ਮਾਨ ਨੇ ਦਿੱਤਾ ਆਪਣੇ ਅਲੋਚਕਾਂ ਨੂੰ ਠੋਕਵਾਂ ਜਵਾਬ

*ਸਵਾਤੀ ਸ਼ਰਮਾ ਗੋਇਲ/ਪੱਤਰਕਾਰ ਸਕੂਪ-ਵੂਪ*

ਜਦੋਂ ਗੁਰਦਾਸ ਮਾਨ ਕੋਈ ਗੀਤ ਗਾਉਂਦਾ ਹੈ ਤਾਂ ਉਸਦੇ ਕੁਝ ਮਾਇਨੇ ਹੁੰਦੇ ਹਨ।  ਇਕ ਚਰਚਿਤ ਸ਼ਖ਼ਸੀਅਤ ਹੋਣ ਕਰਕੇ ਉਹ ਜੋ ਵੀ ਕਹਿੰਦਾ ਹੈ, ਉਸ ਬਾਰੇ ਚਰਚਾ ਹੋਣ ਲੱਗਦੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਇਸ ਚਰਚਿਤ ਗਾਇਕ ਦੇ ਨਵੇਂ ਗੀਤ ਪੰਜਾਬ ਦੀ ਮਿਊਜ਼ਿਕ ਵੀਡਿਉ ਪੰਜਾਬੀਆਂ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ।

 

ਇਸ ਗੀਤ ਨੇ ਪੰਜਾਬ ਦੀ ਦੁਖਦੀ ਰਗ਼, ਨਸ਼ਿਆ ਨਾਲ ਹੋਰ ਰਹੇ ਨੌਜਵਾਨਾਂ ਦੇ ਕਥਿਤ ਘਾਣ, ਉੱਤੇ ਹੱਥ ਧਰਿਆ ਹੈ। ਇਹ ਅਜਿਹਾ ਵਿਸ਼ਾ ਹੈ ਜਿਸ ਬਾਰੇ ਵਿਵਾਦਤ ਹਿੰਦੀ ਫਿਲਮ ਉੜਤਾ ਪੰਜਾਬ ਦੀ ਰਿਲੀਜ਼ ਵੇਲੇ ਵਿਚਾਰ ਦੋ ਹਿੱਸਿਆਂ ਵਿਚ ਵੰਡੇ ਗਏ ਸਨ ਅਤੇ ਇਸ ਦਾ ਗੁੱਸੇ ਭਰਿਆ ਵਿਰੋਧ ਕੀਤਾ ਜਾ ਰਿਹਾ ਸੀ। ਪਰ ਮਾਨ ਵਰਗੀ ਵੱਡੀ ਸ਼ਖ਼ਸੀਅਤ ਵੱਲੋਂ ਇਸ ਮਸਲੇ ਬਾਰੇ ਚਿੰਤਾ ਪ੍ਰਗਟ ਕਰਨ ਨਾਲ ਉਸਦੇ ਪ੍ਰਸੰਸ਼ਕਾਂ ਵਿਚ ਇਹ ਗੱਲ ਪੱਕੀ ਹੋ ਗਈ ਹੈ ਕਿ ਪੰਜਾਬ ਵਿਚ ਨਸ਼ਿਆ ਦੀ ਸਮੱਸਿਆ ਮੌਜੂਦ ਹੈ।

ਪਰ ਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਕਰੀਬ ਇਕ ਹਫ਼ਤਾ ਬਾਅਦ ਰਿਲੀਜ਼ ਹੋਏ ਦਮਦਾਰ ਅਤੇ ਧਿਆਨ ਖਿੱਚਣ ਵਾਲੇ ਗੀਤ ਵਿਚ ਨਸ਼ਿਆਂ ਸਮੇਤ ਪੰਜਾਬ ਦੀਆਂ ਹੋਰ ਕਈ ਅਲਾਮਤਾਂ ਦਾ ਚਿੱਤਰਣ ਕੀਤਾ ਹੈ, ਇਹ ਗੀਤ ਕਾਫੀ ਦਿਨਾਂ ਤੋਂ ਚਰਚਾ ਵਿਚ ਬਣਿਆ ਹੋਇਆ ਹੈ।


ਵੀਡਿਉ ਵਿਚ ਮਾਨ ਨੇ ਵਕਤ ਦਾ ਕਿਰਦਾਰ ਨਿਭਾਇਆ ਹੈ, ਉਹ ਸ਼ਹੀਦ ਭਗਤ ਸਿੰਘ ਨੂੰ 1917 ਤੋਂ 2017 ਤੱਕ ਦੇ ਉਸ ਪੰਜਾਬ ਦਾ ਸਫ਼ਰ ਕਰਵਾਉਂਦਾ ਹੈ ਜੋ ਬੁਰੀ ਹਾਲਤ ਵਿਚ ਹੈ ਅਤੇ ਇੱਥੋਂ ਦਾ ਨੌਜਵਾਨ ਉਸ ਦੀ ਕੁਰਬਾਨੀ ਦੀ ਕਦਰ ਨਹੀਂ ਕਰਦਾ। ਨਸ਼ਖੋਰੀ, ਸਭਿਆਚਾਰ ਤੋਂ ਟੁੱਟਣਾ, ਕੀਟਨਾਸ਼ਕ, ਇਤਿਹਾਸ ਦੀ ਤੋਰ-ਮਰੋੜ, ਖਪਤਵਾਦ, ਮਾਨ ਨੇ ਇਨ੍ਹਾਂ ਸਾਰੇ ਵਿਸ਼ਿਆਂ ਦੀ ਗੱਲ ਕੀਤੀ ਹੈ।
ਉਸ ਨੇ ਸਿਗਰਟ ਅਤੇ ਸ਼ਰਾਬ ਪੀਂਦੀ ਪੰਜਾਬੀਆਂ ਦੀ ਨਵੀਂ ਪੀੜੀ ਦੀ ਅਲੋਚਨਾ ਵੀ ਕੀਤੀ ਹੈ। ਇਕ ਜਗ੍ਹਾ ਉੱਤੇ ਮਾਨ ਕਹਿੰਦਾ ਹੈ ਕਿ ਸਿਗਰਟਾਂ ਪੀ ਕੇ ਕੁੜੀਆਂ ਦੀਆਂ ਛਾਤੀਆਂ ਵਿਚੋਂ ਦੁੱਧ ਸੁੱਕ ਗਿਆ ਹੈ। ਇਕ ਹੋਰ ਦ੍ਰਿਸ਼ ਵਿਚ ਇਕ ਮਾਂ ਆਪਣੇ ਬੱਚੇ ਨੂੰ ਡਿਜੀਟਲ ਟੈਬ ਦੇ ਕੇ ਆਪਣਾ ਖਹਿੜਾ ਛੁਡਾਉਂਦੇ ਹੋਏ ਦਿਖਾਈ ਗਈ ਹੈ ਤਾਂ ਕਿ ਉਹ ਆਪਣੀ ਮੌਜ-ਮਸਤੀ ਅਤੇ ਸ਼ਰਾਬ ਪੀਣ ਦਾ ਮਜ਼ਾ ਲੈ ਸਕੇ। ਕੁੜੀਆਂ ਨੂੰ ਸ਼ੌਪਿੰਗ ਮਾਲ ਵਿਚ ਸ਼ੌਪਿੰਗ ਬੈਗਾਂ ਨਾਲ ਲੱਦੇ ਹੋਏ ਨਿਕਲਦਿਆਂ ਸੈਲਫੀਆਂ ਖਿੱਚਦਿਆਂ ਦਿਖਾਇਆ ਗਿਆ ਹੈ, ਜਦ ਕਿ ਮਾਨ ਪਿੱਛੇ ਨਜ਼ਰ ਆਉਂਦੇ ਬਰਬਾਦ ਹੋ ਰਹੇ ਪੰਜਾਬ ਦਾ ਦੁੱਖ ਜ਼ਾਹਿਰ ਕਰ ਰਿਹਾ ਹੈ।
gurdas maan reply to critics on punjab song

ਇਹ ਕੁਝ ਗੱਲਾਂ ਹਨ ਜਿਨ੍ਹਾਂ ਕਰਕੇ ਮਾਨ ਵੱਲੋਂ ਔਰਤ ਵਿਰੋਧੀ ਹੋਣ ਅਤੇ ਔਰਤਾਂ ਨਾਲ ਭੇਦਭਾਵ ਕਰਨ ਦੀ ਅਲੋਚਨਾ ਹੋ ਰਹੀ ਹੈ। ਇਕ ਚਰਚਿਤ ਸ਼ੋਸ਼ਲ ਸਾਈਟ ਉੱਪਰ ਲਿਖੇ ਇਕ ਲੇਖ ਵਿਚ ਕਿਹਾ ਗਿਆ ਹੈ ਕਿ ਇਹ ਗੀਤ ਇਕ ਕੋਝਾ ਮਜ਼ਾਕ ਹੈ ਜੋ ਪੰਜਾਬੀ ਦੇ ਮਾਨਸਿਕਤਾ ਵਿਚ ਵੱਸਦੀ ਮਰਦਾਨਗੀ ਦਾ ਪੱਖ ਪੂਰਦਾ ਹੈ ਜਦਕਿ ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਕਸੂਰਵਾਰ ਦੱਸਦਾ ਹੈ।

ਇਕ ਹੋਰ ਲੇਖਕ ਨੇ ਕਿਹਾ ਹੈ ਕਿ ਮਾਨ ਮਰਦਾਨਗੀ ਅਤੇ ਪਾਖੰਡ ਦਾ ਪੱਖ ਪੂਰਦਾ ਹੈ, ਕਿਉਂਕਿ ਉਸਦਾ ਧਾਰਮਿਕ ਗੁਰੂ ਲਾਡੀ ਸ਼ਾਹ ਕਦੇ ਵੀ ਆਪਣੀ ਸਿਗਰਟ ਨਹੀਂ ਸੀ ਬੁੱਝਣ ਦਿੰਦਾ। ਹਿੰਦੁਸਤਾਨ ਟਾਈਮਜ਼ ਵਿਚ ਚੱਲੇ ਇਕ ਲੇਖ ਵਿਚ ਕਿਹਾ ਗਿਆ ਹੈ ਕਿ ਮਾਨ ਮਰਦ-ਪ੍ਰਧਾਨ ਦੇ ਪੱਖ ਵਿਚ ਹਮੇਸ਼ਾ ਹੀ ਰਿਹਾ ਹੈ ਕਿਉਂ ਕਿ ਉਸ ਦੇ ਕੋਕ ਸਟੂਡਿਉ ਲਈ ਗਾਏ ਚਰਚਿਤ ਗੀਤ, ‘ਕੀ ਬਣੂੰ ਦੁਨੀਆਂ ਦਾ’ਵਿਚ ਵੀ ਉਸਨੇ ਕਿਹਾ ਹੈ ਕਿ ਪਹਿਲਾਂ ਔਰਤਾਂ ਮੱਝਾਂ ਚਾਰਦੀਆਂ ਸਨ ਹੁਣ ਇਹ ਮੁੰਡਿਆਂ ਨੂੰ ਹੋਟਲਾਂ ਵਿਚ ਖਾਣ ਲਈ ਮਜਬੂਰ ਕਰ ਰਹੀਆਂ ਹਨ।

ਪਰ ਮਾਨ ਕਿਸੇ ਵੀ ਗੱਲ ਤੋਂ ਘਬਰਾਉਣ ਵਾਲਾ ਨਹੀਂ ਹੈ। ਸਕੂਪ-ਵੂਪ ਨਾਲ ਗੱਲ ਕਰਦਾ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਗੀਤ ਦੇ ਬੋਲਾਂ ਉੱਤੇ ਪੂਰੀ ਤਰ੍ਹਾਂ ਅਡੋਲ ਖੜ੍ਹਾ ਹੈ ਜਿਸ ਵਿਚ ਉਸਨੇ ਕਿਹਾ ਹੈ ਕਿ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਨੂੰ ਸਿਗਰਟ ਅਤੇ ਸ਼ਰਾਬ ਨਹੀਂ ਪੀਣੇ ਚਾਹੀਦੇ।


ਉਨ੍ਹਾਂ ਕਿਹਾ, “ਕਈ ਵਿਗਿਆਨਕ ਅਧਿਐਨਾਂ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਇਨ੍ਹਾਂ ਗੱਲਾਂ ਦੇ ਬੱਚੇ ਦੀ ਸਿਹਤ ਉੱਤੇ ਖ਼ਤਰਨਾਕ ਪ੍ਰਭਾਵ ਪੈਂਦੇ ਹਨ। ਇਸ ਗੱਲ ਦਾ ਜ਼ਿਕਰ ਕਰਨਾ, ਮਰਦਾਨਗੀ ਦਾ ਪੱਖ ਪੂਰਨਾ ਜਾਂ ਔਰਤ ਵਿਰੋਧੀ ਨਹੀਂ ਹੈ।

ਮਾਨ ਨੇ ਕਿਹਾ ਕਿ ਉਹ ਇਸ ਗੱਲ ਦਾ ਸਤਿਕਾਰ ਕਰਦੇ ਹਨ ਕਿ ਸ਼ਰਾਬ ਅਤੇ ਸਿਗਰੇਟ ਪੀਣਾ ਹਰੇਕ ਦਾ ਆਪਣਾ ਨਿੱਜੀ ਮਾਮਲਾ ਹੈ, ਪਰ ਇਸਦੀ ਆਦਤ ਦੀ ਅਲੋਚਨਾ ਕਰਨ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ, ਖ਼ਾਸ ਕਰ ਉਦੋਂ ਜਦੋਂ ਮਾਂ ਬਣਨ ਵਾਲੀਆਂ ਔਰਤਾਂ ਇਨ੍ਹਾਂ ਦਾ ਸੇਵਨ ਕਰਦੀਆਂ ਹਨ।

ਉਨ੍ਹਾਂ ਕਿਹਾ, “ਮਾਵਾਂ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਉਨ੍ਹਾਂ ਨੂੰ ਆਪਣੇ ਸ਼ਰੀਰ ਵਿਚ ਖ਼ਤਰਨਾਕ ਤੱਤ ਨਹੀਂ ਪਾਉਣੇ ਚਾਹੀਦੇ।”
ਉਨ੍ਹਾਂ ਇਸ ਗੱਲ ਦਾ ਵੀ ਵਿਰੋਧ ਕੀਤਾ ਕਿ ਉਨ੍ਹਾਂ ਦੀ ਵੀਡਿਉ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਬੱਚਿਆਂ ਨੂੰ ਪਾਲਣਾ ਸਿਰਫ਼ ਔਰਤਾਂ ਦੀ ਜ਼ਿੰਮੇਵਾਰੀ ਹੈ।

ਉਨ੍ਹਾਂ ਜਵਾਬ ਦਿੱਤਾ, “ਵੀਡਿਉ ਵਿਚ ਪੁਰਸ਼ਾਂ ਨੂੰ ਵੀ ਬੱਚੇ ਸੰਭਾਲਦੇ ਦਿਖਾਇਆ ਗਿਆ ਹੈ, ਪਰ ਮਾਂਵਾਂ ਬੱਚੇ ਦੀ ਮੁੱਢਲੀ ਸੰਭਾਲ ਕਰਨ ਵਾਲੀਆਂ ਹੁੰਦੀਆਂ ਹੈ। ਮੈਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ।”

ਮਾਨ ਨੇ ਆਪਣੇ ਗੀਤਾਂ ਉੱਪਰ ਲੱਗੇ ਔਰਤ ਵਿਰੋਧੀ ਹੋਣ ਅਤੇ ਮਰਦਾਨਗੀ ਦਾ ਪੱਖ ਪੂਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਹੋਰ ਪੰਜਾਬੀ ਗਾਇਕ ਦੇ ਮੁਕਾਬਲੇ ਔਰਤ ਦੀ ਹੱਕਾਂ ਲਈ ਸਭ ਤੋਂ ਵੱਧ ਗੀਤ ਗਾਏ ਹਨ, ਜਿਨ੍ਹਾਂ ਵਿਚ ਕੁੜੀਏ ਕਿਸਮਤ ਪੁੜੀਏ ਅਤੇ ਬਾਬੁਲ ਦਾ ਦਿਲ ਸ਼ਾਮਲ ਹਨ।

ਉਨ੍ਹਾਂ ਨੇ ਅਲੋਚਕਾਂ ਵੱਲੋਂ ਮਿੱਥ ਕੇ ਕੀਤੀ ਜਾਦੀ ਅਲੋਚਨਾ ਦਾ ਵਿਰੋਧ ਵੀ ਕੀਤਾ।
ਉਨ੍ਹਾਂ ਦੱਸਿਆ, “ਇਸ ਗੀਤ ਦੀ ਵੀਡਿਉ ਵਿਚ ਮੈਂ ਪੁਰਾਣੀ ਸੋਚ ਨੂੰ ਚੁਣੌਤੀ ਵੀ ਦਿੱਤੀ ਹੈ, ਪਿਤਾ ਦੀ ਅਰਥੀ ਨੂੰ ਕੁੜੀ ਮੋਢਾ ਦਿੰਦੀ ਦਿਖਾਈ ਹੈ। ਇਸ ਗੀਤ ਵਿਚ ਕੁੜੀਆਂ ਨਾਲ ਛੇੜਛਾੜ ਕਰਨ ਅਤੇ ਤੇਜ਼ਾਬ ਪਾਉਣ ਵਾਲਿਆਂ ਦੀ ਵੀ ਅਲੋਚਨਾ ਕੀਤੀ ਗਈ ਹੈ, ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਨੂੰ ਔਰਤ ਵਿਰੋਧੀ ਕਹਿਣ ਵਾਲੇ ਲੋਕ ਇਨ੍ਹਾਂ ਗੱਲਾਂ ਨੂੰ ਕਿਉਂ ਨਜ਼ਰ-ਅੰਦਾਜ਼ ਕਰ ਰਹੇ ਹਨ।”

ਉਨ੍ਹਾਂ ਦਾ ਕਹਿਣਾ ਹੈ, “ਸੱਤ ਮਿੰਟ ਦੇ ਵੀਡਿਉ ਵਿਚ ਮੈਂ ਆਪਣੀ ਗੱਲ ਕਹਿ ਦਿੱਤੀ ਹੈ। ਆਪਣੀ ਸੀਮਾਂ ਅੰਦਰ ਮੈਂ ਜੋ ਦਿਖਾ ਸਕਦਾ ਸੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਅਲੋਚਕਾਂ ਨੇ ਮਾਨ ਉੱਪਰ ਦੋਗਲੀਆਂ ਗੱਲਾਂ ਕਰਨ ਦਾ ਵੀ ਇਲਜ਼ਾਮ ਲਾਇਆ ਹੈ। ਮਾਨ ਦੇ ਚਰਚਿਤ ਗੀਤ ਆਪਣਾ ਪੰਜਾਬ ਹੋਵੇ, ਜਿਸ ਵਿੱਚ ਘਰ ਦੀ ਸ਼ਰਾਬ ਨੂੰ ਵਡਿਆਇਆ ਗਿਆ ਹੈ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਅਚਾਨਕ ਮਾਨ ਨੂੰ ਸਿਰਫ਼ ਕੁੜੀਆਂ ਦੇ ਸ਼ਰਾਬ ਪੀਣ ਤੋਂ ਨਫ਼ਤਰ ਕਿਉਂ ਹੋ ਗਈ ਹੈ?
ਮਾਨ ਦਾ ਕਹਿਣਾ ਹੈ, “ਇਹ ਅਲੋਚਨਾ ਜਾਇਜ਼ ਨਹੀਂ। ਉਨ੍ਹਾਂ ਦਿਨਾਂ ਅਤੇ ਅੱਜ ਦੇ ਦਿਨਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਉਦੋਂ ਮੈਂ ‘ਘਰ ਦੀ ਸ਼ਰਾਬ’ ਦਾ ਜ਼ਿਕਰ ਪੰਜਾਬੀਆਂ ਦੀ ਵੱਡੇ ਦਿਲ ਵਾਲੀ ਮਹਿਮਾਨ ਨਵਾਜ਼ੀ ਬਾਰੇ ਦੱਸਣ ਲਈ ਕੀਤਾ ਸੀ। ਮੈਂ ਸੀਮਿਤ ਮਾਤਰਾ ਵਿਚ ਸ਼ਰਾਬ ਪੀਣ ਦਾ ਵਿਰੋਧ ਵੀ ਨਹੀਂ ਕਰਦਾ, ਪਰ ਹੁਣ ਇਹ ਅਲਾਮਤ ਬਣ ਚੁੱਕੀ ਹੈ। ਬਹੁਤ ਵੱਡੀ ਅਲਾਮਤ।”


ਮਾਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਬੁਰਾਈਆਂ ਦੀ ਗੱਲ ਤਾਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪੰਜਾਬ ਦਾ ਬਹੁਤ ਫਿਕਰ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਗੀਤ ਦੀ ਹਰ ਸਤਰ ਅਤੇ ਵੀਡਿਓ ਦੇ ਹਰ ਫਰੇਮ ਦੀ ਬਹੁਤ ਰੁੱਖੇ ਤਰੀਕੇ ਨਾਲ ਅਲੋਚਨਾ ਕੀਤੀ ਗਈ ਹੈ।
ਇਹ ਸਭ ਕੁਝ ਜੋ ਮੈਨੂੰ ਸਮਾਜ ਨੇ ਦਿੱਤਾ ਹੈ, ਉਸਦੇ ਸ਼ੁਕਰਾਨੇ ਵੱਜੋ ਸਮਾਜ ਵਿਚ ਆਪਣਾ ਯੋਗਦਾਨ ਦੇਣ ਲਈ ਇਹ ਗੀਤ ਮੇਰੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ।
ਪੰਜਾਬੀ ਅਨੁਵਾਦ – ਦੀਪ ਜਗਦੀਪ ਸਿੰਘ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com