ਲੁਧਿਆਣਾ (ਬਿਊਰੋ) ਪੰਜਾਬੀ ਭਵਨ ਸਥਿਤ ਜਨਚੇਤਨਾ ਪੁਸਤਕ ਵਿਕਰੀ ਕੇਂਦਰ ਦੇ ਪ੍ਰਬੰਧਕਾਂ ਅਤੇ ਧਾਰਮਿਕ ਸੰਗਠਨ ਵਿਚਾਲੇ ਧਾਰਮਿਕ ਪੁਸਤਕਾਂ ਨੂੰ ਲੈ ਕੇ ਹੋਏ ਟਕਰਾਅ ਦੇ ਮਾਮਲੇ ਵਿਚ ਮੰਗਲਵਾਰ ਨੂੰ ਪੁਲਿਸ ਨੇ ਹੰਗਾਮਾਕਾਰੀਆਂ ਵਿਰੁੱਧ 24 ਘੰਟੇ ਅੰਦਰ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।
ਮੰਗਲਵਾਰ ਸਵੇਰੇ ਲੁਧਿਆਣੇ ਦੀਆਂ ਵੱਖ-ਵੱਖ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਦੇ ਸੱਦੇ ‘ਤੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਜਮਹੂਰੀ ਕਾਰਕੁੰਨਾਂ ਨੇ ਪੁਲੀਸ ਥਾਣਾ ਡਿਵੀਜਨ ਨੰਬਰ 5 ਦਾ ਘਿਰਾਓ ਕਰਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਅਤੇ ਮੰਗ ਕੀਤੀ ਕਿ ਲੰਘੀ 2 ਜਨਵਰੀ ਨੂੰ ਇਨਕਲਾਬੀ, ਅਗਾਂਹਵਧੂ, ਜਮਹੂਰੀ ਵਿਚਾਰਾਂ ਦੇ ਅਦਾਰੇ ਜਨਚੇਤਨਾ ਦੇ ਪੰਜਾਬੀ ਭਵਨ ਸਥਿਤ ਵਿਕਰੀ ਕੇਂਦਰ ਉੱਤੇ ਹਮਲਾ ਕਰਨ ਵਾਲੇ ਕੱਟੜਪੰਥੀ ਜੱਥੇਬੰਦੀ ਦੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਮੰਗ ਕੀਤੀ ਕਿ ਹਮਲਾਵਰਾਂ ਦਾ ਸਾਥ ਦੇਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇ। ਮੁਜ਼ਾਹਰਾਕਾਰੀਆਂ ਵੱਲੋਂ ਧਰਮ ਦੇ ਅਧਾਰ ਉੱਤੇ ਲੋਕਾਂ ਨੂੰ ਵੰਡਣ-ਲੜਾਉਣ ਵਾਲੀਆਂ ਜੱਥੇਬੰਦੀਆਂ ਉੱਤੇ ਪਾਬੰਦੀ ਲਾਉਣ ਅਤੇ ਦੋਸ਼ੀ ਵਿਅਕਤੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਵੀ ਕੀਤੀ। ਮੌਕੇ ਉੱਤੇ ਪਹੁੰਚੇ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਲਈ 24 ਘੰਟੇ ਦਾ ਸਮਾਂ ਮੰਗਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਮੁਜ਼ਾਹਰਾਕਾਰੀਆਂ ਦੀ ਅਗੁਵਾਈ ਕਰ ਰਹੇ ਆਗੂਆਂ ਨੇ ਮਿੱਥੇ ਸਮੇਂ ਅੰਦਰ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ।
ਬੀਤੇ ਸੋਮਵਾਰ ਨੂੰ ਪੰਜਾਬੀ ਭਵਨ ਅੰਦਰ
‘ਨਾਸਤਿਕ ਕਿਤਾਬਾਂ’ ਨੂੰ ਲੈ ਕੇ ਧਾਰਮਿਕ ਸੰਗਠਨ ਦਾ ਜਨਚੇਤਨਾ ਨਾਲ ਟਕਰਾਅ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲੀਸ ਨੇ ਜਨਚੇਤਨਾ ਦੇ ਪੁਸਤਕ ਵਿਕਰੀ ਕੇਂਦਰ ਨੂੰ ਸੀਲ ਕਰ ਦਿੱਤਾ ਸੀ। ਅੱਜ ਪੁਲੀਸ ਨੇ ਕਾਰਵਾਈ ਦਾ ਭਰੋਸਾ ਦੇਣ ਦੇ ਨਾਲ ਹੀ ਦੁਕਾਨ ਦੀਆਂ ਚਾਬੀਆਂ ਪ੍ਰਬੰਧਕਾਂ ਨੂੰ ਵਾਪਸ ਕਰ ਦਿੱਤੀਆਂ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਟਕਰਾਅ ਦੀ ਸਥਿਤੀ ਉਸ ਵੇਲੇ ਪੈਦਾ ਹੋਈ ਜਦੋਂ ਜਨਚੇਤਨਾ ਸੰਸਥਾ ਲਈ ਕੰਮ ਕਰ ਰਹੀ ਇਕ ਵਲੰਟੀਅਰ ਲੜਕੀ ਦੇ ਮਾਪਿਆਂ ਨੇ ਉਸਦੇ ਇਸ ਕਦਮ ਉੱਪਰ ਇਤਰਾਜ਼ ਜਤਾਇਆ। ਦੱਸਿਆ ਜਾ ਰਿਹਾ ਹੈ ਕਿ ਮਾਪਿਆਂ ਨੂੰ ਲੜਕੀ ਦਾ ਇਸ ਜੱਥੇਬੰਦੀ ਲਈ ਕੰਮ ਕਰਨਾ ਪਸੰਦ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦਾ ਆਪੋ ਵਿਚ ਵਿਵਾਦ ਹੋ ਗਿਆ। ਧਾਰਮਿਕ ਸੰਗਠਨ ਨਾਲ ਜੁੜੇ ਕੁਝ ਆਗੂਆਂ ਨੇ ਇਸ ਮਾਮਲੇ ਨੂੰ ਧਾਰਮਿਕਤਾ ਬਨਾਮ ਨਾਸਤਿਕਤਾ ਦੀ ਰੰਗਤ ਦੇ ਕੇ ਮਾਮਲੇ ਨੂੰ ਟਕਰਾਅ ਦੀ ਸਥਿਤੀ ਤੱਕ ਲੈ ਆਉਂਦਾ।
ਅੱਜ ਜਾਰੀ ਇਕ ਪ੍ਰੈਸ ਬਿਆਨ ਵਿਚ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਦਾ ਕਹਿਣਾ ਹੈ ਕਿ ਕੱਟੜਪੰਥੀਆਂ ਨੇ ਹਿੰਦੂ ਸ਼ਕਤੀ ਮੋਰਚਾ ਦੇ ਪ੍ਰਧਾਨ ਰੋਹਿਤ ਸਾਹਨੀ ਦੀ ਅਗਵਾਈ ਵਿਚ ਜਨਚੇਤਨਾ ਵਿਕਰੀ ਕੇਂਦਰ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਨਚੇਤਨਾ ਦੀ ਪ੍ਰਬੰਧਕ ਬਿੰਨੀ ਨਾਲ ਹਮਲਾਵਰਾਂ ਨੇ ਛੇੜਖਾਨੀ ਤੇ ਬਦਸਲੂਕੀ ਕੀਤੀ। ਉਸਦੇ ਬਚਾਅ ਵਿੱਚ ਆਏ ਹੋਰ ਕਾਰਕੁੰਨਾਂ ਨਾਲ਼ ਧੱਕਾ-ਮੁੱਕੀ ਕੀਤੀ ਗਈ। ਪੁਲੀਸ ਦੋ ਘੰਟੇ ਤੱਕ ਮੂਕ ਦਰਸ਼ਕ ਬਣਕੇ ਵੇਖਦੀ ਰਹੀ।
ਲਖਵਿੰਦਰ ਨੇ ਕਿਹਾ ਕਿ ਪੁਲਿਸ ਕੱਟੜਪੰਥੀਆਂ ਦੇ ਦਬਾਅ ਹੇਠ ਕਾਰਕੁੰਨਾਂ ਉੱਤੇ ਧਾਰਾ 295(A) ਤਹਿਤ ਪਰਚਾ ਦਰਜ ਕਰਨਾ ਚਾਹੁੰਦੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜਨਚੇਤਨਾ ਅਤੇ ਹੋਰ ਬਾਕੀ ਕਾਰਕੁੰਨਾਂ ਖਿਲਾਫ਼ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਲਖਵਿੰਦਰ ਨੇ ਦੱਸਿਆ ਕਿ ਅੱਜ ਥਾਣੇ ਅੰਦਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਹੰਗਾਮਾਕਾਰੀ ਧਿਰ ਵੱਲੋਂ ਕੋਈ ਵੀ ਪੇਸ਼ ਨਹੀਂ ਹੋਇਆ।
ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਰਾਧਾਮੋਹਨ ਗੋਕੁਲ ਦੀਆਂ ਕਿਤਾਬਾਂ ਵਰ੍ਹਿਆਂ ਤੋਂ ਦੇਸ਼ ਭਰ ਵਿੱਚ ਛਪ ਰਹੀਆਂ ਹਨ। ਜਨਚੇਤਨਾ ਉੱਤੇ ਹੋਇਆ ਹਮਲਾ ਸਮੁੱਚੀ ਇਨਕਲਾਬੀ-ਜਮਹੂਰੀ ਲਹਿਰ ਉੱਤੇ ਹਮਲਾ ਹੈ। ਇਹਨਾਂ ਕਿਤਾਬਾਂ ਅਤੇ ਜਨਤਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣਾ ਵਿਚਾਰਾਂ ਦੇ ਪ੍ਰਗਾਟਾਵੇ ਦੀ ਅਜਾਦੀ ਤੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ।
ਮੁਜਾਹਰੇ ਨੂੰ ਜਨਚੇਤਨਾ, ਲੁਧਿਆਣਾ ਦੀ ਪ੍ਰਬੰਧਕ ਬਿੰਨੀ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਨੌਜਵਾਨ ਭਾਰਤ ਸਭਾ ਦੇ ਸੂਬਾ ਕਨਵੀਨਰ ਕੁਲਵਿੰਦਰ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਦੇਵ ਭੂੰਦੜੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਕਰਮਜੀਤ, ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ ਦੇ ਆਗੂ ਹਰਪ੍ਰੀਤ ਜੀਰਖ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਰਾਜਵਿੰਦਰ, ਡੈਮੋਕ੍ਰੇਟਿਕ ਇੰਪਲਾਈਜ ਫਰੰਟ ਦੇ ਆਗੂ ਰਮਨਜੀਤ, ਤਰਕਸ਼ੀਲ ਸੁਸਾਈਟੀ ਪੰਜਾਬ ਦੇ ਆਗੂ ਸਤੀਸ਼ ਸਚਦੇਵਾ, ਮੌਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਪ੍ਰਧਾਨ ਵਿਜੇ ਨਾਰਾਇਣ, ਲੋਕ ਏਕਤਾ ਸੰਗਠਨ ਦੇ ਪ੍ਰਧਾਨ ਗੱਲਰ ਚੌਹਾਨ ਆਦਿ ਨੇ ਸੰਬੋਧਿਤ ਕੀਤਾ।
ਇਸ ਤੋਂ ਬਾਅਦ ਕਾਰਕੁੰਨ ਮਾਰਚ ਕਰਦੇ ਹੋਏ ਪੰਜਾਬੀ ਭਵਨ ਸਥਿਤ ਜਨਚੇਤਨਾ ਵਿਕਰੀ ਕੇਂਦਰ ਪਹੁੰਚੇ ਅਤੇ ਕੱਲ੍ਹ ਤੋਂ ਬੰਦ ਪਿਆ ਵਿਕਰੀ ਕੇਂਦਰ ਖੋਲ੍ਹਿਆ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।
ਸਿਆਸਤ । ਮਨੋਰੰਜਨ । ਸਭਿਆਚਾਰ । ਜੀਵਨ ਜਾਚ । ਸਿਹਤ । ਸਾਹਿਤ । ਕਿਤਾਬਾਂ
Leave a Reply