ਮਜਬੂਤ ਪਟਕਥਾ, ਮੌਲਿਕ ਕਹਾਣੀ, ਦਿਲੋ-ਦਿਮਾਗ ਝੰਜੋੜ ਦੇਣ ਵਾਲਾ ਘਟਨਾਕ੍ਰਮ ਅਤੇ ਸਹਿਜ ਅਦਾਕਾਰੀ, ‘ਚੰਨਾ ਸੱਚੀ ਮੁੱਚੀ’ ਨੂੰ ਇਕ ਸਫ਼ਲ ਫ਼ਿਲਮ ਬਣਾਉਂਦਾ ਹੈ।ਕਹਾਣੀ ਦੇ ਦੌਰਾਨ ਜਦੋਂ ਵੀ ਦਰਸ਼ਕ ਦੇ ਮਨ ਵਿਚ ਕੋਈ ਸ਼ੰਕਾ ਜਾਂ ਸਵਾਲ ਆਉਂਦਾ ਹੈ ਤਾਂ ਨਿਰਦੇਸ਼ਕ ਆਪਣੇ ਪਾਤਰਾਂ ਰਾਹੀਂ ਹਰ ਸਵਾਲ ਦਾ ਜਵਾਬ ਬੜੇ ਵਾਜਿਬ ਢੰਗ ਨਾਲ ਦਿੰਦਾ ਹੈ। ਫ਼ਿਲਮ ਦਾ ਅੰਤ ਬਿਲਕੁਲ ਨਿਵੇਕਲਾ ਹੈ ਅਤੇ ਨਿਰਦੇਸ਼ਕ ਦੇ ਬੇਹਤਰੀਨ ਲੇਖਕ ਹੋਣ ਦੀ ਸ਼ਾਹਦੀ ਭਰਦਾ ਹੈ। ਭਾਵੇਂ ਕਿ ਪੂਰੀ ਕਹਾਣੀ ਗੋਲਡੀ ਸੋਮਲ ਪੂਰੀ ਕਹਾਣੀ ਨੂੰ ਆਪਣੇ ਮੋਢਿਆਂ ਉੱਤੇ ਸੰਭਾਲਦਾ ਹੈ, ਪਰ ਜੇ ਮੈਂ ਕਹਾਂ ਕਿ ਹਰਿੰਦਰ ਗਿੱਲ (ਨਿਰਦੇਸ਼ਕ/ਲੇਖਕ) ਚੰਨਾ ਸੱਚੀ ਮੁੱਚੀ ਦਾ ਅਸਲੀ ਹੀਰੋ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਆਪਣੀ ਕਹਾਣੀ, ਪਾਤਰਾਂ ਅਤੇ ਅਦਾਕਾਰਾਂ ਨੂੰ ਕਿਵੇਂ ਆਪਣੀ ਪਕੜ ਵਿਚ ਰੱਖਣਾ ਹੈ, ਹਰਿੰਦਰ ਗਿੱਲ ਭਲੀ-ਭਾਂਤ ਜਾਣਦਾ ਹੈ। ਬਹੁਤ ਅਰਸੇ ਬਾਅਦ ਇਕ ਅਜਿਹੀ ਪੰਜਾਬੀ ਫ਼ਿਲਮ ਬਣੀ ਹੈ, ਜਿਸਨੂੰ ਮੈਂ ਪਰਿਵਾਰ ਸਮੇਤ ਦੇਖਣ ਲਈ ਕਹਾਂਗਾ।ਇਕ ਮਿਨਟ! ਜੇ ਤੁਸੀ ਸੋਚ ਰਹੇ ਹੋ ਕਿ ਪੂਰੀ ਫ਼ਿਲਮ ਵਿਚ ਕੋਈ ਕਮੀ ਨਹੀਂ ਹੈ ਤਾਂ ਅਖੀਰ ਤੱਕ ਪੜ੍ਹਦੇ ਜਾਉ।
ਫ਼ਿਲਮ ਦਾ ਸਭ ਤੋਂ ਮਜਬੂਤ ਪੱਖ ਇਸਦੀ ਕਹਾਣੀ ਅਤੇ ਪਟਕਥਾ ਹੈ। ਹੰਢੇ ਹੋਏ ਨਿਰਦੇਸ਼ਕ ਅਤੇ ਲੇਖਕ ਹਰਿੰਦਰ ਗਿੱਲ ਨੇ ਨਸ਼ਿਆਂ ਦੇ ਕੋਹੜ ਵਰਗੇ ਸਾਮਾਜਿਕ ਮਸਲੇ ਨੂੰ ਬਹੁਤ ਹੀ ਮਨੋਰੰਜਕ ਅਤੇ ਮਨਭਾਂਉਂਦੀ ਕਹਾਣੀ ਵਿਚ ਪਰੋ ਕੇ ਪੇਸ਼ ਕੀਤਾ ਹੈ। ਨਾਲ ਹੀ ਉਸ ਨੇ ਨਸ਼ੇ ਦੇ ਵਪਾਰੀਆਂ, ਢੋਂਗੀ ਬਾਬਿਆਂ ਅਤੇ ਨੇਤਾਵਾਂ ਦੀ ਸਾਂਝ ਭਿਆਲੀ ਦਾ ਪਾਜ ਵੀ ਉਧੇੜਿਆ ਹੈ। ਫ਼ਿਲਮ ਦੀ ਸ਼ੁਰੂਆਤ ਬਹੁਤ ਹੀ ਨਾਟਕੀ ਅੰਦਾਜ਼ ਵਿਚ ਐਕਸ਼ਨ ਨਾਲ ਹੁੰਦੀ ਹੈ ਅਤੇ ਦਰਸ਼ਕਾਂ ਦੀਆਂ ਧੜਕਨਾਂ ਦੀ ਰਫ਼ਤਾਰ ਵਧਾ ਕੇ ਉਨ੍ਹਾਂ ਨੂੰ ਕੁਰਸੀਆਂ ਨਾਲ ਬੰਨ੍ਹ ਦਿੰਦਾ ਹੈ। ਉਦੋਂ ਹੀ ਹੱਸਦੀ-ਖੇਡਦੀ ਚੁਲਬੁਲੀ ਸੁੱਖ ਆਉਂਦੀ ਹੈ, ਜੋ ਆਪਣੇ ਮਿਠਬੋਲੜੇ, ਪਰ ਸ਼ਰਾਰਤੀ ਅਤੇ ਲੜਾਕੇ ਸੁਭਾਅ ਨਾਲ ਕਾਲਜ ਅਤੇ ਘਰ ਵਿਚ ਸਭ ਦਾ ਦਿਲ ਜਿੱਤ ਲੈਂਦੀ ਹੈ। ਪਹਿਲੇ ਹਿੱਸੇ ਵਿਚ ਕਹਾਣੀ ਦੀ ਰਫ਼ਤਾਰ ਇੰਨੀ ਵਾਹੋਦਾਹੀ ਭਰੀ ਹੈ ਕਿ ਤੁਸੀ ਆਪਣੇ ਆਪ ਹੀ ਕਹਾਣੀ ਦੀ ਵਹਿਣ ਵਿਚ ਵਹਿ ਜਾਂਦੇ ਹੋ। ਕਦੇ-ਕਦੇ ਇਹ ਸਵਾਲ ਵੀ ਦਿਮਾਗ ਵਿਚ ਆਉਂਦਾ ਹੈ ਕਿ ਇਹ ਸਭ ਕੁਝ ਬਹੁਤ ਜਲਦੀ ਅਤੇ ਅਰਥਹੀਣ ਤਾਂ ਨਹੀਂ ਹੋ ਰਿਹਾ? ਪਰ ਯਕੀਨ ਕਰਿਓ ਇਹ ਸਭ ਕੁਝ ਅਸਲੀਅਤ ਦੇ ਬਿਲਕੁਲ ਨੇੜੇ ਹੈ ਅਤੇ ਦਰਸ਼ਕ ਨੂੰ ਆਪਣੇ ਨਾਲ ਤੋਰ ਲੈਣ ਵਿਚ ਪੂਰੀ ਤਰ੍ਹਾਂ ਕਾਮਯਾਬ ਹੈ। ਜਸ ਢਿੱਲੋਂ ਦੀ ਹਾਜ਼ਰੀ ਅਤੇ ਹਾਵ-ਭਾਵ ਕਹਾਣੀ ਵਿਚਲੇ ਤਨਾਅ ਨੂੰ ਹੋਰ ਵੀ ਡੂੰਘਾ ਬਣਾਉਂਦੇ ਹਨ। ਹੁਣ ਗੱਲ ਕਰਦੇ ਹਾਂ ਪਹਿਲੀ ਕਮੀ ਦੀ। ਜਸ ਦੇ ਸੰਵਾਦਾਂ ਲਈ ਕੀਤੀ ਗਈ ਡੱਬਿੰਗ ਪੂਰੀ ਤਰ੍ਹਾਂ ਸੁਭਾਵਿਕ ਨਹੀਂ ਲੱਗਦੀ। ਸ਼ੁਰੂਆਤ ਵਿਚ ਤਾਂ ਮਹਿਸੂਸ ਹੁੰਦਾ ਹੈ ਕਿ ‘ਮੁੰਡੇ ਦੀ ਆਵਾਜ਼ ਵਿਚ ਬੜਾ ਦਮ ਹੈ’, ਪਰ ਜਿਵੇਂ ਹੀ ਪਤਾ ਲੱਗਦਾ ਹੈ ਕਿ ਇਹ ਆਵਾਜ਼ (ਜੋ ਕਿ ਪੰਜਾਬੀ ਲਈ ਫ਼ਿਲਮਾਂ ਦੇ ਮਸ਼ਹੂਰ ਵਿਲੇਨ ਦੀਪ ਢਿਲੋਂ ਵਰਗੀ ਜਾਪਦੀ ਹੈ) ਉਸਦੀ ਆਪਣੀ ਨਹੀਂ ਹੈ ਤਾਂ ਨਿਰਾਸ਼ਾ ਹੁੰਦੀ ਹੈ। ਕਈ ਵਾਰ ਇਹ ਆਵਾਜ਼ ਇੰਨੀ ਉੱਚੀ ਹੋ ਜਾਂਦੀ ਹੈ ਕਿ ਕੰਨਾਂ ਨੂੰ ਚੁੱਭਦੀ ਹੈ। ਫਿਰ ਵੀ ਜਸ ਆਪਣੀ ਮਜਬੂਤ ਅਦਾਕਾਰੀ ਨਾਲ ਇਸ ਕਮੀ ਉੱਤੇ ਹਾਵੀ ਹੋਣ ਦੀ ਸਫ਼ਲ ਕੋਸ਼ਿਸ ਕਰਦਾ ਹੈ। ਮੁੱਖ ਕਹਾਣੀ ਦੇ ਨਾਲ ਚੱਲਦੀ ਰਾਣਾ ਰਣਬੀਰ ਦੀ ਆਸ਼ਕੀ ਦੀ ਕਹਾਣੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਵਿਚ ਕਾਮਯਾਬ ਹੈ। ਨਾ ਸਿਰਫ਼ ਤਨਾਅ ਦੇ ਮਾਹੌਲ ਵਿਚ ਇਹ ਦਰਸ਼ਕਾਂ ਨੂੰ ਹਲਕਾ-ਫੁਲਕਾ ਅਹਿਸਾਸ ਕਰਵਾਉਂਦੀ ਹੈ, ਬਲਕਿ ਮੁੱਖ ਕਹਾਣੀ ਦੇ ਪ੍ਰਭਾਵ ਨੂੰ ਵੀ ਵਧਾਂਉਂਦੀ ਹੈ। ਬਹੁਤ ਸਾਰੇ ਦ੍ਰਿਸ਼ ਯਾਦਗਾਰ ਹੋ ਨਿੱਬੜੇ ਹਨ, ਜਿਨ੍ਹਾਂ ਵਿਚ ਪੂਜਾ ਦਾ ਪਹਿਲੀ ਵਾਰ ਵੱਡੇ ਬੇਜੀ (ਅਨਿਤਾ ਸ਼ਬਦੀਸ਼) ਨਾਲ ਬਹਿਸ ਕਰਨਾ ਵਾਲਾ ਅਤੇ ਗੋਲਡੀ ਸੋਮਲ ਦਾ ਅਨੀਤਾ ਨਾਲ ਤਲਖ਼ ਮਾਹੌਲ ਵਿਚ ਸਾਹਮਣਾ ਕਰਨ ਵਾਲਾ ਦ੍ਰਿਸ਼ ਬਾ-ਕਮਾਲ ਹਨ। ਬਹੁਤ ਸਾਰੇ ਸੰਵਾਦ ਵੀ ਦਿਲ ਉੱਤੇ ਛਾਪ ਛੱਡਦੇ ਹਨ, ਖਾਸ ਤੌਰ ਤੇ ਗੋਲਡੀ ਸੋਮਲ ਦਾ, ‘ਨਾ ਮੈਂ ਮਿਰਜ਼ਾ’ ਵਾਲਾ ਸੰਵਾਦ ਸਹਿਜੇ ਹੀ ਜ਼ੁਬਾਨ ਉੱਤੇ ਚੜ੍ਹ ਜਾਂਦਾ ਹੈ। ਫ਼ਿਲਮ ਦਾ ਅੰਤ ਬਹੁਤ ਹੀ ਦਮਦਾਰ ਹੈ। ਜਦੋਂ ਪੂਜਾ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਂਦੀ ਹੈ, ਤਾਂ ਪਹਿਲਾਂ ਤਾਂ ਇਹ ਸਵਾਲ ਮਨ ਵਿਚ ਆਉਂਦਾ ਹੈ ਕਿ ਜਦ ਕਾਨੂੰਨ ਆਪਣਾ ਕੰਮ ਸਹੀ ਢੰਗ ਨਾਲ ਕਰ ਰਿਹਾ ਹੈ ਤਾਂ ਪੂਜਾ ਨੂੰ ਹਥਿਆਰ ਚੁੱਕਣ ਦੀ ਕੀ ਲੋੜ ਸੀ? ਪਰੰਤੂ ਜਿਵੇਂ ਹੀ ਇਹ ਸਵਾਲ ਮਨ ਵਿਚ ਆਉਂਦਾ ਹੈ ਤਾਂ ਨਿਰਦੇਸ਼ਕ ਸੁੱਖ ਦੇ ਰਾਹੀਂ ਗੰਦਲੇ ਹੋ ਚੁੱਕੇ ਸਿਸਟਮ ਦਾ ਸੱਚ ਬਿਆਨ ਕਰਦਾ ਹੈ ਅਤੇ ਉਸ ਦੀ ਕਾਰਵਾਈ ਨੂੰ ਸਹੀ ਠਹਿਰਾਉਂਦਾ ਹੈ, ਜੋ ਕਿ ਕਹਾਣੀ ਨੂੰ ਸੰਜੀਦਾ ਅਤੇ ਅਰਥ-ਭਰਪੂਰ ਬਣਾ ਦਿੰਦਾ ਹੈ।ਅੰਤ ਵਿਚ ਕਾਨੂੰਨ ਦੇ ਅੱਗੇ ਉਸਦਾ ਸਮਰਪਣ ਕਾਨੂੰਨ ਵਿਵਸਥਾ ਵਿਚਲੀ ਆਸਥਾ ਨੂੰ ਵੀ ਪਕੇਰਾ ਕਰਦਾ ਹੈ। ਜਿਸ ਦ੍ਰਿਸ਼ ਵਿਚ ਗੋਲਡੀ ਸੁਮਲ ਢੋਂਗੀ ਬਾਬੇ ਦੀ ਜੁੱਤੀ ਲਾਹ ਕੇ ਉਸੇ ਦੀ ‘ਸੇਵਾ’ ਕਰਦਾ ਹੈ, ਉਹ ਦ੍ਰਿਸ਼ ਨਿਰਦੇਸ਼ਕ ਵੱਲੋਂ ਪੰਜਾਬ ਵਿਚ ਫੈਲੇ ਡੇਰਾਵਾਦ ਦੇ ਮੂੰਹ ਉੱਪਰ ਛਿੱਤਰ ਵਾਂਗ ਵੱਜਦਾ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਨਿਰਦੇਸ਼ਕ ਦਰਸ਼ਕਾਂ ਨੂੰ ਸਹੀ ਰਾਹ ਚੁਨਣ ਦਾ ਰਾਹ ਦਿਖਾਉਂਦਾ ਲੱਗਦਾ ਹੈ।
ਅਦਾਕਾਰੀ ਪੱਖੋਂ ਗੋਲਡੀ ਇਕ ਵਾਰ ਫੇਰ ਸਾਬਿਤ ਕਰਦਾ ਹੈ ਕਿ ਕਿਰਦਾਰ ਵਿਚ ਢਲਣਾ ਉਸ ਲਈ ਬੇਹੱਦ ਸੁਖ਼ਾਲਾ ਹੈ। ਪਰ ਲੋੜੀਂਦਾ ਹਾਵ-ਭਾਵ ਚਿਹਰੇ ‘ਤੇ ਲਿਆਉਣ ਲਈ ਹਾਲੇ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਪੂਜਾ ਵੀ ਆਪਣੇ ਕਿਰਦਾਰ ਨੂੰ ਸਹਿਜਤਾ ਨਾਲ ਨਿਭਾ ਗਈ ਹੈ। ਉਸ ਨੇ ਸੁੱਖ ਦੇ ਕਿਰਦਾਰ ਨੂੰ ਪਰਦੇ ਉਪਰ ਜਿਉਂਦਾ ਕਰਨ ਲਈ ਆਪਣਾ ਪੂਰਾ ਜੋਰ ਲਾਇਆ ਹੈ। ਇਸਦਾ ਸਿਹਰਾ ਵੀ ਹਰਿੰਦਰ ਗਿੱਲ ਦੇ ਸਿਰ ਹੀ ਜਾਂਦਾ ਹੈ, ਜਿਸਨੇ ਪੂਜਾ ਦੀ ਸ਼ਖ਼ਸੀਅਤ ਦੇ ਮੁਤਾਬਿਕ ਉਸਦਾ ਕਿਰਦਾਰ ਲਿਖਿਆ ਹੈ ਅਤੇ ਆਪਣੇ ਨਿਰਦੇਸ਼ਕੀ ਹੁਨਰ ਨਾਲ ਪੂਜਾ ਦੀ ਸਮਰੱਥਾ ਮੁਤਾਬਿਕ ਉਸ ਤੋਂ ਅਦਾਕਾਰੀ ਵੀ ਕਰਵਾਈ ਹੈ। ਫਿਰ ਵੀ ਬਤੌਰ ਅਦਾਕਾਰਾ ਪੱਕੇ ਪੈਰੀਂ ਖੜ੍ਹੇ ਹੋਣ ਲਈ ਪੂਜਾ ਨੂੰ ਹਾਲੇ ਖੂਬ ਮਿਹਨਤ ਕਰਨੀ ਪਵੇਗੀ। ਜਸ ਢਿੱਲੋਂ ਨੇ ਨਿਸ਼ਾਨ ਦੇ ਨਕਾਰਾਤਮਕ ਕਿਰਦਾਰ ਵਿਚ ਆਪਣਾ ਹੁਨਰ ਦਿਖਾਇਆ ਹੈ। ਇਕ ਸਾਜਿਸ਼ੀ ਭਰਾ ਦੇ ਕਿਰਦਾਰ ਵਿਚ ਉਸ ਨੇ ਜਾਨ ਪਾਈ ਹੈ ਅਤੇ ਡਰੱਗਜ਼ ਦੇ ਸਮੱਗਲਰ, ਢੋਂਗੀ ਬਾਬਿਆਂ ਅਤੇ ਰਾਜਨੀਤੀ ਦੀ ਤਿਕੜੀ ਦੇ ਮੋਢੀ ਵਜੋਂ ਖਰਾ ਉਤਰਿਆ ਹੈ। ਰਾਣਾ ਰਣਬੀਰ ਦਾ ਕਿਰਦਾਰ ਵੀ ਖ਼ਾਸ ਤੌਰ ‘ਤੇ ਉਸ ਵਾਸਤੇ ਹੀ ਲਿਖਿਆ ਗਿਆ ਮਹਿਸੂਸ ਹੁੰਦਾ ਹੈ, ਜਿਸ ਨੂੰ ਉਸਨੇ ਸਹਿਜਤਾ ਨਾਲ ਨਿਭਾਇਆ ਹੈ। ਹਲਵਾਈ ਦੇ ਕਿਰਦਾਰ ਵਾਲਾ ‘ਭਲਵਾਨ’ ਕਲਾਕਾਰ ਵੀ ਹਸਾਉਣ ਵਿਚ ਸਫ਼ਲ ਰਿਹਾ। ਉਸਦੀ ਘਰਵਾਲੀ ਦਾ ਕਿਰਦਾਰ ਨਿਭਾ ਰਹੀ ਬੀਬੀ ਨੇ ਵੀ ਹਸਾਉਣ ਵਿਚ ਪੂਰਾ ਯੋਗਦਾਨ ਪਾਇਆ ਹੈ। ਜਸ਼ਨ ਦਾ ਕਿਰਦਾਰ ਨਿਭਾ ਰਹੀ ਕੁੜੀ ਵਾਸਤੇ ਕਰਨ ਲਈ ਬਹੁਤਾ ਕੁਝ ਵੀ ਨਹੀਂ ਸੀ। ਦੋਵੇਂ ਕਹਾਣੀਆਂ ਅੰਤ ਵਿਚ ਮਾਨਵੀ ਸੰਵੇਦਨਾਂ ਨੂੰ ਝੰਝੋੜਦਿਆਂ ਹਨ।
ਸਿਨੇਮੈਟੋਗ੍ਰਾਫੀ ਬਹੁਤ ਹੀ ਦਿੱਲ ਖਿੱਚਵੀਂ ਹੈ। ਸੰਗੀਤ ਵੀ ਲੱਗਭਗ ਕਹਾਣੀ ਵਿਚ ਰਚ-ਮਿਚ ਜਾਂਦਾ ਹੈ, ਪਰ ਸ਼ਰਾਬੀਆ ਗਾਣਾ ਜਬਰਦਸਤੀ ਠੂਸਿਆ ਹੋਇਆ ਲਗਦਾ ਹੈ। ਇਸ ਦੇ ਬਿਨ੍ਹਾਂ ਵੀ ਸਰ ਸਕਦਾ ਸੀ। ਕੁਝ ਸੀਨ ਥੋੜ੍ਹਾ ਹੋਰ ਵਿਸਤਾਰ ਮੰਗਦੇ ਹਨ। ਪਹਿਲੇ ਹਿੱਸੇ ਵਿੱਚ ਪਹਿਰਾਵਾ ਕੁਝ ਜਿਆਦਾ ਹੀ ਗੂੜ੍ਹੇ ਰੰਗਾ ਵਾਲਾ ਸੀ, ਜੋ ਕਿ ਫੱਬਦਾ ਨਹੀਂ। ਗੋਲਡੀ ਦਾ ਪਹਿਰਾਵਾ ਦੂਸਰੇ ਹਿੱਸੇ ਵਿਚ ਜਿਆਦਾ ਪ੍ਰਭਾਵਸ਼ਾਲੀ ਲਗਦਾ ਹੈ। ਸੰਪਾਦਨ ਵੀ ਕਹਾਣੀ ਨੂੰ ਸਹੀ ਰਵਾਨਗੀ ਦਿੰਦਾ ਹੈ।
ਅੰਤ, ਬੱਸ ਇਹੀ ਕਹਾਂਗਾ ਕਿ ਸਾਮਾਜਿਕ ਮਸਲੇ ਬਾਰੇ ਬਹੁਤ ਹੀ ਮਨੋਰੰਜਕ ਅੰਦਾਜ਼ ਵਿਚ ਪੇਸ਼ ਕੀਤੀ ਗਈ ‘ਚੰਨਾ ਸੱਚੀ ਮੁੱਚੀ, ਸਕੂਲ਼ ਕਾਲਜ ਪੜ੍ਹਦੇ ਮੁੰਡੇ-ਕੁੜੀਆਂ, ਬਜ਼ੁਰਗਾਂ ਅਤੇ ਔਰਤਾਂ ਯਾਨਿ ਪੂਰੇ ਪਰਿਵਾਰ ਲਈ ਦੇਖਣ ਵਾਲੀ ਫ਼ਿਲਮ ਹੈ। ਗੋਲਡੀ ਸੁਮਲ ਦੇ ਐਕਸ਼ਨ ਅਤੇ ਹਰਿੰਦਰ ਗਿੱਲ ਦੀ ਕਮਾਲ ਦੀ ਫਿਲਮਸਾਜ਼ੀ ਖਾਤਿਰ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ, ਪਰ ਜੇ ਤੁਸੀ ਮਿਸ ਪੂਜਾ ਨੂੰ ਪਸੰਦ ਨਹੀਂ ਕਰਦੇ ਅਤੇ ਉਸਦੀ ਫ਼ਿਲਮ ਦੀ ਸਫ਼ਲਤਾ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਹ ਫ਼ਿਲਮ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ।
Leave a Reply