Vinesh Phogat Post: ਹੰਝੂ ਨਹੀਂ ਰੁਕਣਗੇ!

Vinesh Phogat Post: ਹੰਝੂ ਨਹੀਂ ਰੁਕਣਗੇ!
Vinesh Phogat Emotional Post Punjabi – After Disqualification Paris Olympics 2024

ਉਲੰਪਿਕ ਰਿੰਗਸ: ਜਦੋਂ ਮੈਂ ਇੱਕ ਛੋਟੇ ਜਿਹੇ ਪਿੰਡ ਦੀ ਇਕ ਛੋਟੀ ਜਿਹੀ ਕੁੜੀ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਉਲੰਪਿਕਸ ਕੀ ਹੁੰਦਾ ਹੈ ਜਾਂ ਇੰਨ੍ਹਾਂ ਰਿੰਗਾਂ ਦਾ ਕੀ ਮਤਲਬ ਸੀ। ਮੈਂ ਵੀ ਉਸੇ ਤਰ੍ਹਾਂ ਦੇ ਹੀ ਸੁਪਨੇ ਦੇਖਦੀ ਸੀ ਕਿ ਮੇਰੇ ਲੰਮੇ ਵਾਲ ਹੋਣ, ਹੱਥਾਂ ਵਿੱਚ ਮੋਬਾਈਲ ਫੜ ਕੇ ਘੁੰਮਦੀ ਫਿਰਾਂ ਤੇ ਉਹ ਸਾਰੀਆਂ ਚੀਜ਼ਾਂ ਕਰਾਂ ਜੋ ਕੋਈ ਵੀ ਅਲੱੜ੍ਹ ਕੁੜੀ ਆਮ ਤੌਰ ‘ਤੇ ਕਰਨ ਦੇ ਸੁਪਨੇ ਦੇਖਦੀ ਹੈ।

ਮੇਰੇ ਸਾਧਾਰਨ ਡਰਾਇਵਰ ਪਿਤਾ ਮੈਨੂੰ ਕਹਿੰਦੇ ਹੁੰਦੇ ਸਨ ਕਿ ਇਕ ਦਿਨ ਉਹ ਆਪਣੀ ਧੀ ਨੂੰ ਹਵਾਈ ਜਹਾਜ਼ ਵਿੱਚ ਉੱਚਾਈ ‘ਤੇ ਉੱਡਦਾ ਦੇਖਣਗੇ, ਉਸ ਦੇ ਹੇਠਾਂ ਸੜਕ ‘ਤੇ ਉਹ ਆਪਣੀ ਗੱਡੀ ਚਲਾਉਣਗੇ, ਉਨ੍ਹਾਂ ਦੇ ਸੁਪਨੇ ਮੈਂ ਹੀ ਸੱਚ ਕਰਾਂਗੀ। ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਪਰ ਮੈਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਦੀ ਲਾਡਲੀ ਧੀ ਸੀ ਕਿਉਂਕਿ ਮੈਂ ਤਿੰਨਾਂ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਸੀ। ਜਦੋਂ ਉਹ ਇਹ ਗੱਲਾਂ ਕਰਦੇ ਸਨ ਤਾਂ ਮੈਂ ਇਨ੍ਹਾਂ ਅਜੀਬ ਗੱਲਾਂ ‘ਤੇ ਹੱਸ ਪਿਆ ਕਰਦੀ ਸੀ, ਇਸ ਗੱਲ ਦਾ ਮੇਰੇ ਲਈ ਕੋਈ ਬਹੁਤਾ ਮਤਲਬ ਨਹੀਂ ਸੀ। ਮੇਰੀ ਮਾਂ ਦੀ ਜੱਦੋ-ਜਹਿਦ ਭਰੀ ਜ਼ਿੰਦਗੀ ‘ਤੇ ਤਾਂ ਪੂਰੀ ਕਹਾਣੀ ਲਿਖੀ ਜਾ ਸਕਦੀ ਸੀ, ਉਨ੍ਹਾਂ ਦਾ ਸੁਪਨਾ ਬੱਸ ਇੰਨਾ ਸੀ ਕਿ ਉਨ੍ਹਾਂ ਦੇ ਸਾਰੇ ਬੱਚੇ ਇਕ ਦਿਨ ਉਨ੍ਹਾਂ ਤੋਂ ਬਿਹਤਰ ਜ਼ਿੰਦਗੀ ਜਿਉਣ। ਉਹ ਆਪ ਆਤਮ-ਨਿਰਭਰ ਹੋ ਜਾਣ ਅਤੇ ਉਨ੍ਹਾਂ ਦੇ ਬੱਚੇ ਆਪੋ-ਆਪਣੇ ਪੈਰਾਂ ‘ਤੇ ਖੜ੍ਹੋ ਹੋ ਜਾਣ, ਉਨ੍ਹਾਂ ਲਈ ਬੱਸ ਇੰਨਾ ਹੀ ਬਹੁਤ ਸੀ। ਉਨ੍ਹਾਂ ਦੇ ਸੁਪਨੇ ਅਤੇ ਇੱਛਾਵਾਂ ਮੇਰੇ ਪਿਤਾ ਦੇ ਮੁਕਾਬਲੇ ਬਹੁਤ ਹੀ ਸਾਧਾਰਨ ਸਨ।

ਪਰ ਜਿਸ ਦਿਨ ਮੇਰੇ ਪਿਤਾ ਸਾਨੂੰ ਛੱਡ ਕੇ ਚਲੇ ਗਏ, ਉਸ ਦਿਨ ਮੇਰੇ ਕੋਲ ਬਚੀਆਂ ਸਨ ਸਿਰਫ਼ ਹਵਾਈ ਜਹਾਜ਼ ਵਿੱਚ ਉੱਡਣ ਦੀਆਂ ਉਨ੍ਹਾਂ ਦੀ ਸੋਚਾਂ ਅਤੇ ਗੱਲਾਂ…

ਮੈਨੂੰ ਇਸ ਗੱਲ ਦੇ ਮਾਇਨੇ ਤਾਂ ਚੰਗੀ ਤਰ੍ਹਾਂ ਪਤਾ ਨਹੀਂ ਸਨ ਪਰ ਫਿਰ ਵੀ ਮੈਂ ਉਸ ਸੁਪਨੇ ਨੂੰ ਆਪਣੇ ਦਿਲ ਦੇ ਨਾਲ ਲਾ ਕੇ ਰੱਖਿਆ। ਮੇਰੀ ਮਾਂ ਦਾ ਸੁਪਨਾ ਉਦੋਂ ਹੋਰ ਵੀ ਦੂਰ ਹੋ ਗਿਆ ਜਦੋਂ ਮੇਰੇ ਪਿਤਾ ਦੇ ਜਾਣ ਤੋਂ ਕੁਝ ਮਹੀਨੇ ਬਾਅਦ ਮਾਂ ਨੂੰ ਤੀਸਰੀ ਸਟੇਜ ਦਾ ਕੈਂਸਰ ਹੋਣ ਬਾਰੇ ਪਤਾ ਲੱਗਿਆ। ਉੱਥੋਂ ਸ਼ੁਰੂ ਹੋਇਆ ਤਿੰਨ ਬੱਚਿਆਂ ਦਾ ਸਫ਼ਰ ਜੋ ਆਪਣੀ ਇਕੱਲੀ ਮਾਂ ਦਾ ਸਾਥ ਦੇਣ ਲਈ ਆਪਣਾ ਬਚਪਨ ਵਾਰਨ ਵਾਲੇ ਸਨ। ਜਦੋਂ ਮੇਰਾ ਸਾਹਮਣਾ ਜ਼ਿੰਦਗੀ ਦੀ ਸੱਚਾਈ ਨਾਲ ਹੋਇਆ ਅਤੇ ਮੈਂ ਆਪਣੀ ਹੋਂਦ ਬਚਾਈ ਰੱਖਣ (ਸਰਵਾਈਵਲ) ਦੀ ਦੌੜ ਵਿੱਚ ਜੁੱਟ ਗਈ ਤਾਂ ਛੇਤੀ ਹੀ ਮੇਰੇ ਲੰਮੇ ਵਾਲਾਂ ਅਤੇ ਮੋਬਾਈਲ ਫ਼ੋਨ ਦੇ ਸੁਪਨੇ ਧੁੰਦਲੇ ਪੈ ਗਏ।

ਹੋਂਦ ਬਚਾਈ ਰੱਖਣ ਦੀ ਇਸ ਦੌੜ ਨੇ ਮੈਨੂੰ ਬਹੁਤ ਕੁਝ ਸਿਖਾਇਆ। ਆਪਣੀ ਮਾਂ ਦੇ ਸੰਘਰਸ਼, ਕਦੇ ਹਾਰ ਨਾ ਮੰਨਣ ਵਾਲੀ ਦ੍ਰਿੜਤਾ ਅਤੇ ਲੜਨ ਦੇ ਜਜ਼ਬੇ ਨੂੰ ਦੇਖ-ਦੇਖ ਕੇ ਮੈਂ ਵੀ ਉਹੋ ਜਿਹੀ ਬਣ ਗਈ ਜਿਹੋ ਜਿਹੀ ਮੈਂ ਹਾਂ। ਉਨ੍ਹਾਂ ਮੈਨੂੰ ਆਪਣੇ ਬਣਦੇ ਹੱਕ ਲਈ ਲੜਨਾ ਸਿਖਾਇਆ। ਜਦੋਂ ਮੈਂ ਹਿੰਮਤ ਬਾਰੇ ਸੋਚਦੀ ਹਾਂ ਤਾਂ ਮੇਰੇ ਖ਼ਿਆਲਾਂ ਵਿੱਚ ਮੇਰੀ ਮਾਂ ਹੁੰਦੀ ਹੈ ਅਤੇ ਉਹੀ ਹਿੰਮਤ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਹਰ ਲੜਾਈ ਲੜਨ ਵਿੱਚ ਮੇਰਾ ਸਾਥ ਦਿੰਦੀ ਹੈ।

ਅੱਗੇ ਦਾ ਰਾਹ ਔਖਾ ਹੋਣ ਦੇ ਬਾਵਜੂਦ, ਸਾਡੇ ਪਰਿਵਾਰ ਨੇ ਰੱਬ ‘ਤੇ ਭਰੋਸਾ ਕਦੇ ਘੱਟ ਨਹੀਂ ਹੋਣ ਦਿੱਤਾ ਅਤੇ ਸਾਡਾ ਭਰੋਸਾ ਹਮੇਸ਼ਾ ਬਣਿਆ ਰਿਹਾ ਕਿ ਰੱਬ ਨੇ ਸਾਡੇ ਲਈ ਕੁਝ ਚੰਗਾ ਹੀ ਸੋਚਿਆ ਹੋਇਆ ਸੀ।

ਮਾਂ ਹਮੇਸ਼ਾ ਕਿਹਾ ਕਰਦੀ ਸੀ ਕਿ ਰੱਬ ਕਦੇ ਵੀ ਚੰਗੇ ਲੋਕਾਂ ਨਾਲ ਮਾੜਾ ਨਹੀਂ ਹੋਣ ਦਿੰਦਾ। ਜਦੋਂ ਮੇਰਾ ਮਿਲਾਪ ਆਪਣੇ ਪਤੀ, ਆਪਣੇ ਰੂਹ ਦੇ ਹਾਣੀ, ਸਾਥੀ ਅਤੇ ਉਮਰ ਭਰ ਦੇ ਚੰਗੇ ਦੋਸਤ ਸੋਮਵੀਰ ਨਾਲ ਹੋਇਆ ਤਾਂ ਮੈਨੂੰ ਇਸ ਗੱਲ ‘ਤੇ ਹੋਰ ਵੀ ਜ਼ਿਆਦਾ ਭਰੋਸਾ ਹੋ ਗਿਆ। ਸੋਮਵੀਰ ਨੇ ਮੇਰਾ ਅਜਿਹਾ ਸਾਥ ਦਿੱਤਾ ਕਿ ਮੇਰੀ ਜ਼ਿੰਦਗੀ ਦੇ ਹਰ ਹਿੱਸੇ ਵਿੱਚ ਆਪਣੀ ਥਾਂ ਬਣਾ ਲਈ ਅਤੇ ਉਸ ਨੇ ਹਰ ਰੂਪ ਵਿੱਚ ਹਰ ਤਰ੍ਹਾਂ ਮੇਰਾ ਸਾਥ ਦਿੱਤਾ। ਇਹ ਕਹਿਣਾ ਗ਼ਲਤ ਹੋਵੇਗਾ ਕਿ ਜਦੋਂ ਅਸੀਂ ਔਕੜਾਂ ਦਾ ਸਾਹਮਣਾ ਕਰ ਰਹੇ ਸੀ ਤਾਂ ਅਸੀਂ ਹਿੱਸੇਦਾਰ ਸੀ ਕਿਉਂਕਿ ਉਨ੍ਹਾਂ ਨੇ ਹਰ ਕਦਮ ‘ਤੇ ਤਿਆਗ ਕੀਤਾ ਅਤੇ ਮੇਰੇ ਦੁੱਖਾਂ ਨੂੰ ਮੇਰੇ ਤੋਂ ਦੂਰ ਰੱਖਿਆ ਅਤੇ ਹਮੇਸ਼ਾ ਮੇਰੀ ਢਾਲ ਬਣ ਕੇ ਖੜ੍ਹਾ ਰਿਹਾ। ਉਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਸਫ਼ਰ ਨੂੰ ਆਪਣੇ ਆਪ ਤੋਂ ਉੱਤੇ ਰੱਖਿਆ ਅਤੇ ਪੂਰੀ ਵਫ਼ਾਦਾਰੀ, ਸਮਰਪਣ ਅਤੇ ਇਮਾਨਦਾਰੀ ਨਾਲ ਮੇਰਾ ਸਾਥ ਦਿੱਤਾ। ਜੇਕਰ ਉਹ ਨਹੀਂ ਹੁੰਦੇ ਤਾਂ ਮੈਂ ਇੱਥੇ ਹੋਣ, ਆਪਣੀ ਲੜਾਈ ਜਾਰੀ ਰੱਖਣ ਅਤੇ ਹਰੇਕ ਦਿਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਦੀ ਕਲਪਨਾ ਵੀ ਨਹੀਂ ਸੀ ਕਰ ਸਕਦੀ। ਇਹ ਸਿਰਫ਼ ਇਸ ਲਈ ਹੋ ਸਕਿਆ ਕਿਉਂਕਿ ਮੈਂ ਜਾਣਦੀ ਸੀ ਕਿ ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਹਨ, ਮੇਰੇ ਪਿੱਛੇ ਅਤੇ ਜਦੋਂ ਲੋੜ ਹੋਵੇ ਮੇਰੇ ਮੂਹਰੇ ਵੀ, ਹਮੇਸ਼ਾ ਢਾਲ ਬਣ ਕੇ।

ਮੇਰੇ ਇੱਥੇ ਤੱਕ ਦੇ ਸਫ਼ਰ ਨੇ ਮੈਨੂੰ ਬਹੁਤ ਲੋਕਾਂ ਨਾਲ ਮਿਲਣ ਦਾ ਮੌਕਾ ਦਿੱਤਾ, ਜ਼ਿਆਦਾਤਰ ਚੰਗੇ ਅਤੇ ਕੁਝ ਬੁਰੇ।

ਪਿਛਲੇ ਡੇਢ ਦੋ ਸਾਲਾਂ ਦੌਰਾਨ, ਕੁਸ਼ਤੀ ਦੇ ਮੈਟ ‘ਤੇ ਅਤੇ ਬਾਹਰ ਬਹੁਤ ਕੁਝ ਹੋਇਆ ਹੈ। ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਮੋੜ ਆਏ, ਅਜਿਹਾ ਲੱਗਿਆ ਜਿਵੇਂ ਜ਼ਿੰਦਗੀ ਹਮੇਸ਼ਾ ਲਈ ਰੁਕ ਗਈ ਹੋਵੇ ਅਤੇ ਮੈਂ ਕਿਸੇ ਟੋਏ ਵਿੱਚ ਡਿੱਗ ਗਈ ਹੋਵਾਂ, ਜਿੱਥੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਪਰ ਮੇਰੇ ਆਲੇ-ਦੁਆਲੇ ਦੇ ਲੋਕ ਦਿਲੋਂ ਇਮਾਨਦਾਰ ਸਨ, ਉਨ੍ਹਾਂ ਕੋਲ ਮੇਰੇ ਲਈ ਚੰਗੀ ਸੋਚ ਅਤੇ ਅੰਤਾਂ ਦਾ ਸਾਥ ਸੀ। ਉਹ ਲੋਕ ਅਤੇ ਉਨ੍ਹਾਂ ਦਾ ਮੇਰੇ ‘ਤੇ ਭਰੋਸਾ ਇੰਨਾ ਪੱਕਾ ਸੀ ਕਿ ਉਨ੍ਹਾਂ ਕਰ ਕੇ ਹੀ ਮੈਂ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅੱਗੇ ਵੱਧ ਸਕੀ ਅਤੇ ਪਿਛਲੇ ਦੋ ਸਾਲਾਂ ਦਾ ਸਫ਼ਰ ਪੂਰਾ ਕਰ ਸਕੀ।

ਰੈਸਲਿੰਗ ਦੀ ਰਿੰਗ ਵਿੱਚ ਮੈਟ ‘ਤੇ ਮੇਰੇ ਸਫ਼ਰ ਲਈ, ਪਿਛਲੇ ਦੋ ਸਾਲਾਂ ਵਿੱਚ ਮੇਰੀ ਸਹਿਯੋਗੀ ਟੀਮ ਨੇ ਇਕ ਵੱਡੀ ਭੂਮਿਕਾ ਨਿਭਾਈ ਹੈ।

ਡਾ. ਦਿਨਸ਼ਾ ਪਾਰਦੀਵਾਲਾ

ਇਹ ਨਾਮ ਭਾਰਤ ਦੀ ਖੇਡਾਂ ਦੀ ਦੁਨੀਆ ਲਈ ਨਵਾਂ ਨਹੀਂ ਹੈ। ਮੇਰੇ ਲਈ ਅਤੇ ਮੈਨੂੰ ਲਗਦਾ ਹੈ ਕਿ ਹੋਰ ਕਈ ਭਾਰਤੀ ਐਥਲੀਟਾਂ ਲਈ, ਉਹ ਸਿਰਫ਼ ਇਕ ਡਾਕਟਰ ਹੀ ਨਹੀਂ ਬਲਕਿ ਰੱਬ ਵੱਲੋਂ ਡਾਕਟਰ ਦੇ ਰੂਪ ਵਿੱਚ ਭੇਜਿਆ ਗਿਆ ਇਕ ਫ਼ਰਿਸ਼ਤਾ ਹੈ। ਜਦੋਂ ਮੇਰੇ ਸੱਟਾਂ ਲੱਗਣ ਕਰ ਕੇ ਮੈਂ ਆਪਣੇ ਆਪ ‘ਤੇ ਭਰੋਸਾ ਗੁਆ ਬੈਠੀ ਸੀ ਤਾਂ ਉਨ੍ਹਾਂ ਦੇ ਭਰੋਸੇ, ਮਿਹਨਤ ਅਤੇ ਮੇਰੇ ਉੱਤੇ ਵਿਸ਼ਵਾਸ ਨੇ ਹੀ ਮੈਨੂੰ ਮੁੜ ਖੜ੍ਹਾ ਕੀਤਾ। ਉਨ੍ਹਾਂ ਨੇ ਇਕ ਵਾਰ ਨਹੀਂ ਬਲਕਿ (ਦੋ ਵਾਰ ਗੋਡੇ ਅਤੇ ਇਕ ਵਾਰ ਕੂਹਣੀ) ਤਿੰਨ ਵਾਰ ਮੇਰਾ ਓਪਰੇਸ਼ਨ ਕੀਤਾ ਅਤੇ ਮੈਨੂੰ ਦਿਖਾਇਆ ਕਿ ਇਨਸਾਨ ਦਾ ਸਰੀਰ ਕਿਵੇਂ ਬਾਰ-ਬਾਰ ਟੁੱਟ ਕੇ ਫ਼ਿਰ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਦੇ ਕੰਮ ਅਤੇ ਭਾਰਤੀ ਖੇਡਾਂ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ, ਨੇਕੀ ਅਤੇ ਇਮਾਨਦਾਰੀ ‘ਤੇ ਕੋਈ ਇਨਸਾਨ ਤਾਂ ਕੀ ਰੱਬ ਵੀ ਸ਼ੱਕ ਨਹੀਂ ਕਰ ਸਕਦਾ। ਉਨ੍ਹਾਂ ਦੇ ਕੰਮ ਅਤੇ ਸਮਰਪਣ ਲਈ ਮੈਂ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਹਮੇਸ਼ਾ ਸ਼ੁਕਰਗ਼ੁਜ਼ਾਰ ਰਹਾਂਗੀ। ਪੈਰਿਸ ਉਲੰਪਿਕਸ ਵਿੱਚ ਭਾਰਤੀ ਟੋਲੇ ਦੇ ਹਿੱਸੇ ਦੇ ਰੂਪ ਵਿੱਚ ਉਨ੍ਹਾਂ ਦੀ ਮੌਜੂਦਗੀ ਸਾਰੇ ਸਾਥੀ ਐਥਲੀਟਾਂ ਲਈ ਰੱਬ ਦਾ ਤੋਹਫ਼ਾ ਸੀ।

ਡਾਕਟਰ ਵੇਨ ਪੈਟ੍ਰਿਕ ਲੋਮਬਾਰਡ

ਇਕ ਐਥਲੀਟ ਆਪਣੇ ਜ਼ਿੰਦਗੀ ਵਿੱਚ ਜਿਹੜਾ ਸਭ ਤੋਂ ਮੁਸ਼ਕਿਲ ਘੜੀ ਵੇਖਦਾ ਹੈ ਉਨ੍ਹਾਂ ਨੇ ਮੇਰੀ ਉਸ ਵਿੱਚ ਮਦਦ ਕੀਤੀ, ਇਕ ਵਾਰ ਨਹੀਂ ਬਲਕਿ ਕਈ ਵਾਰ। ਵਿਗਿਆਨ ਆਪਣੀ ਥਾਂਵੇਂ ਹੈ, ਉਨ੍ਹਾਂ ਦੀ ਮੁਹਾਰਤ ‘ਤੇ ਕੋਈ ਸ਼ੱਕ ਨਹੀਂ ਹੈ, ਪਰ ਗੁੰਝਲਦਾਰ ਸੱਟਾਂ ਦਾ ਇਲਾਜ ਕਰਨ ਦਾ ਉਨ੍ਹਾਂ ਦਾ ਨੇਕ, ਸਹਿਜ ਅਤੇ ਸਿਰਜਣਾਤਮਕ ਨਜ਼ਰੀਆ ਮੈਨੂੰ ਬਹੁਤ ਅੱਗੇ ਤੱਕ ਲੈ ਗਿਆ। ਦੋਵੇਂ ਵਾਰ ਜਦੋਂ ਮੈਨੂੰ ਸੱਟ ਲੱਗੀ, ਮੇਰਾ ਓਪਰੇਸ਼ਨ ਕੀਤਾ ਗਿਆ ਤਾਂ ਉਨ੍ਹਾਂ ਦੀ ਮਿਹਨਤ ਅਤੇ ਕੋਸ਼ਿਸ਼ਾਂ ਹੀ ਸਨ ਜਿਨ੍ਹਾਂ ਨੇ ਧਰਤੌਂ ਤੋਂ ਚੁੱਕ ਕੇ ਫਿਰ ਖੜ੍ਹੇ ਹੋਣ ਵਿੱਚ ਮੇਰੀ ਮਦਦ ਕੀਤੀ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਇਕ ਦਿਨ ਵਿੱਚ ਕਿਵੇਂ ਇਕ-ਇਕ ਕਦਮ ਅੱਗੇ ਵਧਾਉਣਾ ਹੈ। ਉਨ੍ਹਾਂ ਨਾਲ ਮੇਰਾ ਹਰ ਸੈਸ਼ਨ ਕੁਦਰਤੀ ਰੂਪ ਵਿੱਚ ਤਨਾਅ ਦੁਰ ਕਰਨ ਵਾਲਾ ਮਹਿਸੂਸ ਹੁੰਦਾ ਸੀ। ਮੈਂ ਉਨ੍ਹਾਂ ਨੂੰ ਵੱਡਾ ਭਰਾ ਮੰਨਦੀ ਹਾਂ, ਭਾਵੇਂ ਜਦੋਂ ਕਦੇ ਅਸੀਂ ਇਕੱਠੇ ਕੰਮ ਨਹੀਂ ਵੀ ਕਰ ਰਹੇ ਹੁੰਦੇ ਸੀ ਫਿਰ ਵੀ ਉਹ ਹਮੇਸ਼ਾ ਮੇਰਾ ਹਾਲ-ਚਾਲ ਪੁੱਛਦੇ ਰਹਿੰਦੇ ਸਨ।

ਵਾਲਰ ਅਕੋਸ

ਮੈਂ ਉਨ੍ਹਾਂ ਬਾਰੇ ਜੋ ਵੀ ਲਿਖਾਂ ਹਮੇਸ਼ਾ ਘੱਟ ਹੀ ਰਹੇਗਾ। ਮੈਂ ਉਨ੍ਹਾਂ ਨੂੰ ਔਰਤਾਂ ਦੀ ਕੁਸ਼ਤੀ ਦੀ ਦੁਨੀਆ ਵਿਚ, ਸਭ ਤੋਂ ਚੰਗੇ ਕੋਚ, ਸਭ ਤੋਂ ਚੰਗੇ ਮਾਰਗ-ਦਰਸ਼ਕ ਅਤੇ ਸਭ ਤੋਂ ਚੰਗੇ ਇਨਸਾਨ ਵੱਜੋਂ ਦੇਖਿਆ ਹੈ, ਜੋ ਕਿਸੇ ਵੀ ਮਸਲੇ ਨੂੰ ਸਹਿਜ, ਸੰਜਮ ਅਤੇ ਆਤਮ-ਵਿਸ਼ਵਾਸ ਨਾਲ ਸੰਭਾਲ ਸਕਦੇ ਹਨ। ਉਨ੍ਹਾਂ ਦੇ ਸ਼ਬਦਕੋਸ਼ ਵਿਚ ਨਾਮੁਮਕਿਨ ਵਰਗਾ ਕੋਈ ਸ਼ਬਦ ਨਹੀਂ ਹੈ ਅਤੇ ਜਦੋਂ ਵੀ (ਅਸੀਂ ਕੁਸ਼ਤੀ ਦੇ ਮੁਕਾਬਲੇ ਵਿੱਚ) ਮੈਟ ‘ਤੇ ਜਾਂ ਬਾਹਰ ਕਿਸੇ ਔਖੇ ਹਾਲਾਤ ਵਿੱਚ ਪੈ ਜਾਂਦੇ ਤਾਂ ਉਹ ਹਮੇਸ਼ਾ ਉਸ ਨਾਲ ਨਜਿੱਠਣ ਲਈ ਤਿਆਰ ਮਿਲਦੇ।

ਅਜਿਹਾ ਵੀ ਸਮਾਂ ਆਇਆ ਜਦੋਂ ਮੈਂ ਆਪਣੇ ਆਪ ‘ਤੇ ਸੁਆਲ ਖੜ੍ਹੇ ਕਰ ਰਹੀ ਸੀ ਅਤੇ ਆਪਣੇ ਅੰਦਰ ਦੇ ਫੋਕਸ ਤੋਂ ਦੂਰ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਮੈਨੂੰ ਕੀ ਕਹਿ ਕੇ ਆਪਣੇ ਰਸਤੇ ‘ਤੇ ਵਾਪਸ ਲਿਆਉਣਾ ਹੈ। ਉਹ ਕੋਚ ਤੋਂ ਜ਼ਿਆਦਾ ਮੇਰੇ ਲਈ ਕੁਸ਼ਤੀ ਦੇ ਸੰਸਾਰ ਵਿੱਚ ਮੇਰਾ ਪਰਿਵਾਰ ਸਨ। ਉਨ੍ਹਾਂ ਦੇ ਅੰਦਰ ਮੇਰੀ ਜਿੱਤ ਅਤੇ ਸਫ਼ਲਤਾ ਦਾ ਸਿਹਰਾ ਲੈਣ ਦੀ ਭੁੱਖ ਨਹੀਂ ਸੀ, ਉਹ ਹਮੇਸ਼ਾ ਹਲੀਮੀ ਵਿੱਚ ਰਹਿੰਦੇ ਅਤੇ ਜਿਵੇਂ ਹੀ ਉਨ੍ਹਾਂ ਦਾ ਕੰਮ ਕੁਸ਼ਤੀ ਦੇ ਮੈਟ ‘ਤੇ ਪੂਰਾ ਹੋ ਜਾਂਦਾ, ਉਹ ਇਕ ਕਦਮ ਪਿੱਛੇ ਹੱਟ ਜਾਂਦੇ ਸਨ।

ਮੈਂ, ਪਰ, ਉਨ੍ਹਾਂ ਨੂੰ ਉਹ ਸਿਹਰਾ ਬੰਨ੍ਹਣਾ ਚਾਹਾਂਗੀ ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਦੇ ਤਿਆਗ ਅਤੇ ਮੇਰੇ ਵਾਸਤੇ ਆਪਣੇ ਪਰਿਵਾਰ ਤੋਂ ਦੂਰ ਰਹਿਣ ਲਈ, ਮੈਂ ਕਿਸੇ ਵੀ ਤਰੀਕੇ ਨਾਲ ਕਦੇ ਵੀ ਉਨ੍ਹਾਂ ਦਾ ਦੇਣਾ ਨਹੀਂ ਦੇ ਸਕਾਂਗੀ। ਜਿਹੜਾ ਸਮਾਂ ਉਹ ਆਪਣੇ ਦੋ ਨਿੱਕੇ ਪੁੱਤਰਾਂ ਨਾਲ ਨਹੀਂ ਬਿਤਾ ਸਕੇ ਮੈਂ ਕਦੇ ਉਸ ਦਾ ਘਾਟਾ ਪੂਰਾ ਨਹੀਂ ਕਰ ਸਕਾਂਗੀ। ਮੈਂ ਸੋਚ ਕੇ ਹੈਰਾਨ ਹੁੰਦੀ ਹਾਂ ਕਿ ਕੀ ਉਨ੍ਹਾਂ ਨੰਨ੍ਹੇ ਬੱਚਿਆਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਮੇਰੇ ਲਈ ਕੀ ਕੀਤਾ ਹੈ ਅਤੇ ਕੀ ਉਹ ਸਮਝ ਸਕਦੇ ਹਨ ਕਿ ਮੇਰੇ ਲਈ ਉਨ੍ਹਾਂ ਦੇ ਪਿਤਾ ਦਾ ਯੋਗਦਾਨ ਕਿੰਨਾ ਵੱਡਾ ਹੈ। ਅੱਜ ਮੈਂ ਬੱਸ ਇੰਨਾ ਕਹਿ ਸਕਦੀ ਹਾਂ ਕਿ ਜੇਕਰ ਤੁਸੀਂ ਨਹੀਂ ਹੁੰਦੇ ਤਾਂ ਮੈਂ ਕੁਸ਼ਤੀ ਵਿੱਚ ਜੋ ਕੁਝ ਵੀ ਕੀਤਾ, ਉਹ ਨਹੀਂ ਕਰ ਸਕਣਾ ਸੀ।

ਅਸ਼ਵਨੀ ਜੀਵਨ ਪਾਟਿਲ

ਸੰਨ 2022 ਦਾ ਉਹ ਪਹਿਲਾ ਦਿਨ ਜਦੋਂ ਅਸੀਂ ਮਿਲੇ, ਉਸ ਦਿਨ ਉਨ੍ਹਾਂ ਨੇ ਜਿਸ ਤਰ੍ਹਾਂ ਮੇਰਾ ਖ਼ਿਆਲ ਰੱਖਿਆ, ਉਨ੍ਹਾਂ ਦਾ ਆਤਮ-ਵਿਸ਼ਵਾਸ ਮੈਨੂੰ ਇਹ ਮਹਿਸੂਸ ਕਰਵਾਉਣ ਲਈ ਕਾਫ਼ੀ ਸੀ ਕਿ ਉਹ ਭਲਵਾਨਾਂ ਅਤੇ ਇਸ ਔਖੀ ਖੇਡ ਨੂੰ ਸੰਭਾਲ ਸਕਦੀ ਹੈ। ਪਿਛਲੇ ਢਾਈ ਸਾਲਾਂ ਵਿਚ ਉਹ ਇਸ ਸਫ਼ਰ ਵਿਚ ਮੇਰੇ ਨਾਲ ਇਸ ਤਰ੍ਹਾਂ ਰਹੇ ਹਨ ਜਿਵੇਂ ਇਹ ਉਨ੍ਹਾਂ ਦਾ ਆਪਣਾ ਸਫ਼ਰ ਹੋਵੇ। ਹਰ ਮੁਕਾਬਲਾ, ਜਿੱਤ ਅਤੇ ਹਾਰ, ਹਰ ਸੱਟ ਅਤੇ ਠੀਕ ਹੋਣ ਦਾ ਸਫ਼ਰ ਉਨ੍ਹਾਂ ਦਾ ਵੀ ਓਨਾ ਹੀ ਸੀ ਜਿੰਨਾ ਮੇਰਾ। ਇਹ ਪਹਿਲੀ ਵਾਰ ਹੈ ਜਦੋਂ ਮੈਂ ਅਜਿਹੀ ਫ਼ਿਜ਼ਿਉਥੈਰੇਪਿਸਟ ਨੂੰ ਮਿਲੀ ਜਿਸ ਨੇ ਮੇਰੇ ਅਤੇ ਮੇਰੇ ਸਫ਼ਰ ਦੇ ਪ੍ਰਤੀ ਇਸ ਤਰ੍ਹਾਂ ਦਾ ਸਮਰਪਣ ਅਤੇ ਆਦਰ ਦਿਖਾਇਆ ਹੈ। ਸਿਰਫ਼ ਅਸੀਂ ਦੋਵੇਂ ਹੀ ਅਸਲ ਵਿੱਚ ਜਾਣਦੇ ਹਾਂ ਕਿ ਅਸੀਂ ਹਰ ਟ੍ਰੇਨਿੰਗ ਤੋਂ ਪਹਿਲਾਂ, ਹਰ ਟ੍ਰੇਨਿੰਗ ਤੋਂ ਬਾਅਦ ਅਤੇ ਟ੍ਰੇਨਿੰਗ ਵਿਚਾਲੇ ਖ਼ਾਲੀ ਸਮੇਂ ਦੌਰਾਨ ਕੀ ਕੁਝ ਝੱਲਿਆ ਹੈ।

ਤਜਿੰਦਰ ਕੌਰ

ਪਿਛਲੇ ਸਾਲ ਸਰਜਰੀ ਤੋਂ ਬਾਅਦ ਮੇਰਾ ਭਾਰ ਘਟਾਉਣ ਦਾ ਸਫ਼ਰ ਓਨਾ ਹੀ ਚੁਣੌਤੀ-ਪੂਰਨ ਸੀ ਜਿੰਨਾ ਸੱਟ ਦਾ ਠੀਕ ਹੋਣਾ। ਸੱਟ ਦਾ ਧਿਆਨ ਰੱਖਦਿਆਂ 10 ਕਿੱਲੋ ਤੋਂ ਜ਼ਿਆਦਾ ਭਾਰ ਘਟਾਉਣਾ ਅਤੇ ਉਲੰਪਿਕ ਦੀ ਤਿਆਰੀ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਮੈਨੂੰ ਯਾਦ ਹੈ ਜਦੋਂ ਮੈਂ ਤੁਹਾਨੂੰ 50 ਕਿੱਲੋ ਭਾਰ ਵਰਗ ਵਿੱਚ ਖੇਡਣ ਬਾਰੇ ਦੱਸਿਆ ਸੀ ਅਤੇ ਤੁਸੀਂ ਮੈਨੂੰ ਭਰੋਸਾ ਦਿੱਤਾ ਸੀ ਕਿ ਆਪਾਂ ਸੱਟ ਦਾ ਧਿਆਨ ਰੱਖਦਿਆਂ ਇਹ ਟੀਚਾ ਹਾਸਲ ਕਰ ਲਵਾਂਗੇ। ਤੁਹਾਡਾ ਲਗਾਤਾਰ ਮੇਰਾ ਹੌਸਲਾ ਵਧਾਉਣਾ ਅਤੇ ਉਲੰਪਿਕ ਗੋਲਡ ਮੈਡਲ ਜਿੱਤਣ ਦਾ ਸਾਡਾ ਟੀਚਾ ਬਾਰ-ਬਾਰ ਯਾਦ ਕਰਾਉਣਾ ਮੇਰੇ ਲਈ ਭਾਰ ਘਟਾਉਣ ਵਿੱਚ ਮਦਦਗਾਰ ਸਾਬਿਤ ਹੋਇਆ।

OGQ ਅਤੇ ਟੀਮ / ਵਿਰੇਂਨ ਰਾਸਕਿਨ੍ਹਾ ਸਰ, ਯਤਿਨ ਭਟਕਰ, ਮੁਗਧਾ ਬਰਵੇ (ਸਾਇਕੋਲੋਜਿਸਟ), ਮਯੰਕ ਸਿੰਘ ਗਰਿਆ – SnC ਕੋਚ, ਅਰਵਿੰਦ, ਸ਼ੁਭਮ, ਪ੍ਰਯਾਸ, ਯੁਗਮ – ਸਪਾਰਿੰਗ ਪਾਰਟਨਰ ਅਤੇ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਬਾਕੀ ਅਣਗਿਣਤ ਲੋਕ

ਭਾਰਤੀ ਖੇਡ ਜਗਤ ਨੇ ਜੋ ਤਰੱਕੀ ਦਾ ਸਫ਼ਰ ਕੀਤਾ ਹੈ, OGQ ਦੇ ਯੋਗਦਾਨ ਬਿਨਾਂ ਉਹ ਕਿਵੇਂ ਹੁੰਦਾ, ਮੈਂ ਕਲਪਨਾ ਵੀ ਨਹੀਂ ਕਰ ਸਕਦੀ। ਪਿਛਲੇ ਦਹਾਕੇ ਵਿੱਚ ਖਿਡਾਰੀਆਂ ਦੀ ਇਸ ਪੂਰੀ ਟੀਮ ਨੇ ਜੋ ਹਾਸਲ ਕੀਤਾ ਹੈ, ਉਹ OGQ ਦੀ ਟੀਮ ਵਿੱਚ ਸ਼ਾਮਲ ਲੋਕਾਂ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੇ ਇਮਾਨਦਾਰੀ ਭਰੇ ਜੁਨੂੰਨ ਨੇ ਹੀ ਕਰਵਾਇਆ ਹੈ। ਹਾਲੀਆ ਸਾਲਾਂ ਦੌਰਾਨ ਸਿਰਫ਼ ਇਨ੍ਹਾਂ ਦੇ ਹੌਸਲੇ ਅਤੇ ਲਗਾਤਾਰ ਸਹਿਯੋਗ ਨਾਲ ਹੀ ਮੈਂ ਦੋ ਸਭ ਤੋਂ ਮੁਸ਼ਕਿਲ ਹਾਲਤਾਂ ਵਿੱਚੋਂ ਨਿਕਲ ਸਕੀ। ਉਹ ਦੋ ਮੌਕੇ ਸਨ, ਪਹਿਲਾ – ਟੋਕਿਉ ਉਲੰਪਿਕ ਤੋਂ ਬਾਅਦ 2021 ਵਿੱਚ ਅਤੇ ਦੂਜਾ – ਭਲਵਾਨਾਂ ਦੇ ਵਿਰੋਧ-ਪ੍ਰਦਰਸ਼ਨ ਅਤੇ 2023 ਵਿੱਚ ACL ਸਰਜਰੀ ਤੋਂ ਬਾਅਦ। ਇਕ ਵੀ ਦਿਨ ਅਜਿਹਾ ਨਹੀਂ ਬੀਤਿਆ, ਜਦੋਂ ਉਹ ਮਿਲਣ ਅਤੇ ਇਹ ਦੇਖਣ ਨਾ ਆਏ ਹੋਣ ਕਿ ਮੈਂ ਠੀਕ-ਠਾਕ ਹਾਂ, ਅੱਗੇ ਵੱਧ ਰਹੀ ਹਾਂ ਅਤੇ ਸਹੀ ਰਸਤੇ ‘ਤੇ ਹਾਂ। ਮੈਂ ਅਤੇ ਇਸ ਪੀੜ੍ਹੀ ਦੇ ਮੇਰੇ ਕਈ ਸਾਥੀ ਐਥਲੀਟ ਕਿਸਮਤ ਵਾਲੇ ਹਨ ਕਿ ਸਾਨੂੰ OGQ ਦਾ ਸਾਥ ਮਿਲਿਆ, ਇਹ ਅਜਿਹੀ ਸੰਸਥਾ ਹੈ ਜਿਸ ਨੂੰ ਮਹਾਨ ਖਿਡਾਰੀਆਂ ਨੇ ਬਣਾਇਆ ਹੈ ਅਤੇ ਉਹੀ ਇਸ ਨੂੰ ਚਲਾਉਂਦੇ ਹਨ ਅਤੇ ਇਹ ਮਹਾਨ ਲੋਕ ਸਾਡਾ ਖ਼ਿਆਲ ਰੱਖਦੇ ਹਨ।

ਸੀਡੀਐਮ ਗਗਨ ਨਾਰੰਗ ਅਤੇ ਉਲੰਪਿਕ ਟੀਮ ਸਹਿਯੋਗੀ ਸਟਾਫ਼

ਗਗਨ ਸਰ ਨਾਲ ਮੇਰੀ ਪਹਿਲੀ ਮੁਲਾਕਾਤ ਇਸ ਤਰ੍ਹਾਂ ਦੇ ਮਾਹੌਲ ਵਿੱਚ ਹੋਈ ਸੀ ਕਿ ਮੈਂ ਉਨ੍ਹਾਂ ਨੂੰ ਨੇੜਿਉਂ ਜਾਣ ਸਕੀ। ਉਨ੍ਹਾਂ ਦੀ ਦਰਿਆਦਿਲੀ ਅਤੇ ਖਿਡਾਰੀਆਂ ਪਤੀ ਹਮਦਰਦੀ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਤਨਾਅ ਦੀ ਹਾਲਤ ਵਿੱਚ ਕੀ ਕਰਨਾ ਜ਼ਰੂਰੀ ਹੁੰਦਾ ਹੈ। ਮੈਂ ਦਿਲੋਂ ਪੂਰੀ ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸਿਫ਼ਤ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਖੇਡ ਪਿੰਡ ਵਿੱਚ ਭਾਰਤੀ ਟੀਮ ਦੇ ਲਈ ਦਿਨ-ਰਾਤ ਮਿਹਨਤ ਕੀਤੀ। ਰਿਕਵਰੀ ਰੂਮ ਦੀ ਟੀਮ ਅਤੇ ਮਾਲਿਸ਼ ਕਰਨ ਵਾਲਿਆਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਜਿਸ ਤਰ੍ਹਾਂ ਦਾ ਮੈਂ ਆਪਣੇ ਖੇਡਣ ਦੇ ਪੂਰੇ ਸਫ਼ਰ ਦੌਰਾਨ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ।

Protest Vinesh Phogat Indian Flag Delhi Police

ਭਲਵਾਨਾਂ ਵੱਲੋਂ ਕਿਤੇ ਗਏ ਮੁਜਾਹਰੇ ਦੌਰਾਨ ਮੈਂ ਭਾਰਤ ਵਿੱਚ ਔਰਤਾਂ ਦੀ ਆਬਰੂ ਅਤੇ ਸਾਡੇ ਭਾਰਤੀ ਤਿਰੰਗੇ ਦੀ ਪਵਿੱਤਰਤਾ ਅਤੇ ਸਨਮਾਨ ਨੂੰ ਬਚਾਉਣ ਲਈ ਕਰੜਾ ਸੰਘਰਸ਼ ਕਰ ਰਹੀ ਸੀ।

ਪਰ ਜਦੋਂ ਮੈਂ 28 ਮਈ 2023 ਦੀਆਂ ਤਸਵੀਰਾਂ ਵਿੱਚ ਆਪਣੇ ਆਪ ਨੂੰ ਤਿਰੰਗੇ ਦੇ ਨਾਲ ਦੇਖਦੀ ਹਾਂ ਤਾਂ ਇਹ ਮੈਨੂੰ ਬਹੁਤ ਦੁੱਖ ਦਿੰਦਾ ਹੈ। ਮੇਰੀ ਤਮੰਨਾ ਸੀ ਕਿ ਇਨ੍ਹਾਂ ਉਲੰਪਿਕ ਖੇਡਾਂ ਵਿੱਚ ਭਾਰਤੀ ਤਿਰੰਗਾ ਸਿਰਖ ‘ਤੇ ਝੂਲੇ, ਤਾਂ ਕਿ ਤਿਰੰਗੇ ਦੇ ਨਾਲ ਮੇਰੀ ਤਸਵੀਰ ਖਿੱਚੀ ਜਾਂਦੀ ਜੋ ਉਸ ਦੇ ਅਸਲ ਸਨਮਾਨ ਦਾ ਪ੍ਰਤੀਕ ਹੁੰਦੀ ਅਤੇ ਇਸ ਦੀ ਪਵਿੱਤਰਤਾਂ ਨੂੰ ਮੁੜ ਸਥਾਪਿਤ ਕਰਦੀ। ਮੈਨੂੰ ਲੱਗਿਆ ਕਿ ਤਿਰੰਗਾ ਅਤੇ ਕੁਸ਼ਤੀ ਦੇ ਸਨਮਾਨ ਨੂੰ ਜੋ ਠੇਸ ਪੁੱਜੀ ਹੈ, ਇਸ ਤਰ੍ਹਾਂ ਕਰ ਕੇ ਉਸ ਨੂੰ ਸਹੀ ਢੰਗ ਨਾਲ ਠੀਕ ਕੀਤਾ ਜਾ ਸਕਦਾ ਹੈ। ਮੈਂ ਸੱਚਮੁੱਚ ਆਪਣੇ ਭਾਰਤ ਦੇ ਦੇਸ਼ਵਾਸੀਆਂ ਨੂੰ ਇਹ ਕਰ ਕੇ ਦਿਖਾਉਣਾ ਚਾਹੁੰਦੀ ਸੀ।

ਕਹਿਣ ਲਈ ਹੋਰ ਬਹੁਤ ਕੁਝ ਹੈ, ਦੱਸਣ ਲਈ ਹੋਰ ਬਹੁਤ ਕੁਝ ਹੈ, ਪਰ ਉਸ ਵਾਸਤੇ ਲੋੜੀਂਦੇ ਸ਼ਬਦ ਕਦੇ ਵੀ ਨਹੀਂ ਹੋਣਗੇ ਅਤੇ ਸਾਇਦ ਜਦੋਂ ਲੱਗੇਗਾ ਕਿ ਸਹੀ ਸਮਾਂ ਆ ਗਿਆ ਹੈ ਤਾਂ ਮੈਂ ਸ਼ਾਇਦ ਫਿਰ ਬੋਲਾਂਗੀ।

Vinesh Phogat with Indian Flag writes an emotional post on social media after verdict of CAS

6 ਅਗਸਤ ਦੀ ਰਾਤ ਅਤੇ 7 ਅਗਸਤ ਦੀ ਸਵੇਰ ਬਾਰੇ ਮੈਂ ਬੱਸ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਮੈਂ ਹਾਰ ਨਹੀਂ ਮੰਨੀ, ਸਾਡੀਆਂ ਕੋਸ਼ਿਸ਼ਾਂ ਰੁਕੀਆਂ ਨਹੀਂ ਅਤੇ ਅਸੀਂ ਗੋਡੇ ਨਹੀਂ ਟੇਕੇ, ਪਰ ਘੜੀ ਦੀਆਂ ਸੂਈਆਂ ਰੁਕ ਗਈਆਂ ਅਤੇ ਨਾ ਸਮਾਂ ਸਾਡੇ ਲਈ ਸਹੀ ਸੀ ਅਤੇ ਨਾ ਹੀ ਮੇਰੀ ਕਿਸਮਤ।

ਮੇਰੀ ਟੀਮ, ਮੇਰੇ ਭਾਰਤੀ ਸਾਥੀਆਂ ਅਤੇ ਮੇਰੇ ਪਰਿਵਾਰ ਨੂੰ ਲਗਦਾ ਹੈ ਕਿ ਅਸੀਂ ਜਿਹੜਾ ਟੀਚਾ ਹਾਸਲ ਕਰਨ ਵਿੱਚ ਜੁਟੇ ਹੋਏ ਸੀ, ਜਿਸ ਨੂੰ ਹਾਸਲ ਕਰਨ ਦੀ ਅਸੀਂ ਤਿਆਰੀ ਕੀਤੀ ਸੀ, ਉਹ ਪੂਰਾ ਨਹੀਂ ਹੋਇਆ ਹੈ, ਉਹ ਥੋੜ੍ਹਾ ਜਿਹਾ ਹਮੇਸ਼ਾ ਅਧੂਰਾ ਰਹੇਗਾ ਅਤੇ ਚੀਜ਼ਾਂ ਸ਼ਾਇਦ ਫਿਰ ਕਦੇ ਵੀ ਪਹਿਲਾਂ ਵਰਗੀਆਂ ਨਹੀਂ ਹੋ ਸਕਣਗੀਆਂ। ਸ਼ਾਇਦ ਬਦਲ ਚੁੱਕੇ ਹਾਲਾਤ ਵਿੱਚ, ਮੈਂ ਆਪਣੇ ਆਪ ਨੂੰ 2032 ਤੱਕ ਖੇਡਦੇ ਹੋਏ ਦੇਖ ਸਕਦੀ ਹਾਂ ਕਿਉਂਕਿ ਮੇਰੇ ਅੰਦਰ ਦੀ ਲੜਾਈ ਅਤੇ ਮੇਰੇ ਅੰਦਰ ਦੀ ਕੁਸ਼ਤੀ ਹਮੇਸ਼ਾ ਅੰਦਰ ਰਹੇਗੀ ਹੀ। ਮੈਂ ਅੰਦਾਜ਼ਾ ਨਹੀਂ ਲਾ ਸਕਦੀ ਕਿ ਭਵਿੱਖ ਦੀ ਕੁੱਖ ਵਿੱਚ ਕੀ ਲੁਕਿਆ ਹੋਇਆ ਹੈ ਅਤੇ ਇਸ ਸਫ਼ਰ ਵਿੱਚ ਅੱਗੇ ਕੀ ਹੋਣ ਵਾਲਾ ਹੈ ਜੋ ਮੇਰੀ ਉਡੀਕ ਕਰ ਰਿਹਾ ਹੈ ਪਰ ਮੈਨੂੰ ਇੰਨਾ ਭਰੋਸਾ ਹੈ ਕਿ ਮੈਂ ਆਪਣੀ ਸੋਚ ਲਈ ਅਤੇ ਸਹੀ ਚੀਜ਼ਾਂ ਲਈ ਸਦਾ ਲੜਦੀ ਰਹਾਂਗੀ।

ਪੰਜਾਬੀ ਅਨੁਵਾਦ: ਦੀਪ ਜਗਦੀਪ ਸਿੰਘ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com