ਸੱਤਾ ਦਾ ਬੁੱਲਡੋਜ਼ਰ ਬਣ ਗਈ ਈਡੀ

2 0
Read Time:7 Minute, 10 Second

 -ਦੀਪ ਜਗਦੀਪ ਸਿੰਘ-

ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਉਨ੍ਹਾਂ ਵੱਲੋਂ ਬਣਾਈਆਂ ਜਾ ਰਹੀਆਂ ਸਰਕਾਰੀ ਏਜੰਸੀਆਂ ਬੁੱਲਡੋਜ਼ਰ ਬਣ ਜਾਣਗੀਆਂ।  ਇਕ ਪਾਸੇ ਸੱਤਾਧਾਰੀ ਭਾਜਪਾ ਆਗੂ ਨੁਪੂਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਬਾਰੇ ਵਿਵਾਦਪੂਰਨ ਟਿੱਪਣੀ ਦੇਣ ਕਾਰਨ ਦੇਸ਼ ਦੀ ਹਿੰਦੀ ਪੱਟੀ ਵਿਚ ਹਿੰਸਾ-ਪੂਰਨ ਟਕਰਾਅ ਪੈਦਾ ਹੋ ਗਏ ਹਨ।  ਇਸੇ ਲੜੀ ਵਿਚ ਘੱਟ-ਗਿਣਤੀ ਫ਼ਿਰਕਿਆਂ ਨਾਲ ਸੰਬੰਧਤ ਵਿਅਕਤੀਆਂ ਦੇ ਘਰ ਬੁੱਲ-ਡੋਜ਼ਰ ਨਾਲ ਢਾਹੇ ਜਾ ਰਹੇ ਹਨ। 

ਬੁੱਲ-ਡੋਜ਼ਰ ਇਕ ਪਹਾੜ ਜਿੱਡੀ ਵੱਡੀ ਤੇ ਭਾਰੀ ਮਸ਼ੀਨ ਹੈ ਜੋ ਵੱਡੇ ਤੋਂ ਵੱਡੇ ਢਾਂਚੇ ਨੂੰ ਪਲਾਂ ਵਿਚ ਮਲਿਆਮੇਟ ਕਰ ਸਕਦੀ ਹੈ। ਕੇਂਦਰੀ ਸੱਤਾ ਵੱਲੋਂ ਇਕ ਪਾਸੇ ਸਿੱਧੇ ਰੂਪ ਵਿਚ ਵਿਰੋਧੀ ਵਿਚਾਰ ਰੱਖਣ ਵਾਲਿਆਂ ਦੇ ਘਰ ਬੁੱਲਡੋਜ਼ਰ ਨਾਲ ਢਾਹੇ ਜਾ ਰਹੇ ਹਨ।  ਦੂਜੇ ਪਾਸੇ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਦੀ ਵਰਤੋਂ ਸੱਤਾਂ ਵੱਲੋਂ ਵਿਰੋਧੀ ਧਿਰਾਂ ਨੂੰ ‘ਢਾਹੁਣ’ ਲਈ ਕੀਤੀ ਜਾ ਰਹੀ ਹੈ। 

ਇੱਥੇ ਇਹ ਦੱਸ ਦੇਣਾ ਵੀ ਕੁੱਥਾਂ ਨਹੀਂ ਹੋਵੇਗਾ ਕਿ ਬੁੱਲਡੋਜ਼ਰ ਦੀ ਕਾਢ ਕਿਸੇ ਕਿਸਾਨ ਦੀ ਕੱਢੀ ਦੱਸੀ ਜਾਂਦੀ ਹੈ।  ਕਹਿੰਦੇ ਨੇ ਖੇਤਾਂ ਵਿਚ ਮਿੱਟੀ ਦੇ ਢੇਰਾਂ ਨੂੰ ਹਟਾਉਣ ਲਈ ਤੇ ਜ਼ਮੀਨ ਪੱਧਰੀ ਕਰਨ ਲਈ ਕਿਸੇ ਕਿਸਾਨ ਨੇ ਬੁੱਲਡੋਜ਼ਰ ਦੀ ਕਾਢ ਕੱਢੀ।  ਇਸ ਨੂੰ ਘੋੜਿਆਂ ਜਾਂ ਖੱਚਰਾਂ ਨਾਲ ਖਿੱਚਿਆ ਜਾਂਦਾ ਹੈ।  ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ’ਤੇ ਸਾਨ੍ਹਾਂ ਨੇ ਵੀ ਜ਼ੋਰ ਅਜ਼ਮਾਈ ਕੀਤੀ ਹੋਵੇਗੀ ਤਾਂ ਹੀ ਇਸ ਦਾ ਨਾਮ ਸਾਨ੍ਹ ਲਈ ਵਰਤੇ ਜਾਂਦੇ ਅੰਗਰੇਜ਼ੀ ਲਫ਼ਜ਼ ਬੁੱਲ ’ਤੇ ਰੱਖਿਆ ਗਿਆ।

ਉਂਝ ਲਫ਼ਜ਼ਾਂ ਦੇ ਇਤਿਹਾਸਕਾਰ ਦੱਸਦੇ ਨੇ ਬੁੱਲਡੋਜ਼ ਲਫ਼ਜ਼ ਦੀ ਵਰਤੋਂ ਸਾਨ੍ਹ ਨੂੰ ਦਿੱਤੀ ਜਾਣ ਵਾਲੀ ਮੋਟੀ ਖ਼ੁਰਾਕ ਤੋਂ ਬਣਿਆ। ਐਨੀ ਮੋਟੀ ਡੋਜ਼ (ਖ਼ੁਰਾਕ) ਜਿਹੜੀ ਬੁੱਲ (ਸਾਨ੍ਹ) ’ਤੇ ਅਸਰ ਕਰ ਸਕੇ। ਇਹ ਮੋਟੀ ਡੋਜ਼, ਖ਼ੁਰਾਕ ਜਾਂ ਦਵਾਈ ਦੀ ਵੀ ਹੋ ਸਕਦੀ ਸੀ ਤੇ ਸਜ਼ਾ ਦੀ ਵੀ।  ਇਸੇ ਕਰਕੇ ਬੁੱਲ੍ਹਡੋਜ਼ ਲਫ਼ਜ਼ ਡਰਾਉਣ ਤੇ ਧਮਕਾਉਣ ਲਈ ਵੀ ਵਰਤਿਆ ਜਾਣ ਲੱਗਾ।  ਕਹਿੰਦੇ ਨੇ ਜਦੋਂ ਦੋ ਸਾਨ੍ਹ ਆਪਸ ਵਿਚ ਮੱਥਾ ਲਾਉਂਦੇ ਹਨ ਤਾਂ ਉਹ ਇਕ-ਦੂਜੇ ਨੂੰ ਬੁੱਲ੍ਹਡੋਜ਼ (ਮਲਿਆਮੇਟ) ਕਰਨ ‘ਤੇ ਤੁੱਲ ਜਾਂਦੇ ਹਨ।

ਲੱਗਦਾ ਹੈ ਭਾਰਤ ਦੀ ਵਿੱਤੀ ਮਾਮਲਿਆਂ ਸੰਬੰਧੀ ਗੜਬੜਾਂ ਦੀ ਪੜਤਾਲ ਕਰਨ ਵਾਲੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਭਾਜਪਾ ਦਾ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਪਾਰਟੀ ਦੇ ਦੋਵੇਂ ਕੌਮੀ ਆਗੂਆਂ ਨੂੰ ਬੁੱਲਡੋਜ਼ ਕਰਨ ਦੀ ਕੋਸ਼ਿਸ਼ ਕਰਕੇ ਆਪਣਾ ਯੋਗਦਾਨ ਦੇ ਰਹੀ ਹੈ। ਬੀਤੇ ਦਿਨੀਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛ-ਪੜਤਾਲ ਲਈ ਈਡੀ ਨੇ ਤਲਬ ਕੀਤਾ ਹੋਇਆ ਹੈ।  ਇਹ ਸਤਰਾਂ ਲਿਖਣ ਵੇਲੇ ਤੱਕ ਈਡੀ ਵੱਲੋਂ ਬੀਤੇ ਕੱਲ੍ਹ ਤੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਨੂੰ ਕਰੀਬ 15 ਘੰਟੇ ਹੋ ਚੁੱਕੇ ਹਨ।  ਪੁੱਛ-ਪੜਤਾਲ ਹਾਲੇ ਵੀ ਜਾਰੀ ਹੈ ਤੇ ਜੇ ਲੋੜ ਪਈ ਤਾਂ ਇਹ ਭਲਕੇ ਵੀ ਜਾਰੀ ਰਹਿ ਸਕਦੀ ਹੈ।

ਮਾਮਲਾ ਅੰਗਰੇਜ਼ੀ ਅਖ਼ਬਾਰ ਨੈਸ਼ਨਲ ਹੈਰਾਲਡ ਦੀਆਂ ਵਿੱਤੀ-ਗੜਬੜੀਆਂ ਨਾਲ ਸੰਬੰਧਤ ਹੈ। ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ 1 ਨਵੰਬਰ 2012 ਦਿੱਲੀ ਦੀ ਇਕ ਅਦਾਲਤ ਵਿਚ ਨਿੱਜੀ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਏ ਸਨ ਕਿ ਸੋਨੀਆ ਗਾਂਧੀ ਤੇ ਰਾਹਲ ਗਾਂਧੀ ਨੇ ਦੇਸ਼ ਦੀ ਆਜ਼ਾਦੀ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਅਖ਼ਬਾਰ ਦਾ 90 ਕਰੋੜ ਦਾ ਕਰਜ਼ਾ ਲਾਹੁੰਨ ਦੇ ਬਹਾਨੇ ਵਿੱਤੀ ਬੇਨਿਯਮੀਆਂ ਕਰਕੇ, ਅਖ਼ਬਾਰ ਦੀ 2000 ਤੋਂ 5000 ਕਰੋੜ ਦੀ ਦੱਸੀ ਜਾਂਦੀ ਸੰਪੱਤੀ ਇਕ ਕੰਪਨੀ ਬਣਾ ਕੇ ਆਪਣੇ ਨਾਮ ਕਰ ਲਈ ਹੈ।

2012 ਤੋਂ ਲੈ ਕੇ ਹੁਣ ਤੱਕ ਸੁਪਰੀਮ ਕਰੋਟ ਤੱਕ ਕੇਸ ਚੱਲਣ ਦੇ ਬਾਵਜੂਦ ਹਾਲੇ ਤੱਕ ਕੋਈ ਦੋਸ਼ੀ ਤੈਅ ਨਹੀਂ ਹੋਇਆ ਹੈ।  ਪਰ 2014 ਤੋਂ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਸ ਕੇਸ ਵਿਚ ਤੇਜ਼ੀ ਆਈ ਹੈ ਤੇ ਇਸ ਕੇਸ ਦੇ ਬਹਾਨੇ ਸੋਨੀਆ ਤੇ ਰਾਹੁਲ ਗਾਂਧੀ ਨੂੰ ਜਨਤਕ ਤੇ ਸਿਆਸੀ ਤੌਰ ’ਤੇ ਬੁਲਡੋਜ਼ ਕਰਨ ਲਈ ਵਰਤਿਆ ਜਾ ਰਿਹਾ ਹੈ। ਜਦ ਕਿ ਇਹ ਸਿੱਧਾ-ਸਿੱਧਾ ਵਿੱਤੀ ਹਿਸਾਬ-ਕਿਤਾਬ ਦਾ ਕੇਸ ਹੈ ਤੇ ਸਭ ਕੁਝ ਦਸਤਾਵੇਜ਼ਾਂ ਵਿਚ ਮੌਜੂਦ ਹੈ।  ਵਿੱਤੀ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਹੈ।

ਈਡੀ ਦੀ ਹਾਲੀਆ ਕਾਰਵਾਈ ਦਾ ਸਮਾਂ ਦੱਸਦਾ ਹੈ ਕਿ ਇਹ ਸਭ ਕੁਝ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ।  ਜਿਸ ਵੇਲੇ ਅੱਜ ਸ਼ਾਮ ਰਾਹੁਲ ਗਾਂਧੀ ਨਾਲ ਈਡੀ ਦੂਜੇ ਦੌਰ ਦੀ ਪੁੱਛ-ਪੜਤਾਲ ਕਰ ਰਹੀ ਸੀ।  ਉਸੇ ਵੇਲੇ ਪ੍ਰਧਾਨ ਮੰਤਰੀ 2024 ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਡੇਢ ਸਾਲ ਅੰਦਰ ਲੱਖਾਂ ਨੌਕਰੀਆਂ ਦੀ ਭਰਤੀ ਤੇ ਫ਼ੌਜ ਵਿਚ ਨੌਜਵਾਨਾਂ ਦੀ ਚਾਰ ਸਾਲਾਂ ਵਾਲੀ ਵਿਸ਼ੇਸ਼ ਭਰਤੀ ਯੋਜਨਾ ਦਾ ਐਲਾਨ ਕਰ ਰਹੇ ਸਨ। ਇਸੇ ਤਰ੍ਹਾਂ ਬੰਗਾਲ ਚੌਣਾਂ ਦੌਰਾਨ ਮਮਤਾ ਬੈਨਰਜੀ ਦੇ ਭਤੀਜੇ ਦੇ ਘਰ ਬੈਂਕ ਲੈਣ-ਦੇਣ ਦੇ ਮਾਮਲੇ ਵਿਚ ਸੀਬੀਆਈ ਦੀ ਛਾਪਾਮਾਰੀ  ਹੋਈ ਸੀ। ਆਉਣ ਵਾਲੇ ਦਿਨਾਂ ਵਿਚ ਸੋਨੀਆ ਗਾਂਧੀ ਦੀ ਪੇਸ਼ੀ ਵੀ ਹੋ ਸਕਦੀ ਹੈ।

ਲੋਕਤੰਤਰ ਵਿਚ ਤੁਹਾਨੂੰ ਇਹ ਮੰਨਣ ਦੀ ਆਜ਼ਾਦੀ ਹੈ ਕਿ ਰਾਹੁਲ ਗਾਂਧੀ ‘ਪੱਪੂ’ ਐ। ਕਮਜ਼ੋਰ ਸਿਆਸਤਦਾਨ ਐ। ਗਾਂਧੀ ਪਰਿਵਾਰ ਦੇ ਕਬਜ਼ੇ ਕਰਕੇ ਕਾਂਗਰਸ ਦੇਸ਼ ਵਿਚ ਖ਼ਤਮ ਹੋ ਗਈ ਹੈ। ਪਰ ਜੇ ਤੁਸੀਂ ਪੂਰੀ ਆਜ਼ਾਦੀ ਨਾਲ ਇਹ ਮੰਨ ਕੇ ਬੈਠੇ ਹੋ ਕਿ ਈਡੀ ਜੋ ਵੀ ਕਰ ਰਹੀ ਹੈ ਸਹੀ ਕਰ ਰਹੀ ਹੈ ਤਾਂ ਇਹ ਸੋਚਣਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ।  ਉਹ ਇਸ ਲਈ ਕਿ ਈਡੀ ਦੀ ਦੁਰਵਰਤੋਂ ਕਰਕੇ ਭਾਜਪਾ ਜੋ ਰਾਹੁਲ ਗਾਂਧੀ ਨਾਲ ਕਰ ਰਹੀ ਐ, ਉਹ ਕੱਲ੍ਹ ਨੂੰ ਤੁਹਾਡੇ ਕਿਸੇ ਚਹੇਤੇ ਲੀਡਰ ਜਾਂ ਕਲਾਕਾਰ ਨਾਲ ਵੀ ਹੋ ਸਕਦਾ ਹੈ। ਹੋ ਤਾਂ ਤੁਹਾਡੇ ਨਾਲ ਵੀ ਸਕਦਾ ਹੈ। ਸਵਾਲ ਇਸ ਗੱਲ ਦਾ ਨਹੀਂ ਹੈ ਕਿ ਈਡੀ ਦੀ ਵਰਤੋਂ ਕਿਸ ਖ਼ਿਲਾਫ਼ ਤੇ ਕਿਉਂ ਕੀਤੀ ਜਾ ਰਹੀ ਹੈ। ਸਵਾਲ ਇਸ ਗੱਲ ਦਾ ਹੈ ਕਿ ਕਿਵੇਂ ਤੇ ਕਿਸ ਮਨਸ਼ਾ ਨਾਲ ਕੀਤੀ ਜਾ ਰਹੀ ਹੈ।

ਇਹ ਸਤਰਾਂ ਲਿਖਦੇ ਹੋਏ ਮੈਂ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹਾਂ।
ਤੁਸੀਂ ਆਪਣੀ ਵਾਰੀ ਦੀ ਉਡੀਕ ਕਰੋ।
ਈਡੀ ਦਿੱਲੀਓਂ ਚੱਲ ਪਈ ਹੈ…

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
100 %

Average Rating

5 Star
0%
4 Star
0%
3 Star
0%
2 Star
0%
1 Star
0%

One thought on “ਸੱਤਾ ਦਾ ਬੁੱਲਡੋਜ਼ਰ ਬਣ ਗਈ ਈਡੀ

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com