Hobby Dhaliwal vs Anchor Baljit Kaur ਅੰਦਰਲਾ ਸੱਚ Viral Video

ਹੌਬੀ ਧਾਲੀਵਾਲ ਬਨਾਮ ਐਂਕਰ – ਬਲਜੀਤ ਕੌਰ ਜੌਹਲ

ਹੌਬੀ ਧਾਲੀਵਾਲ ਪੰਜਾਬੀ ਫ਼ਿਲਮਾਂ ਵਿੱਚ ਆਪਣੇ ਖ਼ਲਨਾਇਕ ਵਾਲੇ ਕਿਰਦਾਰਾਂ ਕਰ ਕੇ ਜਾਣੇ ਜਾਂਦੇ ਹਨ। ਸੰਗਰੂਰ ਦੇ ਜੰਮਪਲ ਤੇ ਪਟਿਆਲੇ ਦੇ ਕਾਲਜ ਤੋਂ ਪੜ੍ਹੇ ਹੌਬੀ ਧਾਲੀਵਾਲ ਨੇ ਨਾਮਣਾ ਖੱਟਣ ਲਈ ਕਈ ਪਾਪੜ ਵੇਲੇ ਹਨ। ਅੱਜ ਕੱਲ੍ਹ ਹੌਬੀ ਧਾਲੀਵਾਲ ਇਕ ਸੱਭਿਆਚਾਰਕ ਮੇਲੇ ਵਿੱਚ ਮੰਚ ਦਾ ਸੰਚਾਲਨ ਕਰ ਰਹੀ ਐਂਕਰ ਬਲਜੀਤ ਕੌਰ ਜੌਹਲ ਨਾਲ ਵਿਵਾਦ ਕਰ ਕੇ ਚਰਚਾ ਵਿੱਚ ਹਨ। ਹੌਬੀ ਧਾਲੀਵਾਲ ਦੇ ਵੀਡੀਉ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ।

ਬਲਜੀਤ ਕੌਰ ਜੌਹਲ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਪੀਟੀਸੀ ਪੰਜਾਬੀ, ਜ਼ੀ ਪੰਜਾਬੀ ਸਮੇਤ ਕਈ ਪ੍ਰਮੁੱਖ ਟੀਵੀ ਚੈਨਲਾਂ ਵਿੱਚ ਬਤੌਰ ਮੇਜ਼ਬਾਨ ਕੰਮ ਕੀਤਾ ਹੈ। ਉਹ ਫ਼ੈਸ਼ਨ ਸ਼ੋਆਂ ਵਿੱਚ ਮਾਡਲਿੰਗ ਕਰਨ ਤੋਂ ਲੈ ਕੇ ਵਿਦੇਸ਼ਾਂ ਵਿੱਚ ਪੰਜਾਬੀ ਸਭਿਆਚਾਰਕ ਮੇਲਿਆਂ ਦੀ ਮੇਜ਼ਬਾਨੀ ਕਰ ਚੁੱਕੇ ਹਨ। ਪੰਜਾਬ ਦੇ ਪਿੰਡਾਂ ਵਿੱਚ ਹੋਣ ਵਾਲੇ ਕਬੱਡੀ ਮੇਲਿਆਂ ਦੌਰਾਨ ਹੋਣ ਵਾਲੇ ਸੱਭਿਆਚਾਰਕ ਮੇਲਿਆਂ ਦੀ ਐਂਕਰਿੰਗ ਵੀ ਬਲਜੀਤ ਕੌਰ ਜੌਹਲ ਕਰਦੇ ਰਹੇ ਹਨ।

ਹੁਣ ਸੁਆਲ ਪੈਦਾ ਹੁੰਦਾ ਹੈ ਕਿ ਆਖ਼ਰ ਹੌਬੀ ਧਾਲੀਵਾਲ ਤੇ ਬਲਜੀਤ ਕੌਰ ਜੌਹਲ ਵਿੱਚ ਅਜਿਹਾ ਕੀ ਵਾਪਰਿਆ। ਆਖ਼ਰ ਹੌਬੀ ਧਾਲੀਵਾਲ ਨੇ ਮੰਚ ’ਤੇ ‘ਆਪਣੇ ਵੱਡੇ ਹੋਣ’ ਦਾ ਬਿਆਨ ਕਿਉਂ ਦਿੱਤਾ? ਕੀ ਹੋਇਆ ਕਿ ਬਲਜੀਤ ਕੌਰ ਜੌਹਲ ਨੂੰ ਐਲਾਨ ਕਰਨਾ ਪਿਆ ਕਿ ਉਹ ਹੌਬੀ ਧਾਲੀਵਾਲ ਦੇ ਵਤੀਰੇ ਕਰ ਕੇ ਅੱਗੇ ਤੋਂ ਮੇਲੇ ਵਿੱਚ ਨਹੀਂ ਆਵੇਗੀ?

ਇਸ ਪੂਰੇ ਮਸਲੇ ਦੀ ਜੜ੍ਹ ਤੱਕ ਪਹੁੰਚਣ ਲਈ ਸੰਬੰਧਤ ਮੇਲੇ ਦੀ ਕਰੀਬ ਨੌ ਘੰਟੇ ਦੀ ਲਾਈਵ ਰਿਕਾਰਡਿੰਗ ਨੂੰ ਬਾਰੀਕੀ ਨਾਲ ਘੋਖਿਆ ਗਿਆ ਹੈ। ਆਉ ਇਕ-ਇਕ ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਕਿੱਥੇ ਹੋਇਆ ਵਿਵਾਦ?

ਅਦਾਕਾਰ ਹੌਬੀ ਧਾਲੀਵਾਲ ਤੇ ਐਂਕਰ ਬਲਜੀਤ ਕੌਰ ਜੌਹਲ ਦਾ ਵਿਵਾਦ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਉਮਰਾਨੰਗਲ ਵਿੱਚ ਵਾਪਰਿਆ। ਇਹ ਪਿੰਡ ਪੰਜਾਬ ਦੇ ਮੌਜੂਦਾ ਆਈਜੀ ਪਰਮਰਾਜ ਉਮਰਾਨੰਗਲ ਦਾ ਜੱਦੀ ਪਿੰਡ ਹੈ। ਮੇਲਾ ਉਮਰਾਨੰਗਲ ਦੇ ਨਾਮ ’ਤੇ ਪਰਮਰਾਜ ਉਮਰਾਨੰਗਲ ਹੁਰਾਂ ਦਾ ਪਰਿਵਾਰ ਹੁਣ ਤੱਕ 17 ਮੇਲੇ ਕਰਵਾ ਚੁੱਕਾ ਹੈ। ਪਰਮਰਾਜ ਉਮਰਾਨੰਗਲ ਦੇ ਅਕਾਲੀ ਆਗੂ ਰਹੇ ਦਾਦਾ ਜੀਵਨ ਸਿੰਘ ਉਮਰਾਨੰਗਲ ਅਤੇ ਪਿਤਾ ਸ਼ਹੀਦ ਸੁਖਦੇਵ ਉਮਰਾਨੰਗਲ ਦੀ ਯਾਦ ਵਿੱਚ ਹਰ ਸਾਲ ਹੋਣ ਵਾਲੇ ਮੇਲੇ ਵਿੱਚ ਇਕ ਦਿਨ ਕਬੱਡੀ ਦੇ ਮੈਚ ਹੁੰਦੇ ਹਨ ਹਨ ਤੇ ਇਕ ਦਿਨ ਸੱਭਿਆਚਾਰਕ ਮੇਲਾ ਹੁੰਦਾ ਹੈ। ਇਸ ਮੇਲੇ ਵਿੱਚ ਸਮੇਂ-ਸਮੇਂ ਦੇ ਚੋਟੀ ਦੇ ਪੰਜਾਬੀ ਕਲਾਕਾਰ ਗਾਉਣ ਲਈ ਪਹੁੰਚਦੇ ਹਨ। ਦੱਸਿਆ ਜਾਂਦਾ ਹੈ ਕਿ ਆਈਜੀ ਪਰਮਾਰਾਜ ਉਮਰਾਨੰਗਲ ਤੇ ਹੌਬੀ ਧਾਲੀਵਾਲ ਦੀ ਕਾਫ਼ੀ ਡੂੰਘੀ ਦੋਸਤੀ ਹੈ। ਮੇਲੇ ਦੇ ਪ੍ਰਬੰਧਾਂ ਵਿੱਚ ਹੌਬੀ ਧਾਲੀਵਾਲ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਵੱਡੇ ਕਲਾਕਾਰ ਹੌਬੀ ਧਾਲੀਵਾਲ ਦੇ ਨਿੱਜੀ ਸੰਪਰਕਾਂ ਕਰ ਕੇ ਹੀ ਮੇਲੇ ਵਿੱਚ ਪਹੁੰਚਦੇ ਹਨ।

ਪਿਛਲਾ ਮੇਲਾ 2018 ਵਿੱਚ ਹੋਇਆ ਸੀ ਜਿਸ ਵਿੱਚ ਸਿੱਧੂ ਮੂਸੇਵਾਲੇ ਨੇ ਵੀ ਆਪਣੀ ਗਾਇਕੀ ਦਾ ਜਾਦੂ ਚਲਾਇਆ ਸੀ। ਬਲਜੀਤ ਕੌਰ ਜੌਹਲ ਦੇ ਦਾਅਵੇ ਅਨੁਸਾਰ ਉਦੋਂ ਵੀ ਉਹ ਇਸ ਮੇਲੇ ਵਿੱਚ ਮੌਜੂਦ ਸਨ। ਜੌਹਲ ਅਨੁਸਾਰ ਉਹ ਕਈ ਸਾਲਾਂ ਤੋਂ ਇਸ ਮੇਲੇ ਵਿੱਚ ਆ ਰਹੇ ਹਨ।

ਆਈਜੀ ਪਰਮਰਾਜ ਉਮਰਾਨੰਗਲ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸੰਨ 2019 ਤੋਂ ਸਸਪੈਂਡ ਸਨ ਅਤੇ ਉਨ੍ਹਾਂ ਦੀ  ਬਹਾਲੀ ਕਰੀਬ 5 ਸਾਲ ਬਾਅਦ ਜੁਲਾਈ 2024 ਵਿੱਚ ਹੀ ਹੋਈ ਹੈ। ਇਸ ਦੌਰਾਨ ਮੇਲਾ ਨਹੀਂ ਹੋਇਆ। ਜੁਲਾਈ ਵਿੱਚ ਬਹਾਲੀ ਤੋਂ ਬਾਅਦ 30 ਨਵੰਬਰ-1 ਦਸੰਬਰ ਨੂੰ ਇਹ ਮੇਲਾ ਕਰਵਾਇਆ ਗਿਆ।

ਹੌਬੀ ਧਾਲੀਵਾਲ ਦੀ ਮੇਲੇ ਵਿੱਚ ਭੂਮਿਕਾ

ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਹੌਬੀ ਧਾਲੀਵਾਲ ਮੇਲੇ ਦੇ ਪ੍ਰਬੰਧਾਂ ਤੇ ਕਲਾਕਾਰਾਂ ਦੀ ਸ਼ਮੂਹਲੀਅਤ ਵਿੱਚ ਖ਼ਾਸ ਭੂਮਿਕਾ ਨਿਭਾਉਂਦੇ ਹਨ। ਇਸ ਦਾ ਜ਼ਿਕਰ ਉਨ੍ਹਾਂ ਨੇ ਮੇਲੇ ਦੇ ਦੂਜੇ ਦਿਨ ਸਭਿਆਚਾਰਕ ਸਮਾਗਮ ਦੀ ਸ਼ੁਰੂਆਤ ਵਿੱਚ ਮੰਚ ਤੋਂ ਆਪ ਬੋਲ ਕੇ ਵੀ ਕੀਤਾ ਸੀ। ਉਦੋਂ ਹਾਲੇ ਬਲਜੀਤ ਕੌਰ ਜੌਹਲ ਮੇਲੇ ਵਿਚ ਮੌਜੂਦ ਨਹੀਂ ਸਨ।

ਮੇਲੇ ਦੀ ਸ਼ੁਰੂਆਤ ਵਿੱਚ ਜਦੋਂ ਹਾਲੇ ਕੋਈ ਐਂਕਰ ਨਹੀਂ ਆਇਆ ਸੀ ਤਾਂ ਮੰਚ ਦਾ ਸੰਚਾਲਨ ਟੁੱਟਵੇਂ ਰੂਪ ਵਿੱਚ ਹੌਬੀ ਧਾਲੀਵਾਲ ਹੀ ਕਰਦੇ ਰਹੇ ਸਨ। ਇਕ ਹੋਰ ਨੌਜਵਾਨ ਕਲਾਕਾਰ ਵੀ ਐਂਕਰਿੰਗ ਕਰ ਰਿਹਾ ਸੀ। ਮੇਲੇ ਦੇ ਪ੍ਰਬੰਧਾਂ ਵਿੱਚ ਸ਼ਮਹੂਲੀਅਤ ਦਾ ਇਕ ਹੋਰ ਪ੍ਰਮਾਣ ਉਦੋਂ ਵੀ ਮਿਲਦਾ ਹੈ ਜਦੋਂ ਮੰਚ ’ਤੇ ਆ ਕੇ ਹੌਬੀ ਧਾਲੀਵਾਲ ਦੱਸਦੇ ਹਨ ਕਿ ਸਾਊਂਡ ਮਿਕਸਰ ਵਿੱਚ ਖ਼ਰਾਬੀ ਕਰ ਕੇ ਮੇਲਾ ਮਿੱਥੇ ਸਮੇਂ ਤੋਂ ਲੇਟ ਹੋ ਗਿਆ, ਉਹ ਮੇਲੇ ਦੀ ਦੇਰੀ ਲਈ ਤੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਪੂਰੀ ਜਾਣਕਾਰੀ ਦਿੰਦੇ ਹਨ। ਉਸ ਤੋਂ ਬਾਅਦ ਦਿਨ ਦੇ ਮੇਲੇ ਦੇ ਮੰਚ ਸੰਚਾਲਨ ਵਿੱਚ ਹੌਬੀ ਧਾਲੀਵਾਲ ਦਾ ਦਖ਼ਲ ਲਗਾਤਾਰ ਰਹਿੰਦਾ ਹੈ। ਉਂਝ ਦਿਨ ਦੇ ਪ੍ਰੋਗਰਾਮਾਂ ਦੇ ਸੰਚਾਲਨ ਲਈ ਐਂਕਰ ਸੁਖਬੀਰ ਕੌਰ ਨੂੰ ਬੁਲਾਇਆ ਜਾਂਦਾ ਹੈ। ਉਨ੍ਹਾਂ ਦੀ ਆਮਦ ਦੀ ਜਾਣਕਾਰੀ ਵੀ ਮੰਚ ਤੋਂ ਹੌਬੀ ਧਾਲਿਵਾਲ ਉਨ੍ਹਾਂ ਦੀ ਐਂਕਰਿੰਗ ਤੇ ਅਦਾਕਾਰੀ ਦੀ ਤਾਰੀਫ਼ ਕਰਦੇ ਹੋਏ ਮੈਡਮ ਸੁਖਬੀਰ ਕੌਰ ਕਹਿ ਕੇ ਦਿੰਦੇ ਹਨ।  ਸ਼ਾਮ ਨੂੰ ਸੁਖਬੀਰ ਕੌਰ ਦੀ ਵਿਦਾਇਗੀ ਅਤੇ ਸਨਮਾਨ ਦੀ ਅਨਾਊਂਸਮੈਂਟ ਵੀ ਹੌਬੀ ਧਾਲੀਵਾਲ ਹੀ ਕਰਦੇ ਹਨ।

ਬਲਜੀਤ ਕੌਰ ਜੌਹਲ ਦੀ ਐਂਟਰੀ

ਮੇਲਾ ਉਮਰਾਨੰਗਲ ਦੇ ਮੰਚ ’ਤੇ ਐਂਕਰ ਬਲਜੀਤ ਕੌਰ ਦੀ ਐਂਟਰੀ ਦੇਰ ਸ਼ਾਮ ਹੁੰਦੀ ਹੈ। ਇਸ ਵਾਰ ਉਨ੍ਹਾਂ ਨੂੰ ਮੰਚ ’ਤੇ ਕੋਈ ਸੱਦਾ ਨਹੀਂ ਦਿੰਦਾ ਬਲਕਿ ਉਹ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਮੰਚ ਉੱਤੇ ਆਪ ਐਂਟਰੀ ਕਰਦੇ ਹਨ। ਐਂਟਰੀ ਤੋਂ ਪਹਿਲਾਂ ਬਲਜੀਤ ਕੌਰ ਦੀ ਮਾਈਕ ਚੈੱਕ ਦੀ ਆਵਾਜ਼ ਸੁਣਾਈ ਦਿੰਦੀ ਹੈ। ਨਾਲ ਹੀ ਉਹ ਸਟੇਜ ਦੇ ਪਿੱਛੋਂ ਸੰਗੀਤ ਪਾਰਟੀ ਨੂੰ ਆਪਣੀ ਐਂਟਰੀ ਸੰਬੰਧੀ ਨਿਰਦੇਸ਼ ਦਿੰਦੇ ਹੋਏ ਸੁਣਾਈ ਦਿੰਦੇ ਹਨ। ਉਸ ਵੇਲੇ ਹਰਦੇਵ ਮਾਹੀਨੰਗਲ ਮੰਚ ’ਤੇ ਆਪਣੀ ਗੀਤ ਖ਼ਤਮ ਕਰਨ ਵਾਲੇ ਹੁੰਦੇ ਹਨ।

ਮੈਂ ਨੀ ਹੁਣ ਆਉਂਦਾ: ਹੌਬੀ ਧਾਲੀਵਾਲ

ਜਿਉਂ ਹੀ ਹਰਦੇਵ ਮਾਹੀਨੰਗਲ ਦੀ ਪੇਸ਼ਕਾਰੀ ਖ਼ਤਮ ਹੋਈ ਹੁੰਦੀ ਹੈ ਤੇ ਮੰਚ ’ਤੇ ਹੌਬੀ ਧਾਲੀਵਾਲ ਗੋਦੀ ਵਿੱਚ ਗੁਆਚਿਆ ਹੋਇਆ ਬੱਚਾ ਲੈ ਕੇ, ਅਨਾਊਂਸਮੈਂਟ ਕਰਨ ਲਈ ਪਹੁੰਚੇ ਹਨ। ਦੂਸਰੇ ਮਾਈਕ ’ਤੇ ਪਿੱਛੋਂ ਬਲਜੀਤ ਕੌਰ ਜੌਹਲ ਦੀ ਆਵਾਜ਼ ਸੁਣਾਈ ਦਿੰਦੀ ਹੈ। ਹੌਬੀ ਧਾਲੀਵਾਲ ਸਾਊਂਡ ਵਾਲੇ ਨੂੰ ਝਿੜਕ ਕੇ ਕਹਿੰਦੇ ਹਨ “ਬਾਕੀ ਮਾਈਕ ਬੰਦ ਕਰ ਉਏ!” ਇਸ ਤੋਂ ਬਾਅਦ ਉਹ ਅਨਾਊਂਸਮੈਂਟ ਕਰਦੇ ਹਨ ਕਿ ਮਾਪੇ ਆਪਣਾ ਗੁਆਚਿਆ ਬੱਚਾ ਲੈ ਜਾਣ। ਉਹ ਕੁਝ ਪਲ ਮੰਚ ’ਤੇ ਮਾਪਿਆਂ ਦਾ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਉਹ ਦੋਬਾਰਾ ਝਿੜਕ ਕੇ ਪਿੱਛੇ ਚੱਲ ਰਹੇ ਸੰਗੀਤ ਨੂੰ ਬੰਦ ਕਰਨ ਲਈ ਕਹਿੰਦੇ ਹਨ। ਬੱਚੇ ਨੂੰ ਮਾਪਿਆਂ ਨੂੰ ਸੌਂਪਣ ਤੋਂ ਬਾਅਦ ਉਹ ਅਨਾਊਸਮੈਂਟ ਕਰਦੇ ਹਨ, “ਮੇਰੀ ਸਟੇਜ ਹੁਣ ਖ਼ਤਮ ਹੈ, ਮੈਂ ਨੀ ਹੁਣ ਆਉਂਦਾ।” ਜਿਵੇਂ ਦਿਨੇ ਉਨ੍ਹਾਂ ਨੇ ਸੁਖਬੀਰ ਕੌਰ ਦੀ ਜਾਣ-ਪਛਾਣ ਕਰਵਾਈ ਹੁੰਦੀ ਹੈ, ਉਹ ਅਗਲੀ ਐਂਕਰ ਬਾਰੇ ਕੁਝ ਨਹੀਂ ਬੋਲਦੇ ਤੇ ਸਟੇਜ ਤੋਂ ਚਲੇ ਜਾਂਦੇ ਹਨ। ਉਦੋਂ ਹੀ ਬਲਜੀਤ ਕੌਰ ਜੌਹਲ ਦੀ ਐਂਟਰੀ ਹੁੰਦੀ ਹੈ।

ਆਈਜੀ ਦੀਆਂ ਤਾਰੀਫ਼ਾਂ

ਉਸ ਤੋਂ ਬਾਅਦ ਬਲਜੀਤ ਕੌਰ ਜੌਹਲ ਪਿਛਲੇ ਮੇਲੇ ਦੌਰਾਨ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆ ਕਰਦੇ ਹਨ। ਫਿਰ ਉਹ ਪਰਮਰਾਮ ਉਮਰਾਨੰਗਲ ਦੀ ਮੁੜ ਬਹਾਲੀ ਹੋਣ ਦੀ ਪ੍ਰਸ਼ੰਸਾ ਕਰਦੇ ਹੋਏ ਕਹਿੰਦੇ ਹਨ ਕਿ ਆਈਜੀ ਅੱਜ ਆਪਣੀ ਹੱਕ ਦੀ ਲੜਾਈ ਜਿੱਤ ਕੇ ਆਏ ਹਨ, ਸਰਕਾਰ ਦੇ ਨਾਲ ਮੱਥਾ ਡਾਹ ਕੇ, ਉਹ ਫੇਰ ਤੋਂ ਪੰਜਾਬ ਦੀ ਸੇਵਾ ਲਈ ਆਪਣੀ ਸੇਵਾ ਵਿੱਚ ਸਮਰਪਿਤ ਹੋ ਚੁੱਕੇ ਹਨ। ਉਸ ਤੋਂ ਬਾਅਦ ਉਹ ਪਰਮਰਾਜ ਉਮਰਾਨੰਗਲ ਨੂੰ ਦਲੇਰ ਜੱਟ ਕਹਿ ਕੇ ਤਾਰੀਫ਼ ਕਰਦੇ ਹੋਏ ਅਰਦਾਸ ਕਰਦੇ ਹਨ ਕਿ ਸਰਕਾਰ ਉਨ੍ਹਾਂ ਦੀ ਰਹਿੰਦੀ ਤਰੱਕੀ ਜਲਦੀ ਕਰੇ। ਉਸ ਤੋਂ ਬਾਅਦ ਉਹ ਪਰਮਰਾਜ ਉਮਰਾਨੰਗ ਦੇ ਸਾਬਕਾ ਸਰਪੰਚ ਮਾਤਾ, ਉਨ੍ਹਾਂ ਦੀ ਪਤਨੀ, ਬੇਟੀ ਡਾਕਟਰ ਸੂਖਮ ਤੇ ਬੇਟੇ ਅੰਗਦ ਨਾਲ ਵੀ ਮੰਚ ਤੋਂ ਸੰਵਾਦ ਕਰਦੇ ਹਨ।  ਇਸ ਤਰ੍ਹਾਂ ਉਹ ਪਰਮਰਾਜ ਉਮਰਾਨੰਗਲ ਪਰਵਾਰ ਨਾਲ ਆਪਣੀ ਨਜ਼ਦੀਕੀ ਦਾ ਪ੍ਰਗਟਾਵਾ ਕਰਦੇ ਹਨ। ਕਰੀਬ 15 ਮਿੰਟ ਦੀ ਗੱਲਬਾਤ ਤੋਂ ਬਾਅਦ ਉਹ ਹੌਬੀ ਧਾਲੀਵਾਲ ਦਾ ਸਿਰਫ਼ ਇੰਨਾ ਜ਼ਿਕਰ ਕਰਦੇ ਹਨ ਕਿ ਉਹ ਵੀ ਸਾਹਮਣੇ ਪਤਵੰਤਿਆਂ ਵਿੱਚ ਨਜ਼ਰ ਆ ਰਹੇ ਹਨ ਤੇ ਫੇਰ ਉਹ ਹੋਰ ਮਹਿਮਾਨਾਂ ਬਾਰੇ ਗੱਲ ਕਰਨ ਲੱਗਦੀ ਹੈ।

ਸਟੇਜ ’ਤੇ ਪਹਿਲਾ ਰੌਲਾ

ਬਲਜੀਤ ਕੌਰ ਜੌਹਲ ਮੰਚ ਉੱਤੇ ਪ੍ਰੇਮ ਢਿੱਲੋਂ ਤੇ ਲੰਡਨ ਵਾਲੇ ਡੀਜੇ ਫਰੈਂਜ਼ੀ ਦੇ ਨਾਲ ਪਰਮਰਾਜ ਉਮਰਾਨੰਗਲ ਤੇ ਅੰਗਦ ਉਮਰਾਨੰਗਲ ਨੂੰ ਮੰਚ ’ਤੇ ਬੁਲਾਉਂਦੀ ਹੈ। ਦੋਵਾਂ ਕਲਾਕਾਰਾਂ ਨੂੰ ਸਨਮਾਨਤ ਕਰਨ ਤੋਂ ਬਾਅਦ ਪਰਮਾਰਾਜ ਉਮਰਾਨੰਗਲ ਬਲਜੀਤ ਕੌਰ ਜੌਹਲ ਨੂੰ ਕਹਿੰਦੇ ਹਨ, “ਆਪਾਂ ਲੇਟ ਹੋ ਰਹੇ ਹਾਂ। ਇਸ ਤੋਂ ਬਾਅਦ ਗਾਇਕ ਗ਼ੁਲਾਬ ਸਿੱਧੂ ਨੂੰ ਮੰਚ ’ਤੇ ਬੁਲਾ ਕੇ ਉਨ੍ਹਾਂ ਦੀ ਪੇਸ਼ਕਾਰੀ ਸ਼ੁਰੂ ਕਰਵਾਉ।” ਗ਼ੁਲਾਬ ਸਿੱਧੂ ਆ ਕੇ ਉਮਰਾਨੰਗਲ ਪਰਿਵਾਰ ਤੇ ਹੌਬੀ ਧਾਲੀਵਾਲ ਦੀ ਪ੍ਰਸ਼ੰਸਾਂ ਕਰਦਿਆਂ ਆਪਣੀ ਗਾਇਕੀ ਸ਼ੁਰੂ ਕਰਦੇ ਹਨ। ਪੇਸ਼ਕਾਰੀ ਦੌਰਾਨ ਬਲਜੀਤ ਕੌਰ ਜੌਹਲ ਗੁਲਾਬ ਸਿੱਧੂ ਵੱਲੋਂ ਗਾਏ ‘ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਠੁਮਕਾ’ ਗੀਤ ਉੱਤੇ ਕੁਝ ਪਲ ਲਈ ਨੱਚਣ ਵਿੱਚ ਸਾਥ ਦਿੰਦੀ ਹੈ।

ਇਸ ਤੋਂ ਬਾਅਦ ਪੈ ਗਿਆ ਪੰਗਾ!

ਗ਼ੁਲਾਬ ਸਿੱਧੂ ਦੀ ਪੇਸ਼ਕਾਰੀ ਦੇ ਅੰਤ ਵਿੱਚ ਜਦੋਂ ਬਲਜੀਤ ਕੌਰ ਜੌਹਲ ਮੰਚ ਉੱਤੇ ਆਉਂਦੇ ਹਨ ਤਾਂ ਗ਼ੁਲਾਬ ਸਿੱਧੂ ਇਕ ਹੋਰ ਗੀਤ ਗਾਉਣ ਦੀ ਗ਼ੁਜ਼ਾਰਿਸ਼ ਕਰਦੇ ਹਨ। ਐਂਕਰ ਕਹਿੰਦੀ ਹੈ ਕਿ ਆਈਜੀ ਸਾਹਿਬ ਤੋਂ ਇਜਾਜ਼ਤ ਲੈਣੀ ਪੈਣੀ ਹੈ। ਫਿਰ ਬਲਜੀਤ ਕੌਰ ਜੌਹਲ ਗ਼ੁਲਾਬ ਸਿੱਧੂ ਦੇ ਸਨਮਾਨ ਲਈ ਪਰਮਰਾਜ ਉਮਰਾਨੰਗਲ ਸਮੇਤ ਮਹਿਮਾਨਾਂ ਨੂੰ ਮੰਚ ’ਤੇ ਸੱਦ ਦੇ ਹਨ। ਉਦੋਂ ਹੀ ਪ੍ਰਬੰਧਕਾਂ ਵੱਲੋਂ ਨਿਰਦੇਸ਼ ਆ ਜਾਂਦਾ ਹੈ ਕਿ ਗੁਲਾਬ ਸਿੱਧੂ ਨੂੰ ਇਕ ਹੋਰ ਗਾਣਾ ਸੁਣਾਉਣ ਦਿੱਤਾ ਜਾਵੇ। ਜਦੋਂ ਸਨਮਾਨ ਹੋ ਰਹੇ ਹੁੰਦੇ ਹਨ ਤਾਂ ਗ਼ੁਲਾਬ ਸਿੱਧੂ ਨਾਲ ਇਕ ਬੱਚੇ ਦੀ ਫੋਟੋ ਖਿਚਵਾਉਣ ਲਈ ਹੌਬੀ ਧਾਲੀਵਾਲ ਮੰਚ ’ਤੇ ਆਉਂਦੇ ਹਨ।

ਜਿਸ ਵੇਲੇ ਬਲਜੀਤ ਕੌਰ ਜੌਹਲ ਮਹਿਮਾਨਾਂ ਨੂੰ ਮੰਚ ’ਤੇ ਬੁਲਾ ਰਹੇ ਹੁੰਦੇ ਹਨ ਤਾਂ ਹੌਬੀ ਧਾਲੀਵਾਲ ਉਨ੍ਹਾਂ ਦੇ ਪਿੱਛੇ ਖੜ੍ਹਾ ਹੁੰਦੇ ਹਨ। ਉਹ ਬਲਜੀਤ ਕੋਲੋਂ ਹੱਥ ਅੱਗੇ ਕਰ ਕੇ ਬਿਨਾਂ ਬੋਲੇ ਮਾਈਕ ਮੰਗਦੇ ਹਨ। ਮਾਈਕ ਦੇਣ ਵੇਲੇ ਬਲਜੀਤ ਅਨਾਊਂਸ ਕਰਦੀ ਹੈ ਕਿ ਇਨ੍ਹਾਂ ਨੂੰ ਵੀ ਮਾਈਕ ਮੈਂ ਦੇਣ ਲੱਗੀ ਹਾਂ, ਉਹ ਹੱਸ ਕਿ ਕਹਿੰਦੀ ਹੈ ਕਿ ਪਰ ਮੈ ਲੈ ਲਵਾਂਗੀ। ਹੌਬੀ ਮਾਈਕ ਫੜ ਕੇ ਕਹਿੰਦੇ ਹਨ, “ਮੈਂ ਤਾਂ ਉਧਾਰਾ ਹੀ ਮੰਗਦਾ ਜੀ, ਮੈਂ ਕਿਹੜਾ ਰਾਜ ਕਰਨਾ ਇਹ’ਤੇ।” ਉਸ ਤੋਂ ਬਾਅਦ ਉਹ ਗ਼ੁਲਾਬ ਸਿੱਧੂ ਨੂੰ ਗਲ਼ ਨਾਲ ਲਾ ਕੇ ਤਾਰੀਫ਼ ਕਰਦੇ ਹਨ ਤੇ ਉਸ ਨੂੰ ਅਗਲੇ ਸਾਲ ਵੀ ਆਉਣ ਲਈ ਕਹਿੰਦੇ ਹਨ। ਜਵਾਬ ਵਿੱਚ ਗ਼ੁਲਾਬ ਹਰ ਸਾਲ ਆਉਣ ਦਾ ਵਾਅਦਾ ਕਰਦੇ ਹਨ। ਉਸ ਤੋਂ ਬਾਅਦ ਹੌਬੀ ਧਾਲੀਵਾਲ ਮਾਈਕ ਵਾਪਸ ਕਰਦੇ ਹਨ ਤਾਂ ਬਲਜੀਤ ਕੌਰ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਅਗਲੀ ਗੱਲ ਸ਼ੁਰੂ ਕਰਦੇ ਹਨ। ਅਮਰਗੜ੍ਹ ਦਾ ਮੇਲਾ ਕਰਵਾਉਣ ਵਾਲੇ ਹੀਰਾ ਇੰਟਰਨੈਸ਼ਲ ਗਰੁੱਪ ਦੇ ਹੀਰੇ ਦਾ ਸਨਮਾਨ ਕਰਵਾਉਣ ਲਈ ਉਹ ਉਨ੍ਹਾਂ ਨੂੰ ਵੀ ਮੰਚ ’ਤੇ ਬੁਲਾਉਂਦੀ ਹੈ।

ਇਸ ਤੋਂ ਬਾਅਦ ਹੌਬੀ ਧਾਲੀਵਾਲ ਬਲਜੀਤ ਕੋਲ ਫੇਰ ਮਾਈਕ ਲੈਣ ਆ ਜਾਂਦੇ ਹਨ।

ਵਿਚਾਲੇ ਹੀ ਸਨਮਾਨ ਪ੍ਰਾਪਤ ਕਰਨ ਵਾਲੇ ਉਨ੍ਹਾਂ ਨੂੰ ਆਪਣੇ ਨਾਲ ਫੋਟੋ ਕਰਵਾਉਣ ਲਈ ਬੁਲਾ ਲੈਂਦੇ ਹਨ ਤੇ ਬਲਜੀਤ ਅਨਾਉਂਸ ਕਰਦੀ ਹੈ ਕਿ ਅਦਾਕਾਰ ਹੌਬੀ ਧਾਲੀਵਾਲ ਜੀ ਮਾਈਕ ਮੰਗ ਰਹੇ ਸਨ। ਉਸ ਤੋਂ ਪਹਿਲਾਂ ਹੀ ਪਰਮਰਾਜ ਉਮਰਾਨੰਗਲ ਸਭ ਨੂੰ ਸਟੇਜ ਖ਼ਾਲੀ ਕਰਨ ਲਈ ਇਸ਼ਾਰਾ ਕਰ ਰਹੇ ਹੁੰਦੇ ਹਨ। ਉਹ ਬਲਜੀਤ ਨੂੰ ਇਸ਼ਾਰਾ ਕਰਦੇ ਹਨ ਕਿ ਰਹਿਣ ਦਿਉ। ਹੌਬੀ ਧਾਲੀਵਾਲ ਦਾ ਹੱਥ ਮਾਈਕ ਲਈ ਵਧਿਆ ਹੁੰਦਾ। ਬਲਜੀਤ ਜਵਾਬ ਦਿੰਦੇ ਹਨ ਕਿ ਆਈਜੀ ਸਾਹਿਬ ਕਹਿੰਦੇ ਰਹਿਣ ਦਿਉ। ਉਸ ਤੋਂ ਬਾਅਦ ਉਹ ਹੱਸਣ ਲੱਗਦੇ ਹਨ। ਹੌਬੀ ਧਾਲੀਵਾਲ ਪਰਮਰਾਜ ਉਮਰਾਨੰਗਲ ਵੱਲ ਵੇਖਦੇ ਹਨ ਤਾਂ ਉਹ ਘੜੀ ਦਿਖਾ ਕੇ ਟਾਈਮ ਵੱਲ ਇਸ਼ਾਰਾ ਕਰਦੇ ਹਨ। ਹੌਬੀ ਧਾਲੀਵਾਲ ਗੁੱਸੇ ਵਿੱਚ ਹੱਥ ਥੋੜ੍ਹਾ ਪਿੱਛੇ ਕਰ ਲੈਂਦੇ ਹਨ। ਇੰਨੇ ਨੂੰ ਕੋਲ ਖੜ੍ਹੇ ਹੀਰਾ ਗਰੁੱਪ ਵਾਲੇ ਕਹਿੰਦੇ ਹਨ ਕਿ ਕੋਈ ਨੀ ਦੇ ਦਿਉ ਤਾਂ ਬਲਜੀਤ ਮਾਈਕ ਹੌਬੀ ਧਾਲੀਵਾਲ ਨੂੰ ਫੜਾ ਦਿੰਦੇ ਹਨ। ਬਿਨਾਂ ਬਲਜੀਤ ਵੱਲ ਵੇਖਦਿਆਂ ਹੌਬੀ ਧਾਲੀਵਾਲ ਮਾਈਕ ਫੜ ਕੇ ਬੋਲਦੇ ਹਨ ਕਿ ਹੁਣ ਰਹਿਣ ਈ ਦਿਉ ਤੇ ਮਾਈਕ ਵਾਪਿਸ ਬਲਜੀਤ ਨੂੰ ਫੜਾ ਦਿੰਦੇ ਹਨ। ਬਲਜੀਤ ਅਨਾਉਂਸ ਕਰਦੇ ਹਨ ਕਿ ਸਰ ਤੁਸੀਂ ਚੱਲਣਾ ਹੀ ਚੱਲਣਾ ਹੈ। ਤੁਹਾਡੇ ਤੋਂ ਬਿਨਾਂ ਤਾਂ ਚੱਲਿਆ ਹੀ ਨਹੀਂ ਜਾਣਾ। ਇਹ ਸੁਣ ਕੇ ਉਹ ਵਾਪਸ ਆ ਜਾਂਦੇ ਹਨ ਤੇ ਬਲਜੀਤ ਤੋਂ ਮਾਈਕ ਫੜ੍ਹ ਕੇ ਹੌਬੀ ਧਾਲੀਵਾਲ ਕਹਿੰਦੇ ਹਨ, “ਅੱਜ ਤੋਂ ਬਾਅਦ ਚੱਲੇਗਾ ਵੀ, ਮੈਂ ਤਾਂ ਮੈਂ, ਮੈਂ ਮੈਂ ਆਂ!” ਮਾਈਕ ਫੜਾ ਕੇ ਉਹ ਸਟੇਜ ਤੋਂ ਉਤਰਨ ਲਗਦੇ ਹਨ।

ਬਲਜੀਤ ਕੌਰ ਜੋਹਲ ਕਹਿੰਦੇ ਹਨ ਕਿ ਬਿਲਕੁਲ ਸਰ ਤੁਹਾਡੇ ਤੋਂ ਬਿਨਾਂ ਕੋਈ ਪੰਜਾਬੀ ਫ਼ਿਲਮ ਜਿਹੜੀ ਹੈ ਉਹ ਨਹੀਂ ਚੱਲ ਸਕਦੀ। ਉਸ ਤੋਂ ਬਾਅਦ ਉਹ ਹਰਜੀਤ ਹਰਮਨ ਨੂੰ ਸਟੇਜ ‘ਤੇ ਬੁਲਾਉਂਦੇ ਹਨ।

ਮੈਂ ਖ਼ਾਸਾ ਵੱਡਾਂ?

ਹਰਜੀਤ ਹਰਮਨ ਦਾ ਪਹਿਲਾ ਗੀਤ ਖ਼ਤਮ ਹੋਣ ਤੋਂ ਬਾਅਦ ਹੌਬੀ ਧਾਲੀਵਾਲ ਮੰਚ ’ਤੇ ਪਹੁੰਚ ਜਾਂਦੇ ਹਨ। ਉਦੋਂ ਹੀ ਹਰਜੀਤ ਦੂਜੇ ਗੀਤ ਦੀ ਸਤਰ ‘ਜੱਟ ਚੌਵੀ ਕੈਰੇਟ ਦਾ” ਗਾ ਕੇ ਮਾਈਕ ਹੌਬੀ ਨੂੰ ਫੜਾ ਦਿੰਦੇ ਹਨ। ਉਦੋਂ ਹੀ ਹੌਬੀ ਧਾਲੀਵਾਲ ਹਰਜੀਤ ਨਾਲ ਨਿੱਜੀ ਰਿਸ਼ਤਿਆਂ ਤੇ ਆਪਣੀ ਨੇੜਤਾ ਦਾ ਜ਼ਿਕਰ ਕਰਿਦਿਆਂ ਕਹਿੰਦੇ ਹਨ ਕਿ ਹਰਜੀਤ ਹਰਮਨ ਸੱਚਮੁੱਚ ਚੌਵੀ ਕੈਰੈਟ ਦਾ ਹੈ।

ਫੇਰ ਹੌਬੀ ਅੱਗੇ ਆ ਕੇ ਸਪੀਕਰ ’ਤੇ ਪੈਰ ਰੱਖ ਕੇ ਕਹਿੰਦੇ ਹਨ ਕਿ ਬਹੁਤ ਸਾਲ ਬਾਅਦ ਇੱਥੇ ਪੈਰ ਰੱਖਣ ਦਾ ਮੌਕਾ ਮਿਲਿਐ। ਬੱਸ ਊਈਂ ਜੀਅ ਕੀਤਾ ਇੱਥੇ ਪੈਰ ਰੱਖ ਲਾਂ। ਕਿਸੇ ਦੇ ਮੰਚ ਦੇ ਕਹਿਣ ’ਤੇ ਮੈਨੂੰ ਬਾਹਲਾ ਪਰਖਣ ਦੀ ਕੋਸ਼ਿਸ਼ ਨਾ ਕਰਿਉ। ਜੇ ਕੋਈ ਕਹਿ ਦੇਵੇ ਨਾ “ਰਹਿਣ ਦਿਉ”, ਦੇਖੀਂ ਕਿਤੇ ਦੁਨੀਆ ਈ ਨਾ ਕਿਤੇ ਕਹਿ ਦੇਵੇ, ‘ਤੂੰ ਰਹਿਣ ਦੇ’। ਕਮਲਿਉ ਟੱਬਰਦਾਰੀ ਐ। ਮੇਰਾ ਟੱਬਰ ਐ। ਮੈਂ ਤਾਂ ਇੱਥੇ ਭਾਂਡੇ ਮਾਂਜੂ। ਇਸ ਪਰਿਵਾਰ ਵਿੱਚ ਬਹਿ ਕੇ ਮੈਂ ਭਾਂਡੇ ਮਾਂਜੂ। ਇਸ ਮੇਲੇ ਨੂੰ ਕਾਮਯਾਬ ਕਰਨ ਵਾਸਤੇ ਮੈਂ ਕੁਝ ਵੀ ਕਰੂੰਗਾ। ਹੌਬੀ ਧਾਲੀਵਾਲ ਸੈਲਿਬ੍ਰਿਟੀ ਬਾਅਦ ਵਿੱਚ ਹੋਇਆ।

ਸੁਰ ਬਦਲਦੇ ਹੋਏ ਫੇਰ ਉਹ ਕਹਿੰਦੇ ਹਨ ਕਿ ਉਸ ਆਵਾਜ਼ ਨੂੰ ਮੈਂ ਦੱਸ ਦਿਆਂ ਕਿ ਮੈਂ 100 ਫ਼ਿਲਮਾਂ ਕੀਤੀਆਂ ਤੇ ਮੈਂ ਸੱਤ ਕੁ ਬਾਲਿਵੁੱਡ ਫ਼ਿਲਮਾਂ ਕੀਤੀਆਂ। ਮੈਂ ਹੌਬੀ ਧਾਲੀਵਾਲ ਆਂ। ਮੈਂ ਖ਼ਾਸਾ ਵੱਡਾ ਆਦਮੀ ਆਂ। ਮੇਰੇ ਨਾਲ ਗੱਲ ਕਰਨ ਵਾਸਤੇ ਖ਼ਾਸੀ ਜੁਅਰੱਤ ਚਾਹੀਦੀ ਐ। ਜਿਹੜਾ ਇਹ ਸੋਚਦਾ ਨਾ ਹੌਬੀ ਨੂੰ ਰਹਿਣ ਦਿਉ। ਔਰ ਇਸ ਮੰਚ ’ਤੇ। ਹੁਅੰਅ… ਛੱਡੋ।

ਫੇਰ ਉਹ ਕਹਿੰਦੇ ਹਨ ਕਿ ਹਰਜੀਤ ਹਰਮਨ ਇਸ ਮੇਲੇ ਦਾ ਥੰਮ ਹੈ। ਉਸ ਤੋਂ ਬਾਅਦ ਉਹ ਹਰਜੀਤ ਹਰਮਨ ਦੀ ਯਾਰੀ ਤੇ ਜੱਟਪੁਣੇ ਦੀਆਂ ਬਹੁਤ ਤਾਰੀਫ਼ਾਂ ਕਰਦੇ ਹਨ। ਫੇਰ ਜਦੋਂ ਲੋਕਾਂ ਨੇ ਕੂਕਾਂ ਮਾਰੀਆਂ ਤਾਂ ਹੌਬੀ ਧਾਲੀਵਾਲ ਕਹਿੰਦੇ ਹਨ ਕਿ ਫੇਰ ਕੂਕਾ ਪੈਣਗੀਆਂ। ਫੇਰ ਉਹ ਕਹਿੰਦੇ ਹਨ ਕਿ ਰਾਜਵੀਰ ਜਵੰਦਾ ਸਿਰੇ ਦਾ ਪੁਲਸੀਆ ਉਹ ਵੀ ਗਾ ਕੇ ਜਾਊਗਾ।

ਬਲਜੀਤ ਕੌਰ ਦਾ ਜੁਆਬ

ਹਰਜੀਤ ਹਰਮਨ ਦੀ ਪੇਸ਼ਕਾਰੀ ਤੋਂ ਬਾਅਦ ਮੰਚ ’ਤੇ ਬਲਜੀਤ ਕੌਰ ਜੌਹਲ ਫੇਰ ਆਉਂਦੇ ਹਨ। ਫੇਰ ਉਹ ਸ਼ਿਅਰ ਬੋਲਦੇ ਹਨ, “ਅਕਸਰ ਵੋ ਲੋਗ ਖ਼ਾਮੋਸ਼ ਰਹਿਤੇ ਹੈਂ, ਜਿਨ ਕਾ ਹੁਨਰ ਬੋਲਤਾ ਹੈ। ਸੋ ਇਸ ਲਈ ਕਦੀ ਵੀ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ।

ਇਕ ਹੋਰ ਸ਼ਿਅਰ, “ਸੁਬ੍ਹਾ ਮੇਰਾ ਨਾਮ ਅਖ਼ਬਾਰ ਕੀ ਸੁਰਖਿਉਂ ਮੇਂ ਮਿਲੇਗਾ, ਵਹੀ ਮੇਰਾ ਨਾਮ ਸ਼ਾਮ ਕੋ ਰੱਦੀ ਮੇਂ ਮਿਲੇਗਾ। ਨਾਮ ਔਰ ਸ਼ੋਹਰਤ ਕਯਾ ਹੈ, ਕਭੀ ਕਿਸੀ ਕੇ ਪਾਸ ਨਹੀਂ ਰਹਿਤਾ, ਆਜ ਮੇਰੇ ਪਾਸ ਹੈ ਤੋ ਕੱਲ੍ਹ ਕਿਸੀ ਔਰ ਕੀ ਮੁੱਠੀ ਮੇਂ ਮਿਲੇਗਾ।”

ਉਸ ਤੋਂ ਬਾਅਦ ਉਹ ਰਾਜਵੀਰ ਜਵੰਦਾ ਨੂੰ ਮੰਚ ’ਤੇ ਸੱਦਾ ਦਿੰਦੇ ਹਨ ਤਾਂ ਪਰਮਜੀਤ ਉਮਰਾਨੰਗਲ ਮਾਈਕ ਫੜ ਕੇ ਕਹਿੰਦੇ ਹਨ, “ਹਰਜੀਤ ਤੈਨੂੰ ਤਾਂ ਹਾਲੇ ਛੁੱਟੀ ਨਹੀਂ ਦਿੱਤੀ। ਰਾਜਵੀਰ ਜਵੰਦਾ ਥੋੜ੍ਹਾ ਰੁਕ ਕੇ ਆਵੇਗਾ। ਉਸ ਤੋਂ ਪਹਿਲਾਂ ਆਤਿਸ਼ਬਾਜ਼ੀ ਹੋਵੇਗੀ।”

ਆਤਿਸ਼ਬਾਜ਼ੀ ਸ਼ੁਰੂ ਹੁੰਦੀ ਹੈ ਤਾਂ ਤਾਰੀਫ਼ ਕਰਦਿਆਂ ਬਲਜੀਤ ਕੌਰ ਜੌਹਲ ਕਹਿੰਦੇ ਹਨ ਇਹੋ ਜਿਹੀ ਆਤਿਸ਼ਬਾਜ਼ੀ ਹੁੰਦੀ ਰਹਿਣੀ ਚਾਹੀਦੀ ਹੈ, ਇਸ ਤਰ੍ਹਾਂ ਦੀ ਆਤਿਸ਼ਬਾਜ਼ੀ ਪਹਿਲੀ ਵਾਰੀ ਹੋਈ ਹੈ। ਨਾਲ ਹੀ ਉਹ ਹਲਕੇ-ਫੁਲਕੇ ਅੰਦਾਜ਼ ਵਿੱਚ ਕਿ ਸਾਊਂਡ ਸਿਸਟਮ ਵਿੱਚ ਨਾ ਫੁੱਲ ਝੜੀਆਂ ਚਲਾ ਦਿਉ।

ਉਸੇ ਵੇਲੇ ਦੂਸਰੇ ਮਾਈਕ ਵਿੱਚੋਂ ਹੌਬੀ ਧਾਲੀਵਾਲ ਦੀ ਆਵਾਜ਼ ਆਉਂਦੀ ਹੈ, “ਇਹ ਆ ਬਿੱਟੂ ਆਤਸ਼ਬਾਜ਼। ਅਨਾਊਂਸਮੈਂਟ ਹੋਈ ਸੀ ਕਿ ਇੱਦਾਂ ਦੀ ਆਤਸ਼ਬਾਜ਼ੀ ਹੁੰਦੀ ਰਹੇ। ਇਹ ਆਤਸ਼ਬਾਜ਼ੀ ਪਹਿਲੀ ਵਾਰ ਹੋਈ ਹੈ। ਨਹੀਂ ਇਹ ਅਠ੍ਹਾਰਵੀਂ ਵਾਰ ਹੋਈ ਆ। ਅਠ੍ਹਾਰਾਂ ਸਾਲ ਤੋਂ ਹੀ ਇੱਦਾਂ ਦੀ ਆਤਿਸ਼ਬਾਜ਼ੀ ਹੁੰਦੀ ਆ ਰਹੀ ਹੈ। ਜੁਆਬ ਵਿੱਚ ਬਲਜੀਤ ਕੌਰ ਕਹਿੰਦੀ ਹੈ, “ਲੋਕੀ ਭੁੱਲ ਜਾਂਦੇ ਆ ਹਫ਼ਤੇ ਬਾਅਦ। ਕੱਲ੍ਹ ਕੀ ਖਾਂਧਾ ਇਨ੍ਹਾਂ ਨੂੰ ਯਾਦ ਈ  ਨਹੀਂ ਹੋਣਾ।”

ਫਿਰ ਹੌਬੀ ਧਾਲੀਵਾਲ ਦੀ ਆਵਾਜ਼ ਆਉਂਦੀ ਹੈ,

“ਨਹੀਂ, ਇਹ ਨਹੀਂ ਭੁੱਲਦੇ। ਜਦੋਂ ਆਤਸ਼ਬਾਜ਼ੀ ਹੁੰਦੀ ਆ ਤਾਂ ਬਿੱਟੂ ਦਾ ਨਾਮ ਯਾਦ ਹੁੰਦੈ ਤੇ ਜਦੋਂ ਮੇਲਾ ਉਮਰਾਨੰਗਲ ਦਾ ਹੁੰਦਾ ਤਾਂ ਉਦੋਂ ਆਤਸ਼ਬਾਜ਼ੀ ਦੀ ਗੱਲ ਜ਼ਰੂਰ ਹੁੰਦੀ ਆ। ਆਪਸੀ ਭਾਈਚਾਰੇ ਤੇ ਪਿਆਰ ਦੀ ਗੱਲ ਜ਼ਰੂਰ ਹੁੰਦੀ ਆ। ਉਦੋਂ ਕਬੱਡੀ ਦੀ ਗੱਲ ਹੁੰਦੀ ਹੈ। ਉਦੋਂ ਸਭਿਆਚਾਰ ਤੇ ਮੇਲੇ ਦੀ ਗੱਲ ਹੁੰਦੀ ਆ। ਜਦੋਂ ਗਾਇਕੀ ਦੀ ਗੱਲ ਹੁੰਦੀ ਆ ਉਦੋਂ ਮੁਹੱਬਤਾਂ ਦੀ ਗੱਲ ਹੁੰਦੀ ਆ। ਜੇ ਸਭਿਆਚਾਰਕ ਮੇਲੇ ਦੀ, ਜੇ ਉਮਰਾਨੰਗਲ ਮੇਲੇ ਦੀ ਗੱਲ ਹੀ ਭੁੱਲ ਗਏ ਤਾਂ ਦੁਨੀਆ ਕੁਝ ਵੀ ਯਾਦ ਨਹੀਂ ਰੱਖ ਸਕਦੀ। ਜਿਉਂਦੇ ਰਹੋ ਉਮਰਾ ਨੰਗਲ ਆਲਿਉ, ਇਸ ਮੇਲੇ ਨੂੰ ਯਾਦ ਰੱਖਣ ਵਾਸਤੇ। ਜਿਹੜਾ ਸਤਾਰਾਂ ਸਾਲ ਆਪਾਂ ਇਕੱਠੇ ਕਰਵਾਇਆ। ਜੋ ਕੁਝ ਮਜਬੂਰੀਆਂ ਕਰ ਕੇ ਰੋਕਣਾ ਪਿਆ। ਅੱਜ ਅਠ੍ਹਾਰਵੇਂ ਸਾਲ ਵਿੱਚ ਪ੍ਰਵੇਸ਼ ਹੋਇਆ। ਤੁਸੀਂ ਸਾਂਭੋ, ਰੱਬ ਦਾ ਈ ਵਾਸਤਾ। ਤੁਸੀਂ ਸਾਂਭੋ, ਆਉ ਅੱਗੇ, ਸਾਡਾ ਖਹਿੜਾ ਛੱਡੋ। ਮੈਂ ਫੇਰ ਕਹਾਂਗਾ ਕਿ ਹੌਬੀ ਧਾਲੀਵਾਲ ਬੋਲਦਾ ਘੱਟ ਆ ਪਰ ਜਦੋਂ ਵੀ ਬੋਲਾਂਗਾ ਇਹੀ ਕਹਾਂਗਾ ਕਿ ਮੇਲਾ ਉਮਰਾ ਨੰਗਲ ਜ਼ਿੰਦਾਬਾਦ, ਜਿੰਦਾਬਾਦ!”

ਉਸ ਤੋਂ ਬਾਅਦ ਐਂਕਰ ਬਲਜੀਤ ਕੌਰ ਜੌਹਲ ਸ਼ਿਅਰ ਬੋਲਦੇ ਹਨ, “ਜੋ ਮਿਲ ਰਹਾ ਹੈ, ਉਸ ਕੀ ਖ਼ੁਆਹਿਸ਼ ਕਿਸ ਕੋ ਹੈ। ਤਮੰਨਾ ਤੋ ਉਸ ਕੀ ਹੈ ਜੋ ਮੁਕੱਦਰ ਮੇਂ ਨਹੀਂ।”

ਇਸ ਤੋਂ ਬਾਅਦ ਬਲਜੀਤ ਕੌਰ ਜੌਹਲ ਸਰੋਤਿਆਂ ਦੀ ਫ਼ਰਮਾਇਸ਼ ’ਤੇ ਹਰਜੀਤ ਹਰਮਨ ਨੂੰ ਕਹਿੰਦੇ ਹਨ, “ਫੇਰ ਡਿਮਾਂਡ ’ਤੇ ਨੇ, ਜਾਂਦੇ-ਜਾਂਦੇ ਲਾਸਟ ਗੀਤ ਹਰਜੀਤ ਹਰਮਨ ਜੀ।” ਕਹਿ ਕੇ ਉਹ ਮਾਈਕ ਹਰਮਨ ਨੂੰ ਫੜਾ ਕੇ ਮੰਚ ਤੋਂ ਚਲੇ ਜਾਂਦੇ ਹਨ।

ਹਰਮਨ ਵੀ ਗੱਲ ਨੂੰ ਅੱਗੇ ਤੋਰਨ ਵਿੱਚ ਸ਼ਾਮਲ ਹੋ ਜਾਂਦੇ ਹਨ ਤੇ ਕਹਿੰਦੇ ਹਨ, “ਮੈਡਮ ਮੈਂ ਜਦੋਂ ਗਾਉਣਾ ਸ਼ੁਰੂ ਕੀਤਾ ਸੀ, ਉਦੋਂ ਹੀ ਮੈਂ ਇੱਥੇ ਆਉਣਾ ਸ਼ੁਰੂ ਕੀਤਾ ਸੀ। ਮੈਂ ਇਕ ਦਰਸ਼ਕ ਬਣ ਕੇ ਵੀ ਆ ਜਾਂਦਾ ਹਾਂ, ਕਈ ਵਾਰ ਗਾਉਂਦਾ ਵੀ ਨਹੀਂ ਹੁੰਦਾ।”

ਫੇਰ ਦੂਰੋਂ ਹੌਬੀ ਧਾਲੀਵਾਲ ਭੱਜੇ ਆਉਂਦੇ ਹਨ ਤੇ ਹਰਮਨ ਨੂੰ ਮਾਈਕ ਦੇਣ ਦਾ ਇਸ਼ਾਰਾ ਕਰਦੇ ਹਨ। ਮਾਈਕ ਫੜ੍ਹ ਕੇ ਕਹਿੰਦੇ ਹਨ, “ਹਰਮਨ ਡਿਮਾਂਡ ’ਚ ਨੀ ਐ। ਹਰਮਨ ਤਾਂ ਇਸ ਮੇਲੇ ਦਾ ਹਿੱਸੈ ਤੇ ਇਹ ਤਾਂ ਹਮੇਸ਼ਾ ਡਿਮਾਂਡ ’ਚ ਨੀ ਐ, ਇਹ ਤਾਂ ਮੰਗ ਪਹਿਲੀ ਐ ਕਿ ਹਰਮਨ ਹੋਊਗਾ ਤਾਂ ਮੇਲਾ ਹੋਊਗਾ। ਹਰਮਨ ਜੱਟਾ ਤੂੰ ਹੋਏਂਗਾ ਤਾਂ ਮੇਲਾ ਹੋਊਗਾ ਜਿਉਂਦਾ ਰਹਿ ਹਮੇਸ਼ਾ ਹੀ ਰਹਿ।”

ਐਂਕਰ ਦਾ ਧਮਾਕਾ!

ਜਦੋਂ ਹਰਮਨ ਆਪਣਾ ਆਖ਼ਰੀ ਗੀਤ ਗਾ ਰਹੇ ਸਨ ਹੌਬੀ ਧਾਲੀਵਾਲ ਸਟੇਜ ਦੇ ਸਾਹਮਣੇ ਨੱਚ ਰਹੇ ਸਨ। ਹਰਮਨ ਦਾ ਗੀਤ ਮੁੱਕਣ ਤੋਂ ਬਾਅਦ ਬਲਜੀਤ ਕੌਰ ਜੌਹਲ ਕਹਿੰਦੇ ਹਨ-

“ਇਸ ਲਈ ਹਰਮਨ ਜੀ ਤੋਂ ਮਾਈਕ ਫੜਿਆ ਕਿ ਮੈਂ ਇੱਥੇ ਦੱਸਣਾ ਚਾਹੁੰਦੀ ਆਂ ਕਿਉਂਕਿ ਲਾਈਵ ਚੱਲ ਰਿਹਾ, ਸੋ ਮੈਂ ਇੱਥੇ ਜਦੋਂ ਵੀ ਇਸ ਮੇਲੇ ਚ ਆਦੀ ਆਂ ਆਈਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇੱਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ (ਪਰ) ਹੌਬੀ ਧਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕੱਢਦੇ ਨੇ, ਸੋ ਇਹ ਮੇਰਾ ਆਖਰੀ ਮੇਲਾ ਸੀ ਉਮਰਾਨੰਗਲ ਦਾ, ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ (ਕਾਰਨ) ਸਿਰਫ਼ ਹੌਬੀ ਧਾਲੀਵਾਲ ਹੋਣਗੇ ਕਿਉਂਕਿ ਹੁਣ ਤਾਂ ਤੁਸੀਂ ਦੇਖ ਰਹੇ ਹੋ ਹਰ ਚੀਜ਼ ’ਚ ਮੇਰੇ ਨੁਕਸ ਕੱਢ ਰਹੇ ਨੇ ਸੋ ਇਸ ਕਰ ਕੇ ਇਹ ਮੇਰਾ ਅੱਜ ਆਖ਼ਰੀ ਉਮਰਾਨੰਗਲ ਦਾ ਮੇਲਾ ਬਟ (ਪਰ) ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਹੈ ਸਿਰਫ ਇੰਨਾ ਦਾ ਹੈਗਾ ਇੱਥੇ ਉਮਰਾਨੰਗਲ ਸਾਹਿਬ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੋਬੀ ਧਾਲੀਵਾਲ ਜੀ ਨੂੰ ਇਹ ਨਹੀਂ ਪਤਾ ਇਕ ਕੁੜੀ ਨੂੰ ਇੱਜ਼ਤ ਮਾਨ ਕਿੱਦਾਂ ਦੇਈਦਾ, ਮੈਂ ਕਹਿੰਦੀ ਲੱਖ ਫ਼ਿਲਮਾਂ ਕਰ ਲੈਣ ਬਟ (ਪਰ) ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ, ਇੱਕ ਧੀ ਨੂੰ, ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਕਹਾਉਣ ਦੇ ਲਾਇਕ ਨਹੀਂ ਹੈਗੇ। ਥੈਕਯੂ ਵੈਰੀ ਮੱਚ!”

ਇਹ ਕਹਿ ਕੇ ਬਲਜੀਤ ਕੌਰ ਜੌਹਲ ਤਾਂ ਚਲੇ ਜਾਂਦੇ ਹਨ ਪਰ ਹੌਬੀ ਧਾਲੀਵਾਲ ਮਾਈਕ ਫੜ੍ਹ ਕੇ ਕਹਿੰਦੇ ਹਨ, “ਮੇਲਾ ਮੇਰਾ, ਮੇਲਾ ਆਪਣਾ, ਮੇਲਾ ਪਰਿਵਾਰ ਦਾ, ਸਾਡੀ ਐਂਕਰ ਹੈ ਉਹਨੂੰ ਬੁਲਾਇਆ ਸੀ ਉਹਨੂੰ ਮੇਰਾ ਬੋਲਣਾ ਚੰਗਾ ਨਹੀਂ ਲੱਗਿਆ ਹੋ ਸਕਦਾ ਮੈਨੂੰ ਵੀ ਕਿਸੇ ਦਾ ਬੋਲਣਾ ਚੰਗਾ ਨਾ ਲੱਗਿਆ ਹੋਵੇ, ਮੈਨੂੰ ਵੀ ਕਈ ਚੀਜ਼ਾਂ ਚੰਗੀਆਂ ਨਹੀਂ ਲੱਗੀਆਂ ਹੋ ਸਕਦੀਆਂ।“ ਉਸ ਤੋਂ ਬਾਅਦ ਐਂਕਰਿੰਗ ਦਾ ਕੰਮ ਹੌਬੀ ਧਾਲੀਵਾਲ ਹੀ ਸੰਭਾਲਦੇ ਹਨ।

ਮੇਲੇ ਦੇ ਅਗਲੇ ਕਲਾਕਾਰ ਨੂੰ ਮੰਚ ’ਤੇ ਪੇਸ਼ ਕਰਦੇ ਹੋਏ ਹੌਬੀ ਧਾਲੀਵਾਲ ਫੇਰ ਮੰਚ ’ਤੇ ਹੀ ਦੱਸਣ ਲੱਗ ਜਾਂਦੇ ਹਨ,

“ਮੈਨੂੰ ਪਰਿਵਾਰ ਸੰਭਾਲਣਾ ਆਉਂਦਾ, ਮੈਨੂੰ ਪੰਜਾਬ ਸੰਭਾਲਣਾ ਆਉਂਦਾ, ਮੈਨੂੰ ਸਤਿਕਾਰ ਸੰਭਾਲਣਾ ਆਉਂਦਾ, ਮੈਨੂੰ ਪੰਜਾਬੀ ਸੰਭਾਲਣੀ ਆਉਂਦੀ ਆ, ਮੈਨੂੰ ਬੋਲੀ ਸੰਭਾਲਣੀ ਆਉਂਦੀ, ਮੈਨੂੰ ਭੈਣ ਸੰਭਾਲਣੀ ਆਉਂਦੀ ਆ, ਮੈਨੂੰ ਧੀ ਸੰਭਾਲਣੀ ਆਉਂਦੀ ਆ। ਜੇ ਹਰ ਚੀਜ਼ ’ਚ ਮੈਂ ਪਰਪੱਕ ਹੋ ਗਿਆ ਫਿਰ ਤਾਂ ਮੈਂ ਗੁਰੂ ਹੋ ਗਿਆ, ਮੈਂ ਤਾਂ ਰੱਬ ਹੋ ਗਿਆ। ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ। ਮੈਨੂੰ ਕੁਛ ਵੀ ਨਹੀਂ ਆਉਂਦਾ ਪਰ ਮੈਨੂੰ ਕਈ ਚੀਜ਼ਾਂ ਦੀ ਲਿਆਕਤ (ਮੱਥੇ ’ਤੇ ਉਂਗਲ ਰੱਖ ਕੇ) ਇਸ ਢਾਈ ਇੰਚ ਦੇ ਵਿੱਚ ਰੱਬ ਨੇ ਦਿੱਤੀ ਆ ਉਹਨਾਂ ਢਾਈ ਇੰਚ ਦੀਆਂ ਜਿਹੜੀਆਂ ਲਿਆਕਤਾਂ ਨੇ ਉਹਨਾਂ ’ਤੇ ਮੈਂ ਮਾਣ ਕਰਦਾ ਤੇ ਮੈਂ ਉਸ ਤੋਂ ਬਹੁਤ ਖੁਸ਼ ਹਾਂ। ਕਈ ਚੀਜ਼ਾਂ ਦੇ ਵਿੱਚ ਮੈਂ ਬਹੁਤ ਬੇਵਕੂਫ਼ ਹੋ ਸਕਦਾਂ ਪਰ ਮੈਂ ਬੇਵਕੂਫ ਨਹੀਂ ਹੋ ਸਕਦਾ ਕਿਉਂਕਿ ਮੇਰੇ ਪਿੰਡ ਦੀਆਂ ਧੀਆਂ ਭੈਣਾਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ, ਮੇਰੇ ਇਸ ਟੱਬਰ ਦੀਆਂ ਧੀਆਂ ਮੈਨੂੰ ਬਹੁਤ ਪਿਆਰ ਕਰਦੀਆਂ, ਮੇਰੇ ਇਸ ਪਰਿਵਾਰ ਦੀਆਂ ਮਾਵਾਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ, ਮੇਰੇ ਇਸ ਡਿਪਾਰਟਮੈਂਟ ਦੀਆਂ, ਪੁਲਿਸ ਡਿਪਾਰਟਮੈਂਟ ਦੀਆਂ ਧੀਆਂ ਭੈਣਾਂ ਮੇਰਾ ਬਹੁਤ ਸਤਿਕਾਰ ਕਰਦੀਆਂ ਨੇ, ਮੇਰੇ ’ਚ ਕਈ ਊਣਤਾਈਆਂ ਹੋਣਗੀਆਂ, ਉਨ੍ਹਾਂ ਊਣਤਾਈਆਂ ਨੂੰ ਬਖਸ਼ ਦਿਓ, ਸਿਰਫ਼ ਤੁਹਾਡੇ ਪਿਆਰ ਸਦਕੇ ਮੈਨੂੰ ਸਤਿਕਾਰ ਦਿਓ, ਮੈਂ ਤੁਹਾਡੇ ਪਿਆਰ ਦਾ ਭੁੱਖਾ, ਜਿਉਂਦੀ ਰਹਿ ਸੂਖਮ (ਪਰਮਰਾਜ ਉਮਰਾਨੰਗਲ ਹੁਰਾਂ ਦੀ ਬੇਟੀ) ਤੈਨੂੰ ਬਹੁਤ ਸਾਰਾ ਪਿਆਰ, ਆਈ ਲਵ ਯੂ, ਕਈ ਸੁਪਨੇ ਹੁੰਦੇ ਨੇ, ਉਹ ਅਚਾਨਕ ਜਾਂਦਿਆਂ-ਜਾਂਦਿਆਂ, ਕਈ ਗ੍ਰਹਿ ਹੁੰਦੇ ਨੇ ਕਹਿੰਦੇ ਜਾਂਦਿਆਂ ਜਾਂਦਿਆਂ ਕਈ ਨੁਕਸਾਨ ਕਰ ਜਾਂਦੇ ਨੇ, ਤੂੰ ਮੇਰੀ ਧੀ ਹੈ ਲਵ ਯੂ, ਆਈ ਲਵ ਯੂ…

ਜਦੋਂ ਰਾਜਵੀਰ ਜਵੰਦਾ ਗਾ ਰਿਹਾ ਸੀ ਤਾਂ ਅਚਾਨਕ ਹੌਬੀ ਧਾਲੀਵਾਲ ਇਕ ਕੁੜੀ ਨੂੰ ਸਟੇਜ ’ਤੇ ਲੈ ਕੇ ਆਏ ਜਿਸ ਨੇ ਉਨ੍ਹਾਂ ਨੂੰ ਮੂਸੇਵਾਲੇ ਸਮਰਪਿਤ ਗੀਤ ਗਾਉਣ ਲਈ ਕਿਹਾ। ਉਸ ਨੂੰ ਉਨ੍ਹਾਂ ਨੇ ਧੀ ਸੰਦੀਪ ਕੌਰ ਕਹਿ ਕੇ ਮੰਚ ਤੋਂ ਸਰੋਤਿਆਂ ਦੇ ਰੂ-ਬ-ਰੂ ਕੀਤਾ। ਹੌਬੀ ਧਾਲੀਵਾਲ ਸੰਦੀਪ ਕੌਰ ਨੂੰ ਕਹਿਣ ਲੱਗੇ, “ਮੈਂ ਤੇਰੇ ਲਈ ਧੀਏ ਰਾਜਵੀਰ ਜਵੰਦਾ ਨੂੰ ਰੋਕ ਸਕਦਾ ਸੀ। ਸਿਖਰ ’ਤੇ ਚੱਲਦਾ ਮੇਲਾ ਰੋਕ ਸਕਦਾ ਸੀ।”

ਸੰਦੀਪ ਦੇ ਗੀਤ ਗਾਉਣ ਤੋਂ ਬਾਅਦ ਉਸ ਨੂੰ ਸਨਮਾਨਿਤ ਕੀਤਾ ਗਿਆ ਤੇ ਅਗਲੇ ਮੇਲੇ ਵਿੱਚ ਗਾਉਣ ਦਾ ਸੱਦਾ ਦਿੱਤਾ ਗਿਆ। ਸਰੋਤਿਆਂ ਵੱਲੋਂ ਜੋ ਪੈਸੇ ਸੰਦੀਪ ਦੇ ਗੀਤ ਲਈ ਆਏ ਉਹ ਉਸ ਨੂੰ ਦੇ ਕੇ ਤੋਰਿਆ ਗਿਆ।

ਕਈ ਸੁਆਲ ਅਣਸੁਲਝੇ!

ਸਭ ਤੋਂ ਪਹਿਲਾ ਸੁਆਲ ਤਾਂ ਇਹੀ ਹੈ ਕਿ ਜਦੋਂ ਹੌਬੀ ਧਾਲੀਵਾਲ ਮਾਈਕ ਬਲਜੀਤ ਕੌਰ ਦੇ ਹਵਾਲੇ ਕਰਦਿਆਂ ਇਹ ਕਹਿ ਗਏ ਸਨ ਕਿ ਹੁਣ ਮੈਂ ਦੋਬਾਰਾ ਨਹੀਂ ਆਉਂਦਾ, ਮੇਰੀ ਸਟੇਜ ਖ਼ਤਮ ਹੈ ਤਾਂ ਉਹ ਬਾਰ-ਬਾਰ ਚੱਲਦੇ ਪ੍ਰੋਗਰਾਮ ਵਿੱਚ ਐਂਕਰ ਕੋਲੋਂ ਮਾਈਕ ਫੜ੍ਹਨ ਕਿਉਂ ਆ ਰਹੇ ਸਨ? ਹੌਬੀ ਧਾਲੀਵਾਲ ਨੇ ਦੁਪਹਿਰ ਵਾਲੀ ਐਂਕਰ ਨੂੰ ਸਟੇਜ ’ਤੇ ਐਨੀਆਂ ਤਾਰੀਫ਼ਾਂ ਨਾਲ ਬੁਲਾਇਆ, ਉਸ ਵੇਲੇ ਤਾਂ ਬਲਜੀਤ ਕੌਰ ਮੌਜੂਦ ਨਹੀਂ ਸੀ। ਫੇਰ ਸ਼ਾਮ ਨੂੰ ਬਲਜੀਤ ਕੌਰ ਜੌਹਲ ਨੂੰ ਮੰਚ ’ਤੇ ਸੱਦਾ ਦੇਣ ਵਿੱਚ ਕੀ ਸਮੱਸਿਆ ਸੀ, ਜਦ ਕਿ ਹੌਬੀ ਧਾਲੀਵਾਲ ਉਸ ਵੇਲੇ ਵੀ ਮੰਚ ’ਤੇ ਮੌਜੂਦ ਸਨ। ਉਸ ਤੋਂ ਬਾਅਦ ਜਦੋਂ ਮਾਈਕ ‘ਉਧਾਰਾ’ ਲੈਣ ਵਾਲੀ ਗੱਲ ਹੋਈ ਉਦੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਐਂਕਰ ਨੂੰ ਬਾਰ-ਬਾਰ ਆ ਕੇ ਮਾਈਕ ਮੰਗਣਾ ਠੀਕ ਨਹੀਂ ਲੱਗ ਰਿਹਾ ਸੀ। ਇਨ੍ਹਾਂ ਹੀ ਗੱਲਾਂ ਤੋਂ ਮਹਿਸੂਸ ਹੁੰਦਾ ਹੈ ਕਿ ਹੌਬੀ ਧਾਲੀਵਾਲ ਤੇ ਐਂਕਰ ਬਲਜੀਤ ਕੌਰ ਜੌਹਲ ਵਿਚਾਲੇ ਕੋਈ ਵਿਵਾਦ ਜਾਂ ਨਾ-ਪਸੰਦਗੀ ਜਾਂ ਟਕਰਾਅ ਪਹਿਲਾਂ ਤੋਂ ਸੀ।

ਉਸ ਤੋਂ ਬਾਅਦ ਜਦੋਂ ਫੇਰ ਮਾਈਕ ਮੰਗਣ ’ਤੇ ਖ਼ੁਦ ਆਈਜੀ ਪਰਮਰਾਜ ਉਮਰਾਨੰਗਲ ਨੇ ਪਹਿਲਾਂ ਐਂਕਰ ਨੂੰ ਤੇ ਫੇਰ ਹੌਬੀ ਧਾਲੀਵਾਲ ਨੂੰ ਦੇਰ ਹੋਣ ਦਾ ਕਹਿ ਕੇ ਮਾਈਕ ਨਾ ਦੇਣ ਦਾ ਕਿਹਾ ਤਾਂ ਫ਼ਿਰ ਹੌਬੀ ਧਾਲੀਵਾਲ ਦਾ ਐਂਕਰ ’ਤੇ ਗੁੱਸਾ ਕਰਨਾ ਕਿਵੇਂ ਜਾਇਜ਼ ਹੈ? ਜੇ ਗ਼ੌਰ ਨਾਲ ਦੇਖਿਆ ਜਾਵੇ ਤਾਂ ਐਂਕਰ ਹੌਬੀ ਧਾਲੀਵਾਲ ਨਾਲ ਸਿੱਧੇ ਟਕਰਾਅ ਤੋਂ ਬੱਚ ਰਹੀ ਸੀ। ਉਹ ਮਾਈਕ ਦੇਣ ਤੋਂ ਮਨ੍ਹਾਂ ਵੀ ਕਰ ਰਹੀ ਸੀ, ਹੱਸ ਕੇ ਗੱਲ ਨੂੰ ਟਾਲ ਵੀ ਰਹੀ ਸੀ ਤੇ ਮਾਈਕ ਦੇ ਵੀ ਰਹੀ ਸੀ। ਇੱਥੋਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਇੰਨਾਂ ਦੀ ਪਹਿਲਾਂ ਹੀ ਬੈਕ-ਸਟੇਜ ਗੱਲ ਹੋਈ ਹੋਵੇ ਕਿ ਮੰਚ-ਸੰਚਾਲਨ ਵਿੱਚ ਕੋਈ ਵੀ ਦਖ਼ਲਅੰਦਾਜ਼ੀ ਨਹੀਂ ਕਰੇਗਾ।

ਇੱਥੋਂ ਤੱਕ ਕਿ ਜਦੋਂ ਹੌਬੀ ਧਾਲੀਵਾਲ ਨੇ ਆਪਣੇ ਖ਼ਾਸੇ ਵੱਡੇ ਹੋਣ ਵਾਲੀ ਹੰਕਾਰ ਭਰੀ ਗੱਲ ਕੀਤੀ ਸੀ, ਉਦੋਂ ਵੀ ਉਨ੍ਹਾਂ ਨੇ ਐਂਕਰ ਦਾ ਨਾਮ ਨਹੀਂ ਲਿਆ ਸੀ।  ਉਨ੍ਹਾਂ ਕਿਹਾ ਸੀ ਕਿ ਮੰਚ ਤੋਂ ਜਿਸ ਅਵਾਜ਼ ਨੇ ਉਨ੍ਹਾਂ ਨੂੰ ਕਿਹਾ ਹੈ ਕਿ “ਰਹਿਣ ਦੋ”, ਮੈਂ ਉਸ ਆਵਾਜ਼ ਨੂੰ ਦੱਸਣਾ ਚਾਹੁੰਦਾ ਹਾਂ। ਉਸ ਤੋਂ ਬਾਅਦ ਐਂਕਰ ਨੇ ਵੀ ਬਿਨਾਂ ਉਨ੍ਹਾਂ ਦਾ ਨਾਮ ਲਏ ‘ਹੰਕਾਰ’ ਤੇ ‘ਸ਼ੌਹਰਤ’ ਸੰਬੰਧੀ ਦੋ ਸ਼ਿਅਰ ਸੁਣਾ ਕਿ ਇਸ਼ਾਰੇ ਨਾਲ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਵੀ ਸਿੱਧਾ ਟਕਰਾਉ ਨਹੀਂ ਸੀ ਹੋਇਆ। ਲੇਕਿਨ ਉਸ ਤੋਂ ਬਾਅਦ ਹੌਬੀ ਧਾਲੀਵਾਲ ਨੇ ਹਰ ਗੱਲ ਵਿੱਚ ਐਂਕਰ ਨੂੰ ਟੋਕਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਤੱਕ ਉਹ ‘ਕਦੇ ਵੀ ਮੇਲੇ ਵਿੱਚ ਦੋਬਾਰਾ ਨਾ ਆਉਣ’ ਦਾ ਬਿਆਨ ਦੇ ਕੇ ਚਲੀ ਨਹੀਂ ਗਈ, ਉਦੋਂ ਤੱਕ ਟੋਕਦੇ ਹੀ ਰਹੇ।

ਜਦੋਂ ਹੀ ਐਂਕਰ ਕੋਈ ਗੱਲ ਬੋਲਦੀ ਸੀ। ਹੌਬੀ ਧਾਲੀਵਾਲ ਫਟਾਫਟ ਮਾਈਕ ਫੜ੍ਹ ਕੇ ਉਸ ਦੀ ਗੱਲ੍ਹ ਕੱਟਣ ਲੱਗਦੇ ਸਨ। ਭਾਵੇਂ ਉਹ ਹਰਮਨ ਦੀ ਡਿਮਾਂਡ ਵਾਲੀ ਗੱਲ ਹੋਵੇ ਜਾਂ ਆਤਸ਼ਬਾਜ਼ੀ ਵਾਲੀ ਗੱਲ ਹੋਵੇ। ਸਾਫ਼ ਦਿਸ ਰਿਹਾ ਸੀ ਕਿ ਮਾਈਕ ਨਾ ਦੇਣ ਵਾਲੀ ਗੱਲ ਨੂੰ ਹੌਬੀ ਧਾਲੀਵਾਲ ਨੇ ਅਣਖ ਦਾ ਸੁਆਲ ਬਣਾ ਲਿਆ। ਉਸ ਤੋਂ ਬਾਅਦ ਉਹ ਐਂਕਰ ਨਾਲ ਜ਼ਿੱਦਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਸਨ। ਜਦੋਂ ਐਂਕਰ ਨੇ ਅੱਗੋਂ ਅਸਿੱਧੇ ਰੂਪ ਵਿੱਚ ਬਰਾਬਰ ਦਾ ਜੁਆਬ ਦੇਣ ਲੱਗੀ ਤਾਂ ਉਹ ਹੋਰ ਤੈਸ਼ ਵਿੱਚ ਆ ਗਏ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਐਂਕਰ ਦਾ ਕੰਮ ਮੇਲੇ ਵਿੱਚ ਸਭ ਨੂੰ ਜੋੜ ਕੇ ਨਾਲ ਲੈ ਕੇ ਚੱਲਣਾ ਹੁੰਦਾ ਹੈ ਨਾ ਕਿ ਪ੍ਰਬੰਧਕਾਂ ਨਾਲ ਟਕਰਾਅ ਪੈਦਾ ਕਰਨਾ। ਇੱਥੇ ਇਹ ਵੀ ਗੱਲ ਗੌਰ ਕਰਨ ਵਾਲੀ ਹੈ ਕਿ ਇਕ ਚੰਗਾ ਮੇਲਾ ਪ੍ਰਬੰਧਕ ਐਂਕਰ ਸਮੇਤ ਸਾਰੇ ਕਲਾਕਾਰਾਂ ਨੂੰ ਲੈ ਕੇ ਚੱਲਦਾ ਹੈ। ਜੇ ਹੌਬੀ ਧਾਲੀਵਾਲ ਸੱਚਮੁੱਚ ਇਕ ਚੰਗੇ ਪ੍ਰਬੰਧਕ ਦਾ ਫ਼ਰਜ਼ ਨਿਭਾਉਂਦੇ ਤਾਂ ਉਹ ਪਰਮਰਾਜ ਉਮਰਾਨੰਗਲ ਤੇ ਐਂਕਰ ਨਾਲ ਮੰਚ ਤੋਂ ਪਰ੍ਹਾਂ ਬੈਠ ਕੇ ਆਰਾਮ ਨਾਲ ਪੈਦਾ ਹੋਏ ਟਕਰਾਅ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਸਨ। ਇਸ ਦੇ ਉਲਟ ਸ਼ਾਮ ਤੋਂ ਲੈ ਕੇ ਰਾਤ ਤੱਕ ਹੌਬੀ ਧਾਲੀਵਾਲ ਤੇ ਬਲਜੀਤ ਕੌਰ ਜੌਹਲ ਵਿਚਾਲੇ ਟਕਰਾਅ ਵਧਦਾ ਹੀ ਗਿਆ। ਜਿਸ ਨੂੰ ਰੋਕਣ ਦੀ ਕੋਸ਼ਿਸ਼ ਕਿਸੇ ਨੇ ਵੀ ਨਹੀਂ ਕੀਤੀ।

ਇੱਥੋਂ ਤੱਕ ਕਿ ਜਦੋਂ ਬਲਜੀਤ ਕੌਰ ਜੌਹਲ ਦੋਬਾਰਾ ਕਦੇ ਵੀ ਮੇਲੇ ਵਿੱਚ ਨਾ ਆਉਣ ਦਾ ਐਲਾਨ ਕਰਦੇ ਹੋਏ ਹੌਬੀ ਧਾਲੀਵਾਲ ਦੇ ਵਤੀਰੇ ਨੂੰ ਕਾਰਨ ਦੱਸ ਰਹੇ ਸਨ ਤਾਂ ਕੋਲ ਖੜ੍ਹੇ ਹਰਜੀਤ ਹਰਮਨ ਨੇ ਐਂਕਰ ਤੋਂ ਮਾਇਕ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਪਹਿਲਾਂ ਵੀ ਹਰਜੀਤ ਹਰਮਨ ਨੇ ਹੌਬੀ ਧਾਲੀਵਾਲ ਦੇ ਵਤੀਰੇ ਨੂੰ ਇਹ ਕਹਿ ਕਿ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਤੋਂ ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ ਉਹ ਇਸ ਮੇਲੇ ਵਿੱਚ ਆ ਰਹੇ ਹਨ। ਹੌਬੀ ਧਾਲੀਵਾਲ ਨੇ ਤਾਂ ਇਹ ਕਹਿਣ ਤੋਂ ਵੀ ਗ਼ੁਰੇਜ਼ ਨਹੀਂ ਕੀਤਾ, “ਮੇਲਾ ਮੇਰਾ ਹੈ, ਮੇਰੇ ਪਰਿਵਾਰ ਦਾ ਹੈ। ਅਸੀਂ ਐਂਕਰ ਨੂੰ ਬੁਲਾਇਆ ਹੈ।” ਕੀ ਉਹ ਕਹਿਣਾ ਚਾਹੁੰਦੇ ਸਨ ਕਿ ਕਲਾਕਾਰ ਤੇ ਐਂਕਰ ਸਿਰਫ਼ ਉਨ੍ਹਾਂ ਦੇ ਇਸ਼ਾਰਿਆਂ ’ਤੇ ਨੱਚਣ? ਉਨ੍ਹਾਂ ਦੇ ਠੀਕ-ਗ਼ਲਤ ਬਾਰੇ ਕੋਈ ਸੁਆਲ ਨਾ ਕਰਨ?

ਇੱਥੇ ਇਹ ਵੀ ਸੁਆਲ ਪੈਦਾ ਹੁੰਦਾ ਹੈ ਕਿ ਹੌਬੀ ਧਾਲੀਵਾਲ ਨੂੰ ਐਂਕਰ ਵੱਲੋਂ ਮਾਈਕ ਨਾ ਦੇਣ ਦੀ ਗੱਲ ਚੰਗੀ ਨਹੀਂ ਲੱਗੀ ਸੀ ਜਾਂ ਆਈਜੀ ਪਰਮਰਾਜ ਉਮਰਾਨੰਗਲ ਵੱਲੋਂ ਸਭ ਦੇ ਸਾਹਮਣੇ ਮਨ੍ਹਾਂ ਕਰਨਾ ਚੰਗਾ ਨਹੀਂ ਲੱਗਿਆ ਸੀ? ਕਿਤੇ ਉਹ ਆਪਣੇ ਯਾਰ ਆਈਜੀ ਦੀ ਗੱਲ ਦਾ ਗੁੱਸ ਐਂਕਰ ’ਤੇ ਤਾਂ ਨਹੀਂ ਕੱਢ ਰਹੇ ਸਨ? ਉਸ ਐਂਕਰ ’ਤੇ ਜੋ ਪਹਿਲਾਂ ਹੀ ਆਈਜੀ ਦੇ ਪਰਿਵਾਰ ਨਾਲ ਆਪਣੀ ਨੇੜਤਾ ਦਿਖਾ ਚੁੱਕੀ ਸੀ।

ਜਦੋਂ ਐਂਕਰ ਬਲਜੀਤ ਕੌਰ ਆਪਣਾ ਐਲਾਨ ਕਰ ਕੇ ਚਲੀ ਗਈ ਤਾਂ ਅਚਾਨਕ ਹੌਬੀ ਧਾਲੀਵਾਲ ਕੁੜੀਆਂ ਪ੍ਰਤੀ ਕੁਝ ਜ਼ਿਆਦਾ ਹੀ ਪਿਅਰ ਦਿਖਾਉਣ ਲੱਗੇ ਪਏ। ਜਦੋਂ ਮੇਲਾ ਖ਼ਤਮ ਹੋਣ ਵਾਲਾ ਸੀ ਤਾਂ ਇਕ ਕੁੜੀ ਨੂੰ ਮੰਚ ’ਤੇ ਪੇਸ਼ ਕਰਦਿਆਂ ਕਿਹਾ ਕਿ ਇਸ ਨੇ ਮੈਨੂੰ ਇੰਨੀ ਵੱਡੀ ਗੱਲ ਕਹਿ ਦਿੱਤੀ ਕਿ ਮੈਂ ਇਸ ਧੀ ਨੂੰ ਗਾਉਣ ਤੋਂ ਮਨ੍ਹਾਂ ਨਹੀਂ ਕਰ ਸਕਦਾ। ਉਦੋਂ ਵੀ ਉਸ ਕੁੜੀ ਨੂੰ ਆਪਣਾ ਰੁਤਬਾ ਜਤਾਉਣ ਤੋਂ ਨਹੀਂ ਟਲੇ ਇਹ ਦੱਸਦਿਆਂ ਕਿ ਦੇਖ ਮੈਂ ਤੇਰੇ ਲਈ ਰਾਜਵੀਰ ਜਵੰਦੇ ਨੂੰ ਰੁਕਵਾ ਦਿੱਤਾ।  ਸੰਦੀਪ ਕੌਰ ਨਾਮਕ ਉਸ ਕੁੜੀ ਨੂੰ ਪੇਸ਼ ਕਰਨ ਤੋਂ ਵੀ ਪਹਿਲਾਂ ਹੌਬੀ ਧਾਲੀਵਾਲ ਨੇ ਇੱਕ ਲੰਬਾ ਮੋਨਾਲੋਗ ਵੀ ਬੋਲਿਆ ਕਿ ਮੈਨੂੰ ਕੁੜੀਆਂ, ਧੀਆਂ, ਭੈਣਾਂ ਸੰਭਾਲਣੀਆਂ ਆਉਂਦੀਆਂ ਨੇ। ਇਹ ਸਾਰਾ ਡਿਫੈਂਸ ਮੈਕਨਿਜ਼ਮ ਉਸ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਉਹਨਾਂ ਨੂੰ ਲੱਗਾ ਕਿ ਐਂਕਰ ਤਾਂ ਕਹਿ ਕੇ ਚਲੀ ਗਈ ਇੱਥੇ ਜਿਹੜੇ ਲੋਕ ਬੈਠੇ ਨੇ ਉਨ੍ਹਾਂ ਨੂੰ ਦਿਖਾਵਾਂ ਕਿ ਮੈਂ ਕੁੜੀਆਂ ਦੀ ਕਿੰਨੀ ਇੱਜ਼ਤ ਕਰਦਾ ਹਾਂ।

ਵੈਸੇ ਇਹ ਪੰਜਾਬ ਦੇ ਮੇਲਿਆਂ ਦਾ ਖ਼ਾਸਾ ਰਿਹਾ ਹੈ ਕਿ ਅਜਿਹੇ ਮੇਲੇ ਰਸੂਖ਼ਦਾਰ ਲੋਕਾਂ ਵੱਲੋਂ ਕਰਵਾਏ ਜਾਂਦੇ ਹਨ। ਚੱਲਦੇ ਮੇਲੇ ਦੌਰਾਨ ਕਲਾਕਾਰ ਉਨ੍ਹਾਂ ਨਾਲ ਤੇ ਉਹ ਕਲਾਕਾਰਾਂ ਨਾਲ ਆਪਣੀ ਨੇੜਤਾ ਦਿਖਾ ਕੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸੇ ਕਰ ਕੇ ਅਕਸਰ ਇਨ੍ਹਾਂ ਮੇਲਿਆਂ ਵਿੱਚ ਪ੍ਰਬੰਧਕਾਂ ਵੱਲੋਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਆਪਣੇ ਕਿਸੇ ਚਹੇਤੇ ਐਂਕਰ ਨੂੰ ਹੀ ਦਿੱਤੀ ਜਾਂਦੀ ਹੈ ਜੋ ਬਾਰ-ਬਾਰ ਪ੍ਰਬੰਧਕਾਂ ਦੀਆਂ ਤਾਰੀਫ਼ਾਂ ਕਰਦਾ ਰਹੇ। ਨਾਲੇ ਪ੍ਰਬੰਧਕ ਬਾਰ-ਬਾਰ ਆ ਕੇ ਮੰਚ ਸੰਚਾਲਕ ਤੋਂ ਮਇਕ ਫੜ੍ਹ ਸਕਦੇ ਹਨ। ਹੌਬੀ ਧਾਲੀਵਾਲ ਦਾ ਤਾਂ ਸਾਰਾ ਜ਼ੋਰ ਇਹੀ ਦੱਸਣ ’ਤੇ ਲੱਗਿਆ ਹੋਇਆ ਸੀ ਕਿ ਫਲਾਣਾ ਕਲਾਕਾਰ ਉਨ੍ਹਾਂ ਦੇ ਕਿੰਨੇ ਕੰਮ ਆਉਂਦਾ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਿੰਨੇ ਕੰਮ ਆਉਣਾ ਪੈਂਦਾ ਹੈ। ਸਵੇਰ ਤੋਂ ਰਾਤ ਤੱਕ ਹਰ ਗਾਇਕ ਦੀ ਪੇਸ਼ਕਾਰੀ ਤੋਂ ਬਾਅਦ ਬਾਰ-ਬਾਰ ਮੰਚ ’ਤੇ ਜਾ ਕੇ ਮਾਈਕ ਫੜ ਕੇ ਇਹੀ ਦੱਸਣ ਲੱਗ ਜਾਂਦੇ ਸਨ। ਜਦਕਿ ਆਈਜੀ ਪਰਮਰਾਜ ਉਮਰਾਨੰਗਲ ਨੇ ਬਹੁਤ ਘੱਟ ਵਾਰ ਮਾਈਕ ਫੜ੍ਹਿਆ ਤੇ ਜਦੋਂ ਫੜ੍ਹਿਆ ਵੀ ਤਾਂ ਉਹ ਇਕ ਸਤਰ ਵਿੱਚ ਜੋ ਨਿਰਦੇਸ਼ ਦੇਣਾ ਹੁੰਦਾ ਸੀ ਦੇ ਕੇ ਗੱਲ ਮੁਕਾ ਦਿੰਦੇ ਸਨ।

ਖ਼ੈਰ ਜੋ ਵੀ ਹੋਵੇ ਕਿਸੇ ਕਲਾਕਾਰ ਦਾ ਆਪਣੇ ਕੰਮ ਗਿਣਾ ਕੇ ਆਪਣੇ ਆਪ ਨੂੰ ਵੱਡਾ ਦੱਸਣਾ ਕਦੇ ਵੀ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕਿਸੇ ਦੂਜੇ ਕਲਾਕਾਰ ਨੂੰ ਆਪਣਾ ਰੁਤਬਾ ਦੱਸ ਕੇ ਗੱਲ ਕਰਨ ਦੀ ਜ਼ੁਰੱਅਤ ਦਾ ਸੁਆਲ ਪਾਉਣਾ ਕਦੇ ਵੀ ਵੱਡੇ ਕਲਾਕਾਰ ਹੋਣ ਦੀ ਨਿਸ਼ਾਨੀ ਨਹੀਂ ਹੋ ਸਕਦਾ। ਬਲਕਿ ਵੱਡੇ ਕਲਾਕਾਰ ਤਾਂ ਨਿਮਰਤਾ ਨਾਲ ਭਰੇ ਹੁੰਦੇ ਹਨ। ਜਦੋਂ ਕਲਾਕਾਰ ਨਿਮਰਤਾ ਗੁਆ ਕੇ ਆਪਣੇ ਵੱਡੇ ਹੋਣ ਦਾ ਦਾਬਾ ਦੂਜਿਆਂ ’ਤੇ ਪਾਉਣ ਲੱਗਦਾ ਹੈ ਤਾਂ ਕੋਈ ਨਾ ਕੋਈ ਜ਼ਰੂਰ ਜ਼ੁਰੱਅਤ ਨਾਲ ਉਨ੍ਹਾਂ ਨੂੰ ਜੁਆਬ ਦੇ ਹੀ ਜਾਂਦਾ ਹੈ। ਬਹੁਤ ਘੱਟ ਲੋਕ ਆਪਣੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਕੇ ਇਹ ਜ਼ੋਖ਼ਮ ਉਠਾਉਂਦੇ ਹਨ। ਐਂਕਰ ਬਲਜੀਤ ਕੌਰ ਜੌਹਲ ਨੇ ਇਹੀ ਕੀਤਾ ਹੈ।

ਲਾਈਵ ਵਿੱਚੋਂ ਕਿਉਂ ਹਟਾਏ ਵਿਵਾਦਤ ਦ੍ਰਿਸ਼

ਹੈਰਾਨੀ ਦੀ ਗੱਲ ਨਹੀਂ ਕੀ ਐਂਕਰ ਬਲਜੀਤ ਕੌਰ ਜੌਹਲ ਨਾਲ ਹੌਬੀ ਧਾਲੀਵਾਲ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਮੇਲੇ ਦੀ ਲਾਈਵ ਵੀਡੀਉ ਵਿੱਚੋਂ ਉਹ ਦ੍ਰਿਸ਼ ਹਟਾ ਦਿੱਤੇ ਗਏ ਹਨ। ਹਟਾਉਣ ਵਿੱਚ ਦੇਰ ਹੋ ਚੁੱਕੀ ਸੀ, ਉਸ ਤੋਂ ਪਹਿਲਾਂ ਹੀ ਉਹ ਦ੍ਰਿਸ਼ ਸ਼ੋਸ਼ਲ ਮੀਡੀਆ ‘ਤੇ ਇੰਨੇ ਕੋ ਵਾਇਰਲ ਹੋ ਚੁੱਕੇ ਸਨ ਕਿ ਸਭ ਨੂੰ ਹਟਾਉਣਾ ਮੁਸ਼ਕਿਲ ਹੀ ਹੈ। ਕੁਝ ਚੈਨਲਾਂ ‘ਤੇ ਉਹ ਦ੍ਰਿਸ਼ ਹੁਣ ਵੀ ਮੌਜੂਦ ਹਨ, ਇਕ ਵੀਡੀਉ ਅਸੀਂ ਪਾਠਕਾਂ ਵਾਸਤੇ ਹੇਠਾਂ ਦੇ ਰਹੇ ਹਾਂ।

ਮੇਲਾ ਉਮਰਾਨੰਗਲ ਦਾ 9 ਘੰਟੇ ਦਾ ਪੂਰਾ ਵੀਡੀਉ

ਕੱਟੇ ਗਏ ਦ੍ਰਿਸ਼



ਤੁਹਾਨੂੰ ਇਹ ਤੱਥ ਆਧਾਰਤ ਰਿਪੋਰਟ ਕਿਹੋ ਜਿਹੀ ਲੱਗੀ ਆਪਣੀ ਵਿਚਾਰ ਟਿੱਪਣੀ ਕਰ ਕੇ ਜ਼ਰੂਰ ਦੱਸਣਾ। ਇਸ ਰਿਪੋਰਟ ਨੂੰ ਵੱਧ ਤੋਂ ਵੱਧ ਜ਼ਰੂਰ ਸਾਂਝਾ ਕਰਨਾ ਤਾਂ ਜੋ ਸਭ ਲੋਕਾਂ ਨੂੰ ਪੂਰੀ ਸੱਚਾਈ ਪਤਾ ਲੱਗ ਸਕੇ।

Read in English

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com