ਫ਼ਿਲਮ ਸਮੀਖਿਆ । ਸਾਡੇ ਸੀਐਮ ਸਾਹਬ

ਯੁੱਧਵੀਰ ਸਿੰਘ (ਹਰਭਜਨ ਮਾਨ) ਉਸ ਇਮਾਨਦਾਰ ਸਿਆਸੀ ਸਮਾਜ ਸੇਵਕ ਦਾ ਬੇਟਾ ਹੈ ਜੋ ਆਪਣੇ ਅਸੂਲਾਂ ਦੀ ਰਾਜਨੀਤੀ ਲਈ ਜੀਵਿਆ ਅਤੇ ਮਰਿਆ। ਬਾਪ ਦੀ ਲੋਕਪੱਖੀ ਰਾਜਨੀਤੀ ਦਾ ਫੱਟ ਖਾ ਚੁੱਕਾ ਬਾਗ਼ੀ ਤਬੀਅਤ ਯੁੱਧਵੀਰ ਆਪਣੇ ਬਚਪਨ ਦੇ ਦੋਸਤਾਂ ਇੰਦਰ (ਰਾਹੁਲ ਸਿੰਘ) ਅਤੇ ਡਿੰਪੀ (ਗੁਰਪ੍ਰੀਤ ਘੁੱਗੀ) ਦੇ ਸਹਿਯੋਗ ਨਾਲ ਤਿਕੜਮਬਾਜ਼ੀ ਵਾਲਾ ਰਾਹ ਫੜ ਕੇ ਮੁੱਖ-ਮੰਤਰੀ ਦੀ ਕੁਰਸੀ ’ਤੇ ਪਹੁੰਚਣ ਦਾ ਦਾਅ ਖੇਡਦਾ ਹੈ।

 

ਚੋਣਾਂ ਤੋਂ ਐਨ ਪਹਿਲਾਂ ਅਚਾਨਕ ਪਾਰਟੀ ਦੇ ਵੱਡੇ ਆਗੂ ਦੀ ਮੌਤ ਹੋ ਜਾਣ ਕਰਕੇ ਉਸਦਾ ਵਿਗੜਿਆ ਹੋਇਆ ਪੁੱਤਰ ਦਰਮਨਜੀਤ ਸਿੰਘ (ਦੇਵ ਸਿੰਘ ਗਿੱਲ) ਆਪਣੇ ਪਿਤਾ ਦੀ ਹਕੂਮਤ ’ਤੇ ਦਾਅਵੇਦਾਰੀ ਠੋਕਦਾ ਹੈ, ਪਰ ਪਾਰਟੀ ਮੀਟਿੰਗ ਵਿਚ ਪ੍ਰਮੁੱਖ ਅਹੁਦੇਦਾਰ ਪਰਿਵਾਰਵਾਦ ਦੀ ਰਾਜਨੀਤੀ ਦੇ ਖ਼ਿਲਾਫ਼ ਅਤੇ ਯੁੱਧਵੀਰ ਦੇ ਹੱਕ ਵਿਚ ਭੁਗਤ ਜਾਂਦੇ ਹਨ। ਪਾਰਟੀ ਵਿਚ ਭਾਰੀ ਸਮਰਥਨ ਅਤੇ ਆਮ ਲੋਕਾਂ ਵਿਚ ਹਰਮਨਪਿਆਰਾ ਹੋਣ ਕਰਕੇ ਯੁੱਧਵੀਰ ਦਾ ਮੁੱਖ-ਮੰਤਰੀ ਬਣਨਾ ਤੈਅ ਹੈ।ਜੱਦੀ-ਪੁਸ਼ਤੀ ਸੱਤਾ ਖੁੱਸਣ ਕਰਕੇ ਹਉਮੈ ’ਤੇ ਵੱਜੀ ਸੱਟ ਖਾ ਕੇ ਘਰਾਣੇ ਦੇ ਝੋਲੀਚੁੱਕ ਪਾਰਟੀ ਪ੍ਰਧਾਨ ਦੀ ਹੱਲਾਸ਼ੇਰੀ ਨਾਲ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਦਮਨ ਯੁੱਧਵੀਰ ਦਾ ਸਫ਼ਾਇਆ ਕਰਨ ਦਾ ਹੀਲਾ ਕਰਦਾ ਹੈ। ਖੁਸ਼ਕਿਸਮਤੀ ਨਾਲ ਗੋਲੀ ਯੁੱਧਵੀਰ ਦੀ ਬਾਂਹ ਨਾਲ ਖਹਿ ਕੇ ਲੰਘ ਜਾਂਦੀ ਹੈ ਅਤੇ ਉਸਦੀ ਜਾਨ ਬਚ ਜਾਂਦੀ ਹੈ, ਪਰ ਬਦਕਿਸਮਤੀ ਨਾਲ ਉਸਦੇ ਦਿਮਾਗ ਨੂੰ ਅਜਿਹਾ ਝੱਟਕਾ ਲੱਗਦੈ ਕਿ ਉਹ ਆਪਣੀ ਯਾਦਦਾਸ਼ਤ ਗੁਆ ਦਿੰਦੈ। ਹੁਣ ਉਹ ਆਪਣੀ ਜ਼ਿੰਦਗੀ ਦੇ ਸੱਤ ਸਾਲ ਪਹਿਲਾਂ ਵਾਲੇ ਉਸ ਮੋੜ ’ਤੇ ਆ ਕੇ ਖੜ੍ਹ ਗਿਆ ਹੈ ਜਦੋਂ ਉਸ ਦੇ ਪਿਤਾ ਨੇ ਸਿਆਸੀ ਦੂਸ਼ਣਬਾਜ਼ੀ ਤੋਂ ਤੰਗ ਆ ਕੇ ਉਸ ਦੀਆਂ ਅੱਖਾ ਮੂਹਰੇ ਖੁਦਕੁਸ਼ੀ ਕਰ ਲਈ ਸੀ ਅਤੇ ਉਹ ਸਿਆਸਤ ਨੂੰ ਨਫ਼ਰਤ ਕਰਨ ਲੱਗਾ ਸੀ। ਚੋਣ ਨਤੀਜੇ ਆਉਣ ਤੱਕ ਕਿਵੇਂ ਉਸਦੇ ਦੋਵੇਂ ਜਿਗਰੀ ਦੋਸਤ ਇਨ੍ਹਾਂ ਨਵੇਂ ਹਾਲਾਤ ਨਾਲ ਜੂਝਦੇ ਹਨ? ਕੀ ਦਮਨ ਯੁੱਧਵੀਰ ਨੂੰ ਢਿੱਬੀ ਲਾ ਕੇ ਆਪ ਮੁੱਖ-ਮੰਤਰੀ ਦੀ ਕੁਰਸੀ ’ਤੇ ਪਹੁੰਚਦਾ ਹੈ? ਇਹੀ ਕਹਾਣੀ ਦੀ ਮੁੱਖ ਬੁਝਾਰਤ ਹੈ। 

film review saadey cm saab harbhajan mann
ਬੇਸੁਆਦੀ ਕਾਮੇਡੀ ਭਰੇ ਰੁਮਾਂਸ, ਕੁਝ ਆਦਰਸ਼ਵਾਦੀ ਭਾਸ਼ਨਾਂ ਅਤੇ ਸਿਆਸੀ ਸ਼ਰੀਕੇਬਾਜ਼ੀ ਤੋਂ ਸ਼ੁਰੂ ਹੋ ਕੇ ਫ਼ਿਲਮ ਯੁੱਧਵੀਰ ਦੇ ਪਿੰਡ ਵਾਲੇ ਜੱਦੀ ਘਰ ਵਿਚ ਆ ਕੇ ਸਿਮਟ ਜਾਂਦੀ ਹੈ। ਸਿਆਸੀ ਥ੍ਰਿਲਰ ਵੱਜੋਂ ਪੇਸ਼ ਕੀਤੀ ਗਈ ਸਾਡੇ ਸੀਐਮ ਸਾਹਬ ਸਿਆਸਤ ਦੀਆਂ ਬਾਰੀਕੀਆਂ ਅਤੇ ਸੱਤਾ ਹਾਸਲ ਕਰਨ ਲਈ ਸਿਆਸਦਾਨਾਂ ਵੱਲੋਂ ਖੇਡੀਆਂ ਜਾਂਦੀਆਂ ਗੁੰਝਲਦਾਰ ਖੇਡਾਂ ਵਿਚ ਬਿਨ੍ਹਾਂ ਉਤਰੇ ਸਿੱਧੀ ਇਕੋ ਪਾਰਟੀ ਦੇ ਦੋ ਨੌਜਵਾਨ ਆਗੂਆਂ ਦੀ ਨਿੱਜੀ ਰੰਜਿਸ਼ ’ਤੇ ਆ ਕੇ ਟਿਕ ਜਾਂਦੀ ਹੈ। ਸਕਰੀਨ ਪਲੇਅ ਇੰਨਾ ਖਿੱਲਰਿਆ ਹੋਇਆ ਅਤੇ ਅਟਪਟਾ ਹੈ ਕਿ ਕਹਾਣੀ ਦਾ ਇਕ ਸਿਰਾ ਹੱਥ ਆਉਣ ਤੋਂ ਪਹਿਲਾਂ ਹੀ ਦੂਜੇ ਪਾਸੇ ਖਿਸਕ ਜਾਂਦਾ ਹੈ। ਪੂਰੀ ਦੁਨੀਆਂ ਦੀ ਸਿਆਸਤ ਖੱਬੀ, ਸੱਜੀ ਜਾਂ ਵਿਚਕਾਰਲੀ ਵਿਚਾਰਧਾਰਾ ’ਤੇ ਚੱਲਦੀ ਹੈ ਪਰ ਸਾਡੇ ਸੀਐਮ ਸਾਹਬ ਦੀ ਸਿਆਸਤ ਇਕ ਪਾਸੇ ਤਿੰਨ ਭੰਡਨੁਮਾਂ ਦੋਸਤਾਂ ਦੀਆਂ ਝੱਲ-ਵਲੱਲੀਆਂ ਨਾਲ ਈ ਚੱਲੀ ਜਾਂਦੀ ਐ ਤੇ ਦੂਜੇ ਪਾਸੇ ਜੱਦੀ-ਪੁਸ਼ਤੀ ਸੱਤਾ ਦੇ ਨਸ਼ੇ ਵਿਚ ਚੂਰ ਸਨਕੀ ਪੁੱਤਰ ਝੋਲੀਚੁੱਕ ਪਾਰਟੀ ਪ੍ਰਧਾਨ ਦੇ ਇਸ਼ਾਰੇ ’ਤੇ ਗੁੰਡਾਗਰਦੀ ਦੀ ਖੇਡ ਖੇਡੀ ਜਾਂਦਾ ਹੈ। ਇਸੇ ਕਰਕੇ ਸਾਡੇ ਸੀਐਮ ਸਾਹਬ ਇਕ ਦਿਸ਼ਾਹੀਣ ਫ਼ਿਲਮ ਬਣ ਜਾਂਦੀ ਹੈ। 
ਸੁਮੀਤ ਸਿੰਘ ਦੀ ਕਹਾਣੀ ਵਿਚ ਖੋਜ ਅਤੇ ਡੂੰਘਾਈ ਦੀ ਘਾਟ ਸਾਫ਼ ਰੜਕਦੀ ਹੈ ਅਤੇ ਪਟਕਥਾ ਕਈ ਮੌਕਿਆਂ ਤੇ ਆ ਕੇ ਝੱਪ ਖਾ ਜਾਂਦੀ ਹੈ। ਇੱਥੋਂ ਤੱਕ ਕਿ ਪ੍ਰਮੁੱਖ ਕਿਰਦਾਰਾਂ ਨੂੰ ਵੀ ਚੰਗੀ ਤਰ੍ਹਾਂ ਉਸਾਰਿਆ ਨਹੀਂ ਗਿਆ। ਜਿਸ ਤਰ੍ਹਾਂ ਫ਼ਿਲਮ ਦੀਆਂ ਪਰਤਾਂ ਪਰਦੇ ਉੱਪਰ ਖੁੱਲ੍ਹਦੀਆਂ ਹਨ ਇੰਝ ਲੱਗਦਾ ਹੈ ਕਿ ਨਿਰਦੇਸ਼ਕ ਵਿਪਨ ਪਰਾਸ਼ਰ ਦੇ ਹੱਥ ਵਿਚ ਫ਼ਿਲਮ ਦੀ ਡੋਰ ਘੁੱਟ ਕੇ ਫੜੀ ਹੋਈ ਹੀ ਨਹੀਂ ਸੀ। ਨਵੇਂ ਲੇਖਕ-ਨਿਰਦੇਸ਼ਕ ਦੀ ਜੋੜੀ ਨੂੰ ਸਲਾਹ ਈ ਦਿੱਤੀ ਜਾ ਸਕਦੀ ਐ ਬਈ ਸਿਆਸੀ ਫ਼ਿਲਮ ਬਣਾਉਣ ਤੋਂ ਪਹਿਲਾਂ ਉਹ ਘੱਟੋ-ਘੱਟ ਪ੍ਰਕਾਸ਼ ਝਾਅ ਦੀਆਂ ਹਿੰਦੀ ਫ਼ਿਲਮਾਂ ਦੇਖ ਲੈਣ। ਯਾਦਦਾਸ਼ਤ ਚਲੀ ਜਾਣ ਤੋਂ ਬਾਅਦ, ਯੁੱਧਵੀਰ ਵੱਲੋਂ ਅਣਜਾਣਪੁਣੇ ਵਿਚ ਪਿੰਡ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਹੁੰਦੀ ਖੱਜਲ-ਖੁਆਰੀ ਤੋਂ ਛੁਟਕਾਰਾ ਦਿਵਾਉਣ ਵਾਲੇ ਦ੍ਰਿਸ਼ ਹੀ ਕਿਤੇ ਜਾ ਕੇ ਥੋੜ੍ਹੀ ਬਹੁਤ ਰਾਹਤ ਦਿੰਦੇ ਹਨ। ਦੂਸਰੇ ਅੱਧ ਵਿਚ ਜਾ ਕੇ ਇਕ ਕਿਰਦਾਰ ਵੱਲੋਂ ਬੋਲਿਆ ‘ਦੁੱਧ ਬੀਅਰ ਦੀ ਬੋਤਲ ਵਿਚ ਈ ਲਿਆ ਦੋ, ਥੋੜ੍ਹੀ ਫੀਲਿੰਗ ਆ ਜਾਂਦੀ ਆ’ ਹਾਸਰਸ ਵਾਲਾ ਸੰਵਾਦ ਜਾ ਕੇ ਕਿਤੇ ਕੁਦਰਤੀ ਹਾਸਾ ਲਿਆਉਂਦਾ ਹੈ। ਫ਼ਿਲਮ ਵਿਚ ਤਿੰਨ-ਤਿੰਨ ਨਾਮੀ ਸੰਵਾਦ ਲੇਖਕ ਰਾਜੀਵ ਠਾਕੁਰ, ਬਲਰਾਜ ਸਿਆਲ ਅਤੇ ਸੁਰਮੀਤ ਮਾਵੀ ਦੇ ਹੋਣ ਦੇ ਬਾਵਜੂਦ ਨਾ ਫ਼ਿਲਮ ਵਿਚ ਕੋਈ ਨਿਵੇਕਲਾ ਹਾਸਰਸ ਹੈ, ਨਾ ਹੀ ਰੁਮਾਂਸ ਅਤੇ ਨਾ ਹੀ ਰੋਮਾਂਚ ਮਹਿਸੂਸ ਹੁੰਦਾ ਹੈ। 

ਹਰਭਜਨ ਮਾਨ ਹਮੇਸ਼ਾ ਦੀ ਤਰ੍ਹਾਂ ਪਰਦੇ ਉੱਤੇ ਪੂਰੀ ਤਰ੍ਹਾਂ ਜੱਚਦਾ ਹੈ ਪਰ ਬੱਸ ਉਦੋਂ ਤੱਕ ਜਦੋਂ ਤੱਕ ਚੁੱਪਚਾਪ ਰਹਿੰਦਾ ਹੈ। ਪੂਰੀ ਫ਼ਿਲਮ ਵਿਚ ਉਹ ਆਪਣੇ ਕਿਰਦਾਰ ਦੇ ਕਈ ਵੱਖਰੇ-ਵੱਖਰੇ ਰੂਪ ਬਦਲਦਾ ਹੈ ਪਰ ਹਰ ਕਿਰਦਾਰ ਵਿਚ ਉਸਦਾ ਚਿਹਰਾ ਉਹੋ-ਜਿਹਾ ਦਾ ਉਹੋ ਜਿਹਾ ਹੀ ਰਹਿੰਦਾ ਹੈ। ਯਾਦਦਾਸ਼ਤ ਚਲੀ ਜਾਣ ਤੋਂ ਬਾਅਦ ਤਾਂ ਉਹ ਬਿਲਕੁਲ ਹੀ ਢਿੱਲਾ ਜਿਹਾ ਪੈ ਜਾਂਦਾ ਹੈ। ਅਰਦਾਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਤੋਂ ਜੋ ਵੱਡੀਆਂ ਉਮੀਦਾਂ ਲੱਗੀਆਂ ਸਨ, ਉਹ ਵੀ ਪੂਰੀਆਂ ਨਹੀਂ ਹੁੰਦੀਆਂ। ਆਪਣੇ ਹਾਸਰਸੀ ਸੰਵਾਦਾਂ ਨਾਲ ਉਹ ਹਸਾਉਣ ਲਈ ਪੂਰਾ ਤਾਣ ਲਾਉਂਦਾ ਹੈ ਪਰ ਉਹੋ ਜਿਹਾ ਮਾਹੌਲ ਹੀ ਨਹੀਂ ਬਣਦਾ ਜਿਸ ਨਾਲ ਹਾਸਾ ਆਵੇ। ਬਾਲੀਵੁੱਡ ਅਦਾਕਾਰ ਰਾਹੁਲ ਸਿੰਘ ਬੱਸ ਦੋਸਤੀ ਵਾਲੀ ਖਾਨਾਪੂਰਤੀ ਕਰਦਾ ਹੀ ਨਜ਼ਰ ਆਉਂਦਾ ਹੈ। ਸਾਊਥ ਫ਼ਿਲਮਾਂ ਦਾ ਚਰਚਿਤ ਵਿਲਨ ਦੇਵ ਸਿੰਘ ਗਿੱਲ ਪਰਦੇ ’ਤੇ ਦਮਦਾਰ ਤਾਂ ਨਜ਼ਰ ਆਉਂਦਾ ਹੈ ਪਰ ਉਸਦੇ ਕਿਰਦਾਰ ਦੀ ਦਿਸ਼ਾਹੀਣ ਉਸਾਰੀ ਕਰਕੇ ਉਹ ਪੂਰੀ ਫ਼ਿਲਮ ਵਿਚ ਵੱਖਰਾ ਈ ਤੁਰਿਆ ਫਿਰਦਾ ਲੱਗਦਾ ਹੈ। ਉਸਦੀ ਪੰਜਾਬੀ ਸਵਾਦ ਹੋਰ ਵੀ ਖ਼ਰਾਬ ਕਰ ਦਿੰਦੀ ਹੈ। ਮਾਡਲ ਤੋਂ ਅਦਾਕਾਰ ਬਣੀ ਕਸਿਸ ਸਿੰਘ ਵੀ ਕੋਈ ਜਾਦੂ ਚਲਾਉਣ ਵਿਚ ਕਾਮਯਾਬ ਨਹੀਂ ਹੁੰਦੀ ਇਸ ਦਾ ਕਾਰਨ ਵੀ ਸ਼ਾਇਦ ਇਹੀ ਰਿਹਾ ਕਿ ਉਸਦੇ ਕਿਰਦਾਰ ਵੱਲ ਭੋਰਾ ਵੀ ਗੌਰ ਨਹੀਂ ਕੀਤਾ ਗਿਆ। ਬੱਸ ਇਕ ਗੀਤ ਵਿਚ ਉਸ ਦੇ ਬਿਨ੍ਹਾਂ ਮੌਢਿਆਂ ਵਾਲੇ ਕਪੜਿਆਂ ਉੱਪਰ ਹੀ ਸਾਰਾ ਜ਼ੋਰ ਲਾਇਆ ਗਿਆ ਹੈ, ਬਾਕੀ ਦ੍ਰਿਸ਼ਾਂ ਵਿਚ ਤਾਂ ਉਸਦੇ ਪਾਏ ਹੋਏ ਕਪੜੇ ਵੀ ਉਸਦੀ ਫਿਟਿੰਗ ਦੇ ਨਹੀਂ ਲੱਗਦੇ। ਉਹ ਬਜਾਜੀ ਦੀ ਦੁਕਾਨ ਮੂਹਰੇ ਰੱਖੇ ਪੁਤਲੇ ਤੋਂ ਵੱਧ ਕੁਝ ਵੀ ਨਹੀਂ ਲੱਗਦੀ। 
ਲੇਖਣੀ, ਅਦਾਕਾਰੀ ਅਤੇ ਨਿਰਦੇਸ਼ਨ ਦੀਆਂ ਰੜਕਾਂ ਤੋਂ ਇਲਾਵਾ ਫ਼ਿਲਮ ਇਸ ਵਿਚ ਕੀਤੀ ਗਈ ਬੇਹੂਦਾ ਬ੍ਰਾਂਡਿੰਗ ਲਈ ਵੀ ਚੇਤੇ ਰੱਖੀ ਜਾਵੇਗੀ। ਚਾਹ ਦੇ ਬ੍ਰਾਂਡ ਦੀ ਪਹਿਲੀ ਵਾਰ ਕੀਤੀ ਗਈ ਮਸ਼ਹੂਰੀ ਤਾਂ ਫਿਰ ਵੀ ਠੀਕ ਲੱਗਦੀ ਹੈ ਕਿਉਂਕਿ ਉਹ ਦ੍ਰਿਸ਼ ਦਾ ਹਿੱਸਾ ਲੱਗਦੀ ਹੈ, ਪਰ ਅਖੀਰ ਤੇ ਆ ਕੇ ਤਾਂ ਜਦੋਂ ਹੀਰੋਈਨ ਆ ਕੇ ਧੱਕੇ ਨਾਲ ਹੀ ਹੀਰੋ ਨੂੰ ਉਸ ਬ੍ਰਾਂਡ ਦੀ ਚਾਹ ਪਿਲਾਉਣ ਲੱਗ ਜਾਂਦੀ ਹੈ ਤਾਂ ਇਹ ਸੱਚਮੁੱਚ ਕਹਾਣੀ ਨਾਲ ਹੋਇਆ ਧੱਕਾ ਹੀ ਲੱਗਦਾ ਹੈ। ਸਾਬਣ ਦੀ ਮਸ਼ਹੂਰੀ ਵਾਲੀ ਤਾਂ ਹੱਦ ਈ ਕਰ ਦਿੱਤੀ ਗਈ ਹੈ। ਜਦੋਂ ਰੌਕ ਗਾਰਡਨ ਦੇ ਮਨਮੋਹਨੇ ਦ੍ਰਿਸ਼ ਵਿਚ ਹੀਰੋ-ਹੀਰੋਈਨ ਰੁਮਾਂਟਿਕ ਗੀਤ ਗਾ ਰਹੇ ਨੇ ਤੇ ਹੀਰੋਈਨ ਦੇ ਸਾਹਮਣੇ ਪੈਕਿੰਗ ਵਿਚੋਂ ਕੱਢ ਕੇ ਨਹਾਉਣ ਵਾਲਾ ਸਾਬਣ ਰੱਖਿਆ ਹੋਇਆ ਹੈ, ਇਹ ਦ੍ਰਿਸ਼ ਦੇਖ ਕੇ ਤਾਂ ਇਕ ਵਾਰ ਮੈਂ ਸੀਟ ਤੋਂ ਭੁੜਕ ਕੇ ਡਿੱਗਣ ਹੀ ਵਾਲਾ ਸੀ। ਮੈਨੂੰ ਹਾਲੇ ਤੱਕ ਸਮਝ ਨਹੀਂ ਆਈ ਕਿ ਕਿਹੜੀ ਕੁੜੀ ਆਪਣੇ ਪ੍ਰੇਮੀ ਨੂੰ ਮਿਲਣ ਜਾਣ ਵੇਲੇ ਰੌਕ ਗਾਰਡਰਨ ਵਰਗੀ ਥਾਂ ’ਤੇ ਨਹਾਉਣ ਵਾਲੇ ਸਾਬਣ ਦੀ ਚੱਕੀ ਨਾਲ ਲੈ ਕੇ ਜਾਂਦੀ ਹੈ। ਚਲੋ ਜੇ ਗਲਤੀ ਨਾਲ ਪਰਸ ਵਿਚ ਆ ਵੀ ਗਈ ਤਾਂ ਉਸ ਨੂੰ ਕੱਢ ਕੇ ਪਾਰਕ ਵਿਚ ਦਿਖਾਉਂਦੀ ਫਿਰਦੀ ਹੈ। ਉਹ ਵੀ ਉਦੋਂ ਜਦੋਂ ਉਸਨੇ ਕਪੜੇ ਵੀ ਅੱਧੇ ਕੁ ਹੋ ਪਾਏ ਹੋਣ। ਫ਼ਿਲਮ ਦੇ ਪ੍ਰਚਾਰ ਦੌਰਾਨ 25 ਮਿੰਟ ਦੇ ਸਪੈਸ਼ਲ ਇਫ਼ੈਕਟਸ ਨੂੰ ਫ਼ਿਲਮ ਦੇ ਵੱਡੀ ਖਿੱਚ ਵਜੋਂ ਪੇਸ਼ ਕੀਤਾ ਗਿਆ ਪਰ ਪੂਰੀ ਫ਼ਿਲਮ ਵਿਚ ਕੋਈ ਖ਼ਾਸ ਅਜਿਹਾ ਦ੍ਰਿਸ਼ ਦੇਖਣ ਨੂੰ ਨਹੀਂ ਮਿਲਿਆ ਜਿਸ ਵਿਚ ਕੁਝ ਵੱਖਰੀ ਕਿਸਮ ਦੇ ਸਪੈਸ਼ਲ ਇਫ਼ੈਕਟਸ ਪ੍ਰਭਾਵ ਪਾ ਰਹੇ ਹੋਣ। ਬੱਸ ਗੀਤ ‘ਮੇਰੇ ਵਿਚ ਤੇਰੀ’ ਵਿਚ ਜ਼ਰੂਰ ਲਗਾਤਾਰ ਫੁੱਲਾਂ ਦੀਆਂ ਗੁਲਾਬੀ ਪੱਤੀਆਂ ਉੱਡਦੀਆਂ ਨਜ਼ਰ ਆਈਆਂ, ਉਹ ਤਾਂ ਭਾਈ ਸਾਬਣ ਦੀ ਮਸ਼ਹੂਰੀ ਲਈ ਸਨ, ਫ਼ਿਲਮ ਦੀ ਕਹਾਣੀ ਵਾਸਤੇ ਥੋੜ੍ਹੀ। ਧੱਕੇ ਨਾਲ ਪਾਇਆ ਗਿਆ ਇਹ ਗੀਤ ਘੱਟ ਅਤੇ ਸਾਬਣ ਦੀ ਮਸ਼ਹੂਰੀ ਜ਼ਿਆਦਾ ਲੱਗਿਆ। ਬੈਕਗ੍ਰਾਉਂਡ ਸੰਗੀਤ ਤਾਂ ਬਿਲਕੁਲ ਹੀ ਅਜੀਬ ਬਣਾਇਆ ਗਿਆ। ਖ਼ਾਸ ਕਰ ਜਦੋਂ ਇੰਦਰ ਅਤੇ ਡਿੰਪੀ ਗੁੰਡਿਆਂ ਨਾਲ ਗਹਿਗੱਚ ਲੜਾਈ ਕਰ ਰਹੇ ਹਨ ਤਾਂ ਪਿੱਛੇ ਲਗਾਤਾਰ ਢੋਲ ਦਾ ਇਕ ਲੂਪ ਵੱਜ ਰਿਹਾ ਹੈ ਜੋ ਵਿਚ-ਵਿਚਾਲੇ ਕਿਤੋਂ ਵੀ ਸ਼ੁਰੂ ਹੋ ਜਾਂਦੈ ਅਤੇ ਕਿਤੇ ਵੀ ਮੁੱਕ ਜਾਂਦੈ। ਪੂਰੇ ਦ੍ਰਿਸ਼ ਵਿਚ ਮੈਂ ਤਾਂ ਇਹੀ ਸੋਚਦਾ ਰਿਹਾ ਕਿ ਖ਼ੂਨੀ ਲੜਾਈ ਦੇਖ ਕੇ ਦੰਦ ਕਰੀਚਾਂ ਜਾਂ ਉੱਠ ਕੇ ਢੋਲ ਦੀ ਬੀਟ ’ਤੇ ਭੰਗੜਾ ਪਾਉਣ ਲੱਗ ਜਾਵਾਂ। 

ਉਹ ਫ਼ਿਲਮ ਬਣਾਉਣ ਵਾਲਿਉ, ਸੱਜਣੋ, ਅਰਥਭਰਪੂਰ ਫ਼ਿਲਮਾਂ ਦੇ ਨਾਂ ਤੇ ਆਹ ਗਾਹ ਜਿਹਾ ਨਹੀਂ ਚਾਹੀਦਾ ਸਾਨੂੰ। ਜੇ ਚੰਗੀਆਂ ਫ਼ਿਲਮਾਂ ਬਣਾਉਣੀਆਂ ਨੇ ਤਾਂ ਕਹਾਣੀ ਕਹਿਣ ਦਾ ਹੁਨਰ ਸਮਝੋ ਅਤੇ ਤਰਾਸ਼ੋ, ਉਸ ਤੋਂ ਬਾਅਦ ਹੀ ਮਹਿੰਗੇ ਕਲਾਕਾਰਾਂ ਤੇ ਪੈਸਾ ਲਾਉ। 
ਜਿਨ੍ਹਾਂ ਨੇ ਫ਼ਿਲਮ ਸਮੀਖਿਆ ਵਿਚ ਫ਼ਿਲਮ ਨੂੰ ਨੰਬਰ ਦੇਣ ਦੀ ਰਿਵਾਇਤ ਚਲਾਈ ਉਨ੍ਹਾਂ ਮਹਾਨ ਫ਼ਿਲਮ ਸਮੀਖਿਅਕਾਂ ਦਾ ਮਾਣ ਰੱਖਦਿਆਂ ਇਸ ਫ਼ਿਲਮ ਨੂੰ ਇਕ ਨੰਬਰ ਦੇ ਰਿਹਾ ਹਾਂ, ਨਹੀਂ ਤਾਂ ਮੇਰਾ ਤਾਂ ਬੱਸ ਇਨ੍ਹਾਂ ਨੂੰ ਬੱਸ ਵਿਚ ਮਿਲਣ ਵਾਲੀ ਸੰਤਰੇ ਆਲੀ ਗੋਲੀ ਦੇਣ ਨੂੰ ਜੀ ਕਰਦਾ।

Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com