲੀ ਫ਼ਿਲਮਕਾਰੀ ਦੇ ਦੌਰ ਵਿਚ ਉਨ੍ਹਾਂ ਦੇ ਦ੍ਰਿਸ਼ਾਂ ਵਿਚ ਇਕ ਖ਼ਾਸ ਸਹਿਜ ਹੈ। ਇਹੀ ਵਿਸਤਾਰ ਦ੍ਰਿਸ਼ਾਂ ਨੂੰ ਬੇਜੋੜ ਬਣਾਉਂਦਾ ਹੈ ਅਤੇ ਦਰਸ਼ਕ ਨੂੰ ਬੰਨ੍ਹੀਂ ਰੱਖਦਾ ਹੈ। ਨਵੀਂ ਪੀੜ੍ਹੀ ਦੇ ਪੰਜਾਬੀ ਫ਼ਿਲਮਕਾਰਾਂ ਅਤੇ ਲੇਖਕਾਂ ਲਈ ਇਹ ਇਕ ਚੰਗੀ ਮਿਸਾਲ ਬਣ ਸਕਦੀ ਹੈ। ਹਾਲਾਂਕਿ ਪਟਕਥਾ ਦੇ ਪੱਧਰ ’ਤੇ ਫ਼ਿਲਮ ਦੇ ਕੁਝ ਦ੍ਰਿਸ਼ਾਂ ਦੇ ਟੁਕੜੇ ਖਿੱਲਰੇ ਹੋਏ ਹਨ, ਜਿਨ੍ਹਾਂ ਵਿਚਾਲੇ ਲੰਮਾ ਗੈਪ ਹੈ। ਦੀਪ ਜੋਸ਼ੀ ਨੇ ਹਿੰਦੀ ਫ਼ਿਲਮ ਥ੍ਰੀ ਇਡੀਅਟਸ ਤੋਂ ਪ੍ਰੇਰਨਾ ਲੈ ਕੇ ਮੁੱਖ ਕਿਰਦਾਰ ਦੇ ਦੋਸਤਾਂ ਰਾਹੀਂ ਕਹਾਣੀ ਪਰਦੇ ’ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਜੋ ਅਸਲ ਕਹਾਣੀ ਵਿਚ ਗੈਪ ਫਿੱਲਰ ਦਾ ਕੰਮ ਕਰਦੇ ਹਨ ਪਰ ਇਸਦੇ ਬਾਵਜੂਦ ਕਹਾਣੀ ਦੇ ਕਈ ਸਿਰੇ ਖੁੱਲ੍ਹੇ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਵਾਈਸ ਓਵਰ ਨਰੇਸ਼ਨ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਉਹ ਵੀ ਕਹਾਣੀ ਨੂੰ ਇਕ ਸੂਤਰ ਵਿਚ ਬੰਨ੍ਹਣ ਵਿਚ ਕਾਮਯਾਬ ਨਹੀਂ ਹੁੰਦੀ ਪਰ ਦਮਦਾਰ ਦ੍ਰਿਸ਼ ਅਤੇ ਪਿੱਠਵਰਤੀ ਸੰਗੀਤ ਇਸ ’ਤੇ ਸੁਰੱਖਿਆ ਕਵਚ ਦਾ ਕੰਮ ਕਰਦੇ ਹਨ। ਜੇ ਕਹਾਣੀ ਦੱਸਣ ਦੀ ਬਜਾਇ ਦਿਖਾਈ ਜਾਂਦੀ ਤਾਂ ਇਹ ਕਮੀ ਮਹਿਸੂਸ ਨਹੀਂ ਸੀ ਹੋਣੀ। ਨਸ਼ੇ ਵਿਚ ਧੁੱਤ ਹੋ ਕੇ ਖੇਤਾਂ ਵਿਚ ਦੌੜ ਲਾਉਣ ਤੋਂ ਪਹਿਲਾਂ ਹੀ ਡਿੱਗਣ ਵਾਲਾ ਅਤੇ ਦੁਕਾਨ ਦੇ ਬਾਹਰ ਟੰਗੇ ਸਪੋਰਟਸ ਜੁੱਤਿਆਂ ਨੂੰ ਦੇਖ ਕੇ ਅੰਦਰੋਂ ਦੌੜਨ ਦੀ ਇੱਛਾ ਫੇਰ ਪੈਦਾ ਹੋਣਾ ਦੋ ਅਜਿਹੇ ਦ੍ਰਿਸ਼ ਹਨ ਜੋ ਨਾ ਸਿਰਫ਼ ਡੂੰਘਾ ਅਸਰ ਛੱਡਦੇ ਹਨ ਬਲਕਿ ਬੜੀ ਡੂੰਘੀ ਗੱਲ ਵੀ ਕਹਿ ਜਾਂਦੇ ਹਨ। ਇਹੀ ਫ਼ਿਲਮ ਨੂੰ ਸਾਰਥਕ ਬਣਾਉਂਦੇ ਹਨ। ਕਲਾਈਮੈਕਸ ਤੋਂ ਪਹਿਲਾਂ ਇੰਦਰ ਦਾ ਆਪਣੇ ਅੰਦਰ ਝਾਤ ਪਾਉਣ ਲਈ ਪਹਾੜਾਂ ਦੀ ਸੈਰ ’ਤੇ ਜਾ ਕੇ ਕੁਦਰਤ ਦੇ ਨੇੜੇ ਹੋਣਾ ਕਹਾਣੀ ਨੂੰ ਅਧਿਆਤਮਕ ਸਿਖ਼ਰ ਵੱਲ ਲੈ ਜਾਂਦਾ ਹੈ। ਦੀਪ ਜੋਸ਼ੀ ਦੇ ਹੀ ਲਿਖੇ ਹੋਏ ਸੰਵਾਦ ਕਹਾਣੀ ਨੂੰ ਅੱਗੇ ਵਧਾਉਂਦੇ ਤਾਂ ਹਨ ਪਰ ਛਾਪ ਛੱਡਣ ਵਾਲੇ ਸੰਵਾਦਾਂ ਦੀ ਘਾਟ ਰੜਕਦੀ ਹੈ। ਕਹਾਣੀ ਦਾ ਅੰਤ ਜ਼ਿੰਦਗੀ ਦੀ ਹਰ ਦੌੜ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਪ੍ਰਭਾਵਸ਼ਾਲੀ ਸੁਨੇਹਾ ਦਿੰਦੀ ਹੈ। ਆਪਣੀ ਹੀ ਕਹਾਣੀ ਨੂੰ ਨਿਰਦੇਸ਼ਿਤ ਕਰਦਿਆਂ ਦੀਪ ਜੋਸ਼ੀ ਨੇ ਇਸ ਦੀਆਂ ਖੂਬੀਆਂ ਅਤੇ ਖ਼ਾਮੀਆਂ ਨੂੰ ਚੰਗੀ ਤਰ੍ਹਾਂ ਸਮਝਦਿਆਂ ਪੂਰੇ ਹੁਨਰ ਨਾਲ ਫਿਲਮਾਇਆ ਹੈ। ਉਸਨੇ ਕਲਾਕਾਰਾਂ ਨੂੰ ਆਪਣੇ ਕਿਰਦਾਰ ਨਿਭਾਉਣ ਲਈ ਖੁੱਲ੍ਹ ਦਿੱਤੀ ਵੀ ਜਾਪਦੀ ਹੈ।


ਰੰਗਮੰਚ ਦੇ ਹੰਢੇ ਹੋਏ ਅਦਾਕਾਰ ਦੀਪ ਜੋਸ਼ੀ ਨੇ ਇੰਦਰ ਦੇ ਮੁੱਖ ਕਿਰਦਾਰ ਦੇ ਰੂਪ ਵਿਚ ਫ਼ਿਲਮ ਆਪਣੇ ਮੋਢਿਆਂ ’ਤੇ ਪੂਰੀ ਜ਼ਿੰਮੇਦਾਰੀ ਨਾਲ ਸੰਭਾਲੀ ਹੈ। ਡੂੰਘੀ ਸੰਵੇਦਨਾ ਵਾਲੇ ਦ੍ਰਿਸ਼ਾਂ ਵਿਚ ਉਹ ਕਿਰਦਾਰ ਦੀ ਮਾਨਸਿਕਤਾ ਨੂੰ ਆਪਣੇ ਚਿਹਰੇ ਦੇ ਹਾਵ-ਭਾਵ ਨਾਲ ਇੰਨੀ ਬਾਰੀਕੀ ਨਾਲ ਉਤਾਰਦਾ ਹੈ ਕਿ ਦਰਸ਼ਕ ਉਸ ਨਾਲ ਹਮਦਰਦੀ ਮਹਿਸੂਸ ਕਰਦਾ ਹੈ। ਹਲਕੇ ਫੁਲਕੇ ਪਲਾਂ ਵਿਚ ਉਸ ਦੀ ਮਾਸੂਮੀਅਤ ਦਰਸ਼ਕਾਂ ਨੂੰ ਕੁਤਕੁਤਾਰੀਆਂ ਕੱਢਦੀ ਹੈ ਅਤੇ ਰੂਮਾਨੀ ਦ੍ਰਿਸ਼ਾਂ ਵਿਚ ਉਸਦਾ ਭੋਲਾਪਨ ਦਿਲ ਨੂੰ ਛੋਹ ਲੈਂਦਾ ਹੈ। ਫਿਰ ਵੀ ਭਾਵਨਾਤਮਕ ਦ੍ਰਿਸ਼ ਬਾਕੀ ਸਭ ਦ੍ਰਿਸ਼ਾਂ ’ਤੇ ਭਾਰੀ ਪੈਂਦੇ ਹਨ। ਕੁਝ ਦ੍ਰਿਸ਼ਾਂ ਵਿਚ ਉਹ ਰੰਗਮੰਚੀ ਲਾਊਡਨੈੱਸ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਿਆ। ਮੋਹਿਤ ਭਾਸਕਰ ਆਪਣਾ ਕਿਰਦਾਰ ਨਿਭਾ ਗਿਆ ਹੈ। ਵਿਜੇ ਐਸ ਕੁਮਾਰ ਦੀ ਸਹਿਜ, ਭੋਲੀ ਅਤੇ ਕੁਦਰਤੀ ਅਦਾਕਾਰੀ ਛੋਟੇ ਜਿਹੇ ਕਿਰਦਾਰ ਵਿਚ ਵੀ ਡੂੰਘਾ ਪ੍ਰਭਾਵ ਸਿਰਜਦੀ ਹੈ। ਨਵੀਂ ਅਦਾਕਾਰਾ ਜੈਸਮੀਨ ਕੌਰ ਨੂੰ ਹਾਲੇ ਬੜੀ ਮਿਹਨਤ ਕਰਨੀ ਪਵੇਗੀ। ਰੂਮਾਨੀ ਦ੍ਰਿਸ਼ਾਂ ਵਿਚ ਜਿਸ ਤਰ੍ਹਾਂ ਦੀ ਕੈਮਿਸਟ੍ਰੀ ਦੀ ਲੋੜ ਹੁੰਦੀ ਹੈ ਉਸਨੂੰ ਪਰਦੇ ’ਤੇ ਉਤਾਰਨ ਲਈ ਮਹਿਸੂਸ ਵੀ ਕਰਨਾ ਪੈਂਦਾ ਹੈ। ਕੋਚ ਦੇ ਕਿਰਦਾਰ ਵਿਚ ਤਰਲੋਚਨ ਸਿੰਘ ਦਾ ਕੱਬਾ ਪਰ ਮੋਹ ਭਰਿਆ ਸੁਭਾਅ ਚੰਗਾ ਲੱਗਿਆ ਹੈ। ਜੇ ਉਹ ਆਪਣੇ ਬੌਡੀ ਲੈਂਗੁਏਜ ਵਿਚ ਥੋੜ੍ਹੀ ਜਿਹੀ ਲਚਕ ਲੈ ਆਉਣ ਤਾਂ ਪੰਜਾਬੀ ਸਿਨੇਮਾ ਵਿਚ ਰੜਕਦੀ ਚੰਗੇ ਚਰਿੱਤਰ ਅਦਾਕਾਰਾਂ ਦੀ ਘਾਟ ਪੂਰੀ ਕਰ ਸਕਦੇ ਹਨ। ਪ੍ਰਿੰਸ ਕੰਵਲ ਜੀਤ ਸਿੰਘ ਹਰ ਵਾਰ ਦੀ ਤਰ੍ਹਾਂ ਆਪਣੇ ਕਿਰਦਾਰ ਵਿਚ ਜੱਚਿਆ ਹੈ ਪਰ ਉਸਦੇ ਹਿੱਸੇ ਬਹੁਤ ਹੀ ਘੱਟ ਦ੍ਰਿਸ਼ ਆਏ ਹਨ। ਸਿਨੇਮੈਟੋਗ੍ਰਾਫ਼ਰ ਰਾਜੂ ਗੋਗਨਾ ਅਤੇ ਸੰਨੀ ਧੰਜਲ ਨੇ ਭੀੜ-ਭਾੜ ਵਾਲੇ ਸ਼ਹਿਰ, ਸਟੇਡੀਅਮ ਅਤੇ ਪਿੰਡ ਦੇ ਦ੍ਰਿਸ਼ ਲੋੜ ਅਨੁਸਾਰ ਪਰਦੇ ’ਤੇ ਉਤਾਰੇ ਹਨ। ਕਲਾਈਮੈਕਸ ਤੋਂ ਪਹਿਲਾਂ ਪਹਾੜਾਂ ’ਤੇ ਫ਼ਿਲਮਾਏ ਗਏ ਗੀਤ ਦੇ ਦ੍ਰਿਸ਼ ਜਿੱਥੇ ਕਿਰਦਾਰ ਦੇ ਮਨ ਵਿਚ ਆ ਰਹੀਆਂ ਤਬਦੀਲੀਆਂ ਨੂੰ ਡੂੰਘਾਈ ਨਾਲ ਪੇਸ਼ ਕਰਦੇ ਹਨ ਉੱਥੇ ਤਨਾਅ ਦੇ ਮਾਹੌਲ ਵਿਚ ਦਰਸ਼ਕਾਂ ਨੂੰ ਸਕੂਨ ਵੀ ਦਿੰਦੇ ਹਨ। ਇਸ ਫ਼ਿਲਮ ਦਾ ਗੀਤ-ਸੰਗੀਤ ਇਸ ਸਾਲ ਵਿਚ ਹੁਣ ਤੱਕ ਆਈਆਂ ਸਾਰੀਆਂ ਫ਼ਿਲਮਾਂ ਨਾਲੋਂ ਬਿਹਤਰੀਨ ਹੈ, ਹਰ ਗੀਤ ਨਾ ਸਿਰਫ਼ ਕਹਾਣੀ ਨੂੰ ਡੂੰਘਾਈ ਦਿੰਦਾ ਹੈ, ਕਿਰਦਾਰਾਂ ਦੀ ਮਨੋਦਸ਼ਾਂ ਬਿਆਨ ਕਰਦਾ ਹੈ, ਦਿਲ ਨੂੰ ਛੋਹਦਾਂ ਹੈ ਬਲਕਿ ਸਹੀ ਮੌਕੇ ’ਤੇ ਆ ਕੇ ਪਟਕਥਾ ਨੂੰ ਅੱਗੇ ਤੋਰਦਾ ਹੈ। ਇਸ ਫ਼ਿਲਮ ਨੂੰ ਇਕ ਵੱਖਰੇ ਕੰਸੈਪਟ ਅਤੇ ਸੰਗੀਤ ਲਈ ਯਾਦ ਰੱਖਿਆ ਜਾਵੇਗਾ। ਐਡਿੰਟਿੰਗ ਦੇ ਮਾਮਲੇ ਵਿਚ ਕਾਫ਼ੀ ਗੁੰਜਾਇਸ਼ ਬਚੀ ਰਹਿ ਗਈ। ਮੇਕਅਪ ਨੇ ਉਮੀਦਾਂ ਨਹੀਂ ਪੂਰੀਆਂ ਕੀਤੀਆਂ।


ਜ਼ਮੀਨ ਨਾਲ ਜੁੜੀ ਕਹਾਣੀ, ਯਥਾਰਥ ਦੇ ਅਹਿਸਾਸ ਬਿਆਨ ਕਰਦੀ ਅਦਾਕਾਰੀ ਅਤੇ ਰਫ਼ਤਾਰ ਦੇ ਦੌਰ ਵਿਚ ਸਟਾਰਡਮ ਦੇ ਉਲਾਰਪੁਣੇ ਤੋਂ ਬੱਚ ਕੇ ਇਕ ਸਹਿਜਤਾ ਵਾਲੀ ਫ਼ਿਲਮ ਹੋਣ ਕਰਕੇ ਬਠਿੰਡਾ ਐਕਸਪ੍ਰੈਸ 3 ਨੰਬਰਾਂ ਦੀ ਹੱਕਦਾਰ ਹੈ।

Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com