ਖੁਸ਼ਵੰਤ ਸਿੰਘ ਦੀ ਲੇਖਣੀ ਅਤੇ ਕਿਰਦਾਰ

*ਦੀਪ ਜਗਦੀਪ ਸਿੰਘ*

ਇਸ ਵਿਚ ਕੋਈ ਸ਼ੱਕ ਨਹੀਂ ਕਿ ਖੁਸ਼ਵੰਤ ਸਿੰਘ ਈਲੀਟ ਦਾ ਲੇਖਕ ਸੀ। ਅੱਪਰ ਮਿਡਲ ਕਲਾਸ ਅੱਜ ਵੀ ਉਸ ਨੂੰ ਹੁੱਬ ਕੇ ਪੜ੍ਹਦਾ ਹੈ ਅਤੇ ਮਿਡਲ ਕਲਾਸ ਵੀ ਉਸ ਵਰਗੀ ਜ਼ਿੰਦਗੀ ਜਿਊਣਾ ਲੋਚਦਾ ਹੈ। ਉਸ ਦੀਆਂ ਕਈ ਗੱਲਾਂ ਉਸਦੀ ਈਲੀਟ ਮਾਨਸਿਕਤਾ ਨੂੰ ਜ਼ਾਹਿਰ ਕਰਦੀ ਹੈ, ਪਰ ਮੈਨੂੰ ਇਸ ਵਿਚ ਵੀ ਇਕ ਖ਼ਾਸੀਅਤ ਇਹ ਲੱਗਦੀ ਹੈ ਕਿ ਉਹ ਆਪਣੀ ਈਲੀਟ ਸੋਚ ‘ਤੇ ਕੋਈ ਪਰਦਾ ਨਹੀਂ ਸੀ ਪਾਉਂਦਾ।

 

ਆਪ ਈਲੀਟ ਅਤੇ ਈਲੀਟ ਦਾ ਲੇਖਕ ਹੁੰਦੇ ਹੋਏ ਉਸ ਨੇ ਈਲੀਟ ਦਾ ਕੋਹਜ ਰੱਜ ਕੇ ਸਾਹਮਣੇ ਲਿਆਂਦਾ। ਸਮੇਤ ਆਪਣੇ ਉਹ ਈਲੀਟ ਦੇ ਐਸ਼ਪ੍ਰਸਤੀ ਅਤੇ ਸਾਮਾਜਿਕ ਮਸਲਿਆਂ ਬਾਰੇ ਉਨ੍ਹਾਂ ਦੀ ਸੋਚ ਨੂੰ ਉਜਾਗਰ ਕਰਨ ਲਈ ਉਹ ਕਿਸੇ ਦਾ ਲਿਹਾਜ ਨਹੀਂ ਸੀ ਕਰਦਾ। 

ਇੰਦਰਾਂ ਗਾਂਧੀ ਸਮੇਤ ਗਾਂਧੀ ਪਰਿਵਾਰ ਦੇ ਉਹ ਨੇੜੇ ਰਿਹਾ, ਪਰ ਲਿਖਣ ਵੇਲੇ ਉਨ੍ਹਾਂ ਦੇ ਸਿਆਸੀ ਅਤੇ ਘਰੇਲੂ ਕੋਹਜ ਨੂੰ ਨੰਗਾ ਕਰਨ ਵਿਚ ਉਸਨੇ ਗੁਰੇਜ਼ ਵੀ ਨਹੀਂ ਕੀਤਾ। ਇਸੇ ਤਰ੍ਹਾਂ ਉਸਨੇ ਇਲੀਟ ਵਰਗ ਦੇ ਕਈ ਮੰਨੇ-ਪ੍ਰੰਮਨੇ ਚਿਹਰਿਆਂ ਦਾ ਵੀ ਨਕਾਬ ਉਤਾਰਿਆ। ਆਮ ਤੌਰ ‘ਤੇ ਹਰ ਵਰਗ ਦੇ ਲੇਖਕ ਦਾ ਘੇਰਾ ਆਪਣੇ ਅਨੁਭਵਾਂ ਅਤੇ ਆਪਣੇ ਵਰਗ ਦੇ ਵਰਤਾਰਿਆਂ ਤੱਕ ਸੀਮਿਤ ਹੁੰਦਾ ਹੈ। ਅਹਿਮ ਗੱਲ ਇਹ ਹੁੰਦੀ ਹੈ ਕਿ ਉਹ ਆਪਣੀ ਲੇਖਣੀ ਰਾਹੀਂ ਉਸ ਵਰਗ ਨੂੰ ਕਿਸ ਤਰ੍ਹਾਂ ਪੇਸ਼ ਕਰਦਾ ਹੈ। ਇਲੀਟ ਵਰਗ ਦਾ ਪ੍ਰਤਿਨਿਧੀ ਲੇਖਕ ਹੁੰਦੇ ਹੋਏ ਖੁਸ਼ਵੰਤ ਸਿੰਘ ਨੇ ਇਕ ਪਾਸੇ ਆਪਣੇ ਵਰਗ ਦੀ ਚਮਕਦੀ ਬਾਹਰਲੀ ਤਸਵੀਰ ਵੀ ਪੇਸ਼ ਕੀਤੀ ਅਤੇ ਕਾਲੀ ਅਤੇ ਕੁਰੱਖ਼ਤ ਮਾਨਸਿਕਤਾ ਦੀ ਤਸਵੀਰਕਸ਼ੀ ਵੀ ਕੀਤੀ। ਮੇਰੇ ਖ਼ਿਆਲ ਵਿਚ ਆਪਣੇ ਹੀ ਲੋਕਾਂ ਵਿਚ ਰਹਿ ਕੇ ਆਪਣੇ ਹੀ ਲੋਕਾਂ ਨੂੰ ਨੰਗਾ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਹੁੰਦਾ। ਇੱਥੋਂ ਤੱਕ ਕਿ ਬਹੁਤ ਸਾਰੇ ਕਿਰਦਾਰਾਂ ਦੀਆਂ ਕਾਮੀ ਪ੍ਰਵਿਰਤੀਆਂ ਨੂੰ ਉਜਾਗਰ ਕਰਨ ਲਈ ਉਸਨੇ ਆਪਣੇ ਆਪ ਨੂੰ ਉਨ੍ਹਾਂ ਕਿਰਦਾਰਾਂ ਦੇ ਰੂਪ ਵਿਚ ਪੇਸ਼ ਕੀਤਾ।
khushwant singh writings and character
ਉਪਰੋਕਤ ਗੱਲਾਂ ਦੇ ਬਾਵਜੂਦ ਸਿਆਸਤ, ਸਿਆਸਤਦਾਨਾਂ ਅਤੇ ਦੇਸ਼ ਦੇ ਸਿਆਸੀ ਢਾਂਚੇ ਵਿਚ ਆ ਰਹੇ ਵਿਗਾੜਾਂ ਬਾਰੇ ਜਿਹੜੀਆਂ ਡੂੰਘੀਆਂ ਤੇ ਬਾਰੀਕ ਗੱਲਾਂ ਉਸਨੇ ਜਿੰਨੀ ਸਰਲ ਅਤੇ ਰੌਚਕ ਤਰੀਕੇ ਨਾਲ ਕੀਤੀਆਂ, ਬਹੁਤ ਸਾਰੇ ਵੱਡੇ ਵਿਦਵਾਨ ਅਤੇ ਮਾਹਿਰ ਵੀ ਨਹੀਂ ਕਰ ਸਕੇ। ਜਿੰਨ੍ਹਾਂ ਨੇ ਕੀਤੀਆਂ ਵੀ ਹੋਣਗੀਆਂ ਉਹ ਲੋਕਾਂ ਤੱਕ ਨਹੀਂ ਪਹੁੰਚ ਸਕੇ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸਨੂੰ ‘ਕਿਤਾਬ’ ਲਿਖਣੀ ਵੀ ਆਉਂਦੀ ਸੀ ਅਤੇ ਵੇਚਣੀ ਵੀ। ਜਿੱਥੋਂ ਤੱਕ ਮੈਨੂੰ ਪਤਾ ਹੈ ਉਹ ਇੰਨੀਆਂ ਕਿਤਾਬਾਂ ਲਿਖਣ ਦੇ ਬਾਵਜੂਦ ਕਦੇ ਇਨਾਮਾਂ-ਸਨਮਾਨਾਂ ਦੇ ਮਗਰ ਨਹੀਂ ਭੱਜਿਆ। ਹਾਂ ਉਸਨੂੰ ਇਨਾਮ-ਸਨਮਾਨ ਮਿਲੇ ਵੀ ਅਤੇ ਉਸਨੇ ਲਏ ਵੀ, ਪਰ ਐਨ ਮੌਕੇ ‘ਤੇ ਉਸਨੇ ਮੋੜਨ ਵਿਚ ਵੀ ਕੋਈ ਦੇਰ ਨਹੀਂ ਲਾਈ। ਅੱਜ ਜਿਹੜੇ ਸਨਮਾਨ ਮੋੜਨ ਦੀ ਖੱਟੀ ਲੇਖਕ ਖੱਟ ਰਹੇ ਨੇ, ਇਸ ਪਿਰਤ ਦਾ ਵੀ ਉਹ ਮੋਹਰੀ ਲੇਖਕ ਰਿਹਾ ਹੈ। 

ਅੱਜ ਦੇ ਦੌਰ ਦਾ ਕਿਹੜਾ ਪੰਜਾਬੀ ਲੇਖਕ ਇਨ੍ਹਾਂ ਮਾਮਲਿਆਂ ਵਿਚ ਉਸਦੇ ਬਰਾਬਰ ਖੜ੍ਹ ਸਕਦਾ ਹੈ। ਲੋਕਪੱਖੀ ਅਤੇ ਪ੍ਰਗਤੀਵਾਦੀ ਅਖਵਾਉਂਦੇ ਕਿੰਨੇ ਲੇਖਕ ਹਨ, ਜਿਨ੍ਹਾਂ ਦਾ ਚਿਹਰਾ ਹੋਰ ਅਤੇ ਸੋਚ ਹੋਰ ਹੈ? ਕਿੰਨੇ ਲੇਖਕ ਨੇ ਜੋ ਮਨ ਵਿਚ ਦੂਜਿਆਂ ਬਾਰੇ ਸੋਚਦੇ ਨੇ ਅਤੇ ਉਹੀ ਲਿਖਦੇ ਨੇ? ਅਜਿਹੇ ਕਿੰਨੇ ਲੇਖਕਾਂ ਦੀਆਂ ਕਿੰਨਿਆਂ ਲਿਖਤਾਂ ਕੇਵਲ ਈਨਾਮ-ਸਨਮਾਨ ਹਾਸਿਲ ਕਰਨ ਅਤੇ ਅਹੁਦੇਦਾਰਿਆਂ ਅਤੇ ਨੌਕਰੀਆਂ ਹਾਸਲ ਕਰਨ ‘ਤੇ ਕੇਂਦਰਿਤ ਹਨ? ਅਜਿਹੇ ਕਿੰਨੇ ਨਾਮੀ ਲੇਖਕ ਹਨ, ਜਿੰਨ੍ਹਾਂ ਦੀਆਂ ਅੱਯਾਸ਼ੀਆਂ ਦੇ ਕਿੱਸੇ ਲੋਕਾਂ ਦੀ ਜ਼ੁਬਾਨ ‘ਤੇ ਹਨ, ਪਰ ਹੈ ਉਨ੍ਹਾਂ ਵਿਚੋਂ ਕੋਈ ਜਿਨ੍ਹਾਂ ਨੇ ਆਪ ਵੀ ਆਪਣੀਆਂ ਜੀਵਨੀਆਂ ਵਿਚ ਇਨ੍ਹਾਂ ਕਿੱਸਿਆਂ ਨੂੰ ਉਵੇਂ ਹੀ ਬਿਆਨ ਕੀਤਾ ਹੋਵੇ? 
ਕਿਸੇ ਦਾ ਆਪਣੀ ਮਾਨਸਿਕਤਾ ਨੂੰ ਹੂ-ਬ-ਹੂ ਉਜਾਗਰ ਕਰਨਾ ਜੇ ਭੈੜ ਹੈ ਤਾਂ ਇਹ ਝੂਠੇ ਚਮਕਦੇ ਮਖੌਟਿਆਂ ਵਾਲੇ ਦੋਗਲੇ ਚਿਹਰਿਆਂ ਨਾਲੋਂ ਸੌ ਦਰਜੇ ਚੰਗਾ ਹੈ। ਜੇ ਉਸ ਭੈੜ ਦੇ ਬਹਾਨੇ ਤੁਸੀਂ ਉਸਨੂੰ ਪੂਰੀ ਤਰ੍ਹਾਂ ਰੱਦ ਕਰਨਾ ਚਾਹੁੰਦੇ ਹੋ ਤਾਂ ਕਰੀ ਜਾਉ ਪਰ, ਪੰਜਾਬੀ ਦੇ ਲੋਕ ਪੱਖੀ ਲੇਖਕਾਂ ਦੀ ‘ਟਰੇਨ ਟੂ ਪਾਕਿਸਤਾਨ’ ਵਰਗੀ ਗਲਪ ਰਚਨਾ ਅਤੇ ਸਿੱਖ ਇਤਿਹਾਸ ਵਰਗੀ ਡੂੰਘੀ ਖੋਜਕਾਰੀ ਵਰਗੀ ਕੋਈ ਹੋਰ ਮਿਸਾਲ ਵੀ ਲੱਭ ਕੇ ਦਿਖਾਉੇ। 
ਇਸ ਵਿਚ ਕੋਈ ਸ਼ੱਕ ਨਹੀਂ, ਉਹ ਇਕ ਮੀਡਿਓਕਰ ਬੰਦਾ ਸੀ ਜਿਸਨੇ ਆਪਣੀ ਕਲਾਸ, ਰੁਤਬੇ ਅਤੇ ਨੈੱਟਵਰਕ ਦਾ ਰੱਜ ਕੇ ਆਨੰਦ ਮਾਣਿਆ ਅਤੇ ਖੂਬ ਮੌਜ ਕੀਤੀ। ਉਹ ਇਕ ਪਿੱਟਿਆ ਹੋਇਆ ਵਕੀਲ ਸੀ, ਜਿਸ ਨੂੰ ਮਸਾਲੇਦਾਰ ਲੇਖਣੀ ਰਾਸ ਆ ਗਈ। ਇਸ ਚਾਸ਼ਨੀ ਵਿਚ ਲਪੇਟ ਕੇ ਉਹ ਜਿਹੜੀਆਂ ਸਿਆਸੀ ਟਿੱਪਣੀਆਂ ਕਰਦਾ ਸੀ ਉਹ ਆਮ ਬੰਦੇ ਨੂੰ ਟੁੰਬਦੀਆਂ ਵੀ ਸਨ ਅਤੇ ਬੋਝਲ ਵੀ ਨਹੀਂ ਸਨ ਲੱਗਦੀਆਂ। ਮੈਨੂੰ ਲੱਗਦੈ ਕਿ ਅਜਿਹੇ ਬੰਦੇ ਤੋਂ ਅਸੀਂ ਲੇਖਣੀ ਦੀ ਕਲਾਕਾਰੀ ਅਤੇ ਬੇਬਾਕ ਟਿੱਪਣੀਕਾਰੀ ਸਿੱਖ ਸਕਦੇ ਹਾਂ। ਨਾਲੇ ਇਹ ਬੰਦੇ ਇਸ ਗੱਲ ਦੀ ਮਿਸਾਲ ਵੀ ਹੁੰਦੇ ਨੇ ਕਿ ਤੁਸੀਂ ਕੀ ਨਹੀਂ ਕਰਨਾ ਇਹ ਵੀ ਜਾਣ ਸਕੋ। ਇਹ ਤੁਹਾਡੇ ਵਿਵੇਕ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸੇ ਤੋਂ ਕੀ ਲੈਂਦੇ ਹੋ। ਮੈਂ ਇਹ ਸੂਤਰ ਸ਼ੁਰੂ ਤੋਂ ਹੀ ਅਪਣਾਇਆ, ਜਦੋਂ ਤੁਸੀਂ ਕਿਸੇ ਵੀ ਬੰਦੇ ਤੋਂ ਆਪਣੀ ਲੋੜ ਦੇ ਗੁਣ ਲੈ ਲੈਂਦੇ ਹੋ ਤਾਂ ਤੁਹਾਨੂੰ ਦੁਨੀਆਂ ਦਾ ਕੋਈ ਵੀ ਬੰਦਾ ਮਾੜਾ ਨਹੀਂ ਲੱਗਦਾ। ਹੁਣ ਜੇ ਮੈਂ ਇਸ ਗੱਲ ਤੋਂ ਮੁਨਕਰ ਹੋ ਜਾਂਵਾ ਕਿ ਉਸ ਬੰਦੇ ਨੇ ਮੈਨੂੰ ਲਿਖਣ ਅਤੇ ਬੇਬਾਕ ਪੱਤਰਕਾਰੀ ਲਈ ‘ਟ੍ਰਿਗਰ’ ਕੀਤਾ ਤਾਂ ਇਹ ਬੇਈਮਾਨੀ ਹੋਊ। ਜਿਵੇਂ-ਜਿਵੇਂ ਤੁਸੀਂ ਅੱਗੇ ਵੱਧਦੇ ਹੋ ਤਾਂ ਲਿਖਤ ਵਿਚੋਂ ਤੁਹਾਨੂੰ ਲੇਖਕ, ਉਹਦੀ ਸ਼ੈਲੀ ਅਤੇ ਮਨਸ਼ੇ ਦਿਖਣ ਲੱਗਦੇ ਹਨ। ਖੁਸ਼ਵੰਤ ਸਿੰਘ ਸਮੇਤ ਇਹ ਗੱਲ ਹਰ ਲੇਖਕ ‘ਤੇ ਲਾਗੂ ਹੁੰਦੀ ਐ। 
ਇਕ ਹੋਰ ਸੋਚ ਮੇਰੀ ਇਹ ਬਣੀ ਐ ਕਿ ਲੇਖਕ ਜਾਂ ਕਲਾਕਾਰ ਨੂੰ ਉਸਦੀ ਸਿਰਜਣਾ ਵਿਚੋਂ ਹੀ ਦੇਖਣਾ ਚਾਹੀਦਾ ਹੈ, ਉਸਦੇ ਨਿੱਜ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਉਹ ਇਨਸਾਨ ਹੀ ਹੁੰਦੈ ਅਤੇ ਉਸ ਵਿਚ ਉਹ ਸਾਰੀਆਂ ਉਣਤਾਈਆਂ ਹੁੰਦੀਆਂ ਹਨ ਜੋ ਲੇਖਕਾਂ ਵਿਚ ਹੁੰਦੀਆਂ ਹਨ। ਫ਼ੈਨ ਹੋਣਾ ਅੱਜ ਦੀ ਤਰੀਕ ਵਿਚ ਬੇਵਕੂਫ਼ ਹੋਣ ਦੇ ਬਰਾਬਰ ਹੈ। 

ਇਕ ਹੋਰ ਗੱਲ ਜਿਹੜੀ ਮੈਂ ਸੋਚਦਾਂ ਹਾਂ ਕਿ ਲਿਖਣਾ ਅਸਲ ਵਿਚ ਇਲੀਟ ਦੇ ਵੱਸ ਦਾ ਹੀ ਕਾਰਜ ਰਹਿ ਗਿਆ ਹੈ, ਆਮ ਬੰਦਾ ਤਾਂ ਰੋਜ਼ੀ-ਰੋਟੀ ਦੇ ਫ਼ਿਕਰ ਵਿਚ ਹੀ ਸਾਰਾ ਦਿਨ ਹੱਡ ਭੰਨਾ ਲੈਂਦਾ ਹੈ। ਥੱਕਿਆ ਟੁੱਟਾ ਜਦੋਂ ਮੁੜਦਾ ਹੈ ਤਾਂ ਉਸ ਕੋਲ ਸਿਰਜਣਾ ਛੱਡੋ ਟਿਕ ਕੇ ਸੋਚਣ ਦੀ ਵੀ ਹਿੰਮਤ ਬਾਕੀ ਨਹੀਂ ਹੁੰਦੀ। ਦੂਜੀ ਗੱਲ ਅਸਲੀ ਲਿਖਾਰੀ ਬਣਨ ਲਈ ਡੂੰਘੀ ਖੋਜ, ਲਗਾਤਾਰ ਪੜ੍ਹਾਈ ਅਤੇ ਚਿਤੰਨ ਦੀ ਲੋੜ ਹੁੰਦੀ ਹੈ। ਇਹ ਵਕਤ ਅਤੇ ਪੈਸੇ ਦੋਵਾਂ ਪੱਖੋਂ ਮਹਿੰਗੇ ਖ਼ਰਚੇ ਵਾਲਾ ਸੌਦਾ ਹੈ। ਜਦੋਂ ਬੰਦੇ ਕੋਲ ਅਖ਼ਬਾਰ ਖੀਰਦਣ ਜੋਗੇ ਪੈਸੇ ਨਾ ਹੋਣ ਉਦੋਂ ਲਿਖਾਰੀ ਬਣਨਾ ਕਿੰਨਾ ਔਖਾ ਹੁੰਦਾ ਹੈ ਇਹ ਅਹਿਸਾਸ ਮੈਂ ਹੱਡੀ ਹੰਢਾਇਆ ਹੈ। ਮਿਡਲ ਕਲਾਸ ਅਤੇ ਗਰੀਬ ਬੰਦਾ ਤਾਂ ਲੇਖਕ ਬਣਨ ਦੀ ਕੋਸ਼ਿਸ ਵਿਚ ਹੀ ਮਰ ਜਾਂਦਾ ਹੈ।
ਕਿਸੇ ਦੌਰ ਵਿਚ ਗਰੀਬ ਅਤੇ ਲੇਖਕ ਹੋਣਾ ਵੀ ਬਹੁਤਾ ਆਸਾਨ ਨਹੀਂ ਸੀ, ਪਰ ਅੱਜ ਜਿੰਨਾਂ ਔਖਾ ਵੀ ਨਹੀਂ ਸੀ। ਪਰ ਅੱਜ ਦੀ ਤਰੀਕ ਵਿਚ ਪੱਚੀ ਹਜ਼ਾਰ ਰੁਪਏ ਮਹੀਨਾ ਕਮਾਉਣ ਵਾਲਾ ਬਹੁਤ ਸਰਫ਼ੇ ਨਾਲ ਵੀ ਆਸਾਨੀ ਨਾਲ ਲੇਖਕ ਨਹੀਂ ਬਣ ਸਕਦਾ। ਅੱਜ ਦੇ ਚਰਚਿਤ ਲੇਖਕਾਂ ਵਿਚ ‘ਗਰੀਬਾਂ’ ਦਾ ਅਨੁਪਾਤ ਨਾਂਹ ਦੇ ਬਰਾਬਰ ਹੈ। ਬਹੁਤੇ ਤਾਂ ਗਰੀਬਾਂ ਦਾ ਲੇਖਕ ਹੋਣ ਦਾ ਵੀ ਢੋਂਗ ਈ ਕਰਦੇ ਹਨ। ਵੈਸੇ ਵੀ ਅੱਜ ਦੀ ਤਰੀਕ ਵਿਚ ਗ਼ਰੀਬ ਬੰਦੇ ਲਈ ਕਿਤਾਬ ਛਪਵਾਉਣਾ ਕਿੱਲਾ ਗਹਿਣੇ ਧਰਨ ਤੋਂ ਘੱਟ ਨਹੀਂ ਹੁੰਦਾ।
*ਲੇਖਕ ਸੁਤੰਤਰ ਪੱਤਰਕਾਰ ਹਨ।
ਫੇਸਬੁੱਕ ‘ਤੇ ਜੁੜਨ ਲਈ ਕਲਿੱਕ ਕਰੋ
ਟਵਿੱਟਰ ‘ਤੇ ਜੁੜਨ ਲਈ ਕਲਿੱਕ ਕਰੋ
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Posted

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com