ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਹਵਾਲੇ ਨਾਲ ਭਾਸ਼ਾ ਦੀ ਹੋਂਦ ਦਾ ਮਸਲਾ

ਜਗਤ ਦੀ ਹੋਂਦ ਦਾ ਧੁਰਾ ਸ਼ਬਦ ਹੈ। ਹਰ ਅਧਿਆਤਮਕ ਫ਼ਲਸਫ਼ੇ ਦਾ ਕਹਿਣਾ ਹੈ ਕਿ ਜਗਤ ਦੀ ਉਤਪਤੀ ਸ਼ਬਦ ਨਾਲ ਹੋਈ ਹੈ। ਗੁਰੂ ਨਾਨਕ ਸਾਹਿਬ ਮੂਲ-ਮੰਤਰ ਦੀ ਸ਼ੁਰੂਆਤ ਇਕ ਓਂਅਕਾਰ ਨਾਲ ਕਰਦੇ ਹਨ। ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਓਂਅਕਾਰ ਪਹਿਲੀ ਧੁਨ ਹੈ। ਪਹਿਲੀ ਸ਼ਬਦ ਧੁਨ ਜਿਸ ਨਾਲ ਜਗਤ ਦੀ ਉਤਪਤੀ ਹੋਈ, ਇਹੀ ਧੁਨ ਪਾਲਦੀ ਤੇ ਨਾਸ ਕਰਦੀ ਹੈ। ਗੁਰੂ ਸਾਹਿਬ ਨੇ ਇਸ ਦੇ ਸਾਹਮਣੇ ਇਕ ਲਗਾਇਆ ਹੈ ਭਾਵ ਇਹ ਧੁਨ, ਇਹ ਸ਼ਬਦ ਇਕ ਹੀ ਹੈ, ਓਂਅਕਾਰ।
ਮੂਲ-ਮੰਤਰ ਵਿਚ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਸਰੂਪ ਦੀ ਵਿਆਖਿਆ ਕੀਤੀ ਹੈ। ਗੁਰੂ ਨਾਨਕ ਸਾਹਿਬ ਆਖਦੇ ਹਨ ਉਸ ਦਾ ਨਾਮ ‘ਸਤਿ’ ਦੀ ਹੋਂਦ ਵਾਲਾ ਹੈ। ਭਾਵ ਕਿ ਉਹ ਕਲਪਨਾ ਨਹੀਂ ਹੈ। ਉਹ ਸਦਾ ਥਿਰ ਹੈ। ਉਹ ਕਰਤਾ ਪੁਰਖ ਹੈ ਭਾਵ ਉਹ ਰਚਨ ਵਾਲਾ ਹੈ। ਉਹ ਸਿਰਜਦਾ ਹੈ। ਉਹ ਭੈਅ ਰਹਿਤ ਹੈ। ਉਹ ਵੈਰ ਰਹਿਤ ਨਿਰਵੈਰ ਹੈ। ਉਹ ਅਕਾਲ ਮੂਰਤਿ ਹੈ। ਉਹ ਮੂਰਤ ਹੈ ਜੋ ਕਦੇ ਖੰਡਿਤ ਨਹੀਂ ਹੁੰਦੀ। ਉਹ ਮੌਤ ਰਹਿਤ ਹਸਤੀ ਹੈ। ਉਹ ਅਜੂਨੀ ਹੈ, ਉਹ ਜੂਨਾਂ ਵਿਚ ਨਹੀਂ ਆਉਂਦਾ, ਮਰਦਾ-ਜਿਉਂਦਾ ਨਹੀਂ। ਉਹ ਆਪਣੇ ਆਪ ਵਿਚ ਪ੍ਰਕਾਸ਼ ਸਰੂਪ ਹੈ, ਸੈਭੰ ਹੈ। ਇਸ ਅਕਾਲ ਪੁਰਖ ਤੱਕ ਗੁਰੂ ਦੀਆਂ ਬਖ਼ਸ਼ਿਸ਼ਾਂ ਨਾਲ ਪਹੁੰਚਿਆ ਜਾ ਸਕਦਾ ਹੈ।
ਅਕਾਲ ਦੀ ਇਹ ਵਿਆਖਿਆ, ਸਤਿਗੁਰੂ ਨੇ ਬਖ਼ਸ਼ਿਸ ਕਰਕੇ ਸਾਡੇ ਸਾਹਮਣੇ ਇਕ ਮਾਪਦੰਡ ਰੱਖ ਦਿੱਤਾ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਅਕਾਲ ਪੁਰਖ ਦੇ ਗੁਣ ਇਹ ਹਨ, ਜੋ ਸਿਰਜਕ ਹੈ ਤਾਂ ਮਾਤ ਲੋਕ ਵਿਚ ਸਿਜਰਣਾ ਦਾ ਦਾਅਵਾ ਕਰਨ ਵਾਲੇ ਸਿਰਜਕ ਦੇ ਗੁਣ ਕੀ ਹੋਣੇ ਚਾਹੀਦੇ ਹਨ?
ਆਦਿ ਕਾਲਿ ਤੋਂ ਸਿਰਜਕ ਭਾਵ ਲਿਖਣਹਾਰੇ ਨੂੰ ਇਲਾਹੀ ਬਖ਼ਸ਼ਿਸ ਵਾਲਾ ਮੰਨਿਆ ਜਾਂਦਾ ਹੈ। ਜਿਸ ‘ਤੇ ਇਹ ਇਲਾਹੀ ਬਖ਼ਸ਼ਿਸ ਹੋਵੇ ਤਾਂ ਉਸ ਨੂੰ ਇਲਹਾਮ ਹੁੰਦਾ ਹੈ, ਭਾਵ ਸਿਰਜਣਾ ਉਤਰਦੀ ਹੈ, ਜੋ ਕਲਮ ਦੀ ਨੋਕ ਰਾਹੀਂ ਕਾਗਜ਼ ‘ਤੇ ਉਤਰਦੀ ਹੈ। ਕਲਮ, ਕਾਗਜ਼ ਤੇ ਛਪਾਈ ਦੀ ਹੋਂਦ ਤੋਂ ਹੀ ਲਿਖਣ-ਪੜ੍ਹਨ ਵਾਲੇ ਸਿਰਜਣਾ ਨੂੰ ਇੰਝ ਤਸਵੁੱਰ ਕਰਦੇ ਹਨ।
ਜਦੋਂ ਮੁਲਕਾਂ ਦੇ ਨਾਮ ‘ਤੇ ਵੰਡੀ ਹੋਈ ਧਰਤੀ ਵਿਚਾਲੇ ਭੇੜ ਸ਼ੁਰੂ ਹੁੰਦਾ ਹੈ ਤਾਂ ਵਿਚਾਰਧਾਰਾਵਾਂ ਦਾ ਟਕਰਾਅ ਵਧਦਾ ਹੈ। ਕਬਜ਼ੇ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਗਿਆਨ, ਵਿਗਿਆਨ ਰਾਹੀਂ ਤਕਨੀਕ ਦੀ ਸਿਰਜਣਾ ਕੀਤੀ ਜਾਂਦੀ ਹੈ। ਇਹ ਸਿਰਜਣਾ ਦਾ ਉਹ ਰੂਪ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਵੀ ਹੈ ਤੇ ਤੋੜਦਾ ਵੀ ਹੈ। ਜਦੋਂ ਇਸ ਸਿਰਜਣਾ ਦੀ ਵਰਤੋਂ ਮਨੁੱਖ ਦੀ ਚੜ੍ਹਦੀ ਕਲਾ ਲਈ ਕੀਤੀ ਜਾਂਦੀ ਹੈ ਤਾਂ ਇਹ ਮਨੁੱਖ ਅੰਦਰ ਮਨੁੱਖ ਪ੍ਰਤੀ ਸੰਵੇਦਨਸ਼ੀਲਤਾ ਦਾ ਸੰਚਾਰ ਕਰਦਾ ਹੈ। ਉਹ ਵਿਚਾਰ ਜੋ ਅਕਾਲ ਤੋਂ ਚੱਲ ਕੇ ਸਰਬੱਤ ਦੇ ਭਲੇ ਤੱਕ ਪਹੁੰਚਦਾ ਹੈ। ਇਸ ਦੇ ਉਲਟ ਜਦੋਂ ਇਹ ਸਿਰਜਣਾ ਸਵੈ-ਹਿੱਤਾਂ ਦੀ ਕਮਾਨ ‘ਤੇ ਚਾੜ੍ਹ ਕੇ ਹਥਿਆਰ ਵਾਂਗ ਚਲਾਈ ਜਾਂਦੀ ਹੈ ਤਾਂ ਇਹ ਲੋਕਾਈ ਦੇ ਸੀਨੇ ਵਿਚ ਛੇਕ ਕਰਦੀ ਹੈ। ਐਟਮਿਕ ਊਰਜਾ ਨਾਲ ਉਸਾਰੂ ਕੰਮ ਵੀ ਕੀਤੇ ਗਏ ਤੇ ਐਟਮ-ਬੰਬ ਬਣਾ ਕੇ ਸਦੀਆਂ ਤੱਕ ਅਸਰ-ਅੰਦਾਜ਼ ਰਹਿਣ ਵਾਲੀ ਤਬਾਹੀ ਵੀ ਮਚਾਈ ਗਈ। ਮੁਨੱਖਤਾ ਦਾ ਘਾਣ ਕੀਤਾ ਗਿਆ।
ਸਿਲੀਕਾਨ ਦੀ ਖੋਜ ਤੇ ਫਿਰ ਉਸ ਦੀ ਮਾਈਕ੍ਰੋਪੋਸੈਸਰ ਵਿਚ ਵਰਤੋਂ ਨਾਲ ਇਕ ਨਵੀਂ ਕ੍ਰਾਂਤੀ ਆਈ। ਇਸ ਕ੍ਰਾਂਤੀ ਨੂੰ ਸੂਚਨਾ ਕ੍ਰਾਂਤੀ ਦਾ ਨਾਮ ਦਿੱਤਾ ਗਿਆ। ਇਸ ਨਾਲ ਕੰਪਿਊਟਰ ਬਣੇ, ਮੋਬਾਈਲ ਫ਼ੋਨ ਤੇ ਫਿਰ ਸਮਾਰਟਫ਼ੋਨ ਬਣੇ, ਹੁਣ ਪੂਰਾ ਸੰਸਾਰ ਸਿਲੀਕਾਨ ਦੀ ਇਕ ਨਿੱਕੀ ਜਿਹੀ ਚਿੱਪ ਵਿਚ ਸਿਮਟ ਕੇ ਸਾਡੀ ਜੇਬ ਵਿਚ ਆ ਗਿਆ ਹੈ। ਹੁਣ ਤੱਕ ਇਹ ਨਿੱਕਾ ਜਿਹਾ ਹਥਿਆਰ ਵਿਚ ਗਣਨਾ ਕਰਦਾ ਸੀ ਪਰ ਹੁਣ ਇਹ ਆਪਣੀ ਅਗਲੀ ਜੂਨ ਵਿਚ ਪਹੁੰਚ ਗਿਆ ਹੈ। ਹੁਣ ਇਹ ਸਿਰਫ਼ ਗਣਨਾ ਨਹੀਂ ਕਰਦਾ, ਹੁਣ ਇਹ ਆਪ ਸਿਰਜਣਾ ਕਰਦਾ ਹੈ। ਬਿਲਕੁਲ ਉਵੇਂ ਜਿਵੇਂ ਮਨੁੱਖ ਸਿਰਜਣਾ ਕਰਦਾ ਹੈ।
ਮਨੁੱਖ ਅਧਿਐਨ ਕਰਦਾ ਹੈ, ਆਪਣੇ ਅੰਦਰ ਗਿਆਨ ਵਿਕਸਿਤ ਕਰਦਾ ਹੈ, ਫਿਰ ਆਪਣੀ ਸੋਝੀ ਦੀ ਵਰਤੋਂ ਕਰਕੇ ਉਸ ਗਿਆਨ ਰਾਹੀਂ ਨਵੀਂ ਸਿਰਜਣਾ ਕਰਦਾ ਹੈ। ਇਸ ਵਿਚ ਅਕਾਲ ਦੀ ਕਲਾ ਵਰਤਦੀ ਹੈ, ਇਲਹਾਮ ਹੁੰਦਾ ਹੈ ਤੇ ਸਿਰਜਣਾ ਸਾਹਮਣੇ ਆਉਂਦੀ ਹੈ। ਇਸ ਦੇ ਉਲਟ ਇਸ ਮਸ਼ੀਨੀ ਅਕਲ ਕੋਲ ਆਪਣੀ ਸੋਝੀ ਨਹੀਂ ਹੈ, ਉਸ ਕੋਲ ਸਿਖਲਾਈ ਹੈ। ਉਸ ਅੰਦਰ ਦੁਨੀਆ ਭਰ ਦਾ ਗਿਆਨ ਭਰ ਦਿੱਤਾ ਗਿਆ ਹੈ। ਦੁਨੀਆ ਦੀ ਹਰ ਭਾਸ਼ਾ ਦਾ ਗਿਆਨ ਇਸ ਮਸ਼ੀਨ ਦੇ ਦਿਮਾਗ ਵਿਚ ਚਿੱਪ ਵਿਚ ਭਰ ਕੇ ਫਿੱਟ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਇਸ ਮਸ਼ੀਨ ਨੂੰ ਇਹ ਗਿਆਨ ਪੜ੍ਹਨ ਦੀ ਸਿਖਲਾਈ ਦਿੱਤੀ ਗਈ। ਫਿਰ ਇਸ ਪੜ੍ਹਾਈ ਦੇ ਆਧਾਰ ‘ਤੇ ਉਸ ਨੂੰ ਲਿਖਣਾ ਸਿਖਾਇਆ ਗਿਆ ਹੈ। ਇਸ ਮਸ਼ੀਨੀ ਬੁੱਧੀ ਦਾ ਵੱਡਾ ਮਸਲਾ ਇਹ ਹੈ ਕਿ ਜਦੋਂ ਤੱਕ ਇਸ ਤੋਂ ਸੁਆਲ ਨਾ ਪੁੱਛਿਆ ਜਾਵੇ ਤਾਂ ਇਹ ਸਿਰਜਣਾ ਨਹੀਂ ਕਰਦੀ।
ਇੱਥੇ ਹੀ ਇਹ ਸੁਆਲ ਖੜ੍ਹਾ ਹੁੰਦਾ ਹੈ ਕਿ ਮਨੁੱਖ ਸਿਰਜਣਾ ਕਿਉਂ ਕਰਦਾ ਹੈ? ਮਨੁੱਖ ਉਦੋਂ ਸਿਰਜਣਾ ਕਰਦਾ ਹੈ ਜਦੋਂ ਉਹ ਜ਼ਿੰਦਗੀ ਦੇ ਸੁਆਲਾਂ ਦੇ ਰੂਬਰੂ ਹੁੰਦਾ ਹੈ। ਜ਼ਿੰਦਗੀ ਦੇ ਸੁਆਲਾਂ ਨਾਲ ਦਸਤਪੰਜਾ ਲੈਂਦਿਆਂ ਇਕ ਸੰਵੇਦਨਸ਼ੀਲ ਤੇ ਸਿਰਜਕ ਮਨੁੱਖ ਆਤਮ-ਚਿੰਤਨ ਦੀ ਵੇਈ ਵਿਚ ਚੁੱਭੀ ਲਾਉਂਦਾ ਹੈ ਤੇ ਉਸ ਵਿਚੋਂ ਸਿਰਜਣਾ ਦੇ ਮੋਤੀ ਲੱਭ ਲਿਆਉਂਦਾ ਹੈ। ਪੰਜਾਬ ਦੀ ਧਰਤੀ ਦੇ ਮਨੁੱਖ ਨੂੰ ਇਹ ਇਲਾਹੀ ਗੁੜ੍ਹਤੀ ਆਪਣੇ ਗੁਰੂਆਂ ਤੋਂ ਮਿਲੀ ਹੈ। ਇਸੇ ਕਰਕੇ ਮਨੁੱਖ ਨੇ ਜੋ ਮਸ਼ੀਨੀ ਬੁੱਧੀ ਤਿਆਰ ਕੀਤੀ ਹੈ, ਉਹ ਵੀ ਇਸੇ ਮਾਡਲ ਅਨੁਸਾਰ ਤਿਆਰ ਕੀਤੀ ਹੈ ਕਿ ਇਹ ਉਦੋਂ ਹੀ ਸਿਰਜਣਾ ਕਰੇ ਜਦੋਂ ਇਸ ਦੇ ਸਾਹਮਣੇ ਕੋਈ ਸੁਆਲ ਆਵੇ। ਮਸ਼ੀਨੀ ਬੁੱਧੀ ਤੇ ਮਨੁੱਖੀ ਬੁੱਧੀ ਵਿਚ ਇਕ ਬਾਰੀਕ ਕਿਹਾ ਫ਼ਰਕ ਇਹੀ ਹੈ ਕਿ ਮਸ਼ੀਨੀ ਬੁੱਧੀ ਅੰਤਹੀਣ ਸਿਰਜਣਾ ਕਰ ਸਕਦੀ ਹੈ ਤੇ ਮਨੁੱਖ ਦੀ ਆਪਣੀ ਸਮਰੱਥਾ ‘ਤੇ ਸੀਮਾ ਹੈ। ਇਕ ਗੱਲ ਜੋ ਮਸ਼ੀਨੀ ਬੁੱਧੀ ਕੋਲ ਨਹੀਂ ਹੈ, ਉਹ ਸੰਵੇਦਨਸ਼ੀਲਤਾ ਹੈ।
ਮਨੁੱਖ ਜਦੋਂ ਕਿਸੇ ਵਰਤਾਰੇ ਤੋਂ ਵੇਖ ਕੇ ਬਹਿਬਲ ਹੋ ਉੱਠਦਾ ਹੈ, ਉਸ ਦੇ ਸੀਨੇ ਵਿਚੋਂ ਹੂਕ ਉੱਠਦੀ ਹੈ, ਕਿਸੇ ਹੋਰ ਦੀ ਪੀੜ ਉਸ ਦੇ ਸੀਨੇ ਵਿਚ ਸੂਲ ਵਾਂਗ ਉੱਠਦੀ ਹੈ ਤਾਂ ਉਹ ਸਿਰਜਣਾ ਕਰਦਾ ਹੈ ਤੇ ਉਸ ਸਿਰਜਣਾ ਵਿਚ ਵੀ ਸੰਵੇਦਨਾ ਦਾ ਸਮੁੰਦਰ ਠਾਠਾਂ ਮਾਰਦਾ ਹੁੰਦਾ ਹੈ। ਦੂਜੇ ਪਾਸੇ ਮਸ਼ੀਨੀ ਬੁੱਧੀ ਅੰਦਰ ਜੋ ਪਹਿਲਾਂ ਤੋਂ ਭਰਿਆ ਹੋਇਆ ਹੈ, ਉਹੀ ਉਸ ਵਿਚੋਂ ਮੁੜ-ਸਿਰਜਣਾ ਦੇ ਰੂਪ ਵਿਚ ਬਾਹਰ ਨਿਕਲਦਾ ਹੈ। ਉਸ ਕੋਲ ਆਪਣੀ ਸੰਵੇਦਨਾ ਕੋਈ ਨਹੀਂ ਹੈ। ਜਿਵੇਂ ਕਿ ਅਸੀਂ ਸ਼ੁਰੂ ਵਿਚ ਕਿਹਾ ਜਗਤ ਦੀ ਉਤਪਤੀ ਸ਼ਬਦ ਤੋਂ ਹੋਈ ਹੈ। ਇਹ ਸ਼ਬਦ ਦੀ ਧੁਨ, ਓਂਅਕਾਰ ਦੀ ਇਕ ਧੁਨ ਹੀ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਂਦੀ ਹੈ। ਭਾਸ਼ਾ ਉਸੇ ਸ਼ਬਦ ਦਾ ਵਿਸਤਾਰ ਹੈ। ਧੁਨੀਆਂ ਦੇ ਸੰਗਮ ਤੋਂ ਭਾਸ਼ਾ ਬਣੀ ਹੈ।
ਗੁਰੂਆਂ ਦੇ ਮੁਖ ਤੋਂ ਉੱਚਰੀ ਗੁਰਮੁਖੀ ਹੈ। ਇਹ ਅਕਾਲ ਦੀ ਭਾਸ਼ਾ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਇਸੇ ਭਾਸ਼ਾ ਨੂੰ ਸਿੱਖ ਰਹੀ ਹੈ। ਸਾਡੇ ਆਪਣੇ ਅਵੇਸਲੇਪਣ ਕਰਕੇ ਇਸ ਦੀ ਰਫ਼ਤਾਰ ਧੀਮੀ ਹੈ ਪਰ ਜਿਵੇਂ ਸਾਡਾ ਆਪਣੇ ਦਿਲ ਦੀ ਗੱਲ ਕਹੇ ਬਿਨਾਂ ਨਹੀਂ ਸਰਦਾ, ਮਸ਼ੀਨੀ ਬੁੱਧੀ ਦਾ ਵੀ ਸਾਡੇ ਨਾਲ ਗੱਲ ਕਰਨ ਲਈ ਇਸ ਭਾਸ਼ਾ ਨੂੰ ਸਿੱਖੇ ਬਿਨਾਂ ਨਹੀਂ ਸਰਨਾ। ਅਸੀਂ ਸਾਰੇ ਜਾਣਦੇ ਹਾਂ ਕਿ ਤਕਨੀਕ ਬਾਜ਼ਾਰ ਦੀ ਗ਼ੁਲਾਮ ਹੁੰਦੀ ਹੈ। ਬਾਜ਼ਾਰ ਗਾਹਕ ਦਾ ਗ਼ੁਲਾਮ ਹੁੰਦਾ ਹੈ। ਗ਼ੁਲਾਮ ਉਹੀ ਕਰਦਾ ਹੈ ਜੋ ਉਸ ਦਾ ਮਾਲਕ ਚਾਹੁੰਦਾ ਹੈ। ਸਾਡੇ ਅੱਗੇ ਸੁਆਲ ਇਹ ਹੈ ਕਿ ਅਸੀਂ ਬਾਜ਼ਾਰ ਦੇ ਗ਼ੁਲਾਮ ਬਣਨਾ ਹੈ ਜਾਂ ਬਾਜ਼ਾਰ ਨੂੰ ਗ਼ੁਲਾਮ ਬਣਾਉਣਾ ਹੈ। ਉਸ ਦੇ ਲਈ ਸਾਨੂੰ ਆਪਣੇ ਆਪ ਦੇ ਰੂਬਰੂ ਹੋਣਾ ਪਵੇਗਾ ਕਿਉਂਕਿ ਬਾਜ਼ਾਰ ਸਾਨੂੰ ਆਪਣੇ ਬਿਰਤਾਂਤ ਪੜ੍ਹਾਂਉਂਦਾ ਹੈ। ਸੋਚਣਾ ਅਸੀਂ ਹੈ ਕਿ ਅਸੀਂ ਮਨੁੱਖੀ ਬੁੱਧੀ ਤੋਂ ਕੰਮ ਲੈਣਾ ਹੈ ਜਾਂ ਮਨੁੱਖ ਹੁੰਦੇ ਵੀ ਪੜ੍ਹੀ-ਪੜ੍ਹਾਈ ਬਾਜ਼ਾਰੂ ਬਿਰਤਾਂਤਕਾਰੀ ਦਾ ਤੋਤਾ ਰਟਣ ਕਰਕੇ ਮਸ਼ੀਨੀ ਬੁੱਧੀ ਦੀ ਨਕਲ ਬਣਨਾ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਭਾਸ਼ਾ ਦੇ ਸੁਆਲ ਨੂੰ ਲੈ ਕੇ ਕਈ ਆਵਾਜ਼ਾਂ ਬੁਲੰਦ ਹੋਈਆਂ ਹਨ। ਵਿਚ-ਵਿਚਾਲੇ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਿਚ ਭਾਸ਼ਾ ਤੇ ਜਮਹੂਰੀਅਤ ਦੇ ਹਵਾਲੇ ਨਾਲ ਸਾਨੂੰ ਕਈ ਬਿਰਤਾਂਤ ਪੜ੍ਹਾਉਣ ਦੀ ਕੋਸ਼ਿਸ ਕੀਤੀ ਗਈ ਹੈ। ਬਿਰਤਾਂਤਾਂ ਵਿਚ ਗੱਲ ਕੌਮੀ ਪੱਧਰ ‘ਤੇ ਜ਼ੁਬਾਨਬੰਦੀ ਦੀ ਕੀਤੀ ਜਾ ਰਹੀ ਹੈ, ਲੇਕਿਨ ਜ਼ੁਬਾਨ ਆਪਣੇ ਘਰ ਅੰਦਰ ਹੀ ਬੰਦ ਕੀਤੀ ਜਾ ਰਹੀ ਹੈ। ਸਾਹਿਤ ਸੰਸਥਾ ਦੀ ਚੋਣ ਸਿਆਸੀ ਮੁੱਦਿਆਂ ‘ਤੇ ਲੜੀ ਜਾ ਰਹੀ ਹੈ। ਸਾਡੇ ਵੱਡੇ-ਵੱਡੇਰਿਆਂ ਵੱਲੋਂ ਬਣਾਈ ਗਈ ਸ਼ਾਨਾਮੱਤੀ ਸੰਸਥਾ ‘ਤੇ ਇਸ ਦੇ ਆਸ਼ਿਆਂ, ਉਦੇਸ਼ਾਂ ਤੇ ਮਨੋਰਥਾਂ ਦੀ ਗੱਲ ਨੂੰ ਬਿਰਤਾਂਤ ਵਿਚੋਂ ਮਨਫ਼ੀ ਕਰ ਕੇ ਸਿਆਸੀ ਮਨਸੂਬਿਆਂ ਵਾਲਾ ਬਿਰਤਾਂਤ ਘੜਿਆ ਜਾ ਰਿਹਾ ਹੈ।
ਕਿਸੇ ਸੰਸਥਾ ਦੇ ਆਸ਼ੇ ਕਿਸੇ ਵੀ ਬਿਰਤਾਂਤ ਤੋਂ ਵੱਡੇ ਹੁੰਦੇ ਹਨ। ਜਿਹੜਾ ਬਿਰਤਾਂਤ ਆਸ਼ਿਆਂ ਤੋਂ ਮੁਨਕਰ ਹੋ ਜਾਵੇ, ਉਹ ਪ੍ਰਸੰਗਹੀਣ ਹੋ ਜਾਂਦਾ ਹੈ। ਇਸ ਵੇਲੇ ਭਾਸ਼ਾ ਦਾ ਵੱਡਾ ਸੁਆਲ ਇਹੀ ਹੈ ਕਿ ਭਾਸ਼ਾ ਦੇ ਨਾਂ ‘ਤੇ ਸੰਸਥਾਵਾਂ ਦੇ ਜ਼ਰੀਏ ਸਿਆਸਤ ਕਰਨੀ ਹੈ ਜਾਂ ਸੰਸਥਾਵਾਂ ਨੂੰ ਭਾਸ਼ਾ ਦੇ ਭਵਿੱਖ ਦੇ ਸੁਆਲਾਂ ਦੇ ਲਈ ਤਿਆਰ ਕਰਨਾ ਹੈ। ਇਸ ਵਾਸਤੇ ਰੌਸ਼ਨੀ ਅਕਾਲ ਤੋਂ ਹੀ ਲੈਣੀ ਪਵੇਗੀ, ਨਹੀਂ ਤਾਂ ਮਨੁੱਖੀ ਬੁੱਧੀ ਤੇ ਮਸ਼ੀਨੀ ਬੁੱਧੀ ਵਿਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ। ਚੜ੍ਹਦੀ ਕਲਾ!
-ਦੀਪ ਜਗਦੀਪ ਸਿੰਘ
ਸਿਆਸਤ । ਮਨੋਰੰਜਨ । ਸਭਿਆਚਾਰ । ਜੀਵਨ ਜਾਚ । ਸਿਹਤ । ਸਾਹਿਤ । ਕਿਤਾਬਾਂ
Leave a Reply