Punjab Budget 2022 – ਐਲਾਨਾਂ ਵਾਲੀ ਸਰਕਾਰ – Bhagwant Mann!

ਆਖ਼ਰ ਉਹ ਘੜੀ ਆ ਗਈ ਜਿਸ ਦੀ ਪੰਜਾਬ ਦੀ ਆਮ ਜਨਤਾ ਨੂੰ ਬੇਸਬਰੀ ਨਾਲ ਉਡੀਕ ਸੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ () ਨੇ ਅੱਜ ਪੰਜਾਬ ਦੇ ਬਜਟ (Punjab Budget 2022) ਵਾਲਾ ਪਿਟਾਰਾ ਖੋਲ੍ਹ ਦਿੱਤਾ। ਉਮੀਦ ਕੀਤੀ ਜਾ ਰਹੀ ਸੀ ਕਿ ਦਿੱਲੀ ਤੋਂ ਲਿਆਂਦੀ ਚਾਂਦੀ ਰੰਗੀ ਜਾਦੂ ਵਾਲੀ ਛੜੀ ਇਸ ਪਿਟਾਰੇ ਵਿਚੋਂ ਕੋਈ ਅਜਿਹੀ ਦਾਰੂ ਕੱਢੇਗੀ, ਜਿਹੜੀ ਪੰਜਾਬ ਦੇ ਦੁੱਖਾਂ ਦਾ ਇਲਾਜ ਕਰ ਦੇਵੇਗੀ। ਪੰਜਾਬੀਓ ਕੰਨ ਖੜ੍ਹੇ ਨਾ ਕਰੋ, ਮੈਂ ਇੱਥੇ ਠੇਕੇ ਵਾਲੀ ਦਾਰੂ ਦੀ ਨਹੀਂ, ਮਹਾਨਕੋਸ਼ ਅਨੁਸਾਰ ਦਵਾਈ ਲਈ ਵਰਤੇ ਜਾਂਦੇ ਸ਼ਬਦ ਦਾਰੂ ਦੀ ਗੱਲ ਕੀਤੀ ਹੈ।

Punjab Budget 2022 - Bhagwant Mann
Punjab Budget 2022

ਉਂਝ ਪੰਜਾਬ ਸਰਕਾਰ ਨੇ ਖ਼ਾਲੀ ਖ਼ਜਾਨੇ ਦਾ ਇਲਾਜ ਠੇਕੇ ਵਾਲੀ ਦਾਰੂ ਨਾਲ ਕਰਨ ਦੀ ਰਿਵਾਇਤ ਨੂੰ ਅੱਗੇ ਤੋਰਨ ਵਿਚ ਹੀ ਲੱਭਿਆ ਹੈ। ਨਾ ਸਿਰਫ਼ ਆਮ ਆਦਮੀ ਨੇ ਸਰਕਾਰ ਨੇ ਠੇਕੇ ਵਾਲੀ ਦਾਰੂ ਵਾਲੀ ਰਿਵਾਇਤ ਨੂੰ ਅੱਗੇ ਤੋਰਨਾ ਹੈ, ਬਲਕਿ ਉਸ ਨੇ ਨਵੀਂ ਆਬਕਾਰੀ ਨੀਤੀ ਘੜ ਕੇ ਖ਼ਜ਼ਾਨਾ ਭਰਨ ਦੀ ਇਸ ਨੀਤੀ ਨੂੰ ਹੋਰ ਪੱਕਾ ਕਰਨ ਦਾ ਦਾਅਵਾ ਕੀਤਾ ਹੈ। ਕਾਗਜ਼ਾਂ ਵਿਚਲੇ ਜਮ੍ਹਾਂ-ਘਟਾਉ ਦੇ ਹਿਸਾਬ ਨਾਲ ਤਾਂ ਨਵੀਂ ਬੋਤਲ ਵਿਚ ਇਹ ਪੁਰਾਣੀ ਸ਼ਰਾਬ ਸਰੂਰ ਜਿਹਾ ਦਿੰਦੀ ਦਿਖਾਈ ਦਿੰਦੀ ਹੈ। ਖ਼ਜਾਨਾ ਵੀ ਖ਼ੁਸ਼ੀ ਵਿਚ ਝੂਮਦਾ ਲੱਗਦਾ ਹੈ, ਪਰ ਜੇ ਵਿਰੋਧੀ ਧਿਰ ਦੀ ਗੱਲ ‘ਤੇ ਕੰਨ ਧਰੀਏ ਤਾਂ ਵਧੇ ਰੇਟਾਂ ਦੇ ਹਿਸਾਬ ਨਾਲ ਠੇਕਿਆਂ ਲਈ ਪੰਜਾਹ ਫ਼ੀਸਦੀ ਘਟ ਅਰਜ਼ੀਆਂ ਆਉਣੀਆਂ ਰੰਗ ਵਿਚ ਭੰਗ ਪਾਉਂਦੀਆਂ ਲੱਗਦੀਆਂ ਹਨ।

Punjab Budget 2022: ਗਰੰਟੀਆਂ ਵਾਲੀ ਸਰਕਾਰ

ਚੋਣ ਪ੍ਰਚਾਰ ਵੇਲੇ ਕੀਤੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਚਾਰਾਜੋਈ ਵਿੱਤ-ਮੰਤਰੀ ਨੇ ਜ਼ਰੂਰ ਕੀਤੀ ਹੈ। ਉਨ੍ਹਾਂ ਸਕੂਲੀ ਤੇ ਉੱਚ ਸਿੱਖਿਆ ਢਾਂਚੇ ਦੇ ਬਜਟ ਵਿਚ ਸੋਲਾਂ ਫ਼ੀਸਦੀ ਵਾਧੇ, ਸਿਹਤ ਸਹੂਲਤਾਂ, ਮੈਡੀਕਲ ਸਿੱਖਿਆ, ਤਕਨੀਕੀ ਸਿੱਖਿਆ, ਖੇਡਾਂ ਦੇ ਬਜਟ ਵਿਚ ਇਜਾਫ਼ਾ, ਤਿੰਨ ਸੌ ਯੂਨੀਟ ਮੁਫ਼ਤ ਬਿਜਲੀ, ਕਿਸਾਨਾਂ ਦੀ ਮੁਫ਼ਤ ਬਿਜਲੀ ਜਾਰੀ ਰੱਖਣਾ, ਇਕ ਵਿਧਾਇਕ ਇਕ ਪੈਨਸ਼ਨ ‘ਤੇ ਮੋਹਰ ਲਾਉਣ ਵਰਗੇ ਐਲਾਨਾਂ ਨਾਲ ਇਸ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਪੱਚੀ ਹਜ਼ਾਰ ਤੋਂ ਵਧ ਨਵੀਆਂ ਨੌਕਰੀਆਂ, ਪੁਰਾਣੇ ਛੱਤੀ ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੁਲਸ ਵਿਚ ਭਰਤੀ ਖੋਲ੍ਹਣਾ ਵਰਗੇ ਐਲਾਨ ਵੀ ਕੀਤੇ ਗਏ। ਪਰ ਵਿਰੋਧੀ ਧਿਰ ਨੂੰ ਅਲੋਚਨਾ ਕਰਨ ਦਾ ਮੌਕਾ ਦੇਣ ਲਈ ਹੀ ਸ਼ਾਇਦ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਵਾਲੀ ਗਰੰਟੀ ਬਾਰੇ ਵਿੱਤ ਮੰਤਰੀ ਨੇ ਇਕ ਲਫ਼ਜ਼ ਵੀ ਨਹੀਂ ਬੋਲਿਆ। ਭਾਵੇਂ ਬਾਅਦ ਵਿਚ ਮੀਡੀਆ ਦੇ ਸਵਾਲਾਂ ਦੇ ਜੁਆਬ ਦਿੰਦਿਆਂ, ਇਸ ਯੋਜਨਾ ਨੂੰ ਵੀ ਪੱਕੀ ਪੈਰੀਂ ਛੇਤੀ ਲਾਗੂ ਕਰਨ ਦੀ ਗੱਲ ਕਹੀ।

ਗ਼ਾਲਿਬ-ਏ-ਪੰਜਾਬ ਦੀ ਘਾਟ ਰੜਕੀ!

ਸੰਗਰੂਰ ਜਿਮਨੀ ਚੋਣ ਵਿਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਅੱਜ ਦਾ ਬਜਟ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਕਾਡਰ ਵਿਚ ਨਵੀਂ ਜਾਨ ਭਰਨ ਦਾ ਅਹਿਮ ਮੌਕਾ ਸੀ। ਬਜਟ ਪੇਸ਼ ਕਰਨਾ ਦਾ ਮਤਲਬ ਸਿਰਫ਼ ਅੰਕੜਿਆਂ ਦੀ ਨੀਰਸ ਪੇਸ਼ਕਾਰੀ ਹੀ ਨਹੀਂ ਹੁੰਦਾ, ਬਲਕਿ ਵਿੱਤ ਮੰਤਰੀ ਦਾ ਆਤਮ-ਵਿਸ਼ਵਾਸ ਵੀ ਉਸ ਵਿਚ ਜਾਨ ਫੂਕਦਾ ਹੈ। ਇਸ ਮਾਮਲੇ ਵਿਚ ਪੰਜਾਬ ਦੇ ਗ਼ਾਲਿਬ ਕਹੇ ਜਾਂਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਾਲੀ ਭਾਸ਼ਨ ਕਲਾ ਦੀ ਕਮੀ ਬਹੁਤ ਮਹਿਸੂਸ ਹੋਈ। ਹਰਪਾਲ ਚੀਮਾ ਆਪਣੇ ਬਜਟ ਭਾਸ਼ਨ ਨਾਲ ਨਵੀਂ ਰੂਹ ਫੂਕ ਦੇਣ ਵਾਲਾ ਜਾਦੂ ਚਲਾਉਣ ਦੀ ਬਜਾਇ ਲਿਖ ਕੇ ਦਿੱਤੀ ਹੋਈ ਸਕ੍ਰਿਪਟ ਪੜ੍ਹਦੇ ਹੋਏ ਜ਼ਿਆਦਾ ਮਹਿਸੂਸ ਹੋਏ। ਸੰਖੇਪ ਜਿਹੇ ਸੰਪਾਦਕੀ ਵਿਚ ਸਾਰੇ ਵਿਸ਼ਿਆਂ ਬਾਰੇ ਗੱਲ ਕਰਨਾ ਤਾਂ ਸੰਭਵ ਨਹੀਂ। ਬਾਕੀ ਵਿਸਤਾਰ ਤਾਂ ਬਜਟ ‘ਤੇ ਹੋਣ ਵਾਲੀ ਬਹਿਸ ਵਿਚੋਂ ਆਵੇਗਾ। ਆਓ ਕੁਝ ਮੋਟੇ-ਮੋਟੇ ਨੁਕਤਿਆਂ ਦੀ ਗੱਲ ਕਰਦੇ ਹਾਂ।

Punjab Budget 2022: ਪੇਪਰਲੈੱਸ ਸਿਰਫ਼ ਪੇਪਰ ‘ਤੇ

ਇਸ ਬਜਟ ਵਿਚ ਵਾਤਾਵਰਨ ਸੰਬੰਧੀ ਦੋ ਪ੍ਰਮੁੱਖ ਦਾਅਵੇ ਹਨ। ਪਹਿਲਾ ਪੇਪਰਲੈੱਸ ਬਜਟ ਪੇਸ਼ ਕਰਨਾ ਤੇ ਦੂਜਾ ਪਰਾਲੀ ਸਾੜਨ ਦਾ ਬਦਲ ਲੱਭਣਾ। ਬਿਨਾਂ ਕਾਗਜ਼ਾਂ ਦੀ ਵਰਤੋਂ ਕੀਤੇ ਬਜਟ ਪੇਸ਼ ਕਰਨ ਨਾਲ ਸਾਲ ਦੇ ਇੱਕੀ ਲੱਖ ਰੁਪਏ ਬਚਣ ਦਾ ਦਾਅਵਾ ਕੀਤਾ ਗਿਆ ਹੈ। ਪਰ ਇਸ ਨਾਲ ਕਿੰਨੇ ਦਰਖਤ ਬਚਣਗੇ ਇਸ ਦਾ ਹਿਸਾਬ ਬਜਟ ਵਿਚ ਨਹੀਂ ਹੈ। ਖ਼ੈਰ ਇਹ ਗਿਣਤੀ ਬਿਨਾਂ ਤਾਂ ਸਰ ਸਕਦਾ ਹੈ, ਪਰ ਬਜਟ ਤੋਂ ਲੈ ਕੇ ਸਕੂਲਾਂ ਤੱਕ ਨੂੰ ਡਿਜੀਟਲ ਦੇ ਨਾਲ-ਨਾਲ ਪਾਰਦਰਸ਼ੀ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦਾ ਬਜਟ ਤਜਵੀਜ਼ ਦਸਤਾਵੇਜ਼ ਇਹ ਸਤਰਾਂ ਲਿਖੇ ਜਾਣ ਤੱਕ ਕਿਸੇ ਸਰਕਾਰੀ ਵੈਬਸਾਈਟ ‘ਤੇ ਅਪਲੋਡ ਕੀਤਾ ਹੋਇਆ ਨਜ਼ਰ ਨਹੀਂ ਆਇਆ ਹੈ।

ਵਾਤਾਵਰਨ ਦੀ ਕਿੰਨੀ ਫ਼ਿਕਰ!

ਉੱਪਰੋਂ ਸਿਤਰਜ਼ਰੀਫ਼ੀ ਇਹ ਕਿ ਇਕ ਪਾਸੇ ਪੇਪਰਲੈੱਸ ਬਜਟ ਪੇਸ਼ ਕਰਕੇ ਵਾਤਾਵਰਨ ਪੱਖੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਲੁਧਿਆਣਾ ਟੈਕਸਟਾਈਲ ਪਾਰਕ ਰਾਹੀਂ ਤਰੱਕੀ ਦੇ ਨਾਮ ‘ਤੇ ਸਤਲੁਜ ਦੇ ਹੜ੍ਹਾਂ ਦੇ ਪਾਣੀ ਨੂੰ ਸਾਂਭਣ ਵਾਲੇ ਖੇਤਰ ਤੇ ਮੱਤੇਵਾੜੇ ਦੇ ਜੰਗਲ ਨੂੰ ਤਬਾਹ ਕਰਨ ਦੀਆਂ ਕਾਰਵਾਈਆਂ ਵਿਚ ਤੇਜ਼ੀ ਲਿਆਈ ਜਾ ਰਹੀ ਹੈ। ਨਾਲ ਹੀ ਇਸ ਨੇ ਪੰਜ-ਆਬ ਦੇ ਪੂਜਣਯੋਗ ਸਤਲੁਜ ਦਰਿਆਂ ਨੂੰ ਜ਼ਹਿਰਾਂ ਦੇ ਦਰਿਆ ਵਿਚ ਤਬਦੀਲ ਕਰ ਦੇਣਾ ਹੈ। ਜ਼ਮੀਨ ‘ਤੇ ਇਸ ਯੋਜਨਾ ਦੇ ਹੋ ਰਹੇ ਪੁਰਜ਼ੋਰ ਵਿਰੋਧ ਨੂੰ ਵੀ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਸਰਗ਼ੋਸ਼ੀਆਂ ਤਾਂ ਇਹ ਵੀ ਹਨ ਕਿ ਦਿੱਲੀ ਬੈਠੇ ਕੁਝ ਆਪ ਆਗੂਆਂ ਦੀ ਇਸ ਪ੍ਰੋਜੈਕਟ ਵਿਚ ਨਿੱਜੀ ਦਿਲਚਸਪੀ ਹੈ। ਦਿੱਲੀ ਵਾਲਿਆਂ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਪੰਜਾਬ ਵਿਚ ਜੰਗਲਾਤ ਦੀ ਛੱਤਰੀ ਦਿੱਲੀ ਨਾਲੋਂ ਵੀ ਘਟ ਰਹਿ ਗਈ ਹੈ।

ਕੋਮਾ ਵਿਚ ਸਿਹਤ ਢਾਂਚਾ

ਸਿਹਤ ਖੇਤਰ ਵਿਚ ਸੁਧਾਰ ਦੇ ਨਾਮ ‘ਤੇ ਮੁਹੱਲਾ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਜਦ ਕਿ ਪਹਿਲਾਂ ਤੋਂ ਮੌਜੂਦ ਸਿਹਤ ਢਾਂਚਾ ਪੂਰੀ ਤਰ੍ਹਾਂ ਨਕਾਰਾ ਹੋਇਆ ਪਿਆ ਹੈ। ਨਾ ਹਸਪਤਾਲਾਂ ਵਿਚ ਡਾਕਟਰ ਹਨ ਤੇ ਨਾ ਦਵਾਈਆਂ। ਡਿਸਪੈਂਸਰੀਆਂ ‘ਤੇ ਮੁੱਢਲੇ ਸਿਹਤ ਕੇਂਦਰਾਂ ਵਿਚ ਸਟਾਫ਼, ਸਾਜ਼ੋ-ਸਾਮਾਨ ਤੇ ਮਰੀਜ਼ਾਂ ਦੇ ਲਈ ਮੁੱਢਲੀਆਂ ਸਹੂਲਤਾਂ ਦੀ ਘਾਟ ਕੋਮਾ ਵਿਚ ਜਾ ਕੇ ਚੁੱਕੇ ਸਿਹਤ ਢਾਂਚੇ ਦੀ ਗਵਾਹੀ ਭਰ ਰਿਹਾ ਹੈ। ਇੱਧਰ ਦਿੱਲੀ ਮਾਡਲ ਦੀ ਨਕਲ ਕਰਨ ਲਈ ਬਜਿੱਦ ਆਮ ਆਦਮੀ ਦੀ ਸਰਕਾਰ ਇਸ ਢਾਂਚੇ ਨੂੰ ਕੋਮਾ ਵਿਚੋਂ ਕੱਢਣ ਦੀ ਬਜਾਇ 77 ਕਰੋੜ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਦੀ ਨਰਮਾ ਪੱਟੀ ਜੋ ਹੁਣ ਕੈਂਸਰ ਦਾ ਐਕਸਪ੍ਰੈਸ ਹਾਈਵੇ ਬਣ ਚੁੱਕੀ ਹੈ, ਉਸ ਦੀ ਕੀਮੋਥੈਰੇਪੀ ਕਰਨ ਬਾਰੇ ਬਜਟ ਚੁੱਪ ਹੈ।

ਮੈਡੀਕਲ ਕਾਲਜ ਮੈਡੀਕਲ ਸਿੱਖਿਆ ਤੇ ਮੈਡੀਕਲ ਸਹੂਲਤਾਂ ਵਿਚ ਕੜੀ ਦਾ ਕੰਮ ਕਰਦੇ ਹਨ। ਵਿੱਤ ਮੰਤਰੀ ਨੇ ਪੰਜ ਸਾਲਾਂ ਵਿਚ ਸੋਲਾਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ। ਜਿਸ ਦਾ ਅਰਥ ਹੈ ਸਾਲ ਵਿਚ ਔਸਤਨ ਤਿੰਨ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਇਹ ਯੋਜਨਾ ਸੁਣ ਕੇ ਸ਼ਾਇਦ ਅਨੀਮੀਏ ਦੇ ਸ਼ਿਕਾਰ ਮਰੀਜ਼ਾਂ ਦਾ ਖ਼ੂਨ ਵੀ ਵਧ ਜਾਵੇ। ਪੰਜਾਬ ਦੇ ਤਿੰਨ ਸਰਕਾਰੀ ਤੇ ਅੱਠ ਨਿੱਜੀ ਮੈਡੀਕਲ ਕਾਲਜਾਂ ਦੇ ਵਿਚ ਸੋਲਾਂ ਕਾਲਜ ਹੋਰ ਜੁੜਨ ਦੇ ਨਾਲ ਔਸਤਨ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਹੋਣ ਦਾ ਸੁਪਨਾ ਬਹੁਤ ਸੋਹਣਾ ਲੱਗਦਾ ਹੈ। ਮਨ ਸੋਚਣ ਲੱਗਦਾ ਹੈ ਕਿ ਜੇ ਇੰਝ ਹੋ ਜਾਵੇ ਤਾਂ ਮੈਡੀਕਲ ਦੀ ਪੜ੍ਹਾਈ ਕਰਨ ਯੂਕਰੇਨ ਜਾਣ ਵਾਲੇ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਗੁਆਂਢੀ ਦੇਸ਼ਾਂ ਦੇ ਵਿਦਿਆਰਥੀ ਪੰਜਾਬ ਵੱਲ ਵਹੀਰਾਂ ਘੱਤ ਲੈਣਗੇ। ਪਰ ਮੌਜੂਦਾ ਸਰਕਾਰੀ ਕਾਲਜਾਂ ਦੀ ਹਾਲਤ ਦੇਖ ਕੇ ਤਾਂ ਲੱਗਦਾ ਹੈ ਕਿ ਚੰਗੇ ਭਲੇ ਤੁਰੇ ਫਿਰਦੇ ਤੰਦਰੁਸਤ ਲੋਕ ਵੀ ਸਾਹ ਛੱਡ ਜਾਣਗੇ। ਜੇ ਇਹ ਸਿਰਫ਼ ਐਲਾਨ ਰਹੇ ਤਾਂ ਇਸ ਤਰ੍ਹਾਂ ਦੇ ਐਲਾਨ ਅਗਲੇ ਬਜਟ ਤੋਂ ਪਹਿਲਾਂ-ਪਹਿਲਾਂ ਵਿੱਤ ਮੰਤਰੀ ਤੇ ਮੁੱਖ-ਮੰਤਰੀ ਸਮੇਤ ਆਮ ਲੋਕਾਂ ਦਾ ਬਜਟ ਪੇਸ਼ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੈਂਟੀਲੇਟਰ ‘ਤੇ ਭੇਜਣ ਲਈ ਕਾਫ਼ੀ ਹੋਣਗੇ।

Punjab Budget 2022: ਮੁੱਕਦੀ ਗੱਲ

ਫ਼ਿਲਹਾਲ ਆਪ ਸਰਕਾਰ ਵਾਦਿਆਂ ਦੇ ਓ.ਆਰ.ਐਸ. ਘੋਲ ਤੇ ਐਲਾਨਾਂ ਦੀ ਆਕਸੀਜਨ ਨਾਲ ਚੱਲ ਰਹੀ ਹੈ। ਹਾਲੀਆ ਜਿਮਨੀ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਜਨਤਾ ਨੇ ਆਕਸੀਜਨ ਵਾਲੀ ਨਾਲੀ ‘ਤੇ ਪੈਰ ਧਰਨ ਨੂੰ ਬਹੁਤੀ ਦੇਰ ਨਹੀਂ ਲਾਉਣੀ। ਫਿਲਹਾਲ ਲਹੂ ਦਾ ਦੌਰਾ ਮਾਪਣ ਵਾਲੀ ਮਸ਼ੀਨ ਤੁਹਾਡੇ ਹਵਾਲੇ ਕਰਦੇ ਹੋਏ ਮੈਂ ਬਸ ਅਰਦਾਸ ਕਰਦਾ ਹਾਂ। ਭਲੀ ਕਰੇ ਕਰਤਾਰ!

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com