Film Review | Manje Bistre | ਫ਼ਿਲਮ ਸਮੀਖਿਆ । ਮੰਜੇ ਬਿਸਤਰੇ

ਦੀਪ ਜਗਦੀਪ ਸਿੰਘ
ਰੇਟਿੰਗ 2/5

ਕਹਾਣੀ/ਪਟਕਥਾ: ਗਿੱਪੀ ਗਰੇਵਾਲ । ਸੰਵਾਦ : ਰਾਣਾ ਰਣਬੀਰ
ਨਿਰਦੇਸ਼ਕ : ਬਲਜੀਤ ਸਿੰਘ ਦਿਓ
ਕਲਾਕਾਰ: ਗਿੱਪੀ ਗਰੇਵਾਲ, ਸੋਨਮ ਬਾਜਵਾ,  ਰਾਣਾ ਰਣਬੀਰ, ਕਰਮਜੀਤ ਅਨਮੋਲ,
ਜੱਗੀ ਸਿੰਘ, ਬੀ. ਐੱਨ. ਸ਼ਰਮਾ

ਮੰਜੇ ਬਿਸਤਰੇ ਸਿਰਫ਼ ਮਨੋਰੰਜਕ ਫ਼ਿਲਮ ਹੈ। ਇਕ 90ਵਿਆਂ ਦੇ ਹਫ਼ਤਾ ਭਰ ਚੱਲਣ ਵਾਲੇ ਵਿਆਹ ਦੀ ਪਿੱਠਭੂਮੀ ’ਤੇ ਪੁੰਗਰਦੀ ਮਿੱਠੀ ਜਿਹੀ ਪ੍ਰੇਮ ਕਹਾਣੀ ਨੂੰ 132 ਮਿੰਟਾ ਵਿਚ ਸਮੇਟਿਆ ਗਿਆ ਹੈ।

 

ਇਕ ਪੇਂਡੂ ਮਨਮੌਜੀ ਮੁੰਡਾ ਸੁੱਖੀ (ਗਿੱਪੀ ਗਰੇਵਾਲ) ਆਪਣੇ ਮਾਮੇ ਦੀ ਧੀ ਭੋਲੀ (ਸਾਰਾ ਗੁਰਪਾਲ) ਦੇ ਵਿਆਹ ਦੀਆਂ ਤਿਆਰੀਆਂ ਕਰਾਉਣ ਆਪਣੇ ਨਾਨਕੇ ਆਉਂਦਾ ਹੈ। ਇੱਥੇ ਉਸਦੀ ਮੁਲਾਕਾਤ ਰਾਣੋ (ਸੋਨਮ ਬਾਜਵਾ) ਨਾਲ ਹੁੰਦੀ ਹੈ ਅਤੇ ਉਸਨੂੰ ਪਹਿਲੀ ਨਜ਼ਰ ਵਿਚ ਹੀ ਪਿਆਰ ਹੋ ਜਾਂਦਾ ਹੈ। ਰਾਣੋ ਵੀ ਚਾਹੁੰਦੀ ਤਾਂ ਹੈ ਕਿ ਉਹ ਆਪਣੇ ਦਿਲ ਦੀ ਗੱਲ ਮੰਨੇ ਪਰ ਹਾਲਾਤ ਉਸਦੇ ਹੱਕ ਵਿਚ ਨਹੀਂ। ਕੀ ਸੁੱਖੀ ਰਾਣੋ ਦਾ ਦਿਲ ਜਿੱਤਦਾ ਹੈ? ਉਹ ਕਿਵੇਂ ਟੇਢੇ ਹਾਲਾਤ ਆਪਣੇ ਪੱਖ ਵਿਚ ਕਰਦਾ ਹੈ ਮੰਜੇ ਬਿਸਤਰੇ ਦੇ ਕਹਾਣੀ ਇਸੇ ਦੇ ਆਲੇ-ਦੁਆਲੇ ਘੁੰਮਦੀ ਹੈ।

ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਵੱਲੋਂ ਲਿਖੀ ਗਈ ਮੰਜੇ ਬਿਸਤਰੇ ਦੀ ਸਭ ਤੋਂ ਵਧੀਆ ਗੱਲ ਇਹ ਹੈ ਇਸਦੇ ਕਿਰਦਾਰ ਅਤੇ ਇਸਦੀ ਕੱਸਵੀਂ ਪਟਕਥਾ। ਫ਼ਿਲਮ ਦਰਸ਼ਕਾਂ ਨੂੰ ਕਈ ਦਿਨ ਚੱਲਣ ਵਾਲੇ ਵਿਆਹ ਦੇ ਅਜਿਹੇ ਨਜ਼ਾਰੇ ਦਿਖਾਉਂਦੀ ਹੈ, ਜਿਹੜੇ ਕਦੇ ਪੰਜਾਬੀ ਸਭਿਆਚਾਰ ਦਾ ਹਿੱਸਾ ਹੁੰਦੇ ਸਨ ਅਤੇ ਜਿਸ ਦੀ ਤਿਆਰੀ ਅਤੇ ਜਸ਼ਨ ਵਿਚ ਸਾਰਾ ਪਿੰਡ ਹਿੱਸਾ ਲੈਂਦਾ ਸੀ। ਜਿੱਥੇ ਵਿਚੋਲੇ ਤੋਂ ਲੈ ਕੇ ਹਲਵਾਈ, ਸਪੀਕਰਾਂ ਵਾਲੇ ਤੋਂ ਟੈਂਟ ਵਾਲਾ ਪਰਿਵਾਰ ਦਾ ਹਿੱਸਾ ਹੁੰਦੇ ਸਨ ਅਤੇ ਪੀੜ੍ਹੀ ਦਰ ਪੀੜ੍ਹੀ ਇਕ ਦੂਜੇ ਨਾਲ ਜੁੜੇ ਰਹਿੰਦੇ ਸਨ। 
ਫ਼ਿਲਮ ਵਿਚ ਪੁਰਾਤਨ ਪੰਜਾਬੀ ਵਿਆਹਾਂ ਦਾ ਪੂਰਾ ਨਜ਼ਾਰਾ ਦਿਖਾਉਣ ਲਈ ਗਿੱਪੀ ਗਰੇਵਾਲ ਨੇ ਚੁਣ-ਚੁਣ ਕੇ ਕਲਾਕਾਰ ਲਏ ਹਨ ਜੋ ਆਪਣੇ ਕਿਰਦਾਰਾਂ ਵਿਚ ਸਹਿਜੇ ਹੀ ਢਲ ਜਾਂਦੇ ਹਨ ਅਤੇ ਮੰਜੇ ਬਿਸਤਰੇ ਨੂੰ ਇਕ ਮਜ਼ੇਦਾਰ ਫ਼ਿਲਮ ਬਣਾ ਦਿੰਦੇ ਹਨ। ਰਾਣਾ ਰਣਬੀਰ ਦੇ ਲਿਖੇ ਮਲਵਾਈ ਅੰਦਾਜ਼ ਦੇ ਸੰਵਾਂਦਾ ਨੂੰ ਕਾਮੇਡੀ ਦੀ ਵਧੀਆ ਟਾਈਮਿੰਗ ਅਤੇ ਤਿੱਖੀ ਨੋਕ-ਝੋਕ ਨਾਲ ਇਹ ਕਲਾਕਾਰ ਇਕ ਤੋਂ ਬਾਦ ਦੂਜੇ ਦ੍ਰਿਸ਼ ਤੱਕ ਤੇਜ਼ ਰਫ਼ਤਾਰ ਨਾਲ ਭਜਾਈ ਤੁਰੀ ਜਾਂਦੇ ਹਨ। ਦੂਜੇ ਹਾਫ਼ ਦੇ ਵੀਹ ਮਿੰਟ ਲੰਘ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਫ਼ਿਲਮ ਵਿਚ ਥੋੜ੍ਹੀ-ਬਹੁਤੀ ਕਹਾਣੀ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਪਰ ਬੇਸਿਰ-ਪੈਰ ਦੀ ਕਮੇਡੀ ਅਤੇ ਪੁਰਾਣੇ ਵਿਆਹਾਂ ਦੇ ਨਜ਼ਾਰੇ ਵਿਚ ਰੁੱਝਾ ਦਰਸ਼ਕ ਕਿੱਥੇ ਕਹਾਣੀ ਦੀ ਪਰਵਾਹ ਕਰਦਾ ਹੈ। ਮੰਜੇ-ਬਿਸਤਰੇ ਕੈਰੀ ਔਨ ਜੱਟਾ ਦਾ ਜਾਦਾ ਖਿਲਾਰਿਆ ਹੋਇਆ ਰੂਪ ਹੈ, ਪਰ ਇਸ ਵਿਚ ਕੋਈ ਵਾਧੂ ਦਾ ਭੰਬਲਭੂਸਾ ਨਹੀਂ ਪਾਇਆ ਗਿਆ। ਕਿਰਦਾਰਾਂ ਦੇ ਸੁਭਾਅ ਅਤੇ ਆਪਸੀ ਲਾਗ-ਡਾਟ ਵਿਚੋਂ ਹੀ ਕਾਮੇਡੀ ਪੈਦਾ ਕੀਤੀ ਗਈ ਹੈ। ਕਿਤੇ-ਕਿਤੇ ਪੁਰਾਣੇ ਚੁਟਕਲੇ ਵੀ ਵਰਤੇ ਗਏ ਹਨ। ਸਾਰਾ ਮਸਾਲਾ ਬਿਲਕੁਲ ਦੇਸੀ ਅਤੇ ਅਸਲੀਅਤ ਦੇ ਨੇੜੇ ਲੱਗਦਾ ਹੈ।
film-review-manje-bistre-gippy-grewal
ਬਿਨਾਂ ਕਿਸੇ ਮਜ਼ਬੂਤ ਕਹਾਣੀ ਦੇ ਅਜਿਹੀ ਬੇਸਿਰ-ਪੈਰ ਵਾਲੀ ਫ਼ਿਲਮ ਚੱਲਣ ਦਾ ਕੀ ਕਾਰਨ ਹੋ ਸਕਦਾ ਹੈ? ਇਸਦੇ ਖ਼ਾਲਸ ਕਿਰਦਾਰ, ਜਿਨ੍ਹਾਂ ਨਾਲ ਦਰਸ਼ਕ ਸਹਿਜੇ ਹੀ ਜੁੜ ਜਾਂਦਾ ਹੈ। ਅਜਿਹੇ ਕਿਰਦਾਰ ਪੁਰਾਣੇ ਵਿਆਹਾਂ ਵਿਚ ਵੀ ਦੇਖਣ ਨੂੰ ਮਿਲਦੇ ਸੀ ਅਤੇ ਅੱਜ ਪੈਲਸਾਂ ਵਾਲੇ ਵਿਆਹਾਂ ਵਿਚ ਵੀ ਦੇਖਣ ਨੂੰ ਮਿਲਦੇ ਹਨ। ਇਹ ਫ਼ਿਲਮ ਰਿਸ਼ਤਿਆਂ ਦੇ ਉਸ ਨਿੱਘ ਅਤੇ ਜ਼ਿੰਦਗੀ ਦੇ ਸਭ ਤੋਂ ਅਹਿਮ ਮੋੜ ਵਿਆਹ ਵਰਗੇ ਮੌਕੇ ਉਨ੍ਹਾਂ ਦੀ ਭੂਮਿਕਾ ਨੂੰ ਯਾਦ ਕਰਵਾਉਂਦੀ ਹੈ। ਅਜਿਹੀਆਂ ਭਾਵਨਾਵਾਂ ਵੈਡਿੰਗ ਪਲਾਨਰਾਂ ਵੱਲੋਂ ਮੈਰਿਜ ਪੈਲਸਾਂ ਵਿਚ ਰਚਾਏ ਗਏ ਉਨ੍ਹਾਂ ਵਿਆਹ ਸਮਾਗਮਾਂ ਵਿਚੋਂ ਗ਼ੈਰ-ਹਾਜ਼ਿਰ ਹੁੰਦੀਆਂ ਹਨ, ਜੋ ਦੋ-ਤਿੰਨ ਘੰਟੇ ਵਿਚ ਮੁੱਕ ਜਾਂਦੇ ਹਨ। ਇਸਦੇ ਉਲਟ ਮੰਜੇ ਬਿਸਤਰੇ 90ਵਿਆਂ ਦੇ ਮੇਲੇ ਵਰਗਾ ਉਹ ਵਿਆਹ ਦਿਖਾਉਂਦਾ ਹੈ ਜਿਹੜਾ ਪੂਰਾ ਹਫ਼ਤਾ ਚੱਲਦਾ ਹੈ, ਜਿੱਥੇ ਹਰ ਕੋਈ ਆਪਣਾ-ਆਪਣਾ ਕੰਮ ਕਰਦੇ ਹੋਏ ਪੂਰਾ ਨਜ਼ਾਰਾ ਲੈ ਰਿਹਾ ਹੈ। ਨਾ ਕਿਸੇ ਕੋਲ ਸਮਾਰਟ ਫ਼ੋਨ ਹੈ, ਨਾ ਸੈਲਫ਼ੀਆਂ ਅਤੇ ਨਾ ਹੀ ਚਕਾਚੌਂਧ ਹੈ। ਇਸ ਨਾਲ ਪੰਜਾਬੀ ਦਰਸ਼ਕ, ਖ਼ਾਸ ਕਰ ਐੱਨ. ਆਰ. ਆਈ. ਦਰਸ਼ਕ, ਹੇਰਵੇ ਦੇ ਅਜਿਹੇ ਸੁਰਗੀ ਝੂਟੇ ਮਹਿਸੂਸ ਕਰਦਾ ਹੈ, ਜਿਹੜੇ ਉਸਨੂੰ ਸ਼ਹਿਰੀਕਰਨ, ਥਾਂ-ਥਾਂ ਉੱਗੇ ਮੈਰਿਜ ਪੈਲਸਾਂ ਅਤੇ ਵਪਾਰੀਕਰਨ ਨੇ ਖਾ ਲਏ ਪੰਜਾਬੀ ਸਭਿਆਚਾਰ ਦੇ ਦੁੱਖ ਕਾਰਨ ਅੱਜ-ਕੱਲ੍ਹ ਮਹਿਸੂਸ ਨਹੀਂ ਹੁੰਦੇ। ਉਸਦੇ ਨਾਲ ਹੀ ਵਿਆਹ ਦੇ ਰੌਲੇ-ਗੌਲੇ ਵਿਚਾਲੇ ਪੁੰਗਰਦਾ ਮਿੱਠਾ-ਮਿੱਠਾ ਜਿਹਾ ਪਿਆਰ ਉਨ੍ਹਾਂ ਦੇ ਇਸ ਸੁਰਗੀ ਝੂਟੇ ਨੂੰ ਹੋਰ ਵੀ ਹੁਲਾਰਾ ਦਿੰਦਾ ਹੈ। ਸੁਪਨੇ ਵਿਚ ਗਿੱਪੀ ਗਰੇਵਾਲ ਨੂੰ ਗੁੱਗੂ ਗਿੱਲ ਵਾਲਾ ਜਿਓਣਾ ਮੋੜ ਦਿਖਾਉਣ ਵਾਲਾ ਅੰਦਾਜ਼ ਵੀ ਆਪਣਾ ਅਸਰ ਦਿਖਾਉਂਦਾ ਹੈ। ਇਸਦੇ ਨਾਲ ਹੀ ਕਹਾਣੀ ਦੋ ਬਹੁਤ ਹੀ ਸਾਦੇ ਪਰ ਅਹਿਮ ਸੁਨੇਹੇ ਦਿੰਦੀ ਹੈ, ਪਹਿਲਾ ਇਹ ਕਿ ਕਦੇ ਵੀ ਹੌਸਲਾ ਨਾ ਛੱਡੋ ਅਤੇ ਦੂਜਾ ਇਹ ਕਿ ਭਾਵੇਂ ਆਪਣਿਆਂ ਵਿਚ ਜਿੰਨਾਂ ਮਰਜ਼ੀ ਗੁੱਸਾ-ਗਿਲਾ ਹੋ ਜਾਵੇ, ਆਪਣੇ ਅਤੇ ਆਪਣਿਆਂ ਦਾ ਪਿਆਰ ਰੋਸੇ ਦੂਰ ਕਰਨ ਵਿਚ ਮਿੰਟ ਲਾਉਂਦੇ ਹਨ। ਖ਼ਾਸ ਕਰ ਉਦੋਂ ਜਦੋਂ ਮਸਲਾ ਪਿਆਰ ਦਾ ਹੋਵੇ।

ਕਲਾਕਾਰਾਂ ਦੇ ਇੰਨੇ ਵੱਡੇ ਝੁੰਡ ਨੂੰ ਸੰਭਾਲਣਾ ਸੌਖਾ ਕੰਮ ਨਹੀਂ ਸੀ, ਆਖ਼ਰ ਨਿਰਦੇਸ਼ਕ ਬਲਜੀਤ ਸਿੰਘ ਦਿਉ ਨੇ ਆਪਣੀ ਤੀਜੀ ਫ਼ਿਲਮ ਰਾਹੀਂ ਆਪਣੇ ਆਪ ਨੂੰ ਸਾਬਤ ਕਰ ਹੀ ਦਿੱਤਾ। ਸਿਨੇਮੈਟੋਗ੍ਰਾਫ਼ਰ ਦੇ ਤੌਰ ’ਤੇ ਦਿਉ ਨੇ ਹਰ ਬਾਰੀਕੀ ਦਾ ਖ਼ਿਆਲ ਰੱਖਿਆ ਹੈ, ਲੋੜ ਅਨੁਸਾਰ ਮਾਹੌਲ ਉਸਾਰ ਕੇ ਚੀਜ਼ਾਂ ਅਤੇ ਕਲਾਕਾਰਾਂ ਨੂੰ ਉਸ ਵਿਚ ਬਾਖ਼ੂਬੀ ਫਿੱਟ ਕੀਤਾ ਹੈ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਦ੍ਰਿਸ਼ ਇਸ ਤਰ੍ਹਾਂ ਜੋੜੇ ਹਨ ਕਿ ਦਰਸ਼ਕ ਚਾਹੁੰਦੇ ਹੋਏ ਵੀ ਧਿਆਨ ਹਟਾ ਨਹੀਂ ਸਕਦਾ।

ਕਰਮਜੀਤ ਅਨਮੋਲ ਨੇ ਆਪਣੇ ਤੋਂ ਦੁੱਗਣੀ ਉਮਰ ਵਾਲੀ ਸਾਧੂ ਹਲਵਾਈ ਦੀ ਭੂਮਿਕਾ ਕਰਕੇ ਵੱਡਾ ਹੌਸਲਾ ਦਿਖਾਇਆ ਹੈ ਅਤੇ ਆਪਣੀ ਬਣੀ ਹੋਈ ਛਵੀ ਨੂੰ ਤੋੜਨ ਦੀ ਕੋਸ਼ਿਸ ਕੀਤੀ ਹੈ। ਪੂਰੀ ਫ਼ਿਲਮ ਉੱਪਰ ਅਨਮੋਲ ਦਾ ਹੀ ਕਬਜ਼ਾ ਹੈ ਅਤੇ ਉਹੀ ਇਕੋ-ਇਕ ਕਲਾਕਾਰ ਹੈ ਜੋ ਹਰ ਕਿਰਦਾਰ ਨਾਲ ਸੰਵਾਦ ਕਰਦਾ ਹੈ। ਗਿੱਪੀ ਗਰੇਵਾਲ ਵੀ ਅਦਾਕਾਰੀ ਉੱਪਰ ਮਿਹਨਤ ਕਰਦਾ ਲੱਗ ਰਿਹਾ ਹੈ ਅਤੇ ਇਸ ਕਿਰਦਾਰ ਨੂੰ ਠੀਕ-ਠਾਕ ਨਿਭਾ ਗਿਆ ਹੈ। ਅਨਮੋਲ ਤੋਂ ਉਸ ਤੋਂ ਬਾਅਦ ਪਰਦੇ ਉੱਤੇ ਸਭ ਤੋਂ ਜ਼ਿਆਦਾ ਨਜ਼ਰ ਆਉਣ ਵਾਲਾ ਉਹੀ ਕਲਾਕਾਰ ਹੈ, ਆਖ਼ਰ ਫ਼ਿਲਮ ਦਾ ਪ੍ਰੋਡਿਊਸਰ ਵੀ ਤਾਂ ਉਹੀ ਹੈ। ਸੋਨਮ ਬਾਜਵਾ ਤਾਂ ਬੱਸ ਨਾਂ ਦੀ ਹੀ ਹੈ ਫ਼ਿਲਮ ਵਿਚ, ਇਸ ਲਈ ਉਸਨੂੰ ਆਪਣਾ ਹੁਨਰ ਦਿਖਾਉਣ ਦਾ ਬਹੁਤ ਮੌਕਾ ਨਹੀਂ ਮਿਲਿਆ। ਹਾਂ ਆਪਣੇ ਮੇਅਕੱਪ ਅਤੇ ਸੋਹਣੇ ਕੱਪੜਿਆਂ ਨਾਲ ਉਹ ਪਰਦੇ ’ਤੇ ਸੋਹਣੀ ਲੱਗਦੀ ਹੈ ਅਤੇ ਜਿੰਨਾਂ ਕੁ ਕੰਮ ਮਿਲਿਆ ਹੈ ਉਸ ਨੂੰ ਨਿਭਾ ਜਾਂਦੀ ਹੈ।ਬਾਕੀ ਸਹਿਯੋਗੀ ਕਲਾਕਾਰ ਵੀ ਇਕ ਦੂਜੇ ਤੋਂ ਅੱਗੇ ਲੰਘਣ ਲਈ ਪੂਰਾ ਜ਼ੋਰ ਲਾਉਂਦੇ ਨਜ਼ਰ ਆਉਂਦੇ ਹਨ।

ਇਸਦਾ ਮਤਲਬ ਇਹ ਨਹੀਂ ਹੈ ਫ਼ਿਲਮ ਵਿਚ ਖ਼ਾਮੀਆਂ ਨਹੀਂ ਹਨ। ਲਗਭਗ ਸਾਰੇ ਹੀ ਕਲਾਕਾਰ ਬਹੁਤ ਲਾਊਡ ਹਨ। ਐਡਿੰਟਿੰਗ ਅਤੇ ਤਕਨੀਕੀ ਮਾਮਲਿਆਂ ਵਿਚ ਵੀ ਫ਼ਿਲਮ ਕਈ ਥਾਂਈਂ ਨਿਰਾਸ਼ ਕਰਦੀ ਹੈ। ਪੰਜਾਬੀ ਵਿਆਹਾਂ ਵਿਚ ਗੀਤ-ਸੰਗੀਤ ਸਭ ਤੋਂ ਅਹਿਮ ਹੁੰਦਾ ਹੈ ਪਰ ਇਸ ਮਾਮਲੇ ਵਿਚ ਵੀ ਮੰਜੇ-ਬਿਸਤਰੇ ਦਾ ਕੋਈ ਗੀਤ ਰੰਗ ਬੰਨ੍ਹਦਾ ਨਜ਼ਰ ਨਹੀਂ ਆਉਂਦਾ। ਬੱਸ ਟਾਈਟਲ ਗੀਤ ਥੋੜ੍ਹਾ ਬਹੁਤ ਅਸਰ ਕਰਦਾ ਹੈ। ਫ਼ਿਲਮ ਦਾ ਬੈਕਗ੍ਰਾਂਊਂਡ ਸਕੋਰ ਵੀ ਕਈ ਥਾਵਾਂ ’ਤੇ ਕੰਨਾਂ ਨੂੰ ਖਾਂਦਾ ਹੈ। ਜੇ ਤੁਸੀਂ ਮੰਜੇ ਬਿਸਤਰੇ ਤੋਂ ਇਕ ਵਧੀਆ ਫ਼ਿਲਮ ਹੋਣ ਦੀ ਉਮੀਰ ਕਰ ਰਹੇ ਹੋ ਤਾਂ ਤੁਹਾਨੂੰ ਨਿਰਾਸ਼ਾ ਹੀ ਮਿਲੇਗੀ, ਪਰ ਜੇ ਤੁਸੀਂ ਗਰਮੀ ਵਿਚ ਦਿਮਾਗ਼ ਨੂੰ ਠੰਢਾ ਕਰਨ ਲਈ ਦੋ ਘੰਟੇ ਨਜ਼ਾਰੇ ਲੈਣਾ ਚਾਹੁੰਦੇ ਹੋ ਤਾਂ ਇਹ ਬੇਸਿਰ-ਪੈਰ ਦੇ ਰੌਲੇ-ਗੌਲੇ ਵਾਲੀ ਫ਼ਿਲਮ ਦੇਖੀ ਜਾ ਸਕਦੀ ਹੈ।
*ਦੀਪ ਜਗਦੀਪ ਸਿੰਘ ਸੁਤੰਤਰ ਪੱਤਰਕਾਰ, ਪਟਕਥਾ ਲੇਖਕ ਅਤੇ ਗੀਤਕਾਰ ਹਨ।

Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com