ਫ਼ਿਲਮ ਸਮੀਖਿਆ | ਫੇਰ ਮਾਮਲਾ ਗੜਬੜ ਗੜਬੜ

ਪੰਜ, ਸੱਤ ਚੁਟਕਲੇ ਪਾਕਿਸਤਾਨੀ ਫ਼ਿਲਮਾਂ ਦੇ ਚੁੱਕੋ, ਪੰਜ, ਸੱਤ ਚੁਟਕਲਿਆ ਦਾ ਹਿੰਦੀ ਫ਼ਿਲਮਾਂ ‘ਚੋਂ ਉਥਲਾ ਮਾਰੋ, ਕਿਸੇ ਫਲਾਪ ਹਿੰਦੀ ਫ਼ਿਲਮ (ਜਿਸ ਨੂੰ ਘੱਟ ਦਰਸ਼ਕਾਂ ਨੇ ਦੇਖਿਆ ਹੋਵੇ) ਤੋਂ ਫੁਰਨਾ ਚੁੱਕੋ, ਕੁਝ ਚੁਟਕਲੇ ਆਪਣੇ ਕੋਲੋਂ ਪਾਵੋ ਤੇ ਕਮੇਡੀਅਨਾਂ ਦੀ ਫ਼ੌਜ ਭਰਤੀ ਕਰਕੇ ਫ਼ਿਲਮ ਬਣਾ ਦੋਵੋ। 
 
ਅਜਿਹੀਆਂ ਕਥਿਤ ਤੌਰ ‘ਤੇ ਚਾਲੂ ਫ਼ਿਲਮਾਂ ਦੇ ਦੌਰ ‘ਚ ‘ਫੇਰ ਮਾਮਲਾ ਗੜਬੜ ਗੜਬੜ‘ ਵੱਖਰੀ ਫ਼ਿਲਮ ਕਹੀ ਜਾ ਸਕਦੀ ਹੈ। ਮਿਊਜ਼ਿਕ ਵੀਡੀਓ ਖੇਤਰ ਦੇ ਬਾਦਸ਼ਾਹ ਨਿਰਦੇਸ਼ਕ ਭਰਾ ਰਿੰਪੀ-ਪ੍ਰਿੰਸ ਦੀ ਅੱਜ (12 ਜੁਲਾਈ) ਨੂੰ ਰਿਲੀਜ਼ ਹੋਈ ‌ਇਹ ਫਿਲਮ ਬੇਸ਼ੱਕ ਕਮੇਡੀ ਤੇ ਡਰਾਮਾ ਫਿਲਮਾਂ ਦੀ ਲੜੀ ‘ਚ ਹੀ ਵਾਧਾ ਕਰਦੀ ਹੈ। ਪਰ ‌ਇਹ ਭਰਾ ਲਕੀਰ ਦੇ ਫ਼ਕੀਰ ਨਹੀਂ ਬਣੇ। ਆਪਣਾ ਦਿਮਾਗ ਗਹਿਣੇ ਨਹੀਂ ਪਾ‌ਇਆ, ਕੰਮ ਲਿਆ ਹੈ ‌ਇਸ ਤੋਂ। 
 
poster-fer-mamla-gadbad-gadbad
ਪੋਸਟਰ | ਫੇਰ ਮਾਮਲਾ ਗੜਬੜ ਗੜਬੜ
ਫ਼ਿਲਮ ਦੀ ਕਹਾਣੀ ਬਹੁਤੀ ਰੌਚਿਕ ਤਾਂ ਨਹੀਂ ਕਹੀ ਜਾ ਸਕਦੀ ਪਰ ਧਿਆਨ ਨਹੀਂ ਭਕਣ ਦਿੰਦੀ। ਫ਼ਿਲਮ ‌ਇਕ ਐਸੇ ਮੁੰਡੇ ਜੱਸੀ (ਰੌਸ਼ਨ ਪ੍ਰਿੰਸ ) ‘ਤੇ ਅਧਾਰਿਤ ਹੈ ਜੋ ਫ਼ਿਲਮਾਂ ਦਾ ਹੀਰੋ ਬਣਨਾ ਚਾਹੁੰਦਾ ਹੈ। ਪਰ ਉਸਦਾ ਬਾਪ (ਸ਼ਵਿੰਦਰ ਮਾਹਲ ) ਫ਼ਿਲਮਾਂ ਨੂੰ ਕੰਜਰਖ਼ਾਨਾ ਸਮਝਦਾ ਹੈ, ਤੇ ਉਸਨੂੰ ‌ਇਸ ਤੋਂ ਵਰਜਦਾ ਹੈ। ਪਰ ਜਦੋਂ ਦਿਮਾਗ ‘ਤੇ ਫ਼ਤੂਰ ਹੋਵੇ ਅਤੇ ਰੈਬੋਂ (ਰਾਣਾ ਰਣਬੀਰ) ਵਰਗੇ ਯਾਰ ਹੋਣ ਤਾਂ ਜੱਸੀ ਵਰਗੇ ਕਿਥੇ ਲੱਗਦੇ ਨੇ ਬਾਪ ਦੇ ਆਖੇ । ਸੋ ਜੱਸੀ ਵੀ ਹੀਰੋ ਬਣਨ ਲਈ ਪਾਪੜ ਵੇਲਦਾ ਹੈ। ਉਹ ਸੰਘਰਸ਼ ਦੇ ਰਾਹ ਪੈਣ ਦੀ ਥਾਂ ਚਾਲੂਪੁਣੇ ‘ਤੇ ਉਤਰ ਆਉਂਦਾ ਹੈ। ਉਹ ਲੋਕਾਂ ਦਾ ਤਲਾਕ ਕਰਵਾਉਣ ਲਈ ਝੂਠੀਆ ਗਵਾਹੀਆਂ ਦਿੰਦਾ ਹੈ। ਵਿਆਹ ਤੜਵਾਓਣ ਲਈ ਉਸਦਾ ਫਰਜ਼ੀ ਪ੍ਰੇਮੀ ਬਣਨਾ ਹੀ ਫ਼ਿਲਮ ਦਾ ਧੁਰਾ ਹੈ। ‌ਇਸ ‌ਇੱਕਲੇ ਨੁਕਤੇ ‘ਤੇ ਹੀ ਫ਼ਿਲਮ ਬੁਣੀ ਗਈ ਹੈ। ਵਿਆਹ ਤੁੜਵਾ ਕੇ ਨੋਟ ਕਮਾਉਣ ਦੇ ਚੱਕਰ ‘ਚ ਉਹ ਅਜਿਹਾ ਭੰਬਲਭੂਸੇ ਪੈਂਦਾ ਹੈ ਕਿ ਦਰਸ਼ਕ ਵੀ ‌ਇਕ ਵਾਰ ਪੌਪਕੌਨ ਛੱਡ ਕੇ ਸੋਚਦੇ ਹਨ ਕਿ ਯਾਰ ‌ਇਹ ਹੋ ਕੀ ਰਿਹਾ ਹੈ? ‌
 
ਇਸੇ ਦੌਰਾਨ ਉਸਦਾ ਫ਼ਿਲਮ ਦੀ ਨਾ‌ਇਕਾ ਰੀਤ (ਜਪੁਜੀ ਖ਼ਹਿਰਾ) ਦਾ ਮਿਲਾਪ ਹੁੰਦਾ ਹੈ। ਪਰ ਅਸਲ ‘ਚ ਉਹ ਫ਼ਿਲਮ ਦੀ ਦੂਜੀ ਨਾ‌ਇਕਾ ਰੂਪ (ਭਾਨੂਸ੍ਰੀ ਮਿਸ਼ਰਾ ) ਨਾਲ ਪਹਿਲਾ ਹੀ ਪਿਆਰ ਬੰਧਨ ‘ਚ ਬੱਝਿਆ ਹੋ‌ਇਆ ਹੈ। ਰੀਤ ਦਾ ਵਿਆਹ ਤੁੜਵਾਉਣ ਗਏ ਜੱਸੀ ਨਾਲ ਆਖਰ ਉਹੀ ਹੁੰਦਾ ਹੈ, ਜੋ ਦਰਸ਼ਕ ਸੋਚਦੇ ਨੇ ਅਤੇ ਨਿਰਦੇਸ਼ਕ ਸੋਚਣ ਲਈ ਮਜਬੂਰ ਕਰਦਾ। ਭਾਵ ਜੱਸੀ ਅਤੇ ਰੀਤ ਦੀ ਨਫ਼ਰਤ ਪਿਆਰ ‘ਚ ਬਦਲ ਜਾਂਦੀ ਹੈ। ਅਤੇ ਫ਼ਿਲਮ ਦਾ ਅੰਤ 100 ਚੋਂ 95 ਫ਼ਿਲਮਾਂ ਵਾਂਗ ਸੁਖਾਂਤਕ ਹੁੰਦਾ ਹੈ। ਮਤਲਬ ਜੱਸੀ ਅਤੇ ਰੀਤ ਦਾ ਵਿਆਹ ਹੋ ਜਾਂਦਾ ਹੈ। ਵੱਖਰੀ ਗੱਲ ‌ਇਹ ਹੈ ਕਿ ਰੂਪ (ਜੱਸੀ ਦੀ ਪਹਿਲੀ ਪ੍ਰੇਮਿਕਾ) ‌ਇਸ ਪਿਆਰ ਦੀ ਵਿਰੋਧਤਾ ਕਰਨ ਦੀ ਥਾਂ ਖ਼ੁਦ ਜੱਸੀ ਅਤੇ ਰੀਤ ਨੂੰ ਮਿਲਵਾਉਂਦੀ ਹੈ।‌ ‌ਇਸ ਦੌਰਾਨ ਕਾਫੀ ਡਰਾਮਾ ਚੱਲਦਾ ਹੈ। 
 
ਰੈਬੋਂ (ਰਾਣਾ ਰਣਬੀਰ) ਅਤੇ ਪੂਜਾ (ਬੀ.ਐਨ. ਸ਼ਰਮਾ) ਫ਼ਿਲਮ ਦੀਆਂ ਉਹ ਕੜੀਆਂ ਹਨ ਜੋ ਪਤੰਗ ਨੂੰ ਦਿੱਤੀ ਕੰਨੀ ਦਾ ਕੰਮ ਕਰਦੀਆਂ ਹਨ। (ਘੁੱਗੀ) ਰਾਣਾ ਜੰਗ ਬਹਾਦਰ ਦੇ ਗੈਂਗ ਵਾਲਾ ਹਿੱਸਾ ਵੀ ਚੰਗਾ ਹੈ। ਥੋੜ੍ਹਾ ਹਾਸਾ ਵੀ ਪਾਉਂਦਾ ਹੈ ਪਰ ਬਹੁਤਾ ਪ੍ਰਭਾਵਸ਼ਾਲੀ ਨਹੀਂ ਹੈ। ‌ਇਸ ਗੈਂਗ ‘ਚ ਸ਼ਾਮਲ ਚਿੜੀ (ਸੁਰਿੰਦਰ ਸ਼ਰਮਾ) ਦਾ ਅਜਿਹੇ ਛੋਟੇ ਕਿਰਦਾਰ ਕਰਨਾ ਚੰਗਾ ਨਹੀਂ ਲੱਗਾ। ਸੁਰਿੰਦਰ ਸ਼ਰਮਾ ਸੀਨੀਅਰ ਅਦਾਕਾਰ ਹੈ ਉਸ ਨੂੰ ਅਜਿਹੇ ਫੌਕੇ ਜਿਹੇ ਕਿਰਦਾਰ ਸ਼ੋਭਾ ਨਹੀਂ ਦਿੰਦੇ। ਕਰਮਜੀਤ ਅਨਮੋਲ ਦੇ ਹਿੱਸੇ ‌ਇਸ ਵਾਰ ਬਹੁਤਾ ਕੁਝ ਨਹੀਂ ਆ‌ਇਆ। ਪਰ ਗਾ‌ਇਕੀ ‘ਚ ਉਸਦਾ ਸਾਥ ਦੇਣ ਵਾਲੀ ਨਿਸ਼ਾ ਬਾਨੋ, ਕਰਮੋਂ ਦੇ ਰੂਪ ‘ਚ ਜ਼ਰੂਰ ਛਾਈ ਰਹੀ ਹੈ। ਸ਼ਵਿੰਦਰ ਮਾਹਲ, ਸੁਨੀਤਾ ਧੀਰ, ਸ਼ਤੀਸ਼ ਕੌਲ, ਹੌਬੀ ਧਾਲੀਵਾਲ, ਰਾਕੇਸ਼ ਪੱਪੀ ਦਾ ਕੰਮ ਆਮ ਵਾਂਗ ਹੀ ਹੈ। 
 
ਜਪੁਜੀ ਖਹਿਰਾ ਫੱਬੀ ਹੈ ਫ਼ਿਲਮ ‘ਚ। ਉਸਦੀ ਅਦਾਕਾਰੀ ਤੇ ਪਹਿਰਾਵਾ ਪ੍ਰਭਾਵਤ ਕਰਦਾ ਹੈ। ਭਾਨੂਸ੍ਰੀ ਪਹਿਲੀ ਵਾਰ ਕਿਸੇ ਫ਼ਿਲਮ ‘ਚ ਦੇਖੀ ਹੈ। ਚੰਗੀ ਐਕਟਰ ਹੈ ਕੁੜੀ। ਆਪਣੀ ਛਾਪ ਛੱਡਣ ‘ਚ ਕਾਮਯਾਬ ਰਹੀ ਹੈ। ਰੌਸ਼ਨ ਪ੍ਰਿੰਸ ਕਈ ਥਾਂਵਾਂ ‘ਤੇ ਡੋਲਦਾ ਹੈ। ਉਸਦੀ ਐਕਟਿੰਗ ਢਿੱਲੀ ਪੈਂਦੀ ਹੈ। ਪਰ ਉਸਨੇ ਮੋਢੇ ਪਿਆ ਭਾਰ ਜ਼ਰੂਰ ਚੁੱਕਿਆ ਹੈ। 
 
ਰਿੰਪੀ-ਪ੍ਰਿੰਸ ਦੀ ਨਿਰਦੇਸ਼ਨਾ ਚੰਗੀ ਹੈ ਪਰ ਬਹੁਤਾ ਜ਼ੋਰ ਫ਼ਿਲਮ ਦੇ ਗੀਤਾਂ ਦੇ ਫ਼ਿਲਮਾਂਕਣ ‘ਤੇ ਲੱਗਿਆ ਹੋ‌ਇਆ ਹੈ।ਫ਼ਿਲਮ ਦੇ ਪਹਿਲੇ ਕੁਝ ਮਿੰਟ ਨਿਰਾਸ਼ ਕਰਦੇ ਹਨ। ਪਰ ਰੌਸ਼ਨ ਦੇ ਪਰਦੇ ‘ਤੇ ਆਉਣ ਨਾਲ ਹੀ ਫ਼ਿਲਮ ਦੀ ਅਸਲ ਸ਼ੁਰੂਆਤ ਹੁੰਦੀ। ਫ਼ਿਲਮ ਦਾ ਦੂਜਾ ਹਾਫ ਰਫ਼ਤਾਰ ਫੜ੍ਹਦਾ ਹੈ। ਫ਼ਿਲਮ ਦੇ ਸੰਵਾਦ ਵੀ ਹੋਰਾਂ ਫ਼ਿਲਮਾਂ ਨਾਲੋਂ ਵੱਖਰੇ ਹਨ। ਤਕਨੀਕੀ ਪੱਖਾਂ ਦਾ ਖਿਆਲ ਰੱਖਿਆ ਗਿਆ ਹੈ। ਜਿੰਨ੍ਹਾਂ ਜ਼ੋਰ ਫ਼ਿਲਮ ਦੇ ਪ੍ਰਚਾਰ ‘ਤੇ ਲਾ‌ਇਆ ਗਿਆ ਹੈ ਜੇ ਏਨਾ ਜ਼ੋਰ ਫ਼ਿਲਮ ‘ਤੇ ਹੋਰ ਲਾ‌ਇਆ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀ। ‌ਇਸ ਦੇ ਬਰਾਬਰ ਰਿਲੀਜ਼ ਹੋਈ ‘ ਭਾਗ ਮਿਲਖਾ ਭਾਗ‘ ‌ਇਸ ਦੀਆਂ ਜੜ੍ਹਾਂ ‘ਚ ਨਾ ਬੈਠੇ ਫ਼ਿਲਮ ਨਾਲ ਜੁੜੇ ਲੋਕ ਫ਼ਿਲਹਾਲ ‌ਇਹੀ ਅਰਦਾਸ ਕਰ ਰਹੇ ਹਨ। ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬੀ ਫ਼ਿਲਮਾਂ ਦਾ ਵੀ ਆਪਣਾ ਦਰਸ਼ਕ ਵਰਗ ਪੈਦਾ ਹੋਵੇ। ਪਰ ‌ਇਸ ਨੂੰ ਅਜੇ ਵਕਤ ਲੱਗੂ। ਕਿਉਂਕਿ ਫ਼ਿਲਹਾਲ ਤਾਂ ਪੰਜਾਬੀ ਫ਼ਿਲਮਾਂ ਦਾ ‘ਮਾਮਲਾ ਗੜਬੜ’ ਹੈ। 
-ਸਪਨ ਮਨਚੰਦਾ

Posted

in

,

by

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com