Film Review | Laavaan Phere | Roshan Prince | Rubina Bajwa

-ਦੀਪ ਜਗਦੀਪ ਸਿੰਘ-

ਰੇਟਿੰਗ 2/5

ਫ਼ਿਲਮ ਵਿਚ ਰੌਸ਼ਨ ਪ੍ਰਿੰਸ ਨੇ ਕਿਰਦਾਰ ਨਿਭਾਇਆ ਰੋਮੈਂਟਿਕ ਹੀਰੋ ’ਤੇ ਜੀਜਿਆਂ ਥੱਲੇ ਲੱਗੇ ਸਾਲੇ ੳਹਨੀ ਦਾ, ਤੇ ਰੂਬੀਨਾ ਬਾਜਵਾ ਬਣੀ ਐ, ਸਨਕੀ ਬਾਪੂ ਦੀ ਆਗਿਆਕਾਰ ਧੀ ਨੀਤੂ, ਮਲਕੀਤ ਰੌਣੀ ਬਣੇ ਨੇ ਆਪੇ ਬਣੇ ਜੱਥੇਦਾਰ ਤੇ ਨਾਲੇ ਹਨੀ ਦੇ ਬਾਪੂ ਜੀ, ’ਤੇ ਰੁਪਿੰਦਰ ਰੂਪੀ ਬਣੀ ਐ ਜਵਾਈਆਂ ਦੀ ਬਾਹਲੀ ਸਾਊ ਸੱਸ ਤੇ ਹਨੀ ਦੀ ਬੇਬੇ, ਬੀ. ਐਨ. ਸ਼ਰਮਾ ਨੇ ਮੌਰਿਸ਼ਸ ਦੇ ਕੁਪੱਤੇ ਸਨਕੀ ਪੁਲਸ ਅਫ਼ਸਰ ਬਖ਼ਤਾਵਰ ਸਿੰਘ ਤੇ ਨਾਲੇ ਵਿਚਾਰੀ ਨੀਤੂ ਦੇ ਕੱਬੇ ਪਾਪਾ ਤੇ ਹਨੀ ਦੇ ਜੀਜਿਆਂ ਦੇ ਸ਼ਰੀਕ, ਜੀਜਿਆਂ ਤੋਂ ਯਾਦ ਆਇਆ, ਸਭ ਤੋਂ ਵੱਡੇ ਜੀਜਾ ਜੀ ਉਰਫ਼ ਪੀਆਰਟੀਸੀ ਦੇ ਬੱਸ ਡਰਾਇਵਰ ਬਣੇ ਨੇ ਗੁਰਪ੍ਰੀਤ ਘੁੱਗੀ, ਕਬਾੜ ਦੇ ਠੇਕੇਦਾਰ ਨੇ ਕਰਮਜੀਤ ਅਨਮੋਲ, ਪਤਾ ਨੀ ਕਿੰਨੇ ਅਨਮੋਲ ਬਚੇ ਹੋਣੇ, ਕਿਉਂਕਿ ਫ਼ਿਲਮ ਤੇ ਪੈਸਾ ਬਹੁਤ ਖ਼ਰਚਿਆ ਉਨ੍ਹਾਂ ਪ੍ਰੋਡਿਊਸਰ ਬਣ ਕੇ, ਅਤੇ ਤੀਜੇ ਜੀਜਾ ਜੀ ਨੇ ਮੁਹੱਲੇ ਦੇ ਆਪੇ ਬਣੇ ਮੁੱਖ-ਮੰਤਰੀ ਧਾਲੀਵਾਲ ਸਾਹਬ ਯਾਨੀ ਹਰਬੀ ਸੰਘਾ। ਕਹਾਣੀ, ਸਕਰੀਨ ਪਲੇਅ ਅਤੇ ਡਾਇਲੌਗ ਲਿਖੇ ਹਨ, ਗੰਭੀਰ ਨਾਟਕਾਂ ਤੋਂ ਛੜੱਪਾ ਮਾਰ ਕੇ ਫ਼ਿਲਮਾਂ ਵਿਚ ਆਏ ਪਾਲੀ ਭੁਪਿੰਦਰ ਸਿੰਘ ਨੇ ਅਤੇ ਡਾਇਰੈਕਸ਼ਨ ਹੈ ਕੈਰੀ ਆਨ ਜੱਟਾ ਤੋਂ ਬਾਅਦ ਪੁਰੀ ਤਰ੍ਹਾਂ ਕੈਰਿਡ ਅਵੇਅ ਹੋ ਚੁੱਕੇ ਸਮੀਪ ਕੰਗ ਦੀ।

Film Review | Laavaan Phere | Roshan Prince | Rubina Bajwa
ਕਹਾਣੀ ਤਾਂ ਟਰੇਲਰ ਵਿਚ ਹੀ ਸਾਫ਼ ਹੈ ਕਿ ਦੇਸੀ ਹਨੀ ਤੇ ਮੌਰੀਸ਼ਸ ਰਹਿੰਦੀ ਮੌਡਰਨ ਨੀਤੂ ਨੂੰ ਪਿਆਰ ਕਰਦਾ ਹੈ, ਨੀਤੂ ਦਾ ਫਾਦਰ ਬਖ਼ਤਾਵਰ ਵਿਆਹ ਲਈ ਤਾਂ ਤਿਆਰ ਹੋ ਜਾਂਦਾ ਹੈ ਪਰ ਸਾਦਾ ਵਿਆਹ ਕਰਨ ਦੀ ਸ਼ਰਤ ਰੱਖ ਦਿੰਦਾ ਹੈ, ਜਿਸ ਕਰਕੇ ਆਮ ਪੰਜਾਬੀ ਵਿਆਹਾਂ ਵਿਚ ਖਲਾਰਾ ਪਾਉਣ ਦੇ ਸ਼ੌਕੀਨ ਜੀਜਿਆਂ ਨੂੰ ਆਪਣੀ ਹੱਤਕ ਮਹਿਸੂਸ ਹੁੰਦੀ ਐ। ਜੀਜੇ ਆਪਣੀ ਈਗੋ ਨੂੰ ਸੈਟਸੀਫਾਈ ਕਰਨ ਲਈ ਅਤੇ ਇਕ ਸਾਂਢੂ ਤੋਂ ਦੂਜਾ ਸਾਂਢੂ ਆਪਣੇ ਆਪ ਨੂੰ ਵੱਡਾ ਤੀਸ ਮਾਰ ਖਾਂ ਸਾਬਤ ਕਰਨ ਲਈ ਕੋਈ ਨਾ ਕੋਈ ਬੇਸਿਰ ਪੈਰ ਦਾ ਪੰਗਾ ਪਾਈ ਰੱਖਦੇ ਹਨ, ਜਿਸ ਕਰਕੇ ਨੀਤੂ ਦੇ ਪਿਤਾ ਅਤੇ ਹਨੀ ਦੇ ਪਰਿਵਾਰ ਵਿਚ ਤਲਖੀ ਵੱਧਦੀ ਜਾਂਦੀ ਹੈ ਅਤੇ ਆਖ਼ਰ ਲਾਵਾਂ ਫੇਰੇ ਹੋਣ ਜਾਂ ਨਹੀਂ ਇਹ ਸਵਾਲ ਖੜ੍ਹਾ ਹੋ ਜਾਂਦੈ।

ਟਰੇਲਰ ਤੋਂ ਈ ਪਤਾ ਲੱਗ ਜਾਂਦੈ ਕਿ ਫ਼ਿਲਮ ਜੀਜਿਆਂ ਦੇ ਰੌਲੇ-ਰੱਪੇ ਉੱਤੇ ਆਧਾਰਤ ਕਾਮੇਡੀ ਹੈ। ਫ਼ਿਲਮ ਦੀ ਸ਼ੁਰੂਆਤ ਵਿਚ ਇੰਝ ਲੱਗਿਆ ਸੀ ਕਿ ਲੇਖਕ ਅਤੇ ਡਾਇਰੈਕਟਰ ਨੇ ਸਾਦੇ ਵਿਆਹਾਂ, ਵਿਆਹਾਂ ਵਿਚ ਕੀਤਾ ਜਾਂਦਾ ਫੁਕਰਾਪੁਣਾ ਅਤੇ ਰਿਸ਼ਤਿਆਂ ਵਿਚ ਆਉਂਦੀ ਈਗੋ ਦੇ ਮਸਲੇ ਬਾਰੇ ਗੱਲ ਹੋਵੇਗੀ। ਫ਼ਿਲਮ ਇਨ੍ਹਾਂ ਮਸਲਿਆਂ ਨੂੰ ਛੋਂਹਦੀ ਵੀ ਹੈ, ਪਰ ਕੋਈ ਬਿਨਾਂ ਕੋਈ ਸਾਰਥਕ ਨਤੀਜੇ ’ਦੇ ਪਹੁੰਚਦੇ ਫ਼ਿਲਮ ਅੰਤ ਵਿਚ ਆਪ ਹੀ ਇਸ ਸਭ ਕੁਝ ਨੂੰ ਸਥਾਪਤ ਅਤੇ ਪ੍ਰਵਾਨਤ ਕਰ ਦਿੰਦੀ ਹੈ।
ਕਹਾਣੀ ਵਿਚ ਇਨ੍ਹੇ ਇਨਗ੍ਰੀਡੀਐਂਟਸ ਹੈ ਨਹੀਂ ਕਿ ਇਸ ਨੂੰ ਦੋ ਘੰਟਿਆਂ ਤੱਕ ਇਕ ਆਪ-ਮੁਹਾਰੇ ਤੁਰਦੇ ਸਕਰੀਨ ਪਲੇਅ ਵਿਚ ਫੈਲਾਇਆ ਜਾ ਸਕੇ। ਸੋ ਲੇਖਕ ਅਤੇ ਨਿਰਦੇਸ਼ਕ ਦੋਵੇਂ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਣ ਵਾਸਤੇ ਕਾਮੇਡੀ ਦਾ ਗਰਮ ਮਸਾਲਾ ਲੋੜੋਂ ਵੱਧ ਵਰਤਿਆ ਹੈ। ਇਸ ਵਾਸਤੇ ਮਜਬੂਰਨ ਉਨ੍ਹਾਂ ਨੂੰ ਇਕ-ਇਕ ਕਰਕੇ ਤਿੰਨੇ ਜੀਜਿਆਂ ਨੂੰ ਵਾਰੋ-ਵਾਰੀ ਲਿਆਉਣਾ ਪੈਂਦਾ ਹੈ ਅਤੇ ਉਨ੍ਹਾਂ ਤੋਂ ਲਗਭਗ ਮਿਲਦੀਆਂ ਜੁਲਦੀਆਂ ਇਕੋ-ਜਿਹੀਆਂ ਊਲ-ਜਲੂਲ ਹਰਕਤਾਂ ਕਰਾਉਣੀਆਂ ਪੈਂਦੀਆਂ ਹਨ, ਜਿਸ ਨਾਲ ਕਹਾਣੀ ਵਿਚ ਮਾੜਾ-ਮੋਟਾ ਤਨਾਅ ਪੈਦਾ ਹੁੰਦਾ ਹੈ, ਪਰ ਇਕ ਤੋਂ ਬਾਅਦ ਆਏ ਜੀਜਿਆਂ ਦੇ ਦੁਹਰਾਅ ਦ੍ਰਿਸ਼ ਹੌਲੀ-ਹੌਲੀ ਫ਼ਿਲਮ ਨੂੰ ਬੋਰਿੰਗ ਅਤੇ ਖਿੱਚੀ ਹੋਈ ਬਣਾ ਦਿੰਦੇ ਹਨ। ਇੰਟਰਵਲ ਤੱਕ ਮਸਾਂ ਦੋ ਹੀ ਜੀਜੇ ਆਪਣਾ ਸਿਆਪਾ ਪਾ ਸਕਦੇ ਹਨ। ਸੋ, ਇੰਟਰਵਲ ਤੋਂ ਬਾਅਦ ਕਹਾਣੀ ਵਿਚ ਕੋਈ ਨਵਾਂ ਮੋੜ ਆਉਣ ਦੀ ਸੰਭਾਵਨਾ ਲਗਪਗ ਖ਼ਤਮ ਹੋ ਜਾਂਦੀ ਹੈ ਤੇ ਫ਼ਿਲਮ ਦਾ ਦੂਜੇ ਹਿੱਸਾ ਦਾ ਜ਼ਿਆਦਾ ਟਾਈਮ ਤੀਜਾ ਜੀਜਾ ਖਾ ਜਾਂਦਾ ਹੈ। ਲੈ ਦੇ ਕੇ ਕਹਾਣੀ ਉੱਥੇ ਹੀ ਖੜ੍ਹੀ ਰਹਿੰਦੀ ਹੈ। ਹਾਂ, ਕੁਝ-ਕੁਝ ਥਾਵਾਂ ’ਤੇ ਕਾਮੇਡੀ ਡਾਇਲੌਗ ਹਸਾਉਂਦੇ ਜ਼ਰੂਰ ਹਨ, ਪਰ ਉਹ ਕਹਾਣੀ ਨੂੰ ਅੱਗੇ ਤੋਰਨ ਵਿਚ ਕੋਈ ਮਦਦ ਨਹੀਂ ਕਰਦੇ। ਇਸੇ ਤਰ੍ਹਾਂ ਗੀਤ ਵੀ ਬੱਸ ਇਕ ਤੋਂ ਬਾਅਦ ਇਕ ਆ ਰਹੇ ਪੰਚਾਂ ਤੋਂ ਥੋੜ੍ਹੀ ਰਾਹਤ ਦਿਵਾਉਣ ਦਾ ਹੀ ਕੰਮ ਕਰਦੇ ਹਨ। ਬਤੌਰ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਇਸ ਫੋਕੀ ਸਟੋਰੀ ਵਿਚ ਜਾਨ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਦੂਜੀ ਵਧੀਆ ਗੱਲ ਇਹ ਹੈ ਕਿ ਲੇਖਕ ਨੇ ਹਰ ਕਿਰਦਾਰ ਨੂੰ ਪੂਰੀ ਤਰ੍ਹਾਂ ਘੜ੍ਹਿਆ ਹੈ।
ਫਿਰ ਵੀ ਇਹ ਸਮਝ ਨਹੀਂ ਸਪੱਸ਼ਟ ਨਹੀਂ ਕੀਤਾ ਗਿਆ ਕਿ ਆਪ ਪੰਜਾਬੀ ਹੁੰਦੇ ਹੋਏ ਬਖ਼ਤਾਵਰ ਨੂੰ ਪੰਜਾਬ ਦੇ ਰਸਮਾਂ-ਰਿਵਾਜ਼ਾਂ ਤੋਂ ਕੀ ਸਮੱਸਿਆ ਹੈ। ਸਾਦੇ ਵਿਆਹ ਦੇ ਨਾਮ ਉੱਤੇ ਉਹ ਐਨਾ ਸਨਕੀ ਕਿਉਂ ਹੈ ਕਿ ਰਿਸ਼ਤਿਆਂ ਦੀਆਂ ਭਾਵਨਾਵਾਂ ਨੂੰ ਵੀ ਨਹੀਂ ਸਮਝਦਾ। ਇਸ ਤਰ੍ਹਾਂ ਦੇ ਕਿਰਦਾਰ ਹੁੰਦੇ ਹਨ, ਪਰ ਉਨ੍ਹਾਂ ਦੀ ਮਾਨਸਿਕਤਾ ਦਾ ਕਾਰਨ ਹੁੰਦਾ ਹੈ, ਜਿਸ ਬਾਰੇ ਫ਼ਿਲਮ ਚੁੱਪ ਹੈ। ਇਸੇ ਤਰ੍ਹਾਂ ਅੰਤ ਤੋਂ ਪਹਿਲਾਂ ਤਾਂ ਇਹ ਦਿਖਾਇਆ ਜਾਂਦਾ ਹੈ ਕਿ ਜੀਜਿਆਂ ਨੂੰ ਆਪਣੀ ਕੀਤੀ ’ਤੇ ਪਛਤਾਵਾ ਹੁੰਦਾ ਹੈ ਅਤੇ ਉਹ ਫੁੱਕਰਪੁਣਾ ਛੱਡ ਕੇ ਇੰਨੇ ਗੰਭੀਰ ਹੁੰਦੇ ਨੇ ਕਿ ਲਾੜੀ ਨੂੰ ਘਰੋਂ ਭਜਾ ਕੇ ਲੈ ਜਾਂਦੇ ਹਨ। ਪਰ ਅੰਤ ‘’ਤੇ ਆ ਕੇ ਹਨੀ ਦਾ ਚਾਚਾ ਸਮੀਪ ਕੰਗ ਕਹਿੰਦਾ ਹੈ ਕਿ ਜੀਜੇ ਤਾਂ ਮੋਮ ਦਾ ਨੱਕ ਹੁੰਦੇ ਹਨ, ਉਨ੍ਹਾਂ ਪਿਆਰ ਨਾਲ ਮੋੜਨਾ ਪੈਂਦਾ ਹੈ। ਯਾਨੀ ਜੀਜਿਆਂ ਦਾ ਮਨ ਅਸਲ ਵਿਚ ਬਦਲਿਆ ਨਹੀਂ, ਬੱਸ ਇਕ ਸਕੀਮ ਲਾ ਕੇ ਉਨ੍ਹਾਂ ਨੂੰ ਵਰਤ ਲਿਆ ਗਿਆ। ਫਿਰ ਇਹ ਸਮਝ ਨਹੀਂ ਆਉਂਦੀ ਕਿ ਚਾਚੇ ਸਮੀਪ ਕੰਗ ਨੇ ਜਿਹੜੀ ਸਕੀਮ ਬਖ਼ਤਾਵਰ ਨਾਲ ਮਿਲ ਕੇ ਬਣਾਈ ਸੀ, ਉਸ ਨੂੰ ਨੇਪਰੇ ਚਾੜ੍ਹਨ ਲਈ ਇਹੋ ਜਿਹੀ ਕਿਹੜੀ ਗਿੱਦੜਸਿੰਗੀ ਜੀਜਿਆਂ ਮੂਹਰੇ ਸਿੱਟੀ ਕੇ ਉਹ ਉਸ ਦੀ ਸਕੀਮ ਮੁਤਾਬਕ ਚੱਲਣ ਲਈ ਤਿਆਰ ਹੋ ਗਏ। ਇਸ ਤਰ੍ਹਾਂ ਸਕਰੀਨ ਪਲੇਅ ਵਿਚ ਕਈ ਤਰ੍ਹਾਂ ਦੇ ਗੈਪ ਹਨ, ਜਿਸ ਨੂੰ ਕਾਮੇਡੀ ਫ਼ਿਲਮਾਂ ਵਿਚ ਸਿਨੇਮੈਟਿਕ ਲਿਬਰਟੀ ਦੇ ਨਾਮ ਉੱਤੇ ਲੋੜੋਂ ਵੱਧ ਵਰਤ ਲਿਆ ਜਾਂਦਾ ਹੈ। ਇਸ ਦੀਆਂ ਕੁਝ ਹੋਰ ਉਦਾਹਰਣਾ ਦੇਖੋ- ਭਲਾ ਬਰਾਤ ਲਿਜਾਣ ਲਈ ਕੈਲੇ ਨੂੰ ਮੌਰਿਸ਼ਿਸ ਦੀ ਸਰਕਾਰੀ ਬੱਸ ਕਿਵੇਂ ਮਿਲ ਗਈ? ਕੀ ਉਹ ਬੱਸ ਚੋਰੀ ਭਜਾ ਲਿਆਏ ਸਨ? ਜੇ ਹਾਂ ਤਾਂ ਮੌਰਿਸ਼ਿਸ ਦੀ ਪੁਲਸ ਉਨ੍ਹਾਂ ਪਿੱਛੇ ਕਿਉਂ ਨਾ ਲੱਗੀ? ਜੇ ਉਹ ਮੰਜ਼ੂਰੀ ਲੈ ਕੇ ਲਿਆਏ ਸਨ ਤਾਂ ਬੱਸ ਕੰਪਨੀ ਨੇ ਡ੍ਰਾਇਵਰ ਨਾਲ ਕਿਉਂ ਨਾ ਭੇਜਿਆ? ਭਲਾ ਕੈਲੇ ਜੀਜੇ ਨੇ ਬਿਨਾਂ ਮੌਰਿਸ਼ਸ ਦੇ ਲਾਇਸੰਸ ਦੇ ਉੱਥੋਂ ਦੀਆਂ ਸੜਕਾਂ ’ਤੇ ਬੱਸ ਕਿਵੇਂ ਚਲਾ ਦਿੱਤੀ। ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਉਨ੍ਹਾਂ ਮੁਲਕਾਂ ਵਿਚ ਡ੍ਰਾਇਵਿੰਗ ਲਾਇਸੰਸ ਲੈਣੇ ਐੇਨੇ ਸੌਖੇ ਨਹੀਂ ਹੁੰਦਾ। ਖ਼ਾਸ ਕਰ ਪੰਜ-ਸੱਤ ਮਿੰਟ ’ਚ ਲਾਇਸੰਸ ਮਿਲਣ ਦਾ ਸਵਾਲ ਈ ਪੈਦਾ ਨੀ ਹੁੰਦਾ। ਸੋ, ਕਾਮੇਡੀ ਨਾਲੋਂ ਵੱਧ ਹਾਸਾ ਇੰਨਾਂ ਟੱਪਲਿਆਂ ’ਤੇ ਆ ਜਾਂਦੈ।

ਨਿਰਦੇਸ਼ਕ ਨੇ ਲੇਖਕ ਵੱਲੋਂ ਘੜੇ ਕਿਰਦਾਰਾਂ ਨੂੰ ਪਰਦੇ ਉੱਤੇ ਖੁੱਲ੍ਹ ਕੇ ਸਾਹਮਣੇ ਆਉਣ ਦਾ ਪੂਰਾ ਮੌਕਾ ਦਿੱਤਾ ਹੈ ਤੇ ਤਿੰਨੋ ਹੀ ਜੀਜਿਆਂ ਦੇ ਰੂਪ ਵਿਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਾਰਬੀ ਸੰਘਾ ਜਾਨ ਪਾਉਣ ਵਿਚ ਸਫ਼ਲ ਹੁੰਦੇ ਹਨ। ਲਗਪਗ ਤਿੰਨੇ ਹੀ ਪੂਰੀ ਫ਼ਿਲਮ ਵਿਚ ਆਪਣੇ ਦਿੱਤੇ ਹੋਏ ਕਿਰਦਾਰਾਂ ਦੇ ਅੰਦਰ ਰਹੇ ਹਨ। ਕਹਾਣੀ ਵਿਚ ਜਾਨ ਨਾ ਹੋਣ ਕਰਕੇ ਡਾਇਰੈਕਟਰ ਨੂੰ ਕਾਮੇਡੀ ਡਾਇਲੌਗਜ਼ ਦੇ ਨਾਲ-ਨਾਲ ਇਨ੍ਹਾਂ ਤਿੰਨ ਕਲਾਕਾਰਾਂ ਦੀ ਪਰਫ਼ਾਸਮੈਂਸ ਉੱਤੇ ਹੀ ਨਿਰਭਰ ਰਹਿਣਾ ਪਿਆ ਹੈ, ਜਿਸ ਉੱਤੇ ਖ਼ਰਾ ਉਤਰਨ ਦੀ ਤਿੰਨਾ ਨੇ ਹੀ ਭਰਪੂਰ ਕੋਸ਼ਿਸ ਕੀਤੀ ਹੈ। ਇਸ ਤੋਂ ਇਲਾਵਾ ਫ਼ਿਲਮ ਵਿਚ ਨਿਰਦੇਸ਼ਕ ਦੇ ਕਰਨ ਲਈ ਹੋਰ ਕੋਈ ਬਹੁਤਾ ਸਕੋਪ ਸੀ ਵੀ ਨਹੀਂ। ਰੌਸ਼ਨ ਪ੍ਰਿੰਸ ਦੀ ਅਦਾਕਾਰੀ ਵਿਚ ਐਨਰਜੀ ਹਾਲੇ ਵੀ ਉੱਭਰ ਕੇ ਸਾਹਮਣੇ ਆਉਂਦੀ ਨਜ਼ਰ ਨਹੀਂ ਆ ਰਹੀ। ਇਕ ਤਾਂ ਉਸ ਦਾ ਕਿਰਦਾਰ ਹੀ ਹਾਰਿਆ ਜਿਹਾ ਸੀ, ਉਪਰੋਂ ਉਸ ਦੀ ਆਪਣੀ ਐਨਰਜੀ ਵੀ ਡਾਊਨ ਹੀ ਲੱਗਦੀ ਰਹੀ। ਰੂਬੀਨਾ ਬਾਜਵਾ ਲਈ ਹਾਲੇ ਦਿੱਲੀ ਦੂਰ ਹੈ। ਸਕਰੀਨ ਪਲੇਅ ਵਿਚ ਵੈਸੇ ਵੀ ਜੀਜੇ, ਭੈਣਾਂ, ਭਾਬੀਆਂ ਅਤੇ ਮਾਪੇ ਛਾਏ ਹੋਏ ਹਨ, ਸੋ ਹੀਰੋ-ਹੀਰੋਇਨ ਵਾਸਤੇ ਕਰਨ ਲਈ ਬਹੁਤਾ ਕੁਝ ਹੈ ਵੀ ਨਹੀਂ। ਜਿੰਨੀ ਕੁ ਵੀ ਫ਼ਿਲਮ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ, ਉਹ ਜੀਜਿਆਂ ਕਰਕੇ ਹੀ ਹੈ।
ਐਡਿਟਰ ਰੋਹਿਤ ਧੀਮਾਨ ਨੇ ਇੰਨੇ ਖਿਲਾਰੇ ਵਾਲੇ ਸਕਰੀਨ ਪਲੇਅ ਨੂੰ ਠੀਕ-ਠਾਕ ਸਮੇਟ ਲਿਆ ਹੈ। ਬੈਕਗ੍ਰਾਊਂਡ ਸਕੋਰ ਫ਼ਿਲਮ ਦੇ ਹਲਕੇ-ਫੁਲਕੇ ਮਾਹੌਲ ਨੂੰ ਸਪੋਰਟ ਕਰਦਾ ਹੈ। ਸਿਨੇਮੈਟੋਗ਼੍ਰਾਫ਼ਰ ਯੁਵਰਾਜ ਇੰਦੌਰੀਆ ਨੂੰ ਜੀਜਿਆਂ ਤੋਂ ਜਿੰਨੀ ਕੁ ਵਿਹਲ ਮਿਲੀ, ਉਹ ਥੋੜਾ-ਬਹੁਤ ਮੌਰੀਸ਼ਸ ਦੇ ਨਜ਼ਾਰੇ ਦਿਖਾਉਣ ਵਿਚ ਸਫ਼ਲ ਰਿਹਾ ਹੈ।
ਮੇਰੇ ਵੱਲੋ ਇਸ ਵਨ ਟਾਈਮ ਵਾਚ ਲਾਵਾਂ ਫੇਰੇ ਨੂੰ ਦੋ ਸਟਾਰ…

ਤੁਹਾਨੂੰ ਇਹ ਰਿਵਿਯੂ ਪਸੰਦ ਆਇਆ ਤਾਂ ਥੰਮਜ਼ ਅੱਪ ਜ਼ਰੂਰ ਦੇਣਾ। ਤੁਹਾਨੂੰ ਫ਼ਿਲਮ ਕਿਹੋ ਜਿਹੀ ਲੱਗੀ ਆਪਣੀ ਰਾਏ ਤੁਸੀਂ ਹੇਠਾਂ ਕਮੈਂਟਸ ਵਿਚ ਦੇ ਸਕਦੇ ਹੋ ਅਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਵਾਲਾ ਲਾਲ ਬਟਨ ਜ਼ਰੂਰ ਨੱਪ ਦੇਣ। ਅਗਲੀ ਕਿਸੇ ਫ਼ਿਲਮ ਦਾ ਰਿਵੀਯੂ ਲੈ ਕੇ ਫੇਰ ਆਵਾਂਗਾ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com