ਕੀ ਐਸ.ਵਾਈ.ਐੱਲ. ਗੀਤ ਕਰਕੇ ਹੋਇਆ ਸਿੱਧੂ ਮੂਸੇਵਾਲੇ ਦਾ ਕਤਲ?
Photo Credit : Sidhu Moosewala FB
ਸੋਸ਼ਲ ਮੀਡੀਆ ’ਤੇ ਅੱਜ-ਕੱਲ੍ਹ ਇਹ ਗੱਲ ਚਰਚਾ ਵਿਚ ਹੈ ਕਿ ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ SYL ਗੀਤ ਕਰਕੇ ਹੋਇਆ। ਕਤਲ ਇਸ ਲਈ ਕਰਵਾਇਆ ਗਿਆ ਕਿਉਂਕਿ ਐਸਵਾਲੀਐਲ (SYL) ਗੀਤ ਵਿਚ ਉਸ ਨੇ ਸੱਤਾ ਉੱਤੇ ਸਵਾਲ ਚੁੱਕੇ ਸਨ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਸਵਾਈਐਲ (SYL) ਨਹਿਰ ਦੇ ਇੰਜੀਨੀਅਰਾਂ ਨੂੰ ਗੱਡੀ ਚਾੜਨ ਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ (Balwinder Singh Jattana) ਦਾ ਜ਼ਿਕਰ ਕਰਨ ਕਰਕੇ ਸੱਤਾ ਨੇ ਉਸ ਨੂੰ ਖ਼ਤਮ ਕਰਵਾ ਦਿੱਤਾ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ (Sidhu Moosewala) ਦੇ ਪ੍ਰਸ਼ੰਸਕਾਂ ਨੂੰ ਉਸ ਦੇ ਗੀਤ ਐਸਵਾਈਐਲ (SYL) ਦੀ ਬੇਸਬਰੀ ਨਾਲ ਉਡੀਕ ਸੀ। ਸੁਆਲ ਪੈਦਾ ਹੁੰਦਾ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਉਦੋਂ ਤੱਕ ਇਹ ਗੀਤ ਰਿਲੀਜ਼ ਨਹੀਂ ਹੋਇਆ ਸੀ। ਬੀਤੇ ਦਿਨੀਂ ਐਸਵਾਲੀਐਲ (SYL) ਗੀਤ ਸੋਸ਼ਲ ਮੀਡੀਆ ’ਤੇ ਲੀਕ ਕਰ ਦਿੱਤਾ ਗਿਆ। ਉਸ ਤੋਂ ਬਾਅਦ ਮੂਸੇਵਾਲਾ ਦੇ ਸੋਸ਼ਲ ਮੀਡੀਆ ਤੋਂ ਇਹ ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ। ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ’ਤੇ ਇਹ ਗੀਤ 23 ਜੂਨ 2022 ਨੂੰ ਸ਼ਾਮ 6 ਵਜੇ ਰਿਲੀਜ਼ ਕੀਤਾ ਗਿਆ।
Sidhu Moosewala ਦੇ ਗੀਤ SYL ਦਾ ਵੀਡੀਓ
SYL ਗੀਤ ਕਿਉਂ ਹੈ ਚਰਚਾ ਵਿਚ?
ਇਸ ਗੀਤ ਵਿਚ ਸਿੱਧੂ ਮੂਸੇਵਾਲੇ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ’ਤੇ ਇਤਿਹਾਸ ਦੇ ਹਵਾਲੇ ਨਾਲ ਟਿੱਪਣੀਆਂ ਕੀਤੀਆਂ ਹਨ। ਉਸ ਨੇ ਪੰਜਾਬ ਤੋਂ ਅੱਡ ਕਰਕੇ ਬਣਾਏ ਗਏ ਹਰਿਆਣਾ, ਹਿਮਾਚਲ-ਪ੍ਰਦੇਸ਼ ਤੇ ਚੰਡੀਗੜ੍ਹ ਵਾਪਸ ਕਰਨ ਦੀ ਮੰਗ ਕੀਤੀ ਹੈ। ਸੰਨ 1966 ਵਿਚ ਪੰਜਾਬ ਰਾਜ ਪੁਨਰਗਠਨ ਐਕਟ ਅਧੀਨ ਪੰਜਾਬ ਨੂੰ ਵੰਡ ਕੇ ਇਹ ਸੂਬੇ ਬਣਾਏ ਗਏ ਸਨ। ਪੰਜਾਬ ਦੇ ਪਿੰਡਾਂ ਦੀ ਜ਼ਮੀਨ ’ਤੇ ਚੰਡੀਗੜ੍ਹ ਵਸਾਇਆ ਗਿਆ ਸੀ। ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ ਸੀ।
ਅੱਗੇ ਚੱਲ ਕੇ ਫੈਡਰਲ ਢਾਂਚੇ ਅਨੁਸਾਰ ਸੂਬਿਆਂ ਦੇ ਕੁਰਦਤੀ ਸਰੋਤਾਂ ਦੀ ਵੰਡ ਕਰਨ ਦੀ ਮੰਗ ਜ਼ੋਰ ਫੜਨ ਲੱਗੀ। ਉਸੇ ਦੌਰ ਵਿਚ ਕੌਮਾਂਤਰੀ ਨਿਯਮਾਂ ਅਨੁਸਾਰ ਪਾਣੀਆਂ ਦੀ ਵੰਡ ਦਾ ਮਸਲਾ ਭੱਖਿਆ। ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਲਈ ਸਤਲੁਜ-ਯਮੁਨਾ ਲਿੰਕ ਨਹਿਰ ਬਣਾਉਣ ਦੀ ਯੋਜਨਾ ਬਣੀ। ਇਸ ਨਹਿਰ ਨੂੰ ਰਿਪੇਰੀਅਨ ਕਾਨੂੰਨ ਦੇ ਖ਼ਿਲਾਫ਼ ਮੰਨਿਆ ਗਿਆ। ਉਦੋਂ ਤੋਂ ਨਹਿਰ ਬਣਾਉਣ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਪੰਜਾਬ, ਹਰਿਆਣਾ ਤੇ ਕੇਂਦਰ ਵਿਚ ਸੱਤਾ ਭੋਗਦੀਆਂ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਸਿਆਸਤ ਲਈ ਵਰਤਿਆ। ਪਿਛਲੇ ਸਾਲ ਚੱਲੇ ਕਿਸਾਨੀ ਮੋਰਚੇ ਦੌਰਾਨ ਪੰਜਾਬ ਦੇ ਹੱਕਾਂ ਦੀ ਗੱਲ ਉੱਠੀ। ਉਦੋਂ ਐਸਵਾਈਐਲ (SYL) ਦਾ ਮੁੱਦਾ ਇਕ ਵਾਰ ਫੇਰ ਭੱਖ ਗਿਆ।
ਜਿਸ ਦਿਨ ਇਹ ਗੀਤ ਲੀਕ ਹੋਇਆ, ਉਸ ਦਿਨ ਹੀ ਸੋਸ਼ਲ ਮੀਡੀਆ ’ਤੇ ਸਾਜਿਸ਼ੀ ਥਿਊਰੀ ਵਾਲੀਆਂ ਪੋਸਟਾਂ ਆਉਣ ਲੱਗ ਪਈਆਂ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ ਗੀਤ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ? ਕੀ ਇਸ ਤੋਂ ਪਹਿਲਾਂ ਕਿਸੇ ਗਾਇਕ ਨੇ ਕੋਈ ਅਜਿਹਾ ਗੀਤ ਨਹੀਂ ਗਾਇਆ ਜੋ ਸੱਤਾ ਨੂੰ ਸਵਾਲ ਕਰਦਾ ਹੋਵੇ? ਇਸ ਸੁਆਲ ਦਾ ਜੁਆਬ ਦੇਣ ਤੋਂ ਪਹਿਲਾਂ ਆਉ ਕੁਝ ਗੀਤਾਂ ਤੇ ਫ਼ਿਲਮਾਂ ਦੇ ਵੀਡਿਓ ਦੇਖਦੇ ਹਾਂ।
ਕੌਮ ਦੇ ਹੀਰੇ – ਰਾਜ ਕਾਕੜਾ
ਪਹਿਲੀ ਵੀਡੀਓ ਫ਼ਿਲਮ ਕੌਮ ਦੇ ਹੀਰੇ ਦੇ ਟਰੇਲਰ ਦੀ ਹੈ। ਇਹ ਫ਼ਿਲਮ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਤਵੰਤ ਸਿੰਘ ਤੇ ਬੇਅੰਤ ਸਿੰਘ ਦੇ ਜੀਵਨ ’ਤੇ ਆਧਾਰਿਤ ਹੈ। ਪਹਿਲਾਂ ਭਾਰਤੀ ਸੈਂਸਰ ਬੋਰਡ ਨੇ ਇਸ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦੇ ਦਿੱਤਾ ਸੀ। ਪਰ ਕੇਂਦਰ ਸਰਕਾਰ ਦੇ ਹੁਕਮਾਂ ’ਤੇ ਸਰਟੀਫ਼ਕੇਟ ਰੱਦ ਕਰ ਦਿੱਤਾ ਗਿਆ। ਬਾਅਦ ਵਿਚ ਦਿੱਲੀ ਹਾਈਕੋਰਟ ਨੇ ਫ਼ਿਲਮ ਰਿਲੀਜ਼ ਕਰਨ ਦਾ ਫ਼ੈਸਲਾ ਸੁਣਾ ਦਿੱਤਾ। ਸੋ ਇਹ ਫ਼ਿਲਮ ਸਿਨੇਮਿਆਂ ਵਿਚ ਵੀ ਰਿਲੀਜ਼ ਹੋਈ ’ਤੇ ਯੂਟਿਊਬ ’ਤੇ ਵੀ ਉਪਲਬੱਧ ਹੈ। ਇਸ ਫ਼ਿਲਮ ਦੇ ਗੀਤਾਂ ਵਿਚ ਵੀ ਬਾਰ-ਬਾਰ ਸੱਤਾ ਨੂੰ ਸਵਾਲ ਕੀਤੇ ਗਏ ਸਨ।
ਇਸ ਫ਼ਿਲਮ ਦੇ ਗੀਤ ਰਾਜ ਕਾਕੜਾ ਨੇ ਲਿਖੇ ਤੇ ਗਾਏ ਸਨ। ਯੂਟਿਊਬ ’ਤੇ ਕੌਮ ਦੇ ਹੀਰੇ ਫ਼ਿਲਮ ਤੇ ਇਸ ਦੇ ਗੀਤਾਂ ਦੇ ਲੱਖਾਂ ਵਿਊਜ਼ ਹਨ। ਅੱਜ ਵੀ ਲੋਕ ਰਾਜ ਕਾਕੜੇ ਦੇ ਗੀਤਾਂ ਦੀ ਉਡੀਕ ਕਰਦੇ ਹਨ। ਉਹ ਵੀ ਕੌਮ ਤੇ ਸਮਾਜ ਨਾਲ ਜੁੜੇ ਵੱਖ-ਵੱਖ ਮਸਲਿਆਂ ’ਤੇ ਗੀਤ ਲਿਖਦੇ ’ਤੇ ਗਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲਦਾ ਹੈ।
ਸਿਰਫ ਇਹ ਫ਼ਿਲਮ ਹੀ ਨਹੀਂ, ਰਾਜ ਕਾਕੜੇ ਦੇ ਹੋਰ ਕਈ ਗੀਤ ਹਨ ਜੋ ਸੱਤਾ ’ਤੇ ਸਵਾਲ ਕਰਦੇ ਹਨ। ਉਨ੍ਹਾਂ ਗੀਤਾਂ ਦੇ ਵੀ ਲੱਖਾਂ ਵਿਊਜ਼ ਹਨ ਤੇ ਲੋਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ।
ਸਾਡਾ ਹੱਕ – ਕੁਲਜਿੰਦਰ ਸਿੱਧੂ
ਅਗਲੀ ਵੀਡੀਓ ਸਾਡਾ ਹੱਕ ਫ਼ਿਲਮ ਦੇ ਟਰੇਲਰ ਦੀ ਹੈ। ਇਹ ਫ਼ਿਲਮ ਚੁਰਾਸੀ ਦੇ ਦੌਰ ਦੀਆਂ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਸ ਵਿਚ ਦਿਖਾਏ ਗਏ ਕਿਰਦਾਰਾਂ ਦੀ ਪਛਾਣ ਅਸਲ ਜ਼ਿੰਦਗੀ ਦੇ ਸਿੰਘਾਂ ਨਾਲ ਕੀਤੀ ਜਾ ਸਕਦੀ ਹੈ। ਭਾਵੇਂ ਕਿ ਫ਼ਿਲਮ ਨਿਰਮਾਤਾ ਵੱਲੋਂ ਇਹ ਸਾਰੇ ਕਿਰਦਾਰ ਕਾਲਪਨਿਕ ਦੱਸੇ ਗਏ ਸਨ। ਇਸ ਫ਼ਿਲਮ ਨੂੰ ਵੀ ਪਹਿਲਾਂ ਸੈਂਸਰ ਵਿਚੋਂ ਪਾਸ ਹੋਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਸੀ।
ਫੇਰ ਸੈਂਸਰ ਤੋਂ ਸਰਟੀਫ਼ਿਕੇਟ ਮਿਲਣ ਦੇ ਬਾਵਜੂਦ ਇਸ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਆਖ਼ਰਕਾਰ ਸੁਪਰੀਮ ਕੋਰਟ ਨੇ ਫ਼ਿਲਮ ਦੇਖਣ ਤੋਂ ਬਾਅਦ ਇਸ ਨੂੰ ਪੰਜਾਬ ਵਿਚ ਰਿਲੀਜ਼ ਕਰਨ ਦਾ ਫ਼ੈਸਲਾ ਸੁਣਾਇਆ ਸੀ। ਜਿਸ ਤੋਂ ਬਾਅਦ ਇਹ ਫ਼ਿਲਮ ਸਿਨੇਮਿਆਂ ਵਿਚ ਲੱਗੀ ’ਤੇ ਕਾਫ਼ੀ ਸਫ਼ਲ ਹੋਈ।
ਫ਼ਿਲਮ ਦੇ ਪ੍ਰੋਡਿਊਸਰ ਤੇ ਹੀਰੋ ਕੁਲਜਿੰਦਰ ਸਿੱਧੂ ਨੇ ਇਸ ਤੋਂ ਬਾਅਦ ਵੀ ਸੱਤਾ ਨੂੰ ਸਵਾਲ ਕਰਨ ਵਾਲੇ ਮਸਲਿਆਂ ’ਤੇ ਕਈ ਫ਼ਿਲਮਾਂ ਬਣਾਈਆਂ। ਸਾਡਾ ਹੱਕ ਵਿਚ ਦੇਵ ਖਰੌੜ ਦਾ ਵੀ ਅਹਿਮ ਰੋਲ ਸੀ। ਦੋਵੇਂ ਹੀ ਕਲਾਕਾਰ ਗੰਭੀਰ ਵਿਸ਼ਿਆਂ ’ਤੇ ਫ਼ਿਲਮਾਂ ਵਿਚ ਕੰਮ ਕਰ ਰਹੇ ਹਨ।
ਤੂਫ਼ਾਨ ਸਿੰਘ – ਰਣਜੀਤ ਬਾਵਾ
ਅਗਲੀ ਵੀਡੀਓ ਭਾਈ ਜੁਗਰਾਜ ਸਿੰਘ ਤੂਫਾਨ ਦੇ ਜੀਵਨ ’ਤੇ ਬਣੀ ਤੂਫ਼ਾਨ ਸਿੰਘ ਫ਼ਿਲਮ ਦੇ ਟਰੇਲਰ ਦੀ ਹੈ। ਇਸ ਵਿਚ ਜੁਗਰਾਜ ਸਿੰਘ ਦਾ ਮੁੱਖ ਕਿਰਦਾਰ ਰਣਜੀਤ ਬਾਵਾ ਨੇ ਨਿਭਾਇਆ ਸੀ। ਇਸ ਫ਼ਿਲਮ ਨੂੰ ਭਾਰਤੀ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ, ਪਰ ਦੁਨੀਆ ਭਰ ਵਿਚ ਇਹ ਫ਼ਿਲਮ ਰਿਲੀਜ਼ ਹੋਈ। ਹੁਣ ਵੀ ਇਹ ਫ਼ਿਲਮ ਯੂ-ਟਿਊਬ ਤੇ ਮੌਜੂਦ ਹੈ।
ਰਣਜੀਤ ਬਾਵਾ ਨੇ ਕਿਸਾਨ ਮੋਰਚੇ ਵਿਚ ਵੀ ਮੋਹਰੀ ਭੂਮਿਕਾ ਨਿਭਾਈ। ਕਿਸਾਨ ਮੋਰਚੇ ਦੌਰਾਨ ਸੱਤਾ ਨੂੰ ਸੁਆਲ ਕਰਦੇ ਗੀਤ ਵੀ ਗਾਏ। ਹੁਣ ਵੀ ਉਨ੍ਹਾਂ ਦਾ ਗੀਤ ‘ਕਿੰਨੇ ਆਏ, ਕਿੰਨੇ ਗਏ 3’ ਰਾਹੀਂ ਰਣਜੀਤ ਬਾਵਾ ਨੇ ਜੂਨ 1984 ਦੇ ਘੱਲੂਘਾਰੇ ਬਾਰੇ ਸੱਤਾ ਨੂੰ ਸੁਆਲ ਕੀਤੇ ਹਨ।
ਉੱਪਰ ਦੱਸੀਆਂ ਵੀਡੀਓਜ਼ ਸਿਰਫ ਕੁਝ ਉਦਾਹਰਣਾਂ ਹਨ। ਇਸ ਤਰ੍ਹਾਂ ਦੇ ਅਨੇਕ ਕਲਾਕਾਰ ਹਨ ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਚੁਰਾਸੀ ਦੇ ਦੌਰ ਬਾਰੇ ਗੀਤ ਗਾਏ। ਫ਼ਿਲਮਾਂ ਵਿਚ ਕੰਮ ਕੀਤਾ। ਪੰਜਾਬ ਦੇ ਕਈ ਮਸਲਿਆਂ ਬਾਰੇ ਆਪਣੇ ਗੀਤਾਂ ਵਿਚ ਸੁਆਲ ਚੁੱਕੇ। ਕਿਸਾਨ ਮੋਰਚੇ ਦੌਰਾਨ ਬਹੁਤ ਸਾਰੇ ਗਾਇਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਅਨੇਕ ਗੀਤ ਲਿਖੇ ਤੇ ਗਾਏ। ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਸੂਬੇ, ਇਤਿਹਾਸ ਤੇ ਲੋਕ ਮਸਲੇ ਉਠਾਉਣ ਵਿਚ ਆਪੋ-ਆਪਣੀ ਭੂਮਿਕਾ ਨਿਭਾਈ। ਉਮੀਦ ਹੈ ਕਲਾਕਾਰ ਭਵਿੱਖ ਵਿਚ ਵੀ ਇਸ ਤਰ੍ਹਾਂ ਕਰਦੇ ਰਹਿਣਗੇ।
ਕੀ ਐਸ.ਵਾਈ.ਐੱਲ. ਗੀਤ ਕਰਕੇ ਹੋਇਆ ਸਿੱਧੂ Moosewala ਦਾ ਕਤਲ?
ਇਸ ਸੁਆਲ ਦਾ ਜੁਆਬ ਉਦੋਂ ਤੱਕ ਨਹੀਂ ਦਿੱਤਾ ਜਾਂਦਾ, ਜਦੋਂ ਤੱਕ ਪੂਰੀ ਸਾਜਿਸ਼ ਬੇਨਕਾਬ ਨਹੀਂ ਹੁੰਦੀ। ਪਰ ਕੁਝ ਲੋਕ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਘਟਨਾਵਾਂ ਦੇ ਦੁਆਲੇ ਸਾਜਿਸ਼ੀ ਥਿਊਰੀਆਂ ਘੜ ਕੇ ਕਲਾਕਾਰਾਂ ਵਿਚ ਦਹਿਸ਼ਤ ਪੈਦਾ ਕਰ ਰਹੇ ਹਨ। ਕੀ ਉਹ ਸਾਜਿਸ਼ੀ ਥਿਊਰੀਆਂ ਦਾ ਡਰ ਪੈਦਾ ਕਰਕੇ ਕਲਾਕਾਰ ਨੂੰ ਅਜਿਹੇ ਗੀਤ ਗਾਉਣ ਤੋਂ ਰੋਕਣਾ ਚਾਹੁੰਦੇ ਹਨ? ਜਾਂ ਉਹ ਇਨ੍ਹਾਂ ਥਿਊਰੀਆਂ ਰਾਹੀਂ ਕੋਈ ਸਿਆਸੀ ਬਿਰਤਾਂਤ ਘੜ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਮਨੋਰਥ ਪੂਰਾ ਕਰਨਾ ਚਾਹੁੰਦੇ ਹਨ?
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਤਿਹਾਸ ਵਿਚ ਸਿਆਸੀ ਕਤਲ ਹੁੰਦੇ ਰਹੇ ਹਨ। ਸੱਤਾ ਆਪਣੀ ਤਾਕਤ ਨੂੰ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਯੋਧਿਆਂ ਦੇ ਖ਼ਿਲਾਫ਼ ਕਾਤਲਾਨਾ ਸਾਜਿਸ਼ਾਂ ਲਈ ਵਰਤਦੀ ਰਹੀ ਹੈ। ਸੱਤਾ ਨੂੰ ਕਦੇ ਵੀ ਬਰੀ ਨਹੀਂ ਕੀਤਾ ਜਾ ਸਕਦਾ। ਪਰ ਸਾਨੂੰ ਸਾਜਿਸ਼ਾਂ ਤੇ ਗੁੰਮਰਾਹਕੁੰਨ ਪ੍ਰਾਪੇਗੰਡੇ ਦਾ ਫ਼ਰਕ ਕਰਨਾ ਸਿੱਖਣਾ ਪਵੇਗਾ। ਕੀ ਕੁਝ ਲੋਕ ਹਰ ਘਟਨਾ ਦੇ ਨਾਲ ਅਜਿਹੀਆਂ ਸਾਜਿਸ਼ੀ ਥਿਊਰੀਆਂ ਨੱਥੀ ਕਰਕੇ ਇਸ ਫ਼ਰਕ ਨੂੰ ਧੁੰਦਲਾ ਕਰ ਰਹੇ ਹਨ? ਇਹ ਸੋਚਣ ਦਾ ਵੇਲਾ ਹੈ।
ਜਦੋਂ ਤੱਕ ਪ੍ਰਾਪੇਗੰਡੇ ’ਤੇ ਸੱਚ ਵਿਚ ਫ਼ਰਕ ਪਤਾ ਨਹੀਂ ਲੱਗਦਾ, ਉਦੋਂ ਤੱਕ ਅਜਿਹੀਆਂ ਸਾਜਿਸ਼ੀ ਥਿਊਰੀਆਂ ਵਾਲੀ ਪੋਸਟਾਂ ਨੂੰ ਸ਼ਿਅਰ ਕਰਨਾ ਠੀਕ ਨਹੀਂ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।
ਸਿਆਸਤ । ਮਨੋਰੰਜਨ । ਸਭਿਆਚਾਰ । ਜੀਵਨ ਜਾਚ । ਸਿਹਤ । ਸਾਹਿਤ । ਕਿਤਾਬਾਂ
Leave a Reply