Film Review – Laal Singh Chadha

ਲਾਲ ਸਿੰਘ ਚੱਢਾ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹੀ ਹੈ ਕਿ ਕਿਰਦਾਰ ਦੀ ਦਿੱਖ ਘੜਨ ‘ਤੇ ਬਹੁਤ ਮਿਹਨਤ ਕੀਤੀ ਗਈ ਹੈ। ਸਿੱਖ ਦੇ ਕਿਰਦਾਰ ਵਿਚ ਆਮੀਰ ਖ਼ਾਨ ਨਾ ਸਿਰਫ ਜੱਚਿਆ ਹੈ ਬਲਕਿ ਪਹਿਲੀ ਵਾਰ ਪਰਦੇ ਉੱਤੇ ਸਿੱਖ ਕਿਰਦਾਰ ਨੂੰ ਬਿਲਕੁਲ ਅਸਲੀਅਤ ਦੇ ਨੇੜੇ ‘ਤੇ ਖ਼ਾਲਸ ਦਿਖਾਇਆ ਗਿਆ ਹੈ। ਇਸ ਗੱਲ ਲਈ ਆਮੀਰ ਖ਼ਾਨ ਵਧਾਈ ਦਾ ਹੱਕਦਾਰ ਹੈ।

ਦੂਜੀ ਖ਼ੂਬਸੂਰਤ ਗੱਲ ਇਹ ਹੈ ਕਿ ਇਸ ਸਿੱਖ ਕਿਰਦਾਰ ਰਾਹੀਂ ਸਿੱਖੀ ਦੇ ਮੂਲ ਸਿਧਾਂਤ ਸਰਬੱਤ ਦਾ ਭਲਾ ਨੂੰ ਦਰਸਾਇਆ ਗਿਆ ਹੈ। ਲਾਲ ਸਿੰਘ ਚੱਢਾ ਭਾਈ ਘਨੱਈਏ ਵਾਂਗ ਸਭ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਦਾ ਹੈ ਤੇ ਮਦਦ ਕਰਦਾ ਹੈ। ਉਹ ਮਜ਼ਹਬ ਦੇ ਨਾਮ ‘ਤੇ ਲੜਨ-ਲੜਾਉਣ ਤੇ ਮਰਨ-ਮਰਾਉਣ ਵਿਚ ਯਕੀਨ ਨਹੀਂ ਰੱਖਦਾ, ਇਸ ਨੂੰ ਮਲੇਰੀਆ ਕਹਿੰਦਾ ਹੈ। ਇਸ ਤਰ੍ਹਾਂ ਉਹ ਸਾਂਝੀਵਾਲਤਾ ਤੇ ਪ੍ਰੇਮ-ਪਿਆਰ ਦਾ ਸੁਨੇਹਾ ਦਿੰਦਾ ਹੈ।

ਇਹ ਤਾਂ ਹੋਈਆਂ ਉਹ ਗੱਲਾਂ ਜੋ ਲਾਲ ਸਿੰਘ ਚੱਡਾ ਨੂੰ ਬਾਕੀ ਫ਼ਿਲਮਾਂ ਤੋਂ ਵੱਖਰੀ ਬਣਾਉਂਦੀਆਂ ਹਨ। ਪਰ ਅਗਲਾ ਸੁਆਲ ਇਹ ਹੈ ਕਿ ਕੀ ਲਾਲ ਸਿੰਘ ਚੱਢਾ ਪਰਫ਼ੈਕਟ ਫ਼ਿਲਮ ਹੈ?

ਕੁੱਝ ਗੱਲਾਂ ਚਾਹੁੰਦਿਆਂ ਵੀ ਤੁਹਾਡੇ ਹੱਥ ਵਿਚ ਨਹੀਂ ਹੁੰਦੀਆਂ। ਜਿਵੇਂ ਲਾਲ ਸਿੰਘ ਚੱਢਾ ਦੀ ਤੁਲਨਾ ਫਾਰੈਸਟ ਗੰਪ ਨਾਲ ਨਾ ਚਾਹੁੰਦਿਆਂ ਵੀ ਹੋਵੇਗੀ। ਲਾਲ ਸਿੰਘ ਚੱਢਾ ਦੀ ਤੁਲਨਾ ਦੰਗਲ, ਪੀਕੇ, ਥ੍ਰੀ ਇਡੀਅਟਸ, ਸੀਕ੍ਰੇਟ ਸੂਪਰ ਸਟਾਰ, ਤਾਰੇ ਜ਼ਮੀਨ ਪਰ, ਲਗਾਨ ਨਾਲ ਵੀ ਹੋਵੇਗੀ। ਫੇਰ ਵੀ ਪੂਰਾ ਤਰੱਦਦ ਕਰਕੇ ਕੁਝ ਨੁਕਤੇ ਤੁਲਨਾ ਦੇ ਫ੍ਰੇਮ ਵਿਚੋਂ ਬਾਹਰ ਆ ਕੇ ਵਿਚਾਰਾਂਗਾ। ਪਰ ਪਹਿਲਾਂ ਗੱਲ ਸਹਿਜੇ ਹੀ ਹੋਈ ਤੁਲਨਾ ਦੇ ਨੁਕਤਿਆਂ ਰਾਹੀਂ…

ਲਾਲ ਸਿੰਘ ਚੱਢਾ ਦਾ ਕਿਰਦਾਰ

ਲਾਲ ਸਿੰਘ ਚੱਢਾ ਓਨਾ ਹੀ ਓਪਰਾ ਲੱਗਿਆ ਜਿੰਨਾ ਫਾਰੇਸਟ ਗੰਪ ਆਪਣਾ ਲੱਗਿਆ ਸੀ। ਬਾਵਜੂਦ ਇਸ ਦੇ ਕਿ ਲਾਲ ਗੰਪ ਨਾਲੋਂ ਨਜ਼ਰ ਨੂੰ ਜ਼ਿਆਦਾ ਆਪਣਾ-ਆਪਣਾ ਲੱਗਦਾ ਸੀ। ਪਹਿਲਾਂ ਗੱਲ ਕਿਰਦਾਰ ਦੀ ਹੀ ਕਰ ਲੈਂਦੇ ਹਾਂ। ਲੇਖਣੀ ਦੇ ਮਾਮਲੇ ਵਿਚ ਹੀ ਕਿਰਦਾਰ ਬਹੁਤ ਕਮਜ਼ੋਰ ਲਿਖਿਆ ਗਿਆ। ਜਿਵੇਂ ਕਿ ਅਕਸਰ ਪੰਜਾਬੀ ਫ਼ਿਲਮਾਂ ਵਿਚ ਹੁੰਦਾ ਹੈ ਕਿਰਦਾਰ ਦੀ ਬਾਹਰੀ ਦਿੱਖ ਨੂੰ ਘੜਨ ਵਿਚ ਸਾਰਾ ਜ਼ੋਰ ਲਾਇਆ ਗਿਆ, ਪਰ ਕਿਰਦਾਰ ਦੀ ਰੂਹ ਲੇਖਣੀ ਵਿਚੋਂ ਹੀ ਮਨਫ਼ੀ ਰਹਿ ਗਈ। ਇਸ ਦਾ ਅਰਥ ਇਹ ਨਹੀਂ ਹੈ ਕਿ ਕਿਰਦਾਰ ਦਾ ਜੋ ਤਸਵੁੱਰ ਗੰਪ ਦਾ ਹੈ, ਲਾਲ ਉਸ ਤਰ੍ਹਾਂ ਦਾ ਨਹੀਂ ਬਣਿਆ। ਬਲਕਿ ਹੋਇਆ ਇਹ ਕਿ ਲਾਲ, ਸੀਰਤ ਪੱਖੋਂ, ਗੰਪ ਹੀ ਰਹਿ ਗਿਆ।

ਕਿਰਦਾਰ ਦਾ ਰੂਪਾਂਤਰ ਗੰਪ ਤੋਂ ਲਾਲ ਵਿਚ ਕਰਨ ਵੇਲੇ ਅਤੁਲ ਕੁਲਕਰਨੀ ਨੇ ਸਾਰਾ ਦਾ ਸਾਰਾ ਗੰਪ ਇੰਨ-ਬਿੰਨ ਹੀ ਲੈ ਲਿਆ, ਪਰ ਜੋ ਉਸ ਦਾ ਲਾਲ-ਕਰਨ ਕਰਨਾ ਸੀ ਉਹ ਮੁਸ਼ਕਿਲ ਨਾਲ ਪੰਜਾਹ ਕੁ ਫ਼ੀਸਦੀ ਹੀ ਹੋਇਆ ਹੋਣੈ। ਗੰਪ ਦਾ ਸਿੱਧਰਾਪਣ, ਸੱਚਾਪਣ, ਨਿਰਛਲਤਾ, ਅਣਭੋਲਪੁਣਾ, ਪਿਆਰ ਨਾਲ ਭਰਿਆ ਹੋਣਾ ਉਵੇਂ-ਜਿਵੇਂ ਅਨੁਵਾਦ ਹੋ ਗਿਆ ਲਾਲ ਵਿਚ, ਪਰ ਜੋ ਲਾਲ ਦਾ ਕਲਬੂਤ ਹੈ, ਉਸ ਦੇ ਅੰਦਰਲਾ ਜੋ ਆਪਣਾ ਨਿਆਰਾਪਣ ਹੈ, ਉਹ ਬਹੁਤਾ ਗੰਪ ਦੇ ਭਾਰ ਥੱਲੇ ਦੱਬ ਗਿਆ। ਇਸੇ ਕਰਕੇ ਪੂਰੀ ਫ਼ਿਲਮ ਵਿਚ ਲਾਲ ਓਪਰਾ ਲੱਗਦਾ ਰਿਹਾ।

ਇਸ ਨਾਲੋਂ ਜ਼ਿਆਦਾ ਖ਼ਰਾ ਕਿਰਦਾਰ ਮਾਂ ਦੇ ਰੂਪ ਵਿਚ ਮੋਨਾ ਸਿੰਘ ਦਾ ਲੱਗਿਆ। ਕੇਸ ਕੱਟਣ ਵਾਲੇ ਦ੍ਰਿਸ਼ ਵਿਚ ਰੋਣਾ ਰੋਕਿਆ ਨਹੀਂ ਗਿਆ। ਇਹ ਹੱਥੀਂ ਪਾਲੇ ਪੁੱਤ ਤੇ ਉਸਦੇ ਸਿੱਖੀ ਸਰੂਪ ਪ੍ਰਤੀ ਮਾਂ ਦੇ ਰੂਪ ਵਿਚ ਮੋਨਾ ਸਿੰਘ ਦਾ ਸਿਰਫ਼ ਵੈਰਾਗ ਹੀ ਸੀ, ਜੋ ਦਰਸ਼ਕ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਵਹਿ ਤੁਰਿਆ। ਪਰ ਮੁੜ ਕੇ ਪੂਰੀ ਫ਼ਿਲਮ ਵਿਚ ਸ਼ਾਇਦ ਹੀ ਕੋਈ ਦ੍ਰਿਸ਼ ਆਇਆ ਹੋਵੇ, ਜਿੱਥੇ ਇੰਝ ਹੁਲਾਸ ਜਾਂ ਵੈਰਾਗ ਆਪ-ਮੁਹਾਰੇ ਫੁੱਟਦਾ ਹੋਵੇ।

ਰੂਪਾ ਦਾ ਕਿਰਦਾਰ

ਰੂਪਾ ਦੇ ਕਿਰਦਾਰ ਦੀ ਘਾੜਤ ਦੀ ਗੱਲ ਕਰੀਏ ਤਾਂ ਜੈਨੀ ਨਾ ਸਿਰਫ਼ ਆਪਣੇ ਘਰੇਲੂ ਮਾਹੌਲ ਦੀ ਪੈਦਾਇਸ਼ ਹੈ ਬਲਕਿ ਉਹ ਸਮੇਂ ਦੇ ਨਾਲ ਵਿਗਸਦੇ ਤੇ ਬਦਲਦੇ ਅਮਰੀਕੀ ਪਾਪੂਲਰ ਸਭਿਆਚਾਰ ਦਾ ਕਿਰਦਾਰੀ-ਕਰਨ ਵੀ ਹੈ। ਭਾਵੇਂ ਕਿ ਉਸ ਦੀਆਂ ਆਪਣੀਆਂ ਅਕਾਂਖਿਆਵਾਂ ਵੀ ਉਸ ‘ਤੇ ਹਾਵੀ ਹੁੰਦੀਆਂ ਹਨ, ਪਰ ਹਰ ਦੌਰ ਦਾ ਅਸਰ ਵੀ ਸਮਾਨਾਂਤਰ ਤੁਰਦਿਆਂ ਉਸ ਦੀ ਭੰਨ੍ਹ-ਤੋੜ ਕਰਦਿਆਂ ਉਸਾਰੀ ਕਰਦਾ ਹੈ। ਉਸ ਦੇ ਉਲਟ ਰੂਪਾ ਦਾ ਪਰਿਵਾਰਕ ਮਾਹੌਲ ਉਸ ‘ਤੇ ਕਦੇ ਨਾ ਮਿਟਣ ਵਾਲਾ ਮਾਨਸਿਕ ਪ੍ਰਭਾਵ ਤਾਂ ਪਾਉਂਦਾ ਹੈ, ਪਰ ਉਸ ਨੂੰ ਇਕ ਬੇਮੁਹਾਰੀ ਜ਼ਿੱਦ ਨਾਲ ਬੰਨ੍ਹ ਦਿੰਦਾ ਹੈ, ਜਿਸ ਦਾ ਆਲੇ-ਦੁਆਲੇ ਦੇ ਮਾਹੌਲ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਅਤੁਲ ਕੁਲਕਰਨੀ ਨੇ ਜੈਨੀ ਦੇ ਭਾਰਤੀ ਰੂਪ ਵੱਜੋਂ ਰੂਪਾ ਦਾ ਜੋ ਤਸਵੁੱਰ ਕੀਤਾ ਉਹ ਵੀ ਕਲਬੂਤ ਪੱਧਰ ਤੱਕ ਬਹੁਤ ਵਾਜਿਬ ਹੈ, ਪਰ ਉਸ ਵਿਚ ਨਾ ਰੂਹ ਜੈਨੀ ਦੇ ਆਈ ਨਾ ਉਸ ਦੌਰ ਦੇ ਭਾਰਤੀ ਮਾਹੌਲ ਵਾਲੀ ਰੂਪਾ ਦੀ।

ਹਾਂ ਇਹ ਗੱਲ ਸੱਚ ਹੈ ਕਿ ਰੂਪਾ ਦਾ ਜ਼ਿੰਦਗੀ ਆਪਣੀਆਂ ਸ਼ਰਤਾਂ ਤੇ ਜਿਓਣਾ ਤੇ ਆਪ ਗ਼ਲਤੀਆਂ ਕਰਕੇ ਸਿੱਖਣਾ, ਇਕ ਵੱਡੀ ਗੱਲ ਹੈ। ਹਾਰ ਕੇ ਮੌਤ ਨੂੰ ਗਲ਼ ਲਾਉਣ ਦੇ ਫ਼ੈਸਲੇ ਤੋਂ ਪੈਰ ਪਿੱਛੇ ਖਿੱਚਣਾ, ਉਸ ਦੀ ਦਲੇਰੀ ਦਾ ਪ੍ਰਤੀਕ ਹੈ। ਉਸ ਤੋਂ ਬਾਅਦ ਜ਼ਿੰਦਗੀ ਨੂੰ ਭਰਪੂਰ ਜੀਅ ਕੇ, ਮੁਹਬੱਤ ਕਰਕੇ, ਜ਼ਿੰਦਗੀ ਨਾਲ ਲੜ ਕੇ ਮਰਨ ਨੂੰ ਉਸ ਦਾ ਤਰਜੀਹ ਦੇਣਾ ਇਕ ਚੰਗਾ ਸੁਨੇਹਾ ਦਿੰਦਾ ਹੈ।

ਬਾਲਾ ਦਾ ਕਿਰਦਾਰ

ਫਾਰੈਸਟ ਗੰਪ ਦੇ ਸਭ ਤੋਂ ਮਜ਼ਬੂਤ ਕਿਰਦਾਰਾਂ ਵਿਚੋਂ ਇਕ ਬੱਬਾ ਦਾ ਕਿਰਦਾਰ ਬਾਲਾ ਦੇ ਰੂਪ ਵਿਚ ਲਾਲ ਸਿੰਘ ਚੱਢਾ ਦਾ ਸਭ ਤੋਂ ਕਮਜ਼ੋਰ ਕਿਰਦਾਰ ਘੜਿਆ ਗਿਆ ਹੈ। ਬੱਬਾ ਦਾ ਫ਼ੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਝੀਂਗਾ ਮੱਛੀਆਂ ਦਾ ਵਪਾਰ ਸ਼ੁਰੂ ਕਰਨ ਦਾ ਖ਼ਬਤ ਉਸ ਦੇ ਮਛੇਰੇ ਬਾਪ ਵਾਲੇ ਪਰਿਵਾਰਕ ਪਿਛੋਕੜ ਤੇ ਉਸ ਦੇ ਸਮੁੰਦਰ ਕੰਢੇ ਮਛੇਰਿਆਂ ਦੀ ਬਸਤੀ ਵਿਚ ਪਲੇ ਹੋਣ ਕਰਕੇ ਹੈ। ਉਸ ਤੋਂ ਵੀ ਅਗਲੀ ਗੱਲ ਗੰਪ ਵੀ ਉਸ ਸੱਭਿਅਚਾਰਕ ਮਾਹੌਲ ਦਾ ਹਿੱਸਾ ਹੈ ਜਿੱਥੇ ਝੀਂਗਾ ਮੱਛੀ ਸੁਆਦ ਨਾਲ ਖਾਂਧੀ ਜਾਂਦੀ ਹੈ। ਬਲਕਿ ਮੂਲ ਕਹਾਣੀ ਵਿਚ ਝੀਂਗਾ ਮੱਛੀ ਦੀ ਚੋਣ ਹੀ ਇਸ ਨੁਕਤੇ ਕਰਕੇ ਕੀਤੀ ਗਈ ਹੈ ਕਿ ਗ਼ਰੀਬ ਕਾਲੇ ਲੋਕ ਤੂਫ਼ਾਨਾ ਵਿਚ ਜਾਨ ਜੋਖ਼ਮ ਵਿਚ ਪਾ ਕੇ ਇਹ ਮੱਛੀਆਂ ਫੜ੍ਹਦੇ ਹਨ ਤਾਂ ਜੋ ਗੋਰੇ ਲੋਕ ਪੰਜ ਤਾਰਾਂ ਹੋਟਲਾਂ ਵਿਚ ਇਨ੍ਹਾਂ ਤੋਂ ਬਣੇ ਮਹਿੰਗੇ ਪਕਵਾਨਾਂ ਦਾ ਆਨੰਦ ਮਾਣ ਸਕਣ।

ਬੱਬਾ ਦੇ ਵਪਾਰ ਦੀ ਉਮੀਦ ਇਸੇ ‘ਤੇ ਟਿਕੀ ਹੈ ਕਿ ਪਿਤਾ-ਪੁਰਖੀ ਕਿੱਤੇ ਵਿਚੋਂ ਝੀਂਗਾ ਮੱਛੀ ਫੜਨ ਦੇ ਹੁਨਰ ਦੇ ਨਾਲ ਆਧੁਨਿਕ ਯੁੱਗ ਦੀ ਮਾਰਕਿਟਿੰਗ ਦਾ ਗੁਰ ਜੋੜ ਕੇ ਉਹ ਗੋਰਿਆਂ ਦੀ ਕਦੇ ਨਾ ਪੂਰੀ ਹੋਣ ਵਾਲੀ ਝੀਂਗਾ ਮੱਛੀ ਦੀ ਮੰਗ ਦਾ ਲਾਹਾ ਲੈਂਦਿਆਂ ਅਮੀਰ ਹੋ ਜਾਵੇਗਾ। ਬੱਬਾ ਤੇ ਗੰਪ ਦੀ ਦੋਸਤੀ ਕਾਲੇ-ਗੋਰੇ ਦੇ ਰਿਵਾਇਤੀ ਨਸਲੀ ਵੱਖਰੇਵੇਂ ਤੇ ਸਿਆਸਤ ‘ਤੇ ਚੋਟ ਕਰਦੀ ਹੈ।

ਅਤੁਲ ਕੁਲਕਰਨੀ ਨੇ ਕਾਲੇ ਬੱਬਾ ਤੇ ਉਸ ਦੀ ਝੀਂਗਾ ਮੱਛੀ ਦਾ ਅਨੁਵਾਦ ਦੱਖਣ ਭਾਰਤੀ ਬਾਲਾ ਤੇ ਕੱਛੇ-ਬਨੈਣ ਦੇ ਰੂਪ ਵਿਚ ਕਰ ਦਿੱਤਾ ਹੈ ਜਿਸ ਦਾ ਰਿਵਾਇਤੀ ਪਹਿਰਾਵਾ ਧੋਤੀ ਬਨੈਣ ਹੈ। ਉਸ ਦਾ ਨਾਨਾ ਕੱਛੇ-ਬਨੈਣਾਂ ਦਾ ਮਾਹਰ ਦਰਜੀ ਹੈ। ਇਸ ਤਰ੍ਹਾਂ ਇਹ ਗੱਲ ਬੂਬਾ ਦੇ ਪਿਤਾ-ਪੁਰਖੀ ਕਿੱਤੇ ਨਾਲ ਤਾਂ ਜੁੜਦੀ ਹੈ, ਪਰ ਝੀਂਗਾ ਮੱਛੀ ਦੇ ਵਪਾਰ ਨਾਲ ਫਾਰਸੈਟ ਗੰਪ ਜਿਹੜੇ ਜਮਾਤੀ, ਆਰਥਕ ਤੇ ਨਸਲੀ ਪਾੜੇ ਦੀ ਗੱਲ ਉਭਾਰਦਾ ਹੈ, ਲਾਲ ਸਿੰਘ ਚੱਢੇ ਵਿਚੋਂ ਉਹ ਪੂਰੀ ਤਰ੍ਹਾਂ ਗ਼ਾਇਬ ਹੋ ਜਾਂਦਾ ਹੈ। ਸਿਰਫ਼ ਦਿੱਖ ਪੱਖੋਂ ਇਹ ਇਕ ਦੱਖਣ ਭਾਰਤੀ ਕਾਲੇ ਹਿੰਦੂ ਤੇ ਉੱਤਰ-ਭਾਰਤੀ ਗੋਰੇ ਸਿੱਖ ਦੀ ਦੋਸਤੀ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ।

ਲਾਲ ਸਿੰਘ ਚੱਡਾ ਦੇ ਬਾਲਾ ਕਿਰਦਾਰ ਦੀ ਕਹਾਣੀ ਵਿਚੋਂ ਸਭਿਆਚਾਰਕ, ਸਿਆਸੀ ਤੇ ਜਮਾਤੀ ਵਿਸ਼ੇ ਖੰਭ ਲਾ ਕੇ ਉੱਠ ਗਏ ਹਨ। ਜਦ ਕਿ ਪਾਕਿਸਤਾਨੀ ਮੁਹੰਮਦ ਦੇ ਹਵਾਲੇ ਨਾਲ ਲਾਲ ਦਾ ਜੋ ਕਿਰਦਾਰ ਘੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਨੂੰ ਵਿਸਤਾਰ ਦੇ ਕੇ ਦੱਖਣੀ ਭਾਰਤੀ ਬਾਲੇ ਨਾਲ ਸਾਂਝ ਦੀਆਂ ਬਹੁ-ਅਰਥੀ ਪਰਤਾਂ ਤੱਕ ਫੈਲਾਇਆ ਜਾਂਦਾ ਤਾਂ ਭਾਰਤੀ ਸਮਾਜ ਢਾਂਚੇ ਅੰਦਰਲੀਆਂ ਦੱਖਣੀ ਬਨਾਮ ਉੱਤਰ ਭਾਰਤੀ ਟਕਰਾਅ ਦੀਆਂ ਰੂੜ੍ਹੀਆਂ ‘ਤੇ ਇਹ ਡੂੰਘੀ ਚੋਟ ਹੋ ਸਕਦੀ ਸੀ। ਇਹੀ ਗੰਮ ਦੇ ਕਿਰਦਾਰ ਦਾ ਮੂਲ ਖ਼ਾਸਾ ਸੀ। ਝੀਂਗਾ ਮੱਛੀ ਦਾ ਕੱਛੇ-ਬੁਨੈਣ ਵਿਚ ਅਨੁਵਾਦ ਕਰਨਾ ਅਟਪਟਾ ਜਿਹਾ ਲੱਗਿਆ। ਜਿਵੇਂ ਝੀਂਗਾ ਮੱਛੀ ਦੀ ਸਮੁੱਚੇ ਅਮਰੀਕਾ ਵਿਚ ਯੂਨੀਵਰਸਲ ਅਪੀਲ ਹੈ, ਜੇ ਕਿਤੇ ਅਤੁਲ ਕੁਲਕਰਨੀ ਇਸ ਨੂੰ ਡੋਸਾ-ਸਾਂਬਰ ਕਰ ਦਿੰਦਾ ਤਾਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਸਭ ਨੂੰ ਸਾਂਝਾ ਸੁਆਦ ਆਉਣਾ ਸੀ। ਉਸ ਦੇ ਉਲਟ ਭਾਵੇਂ ਕਿ ਮਸ਼ੀਨੀ ਦੌਰ ਵਿਚ ਸਾਰਾ ਭਾਰਤ ਹੀ ‘ਰੂਪਾ’ ਦੇ ਕੱਛੇ ਬੁਨੈਣ ਪਾਉਣ ਲੱਗ ਪਿਆ ਹੋਣਾ ਹੈ, ਪਰ ਇਸ ਮਾਮਲੇ ਵਿਚ ਹਰ ਖਿੱਤੇ ਤੇ ਸਭਿਆਚਾਰ ਵਿਚ ਹਾਲੇ ਵੀ ਵਖਰੇਵੇਂ ਹਨ, ਜਿਸ ਦੀ ਤੁਲਨਾ ਵਿਚ ਸਾਂਬਰ-ਡੋਸਾ ਜ਼ਿਆਦਾ ਯੂਨੀਵਰਸਲ ਹੋ ਚੁੱਕਿਆ ਹੈ।

ਕਮਜ਼ੋਰ ਕਹਾਣੀ

ਹੁਣ ਜੇ ਗੱਲ ਕਰੀਏ ਕਹਾਣੀ ਦੇ ਤਾਣੇ-ਬਾਣੇ ਦੀ ਤਾਂ ਫਾਰੇਸਟ ਗੰਪ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹੋ ਸੀ ਕਿ ਉਸ ਦੌਰ ਦੀ ਸਿਆਸਤ ਤੇ ਸਮਾਜ ਨੂੰ ਦਰਸਾਉਂਦੀਆਂ ਸੱਚੀਆਂ ਘਟਨਾਵਾਂ ਤੇ ਗੰਪ ਦੀ ਜ਼ਿੰਦਗੀ ਦੀ ਕਹਾਣੀ ਇਸ ਤਰ੍ਹਾਂ ਆਪੋ ਵਿਚ ਪਿਰੋਏ ਹੋਏ ਸਨ ਜਿਵੇਂ ਮੱਕੜੀ ਆਪਣਾ ਜਾਲ ਬੁਣਦਿਆਂ ਇਕ ਵੀ ਗੰਢ ਨਹੀਂ ਪੈਣ ਦਿੰਦੀ। ਰੇਸ਼ਮ ਦਾ ਕੀੜਾ ਇੰਨ੍ਹਾਂ ਮਹੀਨ ਬੁਣਦਾ ਕਿ ਝੀਥ ਵੀ ਆਪਣੇ ਬਾਹਰ ਆਉਣ ਜੋਗੀ ਨਹੀਂ ਛੱਡਦਾ। ਜਦ ਕਿ ਲਾਲ ਸਿੰਘ ਚੱਢਾ ਫ਼ਿਲਮ ਭਾਰਤੀ ਤੇ ਖ਼ਾਸ ਕਰ ਪੰਜਾਬੀ ਮਨ ‘ਤੇ ਡੂੰਘਾ ਅਸਰ ਰੱਖਣ ਵਾਲੀਆਂ ਜਿੰਨ੍ਹਾਂ ਸੱਚੀਆਂ ਘਟਨਾਵਾਂ ਦਾ ਜ਼ਿਕਰ ਕਰਦੀ ਹੈ, ਉਸ ਵਿਚ ਲਾਲ ਜ਼ਿਆਦਾਤਰ ਵਿੱਥ ‘ਤੇ ਖੜ੍ਹੇ ਦਰਸ਼ਕ ਤੋਂ ਜ਼ਿਆਦਾ ਕੁਝ ਨਹੀਂ ਹੈ।

ਚੌਰਾਸੀ ਦੇ ਦਿੱਲੀ ਕਤਲੇਆਮ ਵੇਲੇ ਤੇ ਫਿਰ ਕਰਗਿਲ ਜੰਗ ਵਿਚ ਵਿਚ ਸਿੱਧਾ ਸ਼ਾਮਲ ਤਾਂ ਹੈ। ਇਨ੍ਹਾਂ ਘਟਨਾਵਾਂ ਦਾ ਅਸਰ ਵੀ ਦ੍ਰਿਸ਼ ਤੇ ਮਾਨਸਿਕ ਪੱਧਰ ‘ਤੇ ਉਸ ‘ਤੇ ਪੈਂਦਾ ਹੈ। ਫਿਰ ਵੀ ਉਹ ਇਨ੍ਹਾਂ ਘਟਨਾਵਾਂ ਦਾ ਸਹਿਜ ਹਿੱਸਾ ਨਹੀਂ ਲੱਗਦਾ ਬਲਕਿ ਉਨ੍ਹਾਂ ਘਟਨਾਵਾਂ ਵਿਚ ਫਿੱਟ ਕੀਤਾ ਹੋਇਆ ਲੱਗਦਾ ਹੈ। ਸ਼ਾਇਦ ਲੇਖਕ ਕੋਲ ਸਮਾਂ ਨਹੀਂ ਸੀ ਜਾਂ ਕਹਾਣੀ ਦੀ ਲੰਬਾਈ ਨੂੰ ਕਾਬੂ ਵਿਚ ਰੱਖਣ ਦਾ ਦਬਾਅ ਸੀ ਜਾਂ ਫਿਰ ਲਾਲ ਨੂੰ ਉਨ੍ਹਾਂ ਘਟਨਾਵਾਂ ਵਿਚ ਸਹਿਜੇ ਲਿਆਉਣ ਦੀ ਡੂੰਘਾਈ ਤੱਕ ਪਹੁੰਚਣਾ ਉਸ ਦੇ ਵੱਸੋਂ ਬਾਹਰ ਹੋ ਗਿਆ ਸੀ। ਇਸ ਸਵਾਲ ਦਾ ਜੁਆਬ ਸ਼ਾਇਦ ਕਦੇ ਵੀ ਨਾ ਮਿਲੇ, ਪਰ ਉਸ ਨੇ ਆਪਣੀ ਮਜਬੂਰੀ ਰੱਥ ਯਾਤਰਾ ਵਾਲੇ ਦ੍ਰਿਸ਼ ਵਿਚ ਲਾਲ ਤੇ ਰੂਪਾ ਨੂੰ ਸਿੱਧੇ ਹੀ ਭੀੜ ਵਿਚਲੇ ਦਰਸ਼ਕ ਦੇ ਰੂਪ ਵਿਚ ਦਿਖਾ ਕੇ ਜ਼ਾਹਰ ਜ਼ਰੂਰ ਕਰ ਦਿੱਤੀ। ਇਹ ਸੈਂਸਰ ਬੋਰਡ ਕੋਲੋਂ ਪਾਸ ਹੋਣ ਦੀ ਚਿੰਤਾ ਜਾਂ ਸਰਕਾਰ ਦਾ ਡਰ ਵੀ ਹੋ ਸਕਦਾ ਹੈ।

ਇਵੇਂ ਹੀ ਅਮਰੀਕਾ ਫਾਰਸੇਟ ਗੰਪ ਵਿਚ ਸਿਰਫ਼ ਇਕ ਲੋਕੇਸ਼ਨ ਨਹੀਂ ਸੀ ਬਲਕਿ ਇਕ ਕਿਰਦਾਰ ਦੀ ਭੂਮਿਕਾ ਨਿਭਾ ਰਿਹਾ ਸੀ। ਜਦਕਿ ਲਾਲ ਸਿੰਘ ਚੱਢਾ ਦੀਆਂ ਜ਼ਿਆਦਾਤਰ ਲੋਕੇਸ਼ਨਾਂ ਬਸ ਆਰਟ ਵਰਕ ਤੋਂ ਵਧ ਕੁਝ ਨਹੀਂ ਹਨ। ਕੇਸ-ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ‘ਤੇ ਕਾਫ਼ੀ ਮਿਹਨਤ ਕੀਤੀ ਗਈ ਹੈ, ਪਰ ਇਹ ਵੀ ਆਪਣੇ ਆਪ ਵਿਚ ਮੇਕ-ਅੱਪ ਹੀ ਹੋ ਕੇ ਰਹਿ ਗਿਆ ਹੈ। ਇੱਥੋਂ ਤੱਕ ਕਿ ਲਾਲ ਸਿੰਘ ਚੱਢੇ ਦਾ ਘਰ ਵਿਚ ਪਾਉਣ ਵਾਲਾ ਕੁੜਤਾ ਪਜਾਮਾ ਵੀ ਵਿਆਹਾਂ ਵਿਚ ਪਾਏ ਜਾਣ ਵਾਲੇ ਕੁੜਤੇ ਨਾਲੋਂ ਜ਼ਿਆਦਾ ਫੈਂਸੀ ਹੈ।

ਲਾਵਾਂ ਵਾਲੇ ਦ੍ਰਿਸ਼ ਵਿਚ ਮਰਿਆਦਾ ਅਨੁਸਾਰ ਲਾੜੇ ਦੀ ਕਲਗੀ ਉਤਾਰੀ ਗਈ ਹੈ, ਪੱਲਾ ਫੜਾਇਆ ਗਿਆ, ਪਰ ਬੈਕਗ੍ਰਾਉਂਡ ਵਿਚ ਫ਼ਿਲਮੀ ਗੀਤ ਚਲਾ ਕੇ ਸੱਤਿਆਨਾਸ ਕਰ ਦਿੱਤਾ ਗਿਆ ਹੈ। ਦ੍ਰਿਸ਼ ਵਿਚ ਰਾਗੀ ਸਿੰਘ ਵੀ ਮੌਜੂਦ ਹਨ ਤੇ ਤਾਬਿਆ ਗ੍ਰੰਥੀ ਸਿੰਘ ਵੀ, ਜੇ ਕਿਤੇ ਲਾਵਾਂ ਦਾ ਪਾਠ/ਕੀਰਤਨ ਵੀ ਕਰਾ ਦਿੰਦੇ ਤਾਂ ਦ੍ਰਿਸ਼ ਜ਼ਿਆਦਾ ਖ਼ਾਲਸ ਹੋ ਜਾਣਾ ਸੀ। ਫ਼ਿਲਮੀ ਟੱਚ ਦੇਣ ਲਈ ਭਾਵੇਂ ਤਰਜ ਤੇ ਸੰਗੀਤ ਫ਼ਿਲਮੀ ਬਣਾ ਲੈਂਦੇ, ਓਨਾ ਰੜਕਨਾ ਨਹੀਂ ਸੀ, ਜਿੰਨਾ ਰਾਗੀ ਸਿੰਘਾਂ ਦੇ ਕੀਰਤਨ ਕਰਦਿਆਂ, ਬੈਕਗ੍ਰਾਉਂਡ ਵਿਚ ਚੱਲਦਾ ਰੁਮਾਂਟਿਕ ਗੀਤ ਰੜਕਿਆ ਹੈ। ਉਂਝ ਗੀਤ ਦੇ ਬੋਲ ਤੇ ਸੰਗੀਤ ਦੋਵੇਂ ਹੀ ਮੌਕੇ ਮੁਤਾਬਿਕ ਢੁੱਕਵੇਂ ਤੇ ਪਾਏਦਾਰ ਹਨ।

ਲੌਜਿਕ ਦਾ ਕੋਈ ਲੌਜਿਕ ਨਹੀਂ!

ਦੇਖਿਆ ਜਾਵੇ ਤਾਂ ਆਮਿਰ ਖ਼ਾਨ ਦੀਆਂ ਉੱਪਰ ਜ਼ਿਕਰ ਕੀਤੀਆਂ ਫ਼ਿਲਮਾਂ ਵਿਚ ਵੀ ਭਾਵੇਂ ਸਿਨੇਮਾਈ ਖੁੱਲ੍ਹਾਂ ਲਈਆਂ ਹੁੰਦੀਆਂ ਹਨ, ਪਰ ਫਿਰ ਵੀ ਕਾਫ਼ੀ ਹੱਦ ਤੱਕ ਲੌਜਿਕ (ਤਰਕ) ਦਾ ਪੱਲਾ ਫੜ ਕੇ ਰੱਖਿਆ ਜਾਂਦਾ ਹੈ। ਇਸ ਵਾਰ ਲਾਲ ਸਿੰਘ ਚੱਢਾ ਨੂੰ ਭਾਈ ਘਨੱਈਆ ਦਾ ਪੈਰਾਕੋਰ ਦਿਖਾਉਣ ਦੇ ਚੱਕਰ ਵਿਚ ਜੰਗੀ ਦੁਸ਼ਮਨ ਮੁਹੰਮਦ ਨੂੰ ਤਾਂ ਸਹਿਜੇ ਹੀ ਭਾਰਤ (ਫ਼ੌਜੀ ਹਸਪਤਾਲ ਤੋਂ ਲੈ ਕੇ ਮੁੰਬਈ ਤੇ ਪਠਾਨਕੋਟ ਵਰਗੀਆਂ ਸੰਵੇਦਨਸ਼ੀਲ ਥਾਂਵਾਂ) ‘ਤੇ ਘੁੰਮਦੇ ਦਿਖਾਇਆ ਗਿਆ ਹੈ। ਫਿਰ ਉਹ ਸੌਖਿਆਂ ਈ ਪਾਕਿਸਤਾਨ ਵਾਪਸ ਵੀ ਚਲਾ ਜਾਂਦਾ ਹੈ।

ਜਦਕਿ ਮੁੰਬਈ ਦਾ ਬਾਸ਼ਿੰਦਾ ਅੰਡਰਵਰਲਡ ਡਾਨ ਆਖ਼ਰਕਾਰ ਪੁਲਸ ਦੇ ਧੱਕੇ ਚੜ੍ਹ ਗਿਆ ਹੈ। ਡਾਨ ਦੇ ਨਾਲ ਰਹਿਣ ਵਾਲੀ ਰੂਪਾ ਨੂੰ ਫੜਨ ਮੁੰਬਈ ਦੀ ਪੁਲਿਸ ਪਠਾਨਕੋਟ ਦੇ ਪਿੰਡ ਆ ਜਾਂਦੀ ਹੈ। ਛੇ ਮਹੀਨੇ ਦੀ ਕੈਦ ਵੀ ਕੱਟਦੀ ਹੈ। ਪਰ ਮੁਹੰਮਦ ਨੂੰ ਪਨਾਹ ਤੇ ਰੋਜ਼ਗਾਰ ਦੇਣ ਵਾਲਾ ਲਾਲ ਸਿੰਘ ਚੱਢਾ ਆਰਾਮ ਨਾਲ ਸੁੱਤਾ ਰਹਿੰਦਾ ਹੈ ਤੇ ਪੁਲਸ ਉਸ ਦੀਆਂ ਬਰੂਹਾਂ ਤੋਂ ਮੁੜ ਜਾਂਦੀ ਹੈ। ਉਸ ਤੋਂ ਬਾਅਦ ਲਾਲ ਸਿੰਘ ਚੱਢਾ ਉਸ ਨੂੰ ਪਾਕਿਸਤਾਨ ਪੈਸੇ ਵੀ ਭੇਜਦਾ ਰਹਿੰਦਾ ਹੈ।

ਯੂ. ਏ. ਪੀ. ਏ. ਦੇ ਦੌਰ ਵਿਚ ਇੰਨੀ ਜ਼ਿਆਦਾ ਸਿਨੇਮਾਈ ਖੁੱਲ੍ਹ ਰੜਕਦੀ ਹੀ ਨਹੀਂ, ਬੇਚੈਨ ਕਰਦੀ ਹੈ। ਸਭ ਤੋਂ ਜ਼ਿਆਦਾ ਰੜਕਣ ਵਾਲੀ ਗੱਲ ਆਮੀਰ ਖ਼ਾਨ ਦੀ ਪੰਜਾਬੀ ਦਾ ਲਹਿਜਾ ਹੈ। ਚੰਗਾ ਹੁੰਦਾ ਕਿ ਹਿੰਦੀ ਫ਼ਿਲਮ ਦਾ ਹਿੰਦੀ ਕਿਰਦਾਰ ਸੀ, ਭਾਵੇਂ ਸਿੱਖ ਸੀ, ਉਸ ਤੋਂ ਹਿੰਦੀ ਵਿਚ ਹੀ ਸੰਵਾਦ ਬੁਲਾਏ ਜਾ ਸਕਦੇ ਸਨ। ਦਿੱਲੀ, ਮੁੰਬਈ, ਯੂਪੀ ਤੇ ਰਾਜਸਥਾਨ ਦੇ ਸਿੱਖ ਵੀ ਠੀਕ-ਠਾਕ ਹਿੰਦੀ ਬੋਲਦੇ ਹਨ। ਪੰਜਾਬੀ ਵੀ ਉਨ੍ਹਾਂ ਦੀ ਮਾੜੀ ਨਹੀਂ ਹੁੰਦੀ, ਲਾਲ ਸਿੰਘ ਚੱਢੇ ਜਿੰਨੀ ਮਾੜੀ ਤਾਂ ਬਿਲਕੁਲ ਨਹੀਂ ਹੁੰਦੀ।

ਸਪੀਡ ਬ੍ਰੇਕਰ

ਫਾਰੈਸਟ ਗੰਪ ਬਾਰੇ ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ, ਲਾਲ ਸਿੰਘ ਚੱਢਾ ਦੀ ਕਹਾਣੀ ਪਿਰੋਈ ਨਹੀਂ ਗਈ। ਇਸ ਨੂੰ ਲਿਖਿਆ ਵੀ ਟੁਕੜਿਆਂ ਵਿਚ ਗਿਆ, ਫ਼ਿਲਮਾਇਆ ਤੇ ਨਿਭਾਇਆ ਵੀ ਟੁਕੜਿਆਂ ਵਿਚ ਹੀ ਗਿਆ ਹੈ। ਇਸ ਕਰਕੇ ਇਸ ਦੇ ਕੁਝ ਟੁਕੜੇ ਹੀ ਪ੍ਰਭਾਵਿਤ ਕਰਦੇ ਹਨ, ਪਰ ਸਮੁੱਚੇ ਰੂਪ ਵਿਚ ਫ਼ਿਲਮ ਕੋਈ ਡੂੰਘਾ ਪ੍ਰਭਾਵ ਨਹੀਂ ਸਿਰਜਦੀ। ਨਤੀਜਤਨ, ਫ਼ਿਲਮ ਮੁੱਢ ਤੋਂ ਅੰਤ ਤੱਕ ਆਪਣੇ ਨਾਲ ਬੰਨ੍ਹ ਕੇ ਰੱਖਣ ਵਿਚ ਕਾਮਯਾਬ ਨਹੀਂ ਹੁੰਦੀ। ਵਿਚ-ਵਿਚਾਲੇ ਦਰਸ਼ਕ ਨੂੰ ਜੋੜਦੀ ਹੈ, ਭਾਵੁਕ ਕਰਦੀ ਹੈ, ਫਿਰ ਉਸ ਨੂੰ ਥੋੜ੍ਹੀ ਦੇਰ ਆਪਣਾ ਫ਼ੋਨ ਆਦਿ ਵਰਤਣ ਦਾ ਸਮਾਂ ਦੇ ਕੇ, ਆਪਣੇ ਅਗਲੇ ਟੁਕੜੇ ਵੱਲ ਤੁਰ ਪੈਂਦੀ ਹੈ। ਅਤੁਲ ਕੁਲਕਰਨੀ ਦੀ ਕਮਜ਼ੋਰ ਲੇਖਣੀ ਨੂੰ ਨਿਰਦੇਸ਼ਕ ਅਦਵੈਤ ਚੰਦਨ ਨੇ ਸੰਭਾਲਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ, ਪਰ ਰਾਜ ਕੁਮਾਰ ਹਿਰਾਨੀ ਵਰਗੇ ਨਿਰਦੇਸ਼ਕ ਦੀ ਘਾਟ ਰੜਕਦੀ ਹੈ।

ਪਰਦੇ ਦੇ ਪਿੱਛੇ

ਸੱਤਿਆਜੀਤ ਪਾਂਡੇ ਦੀ ਸਿਨੇਮੈਟੋਗ੍ਰਾਫ਼ਰ ਕਮਜ਼ੋਰ ਪਟਕਥਾ ਦੇ ਪਰਦੇ ਕੱਜਦੀ ਹੋਈ ਅੱਖਾਂ ਨੂੰ ਸਕੂਨ ਦਿੰਦੀ ਹੈ। ਹੇਮੰਤ ਸਰਕਾਰ ਦੀ ਐਡਿਟਿੰਗ ਨੇ ਟੁਕੜਿਆਂ ਨੂੰ ਜੋੜਨ ਲਈ ਆਪਣਾ ਪੂਰਾ ਟਿੱਲ ਲਾਇਆ ਹੈ। ਪਰ ਪਟਕਥਾ ਦੇ ਗ੍ਰਾਫ਼ ਵਿਚਲੇ ਡਿੱਕ-ਡੋਲੇ ਗੁਣੀਏ ਵਿਚ ਕਰਨਾ ਉਸ ਦੇ ਵੱਸ ਵਿਚ ਨਹੀਂ ਰਿਹਾ ਸੀ। ਤਨੁਜ ਟੀਕੂ ਦਾ ਪਿੱਠਵਰਤੀ ਸੰਗੀਤ ਡੋਲਦੀ ਕਹਾਣੀ ਨੂੰ ਮੋਢਾ ਦੇਣ ਦਾ ਕੰਮ ਕਰਦਾ ਹੈ।

ਮੁੱਕਦੀ ਗੱਲ

ਕੁੱਲ ਮਿਲਾ ਕੇ ਫ਼ਿਲਮ ਲਾਲ ਸਿੰਘ ਚੱਢਾ ਆਪਣੇ ਮੁੱਖ ਕਿਰਦਾਰ ਲਾਲ ਦੀ ਸੰਵੇਦਨਾ ਕਰਕੇ ਇਕ ਵਾਰ ਤਾਂ ਦੇਖੀ ਜਾਣੀ ਬਣਦੀ ਹੈ। ਜ਼ਿੰਦਗੀ ਜਿਓਣ ਲਈ ਹੈ, ਦੌੜਨ, ਭੱਜਣ ਤੇ ਕੱਟਣ ਲਈ ਨਹੀਂ ਵਾਲਾ ਫ਼ਿਲਮ ਦਾ ਸੁਨੇਹਾ ਇਸ ਨੂੰ ਸਾਂਭਣਯੋਗ ਵੀ ਬਣਾਉਂਦਾ ਹੈ। ਨਾਲ ਹੀ ਸਿੱਧਰਾ ਬੰਦਾ ਲੱਲੂ, ਕਮਲਾ ਤੇ ਪਾਗਲ ਹੁੰਦਾ ਹੈ, ਫ਼ਿਲਮ ਸਾਡੀ ਇਸ ਮਾਨਸਿਕਤਾ ‘ਤੇ ਚਪੇੜ ਮਾਰਦਿਆਂ ਦੱਸਦੀ ਹੈ ਕਿ ਜਿੰਨਾਂ ਨੂੰ ਗੱਲ ਦੇਰ ਨਾਲ ਸਮਝ ਆਉਂਦੀ ਹੈ, ਉਹ ਜ਼ਿੰਦਗੀ ਵਿਚ ਦੂਰ ਤੱਕ ਹੰਢਣ ਵਾਲੇ, ਸੱਚੇ, ਇਮਾਨਦਾਰ ਤੇ ਦਿਲੋਂ ਪਿਆਰ ਕਰਨ ਵਾਲੇ ਹੁੰਦੇ ਹਨ। ਜੇ ਤੁਹਾਡੀ ਲਈ ਫ਼ਿਲਮ ਦੇਖਣਾ ਇਕ ਸੱਚੇ-ਸੁੱਚੇ ਕਿਰਦਾਰ ਦੇ ਸੱਚ ਦੇ ਰੂਬਰੂ ਹੋਣ ਦਾ ਜ਼ਰੀਆ ਹੈ ਤਾਂ ਇਹ ਫ਼ਿਲਮ ਤੁਹਾਨੂੰ ਦੇਖਣੀ ਚਾਹੀਦੀ ਹੈ।

ਵੈਸੇ ਵੀ, ਇੱਕ ਅਜਿਹੇ ਦੌਰ ਵਿੱਚ ਜਦੋਂ ਕੱਟੜਤਾ ਦੇ ਅਧਾਰ ‘ਤੇ ਫਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਜਿਹੜੀ ਫਿਲਮ ਇਸ ਕੱਟੜਤਾ ਕਾਰਨ ਹੋਏ ਦੰਗਿਆਂ ਨੂੰ ਮਲੇਰੀਆ ਦੱਸਦੀ ਹੈ, ਉਸ ਫਿਲਮ ਨੂੰ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੇਖਣਾ ਚਾਹੀਦਾ ਹੈ। ਇਸ ਦੇ ਲਈ ਕਮੀਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਹੋਰ ਫ਼ਿਲਮ ਰਿਵੀਊ ਪੜ੍ਹੋ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

, ,

by

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com