ਫ਼ਿਲਮ ਸਮੀਖਿਆ । ਜ਼ੋਰਾਵਰ

ਦੀਪ ਜਗਦੀਪ ਸਿੰਘ
ਰੇਟਿੰਗ ਡੇਢ ਤਾਰਾ/ਪੰਜ ਤਾਰਾ
ਜ਼ੋਰਾਵਰ ਇਕ ਹੋਰ ਪੰਜਾਬੀ ਫ਼ਿਲਮ ਬਣ ਗਈ ਹੈ ਜਿਹੜੀ ਸਿਤਾਰੇ ਦੀ ਸ਼ੌਹਰਤ ਦੀ ਭੇਂਟ ਚੜ੍ਹ ਗਈ ਹੈ, ਇਸ ਸਿਤਾਰੇ ਦਾ ਨਾਮ ਹੈ ਯੌ ਯੌ ਹਨੀ ਸਿੰਘ। ਦਿਲਜੀਤ ਦੀ ਅੰਬਸਰੀਆ ਤੋਂ ਬਾਅਦ 2016 ਵਿਚ ਰਿਲੀਜ਼ ਹੋਈ ਇਹ ਦੂਸਰੀ ਫ਼ਿਲਮ ਹੈ ਜਿਸਨੂੰ ਪੂਰੀ ਤਰ੍ਹਾਂ ਪਕਾਇਆ ਹੀ ਨਹੀਂ ਗਿਆ। ਇਸੇ ਕਰਕੇ ਸਾਲ ਦੀ ਸਭ ਤੋਂ ਵੱਧ ਉਤਸੁਕਤਾ ਨਾਲ ਉਡੀਕੀ ਜਾ ਰਹੀ ਐਕਸ਼ਨ ਅਤੇ ਥ੍ਰਿਲ ਭਰਪੂਰ ਦੱਸੀ ਜਾਂਦੀ ਇਹ ਫ਼ਿਲਮ ‘ਹਾਸੇ’ ਦਾ ਸਾਮਾਨ ਬਣ ਕੇ ਰਹਿ ਗਈ ਹੈ।

 

ਜ਼ੋਰਾਵਰ ਸਿੰਘ (ਯੋ ਯੋ ਹਨੀ ਸਿੰਘ) ਸੀਕਰੇਟ ਆਰਮੀ ਫੋਰਸ (ਐਸਏਐਫ਼) ਦਾ ਇਕ ਧੂੰਆਂਧਾਰ ਫੌਜੀ ਹੈ ਜੋ ’ਕੱਲਾ ਹੀ ਖ਼ਤਰਨਾਕ ਹਾਲਾਤ ਨਾਲ ਜੂਝ ਜਾਂਦਾ ਹੈ, ਇੱਥੋਂ ਤੱਕ ਕਿ ਉਹ ਆਪਣੇ ਫ਼ੌਜੀ ਅਫ਼ਸਰ ਦੇ ਹੁਕਮਾਂ ਦੀ ਪਰਵਾਹ ਵੀ ਨਹੀਂ ਕਰਦਾ। ਉਹ ਪੰਜਾਬ ਦੇ ਕਿਸੇ ਪਿੰਡ ਵਿਚ ਆਪਣੀ ਮਾਂ ਸ਼ੀਤਲ (ਅਚਿੰਤ ਕੌਰ) ਨਾਲ ਰਹਿੰਦਾ ਹੈ ਅਤੇ ਇਕ ਦਿਨ ਪਿੰਡ ਗਿਆਂ ਉਸਨੂੰ ਪਹਿਲੀ ਹੀ ਮੁਲਾਕਾਤ ਵਿਚ ਜਸਲੀਨ (ਪਾਰੁਲ ਗੁਲਾਟੀ) ਨਾਲ ਪਿਆਰ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਦੋਵਾਂ ਦੀ ਪਿਆਰ ਦੀ ਗੱਡੀ ਅੱਗੇ ਰੁੜ੍ਹਦੀ ਇਕ ਦਿਨ ਅਚਾਨਕ ਸ਼ੀਤਲ ਨੂੰ ਆਪਣੇ ਗੁਆਚੇ ਪਤੀ ਅਤੇ ਜ਼ੋਰਾਵਰ ਦੇ ਅਸਲੀ ਪਿਤਾ, ਸਮਰਜੀਤ (ਮੁਕੁਲ ਦੇਵ) ਜਿਸਨੂੰ ਹੁਣ ਤੱਕ ਮਰਿਆ ਹੋਇਆ ਸਮਝਿਆ ਗਿਆ ਸੀ, ਦੇ ਪੁਰਾਣੇ ਖ਼ਤ ਮਿਲਦੇ ਹਨ। ਇਸ ਵਾਰ ਜ਼ੋਰਾਵਰ ਆਪਣੇ ਨਿੱਜੀ ਮਿਸ਼ਨ ’ਤੇ ਸਾਊਥ ਅਫ਼ਰੀਕਾ ਦੇ ਸ਼ਹਿਰ ਡਰਬਨ ਜਾਂਦਾ ਹੈ, ਜਿੱਥੇ ਉਹ ਆਪਣੇ ਪਿਤਾ ਨੂੰ ਲੱਭਣ ਲਈ ਪੁਲਿਸ ਅਫ਼ਸਰ ਤੇਜਪਾਲ (ਪਵਨ ਰਾਜ ਮਲਹੋਤਰਾ) ਦੀ ਮਦਦ ਲੈਂਦਾ ਹੈ। ਕੀ ਉਹ ਆਪਣੇ ਗੁਆਚੇ ਪਿਤਾ ਨੂੰ ਲੱਭ ਸਕੇਗਾ? ਵੱਡਾ ਸਵਾਲ ਇਹ ਹੈ ਕਿ ਕੀ ਉਹ ਆਪ ਜਿਉਂਦਾ ਵਾਪਸ ਆਪਣੀ ਮਾਂ ਅਤੇ ਪ੍ਰੇਮਿਕਾ ਕੋਲ ਜਾ ਸਕੇਗਾ? ਇਹੀ ਯੋ ਯੋ ਹਨੀ ਸਿੰਘ ਦੀ ਜ਼ੋਰਾਵਰ ਦੇ ਸਫ਼ਰ ਦੀ ਕਹਾਣੀ ਦਾ ਕੇਂਦਰ ਹੈ।

film review zorawar honey singh
ਸਾਗਰ ਪੰਡੇਯਾ ਨੇ ਪੰਜਾਬੀ ਸਿਨੇਮਾ ਦੇ ਲਿਹਾਜ ਨਾਲ ਇਕ ਤਾਜ਼ਾ ਕਹਾਣੀ ਲਿਖੀ ਜਿਹੜੀ ਤਿੰਨ ਪੀੜ੍ਹੀਆਂ ਦੇ ਆਰ-ਪਾਰ ਉਲਝੇ ਰਿਸ਼ਤਿਆਂ ਦੀਆਂ ਤੰਦਾਂ ਦੁਆਲੇ ਘੁੰਮਦੀ ਹੈ। ਹਰ ਕੋਈ ਘਰ ਵਾਪਸੀ ਕਰਨਾ ਚਾਹੁੰਦਾ ਹੈ ਪਰ ਹਾਲਾਤ ਉਨ੍ਹਾਂ ਨੂੰ ਦੂਜੇ ਪਾਸੇ ਧੱਕ ਰਹੇ ਹਨ। ਪਿਤਾ-ਧੀ ਅਤੇ ਪਿਉ-ਪੁੱਤਰ ਦੇ ਰਿਸ਼ਤਿਆਂ ’ਤੇ ਆਧਾਰਿਤ ਇਹ ਹੁਣ ਤੱਕ ਦੀ ਸਭ ਤੋਂ ਭਾਵੁਕ ਫ਼ਿਲਮ ਹੋ ਸਕਦੀ ਸੀ ਜੇਕਰ ਇਸ ਨੂੰ ਫ਼ਿਲਮਕਾਰੀ ਦੇ ਮਾਹਿਰ ਹੱਥਾਂ ਵਿਚ ਸੌਂਪਿਆ ਜਾਂਦਾ ਪਰ ਨਿਰਦੇਸ਼ਕ ਵਿਨੀਲ ਮਾਰਕਨ ਭਾਵਨਾਵਾਂ ਨੂੰ ਕੇਂਦਰ ਵਿਚ ਰੱਖਣ ’ਚ ਬੁਰੀ ਤਰ੍ਹਾਂ ਅਸਫ਼ਲ ਰਹੇ ਅਤੇ ਢਿੱਲੇ-ਮੱਠੇ ਐਕਸ਼ਨ, ਬੇਸਿਰ ਪੈਰ ਦੀ ਕਾਮੇਡੀ ਅਤੇ ਠੰਢੇ ਜਿਹੇ ਰੁਮਾਂਸ ਦੁਆਲੇ ਘੁੰਮਦੇ ਰਹੇ। ਇਸੇ ਕਰਕੇ ਇਨ੍ਹਾਂ ਵਿਚੋਂ ਕੋਈ ਵੀ ਰਸ ਸਹਿਜ ਸੁਭਾਅ ਪਰਦੇ ਉੱਤੇ ਨਹੀਂ ਉਤਰ ਸਕਿਆ ਅਤੇ ਫ਼ਿਲਮ ਨੀਰਸ ਅਤੇ ਬੋਝਲ ਹੁੰਦੀ ਗਈ। ਹਲਕੇ ਪੱਧਰ ਦੇ ਗ੍ਰਾਫ਼ਿਕਸ ਨੇ ਕਮਜ਼ੋਰ ਐਕਸ਼ਨ ਦ੍ਰਿਸ਼ਾਂ ਦਾ ਹੋਰ ਵੀ ਭੱਠਾ ਬਿਠਾ ਦਿੱਤਾ। ਫ਼ਿਲਮ ਦਾ ਗੀਤ-ਸੰਗੀਤ ਪਹਿਲਾਂ ਹੀ ਧੂੜ੍ਹਾਂ ਪੱਟ ਰਿਹਾ ਹੈ ਪਰ ਪਟਕਥਾ ਵਿਚ ਕੋਈ ਅਹਿਮ ਵਾਧਾ ਕਰਨ ਦੀ ਬਜਾਇ ਇਹ ਸਿਰਫ਼ ਫ਼ਿਲਮ ਦੀ ਲੰਬਾਈ ਹੀ ਵਧਾਉਂਦਾ ਹੈ। ਬੈਕਗ੍ਰਾਊਂਡ ਸਕੋਰ ਲੋੜੀਂਦਾ ਰੋਮਾਂਚ ਪੈਦਾ ਕਰਦਾ ਹੈ ਪਰ ਢਿੱਲੀ ਸਕ੍ਰਿਪਟ ਵਿਚ ਖਿੱਚ ਪੈਦਾ ਕਰਨ ਵਿਚ ਸਫ਼ਲ ਨਹੀਂ ਹੁੰਦਾ। ਹੇਮੰਤ ਬਹਿਲ ਨੇ ਦੇਸੀ ਅੰਦਾਜ਼ ਵਾਲੇ ਕੁਝ ਪੰਜਾਬੀ ਸੰਵਾਦ ਤਾਂ ਲਿਖੇ ਹਨ, ਪਰ ਅਦਾਕਾਰਾਂ ਦੀ ਟੁੱਟੀ-ਫੁੱਟੀ ਪੰਜਾਬੀ ਇਨ੍ਹਾਂ ਨੂੰ ਅਸਰਦਾਰ ਨਹੀਂ ਰਹਿਣ ਦਿੰਦੀ। ਮੋਹੰਨਾ ਕ੍ਰਿਸ਼ਨਾ ਦੀ ਸਿਨੇਮੈਟੋਗ੍ਰਾਫ਼ੀ ਫ਼ਿਲਮ ਨੂੰ ਵੱਡਾ ਕੈਨਵਸ ਦਿੰਦੀ ਹੈ। ਉਸ ਵੱਲੋਂ ਖਿੱਚੇ ਗਏ ਹਵਾਈ ਦ੍ਰਿਸ਼ ਬੇਹੱਦ ਦਿਲਕਸ਼ ਹਨ।

ਪਹਿਲਾਂ ਬੌਲੀਵੁੱਡ ਤੋਂ ਲੈ ਕੇ ਪੰਜਾਬੀ ਸਿਨੇਮਾ ਤੱਕ ਕਿਹਾ ਜਾਂਦਾ ਸੀ ਕਿ ਜੇ ਫ਼ਿਲਮ ਸਫ਼ਲ ਬਣਾਉਣੀ ਹੈ ਤਾਂ ਹਨੀ ਸਿੰਘ ਨੂੰ (ਸੰਗੀਤ ਲਈ) ‘ਲੈ ਲਉ’ ਪਰ ਹੁਣ ਲੱਗਦੈ ਕਿਹਾ ਕਰਨਗੇ ਕਿ ਜੇ ਫ਼ਿਲਮ ਦਾ ਡੱਬਾ ਗੋਲ ਕਰਨਾ ਹੈ ਤਾਂ ਹਨੀ ਸਿੰਘ ਨੂੰ (ਹੀਰੋ) ਲੈ ਲਉ। ਬਤੌਰ ਜ਼ੋਰਾਵਰ ਫੌਜੀ ਅਤੇ ਪਿਤਾ ਤੋਂ ਵਿਛੜੇ ਪੁੱਤਰ ਦੇ ਕਿਰਦਾਰ ਵਿਚ ਹਨੀ ਸਿੰਘ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਉਸਦੇ ਬੌਡੀ ਲੈਂਗੁਏਜ ਕਿਸੇ ਵਿਗੜੇ ਹੋਏ ਮੁੰਡੇ ਵਾਲੀ ਅਤੇ ਸੰਵਾਦ ਅਦਾਇਗੀ ਬੱਚਿਆਂ ਵਰਗੀ ਹੈ। ਦਮ ਦਿਖਾਉਣ ਵਾਲੇ ਦ੍ਰਿਸ਼ਾਂ ਵਿਚ ਸੰਵਾਦ ਬੋਲਦਿਆਂ ਉਹ ਬਹੁਤ ਸੁਸਤ ਅਤੇ ਸਰੂਰ ਜਿਹੇ ਵਿਚ ਲੱਗਦਾ ਹੈ। ਮੁਕੁਲ ਦੇਵ ਨੇ ਇਕ ਵਾਰ ਫਿਰ ਅੰਦਰੋਂ ਟੁੱਟੇ ਹੋਏ ਪਿਤਾ ਅਤੇ ਬਾਹਰੋਂ ਦਮਦਾਰ ਮਾਫ਼ੀਆ ਕਿੰਗ ਦੇ ਰੂਪ ਵਿਚ ਬੇਹਤਰੀਨ ਅਦਾਕਾਰੀ ਦਾ ਰੰਗ ਦਿਖਾਇਆ ਹੈ। ਪਵਨ ਰਾਜ ਮਲਹੋਤਰਾ ਕੱਬੇ ਪੁਲਿਸ ਅਫ਼ਸਰ ਅਤੇ ਚਾਲਬਾਜ਼ ਵਰਦੀ ਵਾਲੇ ਵਜੋਂ ਛਾਅ ਜਾਂਦਾ ਹੈ। ਪਾਰੁਲ ਗੁਲਾਟੀ ਦੀ ਖ਼ੂਬਸੂਰਤੀ ਮਨ ਮੋਹ ਲੈਂਦੀ ਹੈ ਪਰ ਉਸਦੇ ਚਿਹਰੇ ਤੋਂ ਹਾਵ-ਭਾਵ ਗਾਇਬ ਹਨ। ਜ਼ੋਆ ਦੇ ਕਿਰਦਾਰ ਵਿਚ ਬਾਨੀ ਜੇ ਬਹੁਤ ਦਿਲਕਸ਼ ਅਤੇ ਸੰਭਾਵਨਾ ਭਰਪੂਰ ਲੱਗੀ ਹੈ ਅਤੇ ਪੂਰੀ ਫ਼ਿਲਮ ਵਿਚ ਇਕ ਅੱਖੜ ਵੈਲਣ ਵਾਲੀ ਦਿੱਖ ਉਸਦੇ ਚਿਹਰੇ ’ਤੇ ਝਲਕਦੀ ਹੈ। ਇਨ੍ਹਾਂ ਸਾਰਿਆਂ ਦੀ ਹੀ ਪੰਜਾਬੀ ਡੰਗ-ਟਪਾਊ ਹੈ, ਜਿਸਨੂੰ ਸੁਣ ਕੇ ਨਜ਼ਾਰਾ ਘੱਟ ਅਤੇ ਹਾਸਾ ਵੱਧ ਆਉਂਦਾ ਹੈ। ਮਾਂ ਦਾ ਕਿਰਦਾਰ ਅਚਿੰਤ ਕੌਰ ਨੇ ਬਖੂਬੀ ਨਿਭਾਇਆ ਹੈ ਪਰ ਉਸਨੂੰ ਹਨੀ ਸਿੰਘ ਦੀ ਉਮਰ ਦੇ ਮੁੰਡੇ ਦੀ ਮਾਂ ਦੇ ਕਿਰਦਾਰ ਵਿਚ ਲਏ ਜਾਣਾ ਮੈਨੂੰ ਅਜੀਬ ਲੱਗਾ ਹੈ, ਉਹ ਮਾਂ ਨਾਲੋਂ ਉਸਦੀ ਵੱਡੀ ਭੈਣ ਲੱਗਦੀ ਹੈ। ਕਈ ਥਾਵਾਂ ’ਤੇ ਉਸਨੇ ਪਾਰੁਲ, ਬਾਨੀ, ਹਨੀ, ਮੁਕੁਲ ਦੇਵ ਅਤੇ ਪਵਨ ਰਾਜ ਮਲਹੋਤਰਾ ਤੋਂ ਜ਼ਿਆਦਾ ਚੰਗੀ ਪੰਜਾਬੀ ਬੋਲੀ ਹੈ।

ਆਉ ਹੁਣ ਫ਼ਿਲਮ ਦੇ ਕੁਝ ਟਪਲਿਆਂ ਬਾਰੇ ਗੱਲਾ ਕਰੀਏ। ਜਦ ਸ਼ੀਤਲ ਦੇ ਦੂਜੇ ਪਤੀ ਨੇ ਉਸਦੀ ਪੂਰੀ ਸੱਚਾਈ ਪਤਾ ਹੋਣ ਦੇ ਬਾਵਜੂਦ ਉਸਨੂੰ ਉਸਦੇ ਬੱਚੇ ਜ਼ੋਰਾਵਰ ਸਮੇਤ ਅਪਣਾ ਲਿਆ ਸੀ ਤਾਂ ਸ਼ੀਤਲ ਨੇ ਜ਼ੋਰਾਵਰ ਤੋਂ ਇਹ ਸੱਚ ਕਿਉਂ ਲੁਕਾਈ ਰੱਖਿਆ? ਜਦੋਂ ਧੂੰਆਂਧਾਰ ਫੌਜੀ ਅਫ਼ਸਰ ਵੀ ਆਪਣੇ ਗੁਆਚੇ ਬਾਪ ਦੇ ਕੇਸ ਬਾਰੇ ਕੋਈ ਸੁਰਾਗ ਨਾ ਲੱਭ ਸਕਿਆ ਤਾਂ ਇਕ ਮਾਮੂਲੀ ਅਫ਼ਰੀਕੀ ਔਰਤ ਕੋਲ ਅਜਿਹੀ ਕਿਹੜੀ ਗਿੱਦੜਸਿੰਗੀ ਸੀ ਕਿ ਉਸਨੇ ਪੁਲਸ ਦਾ ਰਿਕਾਰਡ ਕਿਵੇਂ ਹੈਕ ਕਰ ਲਿਆ? ਭਲਾ ਇਸ ਅਫ਼ਰੀਕੀ ਔਰਤ ਨੂੰ ਆਪਣੇ ਪਤੀ ਦੀਦਾਰ ਗਿੱਲ ਦੀ ਪੰਜਾਬੀ ਕਿਵੇਂ ਸਮਝ ਆ ਜਾਂਦੀ ਸੀ ਜਦਕਿ ਹਨੀ ਸਿੰਘ ਦੀ ਪੰਜਾਬੀ ਉਸਦੇ ਪੱਲੇ ਨਹੀਂ ਸੀ ਪੈਂਦੀ। ਕੀ ਦੀਦਾਰ ਅਫ਼ਰੀਕੀ ਪੰਜਾਬੀ ਬੋਲਦਾ ਸੀ? ਮੁਕੁਲ ਦੇਵ ਨੂੰ ਹਨੀ ਸਿੰਘ ਦੇ ਜ਼ੋਰਾਵਰ ਵਾਲੇ ਕਿਰਦਾਰ ਅਤੇ ਉਸਦੇ ਕੰਮ-ਕਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ, ਉਸ ਲਈ ਤਾਂ ਉਹ ਉਸਦੇ ਗੈਂਗ ਦਾ ਮੈਂਬਰ ਜ਼ੋਰੋ ਸੀ, ਫਿਰ ਗੋਲੀ ਲੱਗਣ ਤੋਂ ਬਾਅਦ ਇਕ ਅਫ਼ਰੀਕੀ ਰਿਸੋਟਰ ਵਿਚ ਆਰਾਮ ਕਰਨ ਵਾਲੇ ਦ੍ਰਿਸ਼ ਵਿਚ ਉਹ ਉਸਨੂੰ ਜ਼ੋਰਾਵਰ ਕਹਿ ਕੇ ਕਿਵੇਂ ਬੁਲਾਉਂਦਾ ਹੈ? ਨਿਰਦੇਸ਼ਕ ਸਾਹਬ ਹੋਰ ਕੁਝ ਨਹੀਂ ਘੱਟੋ-ਘੱਟ ਕੰਟੀਨਿਊਟੀ ਵੱਲ ਤਾਂ ਗੌਰ ਕਰ ਹੀ ਲੈਂਦੇ। ਨਾਲੇ ਰੱਬ ਦਾ ਵਾਸਤੇ ਜੇ, ਇਹ ਤਾਂ ਦੱਸ ਦਿਉ ਕਿ ਜੇ ਸਮਰਜੀਤ ਚਿੱਠੀਆਂ ਭੇਜ ਕੇ ਡਰਬਨ ਵਿਚ ਉਸ ਦੇ ਆਉਣ ਦੀ ਉਡੀਕ ਕਰ ਰਿਹਾ ਹੈ ਤਾਂ ਉਸਨੇ ਆਪਣਾ ਨਾਮ ਬਦਲ ਕੇ ਸੰਗਰਾਮ ਕਿਉਂ ਰੱਖ ਲਿਆ? ਸੰਗਰਾਮ ਅਤੇ ਸ਼ੀਤਲ ਦੀ ਉਸ ਫ਼ੋਨ ਕਾਲ ਦੀ ਕੀ ਲੋੜ ਸੀ ਜੇ ਇਸ ਨਾਲ ਕਹਾਣੀ ਵਿਚ ਕੋਈ ਨਵੀਂ ਗੁੰਝਲ ਨਹੀਂ ਸੀ ਪੈਣੀ ਜਾਂ ਪੁਰਾਣੀ ਨਹੀਂ ਸੀ ਸੁਲਝਣੀ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਪੰਜਾਬ ਦਾ ਭਗੌੜਾ ਕਾਤਲ ਤੇਜਪਾਲ ਅਫ਼ਰੀਕਾ ਆ ਕੇ ਪੁਲਸ ਅਫ਼ਸਰ ਕਿਵੇਂ ਲੱਗ ਗਿਆ? ਅਫ਼ਰੀਕੀ ਪੁਲਿਸ ਦੀ ਨੌਰਕੀ ਕਰਦਿਆਂ ਉਹ ਇੰਨੇ ਸਾਲ ਤੱਕ ਡਿਊਟੀ ਦਾ ਸਾਰਾ ਸਮਾਂ ਆਪਣਾ ਨਿੱਜੀ ਬਦਲਾ ਲੈਣ ਲਈ ਹੀ ਕਿਵੇਂ ਲਾਉਂਦਾ ਰਿਹਾ? ਕੀ ਅਫ਼ਰੀਕੀ ਪੁਲਿਸ ਨੇ ਉਸਨੂੰ ਇਸੇ ਲਈ ਭਰਤੀ ਕੀਤਾ ਸੀ ਜਾਂ ਉਸ ਤੋਂ ਹੋਰ ਵੀ ਕੰਮ ਕਰਵਾਉਂਦੀ ਸੀ? ਜੇ ਜ਼ੋਇਆ ਵੀ ਉਸ ਵੱਲੋਂ ਭੇਜੀ ਗਈ ਮੁਖਬਰ ਹੀ ਸੀ ਤਾਂ ਜ਼ੋਰਾਵਰ ਨੂੰ ਮੁਖਬਰ ਬਣਾ ਕੇ ਭੇਜਣ ਦੀ ਗੱਲ ਉਸ ਤੋਂ ਲੁਕਾਉਣ ਦੀ ਕੀ ਲੋੜ ਸੀ? ਕਹਾਣੀ ਬਾਰੇ ਹੋਰ ਵੀ ਕਈ ਸਵਾਲ ਨੇ ਜਿਹਨ੍ਹਾਂ ਦੇ ਜਵਾਬ ਦਰਸ਼ਕ ਮੰਗਣਗੇ ਹੀ ਨਹੀਂ, ਕਿਉਂਕਿ ਉਹ ਫ਼ਿਲਮ ਹੀ ਨਹੀਂ ਦੇਖਣ ਜਾ ਰਹੇ। ਪਹਿਲੇ ਦਿਨ ਸਵੇਰੇ ਗਿਆਰਾਂ ਵਜੇ ਦੇ ਸ਼ੋਅ ਵਿਚ ਲੁਧਿਆਣੇ ਦੇ ਇਕ ਮਲਟੀਪਲਕੈਸ ਦੇ ਪੂਰੇ ਹਾਲ ਵਿਚ ਮੇਰੇ ਤੋਂ ਸਿਵਾਏ ਕੇਵਲ ਦੋ-ਚਾਰ ਜੋੜੇ ਹੀ ਖੂੰਜਿਆਂ ਵਿਚ ਬੈਠੇ ਸਨ। ਸੋ, ਇਸ ਫ਼ਿਲਮ ਨੂੰ ਹਨੀ ਸਿੰਘ ਦੀ ਦਮਦਾਰ ਵਾਪਸੀ ਨਹੀਂ ਕਿਹਾ ਜਾ ਸਕਦਾ।
ਜਿਸ ਨੂੰ ਹਾਲੇ ਤੱਕ ਪੰਜਾਬੀ ਸਿਨੇਮਾ ਵਿਚ ਛੋਹਿਆ ਨਹੀਂ ਗਿਆ ਅਜਿਹੇ ਵਿਸ਼ੇ ’ਤੇ ਫ਼ਿਲਮ ਬਣਾਉਣ ਲਈ ਜ਼ੋਰਾਵਰ ਨੂੰ ਡੇਢ ਤਾਰੇ ਦਿੱਤੇ ਜਾ ਸਕਦੇ ਹਨ।

Posted

in

,

by

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com