ਫ਼ਿਲਮ ਸਮੀਖਿਆ । ਸਰਦਾਰਜੀ 2

ਦੀਪ ਜਗਦੀਪ ਸਿੰਘ
ਰੇਟਿੰਗ 1/5

ਸਭ ਤੋਂ ਪਹਿਲੀ ਗੱਲ ਸਰਦਾਰਜੀ 2 ਦਾ ਪਹਿਲੀ ਸਰਦਾਰਜੀ ਫ਼ਿਲਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਨਾ ਇਸ ਵਿਚ ਭੂਤ ਫੜ੍ਹਨ ਵਾਲਾ ਹੈ, ਨਾ ਬੋਤਲਾਂ ’ਚ ਬੰਦ ਹਾਸੋਹੀਣੇ ਭੂਤ ਹਨ, ਨਾ ਹੀ ਦਿਲਕਸ਼ ਭੂਤਨੀ ਹੈ ਅਤੇ ਨਾ ਹੀ ਭੂਤਾਂ ਨੂੰ ਫੜ੍ਹਨ ਦਾ ਪੰਗਾ ਹੈ।

 

ਇਸ ਵਾਰ ਜਗਜੀਤ ਸਿੰਘ ਉਰਫ਼ ਜੱਗੀ ਖੂਹ ਵਾਲਾ (ਦਿਲਜੀਤ ਦੁਸਾਂਝ) ਇਕ ਸਫ਼ਲ ਉੱਨਤ ਕਿਸਾਨ ਹੈ। ਕੁਦਰਤੀ ਤਰੀਕਿਆਂ ਨਾਲ ਖੇਤੀ ਕਰਨ ਕਰਕੇ ਉਸਨੇ ਕਈ ਸਨਮਾਨ ਜਿੱਤੇ ਅਤੇ ਮਖੌਲੀਆ ਸੁਭਾਅ ਦਾ ਦਿਸਣ ਵਾਲੇ ਜੱਗੀ ਦੇ ਕਾਬੂ ਨਾ ਆਉਣ ਵਾਲੇ ਗੁੱਸੇ ਤੋਂ ਸਾਰਾ ਪਿੰਡ ਜਾਣੂੰ ਹੈ। ਗੁੱਸੇ ’ਚ ਉਹ ਕਈ ਵਾਰ ਪੰਗੇ ਪਾ ਲੈਂਦਾ ਹੈ ਅਤੇ ਇਸ ਵਾਰ ਇਹੋ ਜਿਹਾ ਪੰਗਾ ਪੈ ਜਾਂਦਾ ਹੈ ਕਿ ਜੱਗੀ ਨੂੰ ਜਾਂ ਤਾਂ ਪਿੰਡ ਦੇ ਵਿਰੋਧੀ ਧੜੇ ਨੂੰ ਮੋਘੇ ਵਾਲੀ ਜ਼ਮੀਨ ਛੱਡਣੀ ਪਏਗੀ ਜਾਂ ਡੇਢ ਕਰੋੜ ਰੁਪਏ ਹਰਜਾਨਾ ਭਰਨਾ ਪਵੇਗਾ। ਬੱਸ ਫਿਰ ਆਪਣੀ ਜ਼ਮੀਨ ਅਤੇ ਆਪਣੇ ਪਿੰਡ ਨੂੰ ਬਚਾਉਣ ਲਈ ਡੇਢ ਕਰੋੜ ਦਾ ਇੰਤਜ਼ਾਮ ਕਰਨ ਵਾਸਤੇ ਜੱਗੀ ਆਸਟ੍ਰੇਲੀਆ ਦਾ ਜਹਾਜ਼ ਚੜ੍ਹ ਜਾਂਦਾ ਹੈ।

ਇਸ ਵਾਰ ਲੇਖਕ ਧੀਰਜ ਰਤਨ ਅਤੇ ਨਿਰਦੇਸ਼ਕ ਰੋਹਿਤ ਜੁਗਰਾਜ ਨੇ ਫ਼ਿਲਮ ਦੀਆਂ ਵਾਗਾਂ ਖੁੱਲ੍ਹੀਆਂ ਛੱਡੀ ਰੱਖੀਆਂ। ਵੈਸੇ ਸਰਦਾਰਜੀ 2 ਦੀ ਸਭ ਤੋਂ ਵਧੀਆ ਗੱਲ ਹੈ ਜੱਗੀ ਦੇ ਦੋ ਪਰਛਾਵੇਂ, ਇਕ ਗੁੱਸਾ ਦਾ ਅਤੇ ਇਕ ਨਿਮਰਤਾ ਦਾ, ਦੋਵੇਂ ਉਸ ਨੂੰ ਹਰ ਮੌਕੇ ਹੁੱਝਾਂ ਮਾਰਦੇ ਰਹਿੰਦੇ ਹਨ। ਕਿਸੇ ਪੰਜਾਬੀ ਫ਼ਿਲਮ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਜਿੱਥੇ ਦੋ ਮਨੋਭਾਵ ਕਿਰਦਾਰਾਂ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ। ਇਹ ਫ਼ਿਲਮ ਕੁਦਰਤੀ ਖੇਤੀ ਦੇ ਪੱਖ ਵਿਚ ਬਹੁਤ ਜ਼ਬਰਦਸਤ ਸੁਨੇਹਾ ਦਿੰਦੀ ਹੈ। ਭਾਵੇਂ ਕਿ ਹਲਕਾ ਜਿਹੇ ਤਰੀਕੇ ਨਾਲ ਹੀ ਸਹੀ ਪਰ ਸਰਦਾਰਜੀ 2 ਪੰਜਾਬ ਦੀ ਮੌਜੂਦਾ ਜ਼ਮੀਨੀ ਹਕੀਕਤ ਨੂੰ ਛੋਂਹਦੀ ਹੈ, ਜਿੱਥੇ ਖੇਤੀ ਪਾਣੀ ਦੀ ਘਾਟ ਨਾ ਜੂਝ ਰਹੀ ਹੈ ਅਤੇ ਪਾਣੀਆਂ ਪਿੱਛੇ ਪਿੰਡਾਂ ਦੇ ਧੜਿਆਂ ਵਿਚ ਲੜਾਈ-ਝਗੜੇ ਆਮ ਹੁੰਦੇ ਰਹਿੰਦੇ ਹਨ। ਨਾਲ ਹੀ ਇਸ ਫ਼ਿਲਮ ਵਿਚ ਕਿਸਾਨਾਂ ਨੂੰ ਔਖੇ ਹਾਲਾਤ ਦਾ ਸਾਹਮਾਣਾ ਪੰਜਾਬੀਆਂ ਦੇ ਚੜ੍ਹਦੀ ਕਲਾ ਵਾਲੀ ਦਿਲੇਰੀ ਨਾਲ ਕਰਨ ਦਾ ਸੁਨੇਹਾ ਦਿੰਦੀ ਹੋਈ ਖੁਦਕੁਸ਼ੀਆਂ ਤੋਂ ਮੂੰਹ ਮੋੜਨ ਦਾ ਹੋਕਾ ਦਿੰਦੀ ਹੈ। ਇਹ ਪਹਿਲੀ ਫ਼ਿਲਮ ਹੈ ਜਿਸ ਵਿਚ ਜੱਟ ਕਿਸਾਨ ਵੀ ਹੈ ਤੇ ਖੇਤੀ ਵੀ ਕਰਦਾ ਹੈ।
ਸ਼ੁਰੂਆਤ ਤੋਂ ਹੀ ਕਹਾਣੀ ਦੀ ਪਕੜ ਢਿੱਲੀ ਹੈ ਅਤੇ ਆਪਣੇ ਨਾਲ ਜੋੜਨ ਵਿਚ ਸਫ਼ਲ ਨਹੀਂ ਹੁੰਦੀ। ਕਹਾਣੀ ਇਕ ਥਾਂ ਤੋਂ ਦੂਜੀ ਥਾਂ ਤੱਕ ਟੱਪੇ ਖਾਂਦੀ ਰਹਿੰਦੀ ਹੈ ਜਿਸਦਾ ਕੋਈ ਸਿਰਾ ਨਹੀਂ ਜੁੜਦਾ ਅਤੇ ਦਰਸ਼ਕ ਇਹ ਸੋਚਦਾ ਰਹਿੰਦਾ ਹੈ ਕਿ ਆਖ਼ਰ ਫ਼ਿਲਮ ਕਹਿਣਾ ਕੀ ਚਾਹੁੰਦੀ ਹੈ। ਜਦੋਂ ਦਿਲਜੀਤ ਆਈਸ ਕਰੀਮ ਵਾਲਾ ਟਰੱਕ ਲੈ ਕੇ ਅਚਾਨਕ ਅਣਜਾਣ ਸਫ਼ਰ ਤੇ ਤੁਰ ਪੈਂਦਾ ਹੈ, ਉਦੋਂ ਹੀ ਫ਼ਿਲਮ ਇਕ ਸਹੀ ਦਿਸ਼ਾ ਫੜ੍ਹਦੀ ਹੈ, ਇੱਥੋਂ ਇਹ ਇਕ ਸਫ਼ਰ ਦੀ ਨਾਟਕੀ ਕਹਾਣੀ ਬਣ ਜਾਂਦੀ ਹੈ, ਪਰ ਉਦੋਂ ਤੱਕ ਇੰਟਰਵਲ ਆ ਜਾਂਦਾ ਹੈ। ਇੰਟਰਵਲ ਤੋਂ ਬਾਅਦ ਸਰਦਾਰਜੀ, ਉਹਦਾ ਚੰਗਾ ਅਤੇ ਬੁਰਾ ਪਰਛਾਵਾਂ, ਉਸਦੇ ਨਾਲ ਦੀਆਂ ਸਵਾਰੀਆਂ ਸੋਨੀ (ਮੋਨੀਕਾ ਗਿੱਲ) ਅਤੇ ਦਿਲਜੋਤ (ਸੋਨਮ ਬਾਜਵਾ) ਦਰਸ਼ਕਾਂ ਨੂੰ ਹਸਾਉਣ ਲਈ ਪੂਰਾ ਟਿੱਲ ਪਾਉਂਦੇ ਹਨ, ਪਰ ਇਕ ਦੋ ਮੌਕਿਆਂ ਨੂੰ ਛੱਡ ਕੇ ਬਹੁਤਾ ਹਾਸਾ ਨਹੀਂ ਆਉਂਦਾ। ਕਿਰਦਾਰਾਂ ਦੀ ਕਾਮੇਡੀ ਦਾ ਤਾਲਮੇਲ ਤਾਂ ਦਰੁੱਸਤ ਹੈ, ਪਰ ਜਤਿੰਦਰ ਲਾਲ ਅਤੇ ਸੁਰਮੀਤ ਮਾਵੀ ਦੇ ਡਾਇਲੌਗ ਕੋਈ ਜਾਦੂ ਨਹੀਂ ਚਲਾਉਂਦੇ। ਬਾਰ-ਬਾਰ ਵੱਡੇ ਕੱਦੂ ਅਤੇ ਮੂਲੀ ਦਾ ਜ਼ਿਕਰ ਹੋਣ ਨਾਲ ਸਵਾਦ ਹੋਰ ਵੀ ਬਕਬਕਾ ਹੋ ਜਾਂਦੈ। ਜੱਗੀ ਜਦੋਂ ਹਰ ਨਿੱਕੀ-ਨਿੱਕੀ ਗੱਲ ਤੇ ਸੋਨੀ ਨੂੰ ਬਾਂਦਰੀ ਅਤੇ ਸੁੰਢੀ ਕਹਿੰਦਾ ਹੈ, ਉਸ ਤੇ ਵੀ ਹਾਸਾ ਆਉਣੋ ਹੱਟ ਜਾਂਦਾ ਹੈ। ਜਸਵਿੰਦਰ ਭੱਲੇ ਦਾ ਪੂਰਾ ਟਰੈਕ ਹੀ ਕਹਾਣੀ ਵਿਚ ਜ਼ਬਰਦਸਤੀ ਤੂਸਿਆ ਲੱਗਦਾ ਹੈ ਅਤੇ ਬਿਲਕੁਲ ਅੱਡ ਹੀ ਤੁਰਿਆ-ਫਿਰਦਾ ਹੈ।

ਧੀਰਜ ਰਤਨ ਨੇ ਅਜਿਹੀ ਜ਼ਮੀਨੀ ਕਹਾਣੀ ਲਿਖਣ ਦੀ ਕੋਸ਼ਿਸ ਕੀਤੀ ਹੈ ਜਿਸਦੇ ਬਹੁਤੇ ਕਿਰਦਾਰ ਸਾਡੇ ਆਲੇ-ਦੁਆਲੇ ਹੀ ਮਿਲਦੇ ਹਨ, ਪਰ ਸਕਰੀਨ ਉੱਤੇ ਇਹੀ ਕਹਾਣੀ ਬਿਲਕੁਲ ਬੇ-ਸਿਰ ਦੀ ਬਣ ਕੇ ਟੁਕੜਿਆਂ ਵਿਚ ਖਿੱਲਰੀ ਲੱਗਦੀ ਹੈ, ਜਿਸ ਦਾ ਕੋਈ ਸਿਰਾ ਆਪਸ ਵਿਚ ਜੁੜਦਾ ਹੀ ਨਹੀਂ। ਰੋਹਿਤ ਜੁਗਰਾਜ ਨੇ ਦਿਲਜੀਤ ਦੁਸਾਂਝ ਦੀ ਸ਼ੋਹਰਤ ਨੂੰ ਤਿੰਨ ਗੁਣਾ ਭੁੰਨਾਉਣ ਦੀ ਕੋਸ਼ਿਸ ਤਾਂ ਕੀਤੀ ਹੈ ਪਰ ਫ਼ਿਲਮੀ ਖੁੱਲ੍ਹ ਲੈਣ ਦੇ ਮਾਮਲੇ ਵਿਚ ਲੋੜ ਤੋਂ ਵੱਧ ਅਗਾਂਹ ਲੱਗ ਗਏ ਹਨ। ਅਖ਼ੀਰ ਤੇ ਆ ਕੇ ਫ਼ਿਲਮ ਭਾਸ਼ਨ ਦੇਣ ਲੱਗ ਜਾਂਦੀ ਹੈ ਅਤੇ ਇਕ ਝੱਟਕੇ ਨਾਲ ਮੁੱਕ ਜਾਂਦੀ ਹੈ। ਇਕ ਹੋਰ ਖ਼ਾਸੀਅਤ ਇਹ ਹੈ ਕਿ ਨਿਰਦੇਸ਼ਕ ਨੇ ਫ਼ਿਲਮ ਵਿਚਲਾ ਸਸਪੈਂਸ ਅਖੀਰ ਤੱਕ ਬਣਾ ਕੇ ਰੱਖਿਆ ਹੈ।
ਜੇ ਗੱਲ ਕਰੀਏ ਅਦਾਕਾਰੀ ਦੀ ਤਾਂ ਦਿਲਜੀਤ ਜੱਗੀ, ਅੱਥਰੇ ਅਤੇ ਸੁੱਥਰੇ ਦੇ ਤਿੰਨ ਵੱਖੋ-ਵੱਖਰੇ ਰੂਪਾਂ ਵਿਚ ਨਜ਼ਰ ਆਇਆ ਹੈ, ਪਰ ਹਰ ਰੂਪ ਵਿਚ ਹੀ ਉਹ ਦਿਲਜੀਤ ਹੀ ਲੱਗਦਾ ਹੈ। ਸੁੱਥਰੇ ਦੇ ਰੂਪ ਵਿਚ ਉਸਨੇ ਮਰਹੂਮ ਰਾਗੀ ਜਗਾਧਰੀ ਵਾਲਿਆਂ ਦੀ ਨਕਲ ਕੀਤੀ ਹੈ, ਜਿਸ ਨਾਲ ਉਸਦਾ ਸਾਂਗ ਲਾਉਣ ਵਾਲਾ ਰੂਪ ਪਹਿਲੀ ਵਾਰ ਸਾਹਮਣੇ ਆਇਆ ਹੈ। ਦਿਲਜੀਤ ਦੇ ਪ੍ਰਸ਼ੰਸਕਾਂ ਲਈ ਉਸਦਾ ਇਹ ਰੂਪ ਹੈਰਾਨੀ ਵਾਲਾ ਹੋਵੇਗਾ, ਜਿਸਨੂੰ ਉਹ ਜ਼ਰੂਰ ਪਸੰਦ ਕਰ ਸਕਦੇ ਹਨ। ਨਕਲ ਕਰਦਿਆਂ ਦਿਲਜੀਤ ਬੋਲਣ ਦਾ ਅੰਦਾਜ਼ ਤਾਂ ਠੀਕ-ਠਾਕ ਅਪਣਾ ਲੈਂਦਾ ਹੈ ਪਰ ਤਿੰਨਾਂ ਰੂਪਾਂ ਵਿਚ ਉਸਦੇ ਹਾਵ-ਭਾਵ ਇਕੋ ਜਿਹੇ ਹੀ ਰਹਿੰਦੇ ਹਨ। ਜਸਵਿੰਦਰ ਭੱਲਾ ਇਕ ਵਾਰ ਫੇਰ ਨਿਰਾਸ਼ ਕਰਦਾ ਹੈ; ਉਸਦਾ ਲਾਹੌਰ-ਪਿਸ਼ੌਰ ਵਾਲਾ ਚੁਟਕਲਾ ਇਕ ਵੇਲੇ ਤੋਂ ਬਾਅਦ ਹਸਾਉਣ ਦੀ ਬਜਾਇ ਖਿਝਾਉਣ ਲੱਗ ਜਾਂਦਾ ਹੈ। ਦੇਵ ਸਿੰਘ ਗਿੱਲ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਉਹ ਸਾਊਥ ਦੇ ਨਹੀਂ ਪੰਜਾਬੀ ਸਿਨੇਮਾ ਵਿਚ ਕੰਮ ਕਰ ਰਿਹਾ ਹੈ। ਕਈ ਦ੍ਰਿਸ਼ਾਂ ਵਿਚ ਤਾਂ ਉਸਦੇ ਹਾਵ-ਭਾਵ ਅਤੇ ਸੰਵਾਦ ਹੀ ਆਪਸ ਵਿਚ ਮੇਲ ਨਹੀਂ ਖਾਂਦੇ। ਯਸ਼ਪਾਲ ਸ਼ਰਮਾ ਅਤੇ ਜਤਿੰਦਰ ਕੌਰ ਵਰਗੇ ਧੁਰੰਧਰ ਕਲਾਕਾਰਾਂ ਨੂੰ ਐਵੇਂ ਖੱਜਲ ਹੀ ਕੀਤਾ ਗਿਆ ਹੈ। ਅਦਾਕਾਰਾਂ ਵਿਚ ਮੋਨਿਕ ਗਿੱਲ ਨੂੰ ਸਕਰੀਨ ਤੇ ਆਉਣ ਦਾ ਕਾਫ਼ੀ ਮੌਕਾ ਮਿਲਿਆ ਹੈ ਪਰ ਆਪਣੇ ਰੰਗ-ਬਿਰੰਗਿਆਂ ਕੱਪੜਿਆਂ ਦਾ ਫੈਸ਼ਨ ਸ਼ੋਅ ਦਿਖਾਉਣ ਤੋਂ ਇਲਾਵਾ ਪੂਰੀ ਫ਼ਿਲਮ ਵਿਚ ਉਹ ਇਕੋ-ਜਿਹਾ ਹਾਵ-ਭਾਵ ਚਿਹਰੇ ਤੇ ਲੈ ਕੇ ਘੁੰਮਦੀ ਰਹਿੰਦੀ ਹੈ। ਉਸ ਤੋਂ ਛੋਟੀ ਭੂਮਿਕਾ ਵਿਚ ਸੋਨਮ ਬਾਜਵਾ ਪਰਦੇ ਤੇ ਸੋਹਣੀ ਤਾਂ ਲੱਗੀ ਹੈ ਪਰ ਉਸਨੂੰ ਵੀ ਹਾਲੇ ਆਪਣੀ ਅਦਾਕਾਰੀ ਵਿਚ ਨਿਖਾਰ ਲਿਆਉਣਾ ਪਵੇਗਾ।

ਭਾਵੇਂ ਕਿ ਫ਼ਿਲਮ ਦੇ ਗੀਤ ਪਹਿਲਾਂ ਹੀ  ਕਾਫ਼ੀ ਪਸੰਦ ਕੀਤੇ ਜਾ ਰਹੇ ਹਨ ਪਰ ਪਰਦੇ ਤੇ ਇਹ ਰੁਕਾਵਟ ਬਣ ਕੇ ਹੀ ਆਉਂਦੇ ਹਨ ਅਤੇ ਪਹਿਲਾਂ ਤੋਂ ਲੰਮੀ ਪਟਕਥਾ ਨੂੰ ਹੋਰ ਲਮਕਾ ਦਿੰਦੇ ਹਨ। ਸੰਦੀਪ ਪਾਟਿਲ ਨੇ ਆਪਣੇ ਕੈਮਰੇ ਨਾਲ ਪੰਜਾਬ ਅਤੇ ਆਸਟ੍ਰੇਲੀਆ ਦੀ ਪਿੰਡਾਂ ਅਤੇ ਖ਼ੂਬਸੂਰਤੀ ਨੂੰ ਬੜੇ ਹੀ ਦਿਲਕਸ਼ ਅੰਦਾਜ਼ ਵਿਚ ਪਰਦੇ ਤੇ ਉਤਾਰਿਆਂ ਹੈ, ਜਿਨ੍ਹਾਂ ਨੂੰ ਦੇਖ ਕੇ ਸਕੂਨ ਮਿਲਦਾ ਹੈ।ਬੈਕਗ੍ਰਾਉਂਡ ਸਕੋਰ ਠੀਕ-ਠਾਕ ਹੈ। ਜੇ ਐਡਿਟਿੰਗ ਥੋੜ੍ਹੀ ਕੱਸਵੀਂ ਹੁੰਦੀ ਤਾਂ ਫ਼ਿਲਮ ਘੱਟੋ-ਘੱਟ ਅੱਧਾ ਘੰਟਾ ਛੋਟੀ ਹੋ ਸਕਦੀ ਸੀ।ਆਖ਼ਰ ਵਿਚ ਇਹੀ  ਕਹਾਂਗਾ ਕਿ ਸਰਦਾਰਜੀ 2 ਪਹਿਲਾਂ ਵਾਲੀ ਸਰਦਾਰ ਜੀ ਤੋਂ ਬਹੁਤ ਥੱਲੇ ਚਲੀ ਗਈ ਹੈ। ਜ਼ਮੀਨੀ ਸੱਚਾਈ ਦਿਖਾਉੇਣ ਦੀ ਕੋਸ਼ਿਸ ਕਰਨ ਲਈ ਫ਼ਿਲਮ ਨੂੰ 1 ਸਟਾਰ ਦਿੱਤਾ ਜਾ ਸਕਦਾ ਹੈ।

Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com