Film Review | Channa Mereya | ਚੰਨਾ ਮੇਰਿਆ

“ਸੈਰਾਟ ਵਾਲੀ ਗੱਲ ਨੀ ਬਣੀ”

-ਦੀਪ ਜਗਦੀਪ ਸਿੰਘ-
ਰੇਟਿੰਗ – 2/5
ਮਰਾਠੀ ਲਫ਼ਜ਼ ਸੈਰਾਟ ਦਾ ਮਤਲਬ ਹੈ ਦੀਵਾਨਾ। ਸੂਪਰ ਹਿੱਟ ਮਰਾਠੀ ਫ਼ਿਲਮ ਸੈਰਾਟ ਅੱਲੜ ਉਮਰ ਦੇ ਮੁੰਡੇ ਕੁੜੀ ਦੀ ਇਕ ਦੂਜੇ ਪ੍ਰਤੀ ਦੀਵਾਨਗੀ ਉੱਪਰ ਆਧਾਰਿਤ ਫ਼ਿਲਮ ਹੈ ਜਿਸਨੇ ਖੇਤਰੀ ਫ਼ਿਲਮ ਹੋਣ ਦੇ ਬਾਵਜੂਦ ਨਾ ਸਿਰਫ਼ ਕੌਮਾਂਤਰੀ ਪੱਧਰ ਉੱਤੇ ਚਰਚਾ ਖੱਟੀ ਬਲਕਿ ਆਪਣੇ ਵੱਖਰੇ ਕਿਸਮ ਦੇ ਅੰਤ ਲਈ ਇਕ ਵੱਖਰੀ ਪਛਾਣ ਵੀ ਬਣਾਈ।

 

ਇਹ ਫ਼ਿਲਮ ਅਣਖ਼ ਖ਼ਾਤਰ ਹੋਣ ਵਾਲੇ ਕਤਲ ਦੇ ਵਿਸ਼ੇ ਨੂੰ ਛੋਂਹਦੀ ਹੈ। ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਇਸ ਫ਼ਿਲਮ ਦਾ ਓਫ਼ੀਸ਼ੀਅਲ ਪੰਜਾਬੀ ਰੀਮੇਕ ਹੈ, ਜਿਸਨੂੰ ਗੋਰਿਆਂ ਨੂੰ ਦਫ਼ਾ ਕਰੋ ਅਤੇ ਬੰਬੂਕਾਟ ਵਰਗੀਆਂ ਸਫ਼ਲ ਫ਼ਿਲਮਾਂ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਨਿਰਦੇਸ਼ਿਤ ਕੀਤਾ ਹੈ। ਇਸ ਤੋਂ ਪਹਿਲਾਂ ਸਮੀਪ ਕੰਗ ਮਰਾਠੀ ਫ਼ਿਲਮ ਲੌਕ ਦਾ ਪੰਜਾਬੀ ਰੀਮੇਕ ਬਣਾ ਚੁੱਕੇ ਹਨ, ਜਿਸਨੇ ਪੰਜਾਬੀ ਦਰਸ਼ਕਾਂ ਨੂੰ ਕਾਫ਼ੀ ਨਿਰਾਸ਼ ਕੀਤਾ ਸੀ। ਮਰਾਠੀ ਦੀ ਚਰਚਿਤ ਫ਼ਿਲਮ ਸੈਰਾਟ ਦਾ ਪੰਜਾਬੀ ਰੀਮੇਕ ਹੋਣ ਕਰਕੇ ਪੰਕਜ ਬੱਤਰਾਂ ਤੋਂ ਢੇਰ ਸਾਰੀਆਂ ਉਮੀਦਾਂ ਸਨ। ਇਸਦੇ ਇਲਾਵਾ ਇਹ ਨੌਜਵਾਨਾਂ ਵਿਚ ਚਰਚਿਤ ਪੰਜਾਬੀ ਗਾਇਕਾਂ ਨਿੰਜਾ ਅਤੇ ਅੰਮ੍ਰਿਤ ਮਾਨ ਦੀ ਵੀ ਪਹਿਲੀ ਫ਼ਿਲਮ ਹੈ, ਸੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਤੋਂ ਬਹੁਤ ਉਮੀਦਾਂ ਸਨ। ਚੰਨਾ ਮੇਰਿਆ ਉਮੀਦਾਂ ਉੱਤੇ ਕਿੰਨੀ ਖ਼ਰੀ ਉੱਤਰੀ ਆਉ ਦੇਖਦੇ ਹਾਂ।

ਦਲਿਤ ਕਿਸਾਨ ਗੁਰਬਖ਼ਸ ਸਿੰਘ (ਮਲਕੀਤ ਰੌਣੀ) ਦਾ ਕਾਲਜ ਪੜ੍ਹਦਾ ਪੁੱਤਰ ਜਗਤ (ਨਿੰਜਾ) ਅਬੋਹਰ ਦੇ ਇਕ ਹਲਕੇ ਦੇ ਅਮੀਰ ਜੱਟ ਵਿਧਾਇਕ ਸ਼ਮਸ਼ੇਰ ਸਿੰਘ ਢਿੱਲੋਂ (ਯੋਗਰਾਜ ਸਿੰਘ) ਦੀ ਧੀ ਕਾਇਨਾਤ (ਪਾਇਲ ਰਾਜਪੂਤ) ਨਾਲ ਅੰਤਾਂ ਦਾ ਇਸ਼ਕ ਕਰਦਾ ਹੈ, ਪਰ ਸਾਮਾਜਿਕ ਦੂਰੀਆਂ ਨੂੰ ਦੇਖਦੇ ਹੋਏ ਆਪਣੇ ਦਿਲ ਦੀ ਗੱਲ ਕਹਿਣ ਤੋਂ ਡਰਦਾ ਹੈ। ਉਸਦੇ ਦੋਸਤ ਦਵਿੰਦਰ ਸ਼ਰਮਾ ਉਰਫ਼ ਡਮਰੂ (ਕਰਮਜੀਤ ਅਨਮੋਲ) ਅਤੇ ਕਰਮਾਂ (ਗੁਰਮੁਖ ਗਿੰਨੀ) ਉਸਨੂੰ ਆਪਣੇ ਦਿਲ ਦੀ ਗੱਲ ਕਾਇਨਾਤ ਨੂੰ ਕਹਿਣ ਲਈ ਉਤਸ਼ਾਹਿਤ ਕਰਦੇ ਹਨ ਅਤੇ ਉਸਦਾ ਸਾਥ ਦਿੰਦੇ ਹਨ। ਕਾਇਨਾਤ ਦੇ ਭਰਾ ਬੱਲੀ (ਅੰਮ੍ਰਿਤ ਮਾਨ) ਦੇ ਜਨਮਦਿਨ ਵਾਲੇ ਦਿਨ ਜਗਤ ਉਨ੍ਹਾਂ ਦੀ ਹਵੇਲੀ ਆਉਂਦਾ ਹੈ ਅਤੇ ਉੱਥੇ ਇਕ ਅਜਿਹੀ ਘਟਨਾ ਵਾਪਰਦੀ ਹੈ ਕਿ ਦੋਵਾਂ ਦੀ ਮੁਹੱਬਤ ਭਰੀ ਜ਼ਿੰਦਗੀ ਵਿਚ ਤੂਫ਼ਾਨ ਆ ਜਾਂਦਾ ਹੈ। ਕੀ ਉਹ ਇਸ ਤੂਫ਼ਾਨ ਦਾ ਮੁਕਾਬਲਾ ਕਰ ਸਕਣਗੇ? ਇਹ ਜਾਣਨ ਲਈ ਤੁਹਾਨੂੰ ਚੰਨਾ ਮੇਰਿਆ ਦੇਖਣੀ ਪਵੇਗੀ।
film review channa mereya ninja amrit maan payal rajput
ਸੈਰਾਟ ਦਾ ਰੀਮੇਕ ਹੋਣ ਕਰਕੇ ਚੰਨਾ ਮੇਰਿਆ ਦੀ ਤੁਲਨਾ ਉਸ ਨਾਲ ਲਾਜ਼ਮੀ ਹੋਵੇਗੀ। ਫ਼ਿਲਮ ਦੀ ਕਹਾਣੀ ਮਰਾਠੀ ਫ਼ਿਲਮ ਲੇਖਕ ਨਾਗਰਾਜ ਮੰਜੁਲੇ ਨੇ ਲਿਖੀ ਹੈ, ਜਿਸਦੀ ਪੰਜਾਬੀ ਪਟਕਥਾ ਲਿਖਦਿਆਂ ਪੰਕਜ ਬੱਤਰਾ ਅਤੇ ਜਤਿੰਦਰ ਲਾਲ ਨੇ ਇਸਨੂੰ ਪੰਜਾਬੀ ਮਾਹੌਲ ਵਿਚ ਢਾਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਇਸ ਉੱਪਰ ਜੱਟਪੁਣਾ ਇੰਨਾ ਜ਼ਿਆਦਾ ਭਾਰੂ ਕਰ ਦਿੱਤਾ ਹੈ ਕਿ ਉਹ ਸੈਰਾਟ ਵਾਲਾ ਆਮ-ਜ਼ਿੰਦਗੀ ਵਰਗਾ ਮਾਹੌਲ ਨਹੀਂ ਸਿਰਜ ਸਕੇ। ਪਟਕਥਾ ਦੀ ਇਕ ਹੋਰ ਵੱਡੀ ਖ਼ਾਮੀ ਇਸਦੇ ਕਿਰਦਾਰਾਂ ਦੀ ਘਾੜਤ ਹੈ। ਸੈਰਾਟ ਦੇ ਕਿਰਦਾਰ ਦੇਖਣ ਵਿਚ ਵੀ ਅਲੱੜ ਉਮਰ ਦੇ ਅਤੇ ਬਹੁਤ ਹੀ ਸਾਧਾਰਨ ਜਿਹੇ ਲੱਗਦੇ ਹਨ ਅਤੇ ਉਨ੍ਹਾਂ ਦੇ ਹਾਵ-ਭਾਵ ਅਤੇ ਵਿਵਹਾਰ ਵੀ ਬਹੁਤ ਸਾਦਾ ਹੈ, ਜਦਕਿ ਚੰਨਾ ਮੇਰਿਆ ਦੇ ਗ਼ਰੀਬ ਕਿਰਦਾਰ ਵੀ ਕਿਸੇ ਫ਼ੈਸ਼ਨ ਮਾਡਲ ਤੋਂ ਘੱਟ ਨਹੀਂ ਲੱਗਦੇ। ਸੈਰਾਟ ਦੇ ਕਿਰਦਾਰਾਂ ਨੇ ਵੀ ਸਾਫ਼-ਸੁਥਰੇ ਕਪੜੇ ਪਾਏ ਹੋਏ ਹਨ, ਪਰ ਉਹ ਇਕ ਸਾਧਾਰਨ ਪਹਿਰਾਵੇ ਵਾਲੇ ਪਾਤਰ ਲੱਗਦੇ ਹਨ ਜਦਕਿ ਚੰਨਾ ਮੇਰਿਆ ਦੇ ਗ਼ਰੀਬ ਕਿਰਦਾਰਾਂ ਦੇ ਕਪੜੇ ਵੀ ਬ੍ਰਾਂਡੇਡ ਲੱਗਦੇ ਹਨ। ਨਿੰਜਾ ਦੇ ਪਾਏ ਹੋਏ ਬ੍ਰਾਂਡੇਡ ਜੁੱਤੇ ਸਾਫ਼ ਚਮਕਦੇ ਹਨ। ਸੈਰਾਟ ਦੇ ਨਿਰਦੇਸ਼ਕ ਨਾਗਰਾਜ ਮੰਜੁਲੇ ਨੇ ਮੁੱਖ ਕਿਰਦਾਰਾਂ ਦੇ ਨਾਲ-ਨਾਲ ਸਹਾਇਕ ਕਿਰਦਾਰਾਂ ਦੇ ਕੰਮ-ਕਾਰ ਅਤੇ ਸੁਭਾਅ ਉੱਤੇ ਕਾਫ਼ੀ ਬਰੀਕੀ ਨਾਲ ਕੰਮ ਕੀਤਾ ਸੀ, ਪਰ ਚੰਨਾ ਮੇਰਿਆ ਦੇ ਕਿਸੇ ਵੀ ਕਿਰਦਾਰ ਵਿਚ ਉਹ ਗਹਿਰਾਈ ਨਜ਼ਰ ਨਹੀਂ ਆਉਂਦੀ। ਇਸਦੇ ਨਾਲ ਹੀ ਸੈਰਾਟ ਵਿਚ ਇਕੱਠੇ-ਰਹਿੰਦੇ ਪ੍ਰੇਮੀ-ਪ੍ਰੇਮਿਕਾ ਦੇ ਆਪਸੀ ਟਕਰਾਅ ਅਤੇ ਤਨਾਅ ਵਾਲੇ ਹਿੱਸੇ ਨੂੰ ਪੂਰੀ ਤਰ੍ਹਾਂ ਛੱਡ ਹੀ ਦਿੱਤਾ ਗਿਆ ਹੈ, ਜਿਸ ਨਾਲ ਪਟਕਥਾ ਅਤੇ ਕਿਰਦਾਰ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਗਏ ਹਨ। ਇਸ ਮਾਮਲੇ ਵਿਚ ਜਤਿੰਦਰ ਲਾਲ ਦੇ ਪ੍ਰਭਾਵਸ਼ਾਲੀ ਸੰਵਾਦ ਇਨ੍ਹਾਂ ਕਿਰਦਾਰਾਂ ਨੂੰ ਬਚਾਈ ਰੱਖਣ ਵਿਚ ਮਦਦਗਾਰ ਸਾਬਿਤ ਹੁੰਦੇ ਹਨ।

ਬਹੁਤ ਹੀ ਤੇਜ਼ ਰਫ਼ਤਾਰ ਵਾਲੀ ਬੰਬੂਕਾਟ ਤੋਂ ਬਾਅਦ ਨਿਰਦੇਸ਼ਕ ਪੰਕਜ ਬੱਤਰਾ ਨੇ ਨਿਰਦੇਸ਼ਨ ਦੇ ਮਾਮਲੇ ਵਿਚ ਇਸ ਫ਼ਿਲਮ ਵਿਚ ਨਿਰਾਸ਼ ਕੀਤਾ ਹੈ।ਫ਼ਿਲਮ ਦੇ ਪਹਿਲੇ ਹਿੱਸੇ ਵਿਚ ਜਗਤ ਅਤੇ ਕਾਇਨਾਤ ਦੇ ਸ਼ੁਰੂਆਤੀ ਮੇਲ-ਮਿਲਾਪ ਅਤੇ ਪਿਆਰ ਪੁੰਗਰਣ ਦੀ ਕਹਾਣੀ ਹੈ, ਜਿਸ ਵਿਚ ਜ਼ਬਰਦਸਤੀ ਕਾਮੇਡੀ ਵਾੜਨ ਦੇ ਚੱਕਰ ਵਿਚ ਕਈ ਮੌਕਿਆਂ ਉੱਤੇ ਲਾਊਡ ਅਦਾਕਾਰੀ ਕਰਵਾਈ ਗਈ ਹੈ। ਜਿਵੇਂ ਚਿੱਠੀ ਦੇਣ ਤੋਂ ਬਾਅਦ ਜਵਾਬੀ ਚਿੱਠੀ ਦਾ ਜਵਾਬ ਮੰਗਣ ਵਾਲੇ ਦ੍ਰਿਸ਼ ਮੂਲ ਫ਼ਿਲਮ ਵਿਚ ਬਹੁਤ ਹੀ ਸੂਖਮ ਤਰੀਕੇ ਨਾਲ ਫ਼ਿਲਮਾਏ ਗਏ ਹਨ ਜਿਸ ਨਾਲ ਗੰਭੀਰ ਨਜ਼ਰ ਆਉਂਦੇ ਦ੍ਰਿਸ਼ ਵਿਚ ਵੀ ਕੁਦਰਤੀ ਹਾਸਾ ਫੁੱਟਦਾ ਹੈ, ਜਦਕਿ ਇਧਰ ਇਨ੍ਹਾਂ ਦ੍ਰਿਸ਼ਾਂ ਵਿਚ ਕਰਮਜੀਤ ਅਨਮੋਲ ਤੋਂ ਬਹੁਤ ਹੀ ਬੜਬੋਲੀ ਅਦਾਕਾਰੀ ਕਰਵਾ ਕੇ ਜ਼ਬਰਦਸਤੀ ਹਾਸਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਇਨਾਤ ਦੇ ਪਰਦੇ ਉੱਪਰ ਪਹਿਲੀ ਵਾਰ ਆਉਣ ਵਾਲੇ ਦ੍ਰਿਸ਼ ਵਿਚ ਉਸ ਤੋਂ ਦੋਨਾਲੀ ਦਾ ਫ਼ਾਇਰ ਕਰਵਾ ਕੇ ਵੀ ਨਕਲੀ ਜੱਟਪੁਣਾ ਦਿਖਾਉਣ ਦੀ ਕੋਸ਼ਿਸ ਕੀਤੀ ਹੈ। 
ਦੂਸਰੇ ਹਿੱਸੇ ਵਿਚ ਦੋਵੇਂ ਪ੍ਰੇਮਿਆਂ ਨੂੰ ਕੁੜੀ ਦੇ ਦਾਬੇ ਵਾਲੇ ਪਰਿਵਾਰ ਦੀਆਂ ਵਧੀਕੀਆਂ ਦਾ ਸਾਹਮਣਾ ਕਰਦੇ ਹੋਏ ਦਿਖਾਇਆ ਗਿਆ ਹੈ। ਇੱਥੋਂ ਕਹਾਣੀ ਡਲਹੌਜੀ ਚਲੀ ਜਾਂਦੀ ਹੈ। ਦੂਸਰੇ ਹਿੱਸੇ ਵਿਚ ਪਟਕਥਾ ਹੋਰ ਵੀ ਜ਼ਿਆਦਾ ਢਿੱਲੀ ਪੈ ਜਾਂਦੀ ਹੈ ਅਤੇ ਅੰਤ ਤੱਕ ਆਉਂਦੇ ਉਹ ਗੱਲ ਨਹੀਂ ਰਹਿ ਜਾਂਦੀ ਕਿ ਪੰਜਾਬੀ ਦਰਸ਼ਕਾਂ ਬਿਲਕੁਲ ਵੱਖਰੇ ਤਰੀਕੇ ਦਾ ਅੰਤ ਹਜ਼ਮ ਕਰ ਸਕਣ। ਮਰਾਠੀ ਫ਼ਿਲਮ ਵਿਚ ਪ੍ਰੇਮੀ ਜੋੜੇ ਦੇ ਵੱਡੇ ਸ਼ਹਿਰ ਵਿਚ ਆ ਕੇ ਆਪਣੀ ਨਵੀਂ ਜ਼ਿੰਦਗੀ ਨੂੰ ਪੈਰਾਂ ਸਿਰ ਕਰਨ ਲਈ ਜਿੰਨੀ ਬਾਰੀਕੀ ਨਾਲ ਜੱਦੋ-ਜਹਿਦ ਕਰਦੇ ਦਿਖਾਇਆ ਹੈ, ਉਸ ਨਾਲ ਫ਼ਿਲਮ ਵਿਚ ਖਿੱਚ ਬਣੀ ਰਹਿੰਦੀ ਹੈ। ਮੰਜੁਲੇ ਨੇ ਇਨ੍ਹਾਂ ਦੁਸ਼ਵਾਰੀਆਂ ਦੇ ਬਹਾਨੇ ਗ਼ਰੀਬ ਝੁੁੱਗੀਆਂ ਦੀ ਜ਼ਿੰਦਗੀ, ਰੋਜ਼ਾਨਾ ਕੰਮਾਂ ਵਿਚ ਆਉਣ ਵਾਲੀਆਂ ਮੁਸ਼ਕਲਾਂ, ਮਾੜੀ ਹਾਲਤ ਵਾਲੇ ਬਾਥਰੂਮ ਤੱਕ ਦੀ ਸਥਿਤੀ ਦਿਖਾਈ ਹੈ, ਉਸ ਤੋਂ ਬਾਅਦ ਨਾਇਕ ਅਤੇ ਨਾਇਕਾ ਨੂੰ ਕਦਮ ਦਰ ਕਦਮ ਮੁਸ਼ਕਿਲਾਂ ਨਾਲ ਜੂਝਦੇ ਹੋਏ ਤਰੱਕੀ ਕਰਦੇ ਦਿਖਾਇਆ ਹੈ। ਜਦਕਿ ਪੰਕਜ ਬੱਤਰਾ ਨੇ ਆਪਣੇ ਕਿਰਦਾਰਾਂ ਨੂੰ ਡਲਹੌਜੀ ਦੇ ਪਹਾੜੀ ਇਲਾਕੇ ਵਿਚ ਸਾਰੀਆਂ ਸਹੂਲਤਾਂ ਨਾਲ ਲੈਸ ਘਰ ਅਤੇ ਠੀਕ-ਠਾਕ ਚੱਲਦੇ ਕੰਮ-ਕਾਰ ਵਿਚ ਆਸਾਨੀ ਨਾਲ ਫਿੱਟ ਕਰ ਦਿੱਤਾ ਹੈ।ਜਿਸ ਵੇਲੇ ਨਾਇਕ ਨੂੰ ਆਪਣੀ ਅਤੇ ਨਾਇਕਾ ਦੀ ਜਾਨ ਬਚਾਉਣ ਦੇ ਵੀ ਲਾਲੇ ਪਏ ਹੋਣ ਉਸ ਵੇਲੇ ਸਿਰਫ਼ ਕਾਮੇਡੀ ਪੈਦਾ ਕਰਨ ਲਈ ਉਸਨੂੰ ਸੁਹਾਗਰਾਤ ਮਨਾਉਣ ਬਾਰੇ ਸੋਚਦੇ ਹੋਏ ਦਿਖਾਉਣਾ ਬਹੁਤ ਹੀ ਹਾਸੋਹੀਣਾ ਲੱਗਿਆ। ਪਹਿਲੇ ਹਿੱਸੇ ਵਿਚ ਕੁਝ ਹੱਦ ਤੱਕ ਨਿਰਦੇਸ਼ਕ ਨੇ ਕਾਇਨਾਤ ਨੂੰ ਇਕ ਅਹਿਮ ਕਿਰਦਾਰ ਦੇ ਰੂਪ ਵਿਚ ਦਿਖਾਇਆ ਹੈ, ਪਰ ਦੂਜੇ ਹਿੱਸੇ ਵਿਚ ਕਾਇਨਾਤ ਦੇ ਨੌਕਰੀ ਲੱਗ ਜਾਣ ਤੋਂ ਬਾਅਦ ਉਸਦੇ ਕਿਰਦਾਰ ਦਾ ਗ੍ਰਾਫ਼ ਰੁਕ ਜਾਂਦਾ ਹੈ। ਇਸੇ ਤਰ੍ਹਾਂ ਕਲਾਈਮੈਕਸ ਤੋਂ ਐਨ ਪਹਿਲਾਂ ਬੱਲੀ ਅਤੇ ਬਾਕੀ ਕਿਰਦਾਰਾਂ ਤੋਂ ਬਹੁਤ ਜ਼ਿਆਦਾ ਗੱਲਾਂ ਕਰਵਾਉਣ ਕਰਕੇ ਉਹ ਮਾਹੌਲ ਨਹੀਂ ਬਣਦਾ ਜਿਸ ਨਾਲ ਅੱਗੇ ਆਉਣ ਵਾਲਾ ਮੂਕ ਅੰਤ ਦਰਸ਼ਕ ਜਜ਼ਬ ਕਰ ਸਕਣ। ਇਸ ਲਈ ਜਦੋਂ ਅਚਾਨਕ ਅੰਤ ਆਉਂਦਾ ਹੈ ਤਾਂ ਦਰਸ਼ਕਾਂ ਨੂੰ ਸਮਝ ਨਹੀਂ ਆਉਂਦਾ ਕਿ ਹੋ ਕੀ ਗਿਆ ਹੈ। ਜਦੋਂ ਤੱਕ ਸਮਝ ਆਉਂਦਾ ਹੈ ਫ਼ਿਲਮ ਖ਼ਤਮ ਹੋ ਜਾਂਦੀ ਹੈ। 
ਨਿਰਦੇਸ਼ਕ ਨੇ ਫ਼ਿਲਮ ਦੀ ਸ਼ੁਰੂਆਤ ਅਤੇ ਅੰਤ ਮਰਾਠੀ ਫ਼ਿਲਮ ਵਾਲੇ ਹੀ ਰੱਖੇ ਹਨ ਜਦਕਿ ਵਿਚਕਾਰ ਵਾਲੇ ਹਿੱਸੇ ਵਿਚ ਆਪਣੀ ਰੰਗਤ ਦੇਣ ਦੀ ਕੋਸ਼ਿਸ ਕੀਤੀ ਹੈ। ਵੈਸੇ ਹਮੇਸ਼ਾ ਜਸ਼ਨ ਭਰਿਆ ਅੰਤ ਦੇਖਣ ਦੀ ਆਦਤ ਵਾਲੇ ਪੰਜਾਬੀ ਦਰਸ਼ਕਾਂ ਨੂੰ ਦਿਲ ਕੰਬਾ ਦੇਣ ਵਾਲਾ ਇਹ ਅੰਤ ਬਹੁਤਾ ਰਾਸ ਨਹੀਂ ਆ ਰਿਹਾ। ਮਲਟੀਪਲੈਕਸ ਤੋਂ ਬਾਹਰ ਨਿਕਲਦਿਆਂ ਕੁਝ ਨੌਜਵਾਨਾਂ ਨੂੰ ਜਦੋਂ ਮੈਂ ਇਹ ਕਹਿੰਦੇ ਸੁਣਿਆ ਕਿ ਇੰਨੀ ਵੀ ਅਸਲੀਅਤ ਦਿਖਾਉਣ ਦੀ ਕੀ ਲੋੜ ਸੀ ਤਾਂ ਮੇਰੇ ਤੋਂ ਵੀ ਹੈਰਾਨ ਹੋਏ ਬਿਨਾਂ ਰਿਹਾ ਨਾ ਗਿਆ। ਇਸ ਸੱਚਾਈ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਪਿਛਲੇ ਇਕ ਦਹਾਕੇ ਵਿਚ ਹਰ ਸਾਲ ਪੰਜਾਬ ਅੰਦਰ ਅਣਖ ਖ਼ਾਤਰ ਕਤਲ ਦੇ ਦਰਜਨਾਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਪਰਦੇ ਉੱਤੇ ਇਸ ਸੱਚਾਈ ਨੂੰ ਦੇਖਣ ਤੋਂ ਇਨਕਾਰ ਕਰਨਾ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖ ਬੰਦ ਕਰਨ ਵਾਲੀ ਗੱਲ ਹੀ ਹੈ। ਮੂਲ ਮਰਾਠੀ ਫ਼ਿਲਮ ਦੀ ਕਹਾਣੀ ਇਸ ਗੱਲ ਉੱਪਰ ਆਧਾਰਿਤ ਹੈ ਕਿ ਲੜਕੀਆਂ ਵੱਲੋਂ ਆਪਣੀ ਜ਼ਿੰਦਗੀ ਬਾਰੇ ਆਪ ਫ਼ੈਸਲੇ ਲੈਣ ਤੋਂ ਬਾਅਦ ਉਨ੍ਹਾਂ ਨਾਲ ਕੀ ਵਾਪਰਦੀ ਹੈ ਅਤੇ ਅਜਿਹੇ ਮਾਮਲਿਆਂ ਵਿਚ ਲੜਕੇ ਦੇ ਪਿੱਛੇ ਰਹਿ ਗਏ ਪਰਿਵਾਰ ਦੀ ਕੀ ਸਥਿਤੀ ਹੁੰਦੀ ਹੈ, ਪਰ ਚੰਨਾ ਮੇਰਿਆ ਨੂੰ ਕਾਫ਼ੀ ਹੱਦ ਤੱਕ ਮਰਦ ਪ੍ਰਧਾਨ ਫ਼ਿਲਮ ਬਣਾ ਦਿੱਤਾ ਗਿਆ ਹੈ। ਇਸੇ ਕਰਕੇ ਮੂਲ ਫ਼ਿਲਮ ਦੇ ਉਲਟ ਜਗਤ ਦੀ ਛੋਟੀ ਭੈਣ ਨਹੀਂ ਬਲਕਿ ਛੋਟਾ ਭਰਾ ਹੁੰਦਾ ਹੈ। ਇਸ ਤਰ੍ਹਾਂ ਜਗਤ ਦੇ ਘਰੋਂ ਭੱਜ ਜਾਣ ਤੋਂ ਬਾਅਦ ਉਸਦੀ ਭੈਣ ਦਾ ਰਿਸ਼ਤਾ ਨਾ ਹੋਣ ਵਾਲਾ ਮਸਲਾ ਹੀ ਖ਼ਤਮ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਅੰਮ੍ਰਿਤ ਮਾਨ ਨੂੰ ਉਭਾਰਨ ਲਈ ਕਾਇਨਾਤ ਦੇ ਭਰਾ ਦਾ ਕਿਰਦਾਰ ਵਧਾਅ-ਚੜਾਅ ਕੇ ਪੇਸ਼ ਕੀਤਾ ਗਿਆ ਹੈ। ਨਕਲੀ ਜੱਟਪੁਣੇ ਦੇ ਦਿਖਾਵੇ ਦੀ ਸਿਖਰ ਕੀ ਹੋ ਸਕਦੀ ਹੈ ਕਿ ਮਰਾਠੀ ਫ਼ਿਲਮ ਵਿਚ ਤਾਂ ਪ੍ਰੇਮੀ-ਪ੍ਰੇਮਿਕਾ ਦੇ ਰੰਗੀ ਹੱਥੀਂ ਫੜ੍ਹੇ ਜਾਣ ਤੋਂ ਬਾਅਦ ਕੁੜੀ ਦਾ ਪਿਤਾ ਮੁੰਡੇ ਅਤੇ ਸਾਥੀਆਂ ਨੂੰ ਕੁੱਟਣ ਲਈ ਆਪਣੇ ਕਰਿੰਦੇ ਅੱਗੇ ਕਰ ਦਿੰਦਾ ਹੈ ਅਤੇ ਆਪ ਕੁੜੀ ਨੂੰ ਲੈ ਕੇ ਘਰ ਦੇ ਅੰਦਰ ਚਲਾ ਜਾਂਦਾ ਹੈ, ਪਰ ਪੰਜਾਬੀ ਫ਼ਿਲਮ ਵਿਚ ਨਾ ਸਿਰਫ਼ ਕੁੜੀ ਦਾ ਭਰਾ ਕੁਟਾਪਾ ਚਾੜ੍ਹਦਾ ਹੈ, ਬਲਕਿ ਪਿਤਾ ਆਪ ਗੋਲੀ ਚਲਾਉਂਦਾ ਹੈ। 

ਅਦਾਕਾਰੀ ਦੇ ਮਾਮਲੇ ਵਿਚ ਨਿੰਜਾਂ ਤੋਂ ਬਹੁਤੀ ਉਮੀਦ ਨਹੀਂ ਸੀ, ਇਸ ਕਰਕੇ ਨਿਰਾਸ਼ਾ ਵੀ ਨਹੀਂ ਹੋਈ। ਭਾਵੇਂ ਕਿ ਸਕਰੀਨ ਉੱਤੇ ਉਹ ਜੱਚਦਾ ਹੈ ਪਰ ਅਦਾਕਾਰੀ ਵਾਲਾ ਘਰ ਹਾਲੇ ਬਹੁਤ ਦੂਰ ਹੈ। ਅੰਮ੍ਰਿਤ ਮਾਨ ਵੀ ਜਿਵੇਂ ਆਪਣੀਆਂ ਵੀਡਿਉ ਵਿਚ ਕੱਬੇ ਅੰਦਾਜ਼ ਦਾ ਪ੍ਰਦਰਸ਼ਨ ਕਰਦਾ ਹੈ ਉਹੋ ਜਿਹਾ ਹੀ ਫ਼ਿਲਮ ਵਿਚ ਵੀ ਨਜ਼ਰ ਆਉਂਦਾ ਹੈ, ਭਾਵ ਦਿੱਖ ਵੱਜੋਂ ਤਾਂ ਖ਼ਲਨਾਇਕ ਹੀ ਲੱਗਦਾ ਹੈ, ਪਰ ਹਾਵ-ਭਾਵ ਅਤੇ ਆਪਣੀ ਅਦਾਇਗੀ ਨਾਲ ਪ੍ਰਭਾਵ ਪਾਉਣ ਦੇ ਮਾਮਲੇ ਵਿਚ ਬਹੁਤਾ ਕਾਮਯਾਬ ਸਾਬਤ ਨਹੀਂ ਹੁੰਦਾ। ਟੀਵੀ ਦੀ ਅਦਾਕਾਰਾ ਪਾਇਲ ਰਾਜਪੂਤ ਜ਼ਰੂਰ ਹੈਰਾਨ ਕਰਦੀ ਹੈ। ਕਾਇਨਾਤ ਦੇ ਰੂਪ ਵਿਚ ਉਹ ਪਿਆਰ ਵਿਚ ਪੂਰੀ ਤਰ੍ਹਾਂ ਗੜੁੱਚ ਲੱਗਦੀ ਹੈ ਅਤੇ ਅੰਤ ਤੱਕ ਇਸ ਭਾਵਨਾ ਨੂੰ ਬਣਾਈ ਰੱਖਦੀ ਹੈ। ਉਸਦੇ ਮੁਕਾਬਲੇ ਨਿੰਜੇ ਦੇ ਸਹਿਜ ਨਾ ਹੋਣ ਕਰਕੇ ਦੋਵਾਂ ਦੀ ਆਪਸੀ ਕੈਮਿਟ੍ਰਰੀ ਨਹੀਂ ਬਣਦੀ। ਸੈਰਾਟ ਦੀ ਸਾਧਾਰਨ ਕਹਾਣੀ ਦੀ ਸਫ਼ਲਤਾ ਦਾ ਵੱਡਾ ਕਾਰਨ ਦੋਵਾਂ ਮੁੱਖ-ਕਿਰਦਾਰਾਂ ਦੀ ਇਕ ਦੂਜੇ ਪ੍ਰਤਿ ਅਣਭੋਲ ਦੀਵਾਨਗੀ ਨਾਲ ਪੈਦਾ ਹੋਇਆ ਮਾਹੌਲ ਸੀ। ਚੰਨਾ ਮੇਰਿਆ ਵਿਚ ਸਾਰੇ ਹੀ ਕਿਰਦਾਰ ਜ਼ਿਆਦਾ ਮੈਚਿਓਰ ਲੱਗਦੇ ਹਨ, ਜਿਸ ਕਰਕੇ ਨਾ ਅਣਭੋਲਪੁਣਾ ਮਹਿਸੂਸ ਹੁੰਦਾ ਹੈ ਅਤੇ ਨਾ ਹੀ ਦੀਵਾਨਗੀ। ਭਾਵੇਂ ਕਿ ਕਰਮਜੀਤ ਅਨਮੋਲ ਨੇ ਅਦਾਕਾਰੀ ਦੇ ਮਾਮਲੇ ਵਿਚ ਕੋਈ ਕਸਰ ਨਹੀਂ ਛੱਡੀ, ਪਰ ਉਸਦੀ ਉਮਰ ਅਤੇ ਸਰੀਰਕ ਬਣਤਰ ਇਸ ਕਿਰਦਾਰ ਨਾਲ ਨਿਆਂ ਨਹੀਂ ਕਰਦੀ। ਜਦਕਿ ਜਗਤ ਦੇ ਦੋਸਤ ਦਾ ਕਿਰਦਾਰ ਨਿਭਾ ਰਿਹਾ ਦੂਸਰਾ ਕਲਾਕਾਰ ਜ਼ਿਆਦਾ ਪ੍ਰਭਾਵਸ਼ਾਲੀ ਲੱਗਦਾ ਹੈ, ਪਰ ਉਸਦਾ ਕਿਰਦਾਰ ਛੋਟਾ ਕਰ ਦਿੱਤਾ ਗਿਆ। ਯੋਗਰਾਜ ਸਿੰਘ ਛੋਟੀ ਜਿਹੀ ਭੂਮਿਕਾ ਵਿਚ ਵੀ ਵੱਡਾ ਪ੍ਰਭਾਵ ਸਿਰਜਣ ਵਿਚ ਸਫ਼ਲ ਰਹੇ। ਜਗਤ ਨੂੰ ਭੂਆ ਘਰ ਜਾਣ ਵਾਸਤੇ ਮਨਾਉਣ ਵਾਲੇ ਅਤੇ ਫਿਰ ਉਸਨੂੰ ਫ਼ੋਨ ਉੱਤੇ ਕਦੇ ਵੀ ਵਾਪਸ ਨਾ ਆਉਣ ਦੀ ਤਾਕੀਦ ਕਰਨ ਵਾਲੇ ਦ੍ਰਿਸ਼ ਵਿਚ ਅਨੀਤਾ ਦੇਵਗਣ ਨੇ ਮਾਂ ਦੀ ਬੇਬਸੀ ਅਤੇ ਮਮਤਾ ਦੇ ਦਵੰਦ ਨੂੰ ਪਰਦੇ ਉੱਤੇ ਬਖ਼ੂਬੀ ਪੇਸ਼ ਕੀਤਾ। ਅਨੀਤਾ ਮੀਤ ਨੂੰ ਧੀ ਦੀ ਮਾਂ ਦਾ ਦਰਦ ਬਿਆਨ ਕਰਨ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ। ਬੀ. ਐਨ. ਸ਼ਰਮਾ ਨੂੰ ਵੀ ਗੰਭੀਰ ਕਿਰਦਾਰ ਦੇਣ ਦੀ ਬਜਾਇ ਹਾਸੇ ਮਜ਼ਾਕ ਲਈ ਵਰਤਿਆ ਗਿਆ, ਜੋ ਕਿ ਬਹੁਤਾ ਚੰਗਾ ਨਹੀਂ ਲੱਗਿਆ। 
ਚੰਨਾ ਮੇਰਿਆ ਦਾ ਗੀਤ-ਸੰਗੀਤ ਵੀ ਬਹੁਤਾ ਪ੍ਰਭਾਵਸ਼ਾਲੀ ਨਹੀਂ ਸਾਬਤ ਹੋਇਆ। ਨਵੀ ਕੰਬੋਜ਼ ਦਾ ਲਿਖਿਆ ਹਵਾ ਦੇ ਵਰਕੇ ਜ਼ਰੂਰ ਇਕ ਮਿਆਰੀ ਰਚਨਾ ਹੈ ਅਤੇ ਦੀਵਾਨਗੀ ਦੀ ਭਾਵਨਾ ਸਿਰਜਣ ਵਿਚ ਮਦਦ ਕਰਦਾ ਹੈ। ਬਾਕੀ ਗੀਤ ਬੱਸ ਠੀਕ-ਠਾਕ ਹਨ। ਫ਼ਿਲਮ ਵਿਚ ਸਿਨੇਮੈਟੋਗ਼ਾਫ਼ੀ ਦੇ ਮਾਮਲੇ ਵਿਨੀਤ ਮਲਹੋਤਰਾ ਨੇ ਬਾਕਮਾਲ ਕੰਮ ਕੀਤਾ ਹੈ। ਫ਼ਿਲਮ ਦੇ ਪਹਿਲੇ ਦ੍ਰਿਸ਼ ਦਾ ਹਵਾਈ ਸ਼ਾਟ ਅਤੇ ਪਿੱਛਾ ਕਰਨ ਵਾਲੇ ਦ੍ਰਿਸ਼ਾਂ ਵਿਚ ਲਈ ਹਵਾਈ ਸ਼ਾਟ ਬਹੁਤ ਪ੍ਰਭਾਵਸ਼ਾਲੀ ਹਨ। ਡਲਹੌਜੀ ਦੀਆਂ ਬਰਫ਼ ਨਾਲ ਲੱਦੀਆਂ ਖ਼ੂਬਸੂਰਤ ਪਹਾੜੀਆਂ ਨੂੰ ਵੀ ਉਨ੍ਹਾਂ ਨੇ ਬਿਹਤਰੀਨ ਅੰਦਾਜ਼ ਨਾਲ ਪਰਦੇ ਉੱਤੇ ਉਤਾਰਿਆ ਹੈ। ਨਿਰਦੇਸ਼ਕ ਪਹਾੜੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਿਖਾਉਣ ਲਈ ਇਸਨੂੰ ਵਧੀਆ ਤਰੀਕੇ ਨਾਲ ਵਰਤ ਸਕਦਾ ਸੀ, ਪਰ ਉਸਨੇ ਇੰਝ ਨਹੀਂ ਕੀਤਾ। ਬੈਕਗ੍ਰਾਊਂਡ ਸਕੋਰ ਵੀ ਬੱਸ ਠੀਕ-ਠਾਕ ਹੈ।
ਭਾਵੇਂ ਸੈਰਾਟ ਦੀ ਤੁਲਨਾ ਵਿਚ ਚੰਨਾ ਮੇਰਿਆਂ ਕਈ ਘਾਟਾਂ, ਟੱਪਲਿਆਂ ਦੀ ਸ਼ਿਕਾਰ ਹੈ ਅਤੇ ਕਈ ਸਵਾਲਾਂ ਦੇ ਜਵਾਬ ਨਹੀਂ ਦਿੰਦੀ ਜਿਨ੍ਹਾਂ ਨੂੰ ਮੈਂ ਦਰਸ਼ਕਾਂ ਦੀ ਕਲਪਨਾ ਉੱਪਰ ਛੱਡਦਾ ਹਾਂ, ਪਰ ਸੁਤੰਤਰ ਤੌਰ ਉੱਤੇ ਇਸ ਫ਼ਿਲਮ ਨੂੰ ਦੇਖਦਿਆਂ ਮੇਰਾ ਮੰਨਣਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਵਿਚ ਅਰਥ-ਪੂਰਨਤਾ ਲਿਆਉਣ ਵਿਚ ਆਪਣੀ ਇਮਾਨਦਾਰ ਭੂਮਿਕਾ ਨਿਭਾਉਂਦੀ ਹੈ। ਨਿਰਮਾਤਾ-ਨਿਰਦੇਸ਼ਕ ਨੇ ਮਰਾਠੀ ਫ਼ਿਲਮ ਵਾਲਾ ਅੰਤ ਰੱਖ ਕੇ ਬਹੁਤ ਵੱਡਾ ਜੋਖ਼ਮ ਲਿਆ ਹੈ। ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਰਿਵਾਇਤੀ ਅੰਤ ਵਾਲੀਆਂ ਫ਼ਿਲਮਾਂ ਤੋਂ ਅੱਗੇ ਵੱਧ ਕੇ ਅਸਲੀਅਤ ਨਾਲ ਜੁੜਨ ਲਈ ਪ੍ਰੇਰਿਤ ਕਰ ਸਕਦੀ ਹੈ। ਸਾਨੂੰ ਅਜਿਹੀਆਂ ਹੋਰ ਬਹੁਤ ਸਾਰੀਅਾਂ ਫ਼ਿਲਮਾਂ ਦੀ ਲੋੜ ਹੈ, ਜਿੰਨਾਂ ਵਿਚ ਉੱਪਰ ਦੱਸੀਆਂ ਘਾਟਾਂ ਤੋਂ ਬਚਿਆ ਜਾ ਸਕਦਾ ਹੈ। ਸਾਡੇ ਆਪਣੇ ਸਿਨੇਮੇ ਦੀ ਤਰੱਕੀ ਲਈ ਇਹ ਬਹੁਤ ਜ਼ਰੂਰੀ ਹੈ।
ਜਿਹੜੇ ਨਿੰਜੇ ਅਤੇ ਅੰਮ੍ਰਿਤ ਮਾਨ ਦੇ ਕੱਟੜ ਫ਼ੈਨ ਨੇ ਉਹ ਤਾਂ ਫ਼ਿਲਮ ਜ਼ਰੂਰ ਦੇਖਣਗੇ ਹੀ, ਪਰ ਜੇ ਮੈਨੂੰ ਪੁੱਛੋਗੇ ਕਿ ਫ਼ਿਲਮ ਕਿਉਂ ਦੇਖਣੀ ਚਾਹੀਦੀ ਹੈ ਤਾਂ ਪਾਇਲ ਰਾਜਪੂਤ ਦੇ ਅਣਭੋਲ ਕਿਰਦਾਰ ਅਤੇ ਵੱਖਰੇ ਪਰ ਸੱਚੇ ਅੰਤ ਲਈ ਚੰਨਾ ਮੇਰਿਆ ਦੇਖੀ ਜਾ ਸਕਦੀ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com